KuljitMann7

“ਇਹ ਗੱਲ ਤੀਹ ਸਤੰਬਰ 1998 ਦੀ ਹੈ, ਜਦੋਂ ਮੈਨੂੰ ਪਹਿਲੀ ਵਾਰ ਕਿਰਪਾਲ ਸਿੰਘ ਦਾ ਫੋਨ ...”KirpalSPannu7
(5 ਜੁਲਾਈ 2025)

 

KirpalSPannu7ਓਂਟੇਰੀਓ ਵਿੱਚ ਚਿਤੰਨ ਵਿਅਕਤੀਆਂ ਲਈ ਕਿਰਪਾਲ ਸਿੰਘ ਪੰਨੂੰ ਇੱਕ ਪਹੁੰਚ-ਮਾਰਗ ਹੈ। ਅਜਿਹਾ ਮਾਰਗ, ਜਿਸਦੇ ਦੋਵੇਂ ਪਾਸੇ ਵੱਡੇ ਵੱਡੇ ਲਾਟੂ ਲੱਗੇ ਹੋਣ, ਜੋ ਘੁਸਮੁਸਾ ਹੋਣ ’ਤੇ ਆਪਣੇ ਆਪ ਹੀ ਜਗ ਪੈਂਦੇ ਹੋਣ। ਜੇ ਤੁਸੀਂ ਵਾਸ਼ਰੂਮ ਵਿੱਚ ਵੀ ਆਪਣੀ ਕੋਈ ਤੁਕਬੰਦੀ ਗੁਣਗੁਣਾ ਰਹੇ ਹੋਵੋਂ ਤਾਂ ਉਹ ਤੁਹਾਨੂੰ ਨਵਤੇਜ ਭਾਰਤੀ ਦੇ ਘਰ ਦਾ ਰਸਤਾ ਦਿਖਾ ਦੇਵੇਗਾ। ਜੇ ਤੁਸੀਂ ਗ਼ਲਤੀ ਨਾਲ ਵੀ ਕੋਈ ਮਿਨੀ ਕਹਾਣੀ ਲਿਖ ਲਈ ਤਾਂ ਉਹ ਤੁਹਾਨੂੰ ਜਰਨੈਲ ਸਿੰਘ ਦੀ ਸੰਗਤ ਵਿੱਚ ਲੈ ਜਾਵੇਗਾ। ਅੱਗੇ ਤੇਰੇ ਭਾਗ ਲੱਛੀਏ! ਜਰਨੈਲ ਸਿੰਘ ਗਰਚਾ ਮੁਹਾਵਰਿਆਂ ਦੀਆਂ ਬੋਰੀਆਂ ਭਰੀ ਫਿਰਦਾ ਸੀ, ਅਸੀਂ ਸਾਰੇ ਉਸ ਨੂੰ ਬੁਹਤ ਯਾਦ ਕਰਦੇ ਹਾਂ।

ਕੋਈ ਵੀ ਹੋਵੇ, ਥੋੜ੍ਹਾ ਬਹੁਤ ਕਰੈਡਿਟ ਹਰ ਰਚਨਾ ਵਿੱਚ, ਹਰ ਵਿਅਕਤੀ ਵਿੱਚ ਕਿਰਪਾਲ ਸਿੰਘ ਪੰਨੂੰ ਨੂੰ ਦੇਣਾ ਪੈਂਦਾ ਹੈ। ਇਹ ਮਜਬੂਰੀ ਨਹੀਂ ਸਗੋਂ ਹਕੀਕਤ ਹੈ, ਉਹ ਹੱਕਦਾਰ ਹੈ ਇਸ ਮਾਣ ਦਾ।

ਪਤਾ ਨਹੀਂ ਇਹ ਕੈਨੇਡਾ ਕਦੋਂ ਆਇਆ, ਕਿਉਂ ਆਇਆ, ਪਰ ਲਗਦਾ ਇੰਝ ਹੈ ਜਿਵੇਂ ਇਸਦੇ ਬਗੈਰ ਭਾਈਚਾਰੇ ਦੀ ਗੱਡੀ ਊਣੀ ਹੀ ਰਹਿਣੀ ਸੀ। ਤਣਾਓ ਗ੍ਰਸਤ ਬਜ਼ੁਰਗ, ਜਿਹੜੇ ਕੰਪਿਊਟਰ ਵੱਲ ਪਿੱਠ ਕਰਕੇ ਉੱਠਦੇ, ਬੈਠਦੇ ਤੇ ਸੌਂਦੇ ਸਨ, ਉਹਨਾਂ ਦੀਆਂ ਪੱਥਰ ਉਂਗਲਾਂ ਨੂੰ ਕੋਮਲ ਕਰ ਕੇ ਵਿੱਚ ਕਿਰਪਾਲ ਸਿੰਘ ਪੰਨੂੰ ਨੇ ਕੀ-ਬੋਰਡ ਨਾਲ ਜੋੜਿਆ। ਇਸ ਵਿੱਚ ਕਿਰਪਾਲ ਸਿੰਘ ਪੰਨੂੰ ਦਾ ਆਪਣਾ ਸਵਾਰਥ ਵੀ ਹੈ। ਦਹਾਕਾ ਪਹਿਲਾਂ ਇਸ ਨੂੰ ਸਾਰਿਆਂ ਲਈ ਆਪ ਟਾਈਪ ਕਰਨੀ ਪੈਂਦੀ ਸੀ। ਸਕੀਮੀ ਬੰਦੇ ਨੇ ਆਪਣੀ ਜਾਨ ਛੁਡਾ ਲਈ। ਕੰਮ ਕੁਝ ਘਟਿਆ। ਹੁਣ ਸਿਰਫ ਪੇਜ ਸੈਟਿੰਗ ਤੇ ਹੋਰ ਨਿੱਕੇ ਮੋਟੇ ਕੰਮ ਹੀ ਰਹਿੰਦੇ ਸਨ ਪਰ ਹੌਲੀ-ਹੌਲੀ ਇਸਨੇ ਉਹਦੇ ਉੱਤੇ ਵੀ ਖਿਝ ਖੁਝ ਕੇ ਕੰਮ ਕੀਤਾ ਤੇ ਅੱਜ ਜੇ ਕਿਸੇ ਨੂੰ ਕੋਈ ਗ਼ਲਤੀ ਨਾਲ ਕੋਈ ਮਾੜਾ ਚੰਗਾ ਸੁਪਨਾ ਵੀ ਆ ਜਾਵੇ, ਉਹ ਸਵੇਰੇ ਉੱਠਦਿਆਂ ਹੀ ਟਿਪ-ਟਿਪ ਕਰਨ ਲੱਗ ਪੈਂਦਾ ਹੈ। ਤੂੰ ਵੀ ਖੁਸ਼, ਮੈਂ ਵੀ ਖੁਸ਼। ਇਹ ਹੈ ਇਸਦੀ ਪ੍ਰਾਪਤੀ, ਜਿਸ ਵੱਲ ਧਿਆਨ ਘੱਟ ਹੀ ਜਾਂਦਾ ਹੈ। ਸੌਖਾ ਹੀ ਰਾਹ ਲੱਭ ਲਿਆ, ਸਾਰਿਆਂ ਨੇ, ਜਦੋਂ ਵੀ ਕਿਰਪਾਲ ਸਿੰਘ ਦੀ ਗੱਲ ਚਲਦੀ ਹੈ, ਅਸੀਂ ਕਹਿ ਦਿੰਦੇ ਹਾਂ ਕਿ ਉਹ ਤਾਂ ਕੰਪਿਊਟਰ ਦਾ ਧੰਨਾ ਜੱਟ ਹੈ। ਉਹ ਵੀ ਠੀਕ ਹਨ। ਟਰਾਂਟੋ ਅਤੇ ਇਸਦੇ ਲਾਗੇ ਛਾਗੇ ਦੇ ਕਈ ਸ਼ਹਿਰਾਂ ਵਿੱਚ ਕਿੰਨੇ ਹੀ ਕੰਪਿਊਟਰ ਦੇ ਇੰਜਨੀਅਰ ਹਨ, ਜਿਨ੍ਹਾਂ ਨੂੰ ਕੋਈ ਨਹੀਂ ਜਾਣਦਾ। ਇਹ ਵੀ ਹੋ ਸਕਦਾ ਹੈ ਉਹ ਇਸ ਮਸ਼ੀਨ ਨੂੰ ਧੰਨੇ ਨਾਲੋਂ ਜ਼ਿਆਦਾ ਜਾਣਦੇ ਹੋਣਗੇ ਪਰ ਉਹ ਭਗਤ ਨਹੀਂ ਬਣੇ। ਕਿਰਪਾਲ ਸਿੰਘ, ਜੋ ਆਮ ਆਦਮੀ ਦੀ ਸਮਝ ਵਿੱਚ ਆਉਣ ਵਾਲਾ ਹੈ ਤੇ ਜਿਸਦੀ ਆਮ ਆਦਮੀ ਨੂੰ ਜ਼ਰੂਰਤ ਹੈ, ਉਸਦਾ ਹਰਕਾਰਾ ਹੈ। ਪਰ ਜਿਵੇਂ ਸਿਆਣੀ ਬਿੱਲੀ ਇੱਕ ਅੱਧਾ ਦਾਅ-ਪੇਚ ਔਖੇ ਵੇਲੇ ਲਈ ਆਪਣੇ ਕੋਲ ਹੀ ਰੱਖ ਲੈਂਦੀ ਹੈ, ਉਵੇਂ ਹੀ ਧੰਨਾ ਵੀ ਕਰਦਾ ਹੈ। ਪਰ ਹੋ ਸਕਦਾ ਹੈ ਕਿ ਇਹ ਮੇਰਾ ਵਹਿਮ ਹੀ ਹੋਵੇ ਪਰ ਤੁਹਾਨੂੰ ਦੱਸਣ ਵਿੱਚ ਕੋਈ ਹਰਜ਼ ਨਹੀਂ।

ਜਦੋਂ ਸੂਰਜ ਦੀਆਂ ਕਿਰਨਾਂ ਧਰਤੀ ਛੱਡ ਦਿੰਦੀਆਂ ਹਨ ਤਾਂ ਹਨੇਰਾ ਹੋ ਜਾਂਦਾ ਹੈ ਪਰ ਆਸ ਬਰਕਰਾਰ ਰਹਿੰਦੀ ਹੈ ਕਿ ਇਹ ਦੁਬਾਰਾ ਆਉਣਗੀਆਂ। ਇਹ ਉਹ ਗੱਲ ਹੈ, ਜੋ ਕਿਸੇ ਨੂੰ ਦੱਸਣ ਦੀ ਲੋੜ ਨਹੀਂ। ਪਰ ਜਦੋਂ ਮਨ ਵਿੱਚੋਂ ਪ੍ਰੇਮ ਨਿਕਲ ਜਾਂਦਾ ਹੈ ਤਾਂ ਕੋਈ ਵੀ ਕਿਰਨਾਂ ਨੂੰ ਯਾਦ ਕਰ ਸਕਦਾ ਹੈ। ਇਹ ਵੱਖਰੀ ਗੱਲ ਹੈ ਕਿ ਬਹੁਤਿਆਂ ਨੂੰ ਕਿਰਨਾਂ ਦੀ ਯਾਦ ਸਤਾਉਂਦੀ ਨਹੀਂ। ਅਸਲ ਕਾਰਨ ਜੇ ਸੋਚਣ ਬੈਠੀਏ ਤਾਂ ਅਸੀਂ ਕਹਿ ਸਕਦੇ ਹਾਂ ਅਸੀਂ ਆਪਣੇ ਸੁਭਾ ਵਿੱਚ ਪ੍ਰੇਮ ਦੀ ਘਾਟ ਕਰਕੇ ਸ਼ਾਂਤੀ ਗੁਆ ਬੈਠੇ ਹਾਂ। ਜੀਵਨ ਨੂੰ ਪ੍ਰੇਮ ਅਤੇ ਸ਼ਾਂਤੀ ਲਈ ਜਿਸ ਸਹਿਜਤਾ ਦੀ ਲੋੜ ਹੁੰਦੀ ਹੈ, ਉਹ ਮਿੱਤਰ ਦੀ ਲੋੜ ਪੈਦਾ ਕਰਦੀ ਹੈ।

ਅੱਜ ਜੇ ਮੈਂ ਆਪਣੇ ਮਿੱਤਰਾਂ ਨੂੰ ਪੋਟਿਆਂ ’ਤੇ ਗਿਣਨ ਬੈਠਾਂ ਤਾਂ ਕਿਰਪਾਲ ਸਿੰਘ ਪੰਨੂੰ ਇਸ ਗਿਣਤੀ ਤੋਂ ਪਰ੍ਹਾਂ ਬੈਠਾ ਦਿਖਾਈ ਦਿੰਦਾ ਹੈ ਕਿਉਂਕਿ ਉਹ ਪੋਟਿਆਂ ਵਿੱਚ ਸਮਾਉਣ ਵਾਲੀ ਸ਼ੈਅ ਨਹੀਂ। ਕਿਰਪਾਲ ਸਿੰਘ ਪੰਨੂੰ ਇੱਕ ਖੁਸ਼ਬੋ ਦਾ ਨਾਮ ਹੈ, ਇੱਕ ਸਦਾ ਬਹਾਰ ਖੁਸ਼ਬੋ। ਚਾਰੇ ਰੁੱਤਾਂ ਵਿੱਚ ਫੈਲਿਆ ਹੋਇਆ ਉਹ ਦਰੱਖ਼ਤ ਹੈ, ਜਿਸਨੂੰ ਭੁਲੇਖੇ ਨਾਲ ਹੀ ਕੰਪਿਊਟਰ ਦਾ ਧੰਨਾ ਜੱਟ ਕਿਹਾ ਜਾਂਦਾ ਹੈ। ਇਹ ਮਸ਼ੀਨ ਤਾਂ ਇੱਕ ਮਾਧਿਅਮ ਹੈ, ਜਿਸ ਰਾਹੀਂ ਉਸ ਨੂੰ ਪਹਿਚਾਣਿਆਂ ਜਾ ਸਕਦਾ ਹੈ। ਅਜੇ ਗੂਗਲ ਨੇ ਇੰਨੀ ਤਰਕੀ ਨਹੀਂ ਕੀਤੀ ਕਿ ਉਹ ਤੁਹਾਨੂੰ ਦੱਸ ਸਕੇ ਕਿ ਚਾਰੇ ਰੁੱਤਾਂ ਇੱਕਸਾਰ ਹੋ ਕੇ ਕੀ ਗੁੱਲ ਖਿਲਾਉਂਦੀਆਂ ਹਨ।

ਮੈਂ ਜਦੋਂ ਵੀ ਪੰਨੂੰ ਬਾਰੇ ਕੁਝ ਵੀ ਲਿਖਿਆ, ਪੜ੍ਹਿਆ, ਸੁਣਦਾ ਹਾਂ ਤਾਂ ਉਹ ਮੈਨੂੰ ਬਹੁਤਾ ਪੋਂਹਦਾ ਨਹੀਂ ਕਿਉਂਕਿ ਉਸ ਨੂੰ ਇਕੱਲੇ ਕੰਪਿਊਟਰ ਨਾਲ ਬੰਨ੍ਹਣਾ ਮੇਰੀ ਜਾਚੇ ਜ਼ਿਆਦਤੀ ਹੈ। ਕਿਸੇ ਵਿਧਾ ਨਾਲ ਬੱਝਿਆ ਬੰਦਾ ਜ਼ਰੂਰੀ ਨਹੀਂ ਫਲਦਾਰ ਹੀ ਹੋਵੇ ਤੇ ਇਹ ਵੀ ਜ਼ਰੂਰੀ ਨਹੀਂ ਕਿ ਫਲਦਾਰ ਮਨੁੱਖ ਕਿਸੇ ਕਿੱਤੇ ਵਿੱਚ ਮਾਹਰ ਵੀ ਹੋਵੇ। ਇਹ ਦੋਵੇਂ ਅਲੱਗ ਅਲੱਗ ਗੱਲਾਂ ਹਨ ਤੇ ਮੈਂ ਇਸ ਵਿਅਕਤੀ ਨੂੰ ਕੰਪਿਊਟਰ ਤੋਂ ਬਗੈਰ ਜ਼ਿਆਦਾ ਜਾਣਦਾ ਹਾਂ।

ਸਾਲਾਂ ਬਾਅਦ ਇਹ ਪਛਾਣ ਸੋਨਾ ਬਣ ਚੁੱਕੀ ਹੈ। ਗੱਲ ਤੀਹ ਸਤੰਬਰ 1998 ਦੀ ਹੈ, ਜਦੋਂ ਮੈਨੂੰ ਪਹਿਲੀ ਵਾਰ ਕਿਰਪਾਲ ਸਿੰਘ ਦਾ ਫੋਨ ਆਇਆ। ਉਹਨਾਂ ਪੰਜ ਪਾਣੀ ਅਖ਼ਬਾਰ ਵਿੱਚ ਛਪੀ ਮੇਰੀ ਕਹਾਣੀ ਪੜ੍ਹੀ ਸੀ। “ਹਾਂ ਬਈ ਕੁਲਜੀਤ ਤੂੰ ਕਿੱਥੇ ਲੁਕਿਆ ਹੋਇਆ ਸੀ?” ਉਸਦੀ ਪਹਿਲੀ ਗੱਲ ਹੀ ਇਸ ਤਰ੍ਹਾਂ ਸੀ ਜਿਵੇਂ ਉਹ ਮੈਨੂੰ ਅਰਸੇ ਤੋਂ ਜਾਣਦਾ ਹੋਵੇ। ਮੈਂ ਝਿਜਕ ਗਿਆ ਕਿਉਂਕਿ ਉਹ ਉਦੋਂ ਪੰਜ-ਪਾਣੀ ਅਖ਼ਬਾਰ ਤੇ ਆਰ-ਪਾਰ ਮੈਗਜ਼ੀਨ ਰਾਹੀਂ ਟੋਰਾਂਟੋ ਵਿੱਚ ਛਾਇਆ ਹੋਇਆ ਸੀ। ਤਿੰਨ ਅਕਤੂਬਰ 1998 ਨੂੰ ਪਰਮਜੀਤ ਮੋਮੀ ਦੇ ਘਰ ਕਹਾਣੀ ਬੈਠਕ ਸੀ ਜਿੱਥੇ ਮੈਂ ਪਹਿਲੀ ਵਾਰ ਗਿਆ। ਭਾਵੇਂ ਗਿਆ ਮੈਂ ਇਕੱਲਾ ਸੀ ਪਰ ਵਾਪਸ ਮੈਂ ਇਕੱਲਾ ਨਹੀਂ ਆਇਆ ਸੀ। ਮੇਰੇ ਨਾਲ ਕਿਰਪਾਲ ਸਿੰਘ ਸੀ ਤੇ ਉਸਦੇ ਨਾਲ ਸਾਰੇ ਸਨ। ਮੈਨੂੰ ਇਸ ਗੱਲ ਦੀ ਤਸੱਲੀ ਸੀ ਕਿ ਨਾ ਤਾਂ ਮੈਨੂੰ ਨਵਾਂ ਸਮਝਿਆ ਜਾ ਰਿਹਾ ਸੀ ਤੇ ਨਾ ਹੀ ਓਪਰਾ। ਪਹਿਲੇ ਦਿਨ ਦਾ ਇਹ ਰਿਣ ਵਧਦਾ ਘਟਦਾ ਮੇਰੇ ਲਈ ਇੱਕ ਸਰਮਾਇਆ ਬਣ ਚੁੱਕਾ ਹੈ। ਉਹਨਾਂ ਵਾਂਗ ਇਨ ਬਿਨ ਚਾਹੁੰਦਾ ਹੋਇਆ ਵੀ ਮੈਂ ਅਜੇ ਵੀ ਕਈ ਕੰਮਾਂ ਨੂੰ ਸਾਲ-ਸਾਲ ਭਰ ਟਾਲਦਾ ਰਹਿੰਦਾ ਹਾਂ ਤਾਂ ਇੰਝ ਲਗਦਾ ਹੈ ਜਿਵੇਂ ਟਾਲਦਾ ਹੋਇਆ ਮੈਂ ਕਿਰਪਾਲ ਅੰਕਲ ਨੂੰ ਠੁੱਠ ਵਿਖਾ ਰਿਹਾ ਹੋਵਾਂ ਕਿਉਂਕਿ ਕਿਸੇ ਕੰਮ ਨੂੰ ਟਾਲਣ ਦਾ ਸਿਲਸਿਲਾ ਉਸਦੇ ਲਾਗੇ ਚਾਗੇ ਵੀ ਨਹੀਂ ਫਟਕਦਾ। ਤਿਆਰ ਬਰ ਤਿਆਰ ਇਹ ਨੌਜਵਾਨ ਸੌਂਦਾ ਕਦੋਂ ਹੈ, ਇਹ ਤਾਂ ਇੱਕ ਭੇਤ ਹੀ ਹੈ। ਕਹਿੰਦੇ ਹਨ ਕਿ ਕੋਈ ਵਿਅਕਤੀ ਸਾਰੀ ਦੁਨੀਆਂ ਨੂੰ ਖੁਸ਼ ਨਹੀਂ ਕਰ ਸਕਦਾ ਤੇ ਜਿਹੜਾ ਇਹ ਯਤਨ ਕਰੇ ਉਸਦੀ ਘਰ ਵਾਲੀ ਖੁਸ਼ ਨਹੀਂ ਹੁੰਦੀ ਪਰ ਇਹ ਕਹਾਵਤ ਵੀ ਇਸ ਜਵਾਨ ’ਤੇ ਲਾਗੂ ਨਹੀਂ ਹੁੰਦੀ।

ਖੁਸ਼ ਕਰਨ ਦਾ ਇਹ ਕਾਰਜ ਤਾਂ ਇਸਨੇ ਸ਼ੁਰੂ ਹੀ ਘਰ ਤੋਂ ਕੀਤਾ ਹੈ। ਕਦੇ-ਕਦੇ ਇਹ ਵੀ ਲਗਦਾ ਹੈ ਕਿ ਅੰਕਲ ਸਾਡੀ ਆਂਟੀ ਤੋਂ ਡਰਦਾ ਹੈ। ਆਂਟੀ ਦੀ ਹਾਜ਼ਰੀ ਵਿੱਚ ਪੂਰੀ ਖੁੱਲ੍ਹ ਨਹੀਂ ਲੈਂਦਾ। ਆਂਟੀ ਹਮੇਸ਼ਾ ਅੰਤਲੇ ਪੜਾਅ ’ਤੇ ਹੀ ਇਹਦੀਆਂ ਸਿਫਤਾਂ ਦੇ ਪੁਲ ਬੰਨ੍ਹਦੀ ਹੈ ਜਿਵੇਂ ਕਹਿ ਰਹੀ ਹੋਵੇ ਅੱਜ ਫਿਰ ਤੂੰ ਪਾਸ ਹੋ ਗਿਆ? ਕਦੇ-ਕਦੇ ਮੈਨੂੰ ਲਗਦਾ ਹੈ ਕਿ ਅੰਕਲ ਆਂਟੀ ਦਾ ਕਿਤੇ ਪ੍ਰੇਮ-ਵਿਆਹ ਤਾਂ ਨਹੀਂ? ਮੈਂ ਕਦੇ ਪੁੱਛਿਆ ਨਹੀਂ ਤੇ ਨਾ ਹੀ ਕਦੇ ਕਿਸੇ ਨੇ ਦੱਸਿਆ ਹੈ ਪਰ ਇਨ੍ਹਾਂ ਵਿੱਚ ਇੱਕ ਸਮਝੌਤਾ ਹੋਇਆ ਲਗਦਾ ਹੈ ਕਿ ਮੈਂ ਸਿਫਤਾਂ ਤਾਂ ਹੀ ਕਰਾਂਗੀ ਜੇ ਬੰਦਾ ਬਣ ਕੇ ਰਹੇਂਗਾ। ਇਨ੍ਹਾਂ ਦਾ ਵਿਹਾਰ ਦੇਖ ਕੇ ਮੈਨੂੰ ਆਪਣੇ ਹਨੀਮੂਨ ਵੇਲੇ ਦੇ ਆਰੰਭਿਕ ਦਿਨ ਚੇਤੇ ਆਉਂਦੇ ਹਨ। ਆਂਟੀ, ਅੰਕਲ ਦੇ ਸਕੇ ਦੋਸਤਾਂ ਦੀ ਵੀ ਬਹੁਤ ਇੱਜ਼ਤ ਕਰਦੀ ਹੈ।

ਹੈਰਾਨੀ ਹੁੰਦੀ ਹੈ ਕਿ ਅੰਕਲ ਕੋਲ ਕਿਹੜੀ ਗਿੱਦੜਸਿੰਗੀ ਹੈ, ਚਮਚਮਾਉਂਦਾ ਇਹ ਕਦੇ ਵੀ ਉਲਾਰ ਨਹੀਂ ਹੁੰਦਾ। ਅਗਲੇ ਨੂੰ ਉਲਾਰ ਕਰਕੇ ਤੋਲਦਾ ਹੈ। ਗੱਲ ਦਹਾਕਾ ਪਹਿਲਾਂ ਦੀ ਹੈ। ਕਹਾਣੀ ਬੈਠਕ ਦੀ ਮੀਟਿੰਗ ਸੀ। ਅੰਕਲ ਪੰਨੂੰ ਉਦੋਂ ਵਾਟਰਲੂ ਰਹਿੰਦਾ ਸੀ ਤੇ ਆਉਣ ਦਾ ਕੋਈ ਵਸੀਲਾ ਨਹੀਂ ਸੀ। ਜਰਨੈਲ ਸਿੰਘ ਦਾ ਫੋਨ ਆਇਆ ਕਿ ਕਿਰਪਾਲ ਆ ਨਹੀਂ ਸਕਦਾ, ਉਸ ਨੂੰ ਜਾ ਕੇ ਲੈ ਆਵੇਂ ਤਾਂ ਚੰਗਾ ਹੈ। ਮੈਂ ਹਾਮੀ ਭਰ ਦਿੱਤੀ। ਨਾਸ਼ਤਾ ਮੈਂ ਟਾਈਮ ਸਿਰ ਹੀ ਕਰ ਲਿਆ ਸੀ ਤੇ ਤੁਰਨ ਲੱਗੇ ਨੂੰ ਪਤਨੀ ਨੇ ਲੰਚ ਦਾ ਫਿਕਰ ਕੀਤਾ। ਮੈਂ ਕਹਿ ਦਿੱਤਾ ਕਿ ਮੈਂ ਵਾਟਰਲੂ ਜਾ ਕੇ ਲੰਚ ਕਰ ਲਵਾਂਗਾ। ਸਵਾ ਘੰਟੇ ਦੀ ਡਰਾਈਵ ਨੇ ਭੁੱਖ ਚਮਕਾ ਦਿੱਤੀ ਸੀ। ਜਦੋਂ ਮੈਂ ਟਿਕਾਣੇ ਪਹੁੰਚਿਆ, ਭੁੱਖ ਨਾਲ ਬੁਰਾ ਹਾਲ ਸੀ। ਅੰਕਲ ਤਿਆਰ ਬਰ ਤਿਆਰ ਸੀ। ਖੜ੍ਹੇ-ਖੜ੍ਹੇ ਹੀ ਆਂਟੀ ਨੂੰ ਹਦਾਇਤਾਂ ਕਰ ਰਿਹਾ ਸੀ ਪਰ ਕਿਤੇ ਵੀ ਇਹ ਹਦਾਇਤ ਸੁਣਾਈ ਨਹੀਂ ਦਿੱਤੀ ਕਿ ਇੱਕ ਭਲੇਮਾਣਸ ਨੂੰ ਰੋਟੀ ਪਾਣੀ ਹੀ ਪੁੱਛ ਲਵੋ। ਖੜ੍ਹੇ ਖਲੋਤੇ ਹੀ ਅਸੀਂ ਟੋਰਾਂਟੋ ਨੂੰ ਤੁਰ ਪਏ। ਭੁੱਖ ਨਾਲ ਬੁਰਾ ਹਾਲ ਸੀ। ਮੈਨੂੰ ਕਦੇ ਨਾਲ ਬੈਠੇ ’ਤੇ ਗੁੱਸਾ ਆਵੇ ਤੇ ਕਦੇ ਜਰਨੈਲ ਸਿੰਘ ’ਤੇ ਪਰ ਸਬਰ ਦਾ ਘੁੱਟ ਭਰ ਕੇ ਹੀ ਗੁਜ਼ਾਰਾ ਕਰਦਾ ਰਿਹਾ। ਹੁਣ ਸੋਚਦਾ ਹਾਂ ਕਿ ਜਿਹੜਾ ਬੰਦਾ ਰਾਹ ਜਾਂਦੇ ਰਾਹੀਆਂ ਨੂੰ ਵੀ ਤੁਲਸੀਆਂ ਵੰਡਦਾ ਹੈ, ਉਹਦੀ ਅਣਗਹਿਲੀ ਦਾ ਕਾਰਨ ਕੀ ਸੀ? ਹੋ ਸਕਦਾ ਹੈ ਉਹ ਸਮਝਦੇ ਹੋਣ ਕਿ ਜੇ ਮੈਨੂੰ ਕੋਈ ਜ਼ਰੂਰਤ ਸੀ ਤਾਂ ਮੈਂ ਆਪ ਕਿਚਨ ਵਿੱਚ ਜਾ ਕੇ ਕੁਝ ਖਾ ਲੈਂਦਾ, ਜਿਸ ਤਰ੍ਹਾਂ ਮੈਂ ਹੁਣ ਕਰਦਾ ਹਾਂ। ਟੋਰਾਂਟੋ ਤਕ ਹੋਈ ਗੁਫਤਗੂ ਪਤਾ ਨਹੀਂ ਕਿਹੜੇ-ਕਿਹੜੇ ਬੰਨ੍ਹੇ ਟੱਪ ਰਹੀ ਸੀ। ਮਜ਼ੇ ਦੀ ਗੱਲ ਇਹ ਸੀ ਕਿ ਉਹ ਮੈਨੂੰ ਇੱਕ ਸਿਆਣਾ ਬਿਆਣਾ ਕਹਾਣੀ ਲਿਖਣ ਵਾਲਾ ਸਮਝ ਰਿਹਾ ਸੀ। ਇਸ ਤੋਂ ਬਾਅਦ ਸਾਡੀ ਗੱਲਬਾਤ ਦੁੜਕੀ ਚਾਲੇ ਚਲਦੀ ਰਹੀ। ਅੱਜ ਕਈ ਹੋਰਨਾਂ ਵਾਂਗ ਮੈਂ ਵੀ ਇਹ ਗੱਲ ਦਾਅਵੇ ਨਾਲ ਕਹਿੰਦਾ ਹਾਂ ਕਿ ਮੇਰਾ ਲਿਖਣ ਦਾ ਸੁਭਾਅ ਕਿਰਪਾਲ ਸਿੰਘ ਪੰਨੂੰ ਕਰਕੇ ਹੀ ਬਣਿਆ। ਕਹਾਣੀ ਬੈਠਕ ਵਿੱਚ ਕਹਾਣੀ ਸੁਣਦਿਆਂ ਇਸ ਨੌਜਵਾਨ ਦੀਆਂ ਅੱਖਾਂ ਅਮੂਮਨ ਬੰਦ ਹੁੰਦੀਆਂ ਹਨ, ਜਿਵੇਂ ਸੁੱਤਾ ਹੋਇਆ ਹੋਵੇ ਪਰ ਵਿਚਾਰ ਦੇਣ ਲੱਗਿਆਂ ਸਮਾਂ, ਸਥਾਨ ਅਤੇ ਦ੍ਰਿਸ਼ਟੀ ਬਾਰੇ ਇਹੋ ਜਿਹੀਆਂ ਟਿੱਪਣੀਆਂ ਕਰੇਗਾ ਜਿਵੇਂ ਕਹਾਣੀ ਇਸਨੇ ਆਪ ਲਿਖੀ ਹੋਵੇ ਜਾਂ ਲਿਖਾਈ ਹੋਵੇ। ਜੇ ਕਿਸੇ ਨਾਲ ਮਨ ਮੁਟਾਵ ਹੋਵੇ ਤਾਂ ਪਹਿਲਾਂ ਬੜੇ ਸੁਸਤ ਲਹਿਜੇ ਵਿੱਚ ਆਪਣੀ ਵਾਰੀ ਖਾਨਾਪੂਰਤੀ ਵਾਂਗ ਲੰਘਾ ਦੇਵੇਗਾ। ਪਰ ਇਸਦੀ ਤਸੱਲੀ ਨਹੀਂ ਹੁੰਦੀ। ਦਿਲ ਕਹਿੰਦਾ ਹੈ ਕਿ ਇੰਝ ਨਾ ਕਰ। ਦੁਬਾਰਾ ਟਾਈਮ ਮੰਗ ਕੇ ਬੜੀ ਸ਼ਿੱਦਤ ਨਾਲ ਵਿਚਾਰ ਦੇਵੇਗਾ। ਕਹੇਗਾ ਪਹਿਲੀ ਗੱਲ, ਦੂਜੀ ਗੱਲ ... ਤੇ ਨੰਬਰ ਗਿਣਾਉਂਦਾ ਕਹਿ ਰਿਹਾ ਹੁੰਦਾ ਹੈ ਕਿ ਮੈਂ ਤੇਰੇ ਨਾਲ ਔਖਾ ਹਾਂ ਪਰ ਤੇਰੀ ਕਹਾਣੀ ਨਾਲ ਨਹੀਂ।

ਅਜਿਹਾ ਵੀ ਨਹੀਂ ਕਿ ਬਹੁਤਾ ਹੀ ਸ਼ਰੀਫ ਹੈ। ਪੁਰਾਣਾ ਪੁਲਸੀਆ ਅਫਸਰ ਹੈ। ਕਈ ਕਹਿੰਦੇ ਕਹਾਉਂਦਿਆਂ ਦੇ ਇਸਨੇ ਵਰਕੇ ਪਾੜੇ ਹਨ ਤੇ ਜਿਸਦਾ ਇੱਕ ਵਾਰ ਵਰਕਾ ਪਾੜ ਦਿੱਤਾ, ਉਸ ਨੂੰ ਟੇਪ ਨਹੀਂ ਲਾਉਂਦਾ ਭਾਵੇਂ ਕੁਝ ਵੀ ਹੋ ਜਾਏ। ਉਸ ਨਾਲ ਇੱਕ ਸੀਮਿਤ ਰਿਸ਼ਤਾ ਰਹਿ ਜਾਂਦਾ ਹੈ ਜੋ ਨਾ ਤਾਂ ਅਧੂਰਾ ਦਿਸਦਾ ਹੈ ਤੇ ਨਾ ਪੂਰਾ। ਪਰ ਇਸ ਸਾਰੇ ਕਾਰਜ ਵਿੱਚ ਆਪਣੇ ਕੱਦ ਨੂੰ ਊਣਾ ਨਹੀਂ ਹੋਣ ਦਿੰਦਾ। ਮੈਂ ਕਦੇ ਵੀ ਇਸਦੇ ਮੂੰਹੋਂ ਕਦੇ ਹਲਕੀ ਭਾਸ਼ਾ ਨਹੀਂ ਸੁਣੀ। ਛਮਕਾਂ ਵੀ ਮਾਰੇਗਾ ਤਾਂ ਇਨਸਾਨੀਅਤ ਨਾਲ। ਉਦੋਂ ਲਗਦਾ ਹੈ ਜਿਵੇਂ ਇਸਦਾ ਮੁਕੰਮਲ ਵਿਸ਼ਵਾਸ ਡੋਲ ਗਿਆ ਹੈ। ਦਹਾਕਾ ਪਹਿਲਾਂ ਟੋਰਾਂਟੋ ਤੇ ਆਸ ਪਾਸ ਦੇ ਸ਼ਹਿਰਾਂ ਵਿੱਚ ਲਿਖੀਆਂ ਜਾਣ ਵਾਲੀਆਂ ਬਹੁਤੀਆਂ ਕਹਾਣੀਆਂ, ਲੇਖਾਂ ਨੂੰ ਟਾਈਪ ਵੀ ਆਪ ਹੀ ਕਰਦਾ ਸੀ ਪਰ ਫਿਰ ਆਪਣੀ ਸਹੂਲਤ ਲਈ ਕਈ ਪੱਥਰ-ਉਂਗਲਾਂ ਨੂੰ ਇਸਨੇ ਕੋਮਲਤਾ ਨਾਲ ਕੀ-ਬੋਰਡ ’ਤੇ ਤੁਰਨਾ ਸਿਖਾਇਆ। ਕੰਪਿਊਟਰ, ਫੌਂਟਾਂ ਅਤੇ ਸ਼ਾਹਮੁਖੀ ਬਾਰੇ ਕੀਤੇ ਕੰਮ ਬਾਰੇ ਅਸੀਂ ਬਹੁਤਾ ਨਹੀਂ ਸੋਚਦੇ। ਇਹ ਸੋਚ ਕੇ ਨਹੀਂ ਸੋਚਦੇ ਕਿ ਇਹ ਕੰਮ ਸਾਡਾ ਨਹੀਂ, ਅੰਕਲ ਦਾ ਹੈ। ਕੀਅ-ਬੋਰਡ ਸਿੱਖਣ ਲੱਗਿਆਂ ਮੈਨੂੰ ਬੜੇ ਤਲਖ਼ ਤਜਰਬੇ ਵਿੱਚੋਂ ਲੰਘਣਾ ਪਿਆ। ਗੱਲ-ਗੱਲ ’ਤੇ ਟੋਕਾ-ਟਾਕੀ। ਸਪੇਸ ਕਦੋਂ ਦੇਣੀ ਹੈ। ਅੱਠੇ ਉਂਗਲਾਂ ਵਰਤਣੀਆਂ ਹਨ। ਮੈਂ ਵੀ ਗੁਜ਼ਾਰੇ ਜੋਗਾ ਸਿੱਖ ਕੇ ਬਾਕੀ ਦਾ ਰਹਿਣ ਹੀ ਦਿੱਤਾ, ਇਹ ਸੋਚ ਕੇ ਕਿ ਜੇ ਸਾਰਾ ਕੁਝ ਮੈਂ ਆਪ ਹੀ ਸਿੱਖ ਲਿਆ ਤਾਂ ਅੰਕਲ ਕੀ ਕਰੇਗਾ। ਹੁਣ ਮੈਂ ਜਦੋਂ ਵੀ ਕੁਝ ਲਿਖਦਾ ਹਾਂ ਤਾਂ ਚੁੱਪ ਚਪੀਤੇ ਅੰਕਲ ਨੂੰ ਭੇਜ ਦੇਂਦਾ ਹਾਂ। ਇਹ ਆਪੇ ਠੀਕਠਾਕ ਕਰ ਕੇ ਵਾਪਸ ਕਰ ਦਿੰਦੇ ਹਨ। ਇੰਨੀ ਕੁ ਸਹੂਲਤ ਤਾਂ ਮੈਂ ਉੱਕਾ ਹੀ ਨਹੀਂ ਛੱਡਣੀ।

ਕਦੇ-ਕਦੇ ਅੰਕਲ ਖੱਜਲ-ਖੁਆਰ ਵੀ ਕਰਦਾ ਹੈ। ਇੱਕ ਵਾਰ ਅਸੀਂ ਅਮਰਜੀਤ ਸਾਥੀ ਦੇ ਸੱਦੇ ’ਤੇ ਓਟਵਾ ਗਏ। ਅਗਲੀ ਸਵੇਰ ਪਾਰਲੀਮੈਂਟ ਹਾਊਸ ਦੇਖਣ ਦਾ ਪਰੋਗਰਾਮ ਬਣ ਗਿਆ। ਕਾਰਾਂ ਦੇ ਪਿੱਛੇ-ਪਿੱਛੇ ਅਸੀਂ ਪਹੁੰਚ ਤਾਂ ਗਏ ਪਰ ਵਾਪਸੀ ਵੇਲੇ ਹਰਮਿੰਦਰ ਢਿੱਲੋਂ ਦੀਆਂ ਕਾਗਜ਼ ’ਤੇ ਵਾਹੀਆਂ ਲੀਕਾਂ ਮੇਰੀ ਸਮਝ ਵਿੱਚ ਨਾ ਪਈਆਂ ਤੇ ਅਸੀਂ ਰਸਤਾ ਭਟਕ ਗਏ। ਮੈਂ ਕਾਰ ਚਲਾ ਰਿਹਾ ਸੀ। ਅੰਕਲ ਪਿੱਛੇ ਬੈਠਾ ਨਜ਼ਾਰੇ ਲੈ ਰਿਹਾ ਸੀ। ਸੱਜੇ ਮੋੜ ਲੈ, ਹੁਣ ਖੱਬੇ ਮੋੜ ਲੈ। ਆਰਡਰ ਲੈਂਦਾ ਮੈਂ ਸਾਰਾ ਔਟਵਾ ਗਾਹ ਮਾਰਿਆ ਪਰ ਸਾਥੀ ਦਾ ਘਰ ਨਾ ਲੱਭੇ। ਅੰਕਲ ਪਿੱਛੇ ਹੱਸੀ ਜਾ ਰਿਹਾ ਸੀ। ਕਦੇ ਕਹਿੰਦਾ ਦੇਖੋ ਕਿੰਨਾ ਸੋਹਣਾ ਨਜ਼ਾਰਾ ਹੈ, ਕਿੰਨਾ ਸੋਹਣਾ ਮੌਸਮ ਹੈ, ਕਿੰਨਾ ਸੋਹਣਾ ਫਲਾਈਓਵਰ ਹੈ। ਅਸੀਂ ਕਦੇ ਔਟਵਾ ਤੋਂ ਬਾਹਰ ਵੀ ਨਿਕਲ ਜਾਂਦੇ। ਤਿੰਨ ਘੰਟੇ ਬੀਤ ਗਏ। ਦੋ ਵਾਰੀ ਕਾਫੀ ਵੀ ਪੀ ਲਈ। ਜੇ ਮੈਂ ਸਿੱਧਾ ਚਲਾਉਂਦਾ ਤਾਂ ਹੁਣ ਤਕ ਮੰਟਰੀਔਲ ਪਹੁੰਚ ਜਾਣਾ ਸੀ। ਮੈਂ ਇੱਕ ਵਾਰੀ ਕਿਹਾ ਵੀ ਕਿ ਆਪਾਂ ਨਕਸ਼ਾ ਲੈ ਲਈਏ। ਅੰਕਲ ਦਾ ਜਵਾਬ ਸੀ, ਐਵੇਂ ਕਾਹਨੂੰ ਪੈਸੇ ਪੁੱਟਣੇ ਹਨ? ਜੇ ਮੈਂ ਕਿਹਾ ਸਾਥੀ ਨੂੰ ਫੋਨ ਕਰ ਲਵੋ, ਤਾਂ ਜਵਾਬ ਸੀ, ਉਸਦਾ ਫੋਨ ਨੋਟ-ਬੁੱਕ ’ਤੇ ਲਿਖਿਆ ਹੈ ਤੇ ਨੋਟ-ਬੁੱਕ ਸਾਥੀ ਦੇ ਘਰ ਹੈ। ਜੇ ਕਹੇਂ ਤਾਂ ਈਮੇਲ ਕਰ ਦਿੰਦੇ ਹਾਂ ਪਰ ਉਸਨੇ ਈਮੇਲ ਇਸ ਵਕਤ ਪੜ੍ਹਨੀ ਨਹੀਂ। ਜੇ ਮੈਂ ਕਿਹਾ ਕਿ ਪਾਰਲੀਮੈਂਟ ਹਾਊਸ ਵਾਪਸ ਚਲਦੇ ਹਾਂ ਤੇ ਨਵੇਂ ਸਿਰਿਉਂ ਸੜਕਾਂ ਦੀ ਪਛਾਣ ਕਰ ਲੈਂਦੇ ਹਾਂ ਤਾਂ ਕਹਿਣ ਲੱਗੇ, ਤੂੰ ਤੇ ਕਹਿੰਦਾ ਹੈਂ ਕਿ ਮੈਂ ਕੋਰੀਅਰ ਦਾ ਕੰਮ ਕਰਦਾ ਹਾਂ, ਫਿਰ ਤੈਨੂੰ ਰਸਤਾ ਕਿਵੇਂ ਭੁੱਲ ਗਿਆ? ਗੱਲ ਇਹ ਬਣੀ ਕਿ ਹੁਣ ਸਾਨੂੰ ਪਾਰਲੀਮੈਂਟ ਦਾ ਰਸਤਾ ਵੀ ਨਾ ਲੱਭੇ। ਆਖ਼ਰ ਹਾਰ ਕੇ ਮੈਂ ਕਾਰ ਖਲ੍ਹਾਰ ਲਈ ਤੇ ਗੈਸ ਸਟੇਸ਼ਨ ਤੋਂ ਪਾਰਲੀਮੈਂਟ ਹਾਊਸ ਦਾ ਪਤਾ ਪੁੱਛਣ ਲਈ ਕਾਰ ਵਿੱਚੋਂ ਉੱਤਰਿਆ। ਜਦੋਂ ਮੈਂ ਵਾਪਸ ਪਰਤਿਆ ਤਾਂ ਅੰਕਲ ਸਾਥੀ ਨਾਲ ਹੱਸ-ਹੱਸ ਕੇ ਗੱਲਾਂ ਕਰ ਰਹੇ ਸਨ। ਮੈਨੂੰ ਦੇਖ ਕੇ ਚੁੱਪ ਕਰ ਗਏ ਪਰ ਮੁਸਕੜੀਏ ਚਿਹਰੇ ਸਭ ਹਾਲ ਦਸ ਰਹੇ ਸਨ। ਮੇਰੇ ਸਿਵਾਏ ਕਾਰ ਵਿੱਚ ਬੈਠੇ ਸਾਰੇ ਖੁਸ਼ ਸਨ। ਉਹਨਾਂ ਨੇ ਸਾਰਾ ਸ਼ਹਿਰ ਦੇਖ ਵੀ ਲਿਆ ਸੀ ਤੇ ਉਸਦਾ ਮਜ਼ਾ ਵੀ ਲੁੱਟ ਲਿਆ ਸੀ। ਅਸੀਂ ਵਾਪਸ ਸਾਥੀ ਦੇ ਘਰ ਆ ਗਏ। ਉੱਥੇ ਵੀ ਮੇਰਾ ਮੌਜੂ ਬਣਿਆ ਰਿਹਾ। ਇੱਕ ਗੱਲ ਚੰਗੀ ਵੀ ਰਹੀ ਕਿ ਸਾਰੇ ਰਾਹ ਆਉਣ ਜਾਣ ਵੇਲੇ ਗੈਸ ਦੇ ਪੈਸੇ ਅੰਕਲ ਉੱਤਰ ਕੇ ਆਪ ਪੇ ਕਰਦੇ ਰਹੇ।

ਇੱਕ ਹੋਰ ਮੌਕੇ ਦੀ ਗੱਲ ਸਾਂਝੀ ਕਰਨ ਵਿੱਚ ਵੀ ਕੋਈ ਹਰਜ਼ ਨਹੀਂ। ਮੇਰੀ ਕਾਰ ਦਾ ਏਅਰ-ਕੰਡੀਸ਼ਨਰ ਖਰਾਬ ਹੋ ਗਿਆ ਸੀ। ਕਾਫੀ ਦੇਰ ਮੈਂ ਠੀਕ ਹੀ ਨਹੀਂ ਸੀ ਕਰਾਇਆ, ਜੋ ਅੰਕਲ ਨੇ ਹੀ ਠੀਕ ਕਰਾ ਦਿੱਤਾ। ਮੇਰੀ ਪਹਿਲੀ ਕਿਤਾਬ 2002 ਵਿੱਚ ਛਪੀ ਸੀ। ਉਸਦੀ ਸਾਰੀ ਸੈਟਿੰਗ ਵੀ ਇਨ੍ਹਾਂ ਨੇ ਹੀ ਕੀਤੀ ਤੇ ਮੈਨੂੰ ਅਕਸਰ ਹੀ ਇਨ੍ਹਾਂ ਦੇ ਘਰ ਜਾਣਾ ਪੈਂਦਾ। ਇਹ ਉਹ ਦਿਨ ਸਨ ਜਦੋਂ ਮੈਨੂੰ ਆਂਟੀ ਦੀ ਖ਼ਾਤਰਦਾਰੀ ਦਾ ਪਤਾ ਲੱਗਾ। ਕਦੇ-ਕਦੇ ਤਾਂ ਨਾਨਕ ਸਿੰਘ ਦੀ ਕਹਾਣੀ ਭੂਆ ਵੀ ਯਾਦ ਆਉਂਦੀ। ਤੁਰਨ ਲੱਗਿਆਂ ਕਦੇ ਅਚਾਰ ਤੇ ਕਦੇ ਚਟਨੀ ਦੇ ਮਰਤਬਾਨ ਦੇ ਦਿੰਦੇ ਤੇ ਕਦੇ ਆਪਣੇ ਬਗੀਚੇ ਦੇ ਸਾਰੇ ਟਮਾਟਰ ਤੋੜ ਕੇ ਮੇਰੇ ਹਵਾਲੇ ਕਰ ਦਿੰਦੇ।

ਕਿਰਪਾਲ ਸਿੰਘ ਦੀ ਮਾਰਕੀਟਿੰਗ ਵੀ ਕਮਾਲ ਦੀ ਹੈ। ਟੋਰਾਂਟੋ ਦੇ ਅਖ਼ਬਾਰ ਅਤੇ ਰੇਡੀਓ ਮੂੰਗੀ ਦੀ ਦਾਲ ਤੋਂ ਲੈ ਕੇ ਸੈਸਕੈਚਵਨ ਦੇ ਨਿਆਈਂ ਵਾਲੇ ਖੇਤ ਤਕ ਵੇਚਦੇ ਹਨ। ਚਾਰ ਸੌ ਡਾਲਰ ਦਾ ਏਕੜ ਤੇ ਉਹ ਵੀ ਨਿਆਈ ਵਾਲਾ ਪਰ ਖਰੀਦਦਾ ਕੋਈ ਘੱਟ ਹੀ ਹੈ। ਇੱਕ ਹੋਸਟ ਜਾਂ ਗੋਸ਼ਟ ਤਾਂ ਇੱਕ ਵਾਰ ਇਹ ਵੀ ਆਪਣੇ ਰੇਡੀਓ ’ਤੇ ਦਾਅਵਾ ਕਰ ਰਿਹਾ ਸੀ ਕਿ ਮੈਂ ਤਾਂ ਤੁਹਾਡੇ ਘਰ ਦੀ ਮਿੱਟੀ ਵੀ ਦੋ ਘੰਟੇ ਵਿੱਚ ਵੇਚ ਸਕਦਾ ਹਾਂ। ਖੈਰ ਇਹ ਤਾਂ ਕਮਰਸ਼ੀਅਲ ਗੱਲਾਂ ਹਨ, ਆਪਾਂ ਗੱਲ ਕਰ ਰਹੇ ਸੀ ਕਿਰਪਾਲ ਸਿੰਘ ਪੰਨੂੰ ਦੀ ਮਾਰਕੀਟਿੰਗ ਬਾਰੇ। ਇਸ ਤੋਂ ਬਾਅਦ ਆਪਾਂ ਗੱਲ ਕਰਨੀ ਹੈ ਚੁਟਕਲਿਆਂ ਬਾਰੇ।

ਸਾਰੇ ਸ਼ਹਿਰ ਵਿੱਚ ਜੇ ਕੋਈ ਹੁਨਰ ਸਮੋਈ ਬੈਠਾ ਹੈ ਅਤੇ ਉਸ ਨੂੰ ਪਤਾ ਨਹੀਂ ਲੱਗ ਰਿਹਾ ਕਿ ਮੈਂ ਆਪਣੇ ਹੁਨਰ ਬਾਰੇ ਕਿਸ ਨੂੰ ਦੱਸਾਂ ਤਾਂ ਉਸ ਨੂੰ ਚਾਹੀਦਾ ਹੈ ਕਿ ਉਹ ਅੰਕਲ ਨਾਲ ਰਾਬਤਾ ਕਾਇਮ ਕਰੇ। ਸੈਂਕੜੇ ਹੀ ਉਦਾਹਰਨਾਂ ਹਨ ਜਦੋਂ ਕਿਸੇ ਦੇ ਹੁਨਰ ਨੂੰ ਲੋਕਾਂ ਤਕ ਪਹੁੰਚਾਉਣ ਦਾ ਬੀੜਾ ਅੰਕਲ ਨੇ ਚੁੱਕਿਆ ਤੇ ਨੇਪਰੇ ਵੀ ਚਾੜ੍ਹਿਆ। ਕਹਾਣੀਆਂ, ਲੇਖਾਂ ਤੇ ਕਵਿਤਾਵਾਂ ਨੂੰ ਲੇਖਕਾਂ ਦੀਆਂ ਨਿੱਜੀ ਡਾਇਰੀਆਂ ਵਿੱਚੋਂ ਕੱਢ ਕੇ ਅਖਬਾਰਾਂ ਅਤੇ ਰਸਾਲਿਆਂ ਤਕ ਪਹੁੰਚਾਉਣ ਦੀ ਜੇ ਫਹਿਰਿਸਤ (ਸੂਚੀ) ਬਣਾਉਣੀ ਪਵੇ ਤਾਂ ਹੋ ਸਕਦਾ ਹੈ ਕਿ ਕੋਈ ਨਾਮ ਰਹਿ ਵੀ ਜਾਵੇ, ਇਸ ਲਈ ਇਸ ਪੰਗੇ ਵਿੱਚ ਨਾ ਪੈਂਦਾ ਹੋਇਆ ਮੈਂ ਆਪਣੇ ਬਾਰੇ ਹੀ ਗੱਲ ਕਰਾਂਗਾ ਕਿ ਮੇਰੀ ਪਹਿਲੀ ਕਹਾਣੀ ‘ਕਹਾਣੀ ਪੰਜਾਬ’ ਵਿੱਚ ਅੰਕਲ ਦੇ ਯਤਨ ਸਦਕਾ ਹੀ ਛਪੀ ਸੀ। ਪਿੱਛੇ ਜਿਹੇ ਕੋਈ ਡਾਕਟਰ ਵੀ ਇਨ੍ਹਾਂ ਕਰਕੇ ਹੀ ਦੁਵੱਲੇ ਸਬੰਧਾਂ ਨਾਲ ਲੋਕਾਈ ਦੀ ਸੇਵਾ ਕਰਨ ਲੱਗਾ। ਕੋਈ ਅਖ਼ਬਾਰ ਅਜਿਹਾ ਨਹੀਂ, ਜਿਸ ਨਾਲ ਇਨ੍ਹਾਂ ਦੇ ਨਿੱਜੀ ਸਬੰਧ ਨਾ ਹੋਣ। ਇਨ੍ਹਾਂ ਦੇ ਦੋ ਦੋਸਤਾਂ ਦੀ ਜੇ ਆਪਸ ਵਿੱਚ ਨਾ ਬਣਦੀ ਹੋਵੇ ਤਾਂ ਇਨ੍ਹਾਂ ਨੂੰ ਕੋਈ ਫਰਕ ਨਹੀਂ ਪੈਂਦਾ। ਜੇ ਤੁਹਾਡੀ ਗੱਲ ਕਿਸੇ ਤਕ ਨਹੀਂ ਪਹੁੰਚਦੀ ਤਾਂ ਸੌਖਾ ਕੰਮ ਹੈ ਕਿ ਕਿਰਪਾਲ ਪੰਨੂੰ ਨੂੰ ਫੋਨ ਕਰ ਲਵੋ। ਇਹ ਹਰ ਇੱਕ ਫੋਨ ਸੁਣਦਾ ਵੀ ਹੈ ਤੇ ਜਵਾਬ ਵੀ ਦਿੰਦਾ ਹੈ, ਭਾਵੇਂ ਕਿੰਨਾ ਵੀ ਵਿਅਸਤ (ਮਸਰੂਫ) ਕਿਉਂ ਨਾ ਹੋਵੇ।

ਖੁਸ਼-ਰਹਿਣਾ ਅੰਕਲ ਚੁਟਕਲੇ ਸੁਣਨ ਦਾ ਵੀ ਬਹੁਤ ਸ਼ੁਕੀਨ ਹੈ। ਅਕਸਰ ਮੈਨੂੰ ਹੀ ਇਹ ਸੇਵਾ ਕਰਨੀ ਪੈਂਦੀ ਹੈ। ਚੁਟਕਲੇ ਸੁਣਾਉਣ ਦਾ ਵੀ ਤਾਂ ਹੀ ਮਜ਼ਾ ਆਉਂਦਾ ਹੈ ਜੇ ਸੁਣਨ ਵਾਲੇ ਨੂੰ ਸੁਣਨਾ ਵੀ ਆਉਂਦਾ ਹੋਵੇ ਤੇ ਉਸਦਾ ਲੁਤਫ਼ ਲੈਣਾ ਵੀ। ਕਈ ਤਾਂ ਦਿਵਾਲੀ ਦੇ ਸਿਲ੍ਹਾਬੇ ਪਟਾਕਿਆਂ ਵਾਂਗ ਠੁੱਸ ਕਰ ਕੇ ਸਾਰਾ ਸੁਆਦ ਹੀ ਖਰਾਬ ਕਰ ਦਿੰਦੇ ਹਨ। ਜੇ ਸੁਣਨ ਵਾਲਾ ਤਰਤੀਬੀ ਹੋਵੇ ਤਾਂ ਮਹਿਫ਼ਲ ਜੰਮ ਜਾਂਦੀ ਹੈ। ਨਵਤੇਜ ਭਾਰਤੀ ਨੂੰ ਕੋਈ ਲਤੀਫ਼ਾ ਸੁਣਾ ਦਿਉ, ਲਤੀਫੇ਼ ਨਾਲੋਂ ਜ਼ਿਆਦਾ ਮਜ਼ਾ ਭਾਰਤੀ ਨੂੰ ਉਸਦਾ ਸੁਆਦ ਲੈਂਦਿਆਂ ਦੇਖ ਕੇ ਆਉਂਦਾ ਹੈ। ਕਿਰਪਾਲ ਪੰਨੂੰ, ਅਮਰਜੀਤ ਸਾਥੀ ਅਤੇ ਨਵਤੇਜ ਭਾਰਤੀ ਜੇ ਕਿਸੇ ਮਹਿਫ਼ਲ ਵਿੱਚ ਇਕੱਠੇ ਹੋ ਜਾਣ ਤੇ ਲਤੀਫ਼ਿਆਂ ਦਾ ਦੌਰ ਸ਼ੁਰੂ ਹੋ ਜਾਵੇ ਤਾਂ ਯਾਦਗਾਰੀ ਹੋ ਨਿੱਬੜਦਾ ਹੈ। ਕਵਿਤਾ ਵਾਂਗ ਲਤੀਫ਼ੇ ਦੀ ਵੀ ਫਰਮਾਇਸ਼ ਆਉਂਦੀ ਹੈ ਕਿ ਫਲਾਣਾ ਲਤੀਫ਼ਾ ਦੁਬਾਰਾ ਸੁਣਾਇਆ ਜਾਵੇ। ਘਰੇਲੂ ਮਾਹੌਲ ਵਿੱਚ ਸ਼ਾਕਾਹਾਰੀ ਤੇ ਬਾਹਰ ਕਿਤੇ ਇਕੱਠੇ ਹੋ ਜਾਵੋ ਤਾਂ ਮਾਸਾਹਾਰੀ। ਬਾਰਾਂ ਸਾਲ ਵਿੱਚ ਅੰਕਲ ਦੀ ਦਿੱਖ ਵਿੱਚ ਕੋਈ ਫਰਕ ਨਹੀਂ ਪਿਆ ਪਰ ਸ਼ੁਗਲ ਵੇਲੇ ਇਹ ਹੋਰ ਵੀ ਜਵਾਨ ਦਿਸਣ ਲੱਗ ਪੈਂਦਾ ਹੈ।

ਇੱਕ ਵਾਰ ਮੈਂ ਪੁੱਛ ਲਿਆ, “ਪੰਨੂੰ ਜੀ, ਤੁਹਾਡੇ ਵੱਲ ਝਾਤੀ ਮਾਰਿਆਂ ਇੰਜ ਲਗਦਾ ਹੈ ਕਿ ਸਾਰਾ ਪਿੰਡ ਹੀ ਮਿੱਤਰਾਂ ਦਾ ਹੈ, ਫਿਰ ਵੀ ਤੁਸੀਂ ਦੋਸਤੀ ਨੂੰ ਕਿੰਝ ਪ੍ਰਭਾਸ਼ਿਤ ਕਰਦੇ ਹੋ?”

ਮੁਸਕਰਾ ਪਏ ਤੇ ਕਹਿਣ ਲੱਗੇ, “ਤੂੰ ਆਪਣੇ ਬਾਰੇ ਪਤਾ ਕਰਨਾ ਹੈ ਜਾਂ ਸਮੁੱਚੇ ਜੀਵਨ ਬਾਰੇ?”

ਮੈਂ ਕਿਹਾ, “ਤੁਸੀਂ ਦੋਵਾਂ ਬਾਰੇ ਹੀ ਦੱਸ ਦੇਵੋ।”

ਕਹਿਣ ਲੱਗੇ, “ਦੁਨੀਆ ਵਿੱਚ ਦੋ ਹੀ ਵੰਡਾਂ ਹਨ, ਜਿਵੇਂ ਕਮਿਊਨਿਸਟ ਕਹਿੰਦੇ ਹਨ, ਲੁੱਟਣ ਵਾਲੇ ਤੇ ਲੁੱਟ ਹੋਣ ਵਾਲੇ। ਇਸੇ ਤਰ੍ਹਾਂ ਲੋਕ ਵੀ ਦੋ ਹੀ ਕਿਸਮ ਦੇ ਹਨ। ਇੱਕ ਜਿਨ੍ਹਾਂ ਵਿੱਚ ਚੰਗਿਆਈ ਭਾਰੂ ਹੁੰਦੀ ਹੈ ਤੇ ਇੱਕ ਜਿਨ੍ਹਾਂ ਵਿੱਚ ਚੰਗਿਆਈ ਭਾਰੂ ਨਹੀਂ ਹੁੰਦੀ। ਕਈ ਵਾਰ ਤੂੰ ਦੇਖਿਆ ਹੋਣਾ ਕਿ ਕਿਸੇ ਖਾਸ ਮੌਕੇ ਸਾਰੇ ਹੀ ਚੰਗਾ ਵਰਤਾਅ ਕਰਦੇ ਹਨ ਤੇ ਇੰਝ ਲਗਦਾ ਹੈ ਕਿ ਸਾਰੀ ਦੁਨੀਆ ਹੀ ਚੰਗੀ ਹੈ। ਸਾਰੇ ਇਨਸਾਨ ਚੰਗੇ ਹਨ। ਅਸਲ ਵਿੱਚ ਉਦੋਂ ਇਨਸਾਨ ਨਹੀਂ ਸਗੋਂ ਉਹ ਮੌਕਾ ਭਾਰੂ ਹੁੰਦਾ ਹੈ, ਜੋ ਇਨਸਾਨ ਦੀ ਚੰਗਿਆਈ ਨੂੰ ਟੁੰਬ ਲੈਂਦਾ ਹੈ ਤੇ ਸਾਰੇ ਪਾਸੇ ਚੰਗੀ ਦੁਨੀਆ ਹੀ ਦਿਸਦੀ ਹੈ। ਕਦੇ ਅਜਿਹਾ ਵੀ ਹੁੰਦਾ ਹੈ ਕਿ ਚੰਗੇ ਤੋਂ ਚੰਗਾ ਇਨਸਾਨ ਵੀ ਮਾੜਾ ਵਰਤਾਅ ਕਰਦਾ ਹੈ, ਉਦੋਂ ਵੀ ਇਸ ਭਾਵਨਾ ਦੇ ਪਿੱਛੇ ਮਾਹੌਲ ਹੀ ਕੰਮ ਕਰ ਰਿਹਾ ਹੁੰਦਾ ਹੈ। ਕਦੇ-ਕਦੇ ਭੀੜ ਦਾ ਮਨੋਵਿਗਿਆਨ ਇਨਸਾਨ ਨੂੰ ਆਪਣੀ ਪਕੜ ਵਿੱਚ ਲੈ ਲੈਂਦਾ ਹੈ। ਸਾਰੀ ਲੋੜ ਤਾਂ ਇਸ ਗੱਲ ਦੀ ਹੈ ਕਿ ਮਾਹੌਲ ਨੂੰ ਬਿਹਤਰ ਕਿਵੇਂ ਬਣਾਇਆ ਜਾਵੇ।”

“ਪਰ ਅੰਕਲ, ਤੁਸੀਂ ਵੀ ਕਈਆਂ ਦੇ ਵਰਕੇ ਪਾੜੇ ਹਨ। ਇਹ ਕਿਉਂ?”

“ਅਸਲ ਗੱਲ ਇਹ ਹੈ ਕਿ ਮੈਨੂੰ ਉਹ ਲੋਕ ਚੰਗੇ ਨਹੀਂ ਲਗਦੇ ਜੋ ਚੰਗਿਆਈ ਜਾਂ ਬੁਰਾਈ ਦੀ ਲੀਕ ’ਤੇ ਖੜ੍ਹੇ ਹੁੰਦੇ ਹਨ। ਉਹਨਾਂ ਦਾ ਪਤਾ ਨਹੀਂ ਲਗਦਾ। ਜੇ ਮੈਨੂੰ ਪਤਾ ਲੱਗ ਜਾਵੇ ਕਿ ਫਲਾਣਾ ਬੁਰਾ ਹੈ ਤਾਂ ਮੈਂ ਕਦੇ ਵੀ ਉਸ ਨਾਲੋਂ ਆਪਣਾ ਸਬੰਧ ਨਾ ਤੋੜਾਂ। ਘੱਟੋ ਘੱਟ ਮੈਨੂੰ ਪਤਾ ਤਾਂ ਹੋਵੇ ਕਿ ਉਸ ਨਾਲ ਕਿਸ ਤਰ੍ਹਾਂ ਵਿਚਰਨਾ ਹੈ? ਹਰ ਕੋਈ ਕੇਲੇ ਦੇ ਛਿਲਕੇ ਨੂੰ ਜੇ ਅੱਖੋਂ ਓਹਲੇ ਕਰ ਦੇਵੇਗਾ ਤਾਂ ਦੁਨੀਆ ਵਿੱਚ ਤਿਲ੍ਹਕਣ ਵਧ ਜਾਵੇਗੀ। ਇਹ ਸਾਰੀ ਦੁਨੀਆ ਹੀ ਇਸ ਛਿਲਕੇ ਅਤੇ ਗ੍ਰਹਿ ਵਿਗਿਆਨ ਦੇ ਵਿਚਾਲੇ ਖੜ੍ਹੀ ਹੈ। ਤੁਸੀਂ ਤਾਂ ਇਹ ਵੇਖਣਾ ਹੈ ਕਿ ਤੁਸੀਂ ਕਿੱਥੇ ਖੜ੍ਹੇ ਹੋ ਤੇ ਤੁਹਾਡਾ ਹਮਸਾਇਆ ਕਿੱਥੇ ਖੜ੍ਹਾ ਹੈ। ਦੂਸਰੀ ਗੱਲ ਤੇਰੀ, ਉਹ ਇਸ ਤਰ੍ਹਾਂ ਹੈ ਕਿ ਹੋ ਸਕਦਾ ਹੈ ਕਿ ਤੂੰ ਚੰਗਾ ਹੋਵੇਂ ਤੇ ਹੋ ਸਕਦਾ ਹੈ ਕਿ ਤੂੰ ਚੰਗਾ ਨਾ ਹੋਵੇਂ। ਮੇਰੀ ਦੋਸਤੀ ਦਾ ਇਹੋ ਮਤਲਬ ਹੈ ਕਿ ਜਿਸ ਤਰ੍ਹਾਂ ਤੂੰ ਮੈਨੂੰ ਦਿਸਦਾ ਹੈਂ, ਇਸ ਤਰ੍ਹਾਂ ਹੀ ਤੂੰ ਸਾਰਿਆਂ ਨੂੰ ਦਿਸੇਂ।”

ਮੈਂ ਚੁੱਪ ਕਰ ਗਿਆ। ਅੰਕਲ ਨੇ ਸਭ ਕੁਝ ਕਹਿ ਵੀ ਦਿੱਤਾ ਸੀ ਤੇ ਸਭ ਕੁਝ ਲੁਕਾ ਵੀ ਲਿਆ ਸੀ। ਮੈਂ ਕਈ ਵਾਰੀ ਕੋਸ਼ਿਸ਼ ਵੀ ਕੀਤੀ ਕਿ ਪੁੱਛਾਂ, ਅੰਕਲ ਕਦੇ ਇਸ਼ਕ ਉਸ਼ਕ ਵੀ ਕੀਤਾ ਹੈ ਜਾਂ ਨਹੀਂ। ਅੱਜ ਉਹਨਾਂ ਦੀ ਇਹ ਗੱਲ ਸੁਣ ਕੇ ਮੈਨੂੰ ਲੱਗਾ ਕਿ ਅੰਕਲ ਕਿਤਾਬੀ ਗੱਲਾਂ ਨੂੰ ਹੀ ਮਹੱਤਵ ਦਿੰਦੇ ਹਨ ਤੇ ਕੁਝ ਦੱਸਣ ਨਹੀਂ ਲੱਗੇ। ਇਹ ਵੀ ਹੋ ਸਕਦਾ ਹੈ ਦੱਸਣ ਲਈ ਕੁਝ ਹੋਵੇ ਹੀ ਨਾ ਪਰ ਫਿਰ ਸੋਚਦਾ ਹਾਂ, ਇਹ ਨਹੀਂ ਹੋ ਸਕਦਾ। ਪਰ ਇੱਕ ਗੱਲ ਤਾਂ ਪੱਕੀ ਹੈ ਕਿ ਵਿਆਹ ਤੋਂ ਬਾਅਦ ਐਸੀ ਕੋਈ ਗੱਲ ਨਹੀਂ ਜਿੱਥੇ ਸਾਰੀ ਜ਼ਿੰਦਗੀ ਹੀ ਸ਼ਗਨਾਂ-ਮਗਨਾਂ ਨਾਲ ਲੰਘੀ ਹੋਵੇ, ਉੱਥੇ ਰਾਈ ਦਾ ਕੀ ਕੰਮ?

ਪਰ ਅੰਕਲ ਮੈਨੂੰ ਟਿੱਚਰਾਂ ਕਰਦੇ ਰਹਿੰਦੇ ਹਨ। ਕਹਾਣੀ ਦੇ ਪਾਤਰ ਬਾਰੇ ਪੁੱਛਣ ਲੱਗੇ, ਇਹ ਗੁਰੋ ਕੌਣ ਹੈ? ਮੇਰੀਆਂ ਪਹਿਲੀਆਂ ਕਹਾਣੀਆਂ ਵਿੱਚ ਇੱਕ ਪਾਤਰ ਦਾ ਨਾਮ ਮੈਂ ਮਨਿੰਦਰ ਲਿਖ ਦਿੱਤਾ ਤੇ ਅਨਜਾਣੇ ਵਿੱਚ ਹੀ ਇਹ ਨਾਮ ਮੈਂ ਦੋ ਤਿੰਨ ਵਾਰ ਦੁਹਰਾਅ ਦਿੱਤਾ। ਮੈਨੂੰ ਕੋਈ ਚਿੱਤ ਚੇਤਾ ਵੀ ਨਹੀਂ ਸੀ, ਇੱਕ ਦਿਨ ਮੈਨੂੰ ਪੁੱਛਣ ਲੱਗੇ, ਇਹ ਮਨਿੰਦਰ ਕੌਣ ਹੈ? ਮੈਂ ਭੁਚੱਕਾ ਜਿਹਾ ਸੋਚਣ ਲੱਗ ਪਿਆ। ਅਸਲ ਵਿੱਚ ਇਸ ਨਾਮ ਦੀ ਕਿਸੇ ਕੁੜੀ ਨੂੰ ਮੈਂ ਜਾਣਦਾ ਤਕ ਨਹੀਂ ਸੀ। ਗੱਲ ਆਈ ਗਈ ਹੋ ਗਈ ਪਰ ਮੈਂ ਸੋਚਣ ਲੱਗ ਪਿਆ। ਦਿਮਾਗ ’ਤੇ ਜ਼ੋਰ ਦੇਣ ’ਤੇ ਦੋਵੇਂ ਪਾਤਰ ਚੇਤੇ ਆ ਗਏ। ਗੁਰੋ ਸਾਡੇ ਮੁਹੱਲੇ ਵਿੱਚ ਕਿਸੇ ਬਾਬੇ ਦੀ ਏਜੰਟ ਸੀ। ਉਦੋਂ ਮੇਰੀ ਉਮਰ ਨੌ ਜਾਂ ਦਸ ਸਾਲ ਹੋਵੇਗੀ। ਮਨਿੰਦਰ ਮੇਰੇ ਨਾਲ ਚੌਥੀ ਜਮਾਤ ਵਿੱਚ ਪੜ੍ਹਦੀ ਸੀ ਤੇ ਮੈਂ ਉਹਨਾਂ ਦੇ ਘਰ ਹੋਮ ਵਰਕ ਕਰਨ ਜਾਂਦਾ ਹੁੰਦਾ ਸੀ।

ਜੇ ਜ਼ਿੰਦਗੀ ਇੱਕ ਰੇਲ ਗੱਡੀ ਦਾ ਡੱਬਾ ਹੈ ਤਾਂ ਇਸ ਵਿੱਚ ਬੈਠਾ ਅੰਕਲ ਮੈਨੂੰ ਇੰਝ ਦਿਖਾਈ ਦਿੰਦਾ ਹੈ, ਜਿਸ ਨੂੰ ਸਾਰੇ ਡੱਬੇ ਦਾ ਫਿਕਰ ਹੈ। ਕੋਈ ਪਲੇਟਫਾਰਮ ’ਤੇ ਉੱਤਰਿਆ ਰਹਿ ਨਾ ਜਾਵੇ, ਕਿਸੇ ਨੂੰ ਅਰਾਮ ਕਰਨ ਲਈ ਜੇ ਬਰਥ ਚਾਹੀਦੀ ਹੈ ਤਾਂ ਉਸ ਨੂੰ ਬਰਥ ਮਿਲ ਜਾਵੇ। ਇੱਕ ਵਾਰ ਦੀ ਗੱਲ ਹੈ ਕਿ ਇਕਬਾਲ ਰਾਮੂਵਾਲੀਏ ਨੇ ਕਿਸੇ ਸਾਈਟ ’ਤੇ ਜਾ ਕੇ ਪੁਰਾਣੀਆਂ (ਚਿਰਗਾਮੀ Chronic) ਬਿਮਾਰੀਆਂ ਦੇ ਇਲਾਜ ਲਈ ਇੱਕ ਨੁਸਖਾ ਲੱਭਿਆ। ਕੈਂਸਰ, ਡਾਇਬਟੀਜ਼, ਕੁਲੇਸਟਟੌਲ ਤੇ ਹੋਰ ਕਈ ਬਿਮਾਰੀਆਂ ਦਾ ਇਲਾਜ ਉਸਦੇ ਅਹਾਰ ਨਾਲ ਸੰਭਵ ਸੀ। ਇਹ ਗੱਲ ਉਹਨਾਂ ਕਿਰਪਾਲ ਪੰਨੂੰ ਨਾਲ ਸਾਂਝੀ ਕੀਤੀ। ਇਨ੍ਹਾਂ ਨੇ ਕੰਪਿਊਟਰ ’ਤੇ ਚਾੜ੍ਹ ਕੇ ਉਸਦਾ ਪਰਚਾਰ ਸ਼ੁਰੂ ਕਰ ਦਿੱਤਾ। ਫਲੈਕਸੀਡ (ਅਲਸੀ ਦੇ ਤੇਲ) ਨਾਲ ਤਿਆਰ ਹੁੰਦਾ ਇਹ ਨੁਸਖਾ ਹੁਣ ਘਰ-ਘਰ ਪਹੁੰਚ ਗਿਆ ਹੈ। ਉਸੇ ਮੀਟਿੰਗ ਵਿੱਚ ਇਹ ਤੁਲਸੀ ਦੇ ਨੌਂ ਬੂਟੇ ਲੈ ਆਏ। ਹੱਥੋ ਹੱਥ ਸਾਰਿਆਂ ਨੇ ਵੰਡ ਲਏ। ਮੇਰੇ ਹਿੱਸੇ ਆਇਆ ਬੂਟਾ ਅੰਕਲ ਨੇ ਕਿਸੇ ਹੋਰ ਨੂੰ ਦੇ ਕੇ ਮੈਨੂੰ ਕਿਹਾ ਕਿ ਤੂੰ ਘਰੋਂ ਆ ਕੇ ਲੈ ਜਾਵੀਂ। ਇਹ ਬੂਟੇ ਕਿੱਥੋਂ ਆਏ, ਗਮਲੇ ਕਿੱਥੋਂ ਆਏ? ਇਸਦਾ ਤੁਹਾਨੂੰ ਪਤਾ ਨਹੀਂ ਲੱਗੇਗਾ ਪਰ ਜੇ ਚਾਹੀਦਾ ਹੈ ਤਾਂ ਉਹ ਮਿਲ ਜਾਵੇਗਾ। ਤੁਲਸੀਆਂ ਵੰਡਣ ਦਾ ਸ਼ੌਕ ਤੁਹਾਡੇ ਘਰ ਨੂੰ ਇਸਦੀ ਖੁਸ਼ਬੋ ਨਾਲ ਭਰ ਦੇਵੇਗਾ। ਕਹਿੰਦੇ ਹਨ ਕਿ ਇਸ ਬੂਟੇ ਦੇ ਹੋਣ ਨਾਲ ਘਰ ਵਿੱਚ ਬਰਕਤ ਪੈਂਦੀ ਹੈ। ਜੇ ਇਹ ਬੂਟਾ ਤੁਹਾਨੂੰ ਕਿਰਪਾਲ ਪੰਨੂੰ ਨੇ ਦਿੱਤਾ ਹੈ, ਬਰਕਤ ਤਾਂ ਪਵੇਗੀ ਹੀ ਪਵੇਗੀ।

*       *       *       *       *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (This email address is being protected from spambots. You need JavaScript enabled to view it.om)