Surjit7ਕੈਨੇਡਾ ਵਿੱਚ ਪੰਜਾਬੀ ਦਾ ਜੋ ਨਾਰੀ ਕਾਵਿ ਰਚਿਆ ਗਿਆ, ਉਸਦੇ ਥੀਮਕ ਪਸਾਰ ਨਾਰੀ-ਵੇਦਨਾ ਮੁਖੀ ...SurjitBookZindagi
(16 ਨਵੰਬਰ 2025)

 

(ਕੈਨੇਡੀਅਨ ਪੰਜਾਬੀ ਔਰਤਾਂ ਦੀ ਕਵਿਤਾ ਦੇ ਸਾਂਝੇ ਕਾਵਿ-ਸੰਗ੍ਰਹਿ “ਕੂੰਜਾਂ” ’ਤੇ ਅਧਾਰਿਤ)

ਮੈਂ ਉਡਦੀ ਨਾ ਉਡਦੀ ਇਹ ਤਾਂ ਗੱਲ ਸੀ ਮਗਰੋਂ ਦੀ
ਤੈਨੂੰ ਤਾਂ ਚਿੰਤਾ ਮਾਰ ਗਈ ਮੇਰੇ ਖੰਭ ਹੀ ਖਿਲਾਰੇ ਦੀ।

ਜਦ ਦੋ ਖਣ ਵੀ ਕਿਧਰੇ, ਮੈਨੂੰ ਆਪਣੇ ਨਹੀਂ ਲਗਦੇ
ਕਿੰਝ ਸਿਫਤ ਕਰਾਂ ਦਸ ਮੈਂ
, ਤੇਰੇ ਮਹਿਲ ਉਸਾਰੇ ਦੀ।

SurjitBookZindagiਸਰੀ, ਕੈਨੇਡਾ ਵਸਦੀ ਕਵੀ ਮਨਜੀਤ ਕੰਗ ਦੀਆਂ ਇਨ੍ਹਾਂ ਕਾਵਿ-ਸਤਰਾਂ ਨੂੰ ਮੈਂ ਸਮੁੱਚੀ ਪੰਜਾਬੀ ਨਾਰੀ ਕਾਵਿ-ਚੇਤਨਾ ਦਾ ਪਛਾਣ-ਚਿੰਨ੍ਹ ਮੰਨਦੀ ਹਾਂ। ਲਗਭਗ ਸੰਸਾਰ ਦੇ ਸਮੁੱਚੇ ਨਾਰੀ-ਕਾਵਿ ਦੀ ਚੇਤਨਾ ਔਰਤ ਦੀਆਂ ਹਾਸ਼ੀਆਗਤ ਪ੍ਰਸਥਿਤੀਆਂ ਅਤੇ ਸਮਾਜ ਵਿੱਚ ਉਸਦੇ ਦੁਜੈਲੇ ਦਰਜੇ ਦੀ ਹੋਣ ਦੀ ਘੁਟਣ ਦੁਆਲੇ ਘੁੰਮਦੀ ਹੈ। ਦੂਜੀਆਂ ਭਾਸ਼ਾਵਾਂ ਦੀਆਂ ਔਰਤਾਂ ਨੇ ਵੀ ਆਪਣੀਆਂ ਕਵਿਤਾਵਾਂ ਵਿੱਚ ਔਰਤ ਦੇ ਨੌਕਰਾਣੀ ਵਾਲੇ ਦਰਜੇ ਦੀ ਸ਼ਨਾਖ਼ਤ ਕੀਤੀ ਹੈ। ਮਾਇਆ ਐਂਜਲੋ ਵਰਗੀ ਅਮਰੀਕਾ ਦੀ ਬਹੁ-ਚਰਚਿਤ ਕਵਿੱਤਰੀ ਲਿਖਦੀ ਹੈ,

ਮੇਰੇ ਕੋਲ ਬੱਚੇ ਹਨ, ਚੁੱਕਣ ਨੂੰ
ਕੱਪੜੇ ਹਨ, ਤਰੁੱਪਣ ਨੂੰ
ਫਰਸ਼ ਹੈ, ਪੂੰਝਣ ਨੂੰ
ਸੌਦੇ ਨੇ, ਖਰੀਦਣ ਨੂੰ
ਮੁਰਗਾ ਹੈ, ਭੁੰਨਣ ਨੂੰ
*  *  *

ਮੈਨੂੰ ਘਰ ਸਾਫ ਰੱਖਣਾ ਪੈਂਦਾ ਹੈ,
ਬਿਮਾਰਾਂ ਦਾ ਖਿਆਲ ਰੱਖਣਾ ਪੈਂਦਾ ਹੈ।

(ਪੰਜਾਬੀ ਅਨੁਵਾਦ ਸੁਰਜੀਤ)

ਸਾਡੇ ਪੰਜਾਬੀ ਸਮਾਜ ਨੇ ਸਦੀਆਂ ਤੋਂ ਔਰਤ ਨੂੰ ਮਰਦ ਦੇ ਬਰਾਬਰ ਦਾ ਇਨਸਾਨ ਮੰਨਣ ਤੋਂ ਇਨਕਾਰ ਕੀਤਾ ਹੈ। ਉਸਦੀ ਅੰਦਰਲੀ ਆਵਾਜ਼ ਨੂੰ ਬਾਹਰ ਨਿਕਲਣ ਦਾ ਕਦੇ ਮੌਕਾ ਹੀ ਨਹੀਂ ਦਿੱਤਾ ਗਿਆ ਇਸੇ ਲਈ ਨਾਰੀ-ਚੇਤਨਾ ਦੀ ਕਾਵਿਕ ਅਭਿਵਿਅਕਤੀ ਦੀ ਉਮਰ ਅਜੇ ਬਹੁਤੀ ਵਡੇਰੀ ਨਹੀਂ ਹੈ। ਕੈਨੇਡਾ ਵਿੱਚ ਪੰਜਾਬੀ ਵਿੱਚ ਨਾਰੀ ਕਵੀਆਂ ਨੇ ਕਦੋਂ ਅਤੇ ਕਿਨ੍ਹਾਂ ਪ੍ਰਸਥਿਤੀਆਂ ਵਿੱਚ ਲਿਖਣਾ ਸ਼ੁਰੂ ਕੀਤਾ, ਇਸ ਗੱਲ ਦੇ ਹੋਰ ਵਿਸਤਾਰ ਵਿੱਚ ਜਾਣ ਲਈ ਪੰਜਾਬੀ ਨਾਰੀ ਕਵੀਆਂ ਦੇ ਕੈਨੇਡਾ-ਪਰਵਾਸ ਵੱਲ ਇੱਕ ਨਜ਼ਰ ਮਾਰ ਲੈਣੀ ਜ਼ਰੂਰੀ ਹੈ।

ਵੀਂਹਵੀ ਸਦੀ ਦੇ ਅਰੰਭ ਵਿੱਚ ਨੌਰਥ ਅਮਰੀਕਾ ਦੀ ਔਰਤ ਨੇ ਆਪਣੀ ਆਜ਼ਾਦੀ ਲਈ ਜੱਦੋਜਹਿਦ ਅਰੰਭ ਕਰ ਦਿੱਤੀ ਹੋਈ ਸੀ। ਇੱਕ ਪਾਸੇ 1910 ਵਿੱਚ ਕਲਾਰਾ ਜੈਟਕਿਨ, 1955 ਵਿੱਚ ਰੋਜ਼ਾ ਪਾਰਕਸ ਵਰਗੀਆਂ ਔਰਤਾਂ ਨੇ ਆਪਣੀ ਸ਼ਖਸੀ ਆਜ਼ਾਦੀ ਅਤੇ ਨਸਲੀ ਵਿਤਕਰਿਆਂ ਦੇ ਵਿਰੁੱਧ ਆਵਾਜ਼ ਉਠਾਈ, ਦੂਜੇ ਪਾਸੇ 1930 ਵਿੱਚ ਐਲਿਸ ਵਾਕਰ ਅਤੇ ਮਾਇਆ ਐਂਜਲੋ ਵਰਗੀਆਂ ਲੇਖਿਕਾਵਾਂ ਨੇ ਸਾਹਿਤ ਰਚਨਾ ਰਾਹੀਂ ਔਰਤਾਂ ਦੇ ਹੱਕਾਂ ਦੀ ਗੱਲ ਕਰਨੀ ਸ਼ੁਰੂ ਕੀਤੀ। 1930 ਵਿੱਚ ਕੈਨੇਡਾ ਦੀਆਂ ਫੇਮਸ ਫਾਈਵ ਨੇ ਔਰਤਾਂ ਨੂੰ ਵੋਟ ਪਾਉਣ ਦਾ ਅਧਿਕਾਰ ਦੁਆਇਆ। ਜਿਸ ਸਦੀ ਵਿੱਚ ਪੱਛਮੀ ਔਰਤਾਂ ਨੇ ਆਪਣੇ ਜਾਤੀ ਹੱਕਾਂ ਦੀ ਲੜਾਈ ਅਰੰਭੀ ਹੋਈ ਸੀ, ਉਸੇ ਸਦੀ ਵਿੱਚ ਲਗਭਗ 1960ਵਿਆਂ ਵਿੱਚ ਪੰਜਾਬੀ ਨਾਰੀ ਕਵੀਆਂ ਨੇ ਕੈਨੇਡਾ ਦੀ ਧਰਤੀ ’ਤੇ ਪੈਰ ਧਰਨਾ ਅਰੰਭਿਆ।

SurjitBookLavendar1ਕੈਨੇਡਾ ਵਿੱਚ ਡਾਕਟਰ ਕੰਵਲਜੀਤ ਕੌਰ ਢਿੱਲੋਂ ਅਤੇ ਇਸ ਲੇਖ ਦੀ ਲੇਖਕ ਸੁਰਜੀਤ ਦੁਆਰਾ ਸੰਪਾਦਿਤ ਨਾਰੀ-ਕਾਵਿ-ਸੰਗ੍ਰਹਿ, “ਕੂੰਜਾਂ’ ਵਿੱਚ ਦਰਜ ਪੰਜਾਬੀ ਨਾਰੀ ਕਵੀਆਂ ਦੇ ਜੀਵਨ ਬਿਉਰੇ ਤੋਂ ਗਿਆਤ ਹੁੰਦਾ ਹੈ ਕਿ ਸੁਰਿੰਦਰ ਕੌਰ ਚਾਹਲ 1969 ਵਿੱਚ, ਸੁਰਜੀਤ ਕਲਸੀ ਅਤੇ ਮਿਨੀ ਗਰੇਵਾਲ 1974 ਵਿੱਚ ਕੈਨੇਡਾ ਪਹੁੰਚੀਆਂ। ਲਗਭਗ ਬਾਕੀ ਸਾਰੀਆਂ ਨਾਰੀ ਕਵੀਆਂ ਨੇ 1970-1980 ਤੋਂ ਬਾਅਦ ਹੀ ਕੈਨੇਡਾ ਦੀ ਧਰਤੀ ਵੱਲ ਰੁਖ਼ ਕੀਤਾ। ਬਹੁਤੀਆਂ ਇਸਤਰੀਆਂ ਜਾਂ ਤਾਂ ਵਿਆਹ ਕਰਵਾ ਕੇ ਇੱਥੇ ਆ ਵਸੀਆਂ ਜਾਂ ਛੋਟੀ ਉਮਰੇ ਆਪਣੇ ਮਾਤਾ-ਪਿਤਾ ਨਾਲ ਇੱਥੇ ਆਈਆਂ। ਉਪਰੰਤ ਕੈਨੇਡਾ ਵਿੱਚ ਨੰਬਰਾਂ ਦੇ ਆਧਾਰ ’ਤੇ ਇੰਮੀਗਰੇਸ਼ਨ ਖੁੱਲ੍ਹਣ ਕਰਕੇ ਇੱਕੀਵੀਂ ਸਦੀ ਦੇ ਸ਼ੁਰੂ ਹੋਣ ਦੇ ਨਾਲ ਬਹੁਤ ਸਾਰੀਆਂ ਪੜ੍ਹੀਆਂ ਲਿਖੀਆਂ ਪੰਜਾਬੀ ਔਰਤਾਂ ਇੰਗਲੈਂਡ, ਅਮਰੀਕਾ ਅਤੇ ਪੰਜਾਬ ਤੋਂ ਕੈਨੇਡਾ ਪਰਵਾਸ ਕਰ ਗਈਆਂ ਅਤੇ ਕਰ ਰਹੀਆਂ ਹਨ। ਇਨ੍ਹਾਂ ਵਿੱਚੋਂ ਵੱਡੀ ਗਿਣਤੀ ਔਰਤ ਅਧਿਆਪਕਾਵਾਂ ਦੀ ਹੈ ਜੋ ਜਾਂ ਤਾਂ ਪੁਆਇੰਟ ਸਿਸਟਮ ਅਧੀਨ ਖੁਦ ਇੱਥੇ ਪਹੁੰਚੀਆਂ ਜਾਂ ਰਿਟਾਇਰਮੈਂਟ ਤੋਂ ਬਾਅਦ ਆਪਣੇ ਬੱਚਿਆਂ ਕੋਲ ਆਕੇ ਰਹਿਣ ਲੱਗੀਆਂ। ਇਨ੍ਹਾਂ ਵਿੱਚੋਂ ਬਹੁਤ ਸਾਰੀਆਂ ਨਾਰੀ ਕਵੀ ਪਹਿਲਾਂ ਤੋਂ ਹੀ ਕਵਿਤਾ ਲਿਖ ਰਹੀਆਂ ਸਨ ਅਤੇ ਕਈਆਂ ਦੀਆਂ ਤਾਂ ਪੁਸਤਕਾਂ ਵੀ ਛਪ ਚੁੱਕੀਆਂ ਸਨ।

ਨਵੀਂਆਂ ਪਰਵਾਸੀ ਪੰਜਾਬੀ ਔਰਤਾਂ ਦੇ ਦਰਪੇਸ਼ ਇੱਥੇ ਪਰਵਾਸ ਉਪਰੰਤ ਬਹੁਤ ਸਾਰੀਆਂ ਚੁਣੌਤੀਆਂ ਸਨ ਜਿਵੇਂ ਕਿ ਕੈਨੇਡਾ ਦੇ ਨਵੇਂ ਸਮਾਜ ਵਿੱਚ ਸਮਿੱਲਤ ਹੋਣਾ, ਨਵੀਂ ਭਾਸ਼ਾ ਅਤੇ ਨਵੀਂ ਜੀਵਨ ਜਾਚ ਸਿੱਖਣਾ ਅਤੇ ਆਰਥਿਕ ਸਥਾਪਤੀ ਲਈ ਹੱਡ ਭੰਨਵੀਂ ਮਿਹਨਤ ਕਰਨੀ ਆਦਿ। ਇਨ੍ਹਾਂ ਨੇ ਕਲਮ ਚੁੱਕੀ ਅਤੇ ਇਨ੍ਹਾਂ ਸਰੋਕਾਰਾਂ ਨੂੰ ਕਲਮਬੱਧ ਕਰਨਾ ਸ਼ੁਰੂ ਕੀਤਾ।

ਇਉਂ ਕੈਨੇਡੀਅਨ ਪੰਜਾਬੀ ਨਾਰੀ ਕਵਿਤਾ ਦਾ ਇਤਿਹਾਸ ਅੱਧੀ ਕੁ ਸਦੀ ਦਾ ਹੀ ਬਣਦਾ ਹੈ। ਇਸ ਸਮੇਂ ਕੈਨੇਡਾ ਵਿੱਚ ਪੰਜਾਬੀ ਔਰਤਾਂ ਬਹੁਤ ਵੱਡੀ ਗਿਣਤੀ ਵਿੱਚ ਕਵਿਤਾ ਰਚਣ ਦੇ ਕਾਰਜ ਵੱਲ ਰੁਚਿਤ ਹਨ। ‘ਕੂੰਜਾਂ’ ਕਾਵਿ-ਸੰਗ੍ਰਹਿ ਵਿੱਚ ਇੱਥੋਂ ਦੇ ਸਾਰੇ ਸੂਬਿਆਂ ਵਿੱਚੋਂ 57 ਨਾਰੀ ਕਵੀ ਸ਼ਾਮਲ ਕੀਤੀਆਂ ਗਈਆਂ ਹਨ। ਇਸ ਵਿੱਚ ਦਰਜ ਕਵੀਆਂ ਤੋਂ ਇਲਾਵਾ ਵੀ ਬਹੁਤ ਸਾਰੀਆਂ ਹੋਰ ਕਵੀ ਕਵਿਤਾ ਰਚਣ ਵਿੱਚ ਵਿਅਸਤ ਹਨ ਜੋ ‘ਕੂੰਜਾਂ’ ਵਿੱਚ ਸ਼ਾਮਿਲ ਨਹੀਂ ਹਨ।

ਕੈਨੇਡਾ ਵਿੱਚ ਪੰਜਾਬੀ ਦਾ ਜੋ ਨਾਰੀ ਕਾਵਿ ਰਚਿਆ ਗਿਆ, ਉਸਦੇ ਥੀਮਕ ਪਸਾਰ ਨਾਰੀ-ਵੇਦਨਾ ਮੁਖੀ ਹੁੰਦੇ ਹੋਏ ਵੀ ਬਹੁਪਸਾਰੀ ਹਨ। ਇਹ ਕਵਿਤਾ ਜਿੱਥੇ ਨਾਰੀ ਦੇ ਗੁਆਚੇ ਅਸਤਿਤਵ ਦੀ ਪਛਾਣ ਕਰਾਉਣ ਦੇ ਹੱਕ ਵਿੱਚ ਭੁਗਤਦੀ ਹੈ, ਵੇਲਾ ਵਿਹਾ ਚੁੱਕੀਆਂ ਕੀਮਤਾਂ ਦੇ ਵਿਰੋਧ ਵਿੱਚ ਖੜ੍ਹੀ ਹੁੰਦੀ ਹੈ, ਆਪਣੀ ਬੇਵਸੀ ’ਤੇ ਰੁਦਨ ਕਰਦੀ ਹੈ, ਨਾਰੀ ਮਨ ਦੀ ਪੀੜਾ ਅਤੇ ਦਰਦ ਦਾ ਇਜ਼ਹਾਰ ਕਰਦੀ ਹੈ, ਉੱਥੇ ਸਮਾਜਿਕ ਅਤੇ ਘਰੇਲੂ ਚੁਨੌਤੀਆਂ ਨੂੰ ਸਵੀਕਾਰ ਕਰਕੇ ਨਾਂਹਮੁਖੀ ਪ੍ਰਸਥਿਤੀਆਂ ਦੇ ਸਨਮੁਖ ਵੀ ਖੜ੍ਹੀ ਹੁੰਦੀ ਹੈ। ਕਈ ਵਾਰੀ ਇਸ ਕਵਿਤਾ ਦਾ ਮੁਹਾਂਦਰਾ ਮੁੱਖ ਧਾਰਾ ਦੀ ਪੰਜਾਬੀ ਕਵਿਤਾ ਨਾਲ ਵੀ ਮੇਲ ਖਾਣ ਲਗਦਾ ਹੈ ਅਤੇ ਮਾਨਵੀ ਸਰੋਕਾਰਾਂ ਅਤੇ ਅਜੋਕੇ ਮੰਡੀਕਰਣ ਯੁਗ ਨੂੰ ਮੁਖਾਤਿਬ ਹੁੰਦਾ ਹੋਇਆ ਬਹੁਤ ਸਾਰੇ ਸਵਾਲ ਖੜ੍ਹੇ ਕਰਦਾ ਹੈ।

ਨਾਰੀ ਕਾਵਿ ਦੇ ਰੁਦਨਮੁਖੀ ਹੋਣ ਦੇ ਕੁਝ ਕਾਰਨ ਹਨ। ਕੈਨੇਡਾ ਆਕੇ ਵਸਣ ਤੋਂ ਬਾਅਦ ਪੰਜਾਬੀ ਦੋਹਰੀ ਮਾਨਸਿਕਤਾ ਦਾ ਸ਼ਿਕਾਰ ਹੋ ਗਏ। ਇੱਕ ਪਾਸੇ ਪੰਜਾਬ ਦੀ ਰੂੜ੍ਹੀਵਾਦੀ ਮਾਨਸਿਕਤਾ ਅਤੇ ਦੂਜੇ ਪਾਸੇ ਕੈਨੇਡਾ ਵਰਗਾ ਅਜ਼ਾਦ ਮੁਲਕਭਾਵੇਂ ਪੰਜਾਬੀ ਕੈਨੇਡਾ ਪਹੁੰਚ ਗਏ ਪਰ ਉਹ ਆਪਣੇ ਨਾਲ ਲਿਆਂਦੀ ਪੀੜ੍ਹੀਆਂ ਪੁਰਾਣੀ ਪੈਤ੍ਰਿਕ ਮਾਨਸਿਕਤਾ ਨੂੰ ਨਾ ਤਿਆਗ ਸਕੇ। ਕਵੀ ਨਾਰੀਆਂ ਕਿਉਂਕਿ ਜ਼ਿਆਦਾਤਰ ਦੇਸੋਂ ਜੰਮਪਲ ਕੇ ਆਈਆਂ ਸਨ, ਉਹਨਾਂ ਦੀ ਮਾਨਸਿਕਤਾ ਵੀ ਅਜੇ ਪਿਛਾਂਹ ਖਿੱਚੂ ਹੀ ਸੀ। ਉਹ ਸਿੱਧਾ ਬਗਾਵਤੀ ਰਵਈਆ ਤਾਂ ਨਾ ਅਪਣਾ ਸਕੀਆਂ ਪਰ ਕਵਿਤਾ ਰਾਹੀਂ ਆਪਣੇ ਵਲਵਲਿਆਂ ਨੂੰ ਉਜਾਗਰ ਕਰਨ ਵਿੱਚ ਉਹਨਾਂ ਕੋਈ ਕਸਰ ਨਾ ਛੱਡੀ। ਸੁਰਜੀਤ ਕਲਸੀ ਇਸ ਰੂੜ੍ਹੀਵਾਦੀ ਮਾਨਸਿਕਤਾ ਦੀ ਪੁਸ਼ਟੀ ਆਪਣੀ ਕਵਿਤਾ ਵਿੱਚ ਇਉਂ ਕਰਦੀ ਹੈ:

ਪਰੰਪਰਾ ਨੇ ਦਿੱਤਾ ਦਿਲ ਦਾ ਸੁਰਾਖ
ਹੱਸਦੀ ਹੱਸਦੀ ਕਹਿੰਦੀ ਸੀ ਮਾਂ
ਉਹਦੀ ਮਾਂ ਦੇ ਦਿਲ ਵਿੱਚ ਵੀ
ਤੇ ਉਹਦੀ ਮਾਂ ਦੀ ਮਾਂ ਦੇ ਦਿਲ ਵਿੱਚ ਵੀ
ਤੇ ਉਹਦੀ ਮਾਂ ਦੀ ਮਾਂ ਦੀ ਮਾਂ ਦੇ ਦਿਲ ਵਿੱਚ ਵੀ
ਸੀ ਇੱਕ ਸੁਰਾਖ।

SurjitBookFlameਭਾਰਤੀ ਸਮਾਜ ਵਿੱਚ ਪੁਰਾਣੇ ਸਮਿਆਂ ਤੋਂ ਹੀ ਕੁੜੀ ਜੰਮਣਾ ਅਪਸ਼ਗਨ ਸਮਝਿਆ ਜਾਂਦਾ ਰਿਹਾ ਹੈ ਅਤੇ ਇਸ ਮਾਨਸਿਕਤਾ ਨੂੰ ਪੰਜਾਬੀ ਕੈਨੇਡਾ ਆ ਕੇ ਵੀ ਤਿਆਗ ਨਾ ਸਕੇ। ਕੈਨੇਡਾ ਵਿੱਚ ਹਰ ਨਵਜਨਮੇ ਬਾਲ ਦਾ ਇਸ ਦੁਨੀਆ ’ਤੇ ਆਉਣ ਉੱਤੇ ਸਵਾਗਤ ਕੀਤਾ ਜਾਂਦਾ ਹੈ। ਪੰਜਾਬੀਆਂ ਦੀ ਜ਼ਹਿਨੀਅਤ ਵਿੱਚੋਂ ਕੁੜੀ ਮੁੰਡੇ ਦਾ ਇਹ ਫਰਕ ਨਿਕਲ ਨਾ ਸਕਿਆ। ਟੋਰਾਂਟੋ ਵਸਦੀ ਨੀਟਾ ਬਲਵਿੰਦਰ ਦੀਆਂ ਕਵਿਤਾਵਾਂ ਕੁੜੀ ਜੰਮਣ ’ਤੇ ਮਨਾਏ ਜਾਂਦੇ ਸੋਗ ਦੀ ਪੁਸ਼ਟੀ ਕਰਦੀਆਂ ਹਨ। ਕੁੜੀ ਦੀ ਮਾਂ ਆਪਣੀ ਨਵਜਨਮੀ ਧੀ ਦੀ ਪੱਥਰ ਨਾਲ ਤੁਲਨਾ ਹੀ ਨਹੀਂ ਕਰਦੀ ਸਗੋਂ ਉਸ ਨੂੰ ਆਪਣਾ ਦੁੱਧ ਪਿਆਉਣ ਤੋਂ ਵੀ ਗੁਰੇਜ਼ ਕਰਦੀ ਹੈ। ਇਹੋ ਜਿਹੀਆਂ ਕਵਿਤਾਵਾਂ ਨੇ ਸਮਾਜ ਨੂੰ ਹਲੂਣਿਆ ਹੈ।

ਪਰਵਾਸ ਵਿੱਚ ਪੰਜਾਬੀ ਔਰਤਾਂ ਇੱਥੋਂ ਦੀ ਨਵ-ਜੀਵਨ ਜਾਚ ਅਤੇ ਪੰਜਾਬੀ ਸਮਾਜ ਦੀ ਪਿਛਾਂਹ ਖਿੱਚੂ ਸੋਚ ਵਿਚਾਲੇ ਦੋਹਰੀ ਤ੍ਰਾਸਦੀ ਦਾ ਸ਼ਿਕਾਰ ਹੋ ਗਈਆਂ। ਜਿਸ ਧਰਤੀ ’ਤੇ ਉਹ ਸੁਪਨਿਆਂ ਦੀ ਪੂਰਤੀ ਲਈ ਆਈਆਂ ਸਨ, ਉਸ ਧਰਤੀ ’ਤੇ ਉਨ੍ਹਾਂ ਨੂੰ ਅਨੇਕਾਂ ਚੁਣੌਤੀਆਂ ਦਾ ਸਾਹਮਣਾ ਕਰਨਾ ਪਿਆ। ਆਪਣੀ ਨਵੀਂ ਸਥਾਪਤੀ ਲਈ ਉਸਦੀ ਕੋਸ਼ਿਸ਼ ਦੇ ਦਰਸ਼ਨ ਸੁਰਿੰਦਰਪਾਲ ਕੌਰ ਬਰਾੜ ਦੀ ਕਵਿਤਾ ਵਿੱਚੋਂ ਹੋ ਜਾਂਦੇ ਹਨ,

ਮੈਂ ਤੇ ਮੇਰੀ ਕਵਿਤਾ
ਜਦੋਂ ਸ਼ਹਿਰ ਦੇ ਬਰੇਤਿਆਂ ’ਤੇ ਆਣ ਉੱਤਰੇ
ਤਾਂ ਅਸੀਂ ਦੋਹਾਂ
ਆਪਣੀਆਂ ਆਪਣੀਆਂ ਤਲੀਆਂ ਵਿੱਚ
ਆਪਣੇ ਆਪਣੇ ਵਿਗੋਚੇ ਘੁੱਟ ਲਏ ਸਨ
ਤਾਂ ਕਿ ਇਸ ਅਜਨਬੀ ਸ਼ਹਿਰ ਦੇ
ਫੁੱਲਾਂ, ਪਹਾੜਾਂ ਤੇ ਰੂਹਾਂ ਦੇ ਮੇਚ ਆ ਸਕੀਏ

ਉਸਦੀ ਹੱਡ ਭੰਨਵੀਂ ਮਿਹਨਤ ਦੀ ਸ਼ਨਾਖਤ ਦਵਿੰਦਰ ਕੌਰ ਜੌਹਲ ਦੀ ਕਵਿਤਾ ਵਿੱਚੋਂ ਹੋ ਜਾਂਦੀ ਹੈ,

ਬੈਠ ਕੇ ਟਰੱਕੀ ਵਿੱਚ ਜਾਵੇਂ ਖੇਤਾਂ ਨੂੰ
ਧੁੱਪੇ ਤੋੜੇਂ ਬੇਰੀ ਠੋਕ ਠੋਕ ਲੇਖਾਂ ਨੂੰ
ਤੋੜ ਤੋੜ ਬੇਰੀ ਰੋਲ੍ਹਾਂ ਨੂੰ ਮੁਕਾਨੀ ਏ
ਬੋਤਲਾਂ ਦੀ ਚਾਹ ਠੰਢੇ ਫੁਲਕੇ ਵੀ ਖਾਨੀ ਏ
ਲੱਕ ਬੰਨ੍ਹੀ ਬਾਲਟੀ ਤੇ ਸਿਰ ’ਤੇ ਮੰਡਾਸਾ ਨੀ
ਉਡ ਪੁਡ ਗਿਆ ਤੇਰੇ ਬੁੱਲ੍ਹਾਂ ਉੱਤੋਂ ਹਾਸਾ ਨੀ

ਕੈਨੇਡੀਅਨ ਪੰਜਾਬੀ ਕਵਿਤਾ ਨਾਰੀ ਦੇ ਅੰਤਰਮਨ ਦੀ ਅਜਨਬੀਅਤ, ਉਦਰੇਵੇਂ, ਰਿਸ਼ਤਿਆਂ ਦੀ ਟੁੱਟ-ਭੱਜ, ਬੇਵਸੀ ਅਤੇ ਲਾਚਾਰਗੀ ਦੀ ਪੁਸ਼ਟੀ ਕਰਦੀ ਹੈ। ਇਸ ਵਿੱਚ ਔਰਤ ਆਪਣੇ ਆਪ ਨੂੰ ਕਿਸੇ ਕੈਦ ਵਿੱਚ ਬੱਝੀ ਹੋਈ ਮਹਿਸੂਸ ਕਰਦੀ ਹੈ। ਇਹ ਕੈਦ ਅਣਸੁਖਾਵੇਂ ਹਾਲਾਤ ਦੀ ਕੈਦ ਹੈ। ਜਿੱਥੇ ਮਨਜੀਤ ਕੰਗ ਦੇ ਸ਼ਿਅਰਾਂ ਵਿਚਲੀ ਔਰਤ ਦੀ ਕੈਦ ਮਰਦ ਪ੍ਰਧਾਨ ਸਮਾਜ ਵਿੱਚ ਇਸਤਰੀ ਨੂੰ ਉਡਣ ਦੇ ਮੌਕੇ ਦੇਣ ’ਤੇ ਪਾਬੰਦੀਆਂ ਲਾਉਂਦੀ ਹੈ, ਉੱਥੇ ਰਿਸ਼ਤਿਆਂ-ਨਾਤਿਆਂ ਤੋਂ ਹਤਾਸ਼ ਸਵਰਗਵਾਸੀ ਕਵੀ ਰਾਜਿੰਦਰ ਬਾਜਵਾ ਆਪਣੀ ਕੈਦ ਦਾ ਮਾਰਮਿਕ ਚਿੱਤਰ ਇਸ ਤਰ੍ਹਾਂ ਪੇਸ਼ ਕਰਦੀ ਹੈ,

ਮੈਂ ਕੈਦ ਹਾਂ
ਨਾ ਕੋਈ ਬੂਹਾ ਨਾ ਕੰਧ
ਨਾ ਕੋਈ ਜੰਦਰਾ
, ਨਾ ਸੀਖਾਂ
ਫਿਰ ਵੀ ਇੱਕ ਭਿਆਨਕ ਹਵਾਲਾਤ ਹੈ
ਤੇ ਮੈਂ ਕੈਦ ਹਾਂ!
 ---

ਸਲੀਬ ਤੇ ਚੜ੍ਹਨ ਤੋਂ ਪਹਿਲਾਂ
ਮੇਰੀ ਇੱਕ ਅਰਜ਼ ਕਬੂਲ ਕਰਨੀ
ਸਿਰਫ ਐਨੀ ਕਿ ਮੇਰੀ ਤਲਾਸ਼ੀ ਨਾ ਲੈਣੀ
ਮੇਰੇ ਬੋਝਿਆਂ ਵਿੱਚ ਤਲਖੀਆਂ ਦੇ ਖੰਜਰ ਨੇ
ਮੇਰੇ ’ਤੇ ਸੁਪਨਿਆਂ ਦੇ ਕਤਲ ਦਾ ਇਲਜ਼ਾਮ ਹੈ
ਤੇ ਮੈਂ ਕੈਦ ਹਾਂ!

ਇਸੇ ਅਹਿਸਾਸ ਨੂੰ ਬਰੈਂਪਟਨ ਰਹਿੰਦੀ ਅਮਰਜੀਤ ਜੌਹਲ ਇੰਝ ਮਹਿਸੂਸਦੀ ਹੋਈ ਕਹਿੰਦੀ ਹੈ,

ਆਪਣੇ ਹੀ ਘਰ ਵਿੱਚ ਮੈਂ
ਜਿਵੇਂ ਕੋਈ ਅਜਨਬੀ
ਮੇਰਾ ਤੇ ਇਸ ਘਰ ਦਾ ਰਿਸ਼ਤਾ
ਕਰਜ਼ਾਈ ਤੇ ਸ਼ਾਹੂਕਾਰ ਦਾ ਰਿਸ਼ਤਾ!

ਇੱਥੋਂ ਦੀ ਕਵਿਤਾ ਕੁੜੀਆਂ ਜੰਮਣ ਅਤੇ ਔਰਤਾਂ ਨੂੰ ਸਤਾਉਣ ਜਾਂ ਕੁੜੀ ਭਰੂਣਾਂ ਦੀ ਹੱਤਿਆ ਕਰ ਦਿੱਤੀ ਜਾਣ ਦੀ ਵੀ ਗਵਾਹੀ ਭਰਦੀ ਹੈ। ਔਰਤਾਂ ਦੇ ਕਤਲ ਕੈਨੇਡਾ ਦੇ ਪੰਜਾਬੀ ਭਾਈਚਾਰੇ ਵਿੱਚ ਸਭ ਤੋਂ ਮੰਦਭਾਗੀਆਂ ਘਟਨਾਵਾਂ ਹਨ ਜਿਨ੍ਹਾਂ ਨੇ ਪੰਜਾਬੀਆਂ ਦੇ ਕੁੜੀਮਾਰ ਵਜੋਂ ਜਾਣੇ ਜਾਂਦੇ ਕਿਰਦਾਰ ਨੂੰ ਹੋਰ ਉਘਾੜ ਕੇ ਰੱਖ ਦਿੱਤਾ। ਸੁਖਵੰਤ ਹੁੰਦਲ ਨੇ ‘ਕੈਨੇਡਾ ਵਿੱਚ ਪੰਜਾਬੀ ਔਰਤਾਂ ਦੇ ਕਤਲ’ ਨਾਮੀ ਲੇਖ ਵਿੱਚ ਲਿਖਿਆ ਹੈ, “ਕਦੇ ਸਹੁਰਿਆਂ ਅਤੇ ਕਦੇ ਪੇਕਿਆਂ ਹੱਥੋਂ ਹੋ ਰਹੇ ਔਰਤਾਂ ਦੇ ਕਤਲ, ਕੈਨੇਡਾ ਦੇ ਭਾਰਤੀ ਸਮਾਜ ਵਿੱਚ ਔਰਤਾਂ ਵਿਰੁੱਧ ਹਿੰਸਾ ਦਾ ਵਰਤਾਰਾ ਇੱਕ ਗੰਭੀਰ ਸਮੱਸਿਆ ਹੈ। ਬੇਸ਼ਕ ਸਮੇਂ ਸਮੇਂ ਇਸ ਸਮੱਸਿਆ ਬਾਰੇ ਕਮਿਉਨਿਟੀ ਵਿੱਚ ਗੱਲਬਾਤ ਚਲਦੀ ਆਈ ਹੈ, ਪਰ ਇਹ ਗੱਲਬਾਤ ਉੰਨੀ ਸ਼ਿੱਦਤ, ਗੰਭੀਰਤਾ ਅਤੇ ਲਗਾਤਾਰਤਾ ਨਹੀਂ ਚੱਲ ਸਕੀ ਜਿੰਨੀ ਸ਼ਿੱਦਤ, ਗੰਭੀਰਤਾ ਅਤੇ ਲਗਾਤਾਰਤਾ ਨਾਲ ਇਸ ਗੱਲ ਨੂੰ ਕਰਨ ਦੀ ਲੋੜ ਸੀ।” ਸ਼ਾਇਦ ਕਮਿਉਨਿਟੀ ਦੀ ਇਸੇ ਅਣਗਹਿਲੀ ਕਾਰਨ ਇਸ ਜ਼ਿੰਮੇਵਾਰੀ ਨੂੰ ਨਾਰੀ ਕਵੀਆਂ ਨੇ ਆਪਣੇ ਹੱਥਾਂ ਵਿੱਚ ਲੈ ਲਿਆ। ਇੰਦਰਜੀਤ ਕੌਰ ਸਿੱਧੂ ਦੀਆਂ ਲਗਭਗ ਸਾਰੀਆਂ ਕਵਿਤਾਵਾਂ ਕੈਨੇਡਾ ਵਿੱਚ ਪੰਜਾਬੀ ਔਰਤ ਦੇ ਹੰਢਾਏ ਸੰਤਾਪ ਦੀ ਤਰਜ਼ਮਾਨੀ ਕਰਦੀਆਂ ਹਨ:

ਔਰਤ ਨੂੰ ਔਰਤ ਹੋਣ ਦੇ
ਸਰਾਪ ਤੋਂ ਕਦੋਂ ਮੁਕਤ ਕਰੋਗੇ
?
ਪਰਦੇਸੋਂ ਦੇਸ ਲਿਆ
ਵੱਢ ਕੇ ਟੋਏ ਵਿੱਚ ਸੁੱਟੀ ਜੱਸੀ
ਗਸ਼ੈਟੀ ਨਾਲ ਕੱਟੀ ਬਲਵੀਰ
ਮਨਜੀਤ
, ਜਸਬੀਰ,
ਨੀਤਾ, ਸੁਨੀਤਾ
ਤੁਹਾਥੋਂ ਜੀਣ ਦਾ ਹੱਕ ਮੰਗਦੀ
ਕਦੋਂ ਸੁਰਖਰੂ ਕਰੋਗੇ ਮੈਨੂੰ
?

ਆਰਥਿਕ ਖੁਸ਼ਹਾਲੀ ਲਈ ਕੈਨੇਡਾ ਆਏ ਪੰਜਾਬੀਆਂ ਨੇ ਇੱਥੇ ਆਕੇ ਵੱਡੇ ਵੱਡੇ ਘਰ ਤਾਂ ਬਣਾ ਲਏ ਪਰ ਔਰਤ ਲਈ ਇਸ ਘਰ ਵਿੱਚੋਂ ਘਰ ਮਨਫੀ ਹੁੰਦਾ ਗਿਆ ਕਿਉਂਕਿ ਇਸ ਘਰ ਵਿੱਚੋਂ ਉਸ ਨੂੰ ਉਸਦਾ ਬਣਦਾ ਸਰਦਾ ਸਥਾਨ ਪ੍ਰਾਪਤ ਨਹੀਂ ਹੋ ਰਿਹਾ। ਉਸ ਨੂੰ ਹੁਣ ਕੇਵਲ ਛੱਤ ਨਹੀਂ ਚਾਹੀਦੀ ਬਲਕਿ ਆਪਣੀ ਪਛਾਣ ਵੀ ਚਾਹੀਦੀ ਹੈ। ਪਰਵਿੰਦਰ ਕੌਰ ਸਵੈਚ ਨੇ ਇੱਕ ਨਵਾਂ ਹੋਕਾ ਦਿੱਤਾ,

ਔਰਤ ਦਿਵਸ ’ਤੇ ਮੈਨੂੰ
ਕਹਿ ਕੇ ਮੁਬਾਰਕਾਂ
ਸ਼ਬਦਾਂ ਦਾ ਗਰਭਪਾਤ ਨਾ ਕਰੋ।
ਮੈਨੂੰ ਤਾਜਾਂ ਦੀ ਨਹੀਂ
ਲੋੜ ਹੈ ਅਮਲਾਂ ਦੀ...
ਜੀਣ ਦਿਓ ਮੈਨੂੰ
ਅਟੁੱਟ ਵਿਸ਼ਵਾਸ ਨਾਲ!

ਹੁਣ ਨਾਰੀ ਆਪਣੇ ਅਸਤਿਤਵ ਨੂੰ ਪਛਾਣ ਕੇ ਸਵੈਮਾਣ ਨਾਲ ਜੀਉਣਾ ਚਾਹੁੰਦੀ ਹੈ, ਇਸ ਦਰਦ ਨੂੰ ਹੋਰ ਨਹੀਂ ਸਹਿਣਾ ਚਾਹੁੰਦੀ। ਜਸਵੀਰ ਮੰਗੂਵਾਲ ਨੇ ਜ਼ਿੰਦਾਦਿਲੀ ਨਾਲ ਇੱਥੋਂ ਤਕ ਆਖ ਦਿੱਤਾ-

ਮੈਨੂੰ ਨਹੀਂ ਚਾਹੀਦਾ ਸੱਤ ਜਨਮਾਂ ਦਾ ਸਾਥ
ਮੈਂ ਜੀਉਣਾ ਚਾਹੁੰਦੀ ਹਾਂ ਇੱਕੋ ਜਨਮ
ਜੀਅ ਭਰਕੇ
, ਆਪਣੀ ਰੂਹ ਦੇ ਨਾਲ

ਬਹੁਤ ਸਾਰੀਆਂ ਨਾਰੀ ਕਵੀਆਂ ਵੱਲੋਂ ਆਧੁਨਿਕ, ਅੰਤਰਰਾਸ਼ਟਰੀ ਅਤੇ ਮਾਨਵੀ ਸਰੋਕਾਰਾਂ ਵਾਲੀ ਕਵਿਤਾ ਲਿਖੀ ਜਾ ਰਹੀ ਹੈ। ਇਹ ਕਵਿਤਾ ਬਾਕੀ ਨਾਰੀ ਕਾਵਿ ਵਾਂਗ ਮਰਦ ਦਾ ਵਿਰੋਧ ਨਹੀਂ ਕਰਦੀ ਸਗੋਂ ਮੰਡੀਕਰਣ, ਰਿਸ਼ਤਿਆਂ ਦੀ ਟੁੱਟ ਭੱਜ, ਨਵੇਂ ਸਰੋਕਾਰਾਂ, ਪਰਵਾਸੀ ਜੀਵਨ ਦੀਆਂ ਮੁਸ਼ਕਲਾਂ ਦੇ ਮਾਡਰਨ ਚਿੰਤਨੀ ਫਿਕਰਾਂ ਨੂੰ ਉਭਾਰਦੀ ਹੈ। ਟੋਰਾਂਟੋ ਵਸਦੀ ਸ਼ਕੁੰਤਲਾ ਤਲਵਾੜ ਮਸ਼ੀਨੀ ਯੁਗ ਵਿੱਚ ਪਰਿਵਾਰਕ ਜ਼ਿੰਦਗੀ ਵਿੱਚ ਆਏ ਨਿਘਾਰ ਨੂੰ ਇਸ ਤਰ੍ਹਾਂ ਰੂਪਮਾਨ ਕਰਦੀ ਹੈ,

ਉਮਰ ਲੰਘਾ ਦਿੱਤੀ ਜਿਸ ਨੂੰ ਸਿੰਜਦਿਆਂ
ਪਾਲਦਿਆਂ
ਪਲੋਸਦਿਆਂ!
ਇੰਝ ਤੇ ਅਜਿਹੀ ਤਤਪਰਤਾ ਨਾਲ ਬਦਲੀ
ਉਹ ਪੌਦ ਕਿ
ਲਾਗੇ ਬੈਠ ਉਸਦੀ ਕੋਮਲਤਾ ਨੂੰ
ਮਹਿਸੂਸਣਾ ਤਾਂ ਦੂਰ
ਉਸ ਨੂੰ ਪਛਾਨਣਾ ਵੀ ਔਖਾ ਲੱਗਿਆ!

ਬਰੈਂਪਟਨ, ਟੋਰਾਂਟੋ ਦੀ ਇੱਕ ਹੋਰ ਸੁੱਘੜ ਸਿਆਣੀ ਕਵੀ ਜੱਗੀ ਬਰਾੜ ਸਮਾਲਸਰ ਨੇ ਬਹੁਪਸਾਰੀ ਵਿਸ਼ਿਆਂ ਵਾਲੀ ਕਵਿਤਾ ਲਿਖੀ ਹੈ। ਉਸਦੀ ਇੱਕ ਕਵਿਤਾ ਦੀ ਵੰਨਗੀ:

ਘਰਾਂ ਦੀਆਂ ਕੀਮਤਾਂ ਚਾਹੇ, ਚੜ੍ਹ ਅਸਮਾਨ ਗਈਆਂ
ਫਿਰ ਵੀ ਖੌਰੇ ਕਿਉਂ ਘਰ ਬਦਲ ਲਏ ਨੇ ਕਈਆਂ
?

ਫਾਰਮ ਹਾਊਸਾਂ ਦੀ ਦੌੜ ਪਿੱਛੇ ਲੱਗੇ ਲੋਕ
ਚੰਗੇ ਭਲੇ ਸ਼ਹਿਰੀ-ਘਰਾਂ ਵਿੱਚ ਕਰਨ ਲੱਗੇ ਨੋਕ ਝੋਕ।

ਲਵੀਨ ਕੌਰ ਗਿੱਲ ਦੀ ਕਵਿਤਾ ਅਸਲੋਂ ਵੱਖਰੀ ਅਤੇ ਸਮਾਜ ਨੂੰ ਵੰਗਾਰਦੀ ਹੈ। ਉਹ ਇੱਥੋਂ ਦੀ ਪੜ੍ਹੀ ਲਿਖੀ ਨੌਜਵਾਨ ਕਵੀ ਹੈ। ਉਦਾਹਰਨ ਵਜੋਂ ਉਸਦੀ ਕਵਿਤਾ ਪੇਸ਼ ਹੈ,

ਮੈਂ ਰੋਜ਼ ਦੇਖਦੀ ਹਾਂ ਤੁਹਾਡੇ “ਚਿੜੀਆਂ ਦੇ ਚੰਬੇ” ਨੂੰ,
ਇੰਮੀਗਰੇਸ਼ਨ ਖਾਤਰ ਆਪਣੇ ਹੀ ਵੀਰਾਂ ਦੀ ਵਹੁਟੀ ਬਣਦਿਆਂ,
ਤੁਹਾਡੇ ਇਸ਼ਤਿਹਾਰੀ ਵਿਆਹਾਂ ਦੀ ਚੱਕੀ ਪਿਸਦਿਆਂ,
ਤੁਹਾਡੇ ਸੁੱਖਾਂ ਮੰਗੇ ਪੁੱਤਰਾਂ ਦੇ ਬੁੱਲੇਟਾਂ ਦਾ ਪੈਟ੍ਰੋਲ ਬਣਦਿਆਂ...

ਤਨਦੀਪ ਤਮੰਨਾ ਨੇ ਬਹੁਤ ਸੂਖਮ ਭਾਵਾਂ ਨੂੰ ਅਸਲੋਂ ਨਵੇਂ ਬਿੰਬਾਂ, ਅਲੰਕਾਰਾਂ ਅਤੇ ਬਹੁਤ ਖੂਬਸੂਰਤ ਸ਼ਬਦਾਂ ਰਾਹੀਂ ਪੇਸ਼ ਕੀਤਾ ਹੈ। ਉਸਦੀ ਕਵਿਤਾ ਵਿੱਚੋਂ ਰੂਹਾਨੀ ਇਕੱਲਤਾ ਅਤੇ ਵੇਦਨਾ ਦਾ ਆਭਾਸ ਹੁੰਦਾ ਹੈ। ਕਿਸੇ ਕਥਾ ਵਿੱਚ ਪਰੋਏ ਅਹਿਸਾਸ ਹੋਰ ਗੂੜ੍ਹੇ ਹੋ ਜਾਂਦੇ ਹਨ, ਉਸਦੀ ਇੱਕ ਕਵਿਤਾ ਪੇਸ਼ ਹੈ,

ਫਿਜ਼ਾ ਦੀਆਂ ਮੁੱਠੀਆਂ ਵਿੱਚ
ਕੂਲੀ ਕੂਲੀ ਠੰਢਕ ਹੈ
ਤੇ ਕੋਸਾ ਕੋਸਾ ਨਿੱਘ ਵੀ
ਤੇਰੇ ਸੁਪਨੇ ਦੇ ਮਸਤਕ ਵਿਚ
ਕੋਈ ਗੁੱਝੀ ਸ਼ਰਾਰਤ ਹੈ
ਤੇ ਮੈਂ...
ਬਰਫ਼ੀਲੇ ਬੋਲ ਬੁੱਲ੍ਹੀਂ ਧਰੀ
ਕੰਬ ਰਹੀ ਹਾਂ …

(ਜੰਗਲ, ਤੂੰ ਤੇ ਮੈਂ …)

ਮਰਦ ਕਵੀਆਂ ਦੁਆਰਾ ਰਚੇ ਪੰਜਾਬੀ ਕਾਵਿ ਅਤੇ ਕੈਨੇਡੀਅਨ ਪੰਜਾਬੀ ਨਾਰੀ ਕਾਵਿ ਦੀ ਤੁਲਨਾ ਵਿੱਚ ਔਰਤਾਂ ਨੇ ਭੂ-ਹੇਰਵੇ ਵਾਲੀ ਕਵਿਤਾ ਅਸਲੋਂ ਹੀ ਨਾਂਮਾਤਰ ਲਿਖੀ ਹੈ। ਇਹ ਉਸਦੀ ਸੀਮਾ ਨਹੀਂ ਸਗੋਂ ਉਸਦੇ ਜੇਰੇ ਦੀ ਸਮਰੱਥਾ ਹੈ। ਅਜਿਹਾ ਇਸ ਕਰਕੇ ਵੀ ਸੰਭਵ ਹੋ ਸਕਿਆ ਹੈ ਕਿ ਔਰਤ ਤਾਂ ਜਿੱਥੇ ਵੀ ਜਾਵੇ ਆਪਣਾ ਘਰ ਸਿਰਜ ਲੈਂਦੀ ਹੈ। ਉਂਝ ਵੀ ਉਸਦਾ ਪੱਕਾ ਘਰ ਤਾਂ ਕਦੇ ਬਣਦਾ ਹੀ ਨਹੀਂ, ਵਿਆਹ ਤੋਂ ਬਾਅਦ ਉਸਨੇ ਆਪਣਾ ਘਰ ਛੱਡ ਕੇ ਜਾਣਾ ਹੀ ਹੁੰਦਾ ਹੈ। ਉਂਝ ਵੀ ਅਜੇ ਤਕ ਪੰਜਾਬੀ ਤਾਂ ਮਰਦ-ਔਰਤ ਬਰਾਬਰੀ ਦਾ ਮਸਲਾ ਹੀ ਹੱਲ ਨਹੀਂ ਨਾ ਕਰ ਸਕੇ। ਜ਼ਾਹਿਰ ਹੈ ਕਿ ਕੈਨੇਡਾ ਵਿੱਚ ਉਹ ਪੂਰਣ ਤੌਰ ’ਤੇ ਸੁਰੱਖਿਅਤ ਮਹਿਸੂਸ ਕਰਦੀ ਹੈ। ਹਰਭਜਨ ਕੌਰ ਲਿਖਦੀ ਹੈ,

ਓ ਕੈਨੇਡਾ
ਸਵਰਗ ਤੂੰ ਜਾਪੇਂ ਇਸ ਧਰਤੀ ’ਤੇ
ਤੇਰਾ ਸਾਡਾ ਸਾਥ ਹੈ ਗੂੜ੍ਹਾ
ਉਡਦੇ ਫਿਰਦੇ ਦਿਨ ਤੇ ਰਾਤੀਂ
ਸਾਨੂੰ ਜਾਪੇਂ ਸੁਪਨ ਪੰਘੂੜਾ

ਕੈਨੇਡੀਅਨ ਪੰਜਾਬੀ ਨਾਰੀ ਕਵੀ ਆਪਣੇ ਅਤੇ ਆਪਣੇ ਚੌਗਿਰਦੇ ਪ੍ਰਤੀ ਬਹੁਤ ਚਿਤੰਨ ਹਨ। ਉਨ੍ਹਾਂ ਦੀ ਕਲਮ ਵਿੱਚ ਹੌਸਲਾ ਹੈ। ਉਹ ਹਰ ਵਿਸ਼ੇ ’ਤੇ ਕਵਿਤਾ ਲਿਖਣ ਦੇ ਸਮਰੱਥ ਹਨ। ਆਪਣੇ ਵਿਸ਼ੇ ’ਤੇ ਉਹਨਾਂ ਦੀ ਪਕੜ ਵੀ ਸਲਾਹੁਣਯੋਗ ਹੈ। ਉਨ੍ਹਾਂ ਦੀ ਸ਼ੈਲੀ, ਬੋਲੀ ਵਿੱਚੋਂ ਉਹਨਾਂ ਦੀ ਰੂਹ ਦੇ ਰੱਜ ਕੇ ਦਰਸ਼ਨ ਹੁੰਦੇ ਹਨ। ਗੀਤ, ਗਜ਼ਲ, ਟੱਪੇ, ਲੋਰੀਆਂ, ਹਾਇਕੂ ਅਤੇ ਖੁੱਲ੍ਹੀ ਚਿੰਤਨੀ ਕਵਿਤਾ ਰਾਹੀਂ ਉਨ੍ਹਾਂ ਨੇ ਸਵੈ ਚੇਤਨਾ ਦਾ ਪ੍ਰਗਟਾਵਾ ਕੀਤਾ ਹੈ

ਉਜ਼ਮਾ ਮਹਿਮੂਦ, ਸੁਰਿੰਦਰ ਗੀਤ, ਸੁੰਦਰਪਾਲ ਕੌਰ ਰਾਜਾਸਾਂਸੀ, ਸੁਰਿੰਦਰ ਕੌਰ ਬਿਨਰ, ਸੱਯਦਾ ਨੁਜ਼ੱਤ ਸਦੀਕੀ, ਤਲੱਅਤ ਜ਼ਹਿਰਾ, ਨਸਰੀਨ ਸੱਯਦ, ਮਨਜੀਤ ਕੌਰ ਕੰਗ, ਰੁਪਿੰਦਰ ਰੂਪੀ ਖਹਿਰਾ, ਸੈਂਡੀ ਗਿੱਲ - ਗ਼ਜ਼ਲ ਵਰਗੇ ਔਖੇ ਕਾਵਿ ਰੂਪ ਨੂੰ ਬਾਖੂਬੀ ਨਿਭਾ ਰਹੀਆਂ ਹਨ। ਅਮਰਜੀਤ ਕੌਰ ਸ਼ਾਂਤ, ਸਤਵੰਤ ਕੌਰ ਪੰਧੇਰ, ਸੁਖਵਿੰਦਰ ਕੌਰ, ਹਰਬੰਸ ਕੌਰ ਬੈਂਸ, ਕਮਲਪ੍ਰੀਤ ਕੌਰ ਗਿੱਲ, ਗੁਰਬਚਨ ਕੌਰ ਢਿੱਲੋਂ, ਜਸਬੀਰ ਮਾਨ, ਜਸਵੰਤ ਕੌਰ ਵਿਰਕ, ਹਰਭਜਨ ਕੌਰ ਗਿੱਲ, ਦਵਿੰਦਰ ਕੌਰ ਜੌਹਲ, ਰਾਜਵੰਤ ਕੌਰ ਮਾਨ ਆਦਿ ਨੇ ਅਨੇਕਾਂ ਕਾਵਿ ਰੂਪ ਜਿਵੇਂ ਕਿ ਔਸੀਆਂ, ਲੋਰੀਆਂ, ਟੱਪੇ ਅਤੇ ਗੀਤ ਲਿਖਕੇ ਆਪਣੇ ਵਲਵਲਿਆਂ ਦਾ ਇਜ਼ਹਾਰ ਕੀਤਾ ਹੈ। ਸਤਵੰਤ ਕੌਰ ਨੇ ਆਪਣੇ ਗੀਤਾਂ ਵਿੱਚ ਕੁਦਰਤ ਦੀ ਵਿਲੱਖਣਤਾ ਨੂੰ ਸਲਾਹਿਆ ਹੈਸੁਰਿੰਦਰ ਸਾਥੀ ਅਤੇ ਦਵਿੰਦਰ ਕੌਰ ਵਰਗੀਆਂ ਕਵੀਆਂ ਨੇ ਅੱਜ ਦੇ ਨਵੀਨ ਕਾਵਿ-ਰੂਪ ਹਾਇਕੂ ’ਤੇ ਕਲਮ ਅਜ਼ਮਾਈ।

ਅਮਰਜੀਤ ਕੌਰ ਜੌਹਲ, ਸੰਦੀਪ ਧਨੋਆ, ਸ਼ਕੁੰਤਲਾ ਤਲਵਾੜ, ਸੁਰਜੀਤ, ਜੱਗੀ ਬਰਾੜ ਸਮਾਲਸਰ, ਦਿਉਲ ਪਰਮਜੀਤ, ਨੀਟਾ ਬਲਵਿੰਦਰ, ਸੁਰਜੀਤ ਕਲਸੀ, ਸੁਰਿੰਦਰ ਕੌਰ ਚਾਹਲ, ਸੁਰਿੰਦਰਪਾਲ ਕੌਰ ਬਰਾੜ, ਕਮਲਜੀਤ ਨੱਤ, ਕਵਿਤਾ ਗੁਪਤਾ, ਜਤਿੰਦਰ ਕੌਰ ਰੰਧਾਵਾ, ਦਵਿੰਦਰ ਬਾਂਸਲ, ਪਰਵੀਨ ਕੌਰ, ਪ੍ਰਿਤਪਾਲ ਕੌਰ ਚਾਹਲ, ਪਰਮਿੰਦਰ ਕੌਰ ਸਵੈਚ, ਫੌਜੀਆ ਰਫੀਕ, ਬਲਵੀਰ ਕੌਰ ਢਿੱਲੋਂ, ਬਲਬੀਰ ਕੌਰ ਸੰਘੇੜਾ, ਬਰਜਿੰਦਰ ਢਿੱਲੋਂ, ਮਨਜੀਤ ਕੌਰ ਬਾਸੀ, ਮਿਨੀ ਗਰੇਵਾਲ, ਰਵਿੰਦਰ ਸੈਣੀ, ਰਾਜਿੰਦਰ ਬਾਜਵਾ, ਲਵੀਨ ਕੌਰ ਗਿੱਲ ਆਦਿ ਖੁੱਲ੍ਹੀ ਚਿੰਤਨ-ਪ੍ਰਧਾਨ ਨਜ਼ਮ ਲਿਖ ਰਹੀਆਂ ਹਨ।

ਇਸ ਸਾਰੇ ਵਿਚਾਰ ਤੋਂ ਬਾਅਦ ਅਸੀਂ ਇਸ ਨਤੀਜੇ ’ਤੇ ਪਹੁੰਚਦੇ ਹਾਂ ਕਿ ਕੈਨੇਡੀਅਨ ਪੰਜਾਬੀ ਨਾਰੀ ਕਾਵਿ ਵਿੱਚ ਭਰਪੂਰ ਸੰਭਾਵਨਾਵਾਂ ਹਨ। ਲਵੀਨ ਕੌਰ ਗਿੱਲ, ਸੈਂਡੀ ਗਿੱਲ, ਤਨਦੀਪ ਤਮੰਨਾ ਆਦਿ ਇੱਥੋਂ ਦੀਆਂ ਪੜ੍ਹੀਆਂ ਲਿਖੀਆਂ ਨੌਜਵਾਨ ਕਵਿੱਤਰੀਆਂ ਨਵੇਂ ਮੁਹਾਵਰੇ ਵਾਲੀ ਕਵਿਤਾ ਲਿਖ ਰਹੀਆਂ ਹਨ। ਦਵਿੰਦਰ ਕੌਰ ਬਾਂਸਲ ਨੇ ਮਰਦ-ਔਰਤ ਸੰਬੰਧਾਂ ਨੂੰ ਨਵਾਂ ਮੁਹਾਵਰਾ ਪ੍ਰਦਾਨ ਕੀਤਾ। ਆਸ ਹੈ ਕਿ ਇਹੋ ਜਿਹੀਆਂ ਹੋਰ ਕਵਿੱਤਰੀਆਂ ਇਸ ਕਾਫਲੇ ਵਿੱਚ ਸ਼ਾਮਲ ਹੋਣਗੀਆਂ ਅਤੇ ਉਹ ਦਿਨ ਦੂਰ ਨਹੀਂ ਜਦੋਂ ਕੈਨੇਡੀਅਨ ਪੰਜਾਬੀ ਨਾਰੀ ਕਾਵਿ ਨੂੰ ਦੂਜੀਆਂ ਭਾਸ਼ਾਵਾਂ ਦੇ ਸਨਮੁਖ ਮਾਣਯੋਗ ਸਥਾਨ ਪ੍ਰਾਪਤ ਹੋਵੇਗਾ।

*       *       *       *       *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (This email address is being protected from spambots. You need JavaScript enabled to view it.om)

About the Author

ਸੁਰਜੀਤ

ਸੁਰਜੀਤ

Brampton, Ontario, Canada.
Email: (surjitk33@gmail.com)