“ਪੈਸਿਆਂ ਪੱਖੋਂ ਸਾਡਾ ਹੱਥ ਤੰਗ ਹੀ ਨਹੀਂ ਸੀ, ਬਲਕਿ ਬਹੁਤ ਤੰਗ ਸੀ। ਸਰਫਾ ਕਰਕੇ ਵੀ ...”
(6 ਜੁਲਾਈ 2025)
ਮਾਰਚ 2022 ਵਿੱਚ ਮੈਂ ਜਦੋਂ ਬਾਰ੍ਹਵੀਂ ਕਲਾਸ ਦੇ ਪੇਪਰ ਦੇ ਰਿਹਾ ਸੀ, ਇੱਕ ਦਿਨ ਅਚਾਨਕ ਪੇਪਰ ਦਿੰਦੇ ਵਕਤ ਮੇਰੇ ਢਿੱਡ ਵਿੱਚ ਇੰਨਾ ਜ਼ੋਰ ਦਾ ਦਰਦ ਛਿੜਿਆ, ਜਿਸ ਨੂੰ ਸਹਿਣਾ ਮੇਰੇ ਲਈ ਔਖਾ ਹੋ ਗਿਆ। ਬੜੀ ਮੁਸ਼ਕਿਲ ਨਾਲ ਪੇਪਰ ਨੂੰ ਅੱਧ-ਪਚੱਧਾ ਹੱਲ ਕੀਤਾ। ਸ਼ਾਮ ਨੂੰ ਜਦੋਂ ਮੈਂ ਘਰ ਗਿਆ, ਮੇਰੀ ਮਾਂ ਮੇਰਾ ਦਰਦ ਦੇਖ ਕੇ ਮੈਨੂੰ ਡਾਕਟਰ ਕੋਲ ਲੈ ਗਈ। ਡਾਕਟਰ ਨੇ ਅਲਟਰਾਸਾਊਂਡ ਕਰਾਉਣ ਦੀ ਸਲਾਹ ਦਿੱਤੀ। ਅਲਟਰਾਸਾਊਂਡ ਦੇਖ ਕੇ ਡਾਕਟਰ ਨੇ ਮੇਰੀ ਮਾਂ ਨੂੰ ਕਿਹਾ ਕਿ ਕੋਈ ਚੀਜ਼ ਨਜ਼ਰ ਤਾਂ ਆ ਰਹੀ ਹੈ ਪਰ ਸਪਸ਼ਟ ਨਹੀਂ ਹੋ ਰਹੀ, ਇਸ ਲਈ ਕਲਰ ਸਕੈਨਿੰਗ ਦੀ ਜ਼ਰੂਰਤ ਹੈ। ਅਗਲੇ ਦਿਨ ਮੇਰੀ ਮਾਂ ਨੇ ਕੁਝ ਪੈਸਿਆਂ ਦਾ ਜੁਗਾੜ ਕਰ ਕੇ ਕਲਰ ਸਕੈਨਿੰਗ ਕਰਵਾਈ। ਪੈਸਿਆਂ ਪੱਖੋਂ ਸਾਡਾ ਹੱਥ ਤੰਗ ਹੀ ਨਹੀਂ ਸੀ, ਬਲਕਿ ਬਹੁਤ ਤੰਗ ਸੀ। ਸਰਫਾ ਕਰਕੇ ਵੀ ਸਾਡਾ ਗੁਜ਼ਾਰਾ ਬੜਾ ਔਖਾ ਹੁੰਦਾ ਸੀ। ਮੇਰਾ ਭਰਾ ਇੱਕ ਫੈਕਟਰੀ ਵਿੱਚ ਕੰਮ ਕਰਦਾ ਸੀ ਅਤੇ ਮੇਰੇ ਪਿਤਾ ਦੀ ਦੋ ਸਾਲ ਪਹਿਲਾਂ ਮੌਤ ਹੋ ਚੁੱਕੀ ਸੀ। ਪਿਤਾ ਦੀ ਮੌਤ ਤੋਂ ਬਾਅਦ ਸਾਡਾ ਆਰਥਿਕ ਢਾਂਚਾ ਬਿਲਕੁਲ ਹਿੱਲ ਗਿਆ ਸੀ। ਕਲਰ ਸਕੈਨਿੰਗ ਦੇਖਣ ਤੋਂ ਬਾਅਦ ਡਾਕਟਰ ਨੇ ਕਿਹਾ ਕਿ ਬੱਚੇ ਨੂੰ ਛੇਤੀ ਤੋਂ ਛੇਤੀ ਚੰਡੀਗੜ੍ਹ ਲੈ ਜਾਓ, ਇਹਦੇ ਪੇਟ ਵਿੱਚ ਗੰਢ ਹੈ। ਉਸ ਸਮੇਂ ਡਾਕਟਰ ਨੇ ਮੇਰੀ ਮਾਂ ਨੂੰ ਇਹ ਨਹੀਂ ਸੀ ਦੱਸਿਆ ਕਿ ਇਹ ਗੰਢ ਕੈਂਸਰ ਵਾਲੀ ਹੈ। ਜਦੋਂ ਡਾਕਟਰ ਮੇਰੀ ਮਾਂ ਨੂੰ ਇਹ ਗੱਲ ਕਹਿ ਰਿਹਾ ਸੀ, ਉਹਨਾਂ ਨੂੰ ਘਬਰਾਹਟ ਛਿੜ ਗਈ। ਉਹਨਾਂ ਦੀ ਘਬਰਾਹਟ ਦੇਖ ਕੇ ਮੇਰਾ ਵੀ ਦਿਲ ਬਹਿ ਗਿਆ। ਡਾਕਟਰ ਨੇ ਮੇਰੀ ਮਾਂ ਨੂੰ ਕਿਹਾ, ਇਹ ਵੇਲਾ ਘਬਰਾਉਣ ਦਾ ਨਹੀਂ, ਸਾਂਭਣ ਦਾ ਹੈ।
ਰਿਸ਼ਤੇਦਾਰਾਂ ਅਤੇ ਆਲੇ ਦੁਆਲੇ ਤੋਂ ਲਈਆਂ ਕਈ ਸਲਾਹਾਂ ਤੋਂ ਬਾਅਦ ਮੈਨੂੰ ਮੋਹਾਲੀ ਦੇ ਸੈਕਟਰ 91 ਵਿਚਲੇ ਬਹਿਗਲ ਕੈਂਸਰ ਹਸਪਤਾਲ ਵਿੱਚ ਲਿਜਾਇਆ ਗਿਆ। ਡਾਕਟਰਾਂ ਨੇ ਸਾਰੀ ਜਾਂਚ ਕਰਨ ਤੋਂ ਬਾਅਦ ਪੈਟ-ਸਕੈਨ ਜਲਦੀ ਤੋਂ ਜਲਦੀ ਕਰਵਾਉਣ ਦੀ ਸਲਾਹ ਦਿੱਤੀ। ਪੈਟ-ਸਕੈਨ ਕਰਾਉਣ ਤੋਂ ਬਾਅਦ ਪਤਾ ਲੱਗਿਆ ਕਿ ਮੇਰੀ ਗੰਢ ਦਾ ਆਕਾਰ ਕਾਫੀ ਵਧਿਆ ਹੋਇਆ ਸੀ। ਕੈਂਸਰ ਦੀ ਇਹ ਗੰਢ ਮੇਰੀ ਕਿਡਨੀ ਦੇ ਬਿਲਕੁਲ ਨਾਲ ਸੀ। ਡਾਕਟਰਾਂ ਦੀ ਟੀਮ ਨੇ ਮੇਰੇ ਭਰਾ ਅਤੇ ਮਾਂ ਨੂੰ ਕਿਹਾ ਕਿ ਤੁਹਾਨੂੰ ਅਪਰੇਸ਼ਨ ਜਲਦੀ ਤੋਂ ਜਲਦੀ ਕਰਵਾਉਣਾ ਚਾਹੀਦਾ ਹੈ। ਅਜੇ ਤਕ ਕਿਡਨੀ ’ਤੇ ਕੈਂਸਰ ਦਾ ਕੋਈ ਅਸਰ ਦਿਖਾਈ ਨਹੀਂ ਦੇ ਰਿਹਾ ਪਰ ਇਸ ਗੱਲ ਦੀ ਕੋਈ ਗਰੰਟੀ ਨਹੀਂ, ਹੋ ਸਕਦਾ ਕਿਡਨੀ ਵੀ ਕੱਢਣੀ ਪਵੇ। ਡਾਕਟਰਾਂ ਨੇ ਅਪਰੇਸ਼ਨ ਦਾ ਖਰਚਾ ਢਾਈ ਲੱਖ ਰੁਪਏ ਦੱਸਿਆ। ਸਾਡੇ ਕੋਲ ਆਯੂਸ਼ਮਨ ਕਾਰਡ ਸੀ ਪਰ ਡਾਕਟਰਾਂ ਨੇ ਕਿਹਾ ਇਹ ਅਪਰੇਸ਼ਨ ਕਵਰ ਨਹੀਂ ਕਰਦਾ। ਕੀਮੋ ਅਤੇ ਰੇਡੀਏਸ਼ਨ ਆਯੂਸ਼ਮਨ ਕਾਰਡ ’ਤੇ ਫਰੀ ਲੱਗ ਜਾਏਗੀ ਪਰ ਅਪਰੇਸ਼ਨ ਦਾ ਖਰਚਾ ਤੁਹਾਨੂੰ ਦੇਣਾ ਪਵੇਗਾ।
ਢਾਈ ਲੱਖ ਰੁਪਏ ਦੀ ਇੱਡੀ ਵੱਡੀ ਰਕਮ ਸੁਣ ਕੇ ਮੇਰੀ ਮਾਂ ਅਤੇ ਭਰਾ ਦੇ ਹੋਸ਼ ਉਡ ਗਏ। ਸਾਰੇ ਰਿਸ਼ਤੇਦਾਰਾਂ ਅਤੇ ਆਲੇ ਦੁਆਲੇ ਤੋਂ ਇਕੱਠੇ ਕਰਕੇ ਵੀ ਅਸੀਂ 50 ਹਜ਼ਾਰ ਰੁਪਏ ਹੀ ਇਕੱਠਾ ਕਰ ਸਕਦੇ ਸੀ। ਮੇਰੀ ਉਮਰ ਉਦੋਂ ਸਿਰਫ 17 ਸਾਲ ਦੀ ਸੀ। ਮੈਨੂੰ ਕਿਸੇ ਚੀਜ਼ ਤੋਂ ਕੋਈ ਡਰ ਵੀ ਨਹੀਂ ਸੀ ਲੱਗ ਰਿਹਾ ਪਰ ਇੱਕੋ ਗੱਲ ਮੈਨੂੰ ਅੰਦਰੋਂ ਅੰਦਰ ਖਾ ਰਹੀ ਸੀ, ਉਹ ਸੀ ਮੇਰੀ ਮਾਂ ਦੀ ਘਬਰਾਹਟ। ਉਹਨਾਂ ਦਾ ਟੁੱਟਦਾ ਹੌਸਲਾ ਮੈਥੋਂ ਦੇਖਿਆ ਨਹੀਂ ਸੀ ਜਾ ਰਿਹਾ। ਘਬਰਾਹਟ ਵਿੱਚ ਮਾਂ ਬਾਰ-ਬਾਰ ਡਾਕਟਰਾਂ ਕੋਲ ਜਾ ਰਹੀ ਸੀ, ਖਰਚਾ ਘੱਟ ਕਰਨ ਲਈ ਕਹਿ ਰਹੀ ਸੀ, ਪਰ ਹੋ ਕੁਝ ਵੀ ਨਹੀਂ ਸੀ ਰਿਹਾ। ਮੇਰੀ ਮਾਂ ਮੇਰੇ ਕੋਲ ਮੇਰੇ ਭਰਾ ਨੂੰ ਛੱਡ ਕੇ ਵਾਪਸ ਘਰ ਗਈ। ਇਸ ਗੱਲ ਦਾ ਮੈਨੂੰ ਬਾਅਦ ਵਿੱਚ ਪਤਾ ਲੱਗਿਆ ਕਿ ਮੇਰੀ ਮਾਂ ਨੇ ਸਾਡਾ ਘਰ ਵੇਚਣ ਲਈ ਲਾ ਦਿੱਤਾ ਸੀ।
ਇਸੇ ਸਮੇਂ ਦੌਰਾਨ ਇੱਕ ਐੱਨ.ਜੀ.ਓ. ਵਾਲੇ ਮੇਰੇ ਕੋਲ ਹਸਪਤਾਲ ਵਿੱਚ ਪਤਾ ਲੈਣ ਲਈ ਆਏ। ਉਹਨਾਂ ਨੇ ਮੇਰੀ 5000 ਰੁਪਏ ਨਾਲ ਆਰਥਿਕ ਮਦਦ ਵੀ ਕੀਤੀ। ਨਾਲ ਹੀ ਉਹਨਾਂ ਮੇਰੇ ਤੋਂ ਮੇਰੇ ਕਿਸੇ ਅਧਿਆਪਕ ਦਾ ਨੰਬਰ ਵੀ ਮੰਗਿਆ। ਮੈਂ ਆਪਣੇ ਪੰਜਾਬੀ ਦੇ ਅਧਿਆਪਕ ਜੱਜ ਸਿੰਘ ਦਾ ਨੰਬਰ ਉਹਨਾਂ ਨੂੰ ਦੇ ਦਿੱਤਾ। ਅਗਲੇ ਹੀ ਦਿਨ ਮੇਰੇ ਅਧਿਆਪਕ ਜੱਜ ਸਿੰਘ ਮੇਰੇ ਕੋਲ ਹਸਪਤਾਲ ਵਿੱਚ ਆ ਪਹੁੰਚੇ। ਉਹਨਾਂ ਨੇ ਦੱਸਿਆ ਕਿ ਮੈਨੂੰ ਕਿਸੇ ਦਾ ਫੋਨ ਆਇਆ ਸੀ ਕਿ ਤੁਹਾਡਾ ਬੱਚਾ ਕੈਂਸਰ ਨਾਲ ਹਸਪਤਾਲ ਵਿੱਚ ਜੂਝ ਰਿਹਾ ਹੈ। ਉਹਨਾਂ ਨੇ ਮੇਰੇ ਨਾਲ ਬੜੀਆਂ ਗੱਲਾਂ ਕੀਤੀਆਂ, ਜ਼ਿੰਦਗੀ ਦੀਆਂ ਕਈ ਹਕੀਕਤਾਂ ਮੈਨੂੰ ਸੁਣਾਈਆਂ। ਉਹਨਾਂ ਦੇ ਆਉਣ ਨਾਲ ਮੈਨੂੰ ਕਾਫੀ ਹੌਸਲਾ ਮਿਲਿਆ। ਮੇਰੀ ਮਾਂ ਜਦੋਂ ਅਗਲੇ ਦਿਨ ਘਰੋਂ ਵਾਪਸ ਆਈ ਤਾਂ ਉਹ ਇਨ੍ਹਾਂ ਕੋਲ ਆ ਕੇ ਰੋਣ ਲੱਗ ਪਈ। ਅਸਲ ਵਿੱਚ ਸਮੱਸਿਆ ਅਪਰੇਸ਼ਨ ਦੀ ਸੀ, ਪੈਸੇ ਦਾ ਕੋਈ ਜੁਗਾੜ ਨਹੀਂ ਸੀ ਹੋ ਰਿਹਾ। ਸਰਦਾਰ ਜੱਜ ਸਿੰਘ ਨੇ ਮੇਰੀ ਮਾਂ ਅਤੇ ਭਰਾ ਨੂੰ ਹੌਸਲਾ ਦਿੰਦਿਆਂ ਕਿਹਾ ਕਿ ਆਪਾਂ ਇਸ ਸਮੱਸਿਆ ਨਾਲ ਮਿਲ ਕੇ ਨਜਿਠਾਂਗੇ। ਪਰਮਾਤਮਾ ਜ਼ਰੂਰ ਕੋਈ ਬਿਧ ਬਣਾ ਦੇਵੇਗਾ।
ਜਿਸ ਦਿਨ ਮੇਰਾ ਅਪਰੇਸ਼ਨ ਹੋਣਾ ਸੀ ਉਸ ਦਿਨ ਵੀ ਅਧਿਆਪਕ ਜੱਜ ਸਿੰਘ ਮੇਰੇ ਨਾਲ ਸਨ। ਮੈਨੂੰ ਇਸ ਗੱਲ ਦਾ ਕੁਝ ਵੀ ਪਤਾ ਨਹੀਂ ਕਿ ਇਨ੍ਹਾਂ ਨੇ ਢਾਈ ਲੱਖ ਰੁਪਏ ਡਾਕਟਰਾਂ ਨੂੰ ਕਿੱਥੋਂ ਲਿਆ ਕੇ ਦਿੱਤਾ। ਅਪਰੇਸ਼ਨ ਤੋਂ ਬਾਅਦ ਵੀ ਜਦੋਂ ਉਹ ਦੋ-ਦੋ ਦਿਨਾਂ ਬਾਅਦ ਮੇਰਾ ਪਤਾ ਲੈਣ ਲਈ ਹਸਪਤਾਲ ਵਿੱਚ ਆਉਂਦੇ ਰਹੇ ਤਾਂ ਮੇਰੀ ਮਾਂ ਹਮੇਸ਼ਾ ਉਹਨਾਂ ਅੱਗੇ ਰੋਣ ਲੱਗ ਜਾਂਦੀ, “ਤੁਸੀਂ ਮੇਰੇ ਪੁੱਤਰ ਦੇ ਜੀਵਨ ਨੂੰ ਬਚਾ ਲਿਆ।” ਅਪਰੇਸ਼ਨ ਹੋਣ ਤੋਂ ਬਾਅਦ ਇੱਕ ਹਫਤਾ ਹਸਪਤਾਲ ਵਿੱਚ ਹੀ ਰਹਿਣਾ ਪਿਆ। ਹਸਪਤਾਲ ਦੀਆਂ ਕੰਧਾਂ ਮੈਨੂੰ ਖਾਣ ਨੂੰ ਆਇਆ ਕਰਨ, ਮੇਰਾ ਜੀਅ ਬਿਲਕੁਲ ਨਹੀਂ ਸੀ ਲੱਗ ਰਿਹਾ। ਮੈਂ ਸਰ ਨਾਲ ਗੱਲ ਕੀਤੀ ਕਿ ਮੈਨੂੰ ਛੁੱਟੀ ਦਿਵਾ ਦਿਓ। ਉਨ੍ਹਾਂ ਨੇ ਡਾਕਟਰਾਂ ਨੂੰ ਬੇਨਤੀ ਕੀਤੀ ਪਰ ਡਾਕਟਰ ਕਹਿੰਦੇ ਅਜੇ ਛੁੱਟੀ ਕਰਨਾ ਖਤਰੇ ਭਰਿਆ ਹੈ। ਆਖਰ ਮੇਰੀ ਬੇਚੈਨੀ ਅਤੇ ਰੁੱਖੇ ਵਿਹਾਰ ਅੱਗੇ ਡਾਕਟਰਾਂ ਨੂੰ ਝੁਕਣਾ ਪਿਆ। ਮੈਨੂੰ ਛੁੱਟੀ ਮਿਲ ਗਈ ਅਤੇ ਮੈਂ ਵਾਪਸ ਘਰ ਆ ਗਿਆ।
ਛੁੱਟੀ ਸਮੇਂ ਡਾਕਟਰਾਂ ਨੇ ਸਾਡੇ ਸਾਰਿਆਂ ਨਾਲ ਇਹ ਗੱਲ ਤੈਅ ਕਰ ਲਈ ਸੀ ਕਿ ਕੀਮੋ ਅਤੇ ਰੇਡੀਏਸ਼ਨ ਸਮੇਂ ਸਿਰ ਲਵਾਉਣੇ ਬਹੁਤ ਜ਼ਰੂਰੀ ਹਨ। ਮੈਨੂੰ ਘਰੋਂ ਹੀ ਕੀਮੋ ਅਤੇ ਰੇਡੀਏਸ਼ਨ ਲਈ ਹਸਪਤਾਲ ਲਜਾਇਆ ਜਾਂਦਾ। ਜਿਸ ਦਿਨ ਵੀ ਰੇਡੀਏਸ਼ਨ ਹੋਣੀ ਹੁੰਦੀ, ਮੇਰੇ ਇਹ ਅਧਿਆਪਕ ਮੇਰੇ ਲਈ ਕਰਾਏ ’ਤੇ ਗੱਡੀ ਭੇਜ ਦਿਆ ਕਰਦੇ ਸਨ। ਅਜੇ ਦੋ ਕੁ ਰੇਡੀਏਸ਼ਨ ਹੀ ਹੋਈਆਂ ਸਨ ਕਿ ਡਾਕਟਰਾਂ ਨੇ ਕਿਹਾ ਕਿ ਗੱਡੀ ਵਿੱਚ ਆਉਣਾ ਤੁਹਾਡੇ ਲਈ ਠੀਕ ਨਹੀਂ ਹੈ। ਗੱਡੀ ਵਿੱਚ ਝਟਕੇ-ਝੋਲੇ ਲੱਗਣ ਨਾਲ ਅਪਰੇਸ਼ਨ ਵਾਲੀ ਜਗਾਹ ਉੱਪਰ ਨੁਕਸਾਨ ਹੋਣ ਡਰ ਹੈ। ਫਿਰ ਮੇਰੇ ਇਸ ਅਧਿਆਪਕ ਨੇ ਹੀ ਸਾਨੂੰ ਹਸਪਤਾਲ ਦੇ ਬਿਲਕੁਲ ਨੇੜੇ ਕਮਰਾ ਕਿਰਾਏ ਉੱਪਰ ਲੈ ਦਿੱਤਾ, ਜਿੱਥੋਂ ਅਸੀਂ ਰੇਡੀਏਸ਼ਨ ਕਰਵਾਉਂਦੇ ਰਹੇ। ਸਿਰਫ ਇੰਨਾ ਹੀ ਨਹੀਂ, ਸਰ ਜੱਜ ਸਿੰਘ ਹਰ ਹਫਤੇ ਮੇਰੇ ਕੋਲ ਗੇੜਾ ਮਾਰਦੇ, ਮੇਰੇ ਖਾਣ-ਪੀਣ ਦਾ ਖਾਸ ਧਿਆਨ ਰੱਖਦੇ।
ਸਭ ਕੁਝ ਠੀਕ ਹੋਣ ਤੋਂ ਬਾਅਦ ਮੈਂ ਇੱਕ ਦਿਨ ਸਕੂਲ ਵਿੱਚ ਆਪਣੇ ਇਸ ਅਧਿਆਪਕ ਨੂੰ ਮਿਲਣ ਲਈ ਗਿਆ। ਮੇਰੀ ਚੜ੍ਹਦੀ ਕਲਾ ਦੇਖ ਕੇ ਬਹੁਤ ਪ੍ਰਸੰਨ ਹੋਏ। ਮੈਂ ਆਪਣੀ ਤਕਲੀਫ ਦੇ ਦਿਨਾਂ ਦੀਆਂ ਬਹੁਤ ਸਾਰੀਆਂ ਗੱਲਾਂ ਕੀਤੀਆਂ। ਗੱਲਾਂ ਗੱਲਾਂ ਵਿੱਚ ਮੈਂ ਪੁੱਛਿਆ, “ਸਰ, ਤੁਸੀਂ ਇੰਨੇ ਪੈਸਿਆਂ ਦਾ ਪ੍ਰਬੰਧ ਕਿਵੇਂ ਕੀਤਾ ਸੀ?
ਸਰ ਦੱਸਣ ਲੱਗ, “ਲੱਗੇ ਦੁਨੀਆਂ ਬਹੁਤ ਧਰਮਾਰਥੀ ਬੰਦਿਆਂ ਨਾਲ ਵੀ ਭਰੀ ਪਈ ਹੈ। ਮੈਂ ਤੇਰੇ ਨਾਂ ’ਤੇ ਇੱਕ ਪੋਸਟ ਲਿਖੀ ਅਤੇ ਸੋਸ਼ਲ ਮੀਡੀਆ ਉੱਤੇ ਪਾ ਦਿੱਤੀ। ਕਿਸੇ ਨੇ ਹਜ਼ਾਰ, ਕਿਸੇ ਨੇ ਦੋ ਹਜ਼ਾਰ ਕਿਸੇ ਨੇ ਪੰਜ ਹਜ਼ਾਰ … ਮੈਨੂੰ ਕੁਝ ਪਤਾ ਨਹੀਂ ਲੱਗਿਆ ਕਿ ਢਾਈ ਲੱਖ ਰੁਪਏ ਕਿਵੇਂ ਇਕੱਠੇ ਹੋ ਗਏ।”
ਅੱਜ ਜਦੋਂ ਮੈਂ ਇਸ ਵਕਤ ਨੂੰ ਯਾਦ ਕਰਦਾ ਮੇਰੀਆਂ ਅੱਖਾਂ ਭਰ ਆਉਂਦੀਆਂ ਹਨ। ਮੈਂ ਨਤਮਸਤਕ ਹੁੰਦਾ ਹਾਂ, ਹਰ ਉਸ ਵਿਅਕਤੀ ਅੱਗੇ, ਜਿਸਨੇ ਮੈਨੂੰ ਰੁਪਇਆ ਰੁਪਈਆ ਦੇ ਕੇ, ਮੇਰੀ ਜਾਨ ਬਚਾਈ। ਮੇਰਾ ਸਿਰ ਝੁਕਦਾ ਹੈ ਆਪਣੇ ਅਧਿਆਪਕ ਸਰਦਾਰ ਜੱਜ ਸਿੰਘ ਅੱਗੇ, ਜਿਨ੍ਹਾਂ ਨੇ ਮੈਨੂੰ ਬਚਾਉਣ ਲਈ ਅਹਿਮ ਭੂਮਿਕਾ ਨਿਭਾਈ।
* * *
ਜਸ਼ਨਪ੍ਰੀਤ B.A Part 3, ਸੰਪਰਕ: (Whatsapp: 91 - 62398 -29774)
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (This email address is being protected from spambots. You need JavaScript enabled to view it.om)