ButaSWakaf7ਬਥੇਰਾ ਸਮਝਾਇਆ ਰਿਸ਼ਤੇਦਾਰਾਂ ਨੇ ... ਆਂਢ-ਗੁਆਂਢ ਨੇ ... ਬਥੇਰਾ ਮੈਂ ਕੁਰਲਾਈ ... ਕਿਸੇ ਦੀ ...
(23 ਮਈ 2025)


ਰੋਜ਼ਾਨਾ ਵਾਂਗ ਜਨਮ ਭੂਮੀ ਤੋਂ ਕਰਮ ਭੂਮੀ ਤੱਕ ਬੱਸ ਦਾ ਸਫ਼ਰ। ਬੱਸ ਤੁਰਦੀ
, ਜ਼ਿੰਦਗੀ ਰਵਾਂ ਤੋਰ ਤੁਰਦੀ। ਨਿੱਕੀਆਂ-ਨਿੱਕੀਆਂ ਪੁਲਾਂਘਾਂ ਪੁੱਟਦੀ। ਜੀਵਨ ਕਣੀਆਂ ਨਵੇਂ ਹੁੰਗਾਰੇ ਭਰਦੀਆਂ। ਨਿੱਤ ਰੋਜ਼ ਕਿੰਨੀਆਂ ਹੀ ਨਵੀਆਂ ਸਵਾਰੀਆਂ ਦੇ ਚਿਹਰੇ ਸਾਹਮਣੇ ਆਉਂਦੇ, ਕਿਸੇ ਪੜਾਅ ’ਤੇ ਵਿੱਸਰ ਜਾਂਦੇ। ਜ਼ਿਹਨ ’ਚੋਂ ਉਨ੍ਹਾਂ ਦੇ ਅਕਸ ਹੌਲੀ-ਹੌਲੀ ਮੱਧਮ ਪੈ ਜਾਂਦੇ। ਕਿੰਨੇ ਹੀ ਜਾਣੇ-ਪਛਾਣੇ ਲੋਕ ਬੱਸ ਵਿੱਚ ਨਿੱਤ ਸਫ਼ਰ ਕਰਦੇ। ਨਿੱਕੀਆਂ-ਨਿੱਕੀਆਂ ਗੱਲਾਂ ਦਾ ਨਿੱਘ ਸਫ਼ਰ ਨੂੰ ਸੁਖਾਵਾਂ ਬਣਾਉਂਦਾ। ਬੱਸ ਦੀ ਖਿੜਕੀ ਵਿੱਚੋਂ ਆਉਂਦੇ ਹਵਾ ਦੇ ਬੁੱਲੇ ਗੱਲਬਾਤ ਵਿਚ ਫੁੱਲਾਂ ਜਿਹੀ ਸੱਜਰੀ ਮਹਿਕ ਘੋਲ਼ਦੇ। ਹਰ ਪੜਾਅ ’ਤੇ ਕੰਡਕਟਰ ਦੀ ਸੀਟੀ ਸਵਾਰੀਆਂ ਨੂੰ ਸੁਚੇਤ ਕਰਦੀ। ਜ਼ਿੰਦਗੀ ਅਠਖੇਲੀਆਂ ਕਰਦੀ ਅਗਾਂਹ ਵਧਦੀ ਜਾਂਦੀ। ਵਕਤ ਸਹਿਜੇ ਗੁਜ਼ਰ ਜਾਂਦਾ। ਜੇ ਕੋਈ ਆਪਣੀ ਦਰਦ ਕਹਾਣੀ ਛੇੜ ਬਹਿੰਦਾ, ਮਾਨੋ ਸਮਾਂ ਹੀ ਠਹਿਰ ਜਾਂਦਾ।

ਬੱਸ ਵਿਚਲਾ ਵਾਤਾਵਰਨ ਅਸਲੋਂ ਵੱਖਰਾ ਹੁੰਦਾ ਹੈ। ਨਿੱਤ ਦਿਨ ਸਫ਼ਰ ਕਰਨ ਵਾਲੀਆਂ ਸਵਾਰੀਆਂ ਦਾ ਆਪਣਾ ਵਿਲੱਖਣ ਪਰਿਵਾਰ ਸਿਰਜਿਆ ਜਾਂਦਾ ਹੈ। ਨਿਵੇਕਲਾ ਸੰਸਾਰ ਹੋਂਦ ਵਿਚ ਆਉਂਦਾ ਹੈ, ਜਿੱਥੇ ਨਿੱਕੇ-ਨਿੱਕੇ ਸੁਫਨੇ ਸਿਰਜੇ ਜਾਂਦੇ ਹਨ। ਦਿਲਾਂ ਦੇ ਵਲਵਲੇ ਸਾਂਝੇ ਹੁੰਦੇ ਹਨ, ਗੱਲਾਂ ਦੀ ਉਧੇੜ-ਬੁਣ ਹੁੰਦੀ ਹੈ। ਦੁੱਖ-ਸੁੱਖ, ਹਾਸੇ-ਠੱਠੇ ਸਾਂਝੇ ਹੋ ਜਾਂਦੇ ਹਨ। ਸਫ਼ਰ ਆਸਾਨ ਹੋ ਨਿੱਬੜਦਾ ਹੈ।

ਕਰੀਬ ਹਫ਼ਤੇ ਦੀ ਛੁੱਟੀ ਤੋਂ ਬਾਅਦ ਮੈਂ ਅੱਜ ਤੜਕੇ ਬੱਸ ਵਿੱਚ ਬੈਠ ਕਰਮ ਭੂਮੀ ਵੱਲ ਜਾ ਰਿਹਾ ਸਾਂ। ਇੱਕ ਪੜਾਅ ’ਤੇ ਕੁਝ ਪਲਾਂ ਲਈ ਬੱਸ ਰੁਕੀ। ਸਵਾਰੀਆਂ ਦਾ ਉਤਰਨ-ਚੜ੍ਹਨ ਹੋਇਆ। ਇਸ ਦਰਮਿਆਨ ਇੱਕ ਅੱਧਖੜ੍ਹ ਉਮਰ ਦੀ ਔਰਤ ਬੱਸ ਵਿੱਚ ਚੜ੍ਹ ਆਈ। ਸੀਟ ’ਤੇ ਬੈਠਣ ਤੋਂ ਪਹਿਲਾਂ ਹੀ ਉਹ ਮੈਨੂੰ ਦੇਖ ਕੇ ਬੋਲੀ, “ਬਾਈ! ਅੱਜ ਤੂੰ ਬੜੇ ਦਿਨਾਂ ਬਾਅਦ ਆਇਐਂ?”

ਮੈਨੂੰ ਲੱਗਾ, ਸ਼ਾਇਦ ਉਸ ਨੂੰ ਕਿਸੇ ਹੋਰ ਬੰਦੇ ਦਾ ਭੁਲੇਖਾ ਨਾ ਲੱਗ ਗਿਆ ਹੋਣਾ ਹੈ ਪਰ ਉਹ ਆਪਣੀ ਥਾਂ ਸਹੀ ਸੀ। ਮੈਂ ਅਜੇ ਉਸ ਦੇ ਸਵਾਲ ਦਾ ਉੱਤਰ ਦੇਣ ਦੇ ਯਤਨ ਵਿੱਚ ਹੀ ਸੀ ਕਿ ਉਹ ਫਿਰ ਬੋਲੀ, “ਮੈਂ ਵੀ ਨਿੱਤ ਇਸੇ ਬੱਸ ’ਚ ਫਲਾਣੇ ਪਿੰਡ ਤੱਕ ਸਫ਼ਰ ਕਰਦੀ ਆਂ ਭਰਾਵਾ।”

“ਹਾਂਜੀ, ... ਮੈਂ ਪਿਛਲੇ ਹਫਤੇ ਛੁੱਟੀ ’ਤੇ ਸੀ। ਅੱਜ ਫਿਰ ਡਿਊਟੀ ’ਤੇ ਜਾ ਰਿਹਾ ਹਾਂ।” ਮੈਂ ਸਹਿਜ ਸੁਭਾਅ ਹੀ ਉੱਤਰ ਦਿੱਤਾ।

“ਹਾਂ, ਹਾਂ! ਮੈਂ ਤੈਨੂੰ ਨਿੱਤ ਦੇਖਦੀ ਆਂ ... ਮੂਹਰਲੀ ਸੀਟ ’ਤੇ ਬੈਠੇ ਨੂੰ...।” ਉਸ ਔਰਤ ਨੇ ਸਪਸ਼ਟ ਕੀਤਾ।

ਮੈਨੂੰ ਸੱਚਮੁੱਚ ਹੀ ਪਤਾ ਨਹੀਂ ਸੀ ਕਿ ਉਹ ਔਰਤ ਇਸੇ ਬੱਸ ਵਿੱਚ ਕਿਸੇ ਪਿਛਲੀ ਸੀਟ ’ਤੇ ਬੈਠ ਕੇ ਨਿੱਤ ਸਫ਼ਰ ਕਰਦੀ ਹੈ। ਮੈਂ ਉਸ ਨੂੰ ਅੱਜ ਪਹਿਲੇ ਦਿਨ ਦੇਖਿਆ ਸੀ। ਮੈਂ ਅਜੇ ਹੁੰਗਾਰਾ ਭਰਿਆ ਹੀ ਸੀ ਕਿ ਉਸ ਨੇ ਫਿਰ ਕਿਹਾ, “ਬਾਈ, ਮੇਰੀ ਕਰਿਆਨੇ ਦੀ ਦੁਕਾਨ ਆ ... ਪਿੰਡ। ਮੈਂ ਅਗਲੇ ਪਿੰਡ ਦੀ ਤਿਕੋਨੀ ’ਤੇ ਉੱਤਰ ਜਾਨੀ ਆਂ। ਉੱਥੋਂ ਟੈਂਪੂ ’ਤੇ ਬੈਠ ਨਾਲ ਦੇ ਪਿੰਡ ਆਪਣੀ ਦੁਕਾਨ ’ਤੇ ਅਪੜਦੀ ਆਂ। ਊਂ ਰਹਿੰਦੇ ਤਾਂ ਅਸੀਂ ਏਸੇ ਸ਼ਹਿਰ ’ਚ ਆਂ...।”

ਉਸ ਔਰਤ ਦੀ ਗੱਲ ਨਾਲ ਸਹਿਮਤ ਹੁੰਦਿਆਂ ਮੈਂ ‘ਹਾਂ’ ਵਿਚ ਸਿਰ ਹਿਲਾਇਆ। ਮੈਂ ਸੋਚ ਹੀ ਰਿਹਾ ਸਾਂ ਕਿ ਇਹ ਔਰਤ ਮੈਨੂੰ ਆਪਣੀ ਵਿਥਿਆ ਕਿਉਂ ਦੱਸ ਰਹੀ ਹੈ, ਉਹ ਫਿਰ ਬੋਲੀ, “ਕੀ ਦੱਸਾਂ ਬਾਈ, ਏਥੇ ਸਾਡੀ 50-60 ਸਾਲ ਪੁਰਾਣੀ ਦੁਕਾਨ ਆ...।” ਉਸ ਨੇ ਗੱਲ ਅਗਾਂਹ ਤੋਰੀ, “ਪਹਿਲਾਂ ਮੇਰਾ ਸਹੁਰਾ ਦੁਕਾਨ ਸਾਂਭਦਾ ਸੀ। ਉਮਰ ਭੋਗ ਉਹ ਤੁਰ ਗਿਆ. .. ਫੇਰ ਮੇਰਾ ਘਰਵਾਲਾ ਦੁਕਾਨ ’ਤੇ ਬੈਠ ਗਿਆ। ਫਿਰ ਉਹ ਵੀ ਇੱਕ ਦਿਨ ਸਾਨੂੰ ਛੱਡ ਕੇ ਸਦਾ ਲਈ ਤੁਰ ਗਿਆ ...। ਉਦੋਂ ਮੇਰਾ ਮੁੰਡਾ ਮਸਾਂ ਸੋਲ੍ਹਾਂ ਸਾਲਾਂ ਦਾ ਹੋਣਾ ਐ ...। ਜੋ ਡਾਢੇ ਨੂੰ ਮਨਜ਼ੂਰ...।”

ਔਰਤ ਨੇ ਲੰਮਾ ਹੌਕਾ ਲਿਆ।

ਬਹੁਤ ਮਾੜੀ ਗੱਲ ਹੋਈ ਭਾਈ ਇਹ ਤਾਂ...।” ਮੇਰੇ ਮੂੰਹੋਂ ਹਮਦਰਦੀ ਭਰੇ ਸ਼ਬਦ ਨਿਕਲੇ ਹੀ ਸਨ, ਉਸ ਨੇ ਫਿਰ ਉੱਧੜਨਾ ਸ਼ੁਰੂ ਕਰ ਦਿੱਤਾ ਜਿਵੇਂ ਉਹ ਮੇਰੇ ਕੋਲ ਆਪਣਾ ਮਨ ਹੌਲਾ ਕਰਨਾ ਚਾਹੁੰਦੀ ਹੋਵੇ, ਜਿਵੇਂ ਚਿਰਾਂ ਤੋਂ ਉਹਨੂੰ ਸੁਣਨ ਵਾਲਾ ਕੋਈ ਮਿਲਿਆ ਹੀ ਨਾ ਹੋਵੇ, “ਰੋਜ਼ੀ ਰੋਟੀ ਦਾ ਵਸੀਲਾ ਤਾਂ ਕਰਨਾ ਈ ਸੀ ਫਿਰ ਬਾਈ ... ਮੁੰਡੇ ਨੂੰ ਪੜ੍ਹਾਈ ਛੁਡਾ ਦੁਕਾਨ ’ਤੇ ਬਿਠਾਉਣਾ ਪਿਆ... ਔਖੀ ਸੌਖੀ ਨੇ ਅਗਲੇ ਦੋ ਸਾਲਾਂ ਤੱਕ ਮੁੰਡਾ ਵਿਆਹ ਲਿਆ। ਸਮਾਂ ਪਾ ਕੇ ਪੋਤਰਾ ਤੇ ਪੋਤਰੀ ਵਿਹੜੇ ਵਿਚ ਖੇਡਣ ਲੱਗੇ। ਸ਼ੁਕਰ ਮਨਾਇਆ ਦਾਤੇ ਦਾ ... ਪਰ ਡਾਢੇ ਨੂੰ ਤਾਂ ਕੁਝ ਹੋਰ ਈ ਮਨਜ਼ੂਰ ਸੀ...।” ਕਹਿੰਦਿਆਂ ਉਹਦੀਆਂ ਅੱਖਾਂ ਭਰ ਆਈਆਂ।

ਮੈਂ ਉਹਦੀ ਵਿਥਿਆ ਜਾਣਨ ਲਈ ਉਤਾਵਲਾ ਸੀ। ਉਸ ਨੂੰ ਹੌਸਲਾ ਦਿੱਤਾ। ਅੱਖਾਂ ਪੂੰਝਦਿਆਂ ਉਸ ਨੇ ਗੱਲ ਸ਼ੁਰੂ ਕੀਤੀ, “ਦੋ ਸਾਲ ਪਹਿਲਾਂ ਮੁੰਡਾ ਮੇਰਾ ਨਸ਼ਿਆਂ ਨੇ ਖਾ ਲਿਆ ... ਬਥੇਰਾ ਸਮਝਾਇਆ ਰਿਸ਼ਤੇਦਾਰਾਂ ਨੇ ... ਆਂਢ-ਗੁਆਂਢ ਨੇ ... ਬਥੇਰਾ ਮੈਂ ਕੁਰਲਾਈ ... ਕਿਸੇ ਦੀ ਨ੍ਹੀਂ ਸੁਣੀ ... ਨਸ਼ੇ ਕਰਨੋਂ ਨ੍ਹੀਂ ਹਟਿਆ ... ਮਰਨਾ ਈ ਸੀ ... ਮਰ ਗਿਆ। ਨਾ ਆਵਦੇ ਜੁਆਕਾਂ ਬਾਰੇ ਸੋਚਿਆ, ਨਾ ਮੇਰੇ ਬੁੱਢੀ ਠੇਰੀ ਬਾਰੇ ... ਸਾਡੀ ਤਾਂ ਦੁਨੀਆ ਤਬਾਹ ਕਰ ਗਿਆ ... ਹੁਣ ਜਿਊਣ ਥੋੜ੍ਹਾ ਆ ਕੋਈ ... ਨਾਲੇ ਕਿਸੇ ਦੇ ਨਾਲ ਤਾਂ ਨ੍ਹੀਂ ਨਾ ਮਰਿਆ ਜਾਂਦਾ ...” ਉਸ ਨੇ ਹੌਕਾ ਭਰਿਆ ਤੇ ਲੰਮੀ ਚੁੱਪ ਧਾਰ ਲਈ।

ਉਸ ਦੀ ਦਰਦ ਕਹਾਣੀ ਸੁਣ ਕੇ ਮੈਂ ਵੀ ਸੁੰਨ ਹੋ ਗਿਆ। ਮੇਰੇ ਕੋਲ ਹਮਦਰਦੀ ਭਰੇ ਬੋਲਾਂ ਤੋਂ ਇਲਾਵਾ ਹੋਰ ਕੁਝ ਨਹੀਂ ਸੀ। ਮਨ ਵਿੱਚ ਮੈਂ ਸੋਚ ਰਿਹਾ ਸਾਂ ਕਿ ਇਹਦੇ ਵਰਗੀਆਂ ਹੋਰ ਕਿੰਨੀਆਂ ਵਕਤਾਂ ਮਾਰੀਆਂ ਔਰਤਾਂ ਸੰਸਾਰ ਵਿਚ ਦਿਨ-ਕਟੀ ਕਰ ਰਹੀਆਂ ਹੋਣਗੀਆਂ।...

ਬੱਸ ਅਗਲੇ ਪੜਾਅ ’ਤੇ ਰੁਕੀਚੌਰਾਹੇ ’ਤੇ ਨਸ਼ਾ ਵਿਰੋਧੀ ਰੈਲੀ ਵਿੱਚ ਸ਼ਾਮਿਲ ਕੁਝ ਨੌਜਵਾਨ ਨਸ਼ਾ ਵਿਰੋਧੀ ਨਾਅਰੇ ਲਗਾ ਰਹੇ ਸਨ। ਬਿਪਤਾ ਮਾਰੀ ਉਹ ਔਰਤ ਆਪਣੇ ਦਰਦਾਂ ਦੀ ਪੰਡ ਮੇਰੇ ਮੋਹਰੇ ਖਿਲਾਰ ਨਮ ਅੱਖਾਂ ਨਾਲ ਬੱਸ ਵਿੱਚੋਂ ਉੱਤਰ ਆਪਣੇ ਅਗਲੇ ਪੜਾਅ ਲਈ ਰਵਾਨਾ ਹੋ ਗਈ। ਬੱਸ ਫਿਰ ਤੁਰ ਪਈ। ਮਾਰੂ ਨਸ਼ਿਆਂ ਉੱਤੇ ਧੜਕਦੀ ਜ਼ਿੰਦਗੀ ਦੀ ਜਿੱਤ ਦਾ ਸਫ਼ਰ ਅਜੇ ਜਾਰੀ ਹੈ।

*       *       *       *      *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (This email address is being protected from spambots. You need JavaScript enabled to view it.om)

About the Author

ਬੂਟਾ ਸਿੰਘ ਵਾਕਫ਼

ਬੂਟਾ ਸਿੰਘ ਵਾਕਫ਼

Sri Mukarsar Sahib, Punjab, India.
Phone: (91 -  98762 - 24461)
Email: (BSwakaf@gmail.com)