“ਜੋ ਕਰੋ ਦਿਲੋਂ ਕਰੋ, ਅਤੇ ਆਪਣੇ ਵਿਵਹਾਰ ਉੱਪਰ ਦਿਨ ਬਦਿਨ ਹਾਵੀ ਹੋ ਰਹੇ ਨਕਲੀਪਨ ਨੂੰ ...”
(4 ਜਨਵਰੀ 2026)
ਕੀ ਅਸੀਂ ਸਚਾਈ ਵਿੱਚ ਜੀ ਰਹੇ ਹਾਂ? ਕਿਸੇ ਨੂੰ ਮਿਲਣਾ, ਦਿਲੀ ਖੁਸ਼ੀ, ਘਰ ਆਇਆਂ ਦਾ ਦਿਲੋਂ ਸਵਾਗਤ, ਸਾਡੇ ਸ਼ਬਦ, ਸਾਡਾ ਵਿਵਹਾਰ, ਕੀ ਇਹ ਸੱਚਾ ਹੈ? ਅੱਜਕਲ੍ਹ ਅਸੀਂ ਕਿਸੇ ਨੂੰ ਮਿਲ ਕੇ ਨਕਲੀ ਹਾਸਾ ਹੱਸ ਰਹੇ ਹਾਂ, ਅਸਲੀ ਨਹੀਂ। ਇਹ ਨਕਲੀਪਨ ਸਾਡੇ ਵਿਵਹਾਰ ਵਿੱਚ ਕਦੋਂ ਸ਼ਾਮਲ ਹੋ ਗਿਆ, ਸਾਨੂੰ ਪਤਾ ਹੀ ਨਹੀਂ ਲੱਗਿਆ ਤੇ ਅਸੀਂ ਦਿਲੋਂ ਖੁਸ਼ ਹੋਣਾ ਭੁੱਲ ਗਏ। ਅਸੀਂ ਬਚਪਨ ਤੋਂ ਇੱਦਾਂ ਦੇ ਤਾਂ ਨਹੀਂ ਸੀ। ਇੱਕ ਅਜੀਬ ਤਰ੍ਹਾਂ ਦੀ ਉਦਾਸੀ ਹੈ, ਜਿਸਦਾ ਅਸੀਂ ਸ਼ਿਕਾਰ ਹੋ ਗਏ ਹਾਂ। ਪਤਾ ਨਹੀਂ ਸਾਨੂੰ ਕਿਸ ਗੱਲ ਦਾ ਡਰ ਹੈ। ਅਸੀਂ ਆਪਣੇ ਕਿਰਦਾਰ ਤੋਂ, ਆਪਣੀ ਸ਼ਖਸੀਅਤ ਤੋਂ ਖੁਸ਼ ਨਹੀਂ ਹਾਂ। ਅਸੀਂ ਕਿਸੇ ਨਾ ਕਿਸੇ ਨੂੰ ਖੁਸ਼ ਕਰਨ ਵਿੱਚ ਲੱਗੇ ਹੋਏ ਹਾਂ, ਕੁਝ ਨਾ ਕੁਝ ਹਾਸਲ ਕਰਨ ਵਿੱਚ ਲੱਗੇ ਹੋਏ ਹਾਂ। ਸਾਰਿਆਂ ਨੂੰ ਨਕਲੀ ਵਿਵਹਾਰ ਪਰੋਸ ਕੇ ਅਤੇ ਨਕਲੀ ਹੀ ਵਿਵਹਾਰ ਸਵੀਕਾਰ ਕਰਕੇ ਅਸੀਂ ਧੁਰ ਅੰਦਰੋਂ ਖੁਸ਼ ਨਹੀਂ ਹਾਂ। ਅਜਿਹਾ ਕੀ ਹੋ ਗਿਆ ਕਿ ਅਸੀਂ ਆਪਣੇ ਦਿਲ ਦੀ ਗੱਲ ਕਿਸੇ ਨਾਲ ਕਰ ਨਹੀਂ ਸਕਦੇ ਤੇ ਘੁੱਟ ਘੁੱਟ ਕੇ ਜੀ ਰਹੇ ਹਾਂ। ਅਸੀਂ ਇਨਸਾਨ ਇੰਨੇ ਸਸਤੇ ਕਿਰਦਾਰ ਦੇ ਮਾਲਿਕ ਹੋ ਗਏ ਹਾਂ ਕਿ ਨਾ ਤਾਂ ਅਸੀਂ ਕਿਸੇ ’ਤੇ ਵਿਸ਼ਵਾਸ ਕਰ ਪਾ ਰਹੇ ਹਾਂ ਨਾ ਕੋਈ ਸਾਡੇ ਤੇ ਵਿਸ਼ਵਾਸ ਕਰ ਪਾ ਰਿਹਾ ਹੈ। ਜਾਂ ਫਿਰ ਇਹ ਹੋ ਸਕਦਾ ਹੈ ਕਿ ਅਸੀਂ ਇੰਨੇ ਕੁ ਮਤਲਬੀ ਹੋ ਚੁੱਕੇ ਹਾਂ ਕਿ ਸਾਨੂੰ ਕਿਸੇ ਦੀਆਂ ਭਾਵਨਾਵਾਂ ਦਾ, ਕਿਸੇ ਦੇ ਦਰਦ ਦਾ ਕੋਈ ਅਹਿਸਾਸ ਨਹੀਂ ਹੈ। ਸਾਨੂੰ ਕਿਸੇ ਨਾਲ ਕੋਈ ਮਤਲਬ ਨਹੀਂ ਹੈ। ਮਤਲਬ ਹੋਣਾ ਵੀ ਨਹੀਂ ਚਾਹੀਦਾ। ਸਗੋਂ ਸਾਡਾ ਆਪਣਾ ਦਿਲ ਕਿਸੇ ਲਈ ਵੀ ਮੈਲਾ ਨਹੀਂ ਹੋਣਾ ਚਾਹੀਦਾ। ਚਾਹੇ ਉਹ ਇਨਸਾਨ ਜਿਵੇਂ ਦਾ ਮਰਜ਼ੀ ਹੋਵੇ। ਸਾਨੂੰ ਜੋ ਮਾਹੌਲ ਸਮਾਜ ਤੋਂ ਮਿਲ ਰਿਹਾ ਹੈ, ਉਸਤੋਂ ਅਸੀਂ ਖੁਸ਼ ਨਹੀਂ ਹਾਂ, ਜਾਂ ਫਿਰ ਇਹ ਇਹ ਕਹਿ ਲਓ ਅਸੀਂ ਆਪਣੀ ਖੁਸ਼ੀ ਦਾ ਰਿਮੋਟ ਕਿਉਂ ਦੂਜਿਆਂ ਦੇ ਹੱਥ ਦੇ ਰੱਖਿਆ ਹੈ। ਕੋਈ ਸਾਨੂੰ ਆਪਣੇ ਵਿਵਹਾਰ ਨਾਲ ਖੁਸ਼ ਕਰੇ ਤਾਂ ਅਸੀਂ ਖੁਸ਼, ਨਹੀਂ ਤਾਂ ਅਸੀਂ ਦੁਖੀ। ਸਾਡਾ ਆਪਣੇ ਆਪ ’ਤੇ ਸ਼ਾਇਦ ਕੋਈ ਕਾਬੂ ਨਹੀਂ ਹੈ ਤੇ ਬਿਨਾਂ ਸੋਚੇ ਸਮਝੇ ਅਸੀਂ ਵੀ ਉਹੀ ਕਰ ਰਹੇ ਹਾਂ, ਜੋ ਸਾਹਮਣੇ ਵਾਲਾ ਕਰ ਰਿਹਾ ਹੈ। ਸਾਡੇ ਬੋਲਾਂ ਨਾਲ ਕੋਈ ਕਿੰਨਾ ਕ ਧੁਰ ਅੰਦਰੋਂ ਟੁੱਟਿਆ, ਦੁਖੀ ਹੋਇਆ ਜਾਂ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਰਹਿਣ ਲੱਗ ਪਿਆ, ਕੀ ਅਸੀਂ ਕਦੀ ਪਰਵਾਹ ਕੀਤੀ? ਕਦੀ ਅਗਲੇ ਪਲ ਜਾਂ ਅਗਲੇ ਦਿਨ ਆਪਣੇ ਵਿਵਹਾਰ ਦੀ ਮੁਆਫੀ ਤਕ ਨਹੀਂ ਮੰਗੀ, ਕਿਉਂਕਿ ਅਸੀਂ ਝੁਕਣਾ ਨਹੀਂ ਜਾਣਦੇ, ਭਾਵੇਂ ਗਲਤੀ ਜਿੰਨੀ ਮਰਜ਼ੀ ਵੱਡੀ ਹੋਵੇ।
ਤਾਂ ਹੀ ਸਾਹਮਣੇ ਵਾਲਾ ਇਨਸਾਨ ਸਾਨੂੰ ਓਹੀ ਮੋੜ ਕੇ ਦੇ ਰਿਹਾ ਹੈ ਜੋ ਅਸੀਂ ਲੰਬੇ ਸਮੇਂ ਤੋਂ ਹੁਣ ਤਕ ਉਨ੍ਹਾਂ ਨਾਲ ਕਰਦੇ ਆ ਰਹੇ ਹਾਂ। ਜਾਂ ਫਿਰ ਅਸੀਂ ਕਿਸੇ ਇਨਸਾਨ ਨੂੰ ਉਸੇ ਤਰ੍ਹਾਂ ਦਾ ਵਤੀਰਾ ਦੇ ਰਹੇ ਹਾਂ, ਜਿਸ ਤਰ੍ਹਾਂ ਦਾ ਉਸਨੇ ਸਾਡੇ ਨਾਲ ਕੀਤਾ। ਕਈ ਵਾਰ ਇੱਦਾਂ ਵੀ ਹੁੰਦਾ ਕਿ ਅਸੀਂ ਕਿਸੇ ਨਾਲ ਬਹੁਤ ਪਿਆਰ, ਨੇੜਤਾ ਨਾਲ ਗੱਲ ਕਰਦੇ ਹਾਂ ਪਰ ਸਾਹਮਣੇ ਵਾਲਾ ਇਨਸਾਨ ਇਕਦਮ ਉਲਟਾ ਵਿਵਹਾਰ ਕਰਕੇ ਝਾੜ ਕੇ ਬਿਠਾ ਦਿੰਦਾ ਹੈ। ਕਸੂਰ ਸਾਡਾ ਨਹੀਂ ਬਲਕਿ ਉਸ ਇਨਸਾਨ ਦੀ ਮਾਨਸਿਕਤਾ ਦਾ ਹੁੰਦਾ ਹੈ ਜੋ ਸ਼ਾਇਦ ਦੁਨੀਆਂ ਦੇ ਸਲੂਕ ਤੋਂ, ਕਿਸੇ ਰੂਹਾਨੀਅਤ ਦੀ ਸੱਟ ਤੋਂ ਪ੍ਰੇਸ਼ਾਨ ਹੋ ਕੇ ਆਪਣੇ ਆਪ ਨੂੰ ਇੱਕ ਤੰਗਪੁਣੇ ਵਿੱਚ ਕ਼ੈਦ ਕਰ ਲੈਂਦਾ ਹੈ। ਉਸਦਾ ਸਭ ਤੋਂ ਵਿਸ਼ਵਾਸ ਟੁੱਟ ਚੁੱਕਿਆ ਹੁੰਦਾ ਹੈ। ਉਹ ਕਿਸੇ ਨੂੰ ਵੀ ਆਪਣੇ ਯਕੀਨ ਦੇ ਕਾਬਿਲ ਨਹੀਂ ਸਮਝਦਾ ਤੇ ਹਰ ਰਿਸ਼ਤੇ, ਹਰ ਇਨਸਾਨ ਨੂੰ ਸ਼ੱਕ ਦੀ ਨਜ਼ਰ ਨਾਲ ਹੀ ਦੇਖਦਾ ਹੈ। ਕੋਈ ਕਿਸੇ ਦਾ ਭਲਾ ਵੀ ਕਰੇ ਤਾਂ ਵੀ ਉਸਦੇ ਦਿਮਾਗ ਵਿੱਚ ਇਹੀ ਹੁੰਦਾ ਕਿ ਜ਼ਰੂਰ ਇਸਨੂੰ ਕੋਈ ਮਤਲਬ ਹੋਣਾ ਹੈ, ਬਿਨਾਂ ਮਤਲਬ ਲਈ ਕੌਣ ਕਿਸੇ ਦਾ ਕਰਦਾ?
ਕੁੜੀ ਜਾਂ ਮੁੰਡੇ ਦੀ ਅਮੀਰੀ, ਸੁਹੱਪਣ ਦੇਖ ਕੇ ਜਾਂ ਮਤਲਬ ਹੱਲ ਕਰਨ ਤਕ ਹੀ ਪਿਆਰ ਸੀਮਿਤ ਰਹਿ ਗਿਆ ਹੈ। ਮਤਲਬ ਖਤਮ ਤਾਂ ਪਿਆਰ ਵੀ ਖਤਮ। ਨਾ ਅੱਖਾਂ ਵਿੱਚ ਉਹ ਸਚਾਈ ਹੈ ਨਾ ਗੱਲਾਂ ਵਿੱਚ, ਨਾ ਵਿਵਹਾਰ ਵਿੱਚ ਸਚਾਈ ਹੈ, ਜੇ ਕੁਝ ਬਾਕੀ ਰਹਿ ਗਿਆ ਹੈ ਤਾਂ ਬੱਸ ਇੱਕ ਨਕਲੀਪਨ ਤੇ ਇਕੱਲਾਪਨ।
ਕਈ ਵਾਰ ਕੋਈ ਇਨਸਾਨ ਉਸ ਸ਼ਖਸੀਅਤ ਦਾ ਮਾਲਿਕ ਬਣ ਬੈਠਦਾ ਹੈ ਜੋ ਉਹ ਕਦੇ ਪਹਿਲਾਂ ਕਦੀ ਵੀ ਨਹੀਂ ਸੀ ਹੁੰਦਾ। ਇੱਕ ਹੱਸਣ ਖੇਡਣ ਵਾਲਾ ਜ਼ਿੰਦਾਦਿਲ ਇਨਸਾਨ ਕਦੋਂ ਖਾਮੋਸ਼ੀ ਦੇ ਹਨੇਰੇ ਕੋਠੜੇ ਵਿੱਚ ਆਪਣੇ ਆਪ ਨੂੰ ਕੈਦ ਕਰ ਲੈਂਦਾ ਹੈ, ਉਸਨੂੰ ਵੀ ਪਤਾ ਨਹੂਂ ਲੱਗਦਾ ਤੇ ਬਾਹਰ ਦੀ ਦੁਨੀਆਂ ਵਿੱਚ ਆਪਣੇ ਆਪ ਨੂੰ ਅਜਨਬੀ ਸਮਝਦਾ ਹੈ। ਸਭ ਲੋਕਾਂ ਨੂੰ ਆਪਣੀ ਹੀ ਤਰ੍ਹਾਂ ਸਮਝਣ ਵਾਲਾ ਇਨਸਾਨ ਜਦੋਂ ਦੁਨੀਆਂ ਦੇ ਅਸਲੀ ਰੰਗ ਦੇਖਦਾ ਹੈ ਤਾਂ ਉਸਦੀਆਂ ਅੱਖਾਂ ਨੂੰ ਕੋਈ ਵੀ ਇਨਸਾਨ ਜਚਦਾ ਨਹੀਂ ਤੇ ਉਹ ਆਪਣੀ ਇੱਕ ਨਵੀਂ ਦੁਨੀਆਂ ਦਾ ਇੱਕ ਅਲੱਗ ਹੀ ਮਿਆਰ ਮਿੱਥ ਲੈਂਦਾ ਹੈ ਤੇ ਉਸ ਮਿਆਰ ’ਤੇ ਕੋਈ ਵੀ ਖਰਾ ਨਹੀਂ ਉੱਤਰਦਾ।
ਦੋਸਤ ਦੋਸਤ ਨਾਲ ਦਗ਼ਾ ਕਮਾ ਰਿਹਾ ਹੈ, ਭਾਈ ਭਾਈ ਦਾ ਦੁਸ਼ਮਣ ਬਣੀ ਬੈਠਾ ਹੈ। ਰਿਸ਼ਤਿਆਂ ਵਿੱਚ ਪਵਿੱਤਰਤਾ ਖ਼ਤਮ ਹੋ ਗਈ ਹੈ। ਅਸੀਂ ਮਨੁੱਖਤਾ ਤੋਂ ਬਹੁਤ ਬਹੁਤ ਦੂਰ ਹੋ ਗਏ ਹਾਂ। ਸਾਡੇ ਦਿਲ ਹੁਣ ਕਿਸੇ ਦਾ ਦਰਦ, ਤਕਲੀਫ ਦੇਖ ਕੇ ਪਿਘਲਦੇ ਨਹੀਂ, ਦੂਜਿਆਂ ਦੀਆਂ ਅੱਖਾਂ ਨਮ ਦੇਖ ਕੇ ਸਾਡੇ ਹੰਝੂ ਨਹੀਂ ਨਿਕਲਦੇ। ਕਈਆਂ ਨੂੰ ਤਾਂ ਦੂਜਿਆਂ ਨੂੰ ਦੁਖੀ ਦੇਖ ਕੇ, ਦੂਜਿਆਂ ਨੂੰ ਮੁਸੀਬਤ ਵਿੱਚ ਦੇਖ ਕੇ ਖੁਸ਼ੀ ਹੁੰਦੀ ਹੈ, ਕਿਉਂਕਿ ਉਨ੍ਹਾਂ ਦੀ ਆਤਮਾ ਮਰ ਚੁੱਕੀ ਹੁੰਦੀ ਹੈ।
ਪਰ ਕਿਸੇ ਦਾ ਮਾੜਾ ਕਰਕੇ ਅਸੀਂ ਖੁਸ਼ ਕਿਵੇਂ ਹੋ ਸਕਦੇ ਹਾਂ? ਜੇ ਅਸੀਂ ਇੱਦਾਂ ਕਰ ਰਹੇ ਹਾਂ ਤਾਂ ਸਾਡੀ ਇਨਸਾਨੀਅਤ ਹੌਲੀ ਹੌਲੀ ਖਤਮ ਹੁੰਦੀ ਜਾ ਰਹੀ ਹੈ। ਸਾਡੇ ਵਿੱਚ ਸਬਰ-ਸੰਤੋਖ, ਦਿਲੀ ਹਮਦਰਦੀ, ਰੂਹਾਨੀ ਪਵਿੱਤਰਤਾ ਖਤਮ ਹੁੰਦੀ ਜਾ ਰਹੀ ਹੈ। ਭਾਵ ਅਸੀਂ ਇਨਸਾਨ ਨਹੀਂ, ਸ਼ੈਤਾਨ ਦਾ ਹੀ ਰੂਪ ਹੁੰਦੇ ਜਾ ਰਹੇ ਹਾਂ। ਉਹ ਸ਼ੈਤਾਨ, ਜੋ ਕਿਸੇ ਨੂੰ ਖੁਸ਼ ਦੇਖ ਕੇ ਖੁਸ਼ ਨਹੀਂ ਹੁੰਦਾ ਤੇ ਦੂਜੇ ਦੀ ਖੁਸ਼ੀ ਨੂੰ ਦੁੱਖ ਵਿੱਚ ਤਬਦੀਲ ਕਰ ਕੇ ਹੀ ਦਮ ਲੈਂਦਾ ਹੈ।
ਪਰ ਹੁਣ ਖੁਸ਼ੀਆਂ ਦੇ ਮਾਮਲੇ ਵਿੱਚ ਵੀ ਕੰਮ ਉਲਟਾ ਹੋ ਗਿਆ ਹੈ। ਕੋਈ ਕਿਸੇ ਨੂੰ ਆਪਣੀ ਖੁਸ਼ੀ ਵੀ ਦੱਸ ਕੇ ਰਾਜ਼ੀ ਨਹੀਂ ਤੇ ਨਾ ਹੀ ਆਪਣੀ ਖੁਸ਼ੀ ਵਿੱਚ ਕਿਸੇ ਨੂੰ ਸ਼ਾਮਲ ਕਰਨਾ ਚਾਹੁੰਦਾ ਹੈ ਤਾਂ ਕਿ ਕੋਈ ਨਜ਼ਰ ਨਾ ਲਗਾ ਦੇਵੇ, ਕਿਤੇ ਉਨ੍ਹਾਂ ਦਾ ਕੋਈ ਕੰਮ ਅਧੂਰਾ ਨਾ ਰਹਿ ਜਾਵੇ ਜਾਂ ਕੋਈ ਅੜਚਨ ਹੀ ਨਾ ਪੈ ਜਾਵੇ। ਹੁਣ ਤਾਂ ਉਹ ਜ਼ਮਾਨਾ ਲੰਘ ਗਿਆ ਜਦੋਂ ਇਹ ਵਿਸ਼ਵਾਸ ਕੀਤਾ ਜਾਂਦਾ ਸੀ ਕਿ ਖੁਸ਼ੀਆਂ ਵੰਡਣ ਨਾਲ ਖੁਸ਼ੀਆਂ ਦੂਣੀਆਂ ਹੋ ਜਾਂਦੀਆਂ ਹਨ। ਹੁਣ ਤਾਂ ਸਭ ਕੁਝ ਗੁਪਤ ਹੋ ਗਿਆ ਹੈ। ਕਈ ਵਾਰ ਸਕੇ ਚਾਚੇ ਤਾਇਆਂ, ਭੂਆ ਫੁੱਫੜ ਤੇ ਮਾਸੀ ਮਾਸੜ ਨੂੰ ਵੀ ਇਹ ਨਹੀਂ ਪਤਾ ਹੁੰਦਾ ਕਿ ਮੁੰਡੇ ਜਾਂ ਕੁੜੀ ਦਾ ਰਿਸ਼ਤਾ ਕਿਹੜੇ ਪਿੰਡ, ਸ਼ਹਿਰ ਵਿੱਚ ਹੋਇਆ ਹੈ, ਅਖੇ ਕੋਈ ਭਾਨੀ ਹੀ ਨਾ ਮਾਰ ਦੇਵੇ।
ਕਿਤੇ ਕਿਸੇ ਦੇ ਘਰ ਮਰਗ ਹੋ ਜਾਵੇ ਤਾਂ ਨਕਲੀ ਹੰਝੂ, ਝੂਠੀ ਹਮਦਰਦੀ, ਮੂੰਹ ਦਿਖਾਉਣ ਤਕ ਹੀ ਫਰਜ਼ ਸੀਮਿਤ ਰਹਿ ਗਿਆ ਹੈ। ਲੋਕੀਂ ਅਫਸੋਸ ਕਰਨ ਵੇਲੇ, ਥੋੜ੍ਹੀ ਦੇਰ ਰੋ ਪਿੱਟ ਕੇ, ਮਾੜਾ ਮੋਟਾ ਦੁੱਖ ਮਨਾ ਕੇ ਆਮ ਗੱਲਾਂ ਕਰਨ ਲੱਗ ਜਾਂਦੇ ਹਨ। ਕਈ ਤਾਂ ਚੋਰੀ ਛੁਪੇ ਹੱਸਣ ਵੀ ਲੱਗ ਜਾਂਦੇ ਹਨ।
ਮੁੱਕਦੀ ਗੱਲ, ਜਿਨ੍ਹਾਂ ਦਾ ਕੋਈ ਆਪਣਾ ਦੁਨੀਆਂ ਤੋਂ ਜਾ ਚੁੱਕਿਆ ਹੁੰਦਾ ਹੈ, ਦੁੱਖ ਵੀ ਉਨ੍ਹਾਂ ਨੂੰ ਹੀ ਹੁੰਦਾ ਹੈ, ਜਾਂ ਫਿਰ ਕਰੀਬੀ ਰਿਸ਼ਤੇਦਾਰਾਂ ਨੂੰ। ਉਹ ਕਹਿੰਦੇ ਹੁੰਦੇ ਨੇ ਨਾ ਕਿ ਕਿਸੇ ਦੀ ਖੁਸ਼ੀ ਵਿੱਚ ਸ਼ਾਮਲ ਹੋਵੋ ਨਾ ਹੋਵੋ, ਪਰ ਦੁੱਖ ਵਿੱਚ ਸ਼ਰੀਕ ਜ਼ਰੂਰ ਹੋਵੋ। ਤੇ ਜੇ ਹੋ ਸਕੇ ਤਾਂ ਤਹਿ ਦਿਲੋਂ ਹਰ ਸੰਭਵ ਮਦਦ ਜ਼ਰੂਰ ਕਰੋ ਕਿਉਂਕਿ ਅਸੀਂ ਇਸ ਦੁਨੀਆਂ ਤੋਂ ਆਪਣੇ ਨਾਲ ਜੇ ਕੁਝ ਲੈ ਕੇ ਜਾਣਾ ਤਾਂ ਉਹ ਨੇ ਸਾਡੇ ਚੰਗੇ ਕਰਮ, ਤੇ ਚੰਗੇ ਕਰਮ ਵੀ ਉਹ ਜੋ ਦਿਲੋਂ ਨਿਭਾਏ ਹੋਣ ਤੇ ਦਿਲੋਂ ਹੀ ਕੀਤੇ ਗਏ ਹੋਣ, ਨਾ ਕਿ ਦੁਨੀਆਂ ਨੂੰ ਦਿਖਾਉਣ ਲਈ।
ਮਤਲਬ, ਜੋ ਕਰੋ ਦਿਲੋਂ ਕਰੋ, ਅਤੇ ਆਪਣੇ ਵਿਵਹਾਰ ਉੱਪਰ ਦਿਨ ਬਦਿਨ ਹਾਵੀ ਹੋ ਰਹੇ ਨਕਲੀਪਨ ਨੂੰ ਜੜ੍ਹੋਂ ਉਖੇੜ ਕੇ ਹਮੇਸ਼ਾ ਹਮੇਸ਼ਾ ਲਈ ਦੂਰ ਸੁੱਟ ਦਿਓ ਤਾਂ ਕਿ ਤੁਹਾਡੇ ਧੁਰ ਅੰਦਰਲਾ ਅਸਲੀ ਅਰਥਾਂ ਵਾਲਾ ਇਨਸਾਨ ਬਾਹਰ ਆਵੇ ਤੇ ਤੁਹਾਡਾ ਉਹ ਸੱਚਾ ਵਜੂਦ ਹੀ ਦੁਨੀਆਂ ਨੂੰ ਨਜ਼ਰ ਆਵੇ, ਜਿਸਨੂੰ ਦੁਨੀਆਂ ਪਸੰਦ ਕਰੇ। ਸਾਰੀ ਉਮਰ ਤੁਹਾਨੂੰ ਤੁਹਾਡੇ ਚੰਗੇ ਵਿਵਹਾਰ ਲਈ ਯਾਦ ਰੱਖਿਆ ਜਾਵੇ, ਤੇ ਜਦੋਂ ਵੀ ਭਵਿੱਖ ਵਿੱਚ ਤੁਹਾਨੂੰ ਕੋਈ ਮਿਲਣਾ ਚਾਹੇ ਤਾਂ ਉਹ ਦਿਲੋਂ ਮਿਲਣ ਲਈ ਬੇਕਰਾਰ ਹੋਵੇ, ਤਤਪਰ ਹੋਵੇ ਤੇ ਤੁਹਾਨੂੰ ਵੀ ਆਪਣੇ ਅਸਲੀ, ਸੱਚੇ ਅਤੇ ਵਿਵਹਾਰਿਕ ਵਜੂਦ ’ਤੇ ਮਾਣ ਹੋਵੇ। ਇਹੀ ਤੁਹਾਡੀ ਅਸਲੀ ਕਮਾਈ ਹੋਵੇਗੀ। ਲੋਕਾਂ ਦੇ ਦਿਲਾਂ ਵਿੱਚ ਜੇ ਕੁਝ ਜ਼ਿੰਦਾ ਰਹੇਗਾ ਤਾਂ ਉਹ ਹੋਵੇਗਾ ਤੁਹਾਡਾ ਵਿਵਹਾਰ ਜੋ ਉਮਦਾ, ਸ਼ਲਾਘਾਯੋਗ ਅਤੇ ਨਕਲੀਪਨ ਤੋਂ ਕੋਹਾਂ ਦੂਰ ਹੋਵੇਗਾ, ਇੱਕ ਸੱਚਾ ਤੇ ਸੁੱਚਾ ਵਿਵਹਾਰ, ਜੋ ਖੁਸ਼ੀਆਂ ਵੰਡੇ ਤੇ ਖੁਸ਼ੀਆਂ ਬਟੋਰੇ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (This email address is being protected from spambots. You need JavaScript enabled to view it.)












































































































