“ਹੁਣ ਨਾ ਪੰਜਾਬ ਦੇ ਨਾਂਅ ’ਤੇ ਮੈਨੂੰ ਹੌਲ ਪੈਂਦਾ ਹੈ ਨਾ ਪਿੰਡ ਦੇ ਨਾਂਅ ’ਤੇ ਅੱਖ ਭਰਦੀ ਹੈ ...”
(1 ਫਰਵਰੀ 2017)
ਅਮਰੀਕਾ ਦੀ ਫਰਿਜ਼ਨੋ ਸਟੇਟ ਯੂਨੀਵਰਸਿਟੀ ਦੇ ਹਰੇ-ਭਰੇ ਵਿਸ਼ਾਲ ਪਰਾਂਗਣ ਵਿਚ ਇਕ ਟੀਵੀ ਚੈਨਲ ਲਈ ‘ਵਾਕ-ਨ-ਟਾਕ’ ਇੰਟਰਵਿਊ ਸ਼ੁਰੂ ਕਰਨ ਤੋਂ ਪਹਿਲਾਂ ਕੈਮਰਾਮੈਨ ਮੈਨੂੰ ਫਰੇਮ ਵਿਖਾ ਰਿਹਾ ਸੀ। ਫਰੇਮ ਵਿਚ ਰੁਸਤਮੇ ਹਿੰਦ ਮਰਹੂਮ ਦਾਰਾ ਸਿੰਘ ਦੇ ਕੱਦ (ਛੇ ਫੁਟ ਦੋ ਇੰਚ) ਦੇ ਬਰਾਬਰ ਦਾ, ਭਾਰੀ ਭਰਕਮ ਸਰੀਰ ਵਾਲਾ ਗੁਰੂਮੇਲ ਸਿੱਧੂ ਖੜ੍ਹਾ ਸੀ, ਜਿਸ ਨਾਲ ਇੰਟਰਵਿਊ ਕਰਤਾ ਵਜੋਂ ਮੈਂਨੂੰ ਸਿਰ ਪਿੱਛੇ ਸੁੱਟ ਕੇ ਗੱਲ ਕਰਨੀ ਪੈ ਰਹੀ ਸੀ। ਜੁੱਸੇ ਵਜੋਂ, ਬਿਲਾ ਸ਼ੱਕ, ਉਹ ਪੁਰਾਣਾ ਭਲਵਾਨ ਲਗਦਾ ਸੀ - ਤੋਂਦ ਥੋੜ੍ਹੀ ਨਿਕਲੀ ਹੋਈ, ਸਿਰ ਦੇ ਕਾਲੇ-ਭੂਰੇ ਤੇ ਕੁਝ ਛਿੱਦੇ ਪਏ ਹੋਏ ਵਾਲਾਂ ਵਿਚ ਅਮਿਤਾਬ ਬਚਨ ਸਟਾਇਲ ਚੀਰ।
ਡਾ. ਗੁਰੂਮੇਲ ਕਿੱਤੇ ਪੱਖੋਂ ਪ੍ਰਸਿੱਧ ਜਨੈਟਿਕਸ ਵਿਗਿਆਨੀ ਤੇ ਮਨ ਤੋਂ ਕਵੀ ਹੈ। ਪਰ ਪਹਿਲੀ ਵਾਰ ਮਿਲਣ ‘ਤੇ ਬਹੁਤਿਆਂ ਨੂੰ ਬਾਹਰੀ ਦਿੱਖ ਤੋਂ ਉਹ ਦੋਵੇਂ ਹੀ ਨਹੀਂ ਲਗਦਾ। ਉਂਜ ਜਦ ਗੱਲ ਖੁੱਲ੍ਹਦੀ ਹੈ ਤਾਂ ਉਸਦੀ ਸਰਬਾਂਗੀ ਕੀਰਤੀ ਦੀਆਂ ਕੋਠੜੀਆਂ ਦਰ ਕੋਠੜੀਆਂ ਖੁੱਲ੍ਹਦੀਆਂ ਜਾਂਦੀਆਂ ਹਨ। ਕਿਧਰੇ ਰਚਨਾਤਮਕ ਸਾਹਿਤ, ਅਲੋਚਨਾ, ਧਰਮ ਤੇ ਸਮਾਜਿਕ ਵਿਗਿਆਨ ਦੀਆਂ ਦਰਜ਼ਨਾਂ ਪੁਸਤਕਾਂ ਪੰਜਾਬੀ ਭਾਸ਼ਾ ਦੀ ਝੋਲੀ ਪਾਈਆਂ ਜਾ ਰਹੀਆਂ ਹਨ; ਕਿਧਰੇ ਸਰਲ-ਭਾਸ਼ੀ ਤੇ ਮਿੱਥ-ਭੰਜਣੀ ਗਿਆਨ ਸਾਹਿਤ ਦੀਆਂ ਮਸ਼ਾਲਾਂ ਰੋਸ਼ਨ ਕਰਕੇ ਪੰਜਾਬੀ ਬੰਦੇ ਨੂੰ ਡੀ.ਐਨ.ਏ ਦੀ ਵਰਣਮਾਲਾ ਸਿਖਾਈ ਜਾ ਰਹੀ ਹੈ;ਕਿਧਰੇ ਔਰਤਾਂ ਨੂੰ ਘਰੇਲੂ ਤਸ਼ੱਦਦ ਦਾ ਮੋੜਵਾਂ ਜਵਾਬ ਦੇਣ ਲਈ ਖੋਜ ਦੀ ਇਹ ਤਲਵਾਰ ਥੰਮ੍ਹਾਈ ਜਾ ਰਹੀ ਹੈ ਕਿ ਸ਼ੁਕਰਾਣੂਆਂ ਦੀ ਖੇਡ ਮੁਤਾਬਕ ਕੁੜੀ ਜੰਮਣ ਲਈ ਮਾਂ ਨਹੀਂ, ਸਗੋਂ ਪਿਓ ਜਿੰਮੇਵਾਰ ਹੁੰਦਾ ਹੈ ...
ਟੀਵੀ ਪ੍ਰੋਗਰਾਮ ਰੀਕਾਰਡ ਕਰਨ ਤੋਂ ਪਹਿਲਾਂ ਯੂਨੀਵਰਸਿਟੀ ਦੀ ਬੇਸਮੈਂਟ ਵਿਚਲੀ ਗੁਰੂਮੇਲ ਦੀ ਪ੍ਰਯੋਗਸ਼ਾਲਾ ਵੇਖ ਕੇ ਆਇਆ ਸਾਂ। ਪ੍ਰਯੋਗਸ਼ਾਲਾ ਦੇ ਠੰਢੇ ਕਮਰਿਆਂ ਵਿਚ ਡੀ ਐਨ ਏ ਨੂੰ ਨਿਖੇੜਨ ਲਈ ਵਰਤੀ ਜਾਂਦੀ ਅਲਕੋਹਲ ਤੇ ਨਿਖੇੜੇ ਹੋਏ ਡੀ ਐਨ ਏ ਨੂੰ ਰੰਗਣ ਲਈ ਵਰਤੇ ਜਾਂਦੇ ਕੈਮੀਕਲ ਦਾ ਤਜ਼ਾਬੀ ਮੁਸ਼ਕ ਠੰਢੇ ਕਮਰਿਆਂ ਵਿਚ ਕਵਾਇਦ ਕਰ ਰਿਹਾ ਸੀ। ਹਾਲੀਵੁੱਡ ਦੀਆਂ ਸਾਈ-ਫਾਈ ਫਿਲਮਾਂ ਵਿਚ ਵਖਾਈ ਜਾਣ ਵਾਲੀ ਜ਼ਮੀਨਦੋਜ਼ ਲੈਬ ਜਿਹੀ ਸੁੰਨ ਪਸਰੀ ਹੋਈ ਸੀ। ਪਰ ਅੱਗੇ ਵਧੇ ਤਾਂ ਖੋਜ ਕਿਰਿਆ ਵਿਚ ਲੀਨ, ਟੈਸਟ ਟਿਊਬਾਂ ਤੇ ਯੰਤਰਾਂ ਵਿਚ ਘਿਰੀਆਂ ਦੋ ਗੋਰੀਆਂ ਵਿਦਿਆਰਥਣਾਂ ਨਜ਼ਰੀ ਪਈਆਂ। ਉਨ੍ਹਾਂ ਵਿੱਚੋਂ ਇਕ ਉਸ ਨੂੰ ਇੰਜ ਬਗਲਗੀਰ ਹੋ ਕੇ ਮਿਲੀ ਕਿ ਲੈਬ ਦੇ ਬੇਰਸ ਵਾਤਾਵਰਣ ਵਿਚ ਕਵਿਤਾ ਦੀ ਗੁੰਜ਼ਾਇਸ਼ ਜਗਮਗ ਜਗਮਗ ਕਰਨ ਲੱਗੀ। ਲੈਬਾਟਰੀਆਂ ਅੰਦਰ ਪ੍ਰਵਾਨ ਚੜ੍ਹੇ ਇਸ਼ਕਾਂ ਦੇ ਉਸ ਕੋਲੋਂ ਸੁਣੇ ਬਿਰਤਾਂਤ ਚੇਤੇ ਆਉਣ ਲੱਗੇ। ਗੁਰੂਮੇਲ ਨੇ ਇਨ੍ਹਾਂ ਲੈਬਾਂ ਵਿਚ ਨਾ ਕੇਵਲ ਨਸਲਾਂ, ਜ਼ੁਬਾਨਾਂ ਤੇ ਸਭਿਆਚਾਰਾਂ ਦੇ ਹੱਦ-ਬੰਨੇ ਮੁਹੱਬਤੀ ਨਿੱਘ ਨਾਲ ਪਿਘਲਦੇ ਤੱਕੇ ਸਨ ਸਗੋਂ ਇਹ ਨਿੱਘ ਖੁਦ ਹੰਢਾਏ ਵੀ।
ਡਾ. ਗੁਰੂਮੇਲ ਸਿੱਧੂ ਇਟਾਲੀਅਨ ਅਤੇ ਗਰੀਕ ਸਾਇੰਸਦਾਨਾਂ ਨਾਲ
ਟੀਵੀ ਪ੍ਰੋਗਰਾਮ ਦੀ ਰਿਕਾਰਡਿੰਗ ਸ਼ੁਰੂ ਹੋਈ ਤਾਂ ਗੱਲਬਾਤ ਦੀ ਰੌਚਕ ਸ਼ੁਰੂਆਤ ਕਰਨ ਲਈ ਮੈਂ ਪੁੱਛਿਆ, ‘ਕਿਸੇ ਨੇ ਤੁਹਾਡੇ ਕੱਦ ਦੇ ਦਾਰੇ ਬਰੋਬਰ ਹੋਣ ਦਾ ਕਦੇ ਜ਼ਿਕਰ ਨਹੀਂ ਕੀਤਾ?’
ਉਸਦੇ ਚਿਹਰੇ ’ਤੇ ਸੰਗ ਦੀ ਹਲਕੀ ਜਿਹੀ ਲਹਿਰ ਫਿਰ ਗਈ, ‘ਕਦੇ ਗੱਲ ਹੀ ਨ੍ਹੀਂ ਹੋਈ। ਮੈਨੂੰ ਵੀ ਕਦੇ ਖਿਆਲ ਨਹੀਂ ਆਇਆ। ਸਕੂਲ/ਕਾਲਜ ਵਿਚ ਫੁੱਟਬਾਲ ਦੀ ਗੇਮ ਵਿਚ ਚੜ੍ਹਾਈ ਹੋਣ ਕਾਰਨ ਕੋਈ ਕੋਈ ਮੈਨੂੰ ‘ਦੂਜਾ ਜਰਨੈਲ ਸਿੰਘ’ ਤਾਂ ਜਰੂਰ ਕਹਿ ਦਿੰਦਾ ਸੀ ਪਰ ਕੱਦ ਕਿਸੇ ਨ੍ਹੀਂ ਗੌਲਿਆ। ਪਹਿਲੀ ਵਾਰ ਸੁਣ ਰਿਹਾਂ ਕਿ ਮੈਂ ਦਾਰੇ ਜਿੰਨਾ ਲੰਬਾ ਹਾਂ।’
? ਕਿਸੇ ਅਲੋਚਕ ਨੇ ਇਹ ਨਹੀਂ ਕਿਹਾ ਕਿ ਸਾਇੰਸਦਾਨ ਹੋਣ ਕਾਰਨ ਤੁਹਾਡੀਆਂ ਕਾਵਿਤਾਵਾਂ ਤੇ ਹੋਰ ਲਿਖਤਾਂ ਨਿਵੇਕਲੇ ਢੰਗ ਨਾਲ ਬੋਲਦੀਆਂ ਹਨ?
‘ਵਿਖਾਵੇ ਦਾ ਜ਼ਮਾਨਾ ਹੈ … ਆਪਣੀ ਗੱਲ ਕੋਠੇ ਚੜ੍ਹ ਕੇ ਆਪੇ ਕਰਨ ਦਾ ਦੌਰ-ਦੌਰਾ ਹੈ। ਮੈਨੂੰ ਇਹ ਕਰਨਾ ਨਹੀਂ ਆਉਂਦਾ। ਵੈਸੇ ਵੀ ਬਹੁਤੀ ਉਮਰ ਪ੍ਰਯੋਗਸ਼ਾਲਾਵਾਂ ਵਿਚ ਗੁਜ਼ਰੀ ਹੈ ਜਿੱਥੇ ਹਮੇਸ਼ਾ ਖਾਮੋਸ਼ੀ ਤਾਰੀ ਰਹਿੰਦੀ ਹੈ। ਹੌਲੀ ਹੌਲੀ ਇਸੇ ਖਾਮੋਸ਼ੀ ਦੀ ਮੇਰੇ ਦੁਆਲੇ ਜਿਵੇਂ ਬੁੱਕਲ ਬੱਝ ਗਈ। ਇਕ ਤਰ੍ਹਾਂ ਨਾਲ ਮੇਰੀਆਂ ਰਚਨਾਵਾਂ ਇਸੇ ਬੁੱਕਲ ਨੂੰ ਖੋਲ੍ਹਣ ਦੇ ਸਿਰਜਨਾਤਮਕ ਯਤਨ ਹਨ। ਸ਼ਾਇਦ ਇਸੇ ਲਈ ਮੈਂ ਜਸਬੀਰ ਆਹਲੂਵਾਲੀਆ, ਰਵੀ, ਅਜਾਇਬ ਕਮਲ, ਮਿੰਦਰ ਹੋਰਾਂ ਦੇ ਸਹਿਤਕ ਸੰਪਰਕ ਵਿਚ ਰਹਿਣ ਦੇ ਬਾਵਜੂਦ ਪ੍ਰਯੋਗਸ਼ੀਲ ਹੀ ਰਿਹਾ, ਉਨ੍ਹਾਂ ਵਾਂਗ ਪ੍ਰਯੋਗਵਾਦੀ ਨਹੀਂ ਬਣਿਆ।’
ਪੰਜਾਬੀ ਭਾਸ਼ਾ ਵਿਚ ਕਵਿਤਾ ਕਹਿਣ ਵਾਲਾ ਪਹਿਲਾ ਤੇ ਇਕੱਲਾ ਸਾਇੰਸਦਾਨ ਸ਼ਾਇਦ ਗੁਰੂਮੇਲ ਹੀ ਹੈ, ਉਹ ਵੀ ਬਦੇਸ਼ੀ ਯੂਨੀਵਰਸਿਟੀਆਂ ਵਿਚ ਜੈਨੇਟਿਕਸ ਪੜ੍ਹਾਉਂਦਿਆਂ ਤੇ ਨੋਬਲ ਜੇਤੂ ਹਰਗੋਬਿੰਦ ਖੁਰਾਣਾ ਜਿਹੇ ਜਗਤ ਪ੍ਰਸਿੱਧ ਸਾਇੰਸਦਾਨ ਦਾ ਸੰਗਤੀਆ ਹੁੰਦਿਆਂ। ਅਸਲ ਵਿਚ ਸਕੂਲ ਵੇਲੇ ਤੋਂ ਉਸ ਵਿਚ ਮੁਸੱਲਸਲ ਚਲਦੀ ਆ ਰਹੀ ਇਹ ਅਜਿਹੀ ਕ੍ਰੀਏਟਿਵ ਖਲਸ਼ ਹੈ ਜਿਸ ਨਾਲ ਉਹ ਪਹਿਲਾਂ ‘ਗੁਰਮੇਲ ਰਾਹੀ’ ਫੇਰ ‘ਗੁਰੂਮੇਲ’ ਦੇ ਕਲਮੀ ਨਾਵਾਂ ਹੇਠ ਨਿਪਟਦਾ ਆ ਰਿਹਾ ਹੈ। ਸੱਠਵੇਂ ਦਹਾਕੇ ਵਿਚ ਲੁਧਿਆਣੇ ਦੀ ਖੇਤੀ ਯੂਨੀਵਰਸਿਟੀ ਵਿਚ ਪੜ੍ਹਦਿਆਂ ਨਾ ਕੇਵਲ ਇਹ ਖਲਸ਼ ਉਸ ਨੂੰ ਉਸ ਵੇਲੇ ਪੰਜਾਬੀ ਸਾਹਿਤ ਦਾ ਤਕੀਆ ਸਮਝੀ ਜਾਂਦੀ ‘ਲਹੌਰ ਬੁੱਕਸ਼ਾਪ’ ’ਤੇ ਲੈ ਗਈ ਸਗੋਂ ਇਸ ਦੇ ਮਾਲਕ ਜੀਵਨ ਸਿੰਘ ਵਲੋਂ ਕੱਢੇ ਜਾ ਰਹੇ ਅਲੋਚਨਾ ਦੇ ਵਕਾਰੀ ਰਸਾਲੇ ‘ਸਾਹਿਤ ਸਮਾਚਾਰ’ ਦਾ ਸੰਪਾਦਕ ਵੀ ਬਣਾ ਦਿੱਤਾ। ਗੁਰੂਮੇਲ ਨੂੰ ਕਿਤਾਬਾਂ ਦੀ ਦੁਕਾਨ ਦੀ ਥਾਂ ‘ਕਿਤਾਬਾਂ ਦਾ ਗੁਦਾਮ’ ਵੱਧ ਜਾਪਦੀ ਲਹੌਰ ਬੁੱਕਸ਼ਾਪ ਨੇ ਉਸ ਨੂੰ ਪੰਜਾਬੀ ਦੇ ਉਸ ਵੇਲੇ ਦੇ ਸਿਰਮੌਰ ਲੇਖਕਾਂ ਦੀ ਸੰਗਤ ਕਰਨ ਦਾ ਮੌਕਾ ਦਿੱਤਾ ਜਿਨ੍ਹਾਂ ਵਿਚ ਉਸ ਦੇ ਸੀਨੀਅਰ ਧੀਰ, ਹਜ਼ਾਰਾ ਸਿੰਘ, ਮੋਹਨ ਸਿੰਘ, ਸੇਖੋਂ, ਅਤਰ ਸਿੰਘ, ਗੁਲਵੰਤ ਸਿੰਘ, ਹਰਿਭਜਨ ਆਦਿ ਵੀ ਸ਼ਾਮਲ ਸਨ ਤੇ ਮੀਸ਼ਾ, ਜਗਤਾਰ, ਹਸਰਤ, ਰਵੀ, ਅਜਾਇਬ ਕਮਲ, ਆਹਲੂਵਾਲੀਆ ਜਿਹੇ ਉਸ ਦੇ ਸਮਕਾਲੀ ਵੀ। ਪਿੱਛੋਂ, ਇਨ੍ਹਾਂ ਵਿੱਚੋਂ ਕੁਝ ਉਸ ਦੇ ਸਾਹਿਤਕ ਗੁਆਂਢੀ ਬਣੇ ਤੇ ਕੁਝ ਕਨੇਡਾ ਅਮਰੀਕਾ ਵਿਚ ਉਸ ਦੇ ਮਹਿਮਾਨ। ਮੇਰੀ ਉਹਦੀ ਸਾਹਿਤਕ ਜਾਣ-ਪਛਾਣ ਹਮਨਾਵੀਂ (ਗੁਰਮੇਲ ਸਿੱਧੂ) ਹੋਣ ਕਾਰਨ ਭਾਵੇਂ ਕਈ ਦਹਾਕੇ ਪਹਿਲਾਂ ਪੰਜਾਬ ਵਿਚ ਹੀ ਹੋ ਗਈ ਸੀ ਪਰ ਮਿਲੇ ਅਸੀਂ ਅਮਰੀਕਾ ਆ ਕੇ ਹੀ। ਕਲਮੀ ਨਾਂਅ ਨੂੰ ਨਿਵੇਕਲਾ ਕਰਨ ਲਈ ਉਸ ਨੇ ਆਪਣੇ ਨਾਂ ਵਿਚਲੇ ਮੁਕਤੇ ਰਾਰੇ ਨੂੰ ਦੁਲੈਂਕੜ ਲਾ ਲਏ ਸਨ ਤੇ ਅਮ੍ਰਿਤਾ ਪ੍ਰੀਤਮ ਦੀ ਅਸਲਾਹ ਨਾਲ ਮੈਨੂੰ ਨਵਾਂ ਕਲਮੀ ਨਾਂਅ ਮਿਲ ਗਿਆ ਸੀ।
ਫਗਵਾੜੇ ਨੇੜਲੇ ਪਿੰਡ ਪਾਸਲਾ ਵਿਚ ਜੰਮੀ ਮਾਪਿਆਂ ਦੀ ਇਕਲੌਤੀ ਔਲਾਦ ਗੁਰੂਮੇਲ ਅਮਰੀਕਾ ਵਿਚ ਪੰਜਾਬੀ ਸਾਹਿਤ ਦਾ ਸਿਰਨਾਵਾਂ ਹੈ। ਅਮਰੀਕਾ ਜਾਣ ਵਾਲੇ ਪੰਜਾਬੀ ਲੇਖਕ ਵੀਜ਼ਾ ਮਿਲਦਿਆਂ ਹੀ ਪਹਿਲਾ ਕੰਮ ਗੁਰੂਮੇਲ ਦਾ ਫੋਨ ਨੰਬਰ ਤੇ ਐਡਰੈੱਸ ਲੱਭਣ ਦਾ ਕਰਦੇ ਹਨ। ਉਸ ਦੀ ਪ੍ਰਧਾਨਗੀ ਵਾਲੀ ‘ਵਿਸ਼ਵ ਪੰਜਾਬੀ ਸਾਹਿਤ ਅਕਾਦਮੀ’ ਅਮਰੀਕਾ-ਕਨੇਡਾ ਦੀਆਂ ‘ਲਟੋਰੀਆਂ’ ’ਤੇ ਨਿਕਲੇ ਬਹੁਤੇ ਲੇਖਕਾਂ ਦਾ ਟਿਕਾਣਾ ਬਣਦੀ ਹੈ। ਪੰਜਾਬੀ/ਪੰਜਾਬ ਨਾਲ ਸਬੰਧਤ ਮਸਲਿਆਂ ਬਾਰੇ ਉਸਦੀ ਰਾਏ ਅਮਰੀਕਾ ਦੇ ਸਰਕਾਰੇ-ਦਰਬਾਰੇ ਵੀ ਤੇ ਪੰਜਾਬੀ ਭਾਈਚਾਰੇ ਵਿਚ ਵੀ ਮੁਲਵਾਨ ਸਮਝੀ ਜਾਂਦੀ ਹੈ, ਚਾਹੇ ਮਸਲਾ ਸਕੂਲਾਂ ਵਿਚ ਪੰਜਾਬੀ ਪੜ੍ਹਾਉਣ ਦਾ ਹੋਵੇ ਜਾਂ ਅਮਰੀਕਨ ਯੂਨੀਵਰਸਿਟੀਆਂ ਵਿਚ ਪੰਜਾਬ/ਸਿੱਖੀ ਨਾਲ ਸਬੰਧਤ ਚੇਅਰ ਸਥਾਪਤ ਕਰਨ ਦਾ। ਉਂਜ ਦਸਮ ਗਰੰਥ ਸਮੇਤ ਸਿੱਖੀ ਤਵਾਰੀਖ ਤੇ ਸਿਧਾਂਤ ਬਾਰੇ ਲਿਖੇ ਉਸ ਦੇ ਖੋਜੀ ਲੇਖ ਪੜ੍ਹ ਕੇ ਤੁਹਾਡੀ ਨਜ਼ਰ ਉਸ ਦੇ ਸਫਾਚੱਟ ਚਿਹਰੇ ’ਤੇ ਜਾ ਕੇ ਇਕ ਪ੍ਰਸ਼ਨਚਿੰਨ੍ਹ ਵਿਚ ਵੀ ਬਦਲ ਸਕਦੀ ਹੈ। ਇਸ ਪ੍ਰਸ਼ਨ ਦਾ ਜੁਆਬ ਦੇਣ ਲਈ ਉਸਨੂੰ ‘ਯੂਨਿਵਰਸਿਟੀ ਆਫ ਬ੍ਰਟਿਸ਼ ਕੋਲੰਬੀਆ ( ਯੂ ਬੀ ਸੀ) ਵਿਚ ਆਪਣੇ ਪੀ ਐੱਚ ਡੀ ਦੇ ਗਾਇਡ ਰਹੇ ਗੋਰੇ ਪ੍ਰੌਫੈਸਰ ਕਲੇਟਨ ਪਰਸਨ ਦਾ ਜ਼ਿਕਰ ਛੇੜਨਾ ਪੈਂਦਾ ਹੈ। ਉਸਦੀ ਦਾੜ੍ਹੀ-ਪੱਗ ਵਾਲੀ ਦਿੱਖ ਬਾਰੇ ਕਲੇਟਨ ਨੇ ਹੀ ਰਾਏ ਦਿੱਤੀ ਸੀ ਕਿ ਇਸ ਕਾਰਨ ਪੱਛਮੀ ਦੇਸ਼ਾਂ ਵਿਚ ਨੌਕਰੀ ਕਰਦਿਆਂ ਦੂਜਿਆਂ ਦੇ ਮੁਕਾਬਲੇ ਉਸ ਨੂੰ ਹਮੇਸ਼ਾ ਪੱਚੀ ਫੀਸਦ ਘਾਟਾ ਖਾਣਾ ਪਏਗਾ। ‘ਇਹ 69-70 ਦੀਆਂ ਗੱਲਾਂ ਨੇ ਜਦੋਂ ਕਨੇਡਾ ਵਿਚ ਦਾੜ੍ਹੀ-ਪੱਗੜੀ ਵਾਲਾ ਟਾਵਾਂ ਟਾਵਾਂ ਹੀ ਦਿਸਦਾ ਸੀ। ਮੇਰਾ ਮਨ ਡੋਲ ਗਿਆ। ਆਖਰ ਨੌਕਰੀ ਵਾਲਾ ਪੱਲੜਾ ਭਾਰੀ ਪੈ ਗਿਆ। ਮਨੂਆ ਨੂੰ ਸਮਝੌਤੀ ਦਿੱਤੀ ਕਿ ਨੌਕਰੀ ਪੱਕੀ ਹੋਣ ਪਿੱਛੋਂ ਫਿਰ ਪਹਿਲਾਂ ਵਾਂਗ ਹੋ ਜਾਵਾਂਗਾ। ਪਰ ਲੱਖਾਂ ਘੋਨੇ-ਮੋਨੇ ਪਰਵਾਸੀ ਸਿੱਖਾਂ ਵਾਂਗ ਮੇਰੀ ਉਹ ‘ਫੇਰ’ ਅੱਜ ਤਕ ਨਹੀਂ ਆ ਸਕੀ ...’
ਪਲ ਦੇ ਪਲ ਲੱਗਿਆ ਜਿਵੇਂ ਉਸ ਅੰਦਰ ਇਕ ਧਾਰਮਕ ਬੰਦਾ ਉਸ ਵਿਚਲੇ ਸਾਇੰਸਦਾਨ ਦਾ ਹੱਥ ਫੜੀ ਬੈਠਾ ਹੋਵੇ। ਸੁਆਲ ਪੁਛਣਾ ਬਣਦਾ ਸੀ ਸੋ ਪੁੱਛ ਲਿਆ:
? ਤੇਰੇ ਅੰਦਰਲੇ ਸਾਇੰਸਦਾਨ ਦੀ ਤੇਰੇ ਵਿਚਲੇ ਧਾਰਮਿਕ ਬੰਦੇ ਨਾਲ ਕਿੰਨੀ ਕੁ ਬਣਦੀ ਹੈ?
ਉਸ ਨੇ ਐੇਨਕ ਅੰਦਰੋਂ ਆਪਣੀਆਂ ਖੁਰਦਬੀਨੀ ਅੱਖਾਂ ਮੇਰੇ ਵਲ ਘੁਮਾਈਆਂ, ‘ਤੇਰੇ ਵਾਂਗ ਮੈਂ ਵੀ ਧਾਰਮਿਕ (Religious) ਦੀ ਥਾਂ ਧਰਮੀ (humane) ਹੋਣ ਵਿਚ ਯਕੀਨ ਰੱਖਦਾ ਹਾਂ– ਲੋਕਗੀਤਾਂ ਵਿਚਲੇ ‘ਧਰਮੀ ਬਾਬਲ’ ਵਾਲਾ ‘ਧਰਮੀ’। ਧਾਰਮਿਕ ਬੰਦਾ ਧਰਮੀ ਵੀ ਹੋ ਸਕਦਾ ਹੈ ਪਰ ਜਰੂਰੀ ਨਹੀਂ ਕਿ ਧਰਮੀ ਬੰਦਾ ਧਾਰਮਿਕ ਹੋਵੇ। ਜਿੱਥੇ ਧਾਰਮਿਕ ਬੰਦੇ ਲਈ ਪਹਿਲ ਆਪਣੇ ਧਰਮ ਦੀ ਰਹਿਤ-ਮਰਿਯਾਦਾ ਤੇ ਪਛਾਣ ਹੁੰਦੀ ਹੈ ਉੱਥੇ ਧਰਮੀ ਬੰਦੇ ਦੀ ਪਹਿਲ ਇਨਸਾਨੀ ਕਦਰਾਂ/ਕੀਮਤਾਂ ਨਿਭਾਉਣਾ ਹੁੰਦਾ ਹੈ। ਇਸੇ ਲਈ ਸਿੱਖ ਧਰਮ ਵਿਚ ਮੇਰੀ ਦਿਲਚਸਪੀ ਧਾਰਮਿਕ ਨਹੀਂ ਅਕਾਦਮਿਕ ਹੈ।’
ਮੋਟੇ ਤੌਰ ’ਤੇ ਕਿਹਾ ਜਾਂਦਾ ਹੈ ਕਿ ਕਵਿਤਾ ਅਨੁਭੂਤੀਆਂ ਦੀ ਪੇਸ਼ਕਾਰੀ ਹੈ ਤੇ ਸਾਇੰਸ ਤੱਥਾਂ ਦੀ - ਦੋਹਾਂ ਵਿਚ ਕੁਝ ਵੀ ਸਾਂਝਾ ਨਹੀਂ - ਦੋਹਾਂ ਦਾ ਇਕ ਦੂਜੀ ਨਾਲ ਕੋਈ ਲਾਗਾ ਦੇਗਾ ਨਹੀਂ। ਪਰ, ਭਾਵੇਂ ਵਿਰਲੇ ਵਿਰਲੇ ਹੀ ਸਹੀ, ਸਦੀਆਂ ਤੋਂ ਸਾਇੰਸਦਾਨ ਕਵਿਤਾਵਾਂ ਰਚਦੇ ਤੇ ਕਵੀ ਆਪਣੀਆਂ ਰਚਨਾਵਾਂ ਵਿਚ ਸਾਇੰਸੀ ਵਿਸ਼ਿਆਂ ਨੂੰ ਬੁਣਦੇ ਆ ਰਹੇ ਹਨ। ਅੰਗਰੇਜ਼ੀ ਦਾ ਮਹਾਂਕਵੀ ਗੋਥੇ ਜਾਣਿਆ-ਪਛਾਣਿਆ ਵਿਗਿਆਨੀ ਵੀ ਸੀ। ਅਠਾਰ੍ਹਵੀਂ ਸਦੀ ਵਿਚ ਹੋਏ ਐਵੋਲੂਇਸ਼ਨ ਦੀ ਥਿਊਰੀ ਦੇ ਕਰਤੇ ਡਾਰਵਿਨ ਦੀ ਕਵਿਤਾ ‘ਦ ਟੈਂਪਲ ਆਫ ਨੇਚਰ’ ਕੀਟ ਤੋਂ ਮਨੁੱਖੀ ਸਮਾਜ ਦੇ ਵਿਗਸਣ ਦੇ ਸਿਧਾਂਤ ਨੂੰ ਰੇਖਾਂਤ ਕਰਦੀ ਹੈ। ਕਈਆਂ ਦਾ ਇਹ ਵੀ ਮੰਨਣਾ ਹੈ ਕਿ ਕਵਿਤਾ ਤੇ ਸਾਇੰਸ ਦਾ ਤਾਂ ਨਾੜੂਏ ਦਾ ਰਿਸ਼ਤਾ ਹੈ - ਇਕ ਤਰ੍ਹਾਂ ਨਾਲ ਸਾਇੰਸ ਕਵਿਤਾ ਵਿੱਚੋਂ ਪੈਦਾ ਹੋਈ ਕਹੀ ਜਾ ਸਕਦੀ ਹੈ ਕਿਉਂਕਿ ਮਨੁੱਖ ਨੇ ਸੰਸਾਰ ਅਤੇ ਜੀਵਨ ਬਾਰੇ ਮੁਢਲੇ ਸਵਾਲ ਕਵਿਤਾ ਵਿਚ ਹੀ ਉਠਾਏ। ਕਵੀ ਤੇ ਸਾਇੰਸਦਾਨ ਦੋਵੇਂ ਵਿਸ਼ੇ ਦੀ ਬਰੀਕੀ ਵਿਚ ਜਾਂਦੇ ਹਨ। ਰੌਚਕ ਗੱਲ ਇਹ ਕਿ ਦੋਵੇਂ ਮੇਟਾਫਾਰ/ਰੂਪਕ ’ਤੇ ਨਿਰਭਰ ਕਰਦੇ ਹਨ। ਕਵੀ ਰੂਪਕ ਰਚਦਾ ਹੈ ਤੇ ਵਿਗਿਆਨੀ ਰੂਪਕ ਵਿੱਚੋਂ ਤੱਥ ਨੂੰ ਖੋਜਦਾ ਹੈ। ਇਸੇ ਲਈ ਜਦੋਂ ਇਹ ਦੋਵੋਂ ਖੂਬੀਆਂ ਗੁਰੂਮੇਲ ਵਾਂਗ ਕਿਸੇ ਇੱਕੋ ਵਿਅਕਤੀ ਵਿਚ ਪ੍ਰਗਟ ਹੋ ਜਾਣ ਤਾਂ ਲੀਲ੍ਹਾ ਸੰਘਣੀ ਹੋ ਜਾਂਦੀ ਹੈ:
ਬਲੈਕਹੋਲ
ਲੈਬ ਵਿਚ ਵੜਦਿਆਂ
ਕੋਟ ਤੋਂ ਪਹਿਲਾਂ ਸਿਰ,
ਦਸਤਨਿਆਂ ਤੋਂ ਪਹਿਲਾਂ ਹੱਥ,
ਬੂਟਾਂ ਤੋਂ ਪਹਿਲਾਂ ਪੈਰ,
ਟੰਗਦਾ ਹਾਂ ਲਾਹ ਕੇ
ਹੈਂਗਰ ‘ਤੇ
ਕੰਪਿਊਟਰ ਖੋਲ੍ਹਦਾਂ
ਪਾਸਵਰਡ ਲਈ
ਸਿਰ ਲੱਭਦਾਂ,
ਕਿੱਲੀ ਤੇ ਟੰਗਿਆ ਸਿਰ
ਤਾਹਨਾ ਮਾਰਦਾ,
‘ਪਈ ਨਾ ਮੇਰੀ ਲੋੜ!’
ਘੂਰੀ ਵੱਟ ਕੇ ਆਖਦਾਂ,
‘ਬਕਬਕ ਨਾ ਕਰ
ਜ਼ਰਾ ਸਬਰ ਕਰ।’
ਸਾਰਾ ਦਿਨ
ਕੀ-ਬੋਰਡ ਤੇ ਨਚਾਉਂਦਾ
ਉਂਗਲਾਂ ਦੇ ਪੋਟੇ,
ਨਿੱਸਲ ਜਿਹਾ ਹੋਕੇ
ਪਹਿਨਦਾ ਹਾਂ
ਕਿੱਲੀ ਤੋਂ ਲਾਹ ਕੇ ਸਿਰ ਨੂੰ
ਸਿਰ ਹਨੋਰਾ ਮਾਰਦਾ:
‘ਆਖਰ ਪਈ ਨਾ ਮੇਰੀ ਲੋੜ!`
‘ਸਿਰ ਨਾ ਖਾਅ ਮੇਰਾ,
ਪਹਿਨਦਾ ਹਾਂ ਤੈਨੂੰ
ਲੈ ਕੇ ਜਾਣ ਲਈ ਘਰ ਨੂੰ
ਮਨੁੱਖ ਦਾ ਚਿਹਰਾ।
ਬਹੁਤਾ ਬੋਲਿਆ ਤਾਂ
ਲਾਹ ਕੇ ਵਗਾਹ ਮਾਰਾਂਗਾ
ਸੰਸਕ੍ਰਿਤੀ ਦੀ ਬਲੈਕਹੋਲ ਵਿਚ ...’
ਗੁਰੂਮੇਲ ਦਾ ਕਹਿਣਾ ਹੈ ਕਿ ਕਵਿਤਾ ਉਸ ਦੇ ਮੱਸ ਵਿਚ ਸੀ ਤੇ ਸਾਇੰਸ ਦੀ ਤਾਲੀਮ ਦਬਕੇ ਵਾਲੇ ਅਧਿਆਪਕ ਤਾਏ ਤੇ ਪਰਵਾਸੀ ਪਿਓ ਦੀ ਚੋਣ ਸੀ। ਅੱਠ ਕਾਵਿ ਸੰਗ੍ਰਹਿਆਂ ਵਿਚ ਦਰਜ਼ ਉਸਦੀ ਕਵਿਤਾ ਦੀ ਇਹ ਖੂਬੀ ਹੈ ਕਿ ਅਜੋਕੀ ਬਹੁਤੀ ਪੰਜਾਬੀ ਕਵਿਤਾ ਦੇ ਵਿਪਰੀਤ, ਇਹ ਨਾ ਪਾਠਕ ਨੂੰ ਉਪਭਾਵਕ ਕਰਦੀ ਹੈ ਤੇ ਨਾ ਰੋਮਾਨੀ ਸੰਸਾਰ ਵਿਚ ਲੈ ਕੇ ਜਾਂਦੀ ਹੈ। ਇਹ ਪਾਠਕ ਨੂੰ ਦਾਰਸ਼ਿਨਕ ਬਣਾਉਂਦੀ ਹੈ। ਇਸੇ ਲਈ ਪੰਜਾਬੀ ਕਵਿਤਾ ਦੀ ਮੁੱਖਧਾਰਾ ਤੋਂ ਇਹ ਵਿੱਥ ਪਾ ਕੇ ਚਲਦੀ ਹੈ। ਸਾਇੰਸਦਾਨ ਹੋਣ ਕਾਰਨ ਚਾਹੇ ਗੁਰੂਮੇਲ ਕਵਿਤਾ ਕਹਿ ਰਿਹਾ ਹੋਵੇ, ਅਲੋਚਨਾ ਕਰ ਰਿਹਾ ਹੋਵੇ ਜਾਂ ਤਵਾਰੀਖ ਲਿਖ ਰਿਹਾ ਹੋਵੇ, ਉਸ ਦੇ ਅੰਦਰਲਾ ਸਾਇੰਸਦਾਨ ਖੁਰਦਬੀਨ ਲੈ ਕੇ ਨਾਲ ਨਾਲ ਚਲਦਾ ਹੈ। ਮਸਲਨ ਜੇ ਕਿਸੇ ਕੁੜੀ ਦੀਆਂ ਗੱਲ੍ਹਾਂ ਵਿਚ ਪੈਂਦੇ ਟੋਇਆਂ ਨਾਲ ਉਸਦੀ ਖੁਬਸੂਰਤੀ ਦੇ ਨਮਕੀਨ ਹੋ ਜਾਣ ਦੀ ਕਾਵਿਕ ਤਾਰੀਫ ਕਰਦਾ ਹੈ ਤਾਂ ਦੂਸਰੇ ਪਲ ਇਹ ਵੀ ਦੱਸਣ ਲਗਦਾ ਹੈ ਕਿ ਇਨ੍ਹਾਂ ਟੋਇਆਂ ਦੇ ਬਣਨ ਦਾ ਵਿਗਿਆਨਕ ਕਾਰਨ ਕੁੜੀ ਦੇ ਇਕ ਜੀਨ ਦਾ ਕੰਮਜ਼ੋਰ ਹੋਣਾ ਹੈ। ਇੰਜ ਹੀ ਗਜ਼ਲ ਦਾ ਤੋਲ-ਤੁਕਾਂਤ ਵੀ ਉਸਨੂੰ ਅਲਜ਼ਬਰੇ ਦਾ ਇਕ ਫਾਰਮੂਲਾ ਨਜ਼ਰ ਆਉਂਦਾ ਹੈ। ਮਸਲਨ ਚਾਰ ਰੁਕਨਾਂ ( ਫਊਲੁਨ+ ਫਾਇਲੁਨ+ ਫਊਲੁਨ+ ਫਾਇਲੁਨ) ਵਿਚ ਗਜ਼ਲ ਲਿਖਣ ਨੂੰ ਉਹ ਅਲਜ਼ਬਰੇ ਦੇ ਫਾਰਮੂਲੇ (ੳ+ਬ)2 = ੳ2+ ਬ2+ 2ੳਬ ਰਾਹੀਂ ਸਮਝਦਾ ਤੇ ਸਮਝਾਉਂਦਾ ਹੈ। ਇੱਥੋਂ ਤਕ ਕਿ ਜਿਸ ਖੁੱਲ੍ਹੀ ਕਵਿਤਾ ਨੂੰ ਪੰਜਾਬੀ ਵਾਲੇ ਐਵੇਂ ਹੀ ਸਮਝਦੇ ਹਨ, ਉਸ ਦੇ ਅਨੁਸ਼ਾਸਨ ਦਾ ‘ਆਰੂਜ਼’ ( ਖੁੱਲ੍ਹੀ ਕਵਿਤਾ ਦੇ ਮਾਪਦੰਡ) ਵੀ ਗੁਰੂਮੇਲ ਨੇ ਹੀ ਲਿਖਿਆ ਹੈ।
ਅੱਜਕਲ ਅਮਰੀਕਾ ਵਿਚ ਮੈਂ ਤੇ ਗੁਰੂਮੇਲ ਭਾਵੇਂ ਕਾਰ ਰਾਹੀਂ ਇਕ ਦੂਜੇ ਤੋਂ ਕਰੀਬ ਤਿੰਨ ਘੰਟਿਆਂ ਦੀ ਦੂਰੀ ’ਤੇ ਰਹਿੰਦੇ ਹਾਂ ਪਰ ਫੋਨ, ਵਟਸਅੱਪ, ਵੀਡੀਓ ਟਾਕ, ਨੈੱਟ ਚੈਟ ਕਾਰਨ ਇਹ ਦੂਰੀ ਪਿੱਚਕ ਕੇ ਗੁਆਂਢ-ਮੱਥਾ ਬਣੀ ਹੋਈ ਹੈ। ਵੈਸੇ ਵੀ ਗੁਰੂਮੇਲ ਦਾ ਸ਼ਹਿਰ ਫਰਿਜ਼ਨੋ ਜਿਸ ਨੂੰ ਪੰਜਾਬੀਆਂ ਦੀ ਮੁਕਾਬਲਤਨ ਸੰਘਣੀ ਵਸੋਂ ਕਾਰਨ ਅਮਰੀਕਾ ਦਾ ਬਰੈਂਪਟਨ ਕਿਹਾ ਜਾਂਦਾ ਹੈ, ਪੰਜਾਬੀ ਸਾਹਿਤਕ ਗਤੀਵਿਧੀਆਂ ਦਾ ਮਰਕਜ਼ ਹੈ। ਅਵਤਾਰ ਗੋਂਦਾਰਾ ਤੇ ਸੰਤੋਖ ਮਿਨਹਾਸ ਜਿਹੇ ਮਿੱਤਰ ਗੁਰੂਮੇਲ ਨਾਲ ਮਿਲ ਕੇ ਸਾਹਿਤਕ ਧੂਣੀ ਭਖਾਈ ਰੱਖਦੇ ਹਨ। ਇਸ ਲਈ ਉੱਥੇ ਮੇਰਾ ਗੇੜਾ ਤੇ ਗੇੜੀ ਦੋਵੇਂ ਅਕਸਰ ਵੱਜਦੇ ਰਹਿੰਦੇ ਹਨ। ਇਨ੍ਹਾਂ ਲੰਬੀਆਂ ਮੁਲਾਕਾਤਾਂ, ਸੈਰਾਂ, ਗੋਸ਼ਟਾਂ ਤੇ ਸਫ਼ਰਾਂ ਦਾ ਹੀ ਹਾਸਲ ਹੈ ਕਿ ਗੁਰੂਮੇਲ ਜਿਹੇ ਚੁੱਪ-ਕੀਤੇ ਬੰਦੇ ਦੇ ਨਿੱਜ ਤੇ ਲੱਗਿਆ ਰੋਪੜੀ ਤਾਲਾ ਖੁੱਲ੍ਹ ਗਿਆ:
ਸਕੂਲ ਦਾ ਆਖਰੀ ਵਰ੍ਹਾ। ਧੱਕੜ ਹਮਜਮਾਤਣ ਪਿਆਰ ਦੀ ਨਿਸ਼ਾਨੀ ਵਜੋਂ ਉਸ ਲਈ ਹੱਥੀਂ ਬੁਣੀਆਂ ਜੁਰਾਬਾਂ ਉਸ ਦੇ ਘਰ ਹੀ ਛੱਡ ਗਈ ਸੀ। ਅੱਗੋਂ ਉਹ ਤਾਈ ਦੇ ਹੱਥ ਲੱਗ ਗਈਆਂ ਸੀ। ਉਸਦੇ ਸਕੂਲੋਂ ਪਰਤਣ ਤਕ ਪਰਿਵਾਰ ਵਿਚ ਜਲਜਲਾ ਆਇਆ ਪਿਆ ਸੀ। ਜੁਰਾਬਾਂ ਵਿਖਾ ਵਿਖਾ ਕੇ ਉਸ ਤੋਂ ਸਫਾਈ ਮੰਗੀ ਜਾ ਰਹੀ ਸੀ ... ਪਿੰਡ ਦੀ ਕੁੜੀ ਨਾਲ ਇਸ਼ਕ ਕਰਨ ਦੇ ਖਤਰੇ ਖੜਕਾਏ ਜਾ ਰਹੇ ਸਨ। ਸਿੱਟਾ ਇਹ ਕਿ ਲੱਖ ਬੋਚਣ ਦੇ ਬਾਵਜੂਦ ਇਸ ਗੱਲ ਦਾ ਕਚੀਹਰਾ ਸਾਰਾ ਪਿੰਡ ਕਰਨ ਲੱਗ ਪਿਆ ਸੀ। ਪਿਓ ਪਰਦੇਸ ਸੀ ਤੇ ਘਰ ਦੀ ਵਾਗਡੋਰ ਤਾਏ ਦੇ ਹੱਥ। ਤਾਇਆ ਭਾਵੇਂ ਸਕੂਲ ਅਧਿਆਪਕ ਸੀ ਫਿਰ ਵੀ ਉਸ ਨੇ ਇਸ ਸਮੱਸਿਆ ਦਾ ਸਮਾਧਾਨ ਰਵਾਇਤੀ ਹੀ ਕੀਤਾ- ਪੰਛੀ ਦੇ ਪੰਖ ਖੁੱਲ੍ਹੇ ਛੱਡ ਦੇਵੋ ਪਰ ਪੈਰਾਂ ਵਿਚ ਡੋਰ ਪਾ ਦੇਵੋ। ਮਰਜ਼ੀ ਦੇ ਖਿਲਾਫ ਤਾਏ ਨੇ ਛੋਟੀ ਉਮਰੇ ਉਸਦਾ ਪਹਿਲਾ ਵਿਆਹ ਕਰਵਾ ਦਿੱਤਾ।
‘ਸੱਚੀ ਪੁਛਦੈਂ ਤਾਂ ਉਸ ਤੋਂ ਬਾਅਦ ਮੇਰਾ ਪਿੰਡ ਨਾਲ ਮੋਹ ਭੰਗ ਹੋ ਗਿਆ। ਇਸ ਮਾਸੂਮ ਜਿਹੀ ਘਟਨਾ ਨਾਲ ਮੇਰਾ ਜਿਵੇਂ ਇਕ ਹਿੱਸਾ ਦੱਬ ਗਿਆ ਸੀ, ਜੋ ਦੱਬਿਆ ਹੀ ਆ ਰਿਹਾ ਹੈ। ਹੁਣ ਤਾਂ ਕਈ ਕਈ ਵਰ੍ਹਿਆਂ ਪਿੱਛੋਂ ਵੱਜਣ ਵਾਲੀਆਂ ਵਤਨ ਦੀਆਂ ਫੇਰੀਆਂ ਦੇ ਦਿਨ ਵੀ ਜ਼ਿਆਦਾਤਰ ਦਿੱਲੀ, ਚੰਡੀਗੜ੍ਹ ਤੇ ਲੁਧਿਆਣਾ ਵਿਚ ਹੀ ਕੱਟ ਜਾਂਦੇ ਹਨ। ਪਿੰਡ ਦੇ ਹਿੱਸੇ ਤਾਂ ਕੁਝ ਘੰਟੇ ਹੀ ਆਉਂਦੇ ਹਨ। ਇਸੇ ਲਈ ਮੇਰੇ ਪਰਵਾਸ ਨੂੰ ਤੂੰ ਪੂਰਨ ਪਰਵਾਸ ਕਹਿ ਸਕਦਾ ਹੈਂ, ਇਹ ਉਹ ਪਰਵਾਸ ਨਹੀਂ ਜਿਸ ਵਿਚ ਬੰਦਾ ਮਾਨਸਿਕ ਤੇ ਜਿਸਮਾਨੀ ਤੌਰ ’ਤੇ ਦੇਸ ਤੇ ਬਦੇਸ ਵਿਚਕਾਰ ਜੁਲਾਹੇ ਦੀ ਨਲਕੀ ਬਣਿਆ ਰਹਿੰਦਾ ਹੈ।’
? ਮੰਨਿਆ ਜੱਦੀ ਪਿੰਡ ਨਾਲ ਤੇਰਾ ਰੋਸਾ ਚਲ ਰਿਹੈ ਪਰ ਜਿਸ ਪੰਜਾਬ ਨਾਲ ਤੇਰਾ ਸਭਿਆਚਾਰਕ ਤੇ ਸਾਹਿਤਕ ਲਗਾਓ ਹੈ, ਉਸਦਾ ਹੇਰਵਾ ਤਾਂ ਜਾਗਦਾ ਹੀ ਹੋਵੇਗਾ?
‘ਹੇਰਵਾ ਨਹੀਂ, ਮੇਰੇ ਵਿਚ ਪੰਜਾਬ ਦਾ ਫ਼ਿਕਰ ਜਾਗਦਾ ਹੈ। ਉਦੋਂ ਵੀ ਜਦੋਂ ਮੇਰੀਆਂ ਵਿਕਸਤ ਕੀਤੀਆਂ ਕਪਾਹ ਦੀਆਂ ਕਿਸਮਾਂ ਨੂੰ ਤੁਰਕੀ ਤੇ ਯੂਨਾਨ ਦੀਆਂ ਸਰਕਾਰਾਂ ਉਗਾਉਂਦੀਆਂ ਹਨ ਤੇ ਉਦੋਂ ਵੀ ਜਦੋਂ ਇਕ ਪਾਸੇ ਮਿੱਟੀ ਤੋਂ ਬਿਨਾ ਖੇਤੀ ਸੰਭਵ ਬਣਾਉਣ ਵਾਲੀਆਂ ਅਤਿ-ਅਧੁਨਿਕ ਕੌਤਕੀ ਤਕਨੀਕਾਂ ਬਾਰੇ ਸੁਣਦਾ/ਪੜ੍ਹਦਾ ਹਾਂ ਤੇ ਦੂਜੇ ਪਾਸੇ ਪੰਜਾਬ ਦੇ ਪੈਰੋ-ਪੈਰ ਖ਼ਤਮ ਹੋ ਰਹੇ ਖੇਤ ਚੇਤੇ ਆਉਂਦੇ ਹਨ। … ਸੋ ਕਹਿ ਸਕਦੇ ਹੋ ਕਿ ਹੁਣ ਪੰਜਾਬ ਨਾਲ ਵੀ ਮੇਰਾ ਸਬੰਧ ਅਕਾਦਮਿਕ ਹੀ ਰਹਿ ਗਿਆ ਹੈ।
? ਅਕਾਦਮਿਕ ਸਬੰਧ … ਫੇਰ ਜਦੋਂ ਲੁਧਿਆਣਾ ਖੇਤੀਬਾੜੀ ਯੂਨੀਵਰਸਟੀ ਦਾ ਵਾਇਸ ਚਾਂਸਲਰ ਲਾਉਣ ਲਈ ਤੁਹਾਨੂੰ ਟੋਹਿਆ ਗਿਆ ਸੀ ਤਾਂ ਇਨਕਾਰ ਕਿਉਂ ਕਰ ਦਿੱਤਾ ਸੀ?
‘ਸੂਬੇ ਦੇ ਬੇਤਵਾਜ਼ਨ ਸਰਕਾਰੀ ਤੇ ਸਿਆਸੀ ਮਾਹੌਲ ਬਾਰੇ ਸੋਚ ਕੇ … ਭਾਰਤੀ ਯੂਨੀਵਰਸਟੀਆਂ ਦੇ ਹੋਏ ਸਿਆਸੀਕਰਨ ਬਾਰੇ ਸੋਚਕੇ … ਇੱਥੇ (ਉੱਤਰੀ ਅਮਰੀਕਾ ਵਿਚ) ਯੂਨੀਵਰਸਿਟੀਆਂ ਵਿਚਾਰਾਂ ਤੇ ਕੰਮ ਕਰਨ ਦੀ ਅਜ਼ਾਦੀ ਦੀਆਂ ਜ਼ਾਮਨ ਹੁੰਦੀਆਂ ਹਨ ਪਰ ਇੰਡੀਆ ਵਿਚ ਆਮ ਕਰਕੇ ਸਿਆਸੀ ਚਮਚਿਆਂ ਦੇ ਕੁਟੁੰਬ।’
? (ਮੈਂ ਗੱਲਬਾਤ ਨੂੰ ਕੁਝ ਦੇਰ ਹੋਰ ਉਸਦੀ ਸਖਸ਼ੀਅਤ ਦੇ ਮਰਮ ’ਤੇ ਫੋਕਸ ਰੱਖਣਾ ਚਾਹੁੰਦਾ ਸਾਂ) ਮਨ ਦਾ ਕੋਈ ਅਜਿਹਾ ਖੂੰਜਾ ਜੋ ਅਣਫਰੋਲਿਆ ਰਹਿ ਗਿਆ ਹੋਵੇ?
ਕੁਝ ਪਲਾਂ ਦੀ ਖਾਮੋਸ਼ੀ ਪਿੱਛੋਂ ਗੁਰੂਮੇਲ ਦੀ ਆਵਾਜ਼ ਧੀਮਾਪਣ ਤੇ ਚਿਹਰਾ ਇੰਕਸ਼ਾਫੀ ਮੁਦਰਾ ਫੜ ਜਾਂਦਾ ਹੈ, ‘ਇਹ ਗੱਲ ਸਹੀ ਹੈ ਕਿ ਪਰਵਾਸ ਨੂੰ ਮੈਂ ਪੂਰਨ ਰੂਪ ਵਿਚ ਇਸ ਤਰ੍ਹਾਂ ਆਤਮਸਾਤ ਕਰ ਲਿਆ ਹੈ ਕਿ ਹੁਣ ਨਾ ਪੰਜਾਬ ਦੇ ਨਾਂਅ ’ਤੇ ਮੈਨੂੰ ਹੌਲ ਪੈਂਦਾ ਹੈ ਨਾ ਪਿੰਡ ਦੇ ਨਾਂਅ ’ਤੇ ਅੱਖ ਭਰਦੀ ਹੈ। ਪਰ ਘੁੰਡੀ ਇਹ ਹੈ ਕਿ ਦੋ ਚੀਜ਼ਾਂ ਹਾਲੀ ਵੀ ਪ੍ਰਸੰਗ ਬਦਲ ਬਦਲ ਕੇ ਸੁਪਨਿਆਂ ਵਿਚ ਆਉਣੋਂ ਨਹੀਂ ਹਟਦੀਆਂ: ਇਕ ਨਾਨਕਸ਼ਾਹੀ ਇੱਟਾਂ ਦਾ ਪਿੰਡ ਵਿਚਲਾ ਜੱਦੀ ਘਰ ਤੇ ਦੂਜਾ ਹਮਜਮਾਤਣ ਵਲੋਂ ਮੇਰੇ ਲਈ ਬੁਣੀਆਂ ਜੁਰਾਬਾਂ!’
*****
(580)
ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)