“ਇਸ ਬਾਰੇ ਮੈਂ ਆਪਣੇ ਘਰ ਵੀ ਨਹੀਂ ਦੱਸ ਸਕਿਆ ਕਿਉਂਕਿ ਘਰਦਿਆਂ ਨੇ ਮੈਨੂੰ ...”
(24 ਜੂਨ 2025)
ਇਹ ਗੱਲ ਤਿੰਨ ਕੁ ਦਹਾਕੇ ਪੁਰਾਣੀ ਹੈ ਜਦੋਂ ਮੈਂ ਆਪਣੇ ਪਿੰਡ ਭੂਪਾਲ ਦੇ ਸਰਕਾਰੀ ਮਿਡਲ ਸਕੂਲ ਵਿੱਚ ਅੱਠਵੀਂ ਜਮਾਤ ਦਾ ਵਿਦਿਆਰਥੀ ਸੀ। ਉਸ ਸਮੇਂ ਸਕੂਲ ਵਿੱਚ ਸਾਰੇ ਵਿਸ਼ਿਆਂ ਦੇ ਅਧਿਆਪਕ ਸਨ ਤੇ ਸਾਡੀ ਪੜ੍ਹਾਈ ਸਮੇਂ ਦੀ ਨਜ਼ਾਕਤ ਅਤੇ ਪਿੰਡ ਦੇ ਸਰਕਾਰੀ ਸਕੂਲ ਮੁਤਾਬਕ ਠੀਕ ਚੱਲ ਰਹੀ ਸੀ। ਅੱਠਵੀਂ ਜਮਾਤ ਦੇ ਕੁਝ ਕੁ ਹੀ ਮਹੀਨੇ ਬੀਤੇ ਹੋਣਗੇ ਕਿ ਕਿਸੇ ਚੰਦਰੇ ਨੀ ਭੈੜੀ ਨਜ਼ਰ ਲੱਗ ਗਈ। ਹੋਇਆ ਕੀ? ਸਾਡੇ ਸਤਿਕਾਰਯੋਗ ਅਧਿਆਪਕ ਸ੍ਰੀ ਮਹਿੰਦਰ ਪਾਲ ਜੀ, ਜੋ ਸਾਨੂੰ ਗਣਿਤ ਅਤੇ ਸਾਇੰਸ ਦੇ ਵਿਸ਼ੇ ਪੜ੍ਹਾਉਂਦੇ ਸਨ, ਉਹਨਾਂ ਦੀ ਬਦਲੀ ਹੋ ਗਈ। ਇਸ ਨਾਲ ਸਾਡਾ ਇਨ੍ਹਾਂ ਦੋਂਹ ਵਿਸ਼ਿਆਂ ਨੂੰ ਪੜ੍ਹਨਾ ਮੁਸ਼ਕਿਲ ਹੋ ਗਿਆ। ਦੋਵੇਂ ਹੀ ਬਹੁਤ ਅਹਿਮ ਵਿਸ਼ੇ ਸਨ। ਸਾਡੀ ਹਾਲਤ ਲਾਚਾਰਾਂ ਵਰਗੀ ਹੋ ਗਈ ਕਿਉਂਕਿ ਅੱਠਵੀਂ ਦੇ ਬੋਰਡ ਦੇ ਇਮਤਿਹਾਨ ਹੁੰਦੇ ਸਨ। ਕੋਈ ਹੋਰ ਅਧਿਆਪਕ ਨਾ ਮਿਲਣ ਕਰਕੇ ਮਜਬੂਰੀ ਵੱਸ ਸਾਨੂੰ ਇਹ ਦੋਵੇਂ ਵਿਸ਼ੇ ਆਪ ਹੀ ਪੜ੍ਹਨੇ ਪੈਣੇ ਸਨ ਜੋ ਕਿ ਸਾਡੇ ਲਈ ਅਸੰਭਵ ਸੀ। ਉਸ ਵਕਤ ਟਿਊਸ਼ਨ ਨਾਮ ਦੀ ਕੋਈ ਚੀਜ਼ ਨਹੀਂ ਸੀ ਹੁੰਦੀ। ਅੱਖਾਂ ਅੱਗੇ ਘੋਰ ਹਨੇਰਾ ਛਾ ਗਿਆ।
ਇੱਕ ਦਿਨ ਮਾਸਟਰ ਜੀ ਸਾਡੇ ਸਕੂਲ ਆਏ ਤੇ ਉਹਨਾਂ ਸਾਹਮਣੇ ਮੇਰੇ ਵਰਗਿਆਂ ਇੱਕ ਦੋ ਹੋਰਾਂ ਨੇ ਆਪਣੀ ਸਥਿਤੀ ਬਿਆਨ ਕਰ ਦਿੱਤੀ। ਮਾਸਟਰ ਜੀ ਸਾਡੀ ਹਾਲਤ ਅਤੇ ਮਜਬੂਰੀ ਦੇਖਕੇ ਆਖ ਦਿੱਤਾ, “ਤੁਸੀਂ ਮੇਰੇ ਪਿੰਡ ਆਕੇ ਮੇਰੇ ਘਰ ਇੱਕ ਘੰਟਾ ਪੜ੍ਹ ਸਕਦੇ ਹੋ। ਤੁਹਾਡਾ ਸਾਰਾ ਸਿਲੇਬਸ ਪੂਰਾ ਕਰਾਉਣ ਦਾ ਮੈਂ ਵਾਅਦਾ ਕਰਦਾ ਹਾਂ, ਇਸਦਾ ਫਿਕਰ ਨਾ ਕਰੋ। ਪਰ ਮੈਂ ਕੋਈ ਪੈਸਾ ਜਾਂ ਫੀਸ ਨਹੀਂ ਲੈਣੀ।”
ਅੰਨ੍ਹਾ ਕੀ ਭਾਲੇ, ਦੋ ਅੱਖਾਂ।
ਮੈਂ ਆਪਣੇ ਪਿੰਡੋਂ ਇਕੱਲਾ ਹੀ ਸੀ, ਇੱਕ ਦੋ ਮੁੰਡੇ ਨਾਲ ਦੇ ਪਿੰਡ ਤੋਂ ਤਿਆਰ ਹੋ ਗਏ। ਅਸੀਂ ਅਗਲੇ ਦਿਨ ਸ਼ਾਮ 6 ਦੇ ਕੁ ਵਜੇ ਸਾਈਕਲ ’ਤੇ ਮਾਸਟਰ ਜੀ ਦੇ ਪਿੰਡ ਪਹੁੰਚ ਗਏ। ਉਦੋਂ ਸਾਡੇ ਘਰ ਇੱਕ ਪੁਰਾਣਾ ਲੇਡੀ ਸਾਈਕਲ ਹੁੰਦਾ ਸੀ ਤੇ ਉਸ ਦੀ ਇੱਕ ਸਮੱਸਿਆ ਸੀ ਕਿ ਜ਼ਿਆਦਾ ਪੈਡਲ ਮਾਰਨ ਜਾਂ ਤੇਜ਼ ਚਲਾਉਣ ਨਾਲ ਉਸਦੀ ਚੇਨ ਉੱਤਰ ਜਾਂਦੀ ਸੀ, ਸ਼ਾਇਦ ਢਿੱਲੀ ਹੋਣ ਕਰਕੇ। ਪੜ੍ਹਨ ਲਈ ਮੈਨੂੰ ਤਕਰੀਬਨ ਪੰਜ ਕਿਲੋਮੀਟਰ ਦਾ ਪੈਂਡਾ ਤੈਅ ਕਰਨਾ ਪੈਂਦਾ ਸੀ। ਇਸ ਰਸਤੇ ’ਤੇ ਬਹੁਤ ਵੱਡੀ ਤੇ ਸੰਘਣੀ ਝਿੜੀ ਹੁੰਦੀ ਸੀ ਜਿਸ ਵਿੱਚ ਜੰਗਲੀ ਜਾਨਵਰ ਅਤੇ ਕੁੱਤੇ ਬਹੁਤ ਹੁੰਦੇ ਸਨ। ਇਸ ਤੋਂ ਵੱਡੀ ਗੱਲ ਇਹ ਸੀ ਕਿ ਝਿੜੀ ਵਿੱਚ ਐਨ ਰਸਤੇ ’ਤੇ ਸਿਵੇ ਵੀ ਸਨ। ਦਿਨੇ ਤਾਂ ਰਸਤੇ ’ਤੇ ਥੋੜ੍ਹੀ ਬਹੁਤ ਆਵਾਜਾਈ ਹੁੰਦੀ ਸੀ ਪਰ ਦਿਨ ਛਿਪਣ ਪਿੱਥੋਂ ਕੋਈ ਟਾਵਾਂ ਟਾਵਾਂ ਰਾਹਗੀਰ ਹੀ ਨਜ਼ਰ ਆਉਂਦਾ ਸੀ। ਥੋੜ੍ਹੀਆਂ ਸਰਦੀਆਂ ਸ਼ੁਰੂ ਹੋਣ ’ਤੇ ਹਨੇਰਾ ਜਲਦੀ ਹੋਣ ਲੱਗ ਪਿਆ, ਜਿਸ ਕਾਰਨ ਝਿੜੀ ਅਤੇ ਸਿਵਿਆਂ ਵਿੱਚੋਂ ਲੰਘਣਾ ਮੇਰੇ ਲਈ ਮਾਨਸਿਕ ਡਰ ਅਤੇ ਜਜ਼ਬਾਤੀ ਸਮੱਸਿਆ ਸੀ। ਮੈਂ ਅਤੇ ਨਾਲ ਦੇ ਪਿੰਡ ਵਾਲਾ ਮੁੰਡਾ ਇੱਕ ਰੇਹੜੇ ਦੇ ਪਿੱਛੇ ਲੱਗ ਜਾਂਦੇ। ਰੇਹੜੀ ਵਾਲਾ ਸਬਜ਼ੀ ਵੇਚ ਕੇ ਉਸੇ ਵੇਲੇ ਉਸੇ ਰਸਤੇ ’ਤੇ ਆਉਂਦਾ ਹੁੰਦਾ ਸੀ। ਅਸੀਂ ਉਸ ਤੋਂ ਮਰੂੰਡਾ ਲੈ ਕੇ ਖਾਣਾ ਤੇ ਉਸਦੇ ਪਿੱਛੇ-ਪਿੱਛੇ ਆਪਣੇ ਸਾਈਕਲ ਲਾ ਲੈਣੇ। ਉਸ ਨਾਲ ਸਾਡੀ ਇੱਕ ਤਰ੍ਹਾਂ ਦੀ ਮਿੱਤਰਤਾ ਜਿਹੀ ਬਣ ਗਈ। ਇਸ ਤਰ੍ਹਾਂ ਅੱਧਾ ਸਫ਼ਰ ਤੈਅ ਹੋ ਜਾਂਦਾ। ਦੂਸਰਾ ਮੁੰਡਾ ਆਪਣੇ ਪਿੰਡ ਚਲਾ ਜਾਂਦਾ ਤੇ ਰੇਹੜੇ ਵਾਲਾ ਵੀ ਆਪਣੇ ਪਿੰਡ ਰੱਲੇ ਚਲਾ ਜਾਂਦਾ। ਉਸ ਤੋਂ ਬਾਅਦ ਮੈਨੂੰ ਇਕੱਲੇ ਨੂੰ ਝਿੜੀ ਅਤੇ ਸਿਵਿਆਂ ਵਾਲੇ ਰਸਤੇ ’ਤੇ ਆਉਣਾ ਪੈਂਦਾ ਸੀ। ਜਦੋਂ ਥੋੜ੍ਹੀ ਜਿਹੀ ਸਰਦੀ ਹੋਰ ਵਧ ਗਈ ਅਤੇ ਹਨੇਰਾ ਜਲਦੀ ਹੋਣ ਲੱਗ ਗਿਆ ਤਾਂ ਮੇਰੇ ਨਾਲ ਦੇ ਪਿੰਡ ਵਾਲੇ ਮੁੰਡੇ ਨੇ ਪੜ੍ਹਨ ਜਾਣਾ ਬੰਦ ਕਰ ਦਿੱਤਾ। ਮੈਨੂੰ ਗਣਿਤ ਵਿਸ਼ੇ ਵਿੱਚ ਬੇਹੱਦ ਦਿਲਚਸਪੀ ਹੋਣ ਕਰਕੇ ਹਟਣਾ ਚੰਗਾ ਨਾ ਲੱਗਾ। ਦੂਜੀ ਗੱਲ, ਬੋਰਡ ਦੇ ਪੇਪਰ ਹੋਣ ਕਰਕੇ ਫੇਲ ਹੋਣ ਦਾ ਡਰ ਵੀ ਸੀ। ਫਿਰ ਕੀ ਸੀ, ਹਿੰਮਤ ਕਰਕੇ ਮੈਂ ਇਕੱਲਾ ਹੀ ਜਾਣ ਲੱਗਾ। ਮੇਰੀ ਮਾੜੀ ਕਿਸਮਤ ਕਿ ਰੇਹੜੇ ਵਾਲੇ ਨੇ ਆਪਣਾ ਸਮਾਂ ਬਾਦਲ ਲਿਆ ਤੇ ਹੁਣ ਮੇਰਾ ਸਾਰੇ ਰਾਹ ਦਾ ਕੋਈ ਸਾਥੀ ਨਾ ਰਿਹਾ। ਦਿਲ ਕਰੜਾ ਜਿਹਾ ਕਰਕੇ ਇਕੱਲੇ ਨੇ ਜਾਣਾ ਸ਼ੁਰੂ ਕੀਤਾ ਪਰ ਡਰ ਬਹੁਤ ਲਗਦਾ।
ਬਾਕੀ ਤਾਂ ਸਭ ਵਧੀਆ ਸੀ, ਸਮੱਸਿਆ ਆਉਂਦੀ ਝਿੜੀ ਅਤੇ ਸਿਵਿਆਂ ਲਾਗੇ ਪਹੁੰਚ ਕੇ। ਜੇ ਮੈਂ ਸਾਇਕਲ ਤੇਜ਼ ਚਲਾਉਣ ਦੀ ਕੋਸ਼ਿਸ਼ ਕਰਦਾ ਤਾਂ ਕੁੱਤੇ ਮਗਰ ਪੈਣ ਦੇ ਨਾਲ ਨਾਲ ਸਾਇਕਲ ਦੀ ਚੇਨ ਉੱਤਰ ਜਾਂਦੀ। ਰੱਬ ਰੱਬ ਕਰਕੇ ਉਹ ਇੱਕ ਕਿਲੋਮੀਟਰ ਦਾ ਰਸਤਾ ਤੈਅ ਕਰਨਾ ਹਜ਼ਾਰਾਂ ਮੀਲਾਂ ਦੇ ਪੈਂਡੇ ਦੇ ਬਰਾਬਰ ਲਗਦਾ ਸੀ। ਇਸ ਬਾਰੇ ਮੈਂ ਆਪਣੇ ਘਰ ਵੀ ਨਹੀਂ ਦੱਸ ਸਕਿਆ ਕਿਉਂਕਿ ਘਰਦਿਆਂ ਨੇ ਮੈਨੂੰ ਜਾਣ ਤੋਂ ਰੋਕ ਦੇਣਾ ਸੀ। ਮੈਂ ਆਪਣੇ ਆਪ ਨਾਲ ਵਾਅਦਾ ਕੀਤਾ ਕਿ ਸਿਲੇਬਸ ਪੂਰਾ ਕਰਨਾ ਹੈ, ਭਾਵੇਂ ਕੁਝ ਵੀ ਹੋਵੇ। ਮੈਂ ਕਿਵੇਂ ਨਾ ਕਿਵੇਂ ਇਹ ‘ਬੁਰਾ’ ਵਕਤ ਲੰਘਾਇਆ ਤੇ ਆਪਣਾ ਸਿਲੇਬਸ ਪੂਰਾ ਕਰ ਲਿਆ। ਬੋਰਡ ਦੇ ਪੇਪਰਾਂ ਵਿੱਚ ਚੰਗੇ ਨੰਬਰ ਲੈ ਕੇ ਪਾਸ ਹੋ ਗਿਆ।
ਉਹਨਾਂ ਦਿਨਾਂ ਨੇ ਗਣਿਤ ਵਿਸ਼ੇ ਵਿੱਚ ਇਹੋ ਜਿਹੀ ਰੁਚੀ ਬਣ ਦਿੱਤੀ ਕਿ ਮੈਂ ਬੀ. ਐੱਸਸੀ. ਮਹਿੰਦਰਾ ਕਾਲਜ ਪਟਿਆਲਾ ਅਤੇ ਐੱਮ. ਐੱਸਸੀ. ਜਲੰਧਰੋਂ ਅਤੇ ਫਿਰ ਐੱਮ.ਫਿੱਲ. ਗਣਿਤ ਵਿਸ਼ੇ ਵਿੱਚ ਕਰ ਲਈ। ਫਿਰ ਕੁਝ ਸਮਾਂ ਬਠਿੰਡੇ ਇੱਕ ਕਾਲਜ ਵਿੱਚ ਪੜ੍ਹਾਇਆ ਤੇ ਆਪਣੇ ਵੱਡੇ ਵੀਰ ਦੀ ਹੱਲਾਸ਼ੇਰੀ ਨਾਲ ਕੁਝ ਵੱਡਾ ਕਰਨ ਅਤੇ ਸੋਚਣ ਦਾ ਮਨ ਬਣਾ ਲਿਆ। ਸਭ ਕੁਝ ਛੱਡ ਕੇ ਦਿੱਲੀ ਪਹੁੰਚ ਗਿਆ ਜੇ ਆਰ ਐੱਫ ਦੀ ਤਿਆਰੀ ਕਰਨ। ਉੱਥੇ ਜਾ ਕੇ ਦਿਨ ਰਾਤ ਇੱਕ ਕੀਤਾ ਤੇ ਯੂ.ਜੀ.ਯੀ. - ਸੀ.ਐੱਸ.ਆਈ.ਆਰ (UGC) ਦੀ ਪ੍ਰੀਖਿਆ ਵਿੱਚੋਂ ਕੌਮੀ ਪੱਧਰ ’ਤੇ 79ਵਾਂ ਰੈਂਕ ਲਿਆ। ਬਹੁਤ ਵਧੀਆ ਰੈਂਕ ਆਉਣ ਕਰਕੇ ਪੀਐੱਚ. ਡੀ. ਮੈਥ ਲਈ ਲੌਂਗੋਵਾਲ ਵਿਖੇ ਦਾਖਲਾ ਮਿਲ ਗਿਆ ਤੇ ਸਰਕਾਰ ਤੋਂ ਤਨਖਾਹ ਜਿੰਨਾ ਵਜ਼ੀਫ਼ਾ ਮਿਲਣ ਲੱਗ ਪਿਆ। ਮਿਹਨਤ ਤੇ ਲਗਨ ਦਾ ਪੱਲਾ ਨਾ ਛੱਡਿਆ, ਕੁਝ ਵੱਡਾ ਕਰਨ ਦੀ ਇੱਛਾ ਪੂਰੀ ਹੋ ਗਈ।
ਮੈਂ ਸ਼ਬਦਾਂ ਰਾਹੀਂ ਆਪਣੀਆਂ ਭਾਵਨਾਵਾਂ ਬਿਆਨ ਨਹੀਂ ਕਰ ਸਕਦਾ। ਮੈਂ ਹਮੇਸ਼ਾ ਰਿਣੀ ਰਹਾਂਗਾ ਮਾਸਟਰ ਮਹਿੰਦਰ ਪਾਲ ਜੀ ਦਾ, ਜਿਨ੍ਹਾਂ ਸਦਕਾ ਇੱਕ ਪੇਂਡੂ ਵਿਦਿਆਰਥੀ ਇਸ ਕਾਬਿਲ ਬਣਿਆ ਤੇ ਨਾਲ ਹੀ ਆਪਣੇ ਮਾਪਿਆਂ ਅਤੇ ਵੱਡੇ ਵੀਰੇ ਦਾ, ਜਿਨ੍ਹਾਂ ਨੇ ਇੰਨੀ ਉੱਚੀ ਸੋਚ ਰੱਖੀ ਤੇ ਹਰ ਵਕਤ ਹੌਸਲਾ ਦਿੱਤਾ। ਦੋਸਤੋ, ਪਿੰਡਾਂ ਵਾਲੇ ਵਿਦਿਆਰਥੀ ਨਲਾਇਕ ਨਹੀਂ ਹੁੰਦੇ, ਬੱਸ ਉਹ ਮਜਬੂਰ ਹੁੰਦੇ ਹਨ। ਸਿਰਫ ਜ਼ਰੂਰਤ ਹੁੰਦੀ ਹੈ ਹੱਲਾਸ਼ੇਰੀ ਦੇਣ ਅਤੇ ਰਾਹ ਦਸੇਰੇ ਬਣਨ ਦੀ। ਵਾਰਿਸ ਸ਼ਾਹ ਦੀਆਂ ਇਹ ਸਤਰਾਂ ਮੇਰੇ ਜ਼ਿਹਨ ਵਿੱਚ ਅਕਸਰ ਹੀ ਆ ਜਾਂਦੀਆਂ ਹਨ,
“ਬਾਝ ਮੁਰਸ਼ਦਾਂ ਰਾਹ ਨਾ ਹੱਥ ਆਉਂਦੇ,
ਦੁੱਧ ਬਾਝ ਨਾ ਰਿੱਝਦੀ ਖੀਰ ਮੀਆਂ।”
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (This email address is being protected from spambots. You need JavaScript enabled to view it.om)