“ਭਾਰਤ ਦੇ ਹਿਸਾਬ ਨਾਲ ਦੇਖੀਏ ਤਾਂ ਅਬਾਦੀ ਦੇ ਵਧਣ ਕਾਰਨ ਇੱਥੇ ਵੱਡੀ ਪੱਧਰ ’ਤੇ ਕੂੜਾ ...”
(29 ਦਸੰਬਰ 2025)
ਸ਼ਹਿਰਾਂ ਵਿੱਚ ਗੰਦਗੀ ਦੇ ਢੇਰ ਵਧ ਰਹੇ ਹਨ। ਜਿਹੜੇ ਮਰਜ਼ੀ ਸ਼ਹਿਰ ਚੱਲੇ ਜਾਵੋ, ਜਿੱਧਰ ਦੇਖੋ, ਤੁਹਾਡਾ ਸਵਾਗਤ ਪਹਿਲਾਂ ਕੂੜੇ ਦੇ ਉੱਚੇ ਪਹਾੜਾਂ ਨਾਲ ਹੋਵੇਗਾ। ਕਈ ਵਾਰ ਤਾਂ ਇਹ ਕੂੜੇ ਦੇ ਪਹਾੜ ਸ਼ਹਿਰ ਦੇ ਬਿਲਕੁਲ ਅੰਦਰ ਮਿਲਦੇ ਹਨ। ਇਸਦੇ ਨੇੜੇ ਹੀ ਕੋਈ ਨਾ ਕੋਈ ਬਸਤੀ ਹੁੰਦੀ ਹੈ। ਉੱਥੇ ਲੋਕ ਰਹਿਣ ਲਈ ਮਜਬੂਰ ਹਨ। ਉਹ ਕੁਝ ਨਹੀਂ ਕਰ ਸਕਦੇ, ਬੱਸ ਇਸ ਗੰਦਗੀ ਵਿੱਚ ਜੀਵਨ ਬਸਰ ਕਰਨਾ ਉਹਨਾਂ ਦੇ ਜੀਵਨ ਦੀ ਮਜਬੂਰੀ ਬਣ ਗਈ ਹੈ। ਮੀਂਹ ਦੇ ਦਿਨਾਂ ਵਿੱਚ ਤਾਂ ਹਾਲਤ ਇਸ ਤੋਂ ਵੀ ਮਾੜੀ ਹੋ ਜਾਂਦੀ ਹੈ। ਇਹ ਗੰਦਗੀ ਸ਼ਹਿਰਾਂ ਨੂੰ ਪ੍ਰਦੂਸ਼ਿਤ ਕਰ ਰਹੀ ਹੈ। ਰੋਜ਼ਾਨਾ ਹਜ਼ਾਰਾਂ ਟਨ ਕੂੜਾ ਰੋਜ਼ ਪੈਦਾ ਕਰ ਦਿੱਤਾ ਜਾਂਦਾ ਹੈ, ਜਿਸ ਨਾਲ ਸਾਫ ਪਾਣੀ, ਹਵਾ ਵੱਡੀ ਪੱਧਰ ’ਤੇ ਪ੍ਰਦੂਸ਼ਿਤ ਹੋ ਰਹੇ ਹਨ। ਸ਼ਹਿਰੀ ਖੇਤਰਾਂ ਵਿੱਚ ਸਿਹਤ ਸਮੱਸਿਆਵਾਂ ਪੈਦਾ ਹੋ ਰਹੀਆਂ ਹਨ। ਹੁਣ ਇਹ ਸਮੱਸਿਆ ਪਿੰਡਾਂ ਵਿੱਚ ਵੀ ਆਉਣ ਲੱਗ ਪਈ ਹੈ। ਜੇਕਰ ਸਮਾਂ ਰਹਿੰਦੇ ਹਾਲਤ ਇਹੀ ਰਹੀ, ਇਹ ਪਿੰਡ, ਸ਼ਹਿਰ ਨਰਕ ਦਾ ਰੂਪ ਧਾਰਨ ਕਰ ਲਵੇਗਾ। ਕੂੜੇ ਤੋਂ ਬਿਨਾਂ ਹੋਰ ਬਹੁਤ ਸਾਰੀ ਰਹਿੰਦ-ਖੂੰਹਦ ਵੱਖ ਵੱਖ ਖੇਤਰਾਂ ਵਿੱਚ ਪੈਦਾ ਹੋ ਰਹੀ ਹੈ, ਜਿਸਦੇ ਢੇਰ ਸਾਨੂੰ ਅਜੇ ਦਿਸਦੇ ਨਹੀਂ ਪਰ ਇਹ ਹੌਲੀ-ਹੌਲੀ ਵਧ ਰਹੇ ਹਨ। ਇਸਦੇ ਵੀ ਇੱਕ ਦਿਨ ਭਿਆਨਕ ਨਤੀਜੇ ਨਿਕਲਣਗੇ। ਵੈਸੇ ਭਾਰਤ ਵਿੱਚ ਜ਼ਿਆਦਾ ਅਬਾਦੀ ਵਧਣ ਕਾਰਨ ਹਰ ਖੇਤਰ ਵਿੱਚ ਹੀ ਸਿਸਟਮ ਵਿੱਚ ਵਿਗਾੜ ਪੈਦਾ ਹੋ ਰਿਹਾ ਹੈ।
ਅਬਾਦੀ ਵਧੀ ਹੈ, ਤਾਂ ਕੂੜਾ-ਕਬਾੜਾ ਵੀ ਵੱਧ ਪੈਦਾ ਹੋ ਰਿਹਾ ਹੈ। ਇਸ ਕੂੜ-ਕਬਾੜ ਨੂੰ ਅਸੀਂ ਕਈ ਵਰਗਾਂ ਵਿੱਚ ਵੰਡ ਸਕਦੇ ਹਾਂ। ਸਭ ਤੋਂ ਪਹਿਲਾਂ ਜੇਕਰ ਉਦਯੋਗਿਕ ਕੂੜ-ਕਬਾੜ ਦੀ ਗੱਲ ਕਰੀਏ ਤਾਂ ਇਸ ਵਿੱਚ ਹਾਊਸਕੀਪਿੰਗ ਵੇਸਟ, ਪੈਕਿੰਗ, ਫੂਡ ਵੇਸਟ, ਲੱਕੜ, ਸਟੀਲ, ਕੰਕਰੀਟ, ਇੱਟਾਂ, ਸੁਆਹ, ਖਤਰਨਾਕ ਰਹਿੰਦ-ਖੂੰਹਦ ਆਦਿ ਸ਼ਾਮਲ ਕੀਤਾ ਜਾ ਸਕਦਾ ਹੈ।
ਵਪਾਰਕ ਅਤੇ ਸੰਸਥਾਗਤ ਇਕਾਈਆਂ ਵੀ ਵੱਡੀ ਪੱਧਰ ’ਤੇ ਕੂੜ ਕਬਾੜ ਪੈਦਾ ਕਰ ਰਹੀਆਂ ਹਨ। ਕਾਗਜ਼, ਗੱਤੇ, ਪਲਾਸਟਿਕ, ਲੱਕੜ, ਭੋਜਨ ਦੀ ਰਹਿੰਦ-ਖੂੰਹਦ, ਕੱਚ, ਧਾਤਾਂ, ਹੋਰ ਵਿਸ਼ੇਸ਼ ਰਹਿੰਦ-ਖੂੰਹਦ ਜੋ ਕਿ ਬਹੁਤ ਖਤਰਨਾਕ ਹੈ। ਅਬਾਦੀ ਵਧਣ ਕਾਰਨ ਉਸਾਰੀ ਵਧ ਰਹੀ ਹੈ। ਲੱਕੜ, ਸਟੀਲ, ਕੰਕਰੀਟ, ਮਿੱਟੀ, ਇੱਟਾਂ, ਟਾਈਲਾਂ, ਕੱਚ, ਪਲਾਸਟਿਕ, ਇਨਸੂਲੇਸ਼ਨ ਆਦਿ। ਮਿਉਂਸਿਪਲ ਸੇਵਾਵਾਂ ਵਿੱਚ ਗਲ੍ਹੀਆਂ ਦਾ ਗੰਦ, ਸਲੱਜ, ਗਲੀਆਂ ਵਿੱਚ ਹੁੰਦੇ ਧਾਰਮਿਕ, ਮਨੋਰੰਜਨ ਪ੍ਰੋਗਰਾਮਾਂ ਦੇ ਖੇਤਰਾਂ ਤੋਂ ਕੂੜਾ। ਜਦੋਂ ਕੁਦਰਤ ਪ੍ਰਕਿਰਿਆ ਵਾਪਰਦੀ ਹੈ, ਬਹੁਤ ਕੁਝ ਸਕ੍ਰੈਪ ਸਮੱਗਰੀ, ਹੋਰ ਬਾਹਰਲੇ ਉਤਪਾਦ, ਸਲੈਗ, ਟਾਇਲਾਂ, ਚਟਾਨਾਂ ਦੀ ਮਿੱਟੀ, ਰਸਾਇਣ ਆਦਿ ਵਧ ਜਾਂਦੇ ਹਨ।
ਮੈਡੀਕਲ ਖੇਤਰ ਵਿੱਚ ਵੀ ਵੱਡੀ ਪੱਧਰ ’ਤੇ ਰਹਿੰਦ ਖੁੰਹਦ ਪੈਦਾ ਹੋ ਰਹੀ ਹੈ। ਛੂਤਕਾਰੀ ਰਹਿੰਦ-ਖੂੰਹਦ (ਪੱਟੀਆਂ, ਦਸਤਾਨੇ, ਫੰਬੇ, ਖੂਨ ਅਤੇ ਸਰੀਰਿਕ ਤਰਲ), ਖਤਰਨਾਕ ਰਹਿੰਦ-ਖੂੰਹਦ (ਤਿੱਖੇ ਯੰਤਰ, ਰਸਾਇਣ, ਕੈਂਚੀਆਂ, ਬਲੇਡ ਸਰਿੰਜ), ਰੇਡੀਓ ਐਕਟਿਵ ਰਹਿੰਦ-ਖੂੰਹਦ ਅਤੇ ਫਾਰਮਾਸਿਊਟੀਕਲ ਰਹਿੰਦ ਖੂੰਹਦ।
ਖੇਤੀਬਾੜੀ ਰਹਿੰਦ ਖੂੰਹਦ ਵਿੱਚ ਘਰੇਲੂ ਵੇਸਟ, ਖਰਾਬ ਹੋਇਆ ਭੋਜਨ ਜਿਵੇਂ ਕਣਕ ਚਾਵਲ ਤੇ ਹੋਰ ਫਸਲਾਂ ਆਦਿ। ਕੀਟਨਾਸ਼ਕ, ਪਸ਼ੂਆਂ ਦਾ ਗੋਹਾ, ਗੰਦਾ ਪਾਣੀ, ਸਿਲੇਜ ਦਾ ਗੰਦਾ ਪਾਣੀ, ਪਲਾਸਟਿਕ, ਸਕਰੈਪ ਮਸ਼ੀਨਰੀ, ਪਸ਼ੂ-ਦਵਾਈਆਂ ਆਦਿ।
ਜੰਗਲਾਤ ਰਹਿੰਦ-ਖੂਹੰਦ ਵਿੱਚ ਆਰਾ ਚੱਕੀ ਦੀ ਰਹਿੰਦ-ਖੂੰਹਦ, ਫਲਾਂ ਦੀ ਰਹਿੰਦ-ਖੂੰਹਦ। ਇਹ ਕੁਝ ਖਾਸ ਖੇਤਰ ਹਨ, ਜਿਨ੍ਹਾਂ ਵਿੱਚ ਵੱਡੀ ਪੱਧਰ ’ਤੇ ਕੂੜ ਕਬਾੜ ਪੈਦਾ ਹੋ ਰਿਹਾ ਹੈ, ਜੋ ਮਨੁੱਖੀ ਸਭਿਅਤਾ ਅਤੇ ਜੀਵਾਂ ਜਨੌਰਾਂ ਲਈ ਖ਼ਤਰਨਾਕ ਹੈ। ਭਾਰਤ ਦੇ ਹਿਸਾਬ ਨਾਲ ਦੇਖੀਏ ਤਾਂ ਅਬਾਦੀ ਦੇ ਵਧਣ ਕਾਰਨ ਇੱਥੇ ਵੱਡੀ ਪੱਧਰ ’ਤੇ ਕੂੜਾ ਪੈਦਾ ਹੋ ਰਿਹਾ ਹੈ। ਜੇਕਰ ਅੰਕੜੇ ਦੇਖੀਏ ਤਾਂ ਭਾਰਤ ਹਰ ਸਾਲ ਲਗਭਗ 9.3 ਮਿਲੀਅਨ ਟਨ ਪਲਾਸਟਿਕ ਕੂੜਾ ਪੈਦਾ ਕਰਦਾ ਹੈ, ਜਿਸ ਨਾਲ ਇਹ ਦੁਨੀਆ ਦਾ ਸਭ ਤੋਂ ਵੱਡਾ ਪਲਾਸਟਿਕ ਪ੍ਰਦੂਸ਼ਕ ਬਣ ਜਾਂਦਾ ਹੈ। ਅੰਦਾਜ਼ੇ ਅਨੁਸਾਰ ਦੇਸ਼ ਵਿੱਚ ਰੋਜ਼ਾਨਾ ਲਗਭਗ 26 ਹਜ਼ਾਰ ਟਨ ਤੋਂ ਤੀਹ ਹਜ਼ਾਰ ਟਨ ਤਕ ਪਲਾਸਟਿਕ ਕੂੜਾ ਪੈਦਾ ਹੁੰਦਾ ਹੈ। ਫਿਕਰ ਵਾਲੀ ਗੱਲ ਇਹ ਹੈ ਕਿ ਸਿਰਫ ਇੱਕ ਛੋਟਾ ਜਿਹਾ ਪ੍ਰਤੀਸ਼ਤ (ਲਗਭਗ 8%) ਰੀਸਾਈਕਲ ਕੀਤਾ ਜਾਂਦਾ ਹੈ।
ਪਲਾਸਟਿਕ ਕੂੜੇ ਦਾ ਇੱਕ ਵੱਡਾ ਹਿੱਸਾ ਖੁੱਲ੍ਹੇ ਵਿੱਚ ਸਾੜਨ ਅਤੇ ਲੈਂਡਫਿਲਿੰਗ ਦੁਆਰਾ ਨਿਪਟਾਇਆ ਜਾਂਦਾ ਹੈ, ਖਾਸ ਕਰਕੇ ਪੇਂਡੂ ਖੇਤਰਾਂ ਵਿੱਚ। ਇਸ ਨਾਲ ਇਕੱਲੇ ਭਾਰਤ ਵਿੱਚ ਵੀ ਨਹੀਂ, ਵਿਸ਼ਵ ਵਿਸ਼ਵਵਿਆਪੀ ਪ੍ਰਦੂਸ਼ਣ ਫੈਲਦਾ ਹੈ। ਭਾਰਤ ਨੂੰ ਸਹੀ ਨਿਪਟਾਰਾ ਨਾ ਕਰਨ ਕਰਕੇ ਸਭ ਤੋਂ ਵੱਡਾ ਪ੍ਰਦੂਸ਼ਣ ਕਰਨ ਵਾਲਾ ਮੁਲਕ ਮੰਨਿਆ ਜਾਂਦਾ ਹੈ।
ਅੱਜ ਕੱਲ੍ਹ ਇਲੈਕਟ੍ਰਾਨਿਕ ਵਸਤਾਂ ਦੀ ਗਿਣਤੀ ਅਤੇ ਵਰਤੋਂ ਵਧਦੀ ਜਾ ਰਹੀ ਹੈ, ਜਿਸ ਤੋਂ ਹੋਈ ਰਹਿੰਦ ਖੂੰਹਦ ਨੂੰ ਈ-ਕੂੜਾ ਕਿਹਾ ਜਾਂਦਾ ਜਾਂਦਾ ਹੈ। ਵਿਸ਼ਵਵਿਆਪੀ ਈ-ਕੂੜਾ ਉਤਪਾਦਨ 2022 ਵਿੱਚ 62 ਮਿਲੀਅਨ ਟਨ ਈ-ਕੂੜਾ ਪੈਦਾ ਹੋਇਆ, ਜੋ ਕਿ 2010 ਤੋਂ 82% ਵੱਧ ਹੈ। 2030 ਵਿੱਚ, ਈ-ਕੂੜਾ ਉਤਪਾਦਨ 82 ਮਿਲੀਅਨ ਟਨ ਤਕ ਵਧਣ ਦਾ ਅਨੁਮਾਨ ਹੈ। ਭਾਰਤ ਇਸ ਵਿੱਚ ਅਮਰੀਕਾ, ਚੀਨ ਤੋਂ ਬਾਅਦ ਤੀਜੇ ਨੰਬਰ ’ਤੇ ਆਉਂਦਾ ਹੈ। 2022 ਵਿੱਚ ਸਿਰਫ 22.3% ਈ-ਕੂੜਾ ਰੀਸਾਈਕਲ ਹੋਣ ਦੇ ਤੌਰ ’ਤੇ ਦਰਜ ਕੀਤਾ ਗਿਆ ਸੀ। 2030 ਤਕ ਰੀਸਾਈਕਲਿੰਗ ਦਰ ਘਟ ਕੇ 20% ਹੋ ਜਾਣ ਦਾ ਅਨੁਮਾਨ ਹੈ। ਭਾਰਤ ਨੇ 2023-2024 ਵਿੱਚ 1.751 ਮਿਲੀਅਨ ਮੀਟ੍ਰਿਕ ਟਨ ਈ-ਕੂੜਾ ਪੈਦਾ ਕੀਤਾ ਜੋ ਕਿ 2019-2020 ਤੋਂ 72.54% ਵੱਧ ਹੈ। ਇਹ ਈ-ਕੂੜਾ ਸਿਹਤ ਅਤੇ ਵਾਤਾਵਰਣ ਲਈ ਖ਼ਤਰਾ ਹੈ ਕਿਉਂਕਿ ਇਸ ਵਿੱਚ ਪਾਰਾ ਵਰਗੇ ਜ਼ਹਿਰੀਲੇ ਪਦਾਰਥ ਹੁੰਦੇ ਹਨ। ਈ-ਕੂੜੇ ਵਿੱਚ ਪਲੱਗ ਜਾਂ ਬੈਟਰੀਆਂ, ਮੋਬਾਇਲ, ਟੀਵੀ ਕੰਪਿਊਟਰ ਸਕਰੀਨ ਤੇ ਹੋਰ ਬਹੁਤ ਵਰਤੇ ਅਤੇ ਖਰਾਬ ਹੋਏ ਉਤਪਾਦ ਸ਼ਾਮਲ ਹਨ। ਈ-ਕੂੜੇ ਦਾ ਸੰਗ੍ਰਹਿ ਅਤੇ ਰੀਸਾਈਕਲਿੰਗ ਦਰ ਈ-ਕੂੜੇ ਦੇ ਵਾਧੇ ਦੇ ਨਾਲ ਤਾਲਮੇਲ ਨਹੀਂ ਰੱਖ ਰਹੀ ਹੈ। ਇਸ ਵਿੱਚ ਵੱਡੀ ਪੱਧਰ ’ਤੇ ਅੰਤਰ ਹੈ। ਜੇਕਰ ਇਸ ਵਾਰੇ ਕੋਈ ਠੋਸ ਉਪਰਾਲੇ ਨਾ ਕੀਤੇ ਗਏ, ਇਸ ਵਿੱਚੋਂ ਨਿਕਲੀਆਂ ਕਿਰਨਾਂ ਖਤਰਨਾਕ ਸਾਬਤ ਹੋਣਗੀਆਂ। ਜੇਕਰ ਟੈਕਸਟਾਇਲ ਦੀ ਗੱਲ ਕਰੀਏ, ਟੈਕਸਟਾਈਲ ਰਹਿੰਦ-ਖੂੰਹਦ ਵਿੱਚ ਦੁਨੀਆ ਹਰ ਸਾਲ ਲਗਭਗ 92 ਮਿਲੀਅਨ ਟਨ ਟੈਕਸਟਾਈਲ ਰਹਿੰਦ-ਖੂੰਹਦ ਪੈਦਾ ਕਰਦੀ ਹੈ। ਇਹ 2030 ਤਕ ਵਧ ਕੇ 134 ਮਿਲੀਅਨ ਟਨ ਹੋਣ ਦਾ ਅਨੁਮਾਨ ਹੈ।
ਭਾਰਤ ਦਾ ਟੈਕਸਟਾਈਲ ਰਹਿੰਦ-ਖੂੰਹਦ
ਭਾਰਤ ਹਰ ਸਾਲ ਲਗਭਗ 7,793 ਕਿਲੋਟਨ ਟੈਕਸਟਾਈਲ ਰਹਿੰਦ-ਖੂੰਹਦ ਪੈਦਾ ਕਰਦਾ ਹੈ, ਜੋ ਕਿ ਵਿਸ਼ਵਵਿਆਪੀ ਕੁੱਲ ਦਾ 8.5% ਹੈ। ਜੇਕਰ ਇਸਦੀ ਰੀਸਾਈਕਲਿੰਗ ਦੀ ਗੱਲ ਕਰੀਏ ਤਾਂ ਉਪਭੋਗਤਾ ਤੋਂ ਬਾਅਦ ਦੇ ਟੈਕਸਟਾਈਲ ਦਾ ਸਿਰਫ 1% ਹੀ ਨਵੇਂ ਕੱਪੜਿਆਂ ਵਿੱਚ ਰੀਸਾਈਕਲ ਕੀਤਾ ਜਾਂਦਾ ਹੈ। ਟੈਕਸਟਾਈਲ ਰਹਿੰਦ-ਖੂੰਹਦ ਦੀ ਰਚਨਾ ਭਾਰਤ ਵਿੱਚ, ਟੈਕਸਟਾਈਲ ਰਹਿੰਦ-ਖੂੰਹਦ ਦਾ 61% ਕਪਾਹ ਨਾਲ ਭਰਪੂਰ ਹੁੰਦਾ ਹੈ, ਪਰ ਸਿੰਥੈਟਿਕ ਟੈਕਸਟਾਈਲ ਰਹਿੰਦ-ਖੂੰਹਦ ਦੀ ਮਾਤਰਾ ਵਧ ਰਹੀ ਹੈ। ਟੈਕਸਟਾਈਲ ਰਹਿੰਦ-ਖੂੰਹਦ ਪ੍ਰਬੰਧਨ ਭਾਰਤ ਵਿੱਚ, ਟੈਕਸਟਾਈਲ ਰਹਿੰਦ-ਖੂੰਹਦ ਦਾ 59% ਦੁਬਾਰਾ ਵਰਤਿਆ ਜਾਂ ਰੀਸਾਈਕਲ ਕੀਤਾ ਜਾਂਦਾ ਹੈ। ਹਾਲਾਂਕਿ ਇਸ ਵਿੱਚੋਂ ਸਿਰਫ 10-40% ਹੀ ਗਲੋਬਲ ਸਪਲਾਈ ਚੇਨ ਵਿੱਚ ਵਾਪਸ ਆਉਂਦਾ ਹੈ। ਟੈਕਸਟਾਈਲ ਰਹਿੰਦ-ਖੂੰਹਦ ਦਾ ਪ੍ਰਭਾਵ ਫੈਸ਼ਨ ਉਦਯੋਗ ਹਰ ਸਾਲ ਗਲੋਬਲ ਕਾਰਬਨ ਨਿਕਾਸ ਦੇ 8% ਤਕ ਲਈ ਜ਼ਿੰਮੇਵਾਰ ਹੈ। ਰੱਦ ਕੀਤੇ ਟੈਕਸਟਾਈਲ ਨੂੰ ਸੜਨ ਵਿੱਚ 200 ਸਾਲ ਲੱਗ ਸਕਦੇ ਹਨ। ਫੈਸ਼ਨ ਅਤੇ ਪੈਸੇ ਦੇ ਵਾਧੇ ਨੇ ਨੇ ਇਸਦੀ ਦਰ ਵਧਾਈ ਹੈ। ਵੱਖ ਵੱਖ ਤਰ੍ਹਾਂ ਦੇ ਸਿੰਥੈਟਿਕ ਰੇਸ਼ੇ ਬਣਾਉਣ ਵਿੱਚ ਪਾਣੀ ਅਤੇ ਹੋਰ ਖਤਰਨਾਕ ਕੈਮੀਕਲਾਂ ਦਾ ਪ੍ਰਯੋਗ ਹੁੰਦਾ ਹੈ। ਇਸ ਨਾਲ ਸਾਧਨਾਂ ਦੀ ਬਹੁਤ ਬਰਬਾਦੀ ਹੁੰਦੀ ਹੈ। ਇਸ ਤਰ੍ਹਾਂ ਦੇ ਰੇਸ਼ਿਆਂ ਨੂੰ ਖਤਮ ਕਰਨ ਨਾਲ ਬਹੁਤ ਪ੍ਰਦੂਸ਼ਣ ਹੁੰਦਾ ਹੈ ਜੋ ਕਿ ਮਨੁੱਖੀ ਸਿਹਤ ਲਈ ਬਹੁਤ ਮਾਰੂ ਹੈ।
ਖੇਤੀਬਾੜੀ ਰਹਿੰਦ-ਖੂੰਹਦ ਵਿੱਚ ਵੈਸੇ ਤਾਂ ਘਾਹ ਫੂਸ, ਪੱਤੇ ਦੁਆਰਾ ਵਰਤੋਂ ਵਿੱਚ ਆ ਜਾਂਦੇ ਹਨ ਪਰ ਖਾਧ ਪਦਾਰਥਾਂ ਦੀ ਹੁੰਦੀ ਬਰਬਾਦੀ ਵੀ ਬਹੁਤ ਜ਼ਿਆਦਾ ਹੈ। ਦੁਨੀਆ ਭਰ ਵਿੱਚ ਹਰ ਸਾਲ ਲਗਭਗ 1.3 - 2.1 ਬਿਲੀਅਨ ਟਨ ਖੇਤੀਬਾੜੀ ਰਹਿੰਦ-ਖੂੰਹਦ ਪੈਦਾ ਹੁੰਦੀ ਹੈ। ਭਾਰਤ ਸਲਾਨਾ ਲਗਭਗ 500 ਮਿਲੀਅਨ ਟਨ ਫਸਲਾਂ ਦੀ ਰਹਿੰਦ-ਖੂੰਹਦ ਪੈਦਾ ਕਰਦਾ ਹੈ। ਭੋਜਨ ਦੀ ਰਹਿੰਦ-ਖੂੰਹਦ: ਖੇਤ ਛੱਡਣ ਤੋਂ ਪਹਿਲਾਂ ਵਿਸ਼ਵ ਪੱਧਰ ’ਤੇ ਲਗਭਗ 2 ਬਿਲੀਅਨ ਟਨ ਭੋਜਨ ਬਰਬਾਦ ਹੋ ਜਾਂਦਾ ਹੈ। ਪ੍ਰਚੂਨ ਅਤੇ ਖਪਤਕਾਰ ਪੱਧਰ ’ਤੇ ਲਗਭਗ 17% ਭੋਜਨ ਬਰਬਾਦ ਹੁੰਦਾ ਹੈ। ਖੇਤੀਬਾੜੀ ਰਹਿੰਦ-ਖੂੰਹਦ ਵਿੱਚ ਪੌਦਿਆਂ ਦੀ ਰਹਿੰਦ-ਖੂੰਹਦ ਜਿਵੇਂ ਕਿ ਤਣੇ, ਟਾਹਣੀਆਂ ਅਤੇ ਪੱਤੇ ਸ਼ਾਮਲ ਹਨ। ਖੇਤੀਬਾੜੀ ਰਹਿੰਦ-ਖੂੰਹਦ ਵਿੱਚ ਜਾਨਵਰਾਂ ਦੀ ਖਾਦ ਵੀ ਸ਼ਾਮਲ ਹੈ, ਜੋ ਕਿ ਮੁੱਖ ਤੌਰ ’ਤੇ ਮਲ ਅਤੇ ਪਿਸ਼ਾਬ ਹੈ। ਖੇਤੀਬਾੜੀ ਰਹਿੰਦ-ਖੂੰਹਦ ਨੂੰ ਫੀਡ, ਬਾਲਣ ਅਤੇ ਹੋਰ ਉਦੇਸ਼ਾਂ ਲਈ ਵਰਤਿਆ ਜਾ ਸਕਦਾ ਹੈ। ਖੇਤੀਬਾੜੀ ਰਹਿੰਦ-ਖੂੰਹਦ ਪ੍ਰਬੰਧਨ ਥਰਮਲ ਪਰਿਵਰਤਨ ਤਕਨਾਲੋਜੀ ਰਹਿੰਦ-ਖੂੰਹਦ ਦੀ ਮਾਤਰਾ ਨੂੰ ਘਟਾ ਸਕਦੀ ਹੈ, ਪੌਸ਼ਟਿਕ ਤੱਤ ਛੱਡ ਸਕਦੀ ਹੈ ਅਤੇ ਇੱਕ ਵਧੇਰੇ ਸਥਿਰ ਸੰਰਚਿਤ ਪਦਾਰਥ ਪੈਦਾ ਕਰ ਸਕਦੀ ਹੈ। ਖਾਦ ਦੀ ਗਲਤ ਸੰਭਾਲ ਪਾਣੀ ਅਤੇ ਹਵਾ ਪ੍ਰਦੂਸ਼ਣ ਵਰਗੇ ਵਾਤਾਵਰਣ ਸੰਬੰਧੀ ਮੁੱਦਿਆਂ ਦਾ ਕਾਰਨ ਬਣ ਸਕਦੀ ਹੈ।
ਇਸ ਤੋਂ ਬਾਅਦ ਮੈਡੀਕਲ ਰਹਿੰਦ-ਖੂੰਹਦ ਬਾਰੇ ਜੇਕਰ ਗੱਲ ਕਰੀਏ ਤਾਂ 2018-2019 ਵਿੱਚ ਭਾਰਤ ਵਿੱਚ ਪ੍ਰਤੀ ਦਿਨ 619 ਟਨ ਬਾਇਓਮੈਡੀਕਲ ਰਹਿੰਦ-ਖੂੰਹਦ ਪੈਦਾ ਹੋਇਆ। 2024 ਵਿੱਚ ਕੇਂਦਰੀ ਵਾਤਾਵਰਣ ਅਤੇ ਜੰਗਲਾਤ ਮੰਤਰਾਲੇ ਨੇ ਰਿਪੋਰਟ ਦਿੱਤੀ ਕਿ ਪ੍ਰਤੀ ਦਿਨ 4,05,702 ਕਿਲੋਗ੍ਰਾਮ ਬਾਇਓਮੈਡੀਕਲ ਰਹਿੰਦ-ਖੂੰਹਦ ਪੈਦਾ ਹੋਇਆ। ਬੇਸ਼ਕ 2018-2019 ਵਿੱਚ ਪ੍ਰਤੀ ਦਿਨ 544 ਟਨ ਬਾਇਓਮੈਡੀਕਲ ਰਹਿੰਦ-ਖੂੰਹਦ ਦਾ ਇਲਾਜ ਅਤੇ ਨਿਪਟਾਰਾ ਕੀਤਾ ਗਿਆ। ਖ਼ਤਰਨਾਕ ਰਹਿੰਦ-ਖੂੰਹਦ ਲਗਭਗ 15% ਸਿਹਤ ਸੰਭਾਲ ਰਹਿੰਦ-ਖੂੰਹਦ ਖ਼ਤਰਨਾਕ ਸਮੱਗਰੀ ਹੈ, ਜੋ ਜ਼ਹਿਰੀਲੀ, ਜਲਣਸ਼ੀਲ, ਜਾਂ ਰੇਡੀਓਐਕਟਿਵ ਹੋ ਸਕਦੀ ਹੈ। ਕੋਵਿਡ-19 ਮਹਾਂਮਾਰੀ ਦੌਰਾਨ, ਕੁਆਰੰਟੀਨ ਸੈਂਟਰਾਂ, ਪ੍ਰਯੋਗਸ਼ਾਲਾਵਾਂ ਅਤੇ ਘਰੇਲੂ ਦੇਖਭਾਲ ਸਹੂਲਤਾਂ ਤੋਂ ਵੱਡੀ ਪੱਧਰ ’ਤੇ ਬਾਇਓਮੈਡੀਕਲ ਰਹਿੰਦ-ਖੂੰਹਦ ਇਕੱਠੀ ਕੀਤੀ ਗਈ ਸੀ।
ਗਲੋਬਲ ਪੱਧਰ ’ਤੇ ਸਿਹਤ ਸੰਭਾਲ ਰਹਿੰਦ-ਖੂੰਹਦ ਦਾ ਕੁੱਲ ਭਾਰ ਹਰ ਸਾਲ 2-3% ਵਧਦਾ ਹੈ। ਅੰਕੜਿਆਂ ਅਨੁਸਾਰ ਰਹਿੰਦ-ਖੂੰਹਦ ਵਿੱਚ ਉੱਚ-ਆਮਦਨੀ ਵਾਲੇ ਦੇਸ਼ਾਂ ਦੇ ਹਸਪਤਾਲਾਂ ਵਿੱਚ ਅਤੇ ਮੱਧ-ਆਮਦਨੀ ਵਾਲੇ ਦੇਸ਼ਾਂ ਦੇ ਹਸਪਤਾਲਾਂ ਨਾਲੋਂ ਜ਼ਿਆਦਾ ਸਿਹਤ ਸੰਭਾਲ ਰਹਿੰਦ-ਖੂੰਹਦ ਪੈਦਾ ਕਰਦੇ ਹਨ।
ਪਰ ਹੁਣ ਜੇਕਰ ਆਮ ਸ਼ਹਿਰੀ ਖੇਤਰਾਂ ਵਿੱਚ ਦੇਖੀਏ ਤਾਂ ਵੱਡੀ ਪੱਧਰ ’ਤੇ ਪਲਾਸਟਿਕ ਜੋ ਕਿ ਸਿੰਗਲ ਯੂਜ਼ ਹੁੰਦਾ ਹੈ, ਵੱਡੀ ਸਮੱਸਿਆ ਬਣ ਗਿਆ ਹੈ। ਧਾਰਮਿਕ ਪ੍ਰੋਗਰਾਮ, ਵਿਆਹ, ਪਾਰਟੀਆਂ ਅਤੇ ਪਲਾਸਟਿਕ ਦੇ ਬਰਤਨ ਲਿਫਾਫੇ ਵਰਤੋਂ ਵਿੱਚ ਆਉਂਦੇ ਹਨ, ਜੋ ਸ਼ਹਿਰੀ ਸੀਵਰ ਸਿਸਟਮ ਨੂੰ ਵੀ ਪ੍ਰਭਾਵਿਤ ਕਰਦੇ ਹਨ; ਜੀਵਾਂ ਜਨੌਰਾਂ ਦੀ ਮੌਤ ਦਾ ਕਾਰਨ ਬਣਦੇ ਹਨ। ਇਨ੍ਹਾਂ ਵਿੱਚੋਂ ਨਿਕਲੀਆਂ ਗੈਸਾਂ ਖਤਰਨਾਕ ਰੂਪ ਧਾਰਨ ਕਰਦੀਆਂ ਹਨ। ਇਹ ਛੇਤੀ ਖਤਮ ਵੀ ਨਹੀਂ ਹੁੰਦੇ। ਇਸ ਸੰਬੰਧੀ ਸਰਕਾਰ ਅਤੇ ਲੋਕਾਂ ਨੂੰ ਸੋਚਣ ਸਮਝਣ ਦੀ ਜ਼ਰੂਰਤ ਹੈ। ਧਰਤੀ ਨੂੰ ਬਚਾਉਣ ਲਈ ਵੱਡੀ ਪੱਧਰ ਉੱਤੇ ਇੱਕ ਲਹਿਰ ਦੀ ਜ਼ਰੂਰਤ ਹੈ ਤਾਂ ਜੋ ਇਹ ਕੂੜੇ ਦੇ ਢੇਰ, ਜੋ ਵਧਦੇ ਜਾ ਰਹੇ ਹਨ, ਇਨ੍ਹਾਂ ਨੂੰ ਖਤਮ ਕੀਤਾ ਜਾ ਸਕੇ। ਧਰਤੀ ਹਰ ਇੱਕ ਜੀਵ ਦੇ ਰਹਿਣ ਲਈ ਵਧੀਆ ਥਾਂ ਬਣ ਸਕੇ। ਆਉਣ ਵਾਲੀਆਂ ਪੀੜ੍ਹੀਆਂ ਦੇ ਲਈ ਇਹ ਬਚੀ ਰਹੇ। ਆਉ ਸਾਰੇ ਇਸ ਲਈ ਕੋਸ਼ਿਸ਼ ਕਰੀਏ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (This email address is being protected from spambots. You need JavaScript enabled to view it.)











































































































