VikramjeetDuggal7“ਤੂੰ ਬੜਾ ਇੱਥੇ ਐੱਸ. ਐੱਸ ਪੀ ਲੱਗਿਐਂ ਵਈ ਤੈਨੂੰ ...”
(26 ਫਰਵਰੀ 2017)

 

VikramjeetDuggalB3ਇਹ ਗੱਲ 2002 ਦੇ ਜੁਲਾਈ ਮਹੀਨੇ ਦੀ ਹੋਵੇਗੀ। ਸਾਡੇ ਸ਼ਹਿਰ ਅਬੋਹਰ ਦੇ ਕੁੰਦਨ ਪੈਲਿਸ ਵਿੱਚ ਇਕ ਨਾਟਕ ਮੇਲਾ ਹੋਇਆ। ਉਹਨੀਂ ਦਿਨੀਂ ਮੈਂ ਗਿਆਨੀ ਜ਼ੈਲ ਸਿੰਘ ਕਾਲਜ ਆਫ ਇੰਜਨੀਅਰਿੰਗ ਤਕਨਾਲੋਜੀ ਬਠਿੰਡਾ ਤੋਂ ਬੀ.ਟੈੱਕ ਪਾਸ ਕਰਕੇ ਘਰ ਆਇਆ ਹੀ ਸੀ। ਇਕ ਸ਼ਾਮ ਮੇਰਾ ਪਰਮ ਮਿੱਤਰ ਵਰਿੰਦਰ ਸਚਦੇਵਾ (ਜੋ ਅੱਜਕਲ ਕੈਨੇਡਾ ਵਿੱਚ ਜਾ ਵਸਿਆ ਹੈ), ਜ਼ਿੱਦ ਕਰਨ ਲੱਗਿਆ ਕਿ ਆਪਾਂ ਨਾਟਕ ਵੇਖਣ ਚੱਲਣਾ ਹੈ। ਮੇਰੀ ਰੁਚੀ ਬਚਪਨ ਤੋਂ ਸਾਹਿਤ, ਨਾਟਕ, ਸੰਗੀਤ ਤੇ ਚਿਤਰਕਲਾ ਵਿੱਚ ਰਹੀ ਹੈ (ਤੇ ਹੁਣ ਵੀ ਹੈ)। ਮੈਂ ਉਹਦੇ ਕਹਿਣ ’ਤੇ ਉਹਦੇ ਨਾਲ ਮੋਟਰ ਸਾਈਕਲ ਉੱਤੇ ਪਿੱਛੇ ਬੈਠ ਕੇ ਚੱਲ ਪਿਆ। ਕੁੰਦਨ ਪੈਲਿਸ ਸਾਡੇ ਘਰ ਤੋਂ ਕੋਈ 6 ਕੁ ਕਿਲੋਮੀਟਰ ਹੋਵੇਗਾ। ਮੈਂ ਇਹਨੀਂ ਦਿਨੀਂ ਸੋਚ ਰਿਹਾ ਸਾਂ ਕਿ ਮੈਂ ਸਿਵਲ ਸਰਵਿਸਿਜ਼ ਦੀ ਤਿਆਰੀ ਕਰਾਂ ਤੇ ਇੱਕ ਵੱਡਾ ਪੁਲੀਸ ਅਫਸਰ ਬਣਾ ਪੰਜਾਬੀ ਯੂਨੀਵਰਸਿਟੀ ਪਟਿਆਲੇ ਅਗਲੇ ਮਹੀਨੇ ਇਸਦੀਆਂ ਕਲਾਸਾਂ ਸ਼ੁਰੂ ਹੋਣ ਵਾਲੀਆਂ ਸਨ। ਸੋ, ਮੈਂ ਵਰਿੰਦਰ ਨਾਲ ਨਾਟਕ ਵੇਖਣ ਜਾਂਦਾ ਵੀ ਰਾਹ ਵਿਚ ਇਹੋ ਸੋਚੀ ਜਾਵਾਂ ਕਿ ਪਟਿਆਲੇ ਜਾਕੇ ਤਿਆਰੀ ਦੀ ਵਿਉਂਤ ਕਿਵੇਂ ਬਣਾਉਣੀ ਹੈ।

ਜਦ ਅਸੀਂ ਪੈਲਿਸ ਦੇ ਅੰਦਰ ਵੜੇ ਤਾਂ ਨਾਟਕ ਆਪਣੇ ਪੂਰੇ ਜੋਬਨ ਉੱਤੇ ਚੱਲ ਰਿਹਾ ਸੀ। ਦਰਸ਼ਕਾਂ ਦੀ ਭੀੜ ਏਨੀ ਸੀ ਕਿ ਪੈਰ ਰੱਖਣ ਨੂੰ ਵੀ ਥਾਂ ਨਹੀਂ ਸੀ ਮਿਲ ਰਹੀ। ਬਹੁਤ ਲੋਕ ਖੜ੍ਹੇ ਹੋਏ ਨਾਟਕ ਵੇਖ ਰਹੇ ਸਨ। ਅਸੀਂ ਵੀ ਬਿਲਕੁਲ ਪਿੱਛੇ ਜਾ ਕੇ ਖਲੋ ਗਏ। ਮੇਰਾ ਧਿਆਨ ਸਭ ਤੋਂ ਅਗਲੇ ਪਾਸੇ ਬੈਠੇ ਵੀ.ਆਈ.ਪੀ. (ਵਿਸ਼ੇਸ਼ ਮਹਿਮਾਨਾਂ) ਵੱਲ ਚਲਾ ਗਿਆ ਤੇ ਮੈਂ ਉੱਥੇ ਖਲੋਤਾ ਮਨ ਹੀ ਮਨ ਸੋਚਣ ਲੱਗਿਆ ਕਿ ਜੇ ਮੈਂ ਸਿਵਲ ਸਰਵਿਸਿਜ਼ ਪਾਸ ਕਰ ਗਿਆ, ਤਾਂ ਕਦੇ ਮੈਂ ਵੀ ਇਵੇਂ ਹੀ ਮੁੱਖ ਮਹਿਮਾਨ ਬਣ ਕੇ ਪ੍ਰੋਗਰਾਮਾਂ ਉੱਤੇ ਜਾਇਆ ਕਰਾਂਗਾ! ਮੁੱਖ ਮਹਿਮਾਨਾਂ ਵਿੱਚ ਸਾਡੇ ਸ਼ਹਿਰ ਦੇ ਪਤਵੰਤਿਆਂ ਨਾਲ ਐੱਸ.ਡੀ.ਐੱਮ. ਸਾਹਿਬ ਵੀ ਬੈਠੇ ਹੋਏ ਸਨ।

ਏਧਰ-ਓਧਰ ਫਸ ਕੇ ਖਲੋਤੇ ਹੋਏ ਜਾਂ ਥਾਂ ਲੱਭ ਰਹੇ ਦਰਸ਼ਕਾਂ ਦੇ ਮੋਢੇ ਨਾਲ ਮੋਢੇ ਖਹਿ ਰਹੇ ਸਨ। ਮੇਰਾ ਮਨ ਕਾਹਲਾ ਜਿਹਾ ਪਈ ਜਾਵੇ, ਜਿਵੇਂ ਮੇਰਾ ਸਾਹ ਘੁੱਟਣ ਲੱਗਿਆ ਹੋਵੇ। ਮੈਨੂੰ ਉੱਥੇ ਖਲੋਤੇ ਨੂੰ ਜਿਵੇਂ ਅੰਦਰੋਂ ਆਵਾਜ਼ ਆਈ, ‘ਵਿਕਰਮ ... ਜਿੱਥੇ ਤੂੰ ਹੁਣ ਖੜ੍ਹਾ ਹੈਂ, ਇਹ ਥਾਂ ਤੇਰੇ ਲਈ ਨਹੀਂ ਹੈ।’ ਮੈਂ ਵਰਿੰਦਰ ਨੂੰ ਫੱਟ ਦੇਣੇ ਕਿਹਾ, “ਆਪਾਂ ਨੂੰ ਕੀ ਲੋੜ ਸੀ ਏਨੀ ਭੀੜ ਵਿਚ ਗੁਆਚਣ ਦੀ ... ਮਿੱਤਰਾ, ਚੱਲ ਮੁੜ ਚੱਲੀਏ ...।” ਮੇਰੀ ਗੱਲ ਸੁਣ ਕੇ ਵਰਿੰਦਰ ਕਹਿਣ ਲੱਗਿਆ, “ਕਿਉਂ ਕੀ ਗੱਲ? ਵਾਪਸ ਕਿਉਂ ਜਾਣੈ?” ਮੈਂ ਆਖਿਆ ਕਿ ਮੈਨੂੰ ਜਾਪ ਰਿਹੈ ਜਿਵੇਂ ਇਹ ਥਾਂ ਮੇਰੇ ਲਈ ਨਹੀਂ ਬਣੀ। ਵਰਿੰਦਰ ਨੇ ਸੁਭਾਵਿਕ ਹੀ ਕਿਹਾ, “ਯਾਰਾ, ਤੂੰ ਬੜਾ ਇੱਥੇ ਐੱਸ. ਐੱਸ ਪੀ ਲੱਗਿਐਂ ਵਈ ਤੈਨੂੰ ਐੱਸ. ਡੀ. ਐੱਮ ਸਾਹਬ ਆਪਣੀ ਥਾਂ ਛੱਡ ਕੇ ਬਿਠਾਉਣ ...।”

ਇਹ ਆਖ ਕੇ ਉਹ ਹੱਸ ਪਿਆ। ਉਸਨੇ ਐੱਸ.ਐੱਸ.ਪੀ ਲਫਜ਼ ਸਾਇਦ ਇਸ ਲਈ ਵਰਤਿਆ ਸੀ ਕਿਉਂਕਿ ਮੈਂ ਪੁਲੀਸ ਅਫਸਰ ਬਣਨ ਦੇ ਸੁਪਨੇ ਦੇਖਦਾ ਰਹਿੰਦਾ ਸਾਂ। ਮੈਂ ਅੱਗੋਂ ਕਿਹਾ, “ਕੋਈ ਨਾ, ਕੋਈ ਦਿਨ ਆਵੇਗਾ ਜਦ ਮੈਂ ਵੀ ਕੁਝ ਬਣ ਕੇ ਉਹਨਾਂ ਅਗਲਿਆਂ ਸੋਫਿਆਂ ਉੱਤੇ ਬੈਠਿਆ ਕਰਾਂਗਾ।”

ਵਰਿੰਦਰ ਫਿਰ ਹੱਸ ਪਿਆ। ਮੈਂ ਫਿਰ ਆਖਿਆ, “ਛਡ ਯਾਰ ... ਚੱਲ ਮੁੜ ਚੱਲੀਏ।” ਪਰ ਉਸਨੇ ਮੇਰੀ ਗੱਲ ਨਾ ਗਉਲੀ। ਆਖਰ ਮੈਂ ਹਾਰ ਕੇ ਪੈਲਿਸ ਹਾਲ ਵਿੱਚੋਂ ਇਕੱਲਾ ਹੀ ਬਾਹਰ ਨਿਕਲ ਆਇਆ ਤੇ ਉਸਦੇ ਆਉਣ ਦੀ ਉਡੀਕ ਕਰਨ ਲੱਗਿਆ। ਇੱਕ ਘੰਟਾ ਬੀਤ ਗਿਆ ਸੀ, ਵਰਿੰਦਰ ਨਹੀਂ ਆਇਆ ਤੇ ਮੈਂ ਖਿਝ ਖਾ ਕੇ ਉੱਥੋਂ ਪੈਦਲ ਹੀ ਆਪਣੇ ਘਰ ਨੂੰ ਚੱਲ ਪਿਆ। ਮੈਂ ਸੜਕੇ ਸੜਕ ਤੁਰਿਆ ਆਵਾਂ, ਤੇ ਵਰਿੰਦਰ ਦਾ ਕਿਹਾ ‘ਐੱਸ.ਐੱਸ.ਪੀ’ ਲਫ਼ਜ਼ ਮੇਰੇ ਜ਼ਿਹਨ ਵਿੱਚ ਵਾਰ-ਵਾਰ ਗੂੰਜੀ ਜਾਵੇ।

ਇਸ ਘਟਨਾ ਨੂੰ ਚੌਦਾਂ ਸਾਲ ਤੋਂ ਵੀ ਵਧੇਰੇ ਸਮਾਂ ਬੀਤ ਚੁੱਕਿਆ ਹੈਮੈਨੂੰ ਅੱਜ ਵੀ ਯਾਦ ਹੈ ਜਦ ਮੈਂ ਅਬੋਹਰ ਤੋਂ ਪਟਿਆਲੇ ਵੱਲ ਨੂੰ ਆਪਣੇ ਮਿੱਤਰ ਗੁਰਵਿੰਦਰ ਤੇ ਸੰਜੀਵ ਮਿੱਤਲ, (ਜਿਸ ਨੂੰ ਅਸੀਂ ਸਾਰੇ ਚੌੜ ਨਾਲ ਬਰਨਾਲਾ ਸਾਹਬ ਆਖਦੇ ਹੁੰਦੇ ਸੀ, ਕਿਉਂਕਿ ਉਹਦਾ ਪਿਛੋਕੜ ਬਰਨਾਲਾ ਸ਼ਹਿਰ ਨਾਲ ਹੈ) ਨਾਲ ਸਿਵਲ ਸਰਵਿਸਿਜ਼ ਦੀ ਤਿਆਰੀ ਕਰਨ ਲਈ ਨਿਕਲਿਆ ਸਾਂ। ਮੈਂ ਲਗਾਤਾਰ ਪੜ੍ਹਦਾ ਰਿਹਾ। ਮਿਹਨਤ ਕਰਦਾ ਰਿਹਾ। ਪਟਿਆਲੇ ਯੂਨੀਵਰਸਿਟੀ ਦੇ ਬਿਲਕੁਲ ਨੇੜੇ ਰਹਿ ਕੇ ਤਿਆਰੀ ਕੀਤੀ। ਘਰ ਵੀ ਬਹੁਤ ਦੇਰ ਬਾਅਦ ਜਾਂਦਾ ਸਾਂ। ਇੱਕ ਵਕਤ ਦੀ ਰੋਟੀ ਦੀ ਥਾਂ ਸਮੋਸੇ ਖਾ ਕੇ ਹੀ ਵਕਤ ਬਿਤਾਉਣਾ ਪਿਆ, ਕਿਉਂਕਿ ਜਿੱਥੇ ਮੇਰਾ ਟਿਕਾਣਾ ਸੀ, ਉੱਥੇ ਕੋਈ ਢਾਬਾ ਨਹੀਂ ਸੀ, ਸਿਰਫ਼ ਸਮੋਸਿਆਂ ਤੇ ਮਠਿਆਈ ਦੀ ਛੋਟੀ ਜਿਹੀ ਹੱਟੀ ਸੀ। ਕਈ ਵਾਰ ਬਿਮਾਰ ਵੀ ਹੋ ਜਾਣਾ ਤਾਂ ਲਾਗਿਓਂ ਕਿਸੇ ਕਲੀਨਕ ਤੋਂ ਦਵਾਈ ਲੈ ਆਉਣੀ ਤੇ ਘਰ ਵੀ ਨਾ ਦੱਸਣਾ।

ਚਲੋ ... ਸਾਲ 2006 ਦੀ ਸਿਵਲ ਸਰਵਿਸਿਜ਼ ਪ੍ਰੀਖਿਆ ਵਿੱਚ ਮੇਰੀ ਚੋਣ ਹੋ ਗਈ ਤੇ ਮੈਂ ਆਈ ਪੀ ਐੱਸ ਬਣ ਗਿਆ। ਜਿਸ ਦਿਨ ਨਤੀਜਾ ਆਇਆ ਉਹ ਦਿਨ ਮੇਰੀ ਜ਼ਿੰਦਗੀ ਦੇ ਖੁਸ਼ਹਾਲ ਦਿਨਾਂ ਵਿੱਚੋਂ ਇੱਕ ਸੀ। ਟਰੇਨਿੰਗ ਦੌਰਾਨ ਆਂਧਰਾ ਪਰਦੇਸ਼ ਕਾਡਰ ਮਿਲ ਗਿਆ। ਮੈਂ ਆਂਧਰਾ ਪ੍ਰਦੇਸ਼ ਤੇ ਤੇਲੰਗਾਨਾ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਬਤੌਰ ਪੁਲਿਸ ਮੁਖੀ ਕੰਮ ਕੀਤਾ ਤੇ ਕਰ ਰਿਹਾ ਹਾਂ। ਬਹੁਤ ਸਾਰੇ ਸਮਾਗਮਾਂ ਅਤੇ ਪ੍ਰੋਗਰਾਮਾਂ ਉੱਤੇ ਮੁੱਖ ਮਹਿਮਾਨ ਬਣ ਕੇ ਜਾਣਾ ਹੁੰਦਾ ਹੈ ਤੇ ਪ੍ਰੰਤੂ ਉਹ ਕੁੰਦਨ ਪੈਲਿਸ ਵਿੱਚ ਨਾਟਕ ਵੇਖਣ ਜਾਣ ਵਾਲੀ ਘਟਨਾ ਕਦੀ ਨਹੀਂ ਭੁੱਲੀ ਤੇ ਨਾ ਹੀ ਭੁੱਲਣੀ ਹੈ।

ਹੁਣ ਚਾਹੇ ਮੈਂ ਤੇਲੰਗਾਨਾ ਵਿੱਚ ਬਤੌਰ ਪੁਲਿਸ ਕਮਿਸ਼ਨਰ ਦੇ ਅਹੁਦੇ ਉੱਤੇ ਤਾਇਨਾਤ ਹਾਂ ਅਤੇ ਖ਼ਾਸ ਕਰਕੇ ਜਦ ਕਿਸੇ ਸਕੂਲ, ਕਾਲਜ ਜਾਂ ਯੂਨੀਵਰਸਿਟੀ ਵਿੱਚ ਵਿਦਿਆਰਥੀ ਵਰਗ ਨੂੰ ਸੰਬੋਧਨ ਕਰਨ ਜਾਂਦਾ ਹਾਂ, ਤਾਂ ਉਸ ਕੁੰਦਨ ਪੈਲਿਸ ਵਾਲੀ ਘਟਨਾ ਦਾ ਸੰਖੇਪ ਵਿੱਚ ਵਰਨਣ ਜ਼ਰੂਰ ਕਰਦਾ ਹਾਂ ਤਾਂ ਕਿ ਉਨ੍ਹਾਂ ਨੂੰ ਕੁਝ ਨਾ ਕੁਝ ਪ੍ਰੇਰਨਾ ਮਿਲ ਸਕੇ। ਮੈਂ ਅਕਸਰ ਹੀ ਕਹਿੰਦਾ ਹਾਂ ਕਿ ਵਿਦਿਆਰਥੀਓ! ਤੁਸੀਂ ਮਿਹਨਤ ਕਰਕੇ ਆਪਣਾ ਮੁਕਾਮ ਆਪ ਪਾ ਸਕਦੇ ਹੋ ਤੇ ਆਪਣੇ ਲਈ ਚੰਗੀ ਥਾਂ ਬਣਾ ਸਕਦੇ ਹੋ ਪਰ ਆਪਣੇ ਲਕਸ਼ ਪ੍ਰਤੀ ਇਕਾਗਰਤਾ ਬਣੀ ਰਹਿਣੀ ਬਹੁਤ ਲਾਜ਼ਮੀ ਹੈ। ਮਿਹਨਤ ਕਰਨੀ ਨਾ ਭੁੱਲਣਾ ਤੇ ਆਪਣੀ ਥਾਂ ਦੀ ਆਪ ਤਲਾਸ਼ ਕਰਨਾ। ਇਹ ਗੱਲ ਵੱਖ ਹੈ ਇੰਨੇ ਸਾਲਾਂ ਬਾਅਦ ਅੱਜ ਵੀ ਜਦ ਕਦੇ ਵਰਿੰਦਰ ਨਾਲ ਫੋਨ ’ਤੇ ਗੱਲ ਹੁੰਦੀ ਹੈ ਤਾਂ ਅਸੀਂ ਉਹੀ ਬੋਲ ਯਾਦ ਕਰ ਕੇ ਹੱਸ ਪੈਂਦੇ ਹਾਂ, “ਮਿੱਤਰਾ, ਚੱਲ ਮੁੜ ਚੱਲੀਏ ...।”

*****

(615)

ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)

About the Author

ਵਿਕਰਮਜੀਤ ਦੁੱਗਲ

ਵਿਕਰਮਜੀਤ ਦੁੱਗਲ

Vikramjeet Duggal IPS (Commissioner Of Police)
Ramagundam, Telangana, India.
Phone: (91 - 83329 - 41100)
Email: (writevikram2007@gmail.com)