“ਸਾਡੀਆਂ ਧੜਕਣਾਂ ਅਜੇ ਵੀ ਟਿਕਾਣੇ ਨਹੀਂ ਸੀ ਆਈਆਂ ਕਿ ਮੀਲ ਕੁ ਦੀ ਵਿੱਥ ਤੋਂ ਤਾੜ-ਤਾੜ ...”
(26 ਜੂਨ 2025)
ਨਿੱਕੇ ਹੁੰਦਿਆਂ ਦਾਦੀ ਕਿਸੇ ਬਹਾਦਰ ਯੋਧੇ ਦੀ ਕਹਾਣੀ ਸੁਣਾਉਂਦੀ ਹੁੰਦੀ ਸੀ ਕਿ ਮੌਤ ਨੂੰ ਅੱਖੀਂ ਦੇਖ ਕੇ ਉਹਨੂੰ ਚਾਅ ਚੜ੍ਹ ਜਾਂਦਾ ਸੀ। ਯੋਧੇ ਦਾ ਨਾਂ ਤਾਂ ਹੁਣ ਯਾਦ ਨਹੀਂ, ਪਰ ਇਹ ਯਾਦ ਹੈ ਕਿ ਮੈਂ ਦਾਦੀ ਨੂੰ ਸਵਾਲ ਕਰਦਾ ਹੁੰਦਾ ਸੀ ਕਿ ਮੌਤ ਕਿਹੋ ਜਿਹੀ ਹੁੰਦੀ ਹੈ? ਸਮਾਂ ਆਪਣੀ ਤੋਰੇ ਤੁਰਦਾ ਰਿਹਾ। ਦਾਦੀ ਦੀ ਮੌਤ ਹੋ ਗਈ ਤੇ ਉਹਦੀ ਗੱਲ ਵਿਸਰ ਗਈ। ਪੰਜਾਬ ਵਿੱਚ ਕਾਲ਼ੇ ਦੌਰ ਦੇ ਦਿਨ ਆਏ। ਰੋਜ਼ ਕਿੰਨੀਆਂ ਹੀ ਅਣਆਈਆਂ ਮੌਤਾਂ ਦੀਆਂ ਖਬਰਾਂ ਆਉਣ ਲੱਗੀਆਂ। ਖਾੜਕੂ ਅਖਵਾਉਂਦੇ ਗਰਮ ਖਿਆਲੀਏ ਬੰਦੂਕ ਦੀ ਨੋਕ ’ਤੇ ਲੋਕਾਂ ਨੂੰ ਫਜ਼ੂਲ ਖਰਚਿਆਂ ਤੋਂ ਰੋਕਦੇ। ਬਿਨਾਂ ਦਹੇਜ ਸਾਦੇ ਵਿਆਹਾਂ ਲਈ ਕਿਹਾ ਜਾਂਦਾ, ਜਿਸ ਨੂੰ ਆਮ ਤੌਰ ’ਤੇ ਚੰਗਾ ਮੰਨਿਆ ਜਾਂਦਾ। ਅਜਿਹੇ ਮੌਕਿਆਂ ’ਤੇ ਮੀਟ-ਸ਼ਰਾਬ ਦੀ ਮਨਾਹੀ ਦੇ ਹੁਕਮਾਂ ਨੂੰ ਕੋਈ ਪਸੰਦ ਕਰਦਾ ਤੇ ਕੋਈ ਨੱਕ ਮੂੰਹ ਚਾੜ੍ਹਦਾ। ਡਰਾਉਣੇ ਜਿਹੇ ਮਾਹੌਲ ਵਿੱਚ ਲੋਕ ਨਾ ਚਾਹੁੰਦੇ ਹੋਏ ਵੀ ਹੁਕਮਾਂ ਦੀ ਪਾਲਣਾ ਕਰਦੇ ਸਨ।
1988 ਵਿੱਚ ਅਪਰੈਲ ਦੇ ਦੂਜੇ ਐਤਵਾਰ ਛੋਟੇ ਭਰਾ ਦਾ ਵਿਆਹ ਸੀ। ਸ਼ਰੀਕੇ ਦੇ ਕੁਝ ਘਰਾਂ ਸਮੇਤ ਅਸੀਂ ਪਿੰਡੋਂ ਦੂਰ ਖੇਤਾਂ ਵਿੱਚ ਰਹਿੰਦੇ ਸੀ। ਵਿਆਹ ਸ਼ਾਂਤੀ ਪੂਰਵਕ ਹੋ ਗਿਆ। ਉਦੋਂ ਅਗਲੇ ਦਿਨ ਮੁਕਲਾਵੇ ਵਾਲਾ ਫੇਰਾ ਪਾਉਣ ਦਾ ਰਿਵਾਜ਼ ਸੀ। ਅਸੀਂ ਸਵੇਰੇ ਜਾ ਕੇ ਬਾਅਦ ਦੁਪਹਿਰ ਪਰਤ ਆਏ। ਇਹ ਸਮਝ ਕੇ ਕਿ ਵਿਆਹ ਲੰਘ ਗਿਆ ਹੈ, ਹੁਣ ਖਾੜਕੂਆਂ ਦਾ ਖ਼ਤਰਾ ਟਲ ਗਿਆ ਹੈ, ਸ਼ਰਾਬ ਦੇ ਸ਼ੌਕੀਨ ਰਿਸ਼ਤੇਦਾਰਾਂ ਨੇ ਸ਼ਾਮ ਨੂੰ ਮਹਿਫਲ ਸਜਾ ਲਈ। ਸਾਡੇ ਪਿਤਾ, ਚਾਚੇ, ਮਾਮੇ, ਮਾਸੜ, ਫੁੱਫੜ ਅਤੇ ਵਿਚੋਲੇ ਨੇ ਇੱਕ ਕਮਰਾ ਮੱਲ ਲਿਆ। ਚੁਫੇਰੇ ਕੁਰਸੀਆਂ ਅਤੇ ਵਿਚਕਾਰ ਮੇਜ਼ ਸੀ। ਹਨੇਰਾ ਅਜੇ ਪਸਰਿਆ ਹੀ ਸੀ ਕਿ ਵਿਹੜੇ ਵਿੱਚੋਂ ਛੋਟੀ ਭੈਣ ਦੀ ਆਵਾਜ਼ ਆਈ- ਬਾਬੇ ਆਗੇ।
ਕੰਮ ਕਰਦੀਆਂ ਔਰਤਾਂ ਦੇ ਹੱਥੋਂ ਭਾਂਡੇ ਡਿਗਣ ਲੱਗੇ। ਸਭ ਦੀਆਂ ਧੜਕਣਾਂ ਤੇਜ਼ ਹੋ ਗਈਆਂ। ਪਤਾ ਨਹੀਂ ਅਗਲੇ ਪਲਾਂ ਵਿੱਚ ਕੀ ਬਣ ਜਾਊ, ਦੇ ਸਵਾਲ ਕਾਂਬਾ ਛੇੜਨ ਲੱਗੇ। ਥੋੜ੍ਹੇ ਦਿਨ ਪਹਿਲਾਂ ਤਤਕਾਲੀ ਕੇਂਦਰੀ ਮੰਤਰੀ ਦੇ ਜਲੰਧਰ ਜ਼ਿਲ੍ਹੇ ਦੇ ਪਿੰਡ ਰਹਿੰਦੇ ਰਿਸ਼ਤੇਦਾਰਾਂ ਦੇ ਘਰ ਵਿਆਹ ਮੌਕੇ ਕਤਲੇਆਮ ਹੋਇਆ ਸੀ। ਅਖਬਾਰਾਂ ਵਿੱਚ ਛਪੀਆਂ ਉੱਥੋਂ ਦੀਆਂ ਫੋਟੋਆਂ ਦੇ ਦ੍ਰਿਸ਼ ਮੇਰੀਆਂ ਅੱਖਾਂ ਸਾਹਮਣੇ ਆਉਣ ਲੱਗੇ।
ਚਾਰ ਨੌਜਵਾਨ ਖੁੱਲ੍ਹਾ ਵਿਹੜਾ ਲੰਘ ਕੇ ਅੰਦਰ ਵੱਲ ਆਏ। ਇੱਕ ਇੱਕ ਏਕੇ-47 ਉਨ੍ਹਾਂ ਦਿਆਂ ਹੱਥਾਂ ਵਿੱਚ ਅਤੇ ਦੋ-ਦੋ ਉਨ੍ਹਾਂ ਦੇ ਮੋਢਿਆਂ ਟੰਗੀਆਂ ਹੋਈਆਂ ਸਨ। ਦੋ ਤਿਆਰ-ਬਰ-ਤਿਆਰ ਹਵੇਲੀ ਵਿੱਚ ਖੜ੍ਹ ਗਏ ਅਤੇ ਦੋ ਰਿਹਾਇਸ਼ ਵੱਲ ਅਪ ਆਏ। ਪਹਿਲੇ ਕਮਰੇ ਦੇ ਬੰਦ ਦਰਵਾਜ਼ੇ ਨੂੰ ਉਨ੍ਹਾਂ ਨੇ ਪੈਰ ਦੇ ਠੁੱਡੇ ਨਾਲ ਖੋਲ੍ਹਿਆ। ਅੰਦਰ ਬੈਠੇ ਪਿਆਕੜ ਕੁਰਸੀਆਂ ਤੋਂ ਉੱਠੇ ਤੇ ਉਦੋਂ ਦੇ ਰਿਵਾਜ਼ ਅਨੁਸਾਰ ਫਤਿਹ ਬੁਲਾਈ। ਪਤਾ ਨਹੀਂ ਸ਼ਰਾਬੀ ਜ਼ਿਆਦਾ ਸੀ ਜਾਂ ਲੱਤਾਂ ਕੰਬਣ ਕਰ ਕੇ ਸਾਡਾ ਯੂਪੀ ਤੋਂ ਆਇਆ ਫੁੱਫੜ ਉੱਠਣ ਦਾ ਯਤਨ ਕਰਦਿਆਂ ਕੁਰਸੀ ਸਮੇਤ ਪਾਸੇ ਨੂੰ ਡਿਗ ਪਿਆ। ਮੋਹਰੇ ਖੜ੍ਹੇ ਬੰਦੂਕਧਾਰੀ ਨੇ ਉਨ੍ਹਾਂ ਨੂੰ ਸ਼ਰਾਬ ਬਾਰੇ ਬੁਰਾ ਭਲਾ ਬੋਲਿਆ ਤੇ ਅਗਲੇ ਕਮਰੇ ਦਾ ਦਰਵਾਜ਼ਾ ਖੋਲ੍ਹ ਕੇ ਦੇਖਿਆ ਕਿ ਅੰਦਰ ਔਰਤਾਂ ਹੀ ਨੇ, ਫਿਰ ਆਪੇ ਹੀ ਦਰਵਾਜ਼ਾ ਭੇੜ ਕੇ ਅੱਗੇ ਵਧ ਗਏ। ਰਸੋਈ ਵਿੱਚ ਜਾ ਕੇ ਕੜਾਹੀਆਂ ਤੋਂ ਢੱਕਣ ਲਾਹ ਕੇ ਦੇਖੇ, ਸ਼ਾਇਦ ਦੇਖਣਾ ਚਾਹੁੰਦੇ ਹੋਣ ਕਿ ਮੀਟ ਤਾਂ ਨਹੀਂ ਬਣਿਆ, ਪਰ ਦਾਲ ਸਬਜ਼ੀਆਂ ਦੇਖ ਕੇ ਅਗਲੇ ਵੱਡੇ ਕਮਰੇ ਦੇ ਦਰਵਾਜ਼ੇ ਨੂੰ ਧੱਕਾ ਮਾਰਿਆ। ਅੰਦਰ ਮੇਰੇ ਸਮੇਤ ਮਾਸੀ ਅਤੇ ਮਾਮੇ ਦੇ ਅੰਮ੍ਰਿਤਧਾਰੀ ਲੜਕੇ ਆਪਣੀ ਹੋਣੀ ਦੀ ਉਡੀਕ ਵਿੱਚ ਬੈਠੇ ਸੀ।
“ਵਾਹ, ਇੱਧਰ ਅੰਮ੍ਰਿਤਧਾਰੀ ਬੈਠੇ ਆ ਤੇ ਔਧਰ ਸ਼ਰਾਬਾਂ ਚੱਲ ਰਹੀਆਂ।” ਏਕੇ-47 ਵਾਲਾ ਮੱਸ ਫੁੱਟ ਗੁੱਸੇ ਨਾਲ ਬੋਲਿਆ। ਮੈਨੂੰ ਮੌਤ ਹੋਰ ਨੇੜੇ ਆ ਗਈ ਲੱਗੀ।
“ਜੀ ਉਹ ਸਾਡੇ ਫੁੱਫੜ ਨੇ ਯੂਪੀ ਤੋਂ, ਨਾਂਹ ਕਰਦੇ ਤਾਂ ਉਨ੍ਹਾਂ ਬਖੇੜਾ ਖੜ੍ਹਾ ਕਰ ਦੇਣਾ ਸੀ। ਤੁਸੀਂ ਆਪ ਸੋਚੋ, ਤੁਸੀਂ ਆਪਣੇ ਘਰ ਆਏ ਫੁੱਫੜ ਦੀ ਗੱਲ ਨਹੀਂ ਮੰਨੋਗੇ।” ਯਕੀਨ ਕਰਨਾ, ਅੱਜ ਤਕ ਹੈਰਾਨੀ ਹੈ ਕਿ ਅੱਖਾਂ ਮੋਹਰੇ ਖੜ੍ਹੀ ਮੌਤ ਦੇਖ ਕੇ ਅਜਿਹਾ ਮੋੜਵਾਂ ਜਵਾਬ ਕਿਵੇਂ ਤੇ ਕਿਉਂ ਅਹੁੜਿਆ! ਜਵਾਬ ਸੁਣ ਕੇ ਪਤਾ ਨਹੀਂ ਉਸ ਏਰੀਆ ਕਮਾਂਡਰ ਅਖਵਾਉਂਦੇ ਗੋਰੇ ਨਿਛੋਹ ਗੱਭਰੂ ਦੇ ਮਨ ਵਿੱਚ ਕੀ ਆਇਆ, ਹੱਥ ਵਿੱਚ ਫੜੀ ਸਟੇਨ ਦਾ ਘੋੜਾ ਨੱਪਣ ਦੀ ਥਾਂ ਬਿਨਾਂ ਹੋਰ ਗੱਲ ਕੀਤਿਆਂ ਦੋਵੇਂ ਵਾਪਸ ਮੁੜੇ ਤੇ ਬਿਨਾਂ ਕਿਸੇ ਹੋਰ ਨਾਲ ਕੋਈ ਗੱਲ ਕੀਤਿਆਂ ਵਾਪਸ ਚਲੇ ਗਏ।
ਸਾਡੀਆਂ ਧੜਕਣਾਂ ਅਜੇ ਵੀ ਟਿਕਾਣੇ ਨਹੀਂ ਸੀ ਆਈਆਂ ਕਿ ਮੀਲ ਕੁ ਦੀ ਵਿੱਥ ਤੋਂ ਤਾੜ-ਤਾੜ ਸੁਣਾਈ ਦੇਣ ਲੱਗੀ ਤੇ ਗੋਲੀਆਂ ਹਨੇਰਾ ਚੀਰਨ ਲੱਗੀਆਂ। ਬਾਅਦ ਵਿੱਚ ਪਤਾ ਲੱਗਾ, ਉੱਥੇ ਸੀਆਰਪੀਐੱਫ ਦਾ ਨਾਕਾ ਲੱਗਾ ਹੋਇਆ ਸੀ, ਜਿਸ ਨਾਲ ਬਾਬਿਆਂ ਦਾ ਟਾਕਰਾ ਹੋ ਗਿਆ ਸੀ। ਅੱਧੇ ਕੁ ਘੰਟੇ ਵਿੱਚ ਇਲਾਕਾ ਨੀਮ ਫੌਜੀ ਦਲਾਂ ਦੀ ਛਾਉਣੀ ਬਣ ਗਿਆ। ਉਹ ਚਾਰੋਂ ਬਚ ਨਿਕਲੇ ਸਨ, ਪਰ ਨਾਕੇ ’ਤੇ ਘਾਤ ਲਾ ਕੇ ਕੀਤੇ ਹਮਲੇ ਵਿੱਚ ਕੁਝ ਮੁਲਾਜ਼ਮਾਂ ਦੀ ਜਾਨ ਚਲੀ ਗਈ ਸੀ।
ਸਾਡੇ ਘਰ ਦੇ ਪਿਛਵਾੜੇ ਵਾਲਿਆਂ ਨੇ ਸਮਝਿਆ ਕਿ ਸਾਡੇ ਘਰ ਦੀ ਤਲਾਸ਼ੀ ਲਈ ਗਈ ਸੀ। ਇਸ ਗੱਲੋਂ ਵੀ ਬਚਾ ਰਿਹਾ ਕਿ ਕਿਤੇ ਇਹ ਭਿਣਕ ਨਾ ਪਈ, ਟਾਕਰੇ ਤੋਂ ਪਹਿਲਾਂ ਉਹ ਸਾਡੇ ਘਰ ਹੋ ਕੇ ਗਏ ਸਨ। ਤਕਰੀਬਨ ਚਾਰ ਦਹਾਕਿਆਂ ਬਾਅਦ ਵੀ ਉਨ੍ਹਾਂ ਪਲਾਂ ਨੂੰ ਯਾਦ ਕਰ ਕੇ ਕੰਬਣੀ ਛਿੜ ਪੈਂਦੀ ਹੈ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (This email address is being protected from spambots. You need JavaScript enabled to view it.om)