“ਮੈਂ ਉਸਦੇ ਘਰ ਦਾ ਅਤਾ ਪਤਾ ਪੁੱਛ ਲਿਆ। ਉਦੋਂ ਮੈਂ ਅਤੇ ਮੇਰੀ ਪਤਨੀ ਵੀ ਉਸੇ ਕਸਬੇ ਵਿੱਚ ...”
(11 ਸਤੰਬਰ 2025)
ਗੱਲ 1991 ਦੀ ਹੈ। ਉਦੋਂ ਮੈਂ ਅਧਿਆਪਕ ਵਜੋਂ ਚੰਡੀਗੜ੍ਹ ਵਿਖੇ ਡੈਪੂਟੇਸ਼ਨ ਉੱਤੇ ਤਾਇਨਾਤ ਸਾਂ। ਮੈਂਨੂੰ ਸੈਕਟਰ 27 ਵਿਖੇ ਪਹਿਲੀ ਮੰਜ਼ਿਲ ਉੱਤੇ ਸਰਕਾਰੀ ਰਿਹਾਇਸ਼ ਮਿਲੀ ਹੋਈ ਸੀ। ਸਾਡੇ ਮਾਤਾ ਜੀ ਸ਼ੂਗਰ ਦੇ ਮਰੀਜ਼ ਸਨ। ਉਹ ਸਾਡੇ ਜੱਦੀ ਪਿੰਡ ਕੁਰੜ੍ਹੀ ਵਿਖੇ ਰਹਿੰਦੇ ਸਨ। ਉਹਨਾਂ ਨੂੰ ਇਨਸੁਲਿਨ ਦਾ ਟੀਕਾ ਲਗਦਾ ਸੀ। ਇੱਕ ਵਾਰ ਉਹਨਾਂ ਦਾ ਟੀਕਾ ਬੁਰੀ ਤਰ੍ਹਾਂ ਪੱਕ ਗਿਆ। ਇਨਫੈਕਸ਼ਨ ਤੋਂ ਬਚਾਉਣ ਲਈ ਮੈਂ ਉਹਨਾਂ ਨੂੰ ਆਪਣੀ ਚੰਡੀਗੜ੍ਹ ਰਿਹਾਇਸ਼ ’ਤੇ ਲੈ ਆਇਆ। ਉਹਨਾਂ ਨੂੰ ਪਹਿਲੀ ਮੰਜ਼ਿਲ ’ਤੇ ਚੁੱਕ ਕੇ ਚੜ੍ਹਾਉਣਾ, ਉਤਾਰਨਾ ਪੈਂਦਾ ਸੀ। ਭਾਵੇਂ ਸਾਨੂੰ ਮੁਸ਼ਕਿਲ ਨਹੀਂ ਲਗਦਾ ਸੀ ਪਰ ਮਾਤਾ ਜੀ ਨੂੰ ਮਹਿਸੂਸ ਹੁੰਦਾ ਸੀ। ਮੈਂ ਅਰਜ਼ੀ ਲਿਖ ਕੇ ਅਸਟੇਟ ਦਫਤਰ ਸੈਕਟਰ 17 ਵਿਖੇ ਚਲਾ ਗਿਆ ਤਾਂ ਜੋ ਗਰਾਊਂਡ ਫਲੋਰ ’ਤੇ ਕੋਈ ਸਰਕਾਰੀ ਰਿਹਾਇਸ਼ ਬਦਲਵਾ ਸਕਾਂ। ਸਰਕਾਰੀ ਰਿਹਾਇਸ਼ ਬਦਲਣ ਦੇ ਅਧਿਕਾਰ ਅਸਿਸਟੈਂਟ ਇਸਟੇਟ ਅਫਸਰ ਕੋਲ ਸਨ। ਉਹਨਾਂ ਦੇ ਦਫਤਰ ਦੇ ਬਾਹਰ ਲਟਕਦੀਆਂ ਖਾਲੀ ਸਲਿੱਪਾਂ ਵਿੱਚੋਂ ਇੱਕ ਸਲਿੱਪ ਕੱਢ ਕੇ ਮੈਂ ਮਿਲਣ ਲਈ ਆਪਣਾ ਨਾਂ ਲਿਖਣ ਲੱਗਿਆ ਹੀ ਸੀ ਕਿ ਦਫਤਰੀ ਕਮਰੇ ਦੇ ਬਾਹਰ ਬੈਠੇ ਗੰਨਮੈਨ ਨੇ ਮੇਰੇ ਗੋਡੀਂ ਹੱਥ ਲਾਏ ਅਤੇ ਕਹਿਣ ਲੱਗਾ, “ਸਰ, ਪਛਾਣਿਆ ਨਹੀਂ?”
ਮੈਂ ਸਮਝ ਗਿਆ ਕਿ ਇਹ ਮੇਰਾ ਵਿਦਿਆਰਥੀ ਰਿਹਾ ਹੋਵੇਗਾ। ਅਕਸਰ ਹੀ ਅਧਿਆਪਕਾਂ ਦੀ ਸ਼ਕਲ ਕਈ ਸਾਲ ਨਹੀਂ ਬਦਲਦੀ ਪਰ ਵਿਦਿਆਰਥੀ ਤਾਂ ਕੁਝ ਸਾਲਾਂ ਵਿੱਚ ਹੀ ਸ਼ਕਲੋਂ ਬਦਲ ਜਾਂਦੇ ਹਨ। ਮੈਂ ਟੇਢੀ ਅੱਖ ਨਾਲ ਉਸਦੀ ਜੇਬ ’ਤੇ ਲੱਗੀ ਨੇਮ ਪਲੇਟ ਵੱਲ ਤੱਕਣ ਹੀ ਲੱਗਾ ਸੀ ਕਿ ਉਹ ਝੱਟ ਬੋਲਿਆ, “ਮੈਂ ਸਤਪਾਲ ਹਾਂ, ਤੁਹਾਡਾ ਬਨੂੜ ਸਕੂਲ ਦਾ ਵਿਦਿਆਰਥੀ।”
ਉਹ ਮੈਨੂੰ ਬਿਨਾਂ ਸਲਿੱਪ ਦਿੱਤਿਆਂ ਦਰਵਾਜ਼ਾ ਖੋਲ੍ਹ ਕੇ ਅਫਸਰ ਕੋਲ ਲੈ ਗਿਆ ਅਤੇ ਉਹਨਾਂ ਦੇ ਸਾਹਮਣੇ ਖਲੋ ਕੇ ਕਹਿਣ ਲੱਗਾ, “ਸਰ, ਇਹ ਮੇਰੇ ਅਧਿਆਪਕ ਹਨ। ਮੈਨੂੰ ਇਹ ਤਾਂ ਪਤਾ ਨਹੀਂ ਇਨ੍ਹਾਂ ਦਾ ਕੰਮ ਕੀ ਹੈ ਪਰ ਬੇਨਤੀ ਹੈ ਕਿ ਕਰ ਦੇਣਾ। ਇਨ੍ਹਾਂ ਦਾ ਮੇਰੇ ਉੱਤੇ ਅਹਿਸਾਨ ਹੈ।” ਉਹ ਝੱਟ ਹੀ ਕਹਿ ਗਿਆ। ਅਸਿਸਟੈਂਟ ਇਸਟੇਟ ਅਫਸਰ ਨੇ ਮੇਰੀ ਅਰਜ਼ੀ ਫੜੀ, ਝੱਟ ਹੀ ਡੀਲਿੰਗ ਅਸਿਸਟੈਂਟ ਨੂੰ ਬੁਲਾ ਕੇ ਮੇਰਾ ਕੰਮ ਕਰਨ ਦੀ ਹਦਾਇਤ ਕਰ ਦਿੱਤੀ। ਨਾਲ ਇਹ ਵੀ ਕਿਹਾ, “ਜੇ ਇਹ ਮਕਾਨ ਵੀ ਠੀਕ ਨਾ ਹੋਵੇ ਤਾਂ ਹੋਰ ਬਦਲਵਾ ਲੈਣਾ।” ਇਸ ਤਰ੍ਹਾਂ ਮੇਰਾ ਕੰਮ ਝਟਪਟ ਹੋ ਗਿਆ।
ਜਦੋਂ ਮੈਂ ਦਫਤਰੀ ਕਮਰੇ ਤੋਂ ਬਾਹਰ ਨਿਕਲਿਆ ਤਾਂ ਉਸ ਗੰਨਮੈਨ ਨੇ ਇੱਕ ਘਟਨਾ ਯਾਦ ਕਰਵਾਈ, ਜੋ ਮੈਨੂੰ ਵੀ ਯਾਦ ਆ ਗਈ। ਉਹ ਇਸ ਤਰ੍ਹਾਂ ਸੀ ਕਿ ਇੱਕ ਵਾਰ ਇੱਕ ਮੁੰਡਾ ਗਧਿਆਂ ਦੇ ਪਿੱਛੇ ਪਿੱਛੇ ਹੱਕਦਾ ਹੋਇਆ ਗਧਿਆਂ ਨੂੰ ਭੱਠੇ ਵਲ ਲੈ ਜਾ ਰਹਾ ਸੀ। ਮੈਨੂੰ ਦੇਖ ਕੇ ਉਹ ਮੂੰਹ ਪਰੇ ਕਰਕੇ ਲੰਘਣ ਦੀ ਕੋਸ਼ਿਸ਼ ਕਰ ਰਿਹਾ ਸੀ। ਮੈਨੂੰ ਸ਼ੱਕ ਹੋਇਆ ਕਿ ਇਹ ਸਕੂਲ ਦਾ ਕੋਈ ਵਿਦਿਆਰਥੀ ਹੋਵੇਗਾ। ਮੈਂ ਉਸ ਨੂੰ ਪੁੱਛ ਹੀ ਲਿਆ ਅਤੇ ਉਹ ਕਹਿਣ ਲੱਗਾ ਕਿ ਉਹਦਾ ਪੜ੍ਹਨ ਨੂੰ ਤਾਂ ਦਲ ਕਰਦਾ ਹੈ ਪਰ ਉਹਦੇ ਮਾਪੇ ਉਹਨੂੰ ਕੰਮ ਵਿੱਚ ਲਾਉਣਾ ਚਾਹੁੰਦੇ ਹਨ, ਪੜ੍ਹਨ ਨਹੀਂ ਜਾਣ ਦਿੰਦੇ। ਮੈਂ ਉਸਦੇ ਘਰ ਦਾ ਅਤਾ ਪਤਾ ਪੁੱਛ ਲਿਆ। ਉਦੋਂ ਮੈਂ ਅਤੇ ਮੇਰੀ ਪਤਨੀ ਵੀ ਉਸੇ ਕਸਬੇ ਵਿੱਚ ਰਹਿੰਦੇ ਸਾਂ। ਸ਼ਾਮ ਨੂੰ ਉਸਦੇ ਘਰ ਜਾ ਕੇ ਮੈਂ ਉਸਦੇ ਮਾਪਿਆਂ ਨੂੰ ਉਸ ਨੂੰ ਸਕੂਲ ਭੇਜਣ ਲਈ ਮਨਾ ਲਿਆ।
ਉਦੋਂ ਉਹ ਵਿਦਿਆਰਥੀ ਨੌਂਵੀਂ ਜਮਾਤ ਵਿੱਚ ਸੀ। ਫਿਰ ਉਸਨੇ ਦਸਵੀਂ ਅਤੇ ਬਾਰ੍ਹਵੀਂ ਜਮਾਤ ਪਾਸ ਕਰ ਲਈ। ਉਪਰੰਤ ਉਹ ਚੰਡੀਗੜ੍ਹ ਪੁਲਿਸ ਵਿੱਚ ਭਰਤੀ ਹੋ ਗਿਆ ਅਤੇ ਉਸ ਦਿਨ ਉਹ ਗੰਨਮੈਨ ਬਣਕੇ ਮੇਰੇ ਸਾਹਮਣੇ ਖੜ੍ਹਾ ਸੀ, ਜਿਸਨੇ ਮੇਰਾ ਮਕਾਨ ਬਦਵਾ ਦਿੱਤਾ ਸੀ। ਉਹ ਮੈਨੂੰ ਕਹਿਣ ਲੱਗਾ, “ਸਰ, ਜੇ ਉਦੋਂ ਇਹ ਅਹਿਸਾਨ ਨਾ ਕਰਦੇ, ਮੈਂ ਪੜ੍ਹ ਨਹੀਂ ਸੀ ਸਕਦਾ। ਸ਼ਾਇਦ ਮੇਰੇ ਬੱਚਿਆਂ ਨੂੰ ਵੀ ਚੰਡੀਗੜ੍ਹ ਪੜ੍ਹਨ ਦਾ ਮੌਕਾ ਨਾ ਮਿਲਦਾ।”
ਇਸ ਯਾਦ ਨੇ ਮੈਨੂੰ ਬਹੁਤ ਸਕੂਨ ਦਿੱਤਾ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (