“‘ਭੈਅ ਕਾਹੂ ਕਉ ਦੇਤ ਨਹਿ ਨਹਿ ਭੈਅ ਮਾਨਤ ਆਨ॥’ ਵਾਲੀ ਸੱਚ ਦੀ ਸੋਚ ਨਾਲ ਓਤ ਪੋਤ ...”
(11 ਨਵੰਬਰ 2025)

ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਵਿਲੱਖਣ ਕਿਸਮ ਦੀ ਸ਼ਹਾਦਤ ਹੈ ਜਿਸ ਵਿੱਚ ਮਕਤੂਲ ਖ਼ੁਦ ਚੱਲ ਕੇ ਕਾਤਲ ਕੋਲ ਜਾਂਦਾ ਹੈ। ਉਹ ਕੇਵਲ ਆਪਣਿਆਂ ਲਈ ਧਾਰਮਿਕ ਖੁੱਲ੍ਹ ਅਤੇ ਧਾਰਮਿਕ ਅਜ਼ਾਦੀ ਵਾਸਤੇ ਅਵਾਜ਼ ਨਹੀਂ ਉਠਾਉਂਦਾ ਬਲਕਿ ਸਮੁੱਚੀ ਮਨੁੱਖਤਾ ਦੇ ਬਿਨਾਂ ਕਿਸੇ ਦਬਾਅ ਦੇ ਮਨਮਰਜ਼ੀ ਦੀ ਜ਼ਿੰਦਗੀ ਜਿਊਣ, ਧਰਮ ਧਾਰਨ ਕਰਨ ਅਤੇ ਅਕੀਦਾ ਮੰਨਣ ਦੇ ਮੁਢਲੇ ਮਨੁੱਖੀ ਹੱਕਾਂ ਦੀ ਰਾਖੀ ਹਿਤ ਆਪਣਾ ਸਿਰ ਕਲਮ ਕਰਵਾਉਣ ਤੋਂ ਨਹੀਂ ਝਿਜਕਦਾ। ਅਜਿਹੀ ਲਾਸਾਨੀ ਸ਼ਹਾਦਤ ਦਾ ਉਸ ਸਮੇਂ ਦੇ ਅਤੇ ਅਜੋਕੇ ਸਮਾਜ ’ਤੇ ਪ੍ਰਭਾਵ ਨਾ ਪਿਆ ਹੋਵੇ, ਹੋ ਹੀ ਨਹੀਂ ਸਕਦਾ। ਇਸ ਸ਼ਹਾਦਤ ਦਾ ਗੁਰੂ ਨਾਨਕ ਨਾਮ ਲੇਵਾ ਸਿੱਖਾਂ ’ਤੇ ਤਾਂ ਡੂੰਘਾ ਪ੍ਰਭਾਵ ਪਿਆ ਹੀ, ਇਸ ਸ਼ਹਾਦਤ ਨੇ ਦੇਸ਼ ਦੇ ਸਮੁੱਚੇ ਸਮਾਜ ਦੀ ਦਕੀਆਨੂਸੀ ਅਤੇ ਦੱਬੂ ਸੋਚ ਨੂੰ ਵੀ ਝੰਜੋੜ ਕੇ ਰੱਖ ਦਿੱਤਾ।
ਗੁਰੂ ਤੇਗ ਬਹਾਦਰ, ਗੁਰੂ ਨਾਨਕ ਦੇਵ ਜੀ ਦੁਆਰਾ ਥਾਪੀ ਗਈ ਸਿੱਖੀ ਦੇ ਪੰਜਵੇਂ ਰਹਿਨੁਮਾ, ਗੁਰੂ ਅਰਜਨ ਦੇਵ ਜੀ ਦੇ ਪੋਤਰੇ ਅਤੇ ਛੇਵੇਂ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਭ ਤੋਂ ਛੋਟੇ ਪੁੱਤਰ ਸਨ। ਜ਼ਾਹਿਰ ਹੈ ਲੋਕ-ਪ੍ਰੇਮ, ਸੇਵਾ, ਸਹਿਣਸ਼ੀਲਤਾ, ਨਿਰਮਾਣਤਾ ਵਰਗੇ ਗੁਣਾਂ ਦੀ ਗੁੜ੍ਹਤੀ ਜਨਮ ਤੋਂ ਹੀ ਮਿਲ ਗਈ ਸੀ। ਜਦੋਂ ਅਪਰੈਲ, 1621 ਨੂੰ ਅੰਮ੍ਰਿਤਸਰ ਸ਼ਹਿਰ ਵਿੱਚ ਮਾਤਾ ਨਾਨਕੀ ਦੀ ਕੁੱਖੋਂ ਆਪ ਜੀ ਦਾ ਜਨਮ ਹੋਇਆ, ਸਿੱਖੀ ਲਈ ਉਹ ਸਮਾਂ ‘ਮੀਰੀ ਅਤੇ ਪੀਰੀ’ ਦਾ ਸਮਾਂ ਸੀ। ਦਿੱਲੀ ਦੀ ਮੁਗ਼ਲ ਹਕੂਮਤ ਵੱਲੋਂ ਪੰਜਵੇਂ ਗੁਰੂ ਜੀ ਨੂੰ ਲਹੌਰ ਵਿਖੇ ਅਕਹਿ ਕਸ਼ਟ ਦੇ ਕੇ ਸ਼ਹੀਦ ਕਰ ਦੇਣਾ ਸਿੱਖਾਂ ਲਈ ਇੱਕ ਵੱਡੀ ਚੁਨੌਤੀ ਬਣ ਉੱਭਰ ਖਲੋਤਾ ਸੀ। ਇਤਿਹਾਸ ਦਰਸਾਉਂਦਾ ਹੈ ਕਿ ਲਹੌਰ ਵੱਲ ਰਵਾਨਾ ਹੋਣ ਤੋਂ ਪਹਿਲਾਂ ਗੁਰੂ ਜੀ ਨੇ ਗੁਰਗੱਦੀ ਦੇ ਵਾਰਿਸ ਆਪਣੇ ਪੁੱਤਰ ਹਰਗੋਬਿੰਦ ਨੂੰ ਆਪਣੇ ਨਾਲ ਤਕੜੇ ਮੱਲ ਰੱਖਣ ਦੀ ਨਸੀਹਤ ਕਰ ਦਿੱਤੀ ਸੀ। ਸੋ ਗੁਰਸਿੱਖੀ ਦੀ ਇਸ ਪਹਿਲੀ ਸ਼ਹਾਦਤ ਨੇ ਪਹਿਲੇ ਗੁਰੂਆਂ ਦੁਆਰਾ ਦਰਸਾਏ ‘ਕ੍ਰਿਤ ਕਰੋ, ਨਾਮ ਜਪੋ ਅਤੇ ਵੰਡ ਛਕੋ’ ਵਾਲੇ ਜੀਵਨ-ਜਾਚ ਦੇ ਸਿਧਾਂਤਾਂ ਦੇ ਨਾਲ ਸਿਰ ਉੱਚਾ ਕਰਕੇ ਜਿਊਣ ਵਾਸਤੇ ਸਵੈਰੱਖਿਆ ਲਈ ਹਥਿਆਰ ਰੱਖਣ ਦਾ ਸਿਧਾਂਤ ਲਾਗੂ ਕਰਵਾ ਦਿੱਤਾ। ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਨੇ ਗੁਰਗੱਦੀ ਸੰਭਾਲਦਿਆਂ ਹੀ ਅੰਮ੍ਰਿਤਸਰ ਸ਼ਹਿਰ ਦੇ ਬਾਹਰਵਾਰ ਸਥਿਤ ਲੋਹ ਗੜ੍ਹ ਦੇ ਸਥਾਨ ’ਤੇ ਅਖਾੜਿਆਂ ਵਿੱਚ ਕੁਸ਼ਤੀ, ਭਲਵਾਨੀ, ਤਲਵਾਰਬਾਜ਼ੀ ਅਤੇ ਘੋੜਸਵਾਰੀ ਦੀ ਸਿਖਲਾਈ ਸ਼ੁਰੂ ਕਰਵਾ ਦਿੱਤੀ। ਸਿੱਖਾਂ ਦੇ ਰੂਹਾਨੀ ਅਸਥਾਨ ਸ਼੍ਰੀ ਹਰਿਮੰਦਰ ਸਾਹਿਬ ਦੇ ਸਾਹਮਣੇ ਬਾਬਾ ਬੁੱਢਾ ਜੀ ਦੀ ਮਦਦ ਨਾਲ ਆਪਣੇ ਹੱਥੀਂ ਥੜ੍ਹਾ ਸਥਾਪਤ ਕੀਤਾ (ਜੋ ਕਿ ਅਕਾਲ ਤਖਤ ਸਾਹਿਬ ਦੇ ਨਾਂ ਨਾਲ ਸਤਿਕਾਰਿਆ ਜਾਂਦਾ ਹੈ) ਅਤੇ ਮੀਰੀ ਅਤੇ ਪੀਰੀ ਦੀਆਂ ਦੋ ਤਲਵਾਰਾਂ ਪਹਿਨ ਕੇ ਸਿੱਖੀ ਜੀਵਨ ਵਿੱਚ ਰੂਹਾਨੀ ਅਤੇ ਦੁਨਿਆਵੀ, ਦੋਵਾਂ ਪੱਖਾਂ ਦੀ ਜ਼ਰੂਰਤ ਨੂੰ ਉਜਾਗਰ ਕਰ ਦਿੱਤਾ ਸੀ।
ਉਪਰੋਕਤ ਮਾਹੌਲ ਵਿੱਚ ਜੰਮੇ, ਪਲੇ ਅਤੇ ਪ੍ਰਵਾਨ ਚੜ੍ਹੇ ਬਾਲਕ ਤੇਗ ਮੱਲ, ਜਿੱਥੇ ਜ਼ਹੀਨ ਰੂਹਾਨੀ ਸਕਾਲਰ ਸਨ ਜੋ ਕਿ ਗੁਰਬਾਣੀ ਦੇ ਨਾਲ ਨਾਲ ਵੇਦ, ਪੁਰਾਣ ਅਤੇ ਉਪਨਸ਼ਿਦ ਦੇ ਗਿਆਤਾ ਵੀ ਸਨ, ਉੱਥੇ ਉਹ ਨਿਡਰ ਯੋਧੇ ਵੀ ਸਨ। ਉਹ ਤੇਗ ਚਲਾਉਣ ਅਤੇ ਘੋੜਸਵਾਰੀ ਦੇ ਮਾਹਿਰ ਸਨ। ਸੱਤ ਸਾਲ ਦੀ ਉਮਰ ਵਿੱਚ ਉਨ੍ਹਾਂ ਨੇ ਮੁਗਲਾਂ ਵੱਲੋਂ ਅੰਮ੍ਰਿਤਸਰ ਸ਼ਹਿਰ ’ਤੇ ਕੀਤੇ ਹਮਲੇ ਸਮੇਂ ਸਿੱਖਾਂ ਵੱਲੋਂ ਮੁਕਾਬਲੇ ਵਿੱਚ ਲੜੀ ਜੰਗ ਦਾ ਦ੍ਰਿਸ਼ ਅੱਖੀਂ ਦੇਖਿਆ। ਪਿਤਾ ਗੁਰੂ ਹਰਗੋਬਿੰਦ ਸਾਹਿਬ ਵੱਲੋਂ ਲੜੀ ਗਈ ਕਰਤਾਰਪੁਰ ਸਾਹਿਬ ਦੀ ਚੌਥੀ ਜੰਗ ਵਿੱਚ ਹੱਥ ਵਿੱਚ ਤੇਗ ਫੜ ਘੋੜੇ ’ਤੇ ਸਵਾਰ ਹੋ ਤੇਗ ਮੱਲ ਨੇ ਆਪਣੀ ਬਹਾਦਰੀ ਦੇ ਐਸੇ ਜੌਹਰ ਵਿਖਾਏ ਕਿ ਪਿਤਾ ਨੇ ਉਸ ਨੂੰ ‘ਤੇਗ ਦਾ ਧਨੀ’ ਦੇ ਉਪਨਾਮ ਨਾਲ ਵਡਿਆਇਆ। ਉਦੋਂ ਤੋਂ ਤੇਗ ਮੱਲ ਦਾ ਨਾਂ ‘ਤੇਗ ਬਹਾਦਰ’ ਹੋ ਗਿਆ। ਐਨੇ ਗੁਣਾਂ ਦੇ ਮਾਲਕ ਤੇਗ ਬਹਾਦਰ, ਰੀਤ ਅਨੁਸਾਰ ਸਭ ਤੋਂ ਛੋਟੇ ਪੁੱਤ ਹੋਣ ਨਾਤੇ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਜੋਤੀ ਜੋਤ ਸਮਾਉਣ ਬਾਦ ਗੁਰਗੱਦੀ ਦੇ ਵਾਰਿਸ ਨਹੀਂ ਥਾਪੇ ਜਾ ਸਕਦੇ ਸਨ। ਪਰ ਹੋਣੀ ਨੇ ਇਸ ਕਾਰਜ ਲਈ ਜੋ ਸਮਾਂ ਸਥਾਨ ਨਿਯਤ ਕੀਤਾ ਹੋਇਆ ਸੀ, ਉਸ ਤੋਂ ਪਹਿਲਾਂ ਕੁਝ ਹੋ ਵੀ ਨਹੀਂ ਸਕਣਾ ਸੀ। ਗੁਰੂ ਜੀ ਦੇ ਵੱਡੇ ਪੁੱਤਰ ਬਾਬਾ ਗੁਰਦਿੱਤਾ ਦੀ ਮੌਤ ਹੋ ਜਾਣ ਕਾਰਨ ਉਨ੍ਹਾਂ ਦੇ ਵੱਡੇ ਪੁੱਤਰ ਛੇਵੇਂ ਗੁਰੂ ਹਰਰਾਇ ਸਾਹਿਬ ਜੀ ਹੋਏ, ਜਿਨ੍ਹਾਂ ਦੇ ਛੋਟੀ ਉਮਰ ਵਿੱਚ ਜੋਤੀ ਜੋਤ ਸਮਾਉਣ ਉਪਰੰਤ ਛੇ ਸਾਲ ਦੀ ਉਮਰ ਦੇ ਉਨ੍ਹਾਂ ਦੇ ਪੁੱਤਰ ਸ਼੍ਰੀ ਹਰਕ੍ਰਿਸ਼ਨ ਜੀ ਗੁਰਗੱਦੀ ਤੇ ਸ਼ੁਸੋਭਿਤ ਹੋਏ। ਚੇਚਕ ਤੋਂ ਪੀੜਿਤ ਹੋ ਜਾਣ ਕਾਰਨ ਸੰਨ 1664 ਵਿੱਚ ਨੌਂ ਸਾਲ ਦੀ ਉਮਰ ਵਿੱਚ ਉਹ ਜੋਤੀ ਜੋਤ ਸਮਾ ਗਏ। ਕਹਿੰਦੇ ਹਨ ਕਿ ਉਨ੍ਹਾਂ ਨੂੰ ਗੁਰਗੱਦੀ ਦੇ ਵਾਰਿਸ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਸਿਰਫ ਇਹ ਦੋ ਬੋਲ ਬੋਲੇ, “ਬਾਬਾ ਬਕਾਲੇ।”
ਉਸ ਸਮੇਂ ਤੇਗ ਬਹਾਦਰ ਆਪਣੀ ਪਤਨੀ ਗੁਜਰੀ ਜੀ ਨਾਲ ਆਪਣੇ ਨਾਨਕੇ ਪਿੰਡ ਬਕਾਲੇ ਵਿਖੇ ਰਹਿੰਦੇ ਸਨ। ਇੱਥੇ ਤੇਗ ਬਹਾਦਰ ਇਕਾਂਤਵਾਸ ਵਿੱਚ ਪ੍ਰਭੂ ਭਗਤੀ ਵਿੱਚ ਲੀਨ ਜੀਵਨ ਬਤੀਤ ਕਰ ਰਹੇ ਸਨ। ਉਹ ਇੱਕ ਭੋਰੇ ਵਿੱਚ ਭਗਤੀ ਕਰ ਰਹੇ ਸਨ ਜਦੋਂ ਸਮੇਂ ਦੀ ਹੋਣੀ ਨੇ ਗੁਰੂ ਘਰ ਦੇ ਸ਼ਰਧਾਲੂ ਮੱਖਣ ਸ਼ਾਹ ਲੁਬਾਣਾ ਤੋਂ ‘ਗੁਰੂ ਲਾਧੋ ਰੇ’ ਦਾ ਹੋਕਾ ਦਿਵਾ ਸਿੱਖਾਂ ਦੇ ਨੌਂਵੇਂ ਗੁਰੂ ਤੇਗ ਬਹਾਦਰ ਜੀ ਨੂੰ ਪ੍ਰਗਟ ਕਰਵਾਇਆ ਅਤੇ ਗੁਰੂ ਹਰਕ੍ਰਿਸ਼ਨ ਜੀ ਦੇ ਅਨਿਨ ਭਗਤ ਦੁਰਗਾ ਮੱਲ ਜੀ ਵੱਲੋਂ ਨੌਂਵੇਂ ਗੁਰੂ ਦੀ ਥਾਪਨਾ ਦਵਾਈ। ਸੋ ਗੁਰੂ ਤੇਗ ਬਹਾਦਰ ਜੀ ਨੇ ਕਰੀਬ 43 ਸਾਲ ਦੀ ਉਮਰ ਵਿੱਚ ਸੰਨ 1664 ਨੂੰ ਗੁਰਗੱਦੀ ਸੰਭਾਲੀ। ਉਸ ਸਮੇਂ ਆਪ ਜੀ ਬੌਧਿਕ, ਨੈਤਿਕ, ਧਾਰਮਿਕ ਅਤੇ ਦੁਨਿਆਵੀ ਦਿੱਬ-ਦ੍ਰਿਸ਼ਟੀ ਵਾਲੇ ਪਰਪੱਕ ਵਿਅਕਤੀ ਸਨ। ਉਨ੍ਹਾਂ ਨੇ ਸਿੱਖੀ ਦਾ ਪ੍ਰਚਾਰ ਕਰਨ ਲਈ ਅਸਾਮ ਅਤੇ ਢਾਕਾ ਤਕ ਦੀਆਂ ਲੰਮੀਆਂ ਯਾਤਰਾਵਾਂ ਕੀਤੀਆਂ।
ਉਦੋਂ ਉਹ ਅਸਾਮ ਵਿੱਚ ਸਨ ਜਦੋਂ ਸੰਨ 1666 ਨੂੰ ਮਾਤਾ ਗੁਜਰੀ ਦੀ ਕੁੱਖੋਂ ਪਟਨਾ ਵਿਖੇ ਪੁੱਤਰ ਗੋਬਿੰਦ ਰਾਏ ਦਾ ਜਨਮ ਹੋਇਆ। ਨਾਨਕੀ ਚੱਕ (ਅਜੋਕਾ ਅਨੰਦਪੁਰ ਸਾਹਿਬ) ਨਾਂ ਦਾ ਸਥਾਨ ਵਸਾ ਗੁਰੂ ਜੀ ਪਰਿਵਾਰ ਸਮੇਤ ਉੱਥੇ ਵੱਸ ਗਏ। ਸਿੱਖੀ ਦੀ ਮਹਿਮਾ ਦੂਰ ਦੂਰ ਤਕ ਫੈਲ ਚੁੱਕੀ ਸੀ ਤੇ ਫੈਲ ਰਹੀ ਸੀ। ਧਰਮ ਦੇ ਨਾਂ ’ਤੇ ਬਾਦਸ਼ਾਹ ਔਰੰਗਜ਼ੇਬ ਦੇ ਜ਼ੁਲਮ ਦਿਨ-ਬਦਿਨ ਵਧ ਰਹੇ ਸਨ। ਲੋਕਾਈ ਤਰਾਹ ਤਰਾਹ ਕਰ ਰਹੀ ਸੀ। ਇਸ ਸਮੇਂ ਕਿਸੇ ਧਰਮ ਦੇ ਰਾਖੇ ਦੀ ਕੁਰਬਾਨੀ ਦੀ ਲੋੜ ਦੀ ਗੱਲ ਉੱਠੀ ਤਾਂ ਬਾਲ ਗੋਬਿੰਦ ਦੇ ਬੋਲ ਕਿ ‘ਆਪ ਜੀ ਤੋਂ ਵੱਡਾ ਧਰਮੀ ਕੌਣ ਹੈ?’ ਨੇ ਗੁਰੂ ਜੀ ਦੀ ਸ਼ਹਾਦਤ ਦਾ ਮੁੱਢ ਬੰਨ੍ਹ ਦਿੱਤਾ। ਦਿੱਲੀ ਦੇ ਚਾਂਦਨੀ ਚੌਂਕ ਵਿੱਚ ਸਰੇ-ਬਜ਼ਾਰ ਲੋਕਾਂ ਦੀ ਅਥਾਹ ਭੀੜ ਦੇ ਸਾਹਮਣੇ 24 ਨਵੰਬਰ 1675 ਵਾਲੇ ਦਿਨ ਜਲਾਦ ਨੇ ਗੁਰੂ ਜੀ ਦਾ ਸੀਸ ਧੜ ਤੋਂ ਅਲੱਗ ਕਰ ਦਿੱਤਾ। (ਇਹ ਸਥਾਨ ਅਜੋਕਾ ਗੁਰਦੁਆਰਾ ਸੀਸ ਗੰਜ ਸਾਹਿਬ ਹੈ।)
ਇਹ ਕੋਝਾ ਕਾਰਜ ਆਮ ਲੋਕਾਂ ਵਿੱਚ ਦਹਿਸ਼ਤ ਫੈਲਾਉਣ ਲਈ ਕੀਤਾ ਗਿਆ ਸੀ, ਪਰ ਹੋਇਆ ਇਸਦੇ ਉਲਟ। ਇਹ ਸ਼ਹਾਦਤ ਸਿੱਖੀ ਕਦਰਾਂ ਕੀਮਤਾਂ ਦਾ ਮੂਲ ਸਿਧਾਂਤ ਬਣ ਗਈ ਜੋ ਕਿ ਭਵਿੱਖੀ ਨਸਲਾਂ ਲਈ ਜਬਰ ਅਤੇ ਜ਼ੁਲਮ ਦੇ ਵਿਰੁੱਧ ਸਿਰ ਚੁੱਕ ਖੜ੍ਹਾ ਹੋਣ ਦਾ ਪ੍ਰੇਰਨਾ ਸ੍ਰੋਤ ਬਣ ਗਿਆ। ਇਹ ਸੱਚ ਉਸੇ ਸਮੇਂ ਹੀ ਉਜਾਗਰ ਹੋ ਗਿਆ ਸੀ ਜਦੋਂ ਕਰੜੇ ਪਹਿਰੇ ਵਿੱਚੋਂ ਰਾਤ ਦੇ ਹਨੇਰੇ ਵਿੱਚ ਭਾਈ ਜੈਤਾ ਨਾਂ ਦਾ ਗੁਰੂ ਦਾ ਸਿੱਖ ਨਿਧੜਕ ਹੋ ਗੁਰੂ ਜੀ ਦਾ ਸੀਸ ਲੈ ਅਨੰਦਪੁਰ ਨੂੰ ਰਵਾਨਾ ਹੋ ਗਿਆ ਅਤੇ ਲੱਖੀ ਵਣਜਾਰੇ ਦੀ ਮਦਦ ਨਾਲ ਭਾਈ ਉਦਾ ਸਿੰਘ ਧੜ ਦਾ ਅੰਤਿਮ ਸੰਸਕਾਰ ਕਰਨ ਵਿੱਚ ਸਫਲ ਹੋ ਗਏ। (ਇਹ ਅਸਥਾਨ ਦਿੱਲੀ ਵਿੱਚ ਸਥਿਤ ਗੁਰਦੁਆਰਾ ਰਕਾਬ ਗੰਜ ਸਾਹਿਬ ਹੈ।) ਇਸ ਅਣਮਨੁੱਖੀ ਘਟਨਾ ਨੇ ਸਿੱਖਾਂ ਵਿੱਚ ਆਪਣੀ ਵੱਖਰੀ ਪਛਾਣ ਬਣਾਉਣ ਦਾ ਜਜ਼ਬਾ ਪੈਦਾ ਕਰ ਦਿੱਤਾ। ਸਿੱਖ ਜਿਹੜਾ ਲੱਖਾਂ ਵਿੱਚੋਂ ਪਛਾਣਿਆ ਜਾ ਸਕੇ। ਸਿੱਖ ਜਿਸਦੀ ਆਪਣੀ ਇੱਕ ਦਿੱਖ ਹੋਵੇ। ਇਸ ਸ਼ਹਾਦਤ ਦਾ ਨੌਂ ਸਾਲ ਦੇ ਬਾਲਕ ਗੋਬਿੰਦ ਰਾਏ ’ਤੇ ਅਜਿਹਾ ਪ੍ਰਭਾਵ ਪਿਆ ਕਿ ਜ਼ੁਲਮ ਦਾ ਵਿਰੋਧ ਕਰਨ ਅਤੇ ਸਵੈਰੱਖਿਆ ਦੀ ਲੋੜ ਲਈ 1699 ਦੀ ਵਿਸਾਖੀ ਵਾਲੇ ਦਿਨ ਉਸਨੇ ਸਿੱਖਾਂ ਨੂੰ ਤਿਆਰ ਬਰ ਤਿਆਰ ਖਾਲਸਾ ਦਾ ਰੂਪ ਦੇ ਕੇ ਖਾਲਸਾ ਪੰਥ ਦੀ ਸਾਜਣਾ ਕਰ ਦਿੱਤੀ। ਦੂਰ ਦੂਰ ਤੋਂ ਸੰਗਤਾਂ ਅਨੰਦਪੁਰ ਸਾਹਿਬ ਪਹੁੰਚਦੀਆਂ, ਅੰਮ੍ਰਿਤ ਸੰਚਾਰ ਹੁੰਦਾ ਅਤੇ ਦੱਬੇ ਕੁੱਚਲੇ ਲੋਕ, ਜਿਨ੍ਹਾਂ ਨੇ ਸਦੀਆਂ ਤੋਂ ਜ਼ੁਲਮ ਸਹੇ ਸਨ ਅਤੇ ਡਰਦਿਆਂ ਚੂੰ ਨਹੀਂ ਕੀਤੀ ਸੀ, ਹੁਣ ਸ਼ੇਰ ਬਣ ਗੱਜਣ ਲੱਗੇ। ਵਿਸਾਖੀ ਦਾ ਕ੍ਰਿਸ਼ਮਈ ਦਿਹਾੜਾ ਉਸ ਲੋਕ-ਲਹਿਰ ਦਾ ਸਬੱਬ ਬਣ ਗਿਆ ਜੋ ਸਦੀਆਂ ਤੋਂ ਸਿਸਕ ਰਹੀ ਸੀ। ‘ਚਿੜੀਓਂ ਸੇ ਮੈਂ ਬਾਜ਼ ਤੁੜਾਊਂ, ਸਵਾ ਲਾਖ ਸੇ ਏਕ ਲੜਾਊਂ, ਤਬੈ ਗੋਬਿੰਦ ਸਿੰਘ ਨਾਮ ਕਹਾਊਂ॥’ ਗੁਰਵਾਕ ਨੇ ਧੌਣ ਸੁੱਟ ਤੁਰਦੀ ਲੋਕਾਈ ਅੰਦਰ ਨਵੀਂ ਰੂਹ ਫੂਕ ਦਿੱਤੀ। ‘ਪ੍ਰਗਟਿਓ ਮਰਦ ਅਗੰਮੜਾ ਵਰਿਆਮ ਅਕੇਲਾ। ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ॥’ ਜਾਬਰ ਹਾਕਮ ਤੇ ਮਜ਼ਲੂਮ ਪਰਜਾ ਵਾਲਾ ਪਾੜਾ ਖਤਮ ਹੋ ਗਿਆ। ਜਬਰ ਜ਼ੁਲਮ ਦੀ ਥਾਂ ਪ੍ਰੇਮ ਅਤੇ ਸੇਵਾ ਨੇ ਗੁਰੂ ਅਤੇ ਸੰਗਤ ਦਰਮਿਆਨ ਸ਼ਰਧਾ ਦਾ ਰਿਸ਼ਤਾ ਕਾਇਮ ਕੀਤਾ। ਸਿੱਖ ਹੁਣ ਆਪਣੀ ਹੀ ਨਹੀਂ ਬਲਕਿ ਸਮੁੱਚੀ ਮਨੁੱਖਤਾ ਦੀ ਅਜ਼ਾਦੀ, ਹੱਕ ਅਤੇ ਇਨਸਾਫ ਲਈ ਮੈਦਾਨੇ-ਜੰਗ ਵਿੱਚ ਸਿਰ ਧੜ ਦੀ ਬਾਜ਼ੀ ਲਾਉਣ ਲੱਗੇ। ਹੁਣ ਤਕ ਜੋ ਸਿੱਖ ਸ਼ਾਂਤੀ ਦੇ ਪੁੰਜ ਸਨ, ਗੁਰੂ ਤੇਗ ਬਹਾਦਰ ਦੀ ਸ਼ਹਾਦਤ ਉਪਰੰਤ ਇੱਕ ਤਕੜੀ ਫ਼ੌਜੀ ਤਾਕਤ ਬਣ ਉੱਭਰਨ ਲੱਗੇ। ਸਮਾਜ ਵਿੱਚ ਗ਼ਜ਼ਬ ਜਾਗਰੂਕਤਾ ਆ ਗਈ।
ਗੁਰੂ ਜੀ ਦੀ ਸ਼ਹਾਦਤ ਨੇ ਆਮ ਜਨਤਾ ਵਿੱਚ ਰੋਹ ਅਤੇ ਬਦਲੇ ਦਾ ਬੀਜ ਬੀਜ ਦਿੱਤਾ ਸੀ। ਗੁਰੂ ਸਾਹਿਬ ਦੀ ਸ਼ਹਾਦਤ ਤੋਂ ਕੇਵਲ ਦੋ ਸਾਲ ਬਾਅਦ ਹੀ ਸਿੱਖਾਂ ਵਿੱਚ ਰੋਹ ਅਤੇ ਗੁੱਸੇ ਦੀ ਭਾਵਨਾ ਐਨੀ ਪ੍ਰਜਵਲਿਤ ਹੋ ਗਈ ਅਤੇ ਹੌਸਲਾ ਇਸ ਕਦਰ ਜ਼ੋਰ ਫੜ ਗਿਆ ਸੀ ਕਿ 19 ਅਕਤੂਬਰ 1677 ਨੂੰ ਇੱਕ ਗੁਰਸਿੱਖ ਵੱਲੋਂ ਗੁਰੂ ਸਾਹਿਬ ਨੂੰ ਸ਼ਹੀਦ ਕਰਨ ਦਾ ਹੁਕਮ ਦੇਣ ਵਾਲੇ ਔਰੰਗਜ਼ੇਬ ਉੱਤੇ ਤਲਵਾਰ ਨਾਲ ਹਮਲਾ ਕੀਤਾ ਗਿਆ ਸੀ। ਜਦੋਂ ਔਰੰਗਜ਼ੇਬ ਜਾਮਾ ਮਸਜਿਦ ਦੇ ਅੰਦਰੋਂ ਨਮਾਜ਼ ਪੜ੍ਹ ਕੇ ਕਿਸ਼ਤੀ ਵਿੱਚ ਬੈਠ ਕੇ ਜਮਨਾ ਨਦੀ ਪਾਰ ਕਰਕੇ ਘੋੜੇ ਤੇ ਸਵਾਰ ਹੋਣ ਵਾਲਾ ਸੀ ਤਾਂ ਭੀੜ ਵਿੱਚੋਂ ਬਿਜਲੀ ਦੀ ਫੁਰਤੀ ਨਾਲ ਉਹ ਨੌਜਵਾਨ ਆਪਣੀ ਨੰਗੀ ਤਲਵਾਰ ਲੈ ਕੇ ਨਿਕਲਿਆ ਤੇ ਔਰੰਗਜ਼ੇਬ ਉੱਤੇ ਵਾਰ ਕਰ ਦਿੱਤਾ। ਪਰ ਉਹ ਵਾਰ ਬਚਾ ਗਿਆ ਅਤੇ ਇਸ ਗੁਰਸਿੱਖ ਨੂੰ ਸੁਰੱਖਿਆ ਦਸਤੇ ਨੇ ਘੇਰ ਲਿਆ। ਇਸ ਗੁਰਸਿੱਖ ਬਾਰੇ ਇਤਿਹਾਸ ਵਿੱਚ ਕੋਈ ਜਾਣਕਾਰੀ ਨਹੀਂ ਮਿਲਦੀ। ਪਰ ਹਾਂ, ਖਾਫ਼ੀ ਖਾਨ ਦੇ ਮੁਆਸਰੇ ਆਲਮਗੀਰੀ ਵਿੱਚ ਇਸਦਾ ਜ਼ਿਕਰ ਬਹੁਤ ਹੀ ਮੰਦੀ ਭਾਸ਼ਾ ਵਿੱਚ ਕੀਤਾ ਗਿਆ ਹੈ। ‘ਜਬੈ ਬਾਣ ਲਾਗਯੋ॥ ਤਬੈ ਰੋਸ ਜਾਗਯੋ॥’ ਦੇ ਕਥਨ ਅਨੁਸਾਰ ਇਸ ਘਟਨਾ ਨੇ ਬਦਲੇ ਦੀ ਭਾਵਨਾ ਨੂੰ ਐਨਾ ਉਤੇਜਿਤ ਕਰ ਦਿੱਤਾ ਸੀ ਕਿ ਕੁਝ ਕੁ ਦਿਨਾਂ ਬਾਦ 27 ਅਕਤੂਬਰ 1677 ਨੂੰ ਇੱਕ ਨੌਜਵਾਨ ਨੇ ਔਰੰਗਜ਼ੇਬ ਦੇ ਦੋ ਇੱਟਾਂ ਵਗਾਹ ਮਾਰੀਆਂ। ਬੇਸ਼ਕ ਇਹ ਹਮਲੇ ਅਸਫਲ ਰਹੇ ਪਰ ਜ਼ੁਲਮ ਵਿਰੁੱਧ ਲੜਨ ਦੀ ਚਿਣਗ ਜ਼ੋਰ ਫੜਨ ਲੱਗ ਪਈ ਸੀ।
ਇਹੋ ਹੀ ਕਾਰਨ ਸੀ ਕਿ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦੀ ਇੱਕ ਅਵਾਜ਼ ’ਤੇ ਇਕੱਠੀਆਂ ਹੋਣ ਲੱਗ ਪਈਆਂ। ਪਰਿਵਾਰ ਦੇ ਵੱਡੇ ਪੁੱਤਰ ਨੂੰ ਸਿੰਘ ਸਜਾਉਣ ਦੀ ਪ੍ਰਿਤ ਪੈ ਗਈ ਜੋ ਕਿ ਲੋਕ ਚੇਤਨਾ ਦਾ ਪ੍ਰਤੀਕ ਬਣ ਉੱਭਰੀ। ਜੰਗੀ ਤਿਆਰੀ ਵਿੱਚ ਸਿੱਖਾਂ ਦਾ ਠਾਠਾਂ ਮਾਰਦਾ ਸਮੁੰਦਰ ਸ਼ਾਮਲ ਹੋ ਜੰਗੀ ਮੁਸ਼ੱਕਤਾਂ ਕਰਨ ਲੱਗ ਪਿਆ। ਤਲਵਾਰਬਾਜ਼ੀ, ਨੇਜ਼ਾਬਾਜ਼ੀ, ਘੋੜਸਵਾਰੀ ਵਰਗੇ ਜੰਗੀ ਕਾਰਨਾਮਿਆਂ ਵਿੱਚ ਨਿਪੁੰਨ ਖਾਲਸਾ ਫ਼ੌਜ ਉੱਭਰਨ ਲੱਗੀ। ਗੁਰੂ ਵੱਲੋਂ ਬਖ਼ਸ਼ਿਸ਼ ਸਿੱਖਾਂ ਦੀ ਕੇਸ, ਕੰਘਾ ਕੜਾ ਕਛਹਿਰਾ ਅਤੇ ਕ੍ਰਿਪਾਨ ਵਾਲੀ ਵੱਖਰੀ ਦਿੱਖ ਨੇ ਸਿੱਖਾਂ ਦੇ ਹੌਸਲੇ ਬੁਲੰਦ ਕਰ ਦਿੱਤੇ। ‘ਭੈਅ ਕਾਹੂ ਕਉ ਦੇਤ ਨਹਿ ਨਹਿ ਭੈਅ ਮਾਨਤ ਆਨ॥’ ਵਾਲੀ ਸੱਚ ਦੀ ਸੋਚ ਨਾਲ ਓਤ ਪੋਤ ਸਿੱਖ, ਹੱਕ ਸੱਚ ਅਤੇ ਇਨਸਾਫ ਲਈ ਜਾਬਰ ਦੇ ਜ਼ੁਲਮ ਦੇ ਵਿਰੁੱਧ ਨਿਰਭੈ ਹੋ ਕੇ ਜੂਝਣ ਲੱਗੇ। ਸਿੱਖਾਂ ਦਾ ਉੱਚਾ-ਸੁੱਚਾ ਅਤੇ ਸੱਚਾ ਧਰਮੀ ਜੀਵਨ ਹੋਰਨਾਂ ਲਈ ਪ੍ਰੇ੍ਰਰਨਾ ਸ੍ਰੋਤ ਬਣ ਗਿਆ। ਸਮੁੱਚਾ ਸਮਾਜ ਇਸ ਨਵੀਂ ਉਦੈ ਹੋਈ ਕੌਮ ਵੱਲ ਆਪਣੀ ਸੁਰੱਖਿਆ ਲਈ ਤੱਕਣ ਲੱਗਾ। ਇਨ੍ਹਾਂ ਦੀ ਨਿਰਭੈ ਮੌਜੂਦਗੀ ਗਰੀਬ ਅਤੇ ਨਿਆਸਰੇ ਲੋਕਾਂ ਲਈ ਵੱਡੀ ਢਾਰਸ ਸਾਬਤ ਹੋਈ। ਮਜਬੂਰ ਅਤੇ ਲਾਚਾਰ ਲੋਕ ਆਪਣੀ ਮੁਸੀਬਤ ਵੇਲੇ ਉਨ੍ਹਾਂ ਨੂੰ ਆਪਣਾ ਦੁੱਖ ਆ ਦੱਸਦੇ। ਲੋਕਾਂ ਦੇ ਦੁੱਖਾਂ ਅਤੇ ਮੁਸੀਬਤਾਂ ਦਾ ਨਿਵਾਰਣ ਹੋਣ ਲੱਗਾ। ਦੱਬੀ ਕੁਚਲੀ ਜਨਤਾ ਸਵੈਮਾਣ ਵਾਲੀ ਲੋਕ-ਧਾਰਾ ਵਿੱਚ ਬੱਝ ਗਈ। ਸਿੱਖਾਂ ਦੇ ਸੇਵਾ-ਭਾਵ, ਨਿਰਮਾਣਤਾ, ਦੂਜਿਆਂ ਦੇ ਕੰਮ ਆਉਣ ਦਾ ਚਾਅ, ਭੁੱਖੇ ਦੇ ਮੂੰਹ ਬੁਰਕੀ ਪਾਉਣਾ, ਜਬਰ ਜ਼ੁਲਮ ਦਾ ਮੁਕਾਬਲਾ ਸ਼ਾਂਤੀ ਨਾਲ ਕਰਨਾ ਵਰਗੇ ਗੁਣਾਂ ਅਤੇ ਸਿੱਖੀ ਦੇ ਵਿਲੱਖਣ ਆਚਾਰ-ਵਿਹਾਰ ਵਾਲਾ ਜੀਵਨ ਅਜੋਕੇ ਸਮੇਂ ਵਿੱਚ ਵੀ ਸਿੱਖਾਂ ਨੂੰ ਸਮੁੱਚੇ ਸਮਾਜ ਵਿੱਚ ਹਰਮਨ ਪਿਆਰਾ ਬਣਾਉਂਦਾ ਹੈ।
ਇਹ ਤੱਥ ਜੱਗ ਜ਼ਾਹਿਰ ਹੈ ਕਿ ਗੁਰੂ ਸਾਹਿਬ ਦੀ ਸ਼ਹਾਦਤ ਨਾਲ ਸਿੱਖਾਂ ਵਿੱਚ ਇਨਕਲਾਬੀ ਬੀਜ ਪੈਦਾ ਹੋ ਗਏ ਸਨ, ਜੋ ਗੁਰੂ ਗੋਬਿੰਦ ਸਿੰਘ ਜੀ ਦੇ ਥਾਪੜੇ ਨਾਲ ਬੈਰਾਗੀ ਮਾਧੋ ਦਾਸ ਤੋਂ ਸਿੰਘ ਸਜੇ ਬਾਬਾ ਬੰਦਾ ਸਿੰਘ ਬਹਾਦਰ ਦੇ ਰੂਪ ਵਿੱਚ ਪ੍ਰਗਟ ਹੋਏ। ਉਹ ਨਾਦੇੜ ਤੋਂ ਪੰਜ ਸਿੰਘ ਲੈ ਕੇ ਤੁਰਿਆ ਸੀ। ਰਸਤੇ ਵਿੱਚ ਇਨਕਲਾਬੀ ਜਾਗਰੂਕ ਲੋਕ ਉਸ ਨਾਲ ਜੁੜਦੇ ਗਏ ਅਤੇ ਇਨਕਲਾਬੀ ਪ੍ਰਵਾਨਿਆਂ ਦੀ ਇਸ ਫ਼ੌਜ਼ ਨੇ ਸਰਹਿੰਦ ਦੀ ਇੱਟ ਨਾਲ ਇੱਟ ਖੜਕਾ ਕੇ ਮਾਸੂਮ ਜ਼ਿੰਦਾਂ ਦੇ ਅਣਮਨੁੱਖੀ ਕਤਲ ਦਾ ਬਦਲਾ ਲਿਆ। ਬੰਦਾ ਸਿੰਘ ਬਹਾਦਰ ਨੇ ਜਗੀਰਦਾਰੀ ਦਾ ਖਾਤਮਾ ਕਰਕੇ ਵਾਹੀਕਾਰਾਂ ਨੂੰ ਜ਼ਮੀਨਾਂ ਦੇ ਮਾਲਕ ਬਣਾ ਖਾਲਸਾ-ਰਾਜ ਦਾ ਮੁੱਢ ਬੰਨ੍ਹਿਆ। ਦਿੱਲੀ ਦੀ ਹਕੂਮਤ ਸਿੱਖਾਂ ਤੋਂ ਥਰ ਥਰ ਕੰਬਣ ਲੱਗੀ। ਲੰਮਾ ਸਮਾਂ ਘੋੜਿਆਂ ਦੀਆਂ ਕਾਠੀਆਂ ਸਿੱਖਾਂ ਦਾ ਰੈਣ ਬਸੇਰਾ ਬਣੀਆਂ। ਸੰਨ 1799 ਵਿੱਚ ਲਹੌਰ ਜਿੱਤ ਕੇ ਮਹਾਰਾਜਾ ਰਣਜੀਤ ਸਿੰਘ ਨੇ ਪੰਜਾਬ ਵਿੱਚ ਖਾਲਸਾ ਰਾਜ ਦੀ ਸਥਾਪਨਾ ਕਰ ਦਿੱਤੀ। ਸਮਾਜਿਕ ਬਰਾਬਰੀ ਦਾ ਇਹ ਚਾਲੀ ਸਾਲਾਂ ਦਾ ਸ਼ਾਨਾਮੱਤਾ ਖਾਲਸਾ-ਰਾਜ ਇਤਿਹਾਸ ਵਿੱਚ ਸੁਨਹਿਰੀ ਅੱਖਰਾਂ ਵਿੱਚ ਲਿਖਿਆ ਮਿਲਦਾ ਹੈ। ਗੁਜ਼ਰਦੇ ਸਮਿਆਂ ਨਾਲ ਕਦੇ ਗਦਰੀ ਬਾਬੇ ਅਤੇ ਕਦੇ ਭਗਤ ਸਿੰਘ ਵਰਗੇ ਦੇਸ਼ ਭਗਤ ਦੇਸ਼ ਦੀ ਅਜ਼ਾਦੀ ਲਈ ਇਨਕਲਾਬ ਦਾ ਨਾਅਰਾ ਬਣ ਗੂੰਜੇ ਅਤੇ ਸ਼ਹਾਦਤਾਂ ਦਿੱਤੀਆਂ। ਇਸ ਸੋਚ ਦਾ ਪ੍ਰਭਾਵ ਸਿੱਖਾਂ ਨੇ ਹੀ ਨਹੀਂ ਕਬੂਲਿਆ, ਗੈਰ-ਸਿੱਖ ਵੀ ਇਸ ਇਨਕਲਾਬੀ ਸੋਚ ਤੋਂ ਪ੍ਰੇਰਿਤ ਹੋ ਸਮੇਂ ਦੇ ਹਾਣੀ ਬਣ ਖੜੋਤੇ। ਕਦੇ ਇਹ ਲੋਕ-ਸਮੂਹ ਕਿਸਾਨੀ ਘੋਲ ਬਣ ਸਮਾਜਿਕ ਕ੍ਰਾਂਤੀ ਬਣ ਉੱਭਰੇ ਅਤੇ ਜਦੋਂ ਲੋੜ ਪਈ ਤਾਂ ਮਾਰੋ ਮਾਰ ਕਰਦੇ ਹੜ੍ਹ ਦੀ ਤ੍ਰਾਸਦੀ ਨੂੰ ਨਜਿੱਠਣ ਲਈ ਸਿਰ ਧੜ ਦੀ ਬਾਜ਼ੀ ਲਾਉਣ ਤੋਂ ਗੁਰੇਜ਼ ਨਹੀਂ ਕੀਤਾ। ਖਾਸ ਤੌਰ ’ਤੇ ਸਿੱਖਾਂ ਅਤੇ ਆਮ ਤੌਰ ’ਤੇ ਸਮੁੱਚੇ ਪੰਜਾਬੀਆਂ ਵਿੱਚ ਲੋਕ ਭਲਾਈ, ਦੇਸ਼ ਭਗਤੀ ਅਤੇ ਹੱਕ ਸੱਚ ਲਈ ਡਟ ਜਾਣ ਦਾ ਜਜ਼ਬਾ ਖੂਨ ਵਿੱਚ ਹੀ ਹੈ। ਪੰਜਾਬ ਦੀ ਮਿੱਟੀ ਦਾ ਇਹ ਖਾਸਾ ਗੁਰੂਆਂ ਦੀ ਬਖਸ਼ਿਸ਼ ਹੈ।
ਸਮੁੱਚਤਾ ਵਿੱਚ ਆਖੀਏ ਤਾਂ ਗੁਰੂ ਤੇਗ ਬਹਾਦਰ ਜੀ ਦਾ ਸਾਢੇ ਤਿੰਨ ਸੌ ਸਾਲ ਪਹਿਲਾਂ ਇਸ ਤਰ੍ਹਾਂ ਮਨੁੱਖੀ ਹੱਕਾਂ ਅਤੇ ਇਨਸਾਫ ਲਈ ਜਾਬਰ ਦੇ ਜ਼ੁਲਮ ਵਿਰੁੱਧ ਡਟ ਕੇ ਖੜ੍ਹੇ ਹੋ ਜਾਣਾ, ਆਪਣੀ ਜਾਨ ਦੀ ਪ੍ਰਵਾਹ ਨਾ ਕਰਨਾ ਅਤੇ ਕੁਰਬਾਨ ਹੋ ਜਾਣਾ, ਸ਼ੁਰੂਆਤ ਸੀ ਇਨ੍ਹਾਂ ਅਜੋਕੀਆਂ ਸੰਸਥਾਵਾਂ ਦੀ ਜੋ ਸੰਸਾਰ ਭਰ ਵਿੱਚ ਮਨੁੱਖੀ ਹੱਕਾਂ, ਧਾਰਮਿਕ ਅਜ਼ਾਦੀ ਅਤੇ ਸਮੱਚੀ ਮਨੁੱਖਤਾ ਦੇ ਮਾਣ-ਸਨਮਾਨ ਦੀ ਰਾਖੀ ਕਰਨ ਦੀ ਜ਼ਿੰਮੇਵਾਰੀ ਲੈਣ ਵਾਲੀਆਂ ਧਾਰਨਾਵਾਂ ਦਾ ਦਾਅਵਾ ਕਰਦੀਆਂ ਹਨ। ਗੁਰੂ ਸਾਹਿਬ ਦੀ ਸ਼ਹਾਦਤ ਦੇ ਸਾਢੇ ਤਿੰਨ ਸੌ ਸਾਲਾਂ ਨੂੰ ਨਤਮਸਤਕ ਹੋ ਕੇ ਆਉ ਆਪਾਂ ਸਾਰੇ ਮਨੁੱਖੀ ਹੱਕਾਂ ਦੇ ਮੋਢੀ ਗੁਰੂ ਤੇਗ ਬਹਾਦਰ ਸਾਹਿਬ ਦੀ ਸੋਚ ਨੂੰ ਤਨੋ ਮਨੋ ਅਪਣਾਈਏ। ਅਰਦਾਸ ਕਰੀਏ ਕਿ ਗੁਰੂ ਸਾਨੂੰ ਅਤੇ ਸਾਡੀ ਸੰਤਾਨ ਨੂੰ ਹਮੇਸ਼ਾ ਹੱਕ, ਸੱਚ ਤੇ ਇਨਸਾਫ ਸੰਗ ਖੜ੍ਹੇ ਹੋਣ ਦਾ ਬਲ ਬਖਸ਼ੇ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (