“ਹਰ ਨਸ਼ਾ ਸਰੀਰਕ, ਆਰਥਿਕ ਅਤੇ ਸਮਾਜਿਕ ਤੌਰ ’ਤੇ ਵਿਅਕਤੀ ਦੀ ਸ਼ਖਸੀਅਤ ਨੂੰ ਸੱਟ ...”
(7 ਜੂਨ 2025)
ਵਿਸ਼ਵ ਸਿਹਤ ਸੰਗਠਨ ਦੇ ਅੰਕੜਿਆਂ ਅਨੁਸਾਰ ਭਾਰਤ ਵਿੱਚ ਹਰ ਸਾਲ 6 ਲੱਖ ਦੇ ਕਰੀਬ ਲੋਕ ਨਸ਼ਿਆਂ ਦੀ ਭੇਂਟ ਚੜ੍ਹ ਜਾਂਦੇ ਹਨ। ਇਹ ਨਸ਼ੇ ਵੱਖ-ਵੱਖ ਕਿਸਮਾਂ ਦੇ ਹਨ। ਇਨ੍ਹਾਂ ਵਿੱਚ ਰਵਾਇਤੀ ਨਸ਼ੇ ਤੇ ਰਸਾਇਣਿਕ ਨਸ਼ੇ ਆਉਂਦੇ ਹਨ। ਭਾਰਤ ਦੇਸ਼ ਵਿੱਚ ਕਈ ਪ੍ਰਦੇਸ਼ਾਂ ਵਿੱਚ ਨਸ਼ਾ ਬਹੁਤ ਜ਼ਿਆਦਾ ਹੈ ਤੇ ਕਈਆਂ ਵਿੱਚ ਘੱਟ, ਪਰ ਮੈਂ ਇੱਥੇ ਪੰਜਾਬ ਸੂਬੇ ਨਾਲ ਸੰਬੰਧਿਤ ਨਸ਼ਿਆਂ ਦੀ ਗੱਲ ਕਰਾਂਗਾ। ਤੀਸਰੇ ਪਾਤਸ਼ਾਹ ਨੇ ਵੀ ਮਨੁੱਖ ਨੂੰ ਨਸ਼ਾ ਕਰਨ ਤੋਂ ਵਰਜਿਆ ਹੈ।
ਜਿਤੁ ਪੀਤੈ ਮਤਿ ਦੂਰ ਹੋਇ,
ਬਹੁਲ ਪਵੈ ਵਿੱਚ ਆਇ।
ਆਪਣਾ ਪਰਾਇਆ ਨਾ ਪਛਾਣਇ,
ਖਸਮਹੁ ਧੱਕੈ ਖਾਇ।
ਜਿਤੁ ਪੀਤੇ ਖਸਮਹੁ ਵਿਸਰੈ,
ਦਰਗਾਹਿ ਮਿਲੈ ਸਜਾਇ।
ਝੂਠਾ ਮਦਿ ਮੂਲ ਨ ਪੀਚਈ,
ਜੇ ਕਾ ਪਾਰਿ ਵਸਾਇ।
ਸਿਆਣੇ ਬਜ਼ੁਰਗਾਂ ਨੇ ਸ਼ਰਾਬ ਨੂੰ ਸ਼ਰਾਰਤੀ ਪਾਣੀ ਦਾ ਨਾਮ ਦਿੱਤਾ ਹੈ। ਸ਼ਰਾਬਨੋਸ਼ੀ ਬਾਰੇ ਗੁਰਬਾਣੀ ਨੇ ਵੀ ਸਪਸ਼ਟ ਕੀਤਾ ਹੈ:
ਇਤੁ ਮਦਿ ਪੀਤੈ ਨਾਨਕਾ,
ਬਹੁਤੇ ਖਟਿਆਹਿ ਵਿਕਾਰੁ। (ਅੰਗ 553)
ਸ਼ਰਾਬ ਨੂੰ ਕਈ ਲੋਕ ਸੋਸ਼ਲ ਡ੍ਰਿੰਕ ਦਾ ਨਾਮ ਵੀ ਦਿੰਦੇ ਹਨ। ਹਰ ਨਸ਼ਾ ਸਰੀਰਕ, ਆਰਥਿਕ ਅਤੇ ਸਮਾਜਿਕ ਤੌਰ ’ਤੇ ਵਿਅਕਤੀ ਦੀ ਸ਼ਖਸੀਅਤ ਨੂੰ ਸੱਟ ਮਾਰਦਾ ਹੈ। ਸ਼ਰਾਬੀ ਵਿਅਕਤੀ ਨੂੰ ਅੱਜ ਲੋਕ ਵਿਆਹ ’ਤੇ ਸੱਦਾ ਵੀ ਨਹੀਂ ਭੇਜਦੇ ਹਨ ਕਿਉਂਕਿ ਸ਼ਰਾਬੀ ਵਿਅਕਤੀ ਵਿਆਹ ਦੇ ਪ੍ਰੋਗਰਾਮ ਨੂੰ ਖਰਾਬ ਕਰਦਾ ਹੈ। ਦੂਸਰਾ, ਸ਼ਰਾਬੀ ਵਿਅਕਤੀ ਦੀ ਯਾਦ ਸ਼ਕਤੀ ਕਮਜ਼ੋਰ ਹੁੰਦੀ ਹੈ। ਸ਼ਰਾਬੀ ਵਿਅਕਤੀ ਦੇ ਸਰੀਰ ਅੰਦਰ ਅਲਕੋਹਲ ਦੀ ਮਾਤਰਾ ਜ਼ਿਆਦਾ ਹੋਣ ਕਾਰਨ ਤਾਂ ਕਈ ਵਾਰ ਕਲੈਸਟਰੋਲ ਤੇ ਹੋਰ ਕਈ ਰੋਗ ਉਤਪੰਨ ਹੁੰਦੇ ਹਨ। 20 ਸਾਲ ਤੋਂ 60 ਸਾਲ ਤਕ ਸ਼ਰਾਬੀ ਵਿਅਕਤੀ ਕਰੀਬ 43 ਲੱਖ ਰੁਪਏ ਦੀ ਸ਼ਰਾਬ ਪੀ ਜਾਂਦਾ ਹੈ ਅਤੇ ਘਰ ਦਾ ਨੁਕਸਾਨ ਕਰਦਾ ਹੈ। ਜੀਵਨ ਦੀ ਤਰੱਕੀ ’ਤੇ ਵੱਖਰਾ ਅਸਰ ਪੈਂਦਾ ਹੈ ਕਿਉਂਕਿ ਸਰੀਰਕ ਤੌਰ ’ਤੇ ਸਰੀਰ ਵਿੱਚ ਅਲਕੋਹਲ ਅਗਲੇ ਦਿਨ ਦੇ ਤਿੰਨ ਵਜੇ ਤਕ ਪਈ ਰਹਿੰਦੀ ਹੈ, ਜਿਸ ਨਾਲ ਉਸਦੇ ਸਮਾਜਿਕ ਰਿਸ਼ਤੇ ਵੀ ਖਰਾਬ ਹੁੰਦੇ ਹਨ। ਸ਼ਰਾਬੀ ਜਾਂ ਨਸ਼ਾ ਕਰਨ ਵਾਲਾ ਵਿਅਕਤੀ ਜੋ ਨਸ਼ਾ ਕਰਦਾ ਹੈ, ਉਹ ਉਸਦੀ ਵਡਿਆਈ ਦੇ ਗੁਣ ਵੀ ਗਾਉਂਦਾ ਹੈ। ਜਿਵੇਂ ਸ਼ਰਾਬੀ ਵਿਅਕਤੀ ਸ਼ਰਾਬ ਦੀ ਮਹਿਮਾ ਗਾਉਂਦਾ ਹੋਇਆ ਕਹਿੰਦਾ ਹੈ:
ਜੇ ਪੀਣੀ ਛੱਡ ਤੀ ਜੱਟਾਂ ਨੇ,
ਕੌਣ ਮਾਰੂ ਲਲਕਾਰੇ।
ਨੌਜਵਾਨਾਂ ਨੂੰ ਨਸ਼ਿਆਂ ਪ੍ਰਤੀ ਆਕਰਸ਼ਿਤ ਕਰਨ ਵਾਸਤੇ ਅਸ਼ਲੀਲ ਗਾਣੇ ਅਤੇ ਹੋਰ ਮਸ਼ਹੂਰੀਆਂ ਇਸ ਤਰ੍ਹਾਂ ਦਿਖਾਈਆਂ ਜਾਂਦੀਆਂ ਹਨ ਕਿ ਨੌਜਵਾਨ ਆਪਣਾ ਮਾਨਸਿਕ ਸੰਤੁਲਨ ਖੋਹ ਬੈਠਦਾ ਹੈ। ਸਿਨੇਮੇ, ਟੀ.ਵੀ. ਅਤੇ ਸੋਸ਼ਲ ਮੀਡੀਆ ਰਾਹੀਂ ਐਕਟਰ ਸ਼ਰਾਬ ਦਾ ਸੇਵਨ ਕਰਦੇ ਦਿਖਾਏ ਜਾਂਦੇ ਹਨ ਪਰ ਸ਼ਰਾਬ ਕੰਪਨੀਆਂ ਇਹ ਨਹੀਂ ਦੱਸਦੀਆਂ ਕਿ ਸਲਮਾਨ ਖਾਨ ਰੋਜ਼ਾਨਾ 50 ਕਿਲੋਮੀਟਰ ਸਾਈਕਲ ਚਲਾਉਂਦਾ ਹੈ ਅਤੇ ਕਸਰਤ ਕਰਦਾ ਹੈ। ਇਸੇ ਤਰ੍ਹਾਂ ਹੀ ਜਰਦਾ ਲਾਉਣ ਵਾਲਾ ਵਿਅਕਤੀ ਜਰਦੇ ਦੇ ਗੁਣ ਹੀ ਗਿਣਾਈ ਜਾਂਦਾ ਹੈ, ਉਹ ਜਰਦੇ ਦੀ ਵਡਿਆਈ ਵਿੱਚ ਕਹਿੰਦਾ ਹੈ:
ਜਿਹੜਾ ਲਾਵੇ ਜਰਦਾ,
ਉਹ ਸੌ ਸਾਲ ਨਈਂ ਮਰਦਾ।
ਗਿਆਨੀ ਗੁਰਮੁਖ ਸਿੰਘ ਮੁਸਾਫਰ ਨੇ ਕਿਸੇ ਵਕਤ ਪੰਜਾਬ ਲਈ ਕਿਹਾ ਸੀ:
“ਦੁੱਧ ਦਹੀਂ ਦੇ ਵਹਿਣ ਦਰਿਆ ਇੱਥੇ,
ਰੱਬ ਵਾਲੀਆਂ ਬਰਕਤਾਂ ਭਾਰੀਆਂ ਨੇ।”
ਪਰ ਅੱਜ 80% ਨੌਜਵਾਨ ਦੇਖਣ ਲਾਇਕ ਨਹੀਂ ਰਹੇ। ਜੇ ਕਿਸੇ ਧੀ ਭੈਣ ਦਾ ਵਿਆਹ ਲਈ ਰਿਸ਼ਤਾ ਪੰਜਾਬ ਵਿੱਚ ਲੱਭਣਾ ਹੋਵੇ ਤਾਂ ਤਿੰਨ ਤੋਂ ਪੰਜ ਸਾਲ ਲੱਗ ਜਾਂਦੇ ਹਨ। ਇਸ ਤੋਂ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਜਵਾਨੀ ਕਿੱਧਰ ਖੰਭ ਲਾ ਕੇ ਉਡ ਗਈ ਹੈ। ਕੋਈ ਵਕਤ ਹੁੰਦਾ ਸੀ, ਪੰਜਾਬ ਦਾ ਫੌਜੀ ਸਭ ਤੋਂ ਤਾਕਤਵਰ ਤੇ ਹੁੰਦੜਹੇਲ ਹੁੰਦਾ ਸੀ ਪਰ ਅੱਜ ਪੰਜਾਬ ਵਿੱਚੋਂ ਫੌਜ ਨੂੰ ਜਵਾਨ ਨਹੀਂ ਮਿਲ ਰਹੇ।
ਗ੍ਰਹਿ ਮੰਤਰਾਲੇ ਦੀ ਰਿਪੋਰਟ (ਨਾਰਕੌਟਿਕ ਕੰਟਰੋਲ ਬਿਊਰੋ) ਅਨੁਸਾਰ ਕੁੱਲ ਭਾਰਤ ਵਿੱਚੋਂ 37% ਲੋਕ ਇਕੱਲੇ ਪੰਜਾਬ ਵਿੱਚ ਨਸ਼ਾ ਕਰਦੇ ਹਨ ਜਦਕਿ ਅਬਾਦੀ ਅਤੇ ਖੇਤਰਫਲ ਪੰਜਾਬ ਕੋਲ ਦੋ ਪ੍ਰਤੀਸ਼ਤ ਹੈ। ਇਸ ਤੋਂ ਅੰਦਾਜ਼ਾ ਸਹਿਜੇ ਹੀ ਲਾਇਆ ਜਾ ਸਕਦਾ ਹੈ ਕਿ ਪੰਜਾਬੀ ਬਹੁਤ ਜ਼ਿਆਦਾ ਨਸ਼ਾ ਕਰਨ ਲੱਗ ਪਏ ਹਨ। ਜਿੱਥੋਂ ਤਕ ਹੋਰ ਮਹਿੰਗੇ ਅਤੇ ਜਾਨ ਦੇ ਖੌ ਨਸ਼ਿਆਂ ਦੀ ਗੱਲ ਕਰੀਏ ਤਾਂ ਤੁਰਕੀ, ਭਾਰਤ, ਅਫਗਾਨਿਸਤਾਨ, ਮਲੇਸ਼ੀਆ ਆਦਿ ਦੇਸ਼ ਨਸ਼ਾ ਜ਼ਿਆਦਾ ਪੈਦਾ ਕਰਦੇ ਹਨ। ਅਫਗਾਨਿਸਤਾਨ ਵਿੱਚ 900×1000 ਵਰਗ ਕਿਲੋਮੀਟਰ ਹੈਰੋਇਨ (ਚਿੱਟਾ) ਦੀ ਖੇਤੀ ਕਰਦਾ ਹੈ। 40 ਟਨ ਦੇ ਕਰੀਬ ਹਰ ਸਾਲ ਹੀਰੋਇਨ ਪੈਦਾ ਹੁੰਦੀ ਹੈ ਤੇ 33 ਲੱਖ ਅਫਗਾਨੀ ਲੋਕ ਖੇਤੀ ਕਰਦੇ ਹਨ। ਨਸ਼ਿਆਂ ਦੀ ਸਰਤਾਜ ਹੈਰੋਇਨ ਨੂੰ (ਬਲੈਕ ਸ਼ੂਗਰ) ਦਾ ਨਾਮ ਵੀ ਦਿੱਤਾ ਗਿਆ ਹੈ ਤੇ ਇਸਦੇ ਅਸ਼ੁੱਧ ਰੂਪ ਨੂੰ ਸਮੈਕ ਵੀ ਕਿਹਾ ਜਾਂਦਾ ਹੈ। 350 ਰੁਪਏ ਗ੍ਰਾਮ ਦਾ ਖਰਚਾ ਇੱਕ ਵਿਅਕਤੀ ਇੱਕ ਵਕਤ ਕਰਦਾ ਹੈ। ਕਈ ਵਾਰ ਤਾਂ 24 ਘੰਟੇ ਵਿੱਚ ਦੋ ਗ੍ਰਾਮ ਦਾ ਨਸ਼ਾ ਵੀ ਕਰਦਾ ਹੈ। ਇਹ ਨਸ਼ਾ ਵਿਅਕਤੀ ਨੂੰ ਪਾਗਲਪਨ ਦੀ ਹੱਦ ਤਕ ਪਹੁੰਚਾ ਦਿੰਦਾ ਹੈ। ਨਸ਼ੇ ਦੀ ਲੱਤ ਪੂਰੀ ਨਾ ਹੋਣ ਕਰਕੇ ਕਈ ਨਸ਼ਈਆਂ ਨੇ ਆਪਣੇ ਮਾਂ ਬਾਪ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਖੁਦ ਹੈਰੋਇਨ ਦਾ ਨਸ਼ਾ ਕਰਨ ਵਾਲੇ ਨਸ਼ਈ ਦੀ ਉਮਰ ਵੀ ਤਿੰਨ-ਚਾਰ ਸਾਲ ਤੋਂ ਵੱਧ ਨਹੀਂ ਹੁੰਦੀ। ਮਹਿੰਗਾ ਨਸ਼ਾ ਹੋਣ ਕਰਕੇ ਨਸ਼ਈ ਆਪਣੇ ਘਰ ਦੀਆਂ ਸਾਰੀਆਂ ਚੀਜ਼ਾਂ/ਜਾਇਦਾਦਾਂ ਵੇਚਣ ਤੋਂ ਬਾਅਦ ਆਪ ਮੌਤ ਦੇ ਮੂੰਹ ਵਿੱਚ ਚਲਾ ਜਾਂਦਾ ਹੈ। ਜੇ ਬਚ ਜਾਵੇ ਤਾਂ ਉਹ ਖਰਚਾ ਕੱਢਣ ਲਈ ਆਪ ਨਸ਼ਾ ਵੇਚਣ ਲੱਗ ਜਾਂਦਾ ਹੈ ਅਤੇ ਫਿਰ ਉਹ ਪੁਲਿਸ ਦੇ ਸੰਪਰਕ ਵਿੱਚ ਆ ਜਾਂਦਾ ਹੈ। ਪੁਲਿਸ ਉਸ ਨੂੰ ਨਸ਼ਾ ਵੇਚਣ ਲਈ ਮਜਬੂਰ ਕਰਦੀ ਹੈ ਤੇ ਨਾਲ ਪੈਸੇ ਵੀ ਲੈਂਦੀ ਹੈ। ਨਸ਼ਈ ਅਤੇ ਪੁਲਿਸ ਦਾ ਨਾਤਾ ਇਸ ਤਰ੍ਹਾਂ ਜੁੜ ਜਾਂਦਾ ਹੈ ਕਿ ਦੋਹਾਂ ਦੇ ਹਿਤ ਸਾਂਝੇ ਹੋ ਜਾਂਦੇ ਹਨ ਕਿਉਂਕਿ ਉਹ ਪੁਲਿਸ ਨੂੰ ਪੈਸੇ ਭਰਦਾ ਹੈ ਤੇ ਸਿਰਫ ਉਸ ਕੋਲ ਖਾਣ ਲਈ ਹੀ ਨਸ਼ਾ ਬਚਦਾ ਹੈ। ਨਸ਼ਈ ਨੂੰ ਸਰੀਰਕ ਮਾਰ ਤੋਂ ਇਲਾਵਾ ਆਰਥਿਕ ਮਾਰ ਵੀ ਪੈਂਦੀ ਹੈ। ਕਈ ਵਾਰ ਪੁਲਿਸ ਨੂੰ ਸਰਕਾਰੀ ਫਰਮਾਨ ਆ ਜਾਂਦੇ ਹਨ ਕਿ ਤੁਸੀਂ ਕਿੰਨੇ ਨਸ਼ਈ ਫੜੇ ਹਨ ਤਾਂ ਉਸ ਵਕਤ ਫਿਰ ਪੁਲਿਸ ਨਸ਼ਈ ਨੂੰ ਕਹਿੰਦੀ ਹੈ ਕਿ ਤੇਰੇ ’ਤੇ ਇੱਕ ਛੋਟਾ ਜਿਹਾ ਪਰਚਾ ਪਾਉਣਾ ਹੈ, ਤੇਰੀ ਜਲਦੀ ਜ਼ਮਾਨਤ ਹੋ ਜਾਵੇਗੀ। ਜਦੋਂ ਪੁਲਿਸ ਨਸ਼ਈ ਨਾਲ ਇਸ ਤਰ੍ਹਾਂ ਦੋ-ਤਿੰਨ ਵਾਰ ਕਰਦੀ ਹੈ ਤਾਂ ਕਚਹਿਰੀ ਵਿੱਚ ਪੈਸੇ ਲੱਗਣ ਤੋਂ ਇਲਾਵਾ ਕਈ ਵਾਰ ਨਸ਼ਈ ਅਦਾਲਤਾਂ ਦੇ ਧੱਕੇ ਖਾਣ ਤੋਂ ਬਾਅਦ ਕੈਦ ਹੋ ਜਾਂਦਾ ਹੈ। ਉਸ ਵਕਤ ਵੀ ਉਹ ਘਰਦਿਆਂ ਨੂੰ ਮੁਸੀਬਤ ਵਿੱਚ ਪਾਉਂਦਾ ਹੈ। ਇਸ ਕਰਕੇ ਉਸਦੀ ਸਾਰੀ ਜ਼ਿੰਦਗੀ ਤਬਾਹ ਹੋ ਜਾਂਦੀ ਹੈ ਤੇ ਉਹ ਲੋਕਾਂ ਦੇ ਮਨ ਅਤੇ ਦਿਲੋਂ ਲਹਿ ਜਾਂਦਾ ਹੈ ਤੇ ਪਰਿਵਾਰ ਉੱਤੇ ਵੱਡੀ ਆਰਥਿਕ ਸੱਟ ਮਾਰਦਾ ਹੈ, ਜਿਸਦੀ ਪੂਰਤੀ ਬਾਅਦ ਵਿੱਚ ਸੰਭਵ ਨਹੀਂ ਹੁੰਦੀ ਤੇ ਘਰ ਦਾ ਚਿਰਾਗ ਅਖੀਰ ਵਿੱਚ ਇਸ ਦੁਨੀਆ ਨੂੰ ਅਲਵਿਦਾ ਆਖ ਜਾਂਦਾ ਹੈ। ਕਹਿੰਦੇ ਹਨ ਕਿ “ਜੇ ਮਾਲੀ ਮਹਿਕਾਂ ਦੀ ਪੱਤ ਰੋਲਣ ਵਾਲਿਆਂ ਨਾਲ ਖੜ੍ਹ ਜਾਵੇ ਤਾਂ ਫਿਰ ਕੌਮ ਦੀ ਖੁਸ਼ਹਾਲੀ ਦੇ ਸੁਪਨਿਆਂ ਨੂੰ ਖੰਡਰਾਂ ਵਿੱਚ ਬਦਲਣ ਤੋਂ ਕੋਈ ਨਹੀਂ ਰੋਕ ਸਕਦਾ ਹੈ।” ਅੰਗਰੇਜ਼ ਵਿਦਵਾਨ ਸਰਵਿਜਲ ਸਟਾਕ ਨੇ ਲਿਖਿਆ ਹੈ, “ਸਿਗਰਟ ਇੱਕ ਅਜਿਹੀ ਨਲਕੀ ਹੈ ਜਿਸਦੇ ਇੱਕ ਸਿਰੇ ’ਤੇ ਜੋਤ ਜਗ ਰਹੀ ਹੈ ਤੇ ਦੂਸਰੇ ਸਿਰੇ ਤੇ ਮੂਰਖ ਚਿੰਬੜਿਆ ਹੋਇਆ ਹੈ। ਇੱਕ ਸਿਗਰਟ ਪੀਣ ਨਾਲ ਬੰਦੇ ਦੀ ਪੰਜ ਮਿੰਟ ਉਮਰ ਘਟ ਜਾਂਦੀ ਹੈ।”
ਇਸ ਤੋਂ ਇਲਾਵਾ ਅਫੀਮ, ਹਸ਼ੀਸ਼ ਅਤੇ ਗਾਂਜੇ ਦਾ ਨਸ਼ਾ ਕੁਇੰਟਲਾਂ ਦੇ ਹਿਸਾਬ ਨਾਲ ਪੰਜਾਬ ਦੇ ਲੋਕ ਕਰਦੇ ਹਨ। ਨੌਜਵਾਨ ਦੋਸਤਾਂ ਨੂੰ ਅਰਜ਼ ਹੈ ਕਿ ਅਜਿਹੇ ਦੋਸਤਾਂ ਮਿੱਤਰਾਂ ਦੀ ਮਹਿਫਿਲ ਤੋਂ ਦੂਰ ਰਹੋ, ਜਿਹੜੇ ਤੁਹਾਡੇ ਭਵਿੱਖ ’ਤੇ ਦਾਗ ਲਾਉਂਦੇ ਹਨ। ਕਈ ਵਾਰ ਬੇਰੁਜ਼ਗਾਰੀ ਅਤੇ ਦਿਮਾਗੀ ਬੋਝ ਦਾ ਝੰਬਿਆ ਬੰਦਾ ਨਸ਼ੇ ਦਾ ਆਸਰਾ ਲੈਂਦਾ ਹੈ ਪਰ ਉਹ ਕੋਈ ਪੱਕਾ ਹੱਲ ਨਹੀਂ। ਗੁਰੂ ਗੋਬਿੰਦ ਸਿੰਘ ਦੇ ਜੀਵਨ ਦੀ ਔਖ ਨੂੰ ਦੇਖਣ ਤੋਂ ਬਾਅਦ ਤੁਹਾਡੀ ਔਖ ਕੁਝ ਵੀ ਨਹੀਂ ਰਹਿ ਜਾਂਦੀ। ਕਾਲੀ ਬੋਲੀ ਰਾਤ ਦਾ ਤੋੜ ਸਿਰਫ ਸਵੇਰ ਹੁੰਦੀ ਹੈ। ਕੌਣ ਕਹਿੰਦਾ ਹੈ ਕਿ ਪੈਸੇ ਨਾਲ ਰੁਤਬੇ ਵਿੱਚ ਇਜ਼ਾਫਾ ਹੁੰਦਾ ਹੈ? ਜੇਕਰ ਸ਼ਖਸੀਅਤ ਖੋਖਲੀ ਹੈ ਤਾਂ ਮਖਮਲ ਦਾ ਲਿਬਾਸ ਵੀ ਢਕਣ ਜੋਗਾ ਨਹੀਂ ਹੁੰਦਾ। ਜੇ ਸ਼ਖਸੀਅਤ ਵਿੱਚ ਦਮ ਹੈ ਤਾਂ ਪਹਿਰਾਵੇ ਵੱਲ ਕਿਸੇ ਦਾ ਧਿਆਨ ਹੀ ਨਹੀਂ ਜਾਂਦਾ। ਅੱਜ ਤਕ ਜਿਨ੍ਹਾਂ ਨੇ ਵੱਡੇ ਇਰਾਦੇ ਮਨ ਵਿੱਚ ਪਾਲੇ ਹਨ, ਉਹਨਾਂ ਨੇ ਪਹਾੜਾਂ ਨੂੰ ਵੀ ਮਾਤ ਦਿੱਤੀ ਹੈ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (This email address is being protected from spambots. You need JavaScript enabled to view it.om)