“ਗੁਰਨਾਮ ਢਿੱਲੋਂ ਦੀ ਕਵਿਤਾ ਛੇ ਦਹਾਕਿਆਂ ਦੇ ਇਤਿਹਾਸ ਅਤੇ ਸੰਸਾਰ ਪੱਧਰ ’ਤੇ ਵਾਪਰ ਰਹੇ ...”
(18 ਜੂਨ 2025)
ਇੰਗਲੈਂਡ ਵਸਦਾ ਪ੍ਰਤਿਬੱਧ ਪ੍ਰਗਤੀਵਾਦੀ ਕਵੀ ਅਤੇ ਰਾਜਸੀ ਵਿਚਾਰਕ ਗੁਰਨਾਮ ਢਿੱਲੋਂ ਕਿਸੇ ਰਸਮੀ ਜਾਣ-ਪਛਾਣ ਦਾ ਮੁਥਾਜ ਨਹੀਂ। ਇਸ ਮੋਹਵੰਤੇ ਇਨਸਾਨ, ਸੰਵੇਦਨਸ਼ੀਲ ਕਵੀ ਅਤੇ ਸਲੱਗ ਰਾਜਸੀ ਕਾਰਕੁਨ ਨੇ ਪੰਜਾਬੀ ਭਾਸ਼ਾ ਵਿੱਚ ਵਾਰਤਕ ਅਤੇ ਸਾਹਿਤ ਆਲੋਚਨਾ ਦੇ ਖੇਤਰਾਂ ਵਿੱਚ ਵੀ ਹੱਥ ਅਜ਼ਮਾਇਆ ਹੈ ਪਰ ਭੱਲ ਉਸ ਦੀ ਇੱਕ ਕਵੀ ਵਜੋਂ ਹੀ ਬਣੀ ਹੈ।
‘ਲਹਿੰਦੇ ਸੂਰਜ ਦੀ ਸੁਰਖੀ’ ਉਸ ਦਾ ਪੰਦਰ੍ਹਵਾਂ ਕਾਵਿ-ਸੰਗ੍ਰਹਿ ਹੈ। ਮਿਜ਼ਾਜ ਵਜੋਂ ਉਹ ਰਾਜਸੀ ਕਵੀ ਹੈ, ਜਿਸ ਨੇ ਸਮਾਜਕ ਨਿਆਂ ਲਈ ਸੰਘਰਸ਼-ਰੱਤ ਲਹਿਰਾਂ ਅਤੇ ਮਜ਼ਦੂਰ ਜਮਾਤ ਦੇ ਵਿਚਾਰਧਾਰਕ ਪੈਂਤੜੇ ਉੱਪਰ ਪੂਰੀ ਬੇਬਾਕੀ ਅਤੇ ਸਫਲਤਾ ਨਾਲ ਪਹਿਰਾ ਦਿੱਤਾ ਹੈ। ਉਹ ਛੇ ਦਹਾਕਿਆਂ ਤੋਂ ਕਵਿਤਾ ਲਿਖ ਰਿਹਾ ਹੈ।
ਸਾਹਿਤਕ-ਸੱਭਿਆਚਾਰਕ ਮੁਹਾਜ਼ ਦੇ ਨਾਲ ਨਾਲ ਗੁਰਨਾਮ ਢਿੱਲੋਂ ਬਰਤਾਨੀਆ ਦੀ ਮਜ਼ਦੂਰ ਜਮਾਤ ਦੇ ਸੰਘਰਸ਼ ਵਿੱਚ ਵੀ ਪੇਸ਼ ਪੇਸ਼ ਰਿਹਾ ਹੈ। ਮਾਰਕਸਵਾਦੀ ਫ਼ਲਸਫੇ ਦੀ ਵਿਚਾਰਧਾਰਕ ਟੇਕ, ਵਿਸ਼ਵ ਸਾਹਿਤ ਦੇ ਵਿਸ਼ਾਲ ਅਧਿਐਨ ਅਤੇ ਮਜ਼ਦੂਰ ਜਮਾਤ ਦੇ ਸੰਘਰਸ਼ਾਂ ਵਿੱਚ ਭਾਗੀਦਾਰੀ ਦੇ ਹੱਡੀਂ-ਹੰਢਾਏ ਅਨੁਭਵ ਨੇ ਉਸ ਦੀ ਕਵਿਤਾ ਨੂੰ ਠੋਸ ਸਮਾਜੀ ਧਰਾਤਲ ਅਤੇ ਵਿਚਾਰਕ ਪੁਖਤਗੀ ਪਰਦਾਨ ਕੀਤੀ ਹੈ। ਉਹ ਪ੍ਰਗਤੀਸ਼ੀਲ ਲੇਖਕ ਸਭਾ ਗ੍ਰੇਟ ਬਿਰੇਟਨ (ਸਥਾਪਤ 1969)ਦੇ ਮੁਢਲੇ ਸੰਸਥਾਪਕਾਂ ਵਿੱਚੋਂ ਹੈ ਅਤੇ 1972 ਤੋਂ 1982 ਤੀਕਰ ਇਸਦਾ ਜਨਰਲ ਸਕੱਤਰ ਰਿਹਾ ਹੈ। ਉਸ ਦੀ ਕਠਿਨ ਮਿਹਨਤ ਨਾਲ ਇੰਗਲੈਂਡ ਦੇ ਕੁਵੈਂਟਰੀ, ਲਮਿੰਗਨ ਸਪਾ, ਬ੍ਰੈਡਫੋਰਡ, ਹੰਸਲੋ, ਈਸਟ ਲੰਡਨ, ਰੈਡਿੰਗ, ਸਾਊਥਾਲ, ਵੁਲਵਰਹੈਂਪਟਨ, ਬ੍ਰਮਿੰਘਮ, ਸਾਊਥਹੈਂਪਟਨ, ਡਰਬੀ, ਨੌਟੀਘਮ ਅਤੇ ਲੈਸਟਰ ਆਦਿ ਸ਼ਹਿਰਾਂ ਵਿੱਚ ਇਸਦੀਆਂ ਬਰਾਂਚਾਂ ਸਥਾਪਤ ਹੋਈਆਂ, ਜਿਨ੍ਹਾਂ ਦਾ ਮਾਣਮੱਤਾ ਇਤਿਹਾਸ ਹੈ।
ਗੁਰਨਾਮ ਢਿੱਲੋਂ ਦੀ ਕਵਿਤਾ ਛੇ ਦਹਾਕਿਆਂ ਦੇ ਇਤਿਹਾਸ ਅਤੇ ਸੰਸਾਰ ਪੱਧਰ ’ਤੇ ਵਾਪਰ ਰਹੇ ਪਰਿਵਰਤਨਾਂ ਦੀ ਗਵਾਹ ਹੈ। ਆਲਮੀ ਪੱਧਰ ’ਤੇ ਵਾਪਰਨ ਵਾਲੀਆਂ ਰਾਜਸੀ, ਆਰਥਿਕ, ਕਲਚਰਲ ਅਤੇ ਵੱਡੀਆਂ ਵਿਚਾਰਧਾਰਕ ਹਲਚਲਾਂ ਨੂੰ ਪੰਜਾਬੀ ਸੱਭਿਆਚਾਰਕ ਮੁਹਾਵਰੇ ਦੀ ਪੁੱਠ ਵਾਲੀ ਕਾਵਿ-ਭਾਸ਼ਾ ਵਿੱਚ ਬਿਆਨ ਕਰਨ ਕਰਕੇ ਉਸ ਦੀ ਕਵਿਤਾ ਮਾਅਨੇਖੇਜ਼ ਹੋ ਗਈ ਹੈ।
ਦੁਨੀਆਂ ਦੇ ਕਿਸੇ ਵੀ ਖਿੱਤੇ ਵਿੱਚ ਸਮਾਜਕ ਨਿਆਂ ਅਤੇ ਮਾਨਵੀ ਅਧਿਕਾਰਾਂ ਲਈ ਜੂਝਦੀ ਲੋਕਾਈ ਦੇ ਸੰਘਰਸ਼ ਉੱਪਰ ਉਸ ਅੰਦਰਲਾ ਰਾਜਸੀ ਕਵੀ ਬਾਜ਼ ਅੱਖ ਰੱਖਦਾ ਹੈ- ਪ੍ਰਮਾਣ ਵਜੋਂ ਉਸਦੇ ਕਾਵਿ ਸੰਗ੍ਰਹਿ ‘ਦਰਦ ਉੱਜੜੇ ਖੇਤਾਂ ਦਾ’ (2022) ਅਤੇ ‘ਨਗਾਰਾ’ (2020) ਪੜ੍ਹੇ ਜਾ ਸਕਦੇ ਹਨ।
‘ਲਹਿੰਦੇ ਸੂਰਜ ਦੀ ਸੁਰਖੀ’ ਕਾਵਿ ਸੰਗ੍ਰਹਿ ਵਿੱਚ ਜਿੱਥੇ ਗੁਰਨਾਮ ਢਿੱਲੋਂ ਵਿਸ਼ਵ ਸਰਮਾਏਦਾਰੀ ਦੇ ਨਵਉਦਾਰਵਾਦੀ ਏਜੰਡੇ ਦੀ ਇਤਿਹਾਸਕ ਹੋਣੀ (ਅਸਫਲਤਾ) ਵਲ ਸੰਕੇਤ ਕਰਦਾ ਹੈ, ਉੱਥੇ ਉਹ ਭਾਰਤ ਵਿਚਲੇ ਹਿੰਦੂਤਵੀ ਰਾਸ਼ਟਰਵਾਦ ਦੇ ਹਿੰਸਕ, ਉਨਮਾਦੀ ਅਤੇ ਉਪੱਦਰਵੀ ਚਿਹਰੇ ਨੂੰ ਵੀ ਬੇਨਕਾਬ ਕਰਦਾ ਹੈ। ਇਸ ਕਾਵਿ ਸੰਗ੍ਰਹਿ ਦੀਆਂ ਨਜ਼ਮਾਂ ‘ਸ਼ਹਿਨਸ਼ਾਹ ਦਾ ਹੁਕਮ’, ‘ਨਿਰਾ ਛਲੇਡਾ ਹੈ ਉਹ’, ‘ਪਾਗਲ ਈਗਲ’, ‘ਗਹਿਰ’, ‘ਅੰਨਾ ਰਾਹਬਰ’, ‘ਖਲਨਾਇਕ’, ‘ਖ਼ੂਨ’ ਅਤੇ ‘ਲਾਟ’ ਆਦਿ ਗੁਰਨਾਮ ਢਿੱਲੋਂ ਦੀ ਸ਼ਾਇਰੀ ਦਾ ਹਾਸਲ ਹਨ। ਉਸਦੇ ਨਵੇਂ ਕਵਿ-ਸੰਗ੍ਰਹਿ ‘ਲਹਿੰਦੇ ਸੂਰਜ ਦੀ ਸੁਰਖੀ’ ਨੂੰ ਜੀ ਆਇਆਂ ਕਹਿਣਾ ਬਣਦਾ ਹੈ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (This email address is being protected from spambots. You need JavaScript enabled to view it.om)