JaswinderSBaheru7ਪਹਿਲੇ ਭਾਗ ਵਿੱਚ ਲੇਖਕ ਨੇ ਪਰਿਵਾਰਕ ਪਿਛੋਕੜ ਬਾਰੇ ਚਾਨਣਾ ਪਾਇਆ ਹੈ। ਪਿਛਲੀ ਨੌਕਰੀ ...RanjitSinghDr7
(5 ਜਨਵਰੀ 2026)


RanjitSinghDrBook Mera1ਪੰਜਾਬੀ ਦੀਆਂ 28
, ਅੰਗਰੇਜ਼ੀ ਵਿੱਚ 12, 60 ਖੋਜ ਪੱਤਰ, ਅੰਗਰੇਜ਼ੀ ਭਾਸ਼ਾ ਵਿੱਚ 115 ਲੇਖ ਅਤੇ ਪੰਜਾਬੀ ਭਾਸ਼ਾ ਵਿੱਚ ਇਕ ਹਜ਼ਾਰ ਤੋਂ ਵਧੇਰੇ ਲੇਖਾਂ ਦੀ ਸਿਰਜਣਾ ਕਰਨ ਵਾਲੇ ਡਾ. ਰਣਜੀਤ ਸਿੰਘ ਖੇਤੀ ਸਾਹਿਤ ਦੇ ਸਭ ਤੋਂ ਵੱਧ ਪੜ੍ਹੇ ਜਾਣ ਅਤੇ ਛਪਣ ਵਾਲੇ ਲੇਖਕ ਹਨ। ਲਿਖਤਾਂ ਰਾਹੀਂ ਕਿਸਾਨਾਂ ਦੇ ਰਾਹ-ਦਸੇਰੇ ਬਣਨ ਵਾਲੇ, ਪੰਜਾਬੀ ਮਾਂ-ਬੋਲੀ ਦੇ ਮਾਣਮੱਤੇ ਇਸ ਲੇਖਕ ਨੇ ਪੰਜਾਬ ਦੀ ਖੇਤੀ ਅਤੇ ਪੇਂਡੂ ਵਿਕਾਸ ਵਿੱਚ ਮਹੱਤਵਪੂਰਨ ਯੋਗਦਾਨ ਪਾਇਆ ਹੈ। ਇਸ ਸਾਦ-ਮੁਰਾਦੇ ਮਨੁੱਖ ਦੀ ਬੋਲੀ ਅਤੇ ਲਿਖਣ ਸ਼ੈਲੀ ਵੀ ਸਾਦ-ਮੁਰਾਦੀ ਹੋਣ ਕਾਰਣ ਪੇਂਡੂ ਕਿਸਾਨਾਂ ਨੂੰ ਟੁੰਬਦੀ ਅਤੇ ਪ੍ਰਭਾਵਿਤ ਕਰਦੀ ਹੈ। ਉਹ ਲੋਕ ਭਾਸ਼ਾ ਵਿੱਚ ਲਿਖਦੇ ਹਨ ਅਤੇ ਸਾਰੇ ਪਸੰਦ ਕਰਦੇ ਹਨ। ਡਾ. ਸਰਦਾਰਾ ਸਿੰਘ ਜੌਹਲ ਮੁਤਾਬਿਕ ਪਾਠਕਾਂ ਲਈ ਉਹ ਖੇਤੀ ਪੱਤਰਕਾਰੀ ਦਾ ਮੋਢੀ ਹੈ। ਇਸੇ ਤਰ੍ਹਾਂ ਪ੍ਰਸਿੱਧ ਖੇਤੀ ਞਿਵਗਿਆਨੀ ਡਾ. ਗੁਰਦੇਵ ਸਿੰਘ ਖੁਸ਼ ਲਿਖਦੇ ਹਨ ਕਿ ਡਾ. ਰਣਜੀਤ ਸਿੰਘ ਦੀਆਂ ਲਿਖਤਾਂ ਨੇ ਕਿਸਾਨਾਂ ਨੂੰ ਖੇਤੀ ਦੇ ਵਿਗਿਆਨਕ ਢੰਗ ਤਰੀਕਿਆਂ ਨੂੰ ਅਪਨਾਉਣ ਲਈ ਪ੍ਰੇਰਿਆ ਹੈ। ਪੰਜਾਬ ਦੀ ਜਵਾਨੀ ਨੂੰ ਨਿਰਾਸ਼ਤਾ ਦੀ ਥਾਂ ਅੱਗੇ ਵਧਣ ਲਈ ਜਾਗਰੂਕ ਕੀਤਾ ਹੈ। ਲੇਖਕ ਦੀ ਪਹਿਲੀ ਪੁਸਤਕ ਕਵਿਤਾ ਬਾਰੇ ਸੀ ਪਰ ਡਾ. ਮਹਿੰਦਰ ਸਿੰਘ ਰੰਧਾਵਾ ਨੇ ਕਿਰਸਾਨੀ ਬਾਰੇ ਲਿਖਣ ਲਈ ਪ੍ਰੇਰਿਆ ਤਾਂ ਉਹ ਕਿਸਾਨੀ ਸਾਹਿਤ ਨੂੰ ਸਮਰਪਿਤ ਹੋ ਗਏ। ਸੱਚਮੁੱਚ ਉਨ੍ਹਾਂ ਦੀ ਕਲਮ ਅਣਥੱਕ ਹੈ, ਜੋ ਪਿਛਲੇ 6 ਦਹਾਕਿਆਂ ਤੋਂ ਲਗਾਤਾਰ ਲਿਖ ਰਹੀ ਹੈ। ਖੇਤੀ ਸਾਹਿਤ ਲਿਖਦਿਆਂ ਵੀ ਉਹ ਕੋਈ ਲੋਕ-ਬੋਲੀ, ਕੋਈ ਜੀਵਨ ਅਨੁਭਵ ਜਾਂ ਕੋਈ ਸੱਭਿਆਚਾਰਕ ਟੋਟਕਾ ਏਦਾਂ ਫਿੱਟ ਕਰ ਦਿੰਦੇ ਹਨ ਕਿ ਪਾਠਕ ਦੀ ਪੜ੍ਹਨ ਦੀ ਰੁਚੀ ਹੋਰ ਵਧ ਜਾਂਦੀ ਹੈ। ਉਨ੍ਹਾਂ ਨੂੰ ਹਰ ਮਹੀਨੇ ਪੰਜਾਬੀ ਦੀਆਂ ਕੋਈ 10 ਅਖ਼ਬਾਰਾਂ ਅਤੇ ਮੈਗਜ਼ੀਨ ਛਾਪਦੇ ਹਨ।

ਡਾ. ਰਣਜੀਤ ਸਿੰਘ ਦੀ ਹੁਣੇ ਪ੍ਰਕਾਸ਼ਿਤ ਪੁਸਤਕ ‘ਕੋਈ ਨਾਉ ਨਾ ਜਾਣੇ ਮੇਰਾ’ (ਆਪ-ਬੀਤੀਆਂ), ਜਿੱਥੇ ਕਿਸਾਨਾਂ ਲਈ ਪ੍ਰੇਰਾਨਸਰੋਤ ਹੈ, ਉੱਥੇ ਇਹ ਜ਼ਿੰਦਗੀ ਵਿੱਚ ਸਫਲ ਹੋਣ ਦੇ ਨੁਕਤੇ ਵੀ ਸਾਂਝੇ ਦੱਸਦੀ ਹੈ। ਲੇਖਕ ਵੱਲੋਂ ਆਪਣੇ ਜੀਵਨ ਦੀਆਂ ਤਲਖ ਹਕੀਕਤਾਂ ਦੀ ਸਾਂਝ ਪਾਠਕਾਂ ਨਾਲ ਪਾਈ ਗਈ ਹੈ। ਸਫਾ 35 ’ਤੇ ਉਹ ਲਿਖਦੇ ਹਨ, “ਮੈਂ ਪਰਿਵਾਰਿਕ ਮਜਬੂਰੀਆਂ ਜਾਂ ਆਪਣੀ ਕਮਜ਼ੋਰੀ ਕਾਰਨ ਉਨ੍ਹਾਂ (ਪਿਤਾ ਜੀ) ਦੀ ਇੰਨੀ ਦੇਖਭਾਲ ਨਹੀਂ ਕਰ ਸਕਿਆ, ਜਿੰਨੀ ਕਰਨੀ ਚਾਹੀਦੀ ਸੀ। ਇਸ ਦਾ ਅਫਸੋਸ ਮੇਰੇ ’ਤੇ ਹਮੇਸ਼ਾ ਭਾਰੂ ਰਹਿੰਦਾ ਹੈ। ਕਈ ਵਾਰ ਸੋਚਦਾ ਹਾਂ ਕਿ ਵਿਕਾਸ ਦੀਆਂ ਤੇਜੀ ਨਾਲ ਪੁਲਾਂਘਾਂ ਪੁੱਟਣ ਵਾਲੇ ਇਨਸਾਨ ਦੇ ਜੀਵਨ ਪਿੱਛੇ ਆਈ ਖੜੋਤ ਸ਼ਾਇਦ ਇਸੇ ਦੀ ਸਜ਼ਾ ਹੈ। ਹੁਣ ਤਾਂ ਮੇਰਾ ਪੱਕਾ ਯਕੀਨ ਬਣ ਗਿਆ ਹੈ ਕਿ ਮਾਪਿਆਂ ਦੀ ਸੇਵਾ ਮਨੁੱਖ ਦਾ ਪਹਿਲਾ ਅਤੇ ਪ੍ਰਮੁੱਖ ਧਰਮ ਹੋਣਾ ਚਾਹੀਦਾ ਹੈ।

ਇਸੇ ਤਰ੍ਹਾਂ ਸਫਾ 41 ’ਤੇ ਉਹ ਲਿਖਦੇ ਹਨ, “ਮੈਨੂੰ ਯਕੀਨ ਹੋ ਗਿਆ ਹੈ ਕਿ ਜੇਕਰ ਤੁਸੀਂ ਇਮਾਨਦਾਰੀ ਨਾਲ ਬਿਨਾਂ ਕਿਸੇ ਲਾਲਚ ਦੇ  ਪੂਰੀ ਮਿਹਨਤ ਕਰਦੇ ਹੋ ਤਾਂ ਸਫਲਤਾ ਮਿਲਦੀ ਹੈ ਅਤੇ ਨਾਲੋ-ਨਾਲ ਤੁਹਾਡਾ ਪ੍ਰਭਾਵ ਵੀ ਚੰਗਾ ਪੈਂਦਾ ਹੈ। ਚੁਸਤੀਆਂ ਚਲਾਕੀਆਂ ਨਾਲ ਭਾਵੇਂ ਕੋਈ ਪ੍ਰਾਪਤੀ ਹੋ ਵੀ ਜਾਵੇ ਤਾਂ ਵੀ ਚਿਰ ਸਥਾਈ ਨਹੀਂ ਰਹਿੰਦੀ ਤੇ ਸੰਗੀ ਸਾਥੀਆਂ ਵਿੱਚ ਇਸ ਦਾ ਬੁਰਾ ਪ੍ਰਭਾਵ ਹੀ ਪੈਂਦਾ ਹੈ।

ਸਫਾ 131 ’ਤੇ ਡਾ. ਮਹਿੰਦਰ ਸਿੰਘ ਰੰਧਾਵਾ ਦੀਆਂ ਕੁਝ ਨਿੱਜੀ ਯਾਦਾਂ ਪੜ੍ਹ ਕੇ ਉਨ੍ਹਾਂ ਦੀ ਸ਼ਖ਼ਸੀਅਤ ਬਾਰੇ ਕਾਫੀ ਕੁਝ ਗਿਆਤ ਹੁੰਦਾ ਹੈ। ‘ਗੱਲ ਆਦਤ ਬਣਨ ਦੀ ਹੈ’ ਲੇਖ ਵਿੱਚ ਮੌਸਿਲ ਯੂਨੀਵਰਸਿਟੀ (ਇਰਾਕ) ਦੀ ਯਾਤਰਾ ਦੌਰਾਨ ਲੇਖਕ ਚਿਲਚਸਪ ਕਿੱਸਾ ਬਿਆਨ ਕਰਦਾ ਹੈ ਕਿ ‘ਕੋਈ ਨਹੀਂ ਫਿਰ ਕੀ ਹੋਇਆ, ਬੱਚਾ ਹੈ’, ਆਖ ਕੇ ਆਦਤ ਨਹੀਂ ਵਿਗਾੜਨੀ ਚਾਹੀਦੀ। ਲੇਖਕ ਬਿਆਨ ਕਰਦਾ ਹੈ, “ਸਾਡਾ ਸਿੱਖਿਆ ਮਾਹਿਰਾਂ ਦਾ ਇਕ ਸਮੂਹ ਪਿਕਨਿਕ ’ਤੇ ਗਿਆ। ਅਸੀਂ ਇਕ ਚਸ਼ਮੇ ’ਤੇ ਗਏ। ਰੋਟੀ ਖਾਣ ਤੋਂ ਬਾਅਦ ਇੰਜਨੀਅਰ ਡਾ. ਵਾਰਸ਼ਨੀ ਦਾ ਚਮਚਾ ਗੁਆਚ ਗਿਆ, ਜੋ ਭਾਂਡੇ ਧੋਣ ਲੱਗਿਆਂ ਪਾਣੀ ਦੇ ਵਗਦੇ ਖਾਲ ਵਿੱਚ ਵਹਿ ਗਿਆ ਸੀ। ਸਾਰੇ ਆਖਣ ਲੱਗੇ, ‘ਚਲੋ ਛੱਡੋ, ਇਕ ਚਮਚਾ ਹੀ ਹੈ। ਆਪਾਂ ਚੱਲੀਏ।’ ਪਰ ਡਾ. ਸਾਹਿਬ ਨੇ ਲੱਭ ਕੇ ਹੀ ਸਾਹ ਲਿਆ। ਉਨ੍ਹਾਂ ਆਖਿਆ, ‘ਗੱਲ ਚਮਚੇ ਦੀ ਨਹੀਂ, ਸਗੋਂ ਆਦਤ ਦੀ ਹੈ। ਚਲੋ ਛੱਡੋ ਵਾਲੀ ਆਦਤ ਇਨਸਾਨ ਨੂੰ ਨਿਕੰਮਾ ਬਣਾ ਦਿੰਦੀ ਹੈ ਤੇ ਉਹ ਆਲਸੀ ਹੋ ਜਾਂਦਾ ਹੈ। ਆਲਸੀ ਮਨੁੱਖ ਵੱਡੀਆਂ ਪ੍ਰਾਪਤੀਆਂ ਨਹੀਂ ਕਰ ਸਕਦਾ। ਪ੍ਰਾਪਤੀਆਂ ਲਈ ਤਾਂ ਸਿਰੜੀ ਹੋਣਾ ਜ਼ਰੂਰੀ ਹੈ।’ ਇਹ ਵੱਡਾ ਸਬਕ ਸੀ ਜਿਹੜਾ ਮੈਨੂੰ ਇਕ ਛੋਟੀ ਜਿਹੀ ਘਟਨਾ ਤੋਂ ਪ੍ਰਾਪਤ ਹੋਇਆ ਸੀ।

ਏਦਾਂ ਹੀ ਸਫਾ 120 ’ਤੇ ਸੇਵਾ-ਮੁਕਤ ਲੈਡਟੀਨੈਂਟ ਜਨਰਲ ਸੰਤ ਸਿੰਘ ਸੇਖੋਂ ਵੱਲੋਂ ਲੇਖਕ ਦੀ ਸੰਪਾਦਨਾ ’ਤੇ ਉਠਾਏ ਸਵਾਲ ਅਤੇ ਉਸ ਵੇਲੇ ਦੇ ਉਪ-ਕੁਲਪਤੀ ਡਾ. ਮਹਿੰਦਰ ਸਿੰਘ ਰੰਧਾਵਾ ਵੱਲੋਂ ਦਿੱਤੇ ਸਬਕ ਵੀ ਸਾਂਝੇ ਕੀਤੇ ਹਨ। ਸਾਰੀ ਉਮਰ ਝੋਨੇ ਦੀਆਂ ਵੱਧ ਝੋਨਾ ਹੋਣ ਵਾਲੀਆਂ ਕਿਸਮਾਂ ਵਿਕਸਤ ਕਰਨ ਦੇ ਲੇਖ ਲਾਉਣ ਵਾਲੇ ਪ੍ਰਸਿੱਧ ਖੇਤੀ ਵਿਗਿਆਨੀ ਡਾ. ਗੁਰਦੇਵ ਸਿੰਘ ਖੁਸ਼ ਨਾਲ ਬਿਤਾਏ ਦਿਨਾਂ ਦੀਆਂ ਯਾਦਾਂ ਵੀ ਲੇਖਕ ਨੇ ਸਾਂਝੀਆਂ ਕੀਤੀਆਂ ਹਨ। ਡਾ. ਖੁਸ਼ ਆਪਣੇ ਸਫ਼ਲਤਾ ਦੇ ਗੁਰ ਇੰਝ ਦੱਸਦੇ ਹਨ, ‘ਮੇਰੀ ਹਮੇਸ਼ਾ ਕੋਸ਼ਿਸ਼ ਰਹਿੰਦੀ ਹੈ ਕਿ ਸਮੇਂ ਦੀ ਵੱਧ ਉਪਯੋਗੀ ਵਰਤੋਂ ਕੀਤੀ ਜਾਵੇ ਕਿਉਂਕਿ ਸਮਾਂ ਬਹੁਤ ਸੀਮਤ ਹੈ। ਜਦੋਂ ਕਿ ਮਨੁੱਖ ਦੇ ਦਿਮਾਗ ਦੀ ਉਡਾਣ ਅਸੀਮਤ ਹੈ। ਮੈਂ ਕੇਵਲ ਐਤਵਾਰ ਨੂੰ ਅੱਧੇ ਦਿਨ ਦੀ ਛੁੱਟੀ ਕਰਦਾ ਹਾਂ ਤੇ ਸ਼ਾਮ ਆਪਣੇ ਪਰਿਵਾਰ ਲਈ ਰੱਖਦਾ ਹਾਂ। ਉਂਝ ਮੈਂ ਸਵੇਰੇ 8 ਵਜੇ ਤੋਂ ਲੈ ਕੇ ਦੇਰ ਰਾਤ ਤੱਕ ਆਪਣਾ ਕੰਮ ਕਰਦਾ ਹਾਂ। ਸਫਾ 162 ’ਤੇ ਦੋ ਪ੍ਰਸਿੱਧ ਸਾਹਿਤਕਾਰਾਂ ਬਲਵੰਤ ਗਾਰਗੀ ਅਤੇ ਮੀਸ਼ਾ ਵਿਚਾਲੇ ਹੋਈ ਤੂੰ-ਤੂੰ, ਮੈਂ-ਮੈਂ ਅਤੇ ਫਿਰ ਹੱਥਾਪਾਈ ਹੋਣ ਦਾ ਵਾਕਿਆ ਵੀ ਬਿਆਨ ਕੀਤਾ ਗਿਆ ਹੈ। ਡਾ. ਰਣਜੀਤ ਸਿੰਘ ਲਿਖਦੇ ਹਨ, ‘ਦੋਵਾਂ ਵਿਚਾਲੇ ਇੰਨੀ ਕੁੜੱਤਣ ਭਰੀ ਸੀ ... ਹੁਣ ਮੈਂ ਸੋਚਦਾ ਹਾਂ ਕਿ ਇਸੇ ਕੁੜੱਤਣ ਦਾ ਅਸਰ ਸੀ ਕਿ ਦੋਵਾਂ ਦਾ ਦੁਖਦਾਈ ਅੰਤ ਹੋਇਆ। ਕੁੜੱਤਣ ਮਨੁੱਖ ਨੂੰ ਅੰਦਰੋ-ਅੰਦਰੀ ਤੋੜ ਦਿੰਦੀ ਹੈ।

ਲੇਖਕ ਨੇ ਖੁਦ ਬਾਰੇ ਵੀ ਬੇਬਾਕੀ ਨਾਲ ਲਿਖਿਆ ਹੈ। ਉਹ ਲਿਖਦੇ ਹਨ, “ਮੇਰੇ ਸਾਥੀ ਮੈਨੂੰ ਸਿੱਧੜ ਅਤੇ ਡਰੂ ਸੁਭਾਅ ਵਾਲਾ ਆਖਦੇ ਹਨ। ਇਸ ਦਾ ਕਈਆਂ ਨੇ ਲਾਭ ਉਠਾਇਆ ਪਰ ਮੈਂ ਕਦੇ ਬੁਰਾ ਨਹੀਂ ਮਨਾਇਆ ਕਿਉਂਕਿ ਕਿਸੇ ਦਾ ਭਾਲ ਹੀ ਹੋਇਆ ਹੈ। ਡਰੂ ਸੁਭਾਅ ਹੋਣ ਕਰਕੇ ਮੈਂ ਆਪਣਾ ਕੰਮ ਪੂਰੀ ਮਿਹਨਤ ਨਾਲ ਕੀਤਾ ਤਾਂ ਜੋ ਕਿਸੇ ਪ੍ਰੋਫੈਸਰ ਜਾਂ ਅਫ਼ਸਰ ਦੀਆਂ ਝਿੜਕਾਂ ਨਾ ਖਾਣੀਆਂ ਪੈਣ। ਕਦੇ ਕਿਸੇ ਦਾ ਬੁਰਾ ਨਹੀਂ ਚਾਹਿਆ ਅਤੇ ਪ੍ਰਾਪਤੀਆਂ ਲਈ ਕੋਈ ਜੋੜ-ਤੋੜ ਵੀ ਨਹੀਂ ਕੀਤੇ। ਸਭ ਕੁਝ ਆਪਣੇ ਆਪ ਹੁੰਦਾ ਗਿਆ। ਜਦੋਂ ਨੌਵੀਂ ਵਿੱਚ ਸੀ ਤਾਂ ਉਦੋਂ ਮੇਰਾ ਪਹਿਲਾ ਲੇਖ ਸਰਕਾਰੀ ਰਸਾਲੇ ‘ਜਾਗ੍ਰਤੀ’ ਵਿੱਚ 1956 ਵਿੱਚ ਛਪਿਆ ਸੀ।”

ਪਹਿਲੇ ਭਾਗ ਵਿੱਚ ਲੇਖਕ ਨੇ ਪਰਿਵਾਰਕ ਪਿਛੋਕੜ ਬਾਰੇ ਚਾਨਣਾ ਪਾਇਆ ਹੈ। ਪਿਛਲੀ ਨੌਕਰੀ ਦੇ ਦਿਨਾਂ ਦੀਆਂ ਯਾਦਾਂ, ਆਪਣੇ ਪਿੰਡ ਸੁਰਾਪੁਰ ਬਾਰੇ, ਸੰਚਾਰ ਕੇਂਦਰ ਦੇ ਚੌਦਾਂ ਸਾਲ, ਵਿਦੇਸ਼ ਯਾਤਰਾਵਾਂ ਆਦਿ ਦਾ ਵੇਰਵਾ ਦਿੱਤਾ ਹੈ, ਜੋ ਪੜ੍ਹਨ ਵਾਲਾ ਹੈ। ਦੂਜੇ ਭਾਗ ਵਿੱਚ 40 ਦੇ ਕਰੀਬ ਲੇਖ ਹਨ ਜੋ ਸਾਰੇ ਪੜ੍ਹਨਗੋਚਰੇ ਹਨ ਜਿਨ੍ਹਾਂ ਵਿੱਚ ਪ੍ਰਮੁੱਖ ਹਨ- ‘ਮੇਰੇ ਪਿੰਡ ਦੀ ਲਾਇਬ੍ਰੇਰੀ’, ‘ਜਦੋਂ ਮੈਨੂੰ ਕੁੱਟ ਖਾਣੀ ਪਈ’, ‘ਮੇਰਾ ਪਿੰਡ’, ‘ਜ਼ਮੀਰ ਦੀ ਆਵਾਜ਼’, ‘ਜਦੋਂ ਨੰਗੇ ਪੈਰੀਂ ਮਿਲਣਾ ਆਏ ਰਾਜ ਕਪੂਰ’, ‘ਡਾ. ਰੰਧਾਵਾ ਕੁਝ ਯਾਦਾਂ’, ‘ਗੱਲ ਆਦਤ ਬਣਨ ਦੀ ਹੈ’, ‘ਦੋ ਸਾਹਿਤਕਾਰ ਹੋਏ ਹੱਥੋਪਾਈ’, ‘ਡੈਨਮਾਰਕ ਵਿੱਚ ਪੰਜਾਬੀ’, ‘ਯਾਦਾਂ ਵਿੱਚ ਵਸਿਆ ਵਿਰਕ’, ‘ਇਮਾਨਦਾਰੀ ਦਾ ਅਨੰਦ’ ਆਦਿ।

ਡਾ. ਰਣਜੀਤ ਸਿੰਘ ਦਾ ਜਨਮ 7 ਮਈ, 1942 ਨੂੰ ਪਿੰਡ ਸੂਰਾਪੁਰ (ਨਵਾਂ ਸ਼ਹਿਰ) ਵਿਖੇ ਪਿਤਾ ਸ. ਜਸਵੰਤ ਸਿੰਘ ਤੇ ਮਾਤਾ ਜੋਗਿੰਦਰ ਕੌਰ ਦੇ ਘਰ ਹੋਇਆ। ਆਪ ਨੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਤੋਂ ਪੀਐੱਚ.ਡੀ ਕੀਤੀ। ਉਨ੍ਹਾਂ ਨੂੰ ਕਈ ਵੱਕਾਰੀ ਪੁਰਸਕਾਰ ਮਿਲ ਚੁੱਕੇ ਹਨ। ਖੇਤੀਬਾੜੀ ਯੂਨੀਵਰਸਿਟੀ ਵਿੱਚ ਪ੍ਰੋਫੈਸਰ, ਡਾਇਰੈਕਟ ਸੰਚਾਰ ਕੇਂਦਰ, ਡੀਨ, ਖੇਤੀ ਕਾਲਜ, ਪੌਰੋ ਐਮੀਰੇਟਸ (ਭਾਰਤ ਸਰਕਾਰ) ਆਦਿ ਅਹੁਦਿਆਂ ’ਤੇ ਰਹੇ। ਐਸਥੈਟਿਕਸ ਪਬਲੀਕੇਸ਼ਨਜ਼ ਲੁਧਿਆਣਾ ਵੱਲੋਂ ਪ੍ਰਕਾਸ਼ਿਤ ਪੁਸਤਕ ਦਾ ਕਵਰ ਡਿਜ਼ਾਇਨ ਸਵਰਨਜੀਤ ਸਵੀ ਨੇ ਕੀਤਾ ਹੈ। 234 ਪੰਨਿਆਂ ਦੀ ਇਸ ਪੁਸਤਕ ਦਾ ਮੁੱਲ 255 ਰੁਪਏ ਹੈ।

ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ ਦੇ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਦਾ ਆਖਣਾ ਹੈ ਕਿ ਡਾ. ਰਣਜੀਤ ਸਿੰਘ ਜਿੱਥੇ ਇਕ ਵਧੀਆ ਇਨਸਾਨ ਹਨ, ਉੱਥੇ ਇਕ ਪ੍ਰਸਿੱਧ ਖੇਤੀ ਵਿਗਿਆਨੀ ਅਤੇ ਬਹੁਤ ਹੀ ਵਧੀਆ ਲੇਖਕ ਵੀ ਹਨ। ਡਾ. ਕ੍ਰਿਪਾਲ ਸਿੰਘ ਔਲਖ, ਸਾਬਕਾ ਵੀ ਸੀ ਦਾ ਆਖਣਾ ਹੈ, “ਪੁਸਤਕ ਦਾ ਨਾਮ ‘ਕੋਈ ਨਾਉ ਨਾ ਜਾਣੇ ਮੇਰਾ’ ਸਹੀ ਨਹੀਂ ਹੈ। ਪੰਜਾਬੀ ਕਿਸਾਨ ਸਭ ਤੋਂ ਵੱਧ ਤੁਹਾਨੂੰ ਜਾਣਦੇ ਹਨ। ਇੰਨੇ ਲੰਬੇ ਸਮੇਂ ਤੋਂ ਕਿਸੇ ਹੋਰ ਲੇਖਕ ਨੇ ਇੰਨੇ ਸਿਰੜ ਨਾਲ ਖੇਤੀ ਅਤੇ ਸਹਾਇਕ ਧੰਦਿਆਂ ਬਾਰੇ ਜਾਣਕਾਰੀ ਪ੍ਰਦਾਨ ਨਹੀਂ ਕੀਤੀ, ਜਿੰਨੀ ਤੁਸੀਂ ਕੀਤੀ ਹੈ। ਇਸੇ ਤਰ੍ਹਾਂ ਲੱਗੇ ਰਹੋ।”

*       *       *       *       *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (This email address is being protected from spambots. You need JavaScript enabled to view it.)

About the Author

ਜਸਵਿੰਦਰ ਸਿੰਘ ਬਹੇੜੂ

ਜਸਵਿੰਦਰ ਸਿੰਘ ਬਹੇੜੂ

Whatsapp: (91 - 83604 - 46812)
Email: (jaswinderbahoru@gmail.com)