MintuBrar8ਮੇਰੇ ਉੱਤੇ ਮੇਰੇ ਸ਼ੌਕ ਦਾ ਜਨੂੰਨ ਇਸ ਕਦਰ ਭਾਰੂ ਸੀ ਕਿ ਜਦੋਂ ਮੇਰੇ ਘਰ ਪੁੱਤਰ ਦਾ ਜਨਮ ...ParwinderKaurAusDr1
(21 ਮਈ 2025)

 

ParwinderKaurAusDr1


ਇਹ ਪੰਜਾਬਣ ਆਸਟ੍ਰੇਲੀਆ ਦੀ ਸਿਆਸਤ ਵਿੱਚ ਕਿਸੇ ਵੀ ਰਾਜ ਦੇ ਪਹਿਲੇ ਪੰਜਾਬੀ ਮਹਿਲਾ ਮੈਂਬਰ ਪਾਰਲੀਮੈਂਟ ਬਣੇ ਹਨ
ਇਸ ਤੋਂ ਪਹਿਲਾਂ ਗੁਰਮੇਸ਼ ਸਿੰਘ ਨਿਊ ਸਾਊਥ ਵੇਲਸ ਤੋਂ ਪਹਿਲੇ ‘ਸਿੰਘ’ ਮੈਂਬਰ ਪਾਰਲੀਮੈਂਟ ਬਣੇ ਸਨਤੇ ਹੁਣ ਡਾ ਪਰਵਿੰਦਰ ਕੌਰ ਨੂੰ ਆਸਟ੍ਰੇਲੀਆ ਦੇ ਤਕਰੀਬਨ ਦੋ ਸੌ ਸਾਲ ਦੇ ਇਤਿਹਾਸ ਵਿੱਚ ਪਹਿਲੇ ‘ਕੌਰ’ ਮੈਂਬਰ ਪਾਰਲੀਮੈਂਟ ਬਣਨ ਦਾ ਸੁਭਾਗ ਮਿਲਿਆ ਹੈ ਆਉ ਤੁਹਾਨੂੰ ਮਿਲਾਈਏ ਪੰਜਾਬ ਦੇ ਇੱਕ ਪਿੰਡ ਤੋਂ ਪੱਛਮੀ ਆਸਟ੍ਰੇਲੀਆ ਦੇ ਪਾਰਲੀਮੈਂਟ ਤਕ ਦਾ ਸਫ਼ਰ ਤੈਅ ਕਰਨ ਵਾਲੀ ਮਾਣਮੱਤੀ ਡਾ. ਪਰਵਿੰਦਰ ਕੌਰ ਨਾਲ

ਗੱਲ 2014 ਦੀ ਹੈਸਿੱਖ ਖੇਡਾਂ ਦੇ ਸਿਲਸਿਲੇ ਵਿੱਚ ਅਸੀਂ ਪਰਥ ਵਿੱਚ ਸਾਂਖੇਡਾਂ ਦੌਰਾਨ ਬਹੁਤ ਸਾਰੇ ਚਾਹੁਣ ਵਾਲੇ ਮਿਲੇਇਸੇ ਦੌਰਾਨ ਬਹੁਤ ਹੀ ਖ਼ੂਬਸੂਰਤ, ਹਸੂੰ-ਹਸੂੰ ਕਰਦੇ ਚਿਹਰੇ ਦੀ ਮਾਲਕ ਇੱਕ ਕੁੜੀ ਨੇ ਭੀੜ ਵਿੱਚੋਂ ਦੀ ਅੱਗੇ ਹੁੰਦੀਆਂ ਸਤਿ ਸ੍ਰੀ ਅਕਾਲ ਬੁਲਾਉਂਦਿਆਂ ਕਿਹਾ, “ਮਿੰਟੂ ਭਾਜੀ, ਕਾਫ਼ੀ ਚਿਰ ਤੋਂ ਸੁਣਦੇ ਅਤੇ ਪੜ੍ਹਦੇ ਆ ਰਹੇ ਹਾਂ, ਬੱਸ ਮਿਲਣ ਦਾ ਸਬੱਬ ਨਹੀਂ ਬਣਿਆ

ਮੇਰੇ ਧੰਨਵਾਦ ਕਹਿਣ ’ਤੇ ਉਹਨਾਂ ਅੱਗੇ ਗੱਲ ਤੋਰਦਿਆਂ ਦੱਸਿਆ, “ਮੇਰਾ ਨਾਮ ਪਰਵਿੰਦਰ ਹੈ ਤੇ ਮੈਨੂੰ ਵੀ ਰੇਡੀਓ ਮੇਜ਼ਬਾਨੀ ਦਾ ਬੜਾ ਸ਼ੌਕ ਹੈ

ਪਰਵਿੰਦਰ  ਨੇ ਸਾਨੂੰ ਦੂਜੇ ਦਿਨ ਆਪਣੇ ਦਫ਼ਤਰ ਆਉਣ ਦਾ ਸੱਦਾ ਦਿੱਤਾਇਸ ਦੌਰਾਨ ਮੈਨੂੰ ਇੱਧਰੋਂ ਉੱਧਰੋਂ ਪਤਾ ਚੱਲਿਆ ਕਿ ਉਹ ਇੱਕ ਵਿਗਿਆਨੀ ਹਨਜਦੋਂ ਦੂਜੇ ਦਿਨ ਅਸੀਂ ਉਹਨਾਂ ਕੋਲ ਪੁੱਜੇ ਤਾਂ ਚਿੱਟੇ ਕੋਟ ਵਿੱਚ ਆਪਣੀ ਲੈਬ ਵਿੱਚ ਮਸਰੂਫ਼ ਡਾ ਪਰਵਿੰਦਰ ਨੇ ਸਾਡਾ ਖੁੱਲ੍ਹੇ ਦਿਲ ਨਾਲ ਸਵਾਗਤ ਕੀਤਾ ਅਤੇ ਸਾਰੀ ਯੂਨੀਵਰਸਿਟੀ ਦਾ ਗੇੜਾ ਲਵਾ ਕੇ ਆਪਣੇ ਚੱਲ ਰਹੇ ਕੰਮਾਂ-ਕਾਰਾਂ ਤੋਂ ਜਾਣੂ ਕਰਵਾਇਆ

ਨਵਾਂ ਸ਼ਹਿਰ ਜ਼ਿਲ੍ਹੇ ਦੇ ਪਿੰਡ ਹਿਆਤਪੁਰ ਰੁੜਕੀ ਦੇ ਸਰਦਾਰ ਕਸ਼ਮੀਰ ਸਿੰਘ ਜੋ ਕਿ ਹੁਣ ਭਾਰਤੀ ਫ਼ੌਜ ਵਿੱਚ ਸੇਵਾ ਨਿਵਰਤ ਹਨ ਅਤੇ ਬੀਬੀ ਜਰਨੈਲ ਕੌਰ ਦੇ ਘਰ ਪਰਵਿੰਦਰ ਦਾ ਜਨਮ ਹੋਇਆਉਹ ਦੋ ਭੈਣ ਭਰਾ ਹਨਉਹਨਾਂ ਦੀ ਸਕੂਲੀ ਵਿੱਦਿਆ ਵੱਖ-ਵੱਖ ਫ਼ੌਜੀ ਸਕੂਲਾਂ ਵਿੱਚ ਹੋਈ, ਜਿਨ੍ਹਾਂ ਵਿੱਚ ਜਲੰਧਰ ਕੈਂਟ ਅਤੇ ਅੰਬਾਲਾ ਕੈਂਟ ਜ਼ਿਕਰਯੋਗ ਹਨਇਸ ਉਪਰੰਤ ਉਹਨਾਂ ਪਟਿਆਲੇ ਤੋਂ ਆਪਣੀ ਗਿਆਰ੍ਹਵੀਂ ਅਤੇ ਬਾਰ੍ਹਵੀਂ ਦੀ ਸਿੱਖਿਆ ਹਾਸਲ ਕੀਤੀਭਾਵੇਂ ਫ਼ੌਜ ਦੀ ਨੌਕਰੀ ਕਾਰਨ ਪਰਵਿੰਦਰ ਨੂੰ ਵੱਖ-ਵੱਖ ਥਾਂਵਾਂ ’ਤੇ ਰਹਿਣਾ ਪਿਆ ਪਰ ਹਰ ਸਾਲ ਛੁੱਟੀਆਂ ਪਿੰਡ ਵਿੱਚ ਗੁਜ਼ਾਰਨ ਨੇ ਕਿਤੇ ਨਾ ਕਿਤੇ ਉਸ ਦੀ ਪਿੰਡ ਨਾਲ ਅਤੇ ਖੇਤੀ ਕਿੱਤੇ ਨਾਲ ਸਾਂਝ ਬਹੁਤ ਗੂੜ੍ਹੀ ਕਰ ਦਿੱਤੀਉਹ ਦੱਸਦੇ ਹਨ, “ਗਿਆਰ੍ਹਵੀਂ ਵਿੱਚ ਉਹਨਾਂ ਨੂੰ ਕੁਝ ਨਹੀਂ ਪਤਾ ਸੀ ਕਿ ਮੇਰੀ ਮੰਜ਼ਿਲ ਕੀ ਹੈ! ਭਾਵੇਂ ਮੇਰੀ ਮੁੱਢ ਤੋਂ ਸਾਇੰਸ ਵਿੱਚ ਰੁਚੀ ਸੀ ਪਰ ਮੈਂ ਗਿਆਰ੍ਹਵੀਂ ਵਿੱਚ ਮਿਲੇ-ਜੁਲੇ ਜਿਹੇ ਵਿਸ਼ੇ ਚੁਣ ਲਏਪਰ ਬਾਰ੍ਹਵੀਂ ਤਕ ਆਉਂਦੇ-ਆਉਂਦੇ ਮੈਨੂੰ ਇੰਨਾ ਕੁ ਅਹਿਸਾਸ ਹੋ ਗਿਆ ਸੀ ਕਿ ਬਿਨਾਂ ਟੀਚਾ ਮਿਥਿਆਂ ਕਾਮਯਾਬੀ ਹਾਸਲ ਨਹੀਂ ਹੋ ਸਕਦੀਕੁਝ ਕੁ ਦਿਨਾਂ ਲਈ ਦੰਦਾਂ ਦੀ ਡਾਕਟਰੀ ਚੁਣ ਲਈ ਸੀ, ਭਾਵੇਂ ਮੇਰੀ ਪਸੰਦ ਦੇ ਵਿਸ਼ੇ ਜੀਵ ਵਿਗਿਆਨ (Biology) ਸੀ

“ਪਰ ਉਸੇ ਵਕਤ ਕਿਸਮਤ ਨਾਲ ਮੈਨੂੰ ਲੁਧਿਆਣੇ ਖੇਤੀਬਾੜੀ ਯੂਨੀਵਰਸਿਟੀ ਵਿੱਚ ਥਾਂ ਮਿਲ ਗਈ, ਉਹ ਵੀ ਸਕਾਲਰਸ਼ਿਪ ਨਾਲ ਕਿਉਂਕਿ ਮੈਂ ਪਹਿਲੇ ਪੰਜ ਵਿਦਿਆਰਥੀਆਂ ਵਿੱਚ ਆਪਣਾ ਨਾਮ ਦਰਜ ਕਰਵਾਉਣ ਵਿੱਚ ਕਾਮਯਾਬ ਹੋ ਗਈ ਸੀਪਿੰਡ ਵਿੱਚ ਗੁਜ਼ਾਰੇ ਸਮੇਂ ਨੇ ਮੈਨੂੰ ਸਿਖਾ ਦਿੱਤਾ ਸੀ ਕਿ ਅੰਨਦਾਤਾ ਕਹਾਉਣਾ ਕਿੰਨਾ ਕੁ ਔਖਾਸ਼ਾਇਦ ਇਸੇ ਕਰਕੇ ਇਹ ਮੇਰਾ ਜਨੂੰਨ ਬਣ ਗਿਆ

“ਗਰੈਜੂਏਸ਼ਨ ਦੌਰਾਨ ਕੀਤੀ ਮਿਹਨਤ ਦਾ ਫਲ਼ ਮਾਸਟਰਜ਼ ਲਈ ਸਕਾਲਰਸ਼ਿਪ ਦੇ ਰੂਪ ਵਿੱਚ ਮਿਲਿਆ ਤੇ ਮਾਸਟਰਜ਼ ਵਿੱਚ ਕੀਤੀ ਮਿਹਨਤ ਦਾ ਫਲ਼ ਆਸਟ੍ਰੇਲੀਆ ਦੇ ਸ਼ਹਿਰ ਪਰਥ ਦੀ ਮਸ਼ਹੂਰ ਯੂਨੀਵਰਸਿਟੀ ਆਫ਼ ਵੈਸਟਰਨ ਆਸਟ੍ਰੇਲੀਆ ਨੇ ਸਕਾਲਰਸ਼ਿਪ ਦੇ ਰੂਪ ਵਿੱਚ ਦਿੱਤਾਜਦੋਂ ਮੈਂ ਆਪਣੇ ਰਿਟਾਇਰ ਹੋ ਚੁੱਕੇ ਪਿਤਾ ਜੀ ਨੂੰ ਦੱਸਿਆ ਕਿ ਮੈਂ ਵਿਦੇਸ਼ ਜਾਣਾ ਤਾਂਹੈ  ਉਹ ਕਹਿੰਦੇ ਆਪਾਂ ਇੱਕ ਛੋਟੇ ਜ਼ਿਮੀਂਦਾਰ ਹਾਂ, ਸੋ ਇੰਨਾ ਖ਼ਰਚ ਕਿਵੇਂ ਕਰਾਂਗੇ? ਜਦੋਂ ਮੈਂ ਉਹਨਾਂ ਨੂੰ ਦੱਸਿਆ ਕਿ ਯੂਨੀਵਰਸਿਟੀ ਮੇਰਾ ਸਾਰਾ ਖ਼ਰਚ ਚੁੱਕੇਗੀ, ਤਾਂ ਕਿਸੇ ਨੂੰ ਯਕੀਨ ਨਹੀਂ ਸੀ ਆਇਆਪਰ ਸੱਚ ਦੱਸਾਂ ਮੇਰਾ ਇੱਕ ਪੈਸਾ ਵੀ ਨਹੀਂ ਲੱਗਿਆ ਇੱਥੇ ਆ ਕੇ ਪੜ੍ਹਨ ਲਿਖਣ ਅਤੇ ਰਹਿਣ ਬਹਿਣ ’ਤੇ

ਪਰਵਿੰਦਰ ਤੋਂ ਰੁਜ਼ਗਾਰ ਬਾਰੇ ਪੁੱਛਣ ਤੇ ਉਹਨਾਂ ਦੱਸਿਆ ਕਿ ਸਭ ਤੋਂ ਪਹਿਲਾਂ ਆਪਣੇ ਆਪ ਨੂੰ ਸਮਝਣਾ ਬਹੁਤ ਜ਼ਰੂਰੀ ਹੁੰਦਾਦੂਜਾ ਉਹ ਭਾਗਾਂ ਵਾਲਾ ਹੁੰਦਾ, ਜਿਸ ਨੂੰ ਉਸਦੇ ਸ਼ੌਕ ਮੁਤਾਬਿਕ ਕਿੱਤਾ ਮਿਲ ਜਾਵੇਡੀ.ਐੱਨ.ਏ. ਉੱਤੇ ਕੰਮ ਕਰਨਾ ਮੇਰਾ ਸ਼ੌਕ ਸੀ ਪਰ ਹੁਣ ਮੈਨੂੰ ਇਸਦੇ ਪੈਸੇ ਮਿਲਦੇ ਹਨ

ਇੱਥੇ ਜ਼ਿਕਰਯੋਗ ਹੈ ਕਿ ਪਰਵਿੰਦਰ ਨੇ ਆਸਟ੍ਰੇਲੀਆ ਦੀ ਬਹੁਤ ਵੱਡੀ ਸਮੱਸਿਆ ਉੱਤੇ ਕੰਮ ਕੀਤਾ ਤੇ ਜਿਸ ਕਾਰਨ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਹੱਥੋਂ ਸਨਮਾਨ ਵੀ ਹਾਸਲ ਹੋਇਆਉਹਨਾਂ ਦੇ ਦੱਸਣ ਮੁਤਾਬਕ ਆਸਟ੍ਰੇਲੀਆ ਦੇ ਪਸ਼ੂਆਂ ਦੇ ਚਾਰੇ ਵਿੱਚ ਕੁਝ ਅਜਿਹੇ ਤੱਤ ਸਨ, ਜਿਨ੍ਹਾਂ ਕਾਰਨ ਬਹੁਤ ਜ਼ਿਆਦਾ ਮੀਥਨ ਗੈਸ ਬਣਦੀ ਹੈ, ਜੋ ਕਿ ਓਜ਼ੋਨ ਵਿੱਚ ਹੋਏ ਸੁਰਾਖ਼ ਲਈ ਜ਼ਿੰਮੇਵਾਰ ਹੈਆਸਟ੍ਰੇਲੀਆ ਵਿੱਚ ਬਣਦੀ ਕੁੱਲ ਮੀਥਨ ਗੈਸ ਦਾ ਚਾਲੀ ਪ੍ਰਤੀਸ਼ਤ ਹਿੱਸਾ ਇਸ ਚਾਰੇ ਨੂੰ ਖਾ ਕੇ ਇਹ ਜਾਨਵਰ ਬਣਾਉਂਦੇ ਸਨਪਰ ਪਰਵਿੰਦਰ ਦੀ ਮਿਹਨਤ ਸਦਕਾ ਇਸ ’ਤੇ ਕਾਬੂ ਪੈਣਾ ਸ਼ੁਰੂ ਹੋ ਗਿਆ ਹੈ

ਜਦੋਂ ਕਰੋਨਾ ਦਾ ਕਾਲ ਦੁਨੀਆ ’ਤੇ ਮੰਡਲਾਉਣ ਲੱਗਿਆ ਤਾਂ ਪਰਵਿੰਦਰ ਨੂੰ ਫਿਰ ਸੁਭਾਗ ਮਿਲਿਆ ਮਾਨਵਤਾ ਦੀ ਸੇਵਾ ਕਰਨ ਦਾ, ਜਿਸ ਨੂੰ ਉਸ ਨੇ ਖਿੜੇ ਮੱਥੇ ਸਵੀਕਾਰ ਕਰਦਿਆਂ ਦੱਸਿਆ ਕਿ ਕੋਰੋਨਾ ਦਾ ਡੀ.ਐੱਨ.ਏ. ਕੋਡ ਫ਼ਸਲਾਂ ਦੇ ਕੋਡ ਨਾਲੋਂ ਬਹੁਤ ਛੋਟਾ ਕੋਡ ਹੈ ਪਰ ਇਸਦਾ ਸਿੱਧਾ ਇਨਸਾਨ ਦੀ ਸਿਹਤ ਨਾਲ ਸੰਬੰਧ ਹੈ। ਇਸ ਲਈ ਇਸ ਨੂੰ ਹਲਕੇ ਵਿੱਚ ਨਹੀਂ ਲਿਆ ਜਾ ਸਕਦਾਉਸ ਨੇ ਸਖ਼ਤ ਮਿਹਨਤ ਕਰਕੇ ਕਰੋਨਾ ਦੇ ਕੋਡ ਨੂੰ ਡੀ ਕੋਡ ਕੀਤਾ

ਪਰਿਵਾਰ ਬਾਰੇ ਪੁੱਛਣ ਤੇ ਪਰਵਿੰਦਰ ਦਾ ਕਹਿਣਾ ਹੈ ਕਿ ਮੇਰੀ ਮੰਮੀ ਜੀ ਪਰਵਾਰਿਕ ਮਜਬੂਰੀਆਂ ਕਾਰਨ ਬਚਪਨ ਵਿੱਚ ਆਪਣੀ ਪੜ੍ਹਾਈ ਪੂਰੀ ਨਹੀਂ ਸਨ ਕਰ ਸਕੇ ਤੇ ਉਹਨਾਂ ਉਸੇ ਵਕਤ ਹੀ ਆਪਣੇ ਆਪ ਨਾਲ ਵਾਅਦਾ ਕੀਤਾ ਸੀ ਕਿ ਮੈਂ ਆਪਣੇ ਸੁਪਨੇ ਆਪਣੇ ਬੱਚਿਆਂ ਦੇ ਜ਼ਰੀਏ ਪੂਰੇ ਕਰਾਂਗੀ

ਹਰ ਮਾਂ ਬਾਪ ਵਾਂਗ ਮੇਰੇ ਮਾਂ ਬਾਪ ਦੇ ਸਾਹਮਣੇ ਵੀ ਇੱਕ ਵੱਡੀ ਸਮੱਸਿਆ ਸੀ ਕਿ ਉਹ ਆਪਣੀ ਜ਼ਿੰਦਗੀ ਭਰ ਦੀ ਕਮਾਈ ਆਪਣੇ ਪੁੱਤਰ ਉੱਤੇ ਲਾਉਣ ਜਾਂ ਧੀ ਉੱਤੇਕਿਉਂਕਿ ਇਸ ਵਿੱਚ ਕੋਈ ਦੋ ਰਾਇ ਨਹੀਂ ਹੈ ਕਿ ਸਾਡੇ ਸਮਾਜ ਇਹ ਫ਼ਰਕ ਮੁੱਢ ਕਦੀਮ ਤੋਂ ਚੱਲਦਾ ਆਇਆ ਹੈਪਰ ਮੈਂ ਇੱਥੇ ਵੀ ਖ਼ੁਸ਼ ਕਿਸਮਤ ਰਹੀ ਤੇ ਮੇਰੇ ਮਾਂ ਬਾਪ ਨੇ ਆਪਣੀ ਧੀ ਉੱਤੇ ਵਿਸ਼ਵਾਸ ਜਿਤਾਇਆ ਅਤੇ ਮੈਨੂੰ ਹਰ ਥਾਂ ਲੋੜ ਤੋਂ ਵੱਧ ਸਾਥ ਦਿੱਤਾ

ਮੈਂ ਇੱਥੇ ਵੀ ਭਾਗਾਂ ਵਾਲੀ ਰਹੀ ਹਾਂ ਕੇ ਮੈਨੂੰ ਮੇਰੇ ਸਹਿਪਾਠੀ ਅਮਿਤ ਦਾ ਸਾਥ ਮਿਲਿਆਮੇਰੇ ਮਾਂ ਬਾਪ ਭਾਵੇਂ ਵਿਗਿਆਨ ਦੀ ਭਾਸ਼ਾ ਸਮਝਦੇ ਨਹੀਂ ਪਰ ਫਿਰ ਵੀ ਉਹ ਜਦੋਂ ਮੇਰੀ ਹਰ ਗੱਲ ਵਿੱਚ ਹੁੰਗਾਰਾ ਭਰਦੇ ਹਨ ਤਾਂ ਮੇਰੀ ਅੱਧੀ ਜਿੱਤ ਤੈਅ ਹੋ ਜਾਂਦੀ ਹੈਅਮਿਤ ਗਿਆਰ੍ਹਵੀਂ ਕਲਾਸ ਵਿੱਚ ਪੜ੍ਹਾਈ ਦੌਰਾਨ ਮੇਰਾ ਮੁਕਾਬਲੇਬਾਜ਼ ਸੀਸੰਜੋਗ ਵੱਸ ਲੰਮੇ ਅੰਤਰਾਲ ਬਾਅਦ ਅਸੀਂ ਫਿਰ ਪਰਦੇਸ ਆ ਮਿਲੇ ਅਤੇ ਜੀਵਨ ਸਾਥੀ ਬਣ ਗਏ

ਮੇਰੇ ਉੱਤੇ ਮੇਰੇ ਸ਼ੌਕ ਦਾ ਜਨੂੰਨ ਇਸ ਕਦਰ ਭਾਰੂ ਸੀ ਕਿ ਜਦੋਂ ਮੇਰੇ ਘਰ ਪੁੱਤਰ ਦਾ ਜਨਮ ਹੋਇਆ, ਭਾਵੇਂ ਮੈਂ ਛੇ ਮਹੀਨਿਆਂ ਦੀ ਛੁੱਟੀ ਲੈ ਸਕਦੀ ਸੀ ਪਰ ਆਪਣੇ ਸ਼ੁਰੂ ਕੀਤੇ ਕਾਰਜ ਨੂੰ ਨਹੀਂ ਸੀ ਛੱਡ ਸਕਦੀਮੇਰਾ ਮੰਨਣਾ ਹੈ ਕਿ ਤੁਸੀਂ ਆਪਣੇ ਹੱਥੀਂ ਲਾਏ ਬੂਟੇ ਨੂੰ ਉਦੋਂ ਨਹੀਂ ਛੱਡ ਸਕਦੇ, ਜਦੋਂ ਉਸ ਨੂੰ ਤੁਹਾਡੀ ਬਹੁਤ ਜ਼ਿਆਦਾ ਲੋੜ ਹੈਸੋ ਮੈਂ ਸਿਰਫ਼ ਪੰਦਰਾਂ ਦਿਨਾਂ ਬਾਅਦ ਆਪਣੀ ਲੈਬ ਵਿੱਚ ਸੀ ਤੇ ਤਿੰਨ ਮਹੀਨਿਆਂ ਦਾ ਆਪਣਾ ਬੱਚਾ ਛੱਡ ਵੱਖ-ਵੱਖ ਮੁਲਕਾਂ ਵਿੱਚ ਰਿਸਰਚ ਦੀ ਲੱਗੀ ਡਿਊਟੀ ਲਈ ਤੁਰ ਪਈ ਸਾਂਇਹ ਇੱਕ ਵੱਡਾ ਫ਼ੈਸਲਾ ਸੀ ਜੋ ਮੈਂ ਇਕੱਲੀ ਨਹੀਂ ਲੈ ਸਕਦੀ ਸੀ, ਅਮਿਤ ਅਤੇ ਮੇਰਾ ਸਹੁਰਾ ਪਰਿਵਾਰ ਮੇਰੇ ਪਿੱਛੇ ਆ ਖੜ੍ਹਿਆ ਸੀਮੇਰੇ ਮੰਮੀ ਕਹਿੰਦੇ, ਸਾਰੀ ਉਮਰ ਪਛਤਾਉਣ ਨਾਲੋਂ ਤੈਨੂੰ ਆਪਣੇ ਮਿਸ਼ਨ ’ਤੇ ਜਾਣਾ ਚਾਹੀਦਾ ਹੈਮੇਰੇ ਮਨ ਵਿੱਚ ਇਹ ਸੀ ਕੀ ਮੇਰਾ ਪੁੱਤਰ ਵੱਡਾ ਹੋ ਕੇ ਕੀ ਸੋਚੇਗਾ ਕਿ ਮੇਰੀ ਮਾਂ ਮੈਨੂੰ ਇੰਨੇ ਛੋਟੇ ਨੂੰ ਛੱਡ ਪਰਦੇਸ ਆਪਣੇ ਮਿਸ਼ਨ ’ਤੇ ਚਲੀ ਗਈਪਰ ਉਸ ਵਕਤ ਮੇਰੇ ਮਾਂ ਬਾਪ ਨੇ ਸਮਝਾਇਆ ਕਿ ਉਹ ਵੱਡਾ ਹੋ ਕੇ ਤੇਰੇ ’ਤੇ ਮਾਣ ਕਰੇਗਾ

ਇਹ ਸੱਚ ਵੀ ਹੋ ਰਿਹਾ ਹੈ ਕਿ ਮੇਰੇ ਸਾਰੇ ਵੱਡੇ ਮਾਅਰਕੇ ਉਸੇ ਵਕਤ ਮੈਨੂੰ ਮਿਲੇਜੇਕਰ ਮੇਰਾ ਪਰਿਵਾਰ ਮੈਨੂੰ ਹੱਲਾਸ਼ੇਰੀ ਨਾ ਦਿੰਦਾ ਤਾਂ ਸ਼ਾਇਦ ਮੈਂ ਇਹ ਕੁਝ ਹਾਸਲ ਨਾ ਕਰ ਪਾਉਂਦੀਤਿੰਨ ਮਹੀਨੇ ਬਾਅਦ ਜਦੋਂ ਮੈਂ ਘਰ ਵਾਪਸ ਆਈ ਤਾਂ ਮੇਰੇ ਪੁੱਤਰ ‘ਅਕਸ਼ਰ’ ਨੇ ਮੈਨੂੰ ਪਛਾਣਿਆ ਤਕ ਨਹੀਂ ਸੀਇੱਕ ਮਾਂ ਲਈ ਇਹ ਪਲ ਬਹੁਤ ਔਖੇ ਹੁੰਦੇ ਹਨਪਰ ਕੁਝ ਪਾਉਣ ਲਈ ਕੁਝ ਗੁਆਉਣ ਵੀ ਤਾਂ ਪੈਂਦਾ ਹੀ ਹੈਪਰ ਉਸ ਤੋਂ ਬਾਅਦ ਮੈਂ ਆਪਣੇ ਪੁੱਤਰ ਨੂੰ ਹਰ ਥਾਂ ਨਾਲ ਰੱਖਿਆਜਦੋਂ ਉਹ ਹਾਲੇ ਏ ਬੀ ਸੀ ਵੀ ਨਹੀਂ ਸੀ ਜਾਣਦਾ ਪਰ ਮੇਰੇ ਨਾਲ ਲੈਕਚਰ ਸੁਣਦਾ, ਕਾਨਫਰੈਂਸਾਂ ’ਤੇ ਜਾਂਦਾ, ਕਲਾਸਾਂ ਲਾਉਂਦਾਇਹ ਤਾਂ ਸ਼ੁੱਕਰ ਹੈ ਇਸ ਮੁਲਕ ਦਾ, ਜੋ ਇੱਕ ਮਾਂ ਦੀ ਇਸ ਜੱਦੋਜਹਿਦ ਨੂੰ ਸਮਝਦੇ ਹੋਏ ਹਰ ਹਾਲਾਤ ਵਿੱਚ ਸਹਿਯੋਗ ਦਿੰਦਾ ਹੈਅੱਜ ਗਿਆਰ੍ਹਾਂ ਵਰ੍ਹਿਆਂ ਦੇ ਪੁੱਤਰ ਵਿੱਚੋਂ ਮੈਨੂੰ ਜਦੋਂ ਪਰਪੱਕਤਾ ਦਿਸਦੀ ਹੈ ਤਾਂ ਮਹਿਸੂਸ ਹੁੰਦਾ ਹੈ ਕਿ ਮਿਹਨਤ ਅਜਾਈਂ ਨਹੀਂ ਗਈ

ਪਰਵਿੰਦਰ ਦਾ ਭਰਾ ਵੀ ਭੈਣ ਦੀਆਂ ਪੈੜਾਂ ਨੱਪਦਾ, ਵਜ਼ੀਫ਼ੇ ਲੈਂਦਾ ਆਸਟ੍ਰੇਲੀਆ ਆ ਪੁੱਜਿਆਉਹ ਵੀ ਅੱਜਕੱਲ੍ਹ ਪੱਛਮੀ ਆਸਟ੍ਰੇਲੀਆ ਵਿੱਚ ਇੱਕ ਕੌਂਸਲਰ ਵਜੋਂ ਆਪਣੀਆਂ ਸੇਵਾਵਾਂ ਨਿਭਾ ਰਿਹਾ ਹੈਅੱਜ ਦੋਨੋਂ ਪਰਿਵਾਰ ਪਰਥ ਵਿਖੇ ਨਾਲ-ਨਾਲ ਘਰ ਪਾ ਕੇ ਇੱਕ ਸਾਂਝੇ ਪਰਿਵਾਰ ਵਾਂਗ ਵਿਚਰ ਰਹੇ ਹਨ

ਪਰਵਿੰਦਰ ਇੱਕ ਬਹੁਤ ਹੀ ਖ਼ੂਬ ਸੂਰਤ ਅਤੇ ਖ਼ੂਬ ਸੀਰਤ ਵਾਲੀ ਕੁੜੀ ਹੈਇਹ ਵੀ ਨਹੀਂ ਕਹਿ ਸਕਦੇ ਕਿ ਉਹ ਆਧੁਨਿਕ ਨਹੀਂ ਹੈ, ਉਹ ਨਵੇਂ ਖ਼ਿਆਲਾਂ ਦੀ ਹੈ, ਮਰਜ਼ੀ ਨਾਲ ਬਣਦੀ ਸੰਵਰਦੀ ਹੈ, ਮਰਜ਼ੀ ਦੇ ਕੱਪੜੇ ਪਾਉਂਦੀ ਹੈ। ਉਸ ਨੂੰ ਪੇਕਿਆਂ ਨੇ ਆਜ਼ਾਦੀ ਦਿੱਤੀ, ਉਸਦੇ ਸਹੁਰਿਆਂ ਨੇ ਉਸ ਦੀ ਆਜ਼ਾਦੀ ਬਰਕਰਾਰ ਰੱਖੀ ਪਰ ਉਸ ਨੇ ਉਸ ਆਜ਼ਾਦੀ ਨੂੰ ਮਾਣਿਆ ਨਾ ਕਿ ਉਸ ਦਾ ਨਾਜਾਇਜ਼ ਫ਼ਾਇਦਾ ਚੁੱਕਿਆਪਰ ਉਸ ਨੇ ਕਦੇ ਵੀ ਸਸਤੀ ਸ਼ੁਹਰਤ ਦਾ ਰਾਹ ਨਹੀਂ ਚੁਣਿਆਉਹ ਇੱਕ ਪਹਿਲੇ ਸਫ਼ਿਆਂ ਦੀ ਵਿਗਿਆਨੀ ਬਣੀ, ਪਰ ਨਾ ਤਾਂ ਉਹ ਰੱਬ ਨੂੰ ਭੁੱਲੀ ਹੈ ਨਾ ਵਿਰਸੇ ਨੂੰਵਿਗਿਆਨ ਦੇ ਨਾਂ ’ਤੇ ਰੱਬ ਤੋਂ ਮੁਨਕਰ ਹੋਣਾ ਸਹੀ ਰਾਹ ਨਹੀਂ ਹੈਸਗੋਂ ਜੋ ਸਾਡੇ ਗ੍ਰੰਥਾਂ ਵਿੱਚ ਪਹਿਲਾਂ ਤੋਂ ਹੀ ਦਰਜ ਹੈ, ਵਿਗਿਆਨ ਉਸੇ ਨੂੰ ਹੀ ਆਪਣਾ ਅਧਾਰ ਬਣਾ ਕੇ ਚੱਲ ਰਿਹਾ ਹੈਸਾਨੂੰ ਮੰਨਣਾ ਪੈਣਾ ਹੈ ਕਿ ਦੁਨੀਆ ’ਤੇ ਕੋਈ ਤਾਂ ਸਿਰਮੌਰ ਤਾਕਤ ਹੈ ਜੋ ਇਹ ਸਭ ਚਲਾ ਰਹੀ ਹੈਵਿਰਸੇ ਨੂੰ ਸਾਂਭਣ ਲਈ ਪਰਵਿੰਦਰ ਤੁਹਾਨੂੰ ਕਦੇ ਪਰਥ ਵਿੱਚ ਹੁੰਦੇ ਸੱਭਿਆਚਾਰਕ ਪ੍ਰੋਗਰਾਮ ਵਿੱਚ ਹਿੱਸਾ ਲੈਂਦੀ ਦਿਖਾਈ ਦੇਵੇਗੀ, ਕਦੇ ਰੇਡੀਓ ’ਤੇ ਮੇਜ਼ਬਾਨੀ ਕਰਦੀ ਸੁਣਾਈ ਦੇਵੇਗੀ

ਯੂਨੀਵਰਸਿਟੀ ਵਿੱਚ ਇੱਕ ਸਹਾਇਕ ਪ੍ਰੋਫੈਸਰ ਵਜੋਂ ਕੰਮ ਕਰਦਿਆਂ ਉਸ ਨੇ ਨਾਲ-ਨਾਲ ਸਰਕਾਰੇ ਦਰਬਾਰੇ ਵੀ ਆਪਣੀ ਹਾਜ਼ਰੀ ਲਗਵਾਉਣੀ ਸ਼ੁਰੂ ਕੀਤੀ, ਜਿਸ ਦੌਰਾਨ ਉਸ ਨੂੰ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਤੋਂ ਲੈ ਕੇ ਬਹੁਤ ਸਾਰੇ ਮੰਤਰੀਆਂ ਅਤੇ ਵੱਡੇ ਮਹਿਕਮਿਆਂ ਵਿੱਚ ਕੰਮ ਕਰਨ ਦਾ ਮੌਕਾ ਮਿਲਿਆਉਹਨਾਂ ਦੀਆਂ ਇਨ੍ਹਾਂ ਰੁਚੀਆਂ ਨੂੰ ਦੇਖਦੇ ਹੋਏ ਪੱਛਮੀ ਆਸਟ੍ਰੇਲੀਆ ਦੀ ਲੇਬਰ ਪਾਰਟੀ ਨੇ ਉਹਨਾਂ ਨੂੰ ਉਤਲੇ ਸਦਨ ਲਈ ਆਪਣਾ ਨੁਮਾਇੰਦਾ ਬਣਾਉਂਦੇ ਹੋਏ ਟਿਕਟ ਦਿੱਤੀ, ਜਿਸ ਨੂੰ ਉਹ ਅਸਾਨੀ ਨਾਲ ਜਿੱਤਣ ਵਿੱਚ ਕਾਮਯਾਬ ਹੋਏਸੌਂਹ ਚੁੱਕਣ ਤੋਂ ਪਹਿਲਾਂ ਹੀ ਉਹਨਾਂ ਨੇ ਇੱਕ ਮਨਸ਼ਾ ਜ਼ਾਹਿਰ ਕਰਦੇ ਹੋਏ ਕਿਹਾ ਕਿ ਉਹ ਇੱਕ ਸਿਆਸਤਦਾਨ ਨਾਲੋਂ ਦੁਨੀਆ ਦਾ ਸਭ ਤੋਂ ਚੰਗਾ ਸਾਂਸਦ ਬਣਨ ਵਿੱਚ ਵਿਸ਼ਵਾਸ ਰੱਖਦੇ ਹਨ

ਅਖੀਰ ਵਿੱਚ ਪਰਵਿੰਦਰ ਕੌਰ ਨੇ ਜੋ ਸੁਨੇਹਾ ਦਿੱਤਾ, ਉਹ ਇਹ ਸੀ ਕਿ ਆਪਣਾ ਇੱਕ ਨਿਸ਼ਾਨਾ ਮਿਥੋ, ਉਸ ’ਤੇ ਧਿਆਨ ਕੇਂਦਰਿਤ ਕਰ ਲਵੋ ਤੇ ਜਦੋਂ ਤੁਸੀਂ ਉਸ ਨੂੰ ਹਾਸਲ ਕਰ ਲਵੋ ਤਾਂ ਹੋਰ ਵੀ ਨਿਮਰ ਹੋ ਜਾਓ ਕਿਉਂਕਿ ਇਹੋ ਜਿਹੀ ਕਾਮਯਾਬੀ ਕਦੇ ਵੀ ਆਲ਼ੇ ਦੁਆਲ਼ੇ ਦੇ ਸਹਿਯੋਗ ਬਿਨਾਂ ਨਹੀਂ ਮਿਲ ਸਕਦੀਸੋ ਵਾਹਿਗੁਰੂ ਸਮੇਤ ਸਭ ਦਾ ਸ਼ੁਕਰਗੁਜ਼ਾਰ ਹੋਣਾ ਹੀ ਕਾਮਯਾਬੀ ਦਾ ਅਸਲ ਸਿਖਰ ਹੈਸੋ ਇਹ ਸੀ ਪ੍ਰੋ. ਪਰਵਿੰਦਰ ਕੌਰ ਦੀ ਵੱਡੀ ਕਾਮਯਾਬੀ ਦਾ ਸੰਖੇਪ ਵਰਣਨ

*       *       *       *      *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (This email address is being protected from spambots. You need JavaScript enabled to view it.om)

About the Author

ਮਿੰਟੂ ਬਰਾੜ

ਮਿੰਟੂ ਬਰਾੜ

Adelaide, Australia.
Whatsapp: (61 - 434 - 289 - 905)

Email: (mintubrar@gmail.com)