“ਮੋਗੇ ਦੇ ਰੀਗਲ ਸਿਨਮੇ ਵਾਲੇ ਗੋਲ਼ੀ-ਕਾਂਡ ਕਰ ਕੇ ਪੰਜਾਬ ਸਟੂਡੈਂਟਸ ਯੂਨੀਅਨ ”
(20 ਅਪਰੈਲ 2025)
ਇਹ ਲੇਖ ਸਵ: ਸੰਤ ਰਾਮ ਉਦਾਸੀ (ਜਨਮ 20 ਅਪਰੈਲ 1939-ਸਦੀਵੀ ਵਿਛੋੜਾ 6 ਨਵੰਬਰ 1986) ਦੀ 37ਵੀਂ ਬਰਸੀ ’ਤੇ ਯਾਦ ਕਰਦਿਆਂ ਉਸਦੇ ਸੰਘਰਸ਼ਮਈ ਕ੍ਰਾਂਤੀਕਾਰੀ ਜੀਵਨ, ਤਲਖ਼ ਤਜਰਬਿਆਂ, ਕਾਵਿ-ਰਚਨਾ, ਕੈਨੇਡਾ ਵਿੱਚ ਉਸਦੇ ਦੌਰੇ ਦੀਆਂ ਅਭੁੱਲ ਯਾਦਾਂ, ਅਤੇ ਅਤੀਤ ਵਿੱਚ ਸਾਡੀਆਂ ਉਸ ਪ੍ਰਤੀ ਅਪਣਾਈਆਂ ਗ਼ਲਤ ਧਾਰਨਾਵਾਂ ਨੂੰ ਰੱਦ ਕਰਨ, ਉਸਦਾ ਸਹੀ ਮੁਲਾਂਕਣ ਕਰਨ ਅਤੇ ਆਪਣੀ ਜ਼ਮੀਰ ਨੂੰ ਸੁਰਖਰੂ ਕਰਨ ਲਈ ਨਿਮਾਣਾ ਜਿਹਾ ਯਤਨ ਹੈ। ਸੰਤ ਰਾਮ ਉਦਾਸੀ ਦੀ ਸ਼ਖ਼ਸੀਅਤ ਅਤੇ ਸਮੁੱਚੀ ਰਚਨਾ ਬਾਰੇ ਤਿੰਨ ਪੁਸਤਕਾਂ ਉਪਲਬਧ ਹਨ, ਜਿਨ੍ਹਾਂ ਦਾ ਵੇਰਵਾ ਲੇਖ ਦੇ ਅੰਤ ’ਤੇ ਹਵਾਲਾ ਸੂਚੀ ਵਿੱਚ ਦਿੱਤਾ ਗਿਆ ਹੈ।
ਉਦਾਸੀ ਦੇ ਵਡੇਰੇ ਕੂਕਾ ਲਹਿਰ ਨਾਲ ਜੁੜੇ ਹੋਣ ਕਰ ਕੇ ਉਸ ਨੂੰ ਸਿੱਖੀ ਸੰਸਕਾਰ ਵਿਰਸੇ ਵਿੱਚ ਮਿਲੇ ਸਨ। ਗ਼ਰੀਬ ਦਲਿਤ ਪਰਿਵਾਰ ਵਿੱਚ ਜੰਮਿਆ ਹੋਣ ਕਰ ਕੇ ਜਾਤ-ਪਾਤ ਅਤੇ ਛੂਤ-ਛਾਤ ਦੇ ਵਿਤਕਰੇ ਦਾ ਸਭ ਤੋਂ ਵੱਧ ਸੰਤਾਪ ਉਸ ਨੇ ਆਪਣੇ ਮਨ ’ਤੇ ਹੰਢਾਇਆ ਸੀ। ਕੂਕਾ ਲਹਿਰ ਦੀਆਂ ਸੀਮਾਵਾਂ ਨੂੰ ਭਾਂਪ ਉਸ ਨੇ ਛੇਤੀ ਹੀ ਰੁਮਾਂਸਵਾਦੀ-ਆਦਰਸ਼ਵਾਦੀ ਸੋਚ ਤੋਂ ਅੱਗੇ ਚੱਲ ਕੇ ਸਿੱਖ ਵਿਰਸੇ ਦੀ ਹਕੂਮਤੀ ਜ਼ੁਲਮ-ਜਬਰ ਤੋਂ ਨਾਬਰੀ ਦੀ ਸਪਿਰਟ ਵਾਲੇ ਗੀਤ ਲਿਖੇ, ਪਰ ਅਵਾਮ ਵਿੱਚ ਉਸ ਨੂੰ ਅਸਲ ਪ੍ਰਵਾਨਗੀ ਉਸਦੇ ਨਕਸਲਬਾੜੀ ਵਿਚਾਰਧਾਰਾ ਤੋਂ ਪ੍ਰਭਾਵਿਤ ਗੀਤਾਂ ਕਰਕੇ ਹੀ ਮਿਲ਼ੀ।
ਉਦਾਸੀ ਦਾ ਕ੍ਰਾਂਤੀਕਾਰੀ (ਨਕਸਲਬਾੜੀ) ਲਹਿਰ ਵੱਲ ਸਫ਼ਰ:
ਬ੍ਰਿਟਿਸ਼ ਨਾਲ ਭਾਰਤ ਦੀ ਅਜ਼ਾਦੀ ਦੀ ਲੜਾਈ ਵਿੱਚ ਕਾਂਗਰਸ ਨਾਲ ਭਾਈਵਾਲੀ ਕਰ ਕੇ ਅਵਾਮ ਵਿੱਚ ਕਮਿਉਨਿਸਟ ਪਾਰਟੀ ਆਫ ਇੰਡੀਆ (ਸੀ ਪੀ ਆਈ) ਦਾ ਖ਼ਾਸਾ ਸ਼ੱਕੀ ਬਣ ਗਿਆ ਸੀ। ਨਹਿਰੂ ਦੇ ਖ਼ਰੁਸ਼ਚੋਵ ਨਾਲ ਮਿੱਤਰਤਾ ਦਾ ਹੱਥ ਵਧਾਉਣ ਨਾਲ ਤਾਂ ਸੀ ਪੀ ਆਈ ਇੱਕ ਤਰੀਕੇ ਨਾਲ ਕਾਂਗਰਸ ਦੀ ਝੋਲੀ-ਚੁੱਕ ਬਣ ਕੇ ਰਹਿ ਗਈ। ਸੀ ਪੀ ਆਈ ਦੀ ਲੀਡਰਸ਼ਿੱਪ ਤਾਂ ਇਸ ਕਦਰ ਗਿਰ ਗਈ ਕਿ ਉਸ ਨੂੰ ਲੱਗਣ ਲੱਗ ਪਿਆ ਕਿ ਕਾਂਗਰਸ ਪਾਰਟੀ ਸਮਾਜਵਾਦ ਵੱਲ ਵਧ ਰਹੀ ਸੀ। ਸੀ ਪੀ ਆਈ ਨੇ ਜਮਾਤੀ ਸੰਘਰਸ਼ ਦਾ ਰਸਤਾ ਛੱਡ ਕੇ ਸੰਸਦੀ ਚੋਣਾਂ ਵਿੱਚ ਬਹੁਮੱਤ ਜਿੱਤ ਕੇ ਸਰਕਾਰ ਬਣਾਉਣ ਵਾਲੀ ਪਾਲਿਸੀ ਅਪਣਾਈ, ਜੋ ਅਜੇ ਤਕ ਜਾਰੀ ਹੈ। ਇਸ ਤੋਂ ਮਾਯੂਸ ਹੋ ਕੇ 1964 ਵਿੱਚ ਬੰਗਾਲ ਦੇ ਕਾਮਰੇਡਾਂ ਨੇ ਸੀ ਪੀ ਆਈ ਨਾਲ ਤੋੜ-ਵਿਛੋੜਾ ਕਰ ਕੇ ਵੱਖਰੀ ਪਾਰਟੀ ਸੀ ਪੀ ਆਈ (ਐੱਮ) ਬਣਾ ਲਈ। ਪਰ ਸੀ ਪੀ ਆਈ (ਐੱਮ) ਦੀ ਲੀਡਰਸ਼ਿੱਪ ਵੀ ਸੀ ਪੀ ਆਈ ਵਾਂਗ ਚਿੱਕੜ ਵਿੱਚ ਬੋਤੀ ਵਾਂਗ ਬਹਿ ਗਈ। ਉਸ ਨੇ ਵੀ ਸੰਸਦੀ ਚੋਣਾਂ ਜ਼ਰੀਏ ਸੱਤਾ ਉੱਤੇ ਕਾਬਜ਼ ਹੋਣ ਦਾ ਰਸਤਾ ਹੀ ਅਪਣਾਇਆ, ਭਾਵੇਂ ਚੋਣਾਂ ਵਿੱਚ ਇਹੀ ਸਬਜ਼ਬਾਗ ਦਿਖਾਏ ਸਨ ਕਿ ਜੇਕਰ ਉਨ੍ਹਾਂ ਦੀ ਪਾਰਟੀ ਦੀ ਸਰਕਾਰ ਬਣ ਗਈ ਤਾਂ ਜਾਗੀਰਦਾਰੀ ਤੋੜ ਕੇ ਜ਼ਮੀਨਾਂ ਦੇ ਮਾਲਕ ਮੁਜ਼ਾਰਿਆਂ ਨੂੰ ਬਣਾਇਆ ਜਾਵੇਗਾ। ਪਾਰਟੀ ਵਿਚਲੇ ਬੁੱਧੀਜੀਵੀ- ਬੰਗਾਲ ਤੋਂ ਕਾਮਰੇਡ ਬਾਬੂ ਚਾਰੂ ਮਜ਼ੂਮਦਾਰ ਅਤੇ ਆਂਧਰਾ ਪ੍ਰਦੇਸ਼ ਦੀ ਤਿਲੰਗਾਨਾ ਤਹਿਰੀਕ ਦੇ ਘੁਲਾਟੀਏ ਕਾਮਰੇਡ ਨਾਗੀਰੈਡੀ ਦਾ ਦ੍ਰਿੜ੍ਹ ਵਿਸ਼ਵਾਸ ਸੀ ਕਿ ਸੰਸਦੀ ਚੋਣਾਂ ਜਿੱਤ ਕੇ ਸੱਤਾ ਹਾਸਲ ਕਰਨ ਨਾਲ ਪ੍ਰੋਲੇਤਾਰੀ ਦੇ ਗਲ਼ੋਂ ਸਰਮਾਏਦਾਰੀ ਦਾ ਜੂਲ਼ਾ ਨਹੀਂ ਲਾਹਿਆ ਜਾ ਸਕਦਾ, ਇਸ ਕਰ ਕੇ ਉਨ੍ਹਾਂ ਨੇ ਪਾਰਟੀ ਦੇ ਅੰਦਰ ਰਹਿੰਦਿਆਂ ਆਪਣਾ ਸੰਘਰਸ਼ ਜਾਰੀ ਰੱਖਿਆ। 1967 ਵਿੱਚ ਪੱਛਮੀ ਬੰਗਾਲ ਦੀ ਹਕੂਮਤ ਸੰਭਾਲਦਿਆਂ ਹੀ ਸੀ ਪੀ ਆਈ (ਐੱਮ) ਦੀ ਸਾਂਝੇ ਮੋਰਚੇ ਵਾਲੀ ਸਰਕਾਰ ਨੇ ਮੁਜ਼ਾਰਿਆਂ ਨਾਲ ਕੀਤੇ ਵਾਅਦਿਆਂ ਤੋਂ ਮੁੱਕਰ ਕੇ ਉਨ੍ਹਾਂ ਉੱਪਰ ਤਸ਼ੱਦਦ ਦਾ ਰਸਤਾ ਇਖਤਿਆਰ ਕਰ ਲਿਆ। ਇਸਦੀ ਸਭ ਤੋਂ ਮੰਦਭਾਗੀ ਘਟਨਾ ਨਕਸਲਬਾੜੀ ਦਾ ਦੁਖਾਂਤ ਸੀ ਜਿਸ ਵਿੱਚ ਜਾਗੀਰਦਾਰਾਂ ਦੀ ਪੁਸ਼ਤ-ਪਨਾਹੀ ਕਰਦੀ ਸੀ ਪੀ ਆਈ (ਐੱਮ) ਦੀ ਸਾਂਝੇ ਮੋਰਚੇ ਵਾਲੀ ਸਰਕਾਰ ਨੇ ਮੁਜ਼ਾਰਿਆਂ ਨੂੰ ਗੋਲ਼ੀਆਂ ਨਾਲ ਭੁੰਨ ਸੁੱਟਿਆ। ਨਕਸਲਬਾੜੀ ਦੀ ਘਟਨਾ ਨੇ ਸੀ ਪੀ ਆਈ (ਐੱਮ) ਦਾ ਅਸਲੀ ਚਿਹਰਾ ਬੇਨਕਾਬ ਕਰ ਦਿੱਤਾ ਤੇ ਫਿਰ ਚਾਰੂ ਮਜ਼ੂਮਦਾਰ ਨੇ ਡੰਕੇ ਦੀ ਚੋਟ ’ਤੇ ‘ਜ਼ਮੀਨ ਹਲ਼ਵਾਹਕ ਦੀ’ ਦਾ ਸੱਦਾ ਦੇ ਕੇ ਸੰਸਦੀ ਰਵਾਇਤੀ ਪਾਰਟੀਆਂ ਤੋਂ ਖਹਿੜਾ ਛੁਡਾ ਮਜ਼ਦੂਰਾਂ-ਕਿਸਾਨਾਂ ਦੇ ਹਥਿਆਰਬੰਦ ਸੰਘਰਸ਼ ਦਾ ਇਤਿਹਾਸਕ ਐਲਾਨ ਕਰ ਦਿੱਤਾ। ਪੀਕਿੰਗ ਰੇਡੀਓ ਨੇ ਇਸ ਘਟਨਾ ਨੂੰ ‘ਬਸੰਤ ਦੀ ਗਰਜ’ ਕਿਹਾ ਸੀ। ਨਕਸਲਬਾੜੀ ਦੇ ਸੰਘਰਸ਼ ਦੀ ਗੂੰਜ ਪੰਜਾਬ ਸਮੇਤ ਸਾਰੇ ਭਾਰਤ ਦੇ ਸੂਬਿਆਂ ਵਿੱਚ ਗੂੰਜਣ ਲੱਗੀ।
ਸੰਤ ਰਾਮ ਉਦਾਸੀ ਸੀ ਪੀ ਆਈ, ਸੀ ਪੀ ਆਈ (ਐੱਮ) ਨਾਲ ਸਪਸ਼ਟ ਤੋੜ-ਵਿਛੋੜਾ ਕਰ ਕੇ 1969 ਵਿੱਚ ਸੀ ਪੀ ਆਈ (ਐੱਮ-ਐੱਲ) ਦੀ ਨਕਸਲਬਾੜੀ ਵਿਚਾਰਧਾਰਾ ਨੂੰ ਪ੍ਰਣਾਇਆ ਗਿਆ ਸੀ। ਨਕਸਲਬਾੜੀ ਲਹਿਰ ਤੋਂ ਪ੍ਰਭਾਵਿਤ ਹੋ ਕੇ ਲਿਖੀਆਂ ਉਸਦੀਆਂ ਨਜ਼ਮਾਂ ਲੋਕਾਂ ਵਿੱਚ ਵੱਧ ਪ੍ਰਵਾਨ ਚੜ੍ਹੀਆਂ। ਨਕਸਲਬਾੜੀ ਦੀ ਇਸ ਮਹਾਨ ਕ੍ਰਾਂਤੀਕਾਰੀ ਤਹਿਰੀਕ ਨੇ ਸਮੁੱਚੇ ਭਾਰਤ, ਖ਼ਾਸ ਕਰ ਕੇ ਪੰਜਾਬੀ ਸਾਹਿਤ ਦਾ ਮੁਹਾਂਦਰਾ ਬਦਲ ਦਿੱਤਾ। ਇਸ ਤਹਿਰੀਕ ਦੇ ਸਾਹਿਤਕਾਰਾਂ ਨੇ ਪਹਿਲੇ ਲੇਖਕਾਂ ਤੋਂ ਤੋੜ-ਵਿਛੋੜਾ ਕਰ ਕੇ ਪੰਜਾਬੀ ਸਾਹਿਤ ਦੀ ਦਿਸ਼ਾ ਤੇ ਦਸ਼ਾ ਬਦਲੀ। ਇਸ ਦੌਰਾਨ ਲਿਖਿਆ ਗਿਆ ਪੰਜਾਬੀ ਸਾਹਿਤ ਪਿਛਲੇ ਰਚੇ ਸਾਹਿਤ ਨਾਲੋਂ ਮੂਲ਼ੋਂ ਵੱਖਰਾ ਤੇ ਮੌਲਿਕ ਸੀ। (1*) “ਨਕਸਲਬਾੜੀ ਦੀ ਕ੍ਰਾਂਤੀਕਾਰੀ ਲੋਕ ਲਹਿਰ ਤੋਂ ਪ੍ਰਭਾਵਿਤ ਹੋ ਕੇ ਪੰਜਾਬੀ ਸਾਹਿਤ ਵਿੱਚ ਜੋ ਕਵਿਤਾ ਹੋਂਦ ਵਿੱਚ ਆਈ, ਉਸ ਨੂੰ ਪੰਜਾਬੀ ਸਾਹਿਤ ਵਿੱਚ ਵੱਖ ਵੱਖ ਸਮਿਆਂ ’ਤੇ ‘ਵਿਦਰੋਹੀ ਕਵਿਤਾ’, ‘ਜੁਝਾਰੂ ਕਵਿਤਾ’, ‘ਨਵ-ਪ੍ਰਗਤੀਵਾਦੀ ਕਵਿਤਾ’, ‘ਇਨਕਲਾਬੀ ਕਵਿਤਾ’, ‘ਕ੍ਰਾਂਤੀਕਾਰੀ ਕਵਿਤਾ’ ਦੇ ਨਾਂਵਾਂ ਨਾਲ ਜਾਣਿਆ ਜਾਂਦਾ ਰਿਹਾ ਹੈ। ਨਕਸਲਬਾੜੀ ਲਹਿਰ ਦੇ ਪ੍ਰਭਾਵ ਅਧੀਨ ਉਦੈ ਹੋਣ ਵਾਲੀ ਪੰਜਾਬੀ ਕ੍ਰਾਂਤੀਕਾਰੀ ਕਵਿਤਾ ਦੇ ਨੌਂ ਮੋਢੀ ਕਵੀ ਹਨ- ਪਾਸ਼, ਸੰਤ ਰਾਮ ਉਦਾਸੀ, ਹਰਭਜਨ ਹਲਵਾਰਵੀ, ਗੁਰਦੀਪ ਗਰੇਵਾਲ, ਲਾਲ ਸਿੰਘ ਦਿਲ, ਅਮਰਜੀਤ ਚੰਦਨ, ਦਰਸ਼ਨ ਖਟਕੜ, ਵਰਿਆਮ ਸਿੰਘ ਸੰਧੂ, ਅਤੇ ਸੰਤ ਸੰਧੂ। ਪਰ ਮੇਰੇ ਖ਼ਿਆਲ ਵਿੱਚ ਸੰਤ ਰਾਮ ਉਦਾਸੀ ਸਭ ਤੋਂ ਵੱਧ ਗੰਵਿਆ ਜਾਣ ਵਾਲਾ ਮਕਬੂਲ ਲੋਕ-ਕਵੀ ਹੈ। ਉਸ ਦਾ ਮੁੱਖ ਕਾਰਨ ਉਸਦੀ ਮੜਕਵੀਂ, ਗੜ੍ਹਕਣੀ, ਸਰਲ, ਠੇਠ, ਪੇਂਡੂ ਮਲਵਈ ਭਾਸ਼ਾ ਵਿੱਚ ਲਿਖੇ ਮੌਲਿਕ ਕ੍ਰਾਂਤੀਕਾਰੀ ਗੀਤ, ਬਿਨ ਸਾਜ਼ੋਂ, ਸੁਰੀਲੀ, ਉੱਚੀ ਸੁਰ ਵਾਲੀ, ਅਤੇ ਤਰੰਨਮ ਵਿੱਚ ਗਾ ਸਕਣ ਦੀ ਅਥਾਹ ਸਮਰੱਥਾ ਸੀ। ਉਸਦੀ ਕਵਿਤਾ ਵਿੱਚ ਰਵਾਇਤੀ ਖੱਬੇ-ਪੱਖੀ ਕਵਿਤਾ ਵਿਚਲੀ ‘ਜ਼ਿੰਦਾਬਾਦ, ਮੁਰਦਾਬਾਦ’ ਵਾਲੀ ਨਾਅਰੇਬਾਜ਼ੀ ਦੀ ਥਾਂ ਸਮਾਜ ਨੂੰ ਵਿਗਿਆਨਕ ਨਜ਼ਰੀਏ ਤੋਂ ਸਮਝਣ ਅਤੇ ਬਦਲਣ ਵਾਲੇ ਮਾਰਕਸਵਾਦੀ ਚਿੰਤਨ ਦੀ ਗਹਿਰਾਈ ਸੀ। ਉਹ ਕਈ ਘੰਟੇ ਲਗਾਤਾਰ ਹਾਈ ਪਿੱਚ ’ਤੇ ਗਾ ਸਕਦਾ ਸੀ ਤੇ ਬਹੁਤੀ ਵਾਰ ਇਕੱਲਾ ਹੀ ਸਟੇਜ ’ਤੇ ਛਾ ਜਾਂਦਾ ਸੀ। ਸੱਚ ਤਾਂ ਇਹ ਹੈ ਕਿ ਜਦੋਂ ਉਹ ਸਟੇਜ ’ਤੇ ਚੜ੍ਹਦਾ ਸੀ ਤਾਂ ਹੋਰ ਕੋਈ ਕਵੀ ਉਸਦੇ ਬਰਾਬਰ ਮਿਕਣ ਦੀ ਜੁਰਅਤ ਨਹੀਂ ਕਰਦਾ ਸੀ। ਇਸਦੀ ਇੱਕ ਉਦਾਹਰਨ ਹਾਜ਼ਰ ਹੈ: ਮੋਗਾ ਗੋਲ਼ੀ ਕਾਂਡ ਦੀ ਪਹਿਲੀ ਸ਼ਹੀਦੀ ਬਰਸੀ ਅਕਤੂਬਰ 1973 ਵਿੱਚ ਸ਼ਹੀਦ ਹਰਜੀਤ ਤੇ ਸਵਰਨ ਦੇ ਜੱਦੀ ਪਿੰਡ ਚੜਿੱਕ (ਮੋਗਾ) ਵਿਖੇ ਮਨਾਈ ਗਈ, ਜਿਸ ਵਿੱਚ ਉਦਾਸੀ ਨੂੰ ਉਚੇਚੇ ਤੌਰ ’ਤੇ ਬੁਲਾਇਆ ਗਿਆ ਸੀ। ਸ਼ਹੀਦੀ ਕਾਨਫਰੰਸ ਵਿੱਚ ਪਹਿਲੀ ਵਾਰ ਮੈਂ ਨਕਸਲਬਾੜੀ ਦੇ ਲਗਭਗ ਸਾਰੇ ਰੂਪੋਸ਼ ਨੇਤਾਵਾਂ ਨੂੰ ਨੇੜਿਉਂ ਦੇਖਿਆ। ਉਸ ਸ਼ਹੀਦੀ ਕਾਨਫਰੰਸ ਵਿੱਚ ਅਕਾਲੀ, ਕਾਂਗਰਸੀ, ਤੇ ਐੱਮ-ਐੱਲ ਦੇ ਕਾਮਰੇਡਾਂ ਵੱਲੋਂ ਸਟੇਜਾਂ ਲਾਈਆਂ ਗਈਆਂ ਸਨ। ਪ੍ਰੋਗਰਾਮ ਸ਼ੁਰੂ ਹੋਇਆ ਤਾਂ ਪੰਜਾਬ ਸਟੂਡੈਂਟਸ ਯੂਨੀਅਨ ਦੇ ਹਰਮਨ ਪਿਆਰੇ ਵਿਦਿਆਰਥੀ ਨੇਤਾ ਪ੍ਰਿਥੀਪਾਲ ਰੰਧਾਵੇ ਨੇ ਲਲਕਾਰ ਕੇ ਕਿਹਾ, “ਸਾਥੀਓ, ਅਸੀਂ ਤੁਹਾਡੇ ਨਾਲ ਇਹ ਪ੍ਰਣ ਦ੍ਰਿੜ੍ਹ ਕਰਨ ਅਤੇ ਕਰਵਾਉਣ ਆਏ ਹਾਂ ਕਿ ਅਸੀਂ ਸ਼ਹੀਦਾਂ ਦੀ ਕਤਲਗਾਹ ਰੀਗਲ ਸਿਨਮੇ ’ਤੇ ਘੁੰਗਰੂਆਂ ਦੀ ਛਣਕਾਰ ਨਹੀਂ ਪੈਣ ਦਿਆਂਗੇ। ਜਦੋਂ ਉਦਾਸੀ ਦਾ ਨਾਂ ਬੋਲਿਆ ਗਿਆ ਤਾਂ ਅਕਾਲੀਆਂ, ਕਾਂਗਰਸੀਆਂ ਦੀਆਂ ਸਟੇਜਾਂ ਛੱਡ ਕੇ ਸਭ ਲੋਕਾਂ ਨੇ ਐੱਮ-ਐੱਲ ਦੇ ਕਾਮਰੇਡਾਂ ਦੀ ਸਟੇਜ ਵੱਲ ਵਹੀਰਾਂ ਘੱਤ ਲਈਆਂ। ਅਕਾਲੀ, ਕਾਂਗਰਸੀ ਆਪਣੇ ਪੰਡਾਲਾਂ ਵਿੱਚ ਖਾਲੀ ਦਰੀਆਂ ਵੇਖ ਨਮੋਸ਼ੀ ਕਾਰਨ ਹੱਥ ਮਲ਼ਦੇ ਰਹਿ ਗਏ। ਉਦਾਸੀ ਨੇ ਜਦੋਂ ਮੋਗਾ ਗੋਲ਼ੀ-ਕਾਂਡ ਦੇ ਸ਼ਹੀਦਾਂ ਨੂੰ ਸਮਰਪਿਤ ਗੀਤ ਛੋਹਿਆ: “ਮਾਰੇ ਗਏ ਮਿੱਤਰਾਂ ਦੇ ਪਿੰਡ ਦੀਏ ਵਾਏ ਖ਼ੈਰ ਸੁੱਖ ਦਾ ਸੁਨੇਹੜਾ ਲਿਆ ...” ਤਾਂ ਪੰਡਾਲ ਵਿੱਚ ਮੁਕੰਮਲ ਚੁੱਪ ਪਸਰੀ ਹੋਈ ਸੀ। ਉਦਾਸੀ ਦੇ ਬੋਲ ਜਾਦੂਮਈ ਅਸਰ ਛੱਡ ਰਹੇ ਸਨ।
ਉਦਾਸੀ ਕਾਵਿ:
1971 ਵਿੱਚ ਉਦਾਸੀ ਦੀ ਕ੍ਰਾਂਤੀਕਾਰੀ ਗੀਤਾਂ ਦੀ ਪਹਿਲੀ ਪੁਸਤਕ ‘ਲਹੂ ਭਿੱਜੇ ਬੋਲ’ ਪ੍ਰਕਾਸ਼ਿਤ ਹੋਈ। ਉਂਝ ਉਸਦੇ ਚੋਣਵੇਂ ਗੀਤ ਨਕਸਲਬਾੜੀ ਗਰੁਪਾਂ ਦੇ ‘ਲੋਕ-ਯੁੱਧ’ ਤੇ ‘ਦਸਤਾਵੇਜ਼’ ਵਰਗੇ ਖ਼ੁਫ਼ੀਆ ਪਰਚਿਆਂ ਵਿੱਚ ਛਪੇ ਪੜ੍ਹੀਦੇ ਸਨ। 1972 ਵਿੱਚ ਕਿੰਤੂ ਦਾ ‘ਸੰਤ ਰਾਮ ਉਦਾਸੀ’ ਅੰਕ ਪ੍ਰਕਾਸ਼ਿਤ ਹੋਣ ਨਾਲ ਤਾਂ ਉਦਾਸੀ ਪੰਜਾਬ ’ਤੇ ਛਾ ਗਿਆ ਸੀ। ਉਹ ਸਵੈਮਾਣ ਨਾਲ ਪੂਰੀ ਚੜ੍ਹਤ ਵਿੱਚ ਸੀ। ਮੋਗੇ ਦੇ ਰੀਗਲ ਸਿਨਮੇ ਵਾਲੇ ਗੋਲ਼ੀ-ਕਾਂਡ ਕਰ ਕੇ ਪੰਜਾਬ ਸਟੂਡੈਂਟਸ ਯੂਨੀਅਨ ਉਦੋਂ ਪੂਰੇ ਜਲੌਅ ਵਿੱਚ ਸੀ। ਉਦਾਸੀ ਦੇ ਗੀਤਾਂ ਨੇ ਵਿਦਿਆਰਥੀ ਲਹਿਰ ਵਿੱਚ ਨਵੀਂ ਰੂਹ ਫੂਕ ਦਿੱਤੀ ਸੀ। ਕਿੰਤੂ ਦੇ ‘ਸੰਤ ਰਾਮ ਉਦਾਸੀ’ ਅੰਕ ਨੂੰ ਅਸੀਂ ਕਾਮਰੇਡ ਮਾਓ ਦੀ ‘ਲਾਲ ਕਿਤਾਬ’ ਵਾਂਗ ਸਾਂਭ ਸਾਂਭ ਰੱਖਦੇ ਸਾਂ। ਉਸਦੇ ਸਾਰੇ ਚੋਣਵੇਂ ਗੀਤ ਅਸੀਂ ਜ਼ੁਬਾਨੀ ਕੰਠ ਕਰ ਲਏ ਤੇ ਹਰ ਵਕਤ ਗੁਣਗੁਣਾਉਂਦੇ ਰਹਿੰਦੇ। ਕਾਮਰੇਡਾਂ ਦੇ ਲਗਭਗ ਸਾਰੇ ਗਰੁੱਪ ਉਦਾਸੀ ਉੱਤੇ ‘ਮੇਰ’ ਜਿਤਾ ਰਹੇ ਸਨ। ਇਸ ਤਰ੍ਹਾਂ ਦੀ ਇੱਕ ਕੋਸ਼ਿਸ਼ ਐੱਮ ਐੱਲ ਕਾਮਰੇਡਾਂ ਦੇ ਇੱਕ ਗਰੁੱਪ ਵੱਲੋਂ ਗੌ: ਪਾਲੀਟੈੱਕਨਿਕ ਕਾਲਜ, ਗੁਰੂ ਤੇਗ ਬਹਾਦਰ ਗੜ੍ਹ (ਰੋਡੇ) ਵਿਖੇ ਕੀਤੀ ਗਈ। ਮੈਨੂੰ ਮੇਰੇ ਇੱਕ ਕਾਮਰੇਡ ਮਿੱਤਰ ਵੱਲੋਂ ਇਸ ਸ਼ਾਮ ਦੀ ਮੀਟਿੰਗ ਵਿੱਚ ਸ਼ਾਮਲ ਹੋਣ ਸੱਦਾ ਦਿੱਤਾ ਗਿਆ ਸੀ। ਸੰਤ ਰਾਮ ਉਦਾਸੀ ਨੂੰ ਪਹਿਲੀ ਵਾਰ ਮੈਂ ਉੱਥੇ ਦੇਖਿਆ ਸੀ। ਉਸਦੇ ਚਿਹਰੇ ’ਤੇ ਇਨਕਲਾਬੀ ਨੂਰ ਸੀ। ਉਹ ਚੜ੍ਹਦੀ ਕਲਾ ਵਿੱਚ ਸੀ। ਮੀਟਿੰਗ ਤਾਂ ਐਵੇਂ ਜਾਭਾਂ ਦਾ ਭੇੜ ਸੀ, ਜਿਸਦਾ ਕੋਈ ਸਾਰਥਿਕ ਸਿੱਟਾ ਨਾ ਨਿਕਲਿਆ। ਮੀਟਿੰਗ ਤੋਂ ਬਾਅਦ ਉਦਾਸੀ ਨੇ ਆਪਣੇ ਚੋਣਵੇਂ ਗੀਤ ਸੁਣਾਏ। ਉਦਾਸੀ ਵਿੱਚ ਕੋਈ ਓਹਲਾ ਨਹੀਂ ਸੀ। ਉਹ ਜੋ ਵੀ ਕਰਦਾ ਸੀ, ਇੱਥੋਂ ਤਕ ਕੇ ਆਪਣੇ ਐਬ ਵੀ ਠੋਕ ਵਜਾ ਕੇ ਦੱਸਦਾ ਸੀ। ਉਸ ਮੀਟਿੰਗ ਵਿੱਚ ਉਦਾਸੀ ਦਾ ਖ਼ੁਦ ਮੰਨਣਾ ਸੀ ਕਿ “ਮੈਨੂੰ ਦੋ ‘ਬੁਰਜਵਾ’ ਸ਼ੌਕ ਚੁੰਬੜ ਗਏ ਹਨ- ਇੱਕ ਤਾਂ ਮੋਟਰ ਸਾਇਕਲ ਦੀ ਸਵਾਰੀ ਤੇ ਦੂਜੀ ਸ਼ਰਾਬ। ਮੋਟਰ ਸਾਇਕਲ ਦਾ ਮੈਂ ਵਸਾਹ ਨਹੀਂ ਕਰਦਾ ਤੇ ਸ਼ਾਮ ਨੂੰ ਸ਼ਰਾਬ ਬਿਨਾਂ ਮੇਰਾ ਸਰਦਾ ਨਹੀਂ, ਜੋੜ-ਜੋੜ ਦੁਖਣ ਲੱਗ ਜਾਂਦਾ ਹੈ। ਪਰ ਮੈਂ ਅੱਜ ਤਕ ਕਦੇ ਕਿਸੇ ਤੋਂ ਮੰਗ ਕੇ ਨਹੀਂ ਪੀਤੀ। ਹਾਂ, ਜੇ ਕੋਈ ਸੱਜਣ ਸੁਲ੍ਹਾ ਮਾਰੇ ਫਿਰ ਰਹਿ ਨਹੀਂ ਹੁੰਦਾ।” ਭਾਵੇਂ ਉੱਥੇ ਪਹੁੰਚੇ ਕੁਝ ‘ਘਾਗ਼’ ਕਾਮਰੇਡ ਇਸ ’ਤੇ ਨੱਕ-ਬੁੱਲ੍ਹ ਚੜ੍ਹਾ ਰਹੇ ਸਨ, ਪਰ ਉਦਾਸੀ ਨੂੰ ਉਨ੍ਹਾਂ ਦੀ ਕੋਈ ਪਰਵਾਹ ਨਹੀਂ ਸੀ। ਸਬਰ ਸਬੂਰੀ ਤੇ ਰੱਜੀ ਰੂਹ ਵਾਲਾ ਉਦਾਸੀ ਅੰਦਰੋਂ ਬਾਹਰੋਂ ਇੱਕ ਸੀ।
ਸੰਤ ਰਾਮ ਉਦਾਸੀ ਦੇ ਜਿਊਂਦੇ ਜੀ ਉਸਦੇ ਚਾਰ ਕਾਵਿ-ਸੰਗ੍ਰਹਿ ਪ੍ਰਕਾਸ਼ਿਤ ਹੋਏ ਸਨ: ‘ਲਹੂ ਭਿੱਜੇ ਬੋਲ’ (1971), ਸੈਨਤਾਂ (1976), ਚੌਨੁੱਕਰੀਆਂ ਸੀਖਾਂ (ਫਰਵਰੀ 1978), ਅਤੇ ਲਹੂ ਤੋਂ ਲੋਹੇ ਤਕ (ਅਗਸਤ 1979)। ਨਵੰਬਰ 1986 ਵਿੱਚ ਸੰਤ ਰਾਮ ਉਦਾਸੀ ਦੇ ਸਦੀਵੀ ਵਿਛੋੜੇ ਉਪਰੰਤ ਉਦਾਸੀ-ਕਾਵਿ ਬਾਰੇ ਤਿੰਨ ਪੁਸਤਕਾਂ ਛਪੀਆਂ ਹਨ: ਸੰਤ ਰਾਮ ਉਦਾਸੀ - ਸੰਪੂਰਨ ਕਾਵਿ (ਸੰਪਾਦਕ ਰਾਜਿੰਦਰ ਰਾਹੀ), 2004, ਸੰਤ ਰਾਮ ਉਦਾਸੀ - ਸ਼ਖ਼ਸੀਅਤ ਅਤੇ ਸਮੁੱਚੀ ਰਚਨਾ (ਸੰਪਾਦਕ ਅਜਮੇਰ ਸਿੱਧੂ, ਇਕਬਾਲ ਕੌਰ ਉਦਾਸੀ), 2014, ਅਤੇ ਉਦਾਸੀ ਕਾਵਿ - ਸੰਤ ਰਾਮ ਉਦਾਸੀ ਦੀਆਂ ਸੰਪੂਰਨ ਕਵਿਤਾਵਾਂ ਅਤੇ ਗੀਤਾਂ ਦਾ ਸੰਗ੍ਰਹਿ (ਸੰਪਾਦਕ ਅਮੋਲਕ ਸਿੰਘ), 2016। ਸਾਲ ਕੁ ਬਾਅਦ ਨਵੰਬਰ 1987 ਵਿੱਚ ਉਸਦੀਆਂ ਚੋਣਵੀਆਂ ਕਵਿਤਾਵਾਂ ਦੇ ਦੋ ਕਾਵਿ-ਸੰਗ੍ਰਹਿ ਛਪੇ ਸਨ। ਲੋਕ-ਕਵੀ ਸੰਤ ਰਾਮ ਉਦਾਸੀ ਯਾਦਗਾਰ ਟ੍ਰਸਟ, ਬਰਨਾਲ਼ਾ, ਸੰਗਰੂਰ ਵੱਲੋਂ ‘ਦਿੱਲੀਏ ਦਿਆਲਾ ਵੇਖ’ ਨਾਮ ਦੀ ਪੁਸਤਕ ਅਤੇ ਲਿਖਾਰੀ ਸਭਾ ਬਰਨਾਲ਼ਾ, ਸੰਗਰੂਰ ‘ਕੰਮੀਆਂ ਦਾ ਵਿਹੜਾ’ ਪੁਸਤਕਾਂ ਕੁਝ ਦਿਨਾਂ ਦੇ ਫ਼ਰਕ ਨਾਲ ਅੱਗੜ-ਪਿੱਛੜ ਪ੍ਰਕਾਸ਼ਿਤ ਹੋਈਆਂ ਸਨ।
ਉਦਾਸੀ ਦੀ ਕਾਵਿ-ਪੁਸਤਕ ‘ਚੌਨੁੱਕਰੀਆਂ ਸੀਖਾਂ’ 1978 ਵਿੱਚ ਪ੍ਰਕਾਸ਼ਿਤ ਹੋਈ ਸੀ। ਇਸ ਵਿੱਚ ਬਾਕੀ ਕਾਵਿ-ਪੁਸਤਕਾਂ ਨਾਲੋਂ ਵਖਰੇਵਾਂ ਇਹ ਸੀ ਕਿ ਇਸ ਵਿਚਲੀ ਸਾਰੀ ਰਚਨਾ ਖੁੱਲ੍ਹੀ ਕਵਿਤਾ ਵਿੱਚ ਹੈ। 1975-1976 ਦੌਰਾਨ ਪਟਿਆਲਾ, ਬਰਨਾਲ਼ਾ, ਮੋਗਾ, ਅੰਮ੍ਰਿਤਸਰ, ਸ਼ਹਿਣਾ, ਸੰਗਰੂਰ ਆਦਿ ਸ਼ਹਿਰਾਂ ਦੀਆਂ ਕਾਲ-ਕੋਠੜੀਆਂ ਵਿੱਚ ਬਿਤਾਏ ਸਾਲਾਂ ਦੇ ਜੇਲ੍ਹ-ਜੀਵਨ ਦਾ ਜ਼ਿਕਰ ਹੈ। ਖੁੱਲ੍ਹੀ ਕਵਿਤਾ ਦੇ ਸਬੱਬ ਬਾਰੇ ਉਦਾਸੀ ਦਾ ਕਹਿਣਾ ਸੀ ਕਿ “ਭਾਵੇਂ ਮੈਂ ਬਹੁਤੇ ਗੀਤ ਹੀ ਲਿਖੇ ਹਨ, ਪਰ ਗੀਤਾਂ ਵਿੱਚ ਛੰਦ-ਬੰਦੀ, ਤੋਲ-ਤੁਕਾਂਤ ਤੇ ਪਿੰਗਲ ਦੀਆਂ ਸਮੱਸਿਆਵਾਂ ਕਰ ਕੇ ਕਈ ਵਾਰ ਕਵੀ ਆਪਣੇ ਦਿਲ ਦੀ ਪੂਰੀ ਗੱਲ ਕਹਿ ਨਹੀਂ ਪਾਉਂਦਾ, ਪਰ ਖੁੱਲ੍ਹੀ ਕਵਿਤਾ ਵਿੱਚ ਅਜਿਹੀ ਬੰਦਸ਼ ਨਹੀਂ ਹੁੰਦੀ, ਭਾਵੇਂ ਕਿ ਖੁੱਲ੍ਹੀ ਕਵਿਤਾ ਵਿੱਚ ਵੀ ਲੈਅ ਹੁੰਦੀ ਹੈ, ਰਵਾਨੀ ਹੁੰਦੀ ਹੈ ਜੋ ਉਸ ਨੂੰ ਵਾਰਤਕ ਤੋਂ ਵਖਰਿਆਉਂਦੀ ਹੈ।”
ਮੈਂ ਪੁੱਛਿਆ ਕਿ ਕਿਤਾਬ ਦੇ ਨਾਂ ‘ਚੌਨੁਕਰੀਆਂ ਸੀਖਾਂ’ ਦਾ ਇਨ੍ਹਾਂ ਕਵਿਤਾਵਾਂ ਨਾਲ ਕੀ ਸੰਬੰਧ ਹੈ? ਉਦਾਸੀ ਦਾ ਜਵਾਬ ਸੀ, “ਇਹ ਸਾਰੀਆਂ ਕਵਿਤਾਵਾਂ ਮੇਰੇ ਜੇਲ੍ਹ-ਜੀਵਨ ਸਮੇਂ ਲਿਖੀਆਂ ਗਈਆਂ। ਭਾਰਤ, ਖ਼ਾਸ ਕਰ ਕੇ ਪੰਜਾਬ ਦੀਆਂ ਸਭ ਜੇਲ੍ਹਾਂ ਦੀਆਂ ਬਾਰੀਆਂ ਅਤੇ ਝਰੋਖਿਆਂ ਵਿੱਚ ਗੋਲ਼ ਸਰੀਏ ਦੀਆਂ ਸੀਖਾਂ ਨਹੀਂ ਲਾਈਆਂ ਜਾਂਦੀਆਂ ਬਲਕਿ ਚੌਰਸ ਜਾਂ ਚੌਨੁਕਰੇ ਆਕਾਰ ਵਾਲਾ ਸਰੀਆ ਵਰਤਿਆ ਜਾਂਦਾ ਹੈ। ਚੌਨੁਕਰੀਆਂ ਸੀਖਾਂ ਨੂੰ ਗੋਲ਼ ਸੀਖਾਂ ਨਾਲੋਂ ਕੱਟਣਾ ਵਧੇਰੇ ਕਠਨ ਹੁੰਦਾ ਹੈ।”
ਉਦਾਸੀ ਦੇ ਗੀਤ ਲੋਕ-ਗੀਤ ਬਣ ਕੇ ਲੋਕਾਂ ਦੇ ਮਨਾਂ ਅੰਦਰ ਉੱਤਰ ਗਏ ਹਨ। ਉਸਦੇ ਗੀਤਾਂ ਵਿੱਚ ਗੁਰੂਆਂ, ਖ਼ਾਲਸੇ, ਧਰਤੀ ਮਾਂ, ਪੰਜਾਬ, ਜੱਟਾਂ, ਸੀਰੀਆਂ, ਹਾਲ਼ੀਆਂ ਪਾਲ਼ੀਆਂ, ਕਿਰਤੀਆਂ, ਮਜ਼ਦੂਰਾਂ, ਦਿਹਾੜੀਦਾਰਾਂ, ਕੁੱਲੀਆਂ, ਝੁੱਗੀਆਂ, ਮਿੱਲ੍ਹਾਂ, ਖੇਤਾਂ, ਫ਼ਸਲਾਂ, ਖਾਦਾਂ, ਅੰਨ, ਬੋਹਲਾਂ, ਬੀਜਾਂ, ਕਣਕਾਂ, ਕਪਾਹਾਂ, ਛੱਲੀਆਂ, ਝੋਨਿਆਂ, ਚਰ੍ਹੀਆਂ, ਕਮਾਦਾਂ, ਰੁੱਖਾਂ, ਡੀਜ਼ਲ - ਗੱਲ ਕੀ ਲੋਕਾਂ ਦੇ ਹਰ ਦੁੱਖ, ਦਰਦ ਦਾ ਭਰਵਾਂ ਜ਼ਿਕਰ ਹੈ।
ਸੂਖ਼ਮ ਕਾਵਿ-ਸ਼ਾਸਤਰ ਦੇ ਨਜ਼ਰੀਏ ਤੋਂ ਸੰਤ ਰਾਮ ਉਦਾਸੀ ਦੇ ਗੀਤਾਂ ਕਵਿਤਾਵਾਂ ਵਿੱਚ ਵਿਸ਼ਿਆਂ ਦੀ ਵਿਸ਼ਾਲਤਾ ਅਤੇ ਗਹਿਰਾਈ ਲਾਸਾਨੀ ਹੈ। ਜੋ ਸ਼ੁੱਧ, ਠੇਠ ਮਲਵਈ ਸ਼ਬਦਾਂ ਦੀ ਅਮੀਰੀ, ਤਸ਼ਬੀਹਾਂ, ਉਪਮਾ/ਅਨੁਪ੍ਰਾਸ ਅਲੰਕਾਰ, ਉਦਾਸੀ ਦੇ ਹਿੱਸੇ ਆਏ ਹਨ, ਉਹਦੇ ਨਾਲ ਪੰਜਾਬੀ ਦਾ ਹੋਰ ਕੋਈ ਕਵੀ ਮਿੱਕ ਨਹੀਂ ਸਕਦਾ। ਕੁਝ ਉਦਾਹਰਨਾਂ ਹਾਜ਼ਰ ਹਨ: ‘ਚਰ੍ਹੀਆਂ ਤੇ ਮੱਕੀਆਂ ਨੂੰ ਲੱਗੇ ਗੁੱਲਾਂ ਦੀ ਧਰਤੀ ਨੂੰ ਲੱਗੇ ਬੁੱਲ੍ਹਾਂ ਨਾਲ ਤੁਲਨਾ’, ‘ਕਣਕਾਂ ਦੇ ਸੋਨ ਰੰਗੇ ਲਹਿੰਗਿਆਂ ’ਤੇ ਕਾਲ਼ੀ ਕੰਗਿਆਰੀਆਂ ਦੀ ਲੀਰ’, ‘ਸੀਰੀਆਂ ਦੇ ਹੌਸਲੇ ਨੂੰ ਉੱਜੜੇ ਟਾਂਡਿਆਂ ਦਾ ਪੁੱਤਾਂ ਵਰਗਾ ਦਰੇਗ’, ‘ਸੂਰਜ ਸੰਗ ਪੱਗ ਵਟਾ ਕੇ ਧਰਤੀ ਦੇ ਮੱਥੇ ’ਤੇ ਜਿੱਤ ਦਾ ਤਿਲਕ ਲਾਉਣਾ’, ‘ਮੇਰਾ ਮੁੜ੍ਹਕਾ ਚੋ ਕੇ ਬਣਿਆ ਝੀਲ ਭਾਖੜਾ’, ‘ਬੋਹਲਾਂ ਵਿੱਚੋਂ ਨੀਰ ਦਾ ਵਗਣਾ’, ‘ਕਣਕਾਂ ਦੇ ਮੱਥਿਆਂ ਵਿੱਚੋਂ ਸਿੰਮਦਾ ਖ਼ੂਨ’ ‘ਬੂਬਨੇ ਸਾਧ’, ‘ਪੂੰਜੀਪਤ ਯੁਗ ਵਿੱਚ ਫੁੱਲਾਂ ਤੋਂ ਵੀ ਹੌਲ਼ੀ ਕੁੜੀ ਦਾ ਗੱਡੇ ਜਿੰਨਾ ਭਾਰ ਲੱਗਣਾ’, ‘ਚੋਗੀ ਦਾ ਚੁਗੇ ਹੋਏ ਟੀਂਡੇ ਵਾਂਗ ਸੱਖਣਾ ਹੱਥ’, ‘ਨੱਕ ਵਗਦੇ, ਅੱਖਾਂ ਚੁੰਨ੍ਹੀਆਂ ਤੇ ਦੰਦ ਕਰੇੜੇ’, ‘ਚਮਕੌਰ ਦੀ ਗੜ੍ਹੀ ਮੋਹਰੇ ਦਿੱਲੀ ਦੇ ਕਿਲ੍ਹੇ ਨੂੰ ਝੁਕਾਉਣਾ ਤੇ ਕੁੱਲੀ ਨੂੰ ਅਨੰਦਪੁਰ ਬਣਾਉਣਾ’, ‘ਮਾਂ ਦੇ ਪਿਆਰ ਵਰਗਾ ਕਿਹੜੀਆਂ ਵਲਾਇਤਾਂ ਤੋਂ ਉਧਾਰ’, ‘ਪੰਜ ਦਰਿਆਵਾਂ ਦੇ ਨਾ ਥੰਮ੍ਹਣ ਤਕ ਮਿੱਤਰ ਦੇ ਖੂਹ ਦੇ ਵਗਣ ਦੀ ਅਸੀਸ’, ‘ਚਿਕੜੀ ਵਿੱਚ ਤਿਲਕਿਆ ਬੋਤਾ’, ‘ਖਿੜੀ ਬਸੰਤ ਦੀਆਂ ਭਾਰਤ ਮਾਂ ਦੀਆਂ ਮੀਡੀਆ ਵਾਲ਼ੀਆਂ ਗੁੱਤਾਂ’, ‘ਪੰਜ ਦਰਿਆਵਾਂ ਦੇ ਪੱਤਣ ਹੰਗਾਲਣ’, ‘ਛੱਲੀਆਂ ਨੀ ਛੱਲੀਆਂ, ਹਰੇ ਹਰੇ ਬੁਰਕੇ ਵਿੱਚ ਲਾਲ ਲਾਲ ਕਲੀਆਂ’, ‘ਬੇਦਾਵਿਆਂ ’ਤੇ ਗੂਠਾ ਨਾ ਲਾਉਣ ਵਾਲੇ ਲੱਖ ਹਜ਼ਾਰ ਸਿੰਘ’, ‘ਸੱਜਣ ਦਾ ਸੂਹਾ ਗਰਾਂ’, ‘ਬੋਹਲਾਂ ਦੇ ਵਿਚਾਲ਼ੇ ਕਾਮਿਆਂ ਦੇ ਟੋਲੇ ਦਾ ਭੁੱਖਿਆਂ ਸੌਣਾ’, ‘ਪਿੰਡ ਦੇ ਕਸਾਈ ਰਾਜਿਆਂ ਨੂੰ ਕੁੱਤੇ ਮੁਕੱਦਮ ਕਹਿਣਾ’, ‘ਲਾਵਾਂ ਦੀਆਂ ਅੱਖਾਂ ਵਿੱਚ ਅੱਥਰੂ ਤੇ ਸਿਹਰਿਆਂ ਦੀਆਂ ਅੱਖਾਂ ਵਿੱਚ ਅੱਗ’, ‘ਕਿਰਤ ਦੇ ਸੰਦਾਂ ਨਾਲ ਲਿਖੀ ਗਈ ਮਹਾਨ ਕਵਿਤਾ’, ‘ਜੰਮਦੀਆਂ ਕੁੜੀਆਂ ਨੂੰ ਅਠਰਾਹੇ ਵਾਂਗ ਲਗਦਾ ਦਾਜ ਦਾ ਰੋਗ’ (‘ਮਹਾਨ ਕੋਸ਼’ ਅਨੁਸਾਰ ਅਠਰਾਹਾ ਮ੍ਰਿਤਵਸਤਾ (ਜਿਸਦੇ ਔਲਾਦ ਪੈਦਾ ਹੋ ਕੇ ਜਿਉਂਦੀ ਨਾ ਰਹੇ) ਬੰਦਯ ਦੋਸ਼, ਜਨਮ ਤੋਂ ਅੱਠਵੇਂ ਅਥਵਾ ਅਠਾਰ੍ਹਵੇਂ ਦਿਨ ਅਤੇ ਅਠਾਰ੍ਹਾਂ ਮਹੀਨਿਆਂ ਵਿੱਚ ਸੰਤਾਨ ਦੀ ਮੌਤ ਹੋਣ ਕਰ ਕੇ ਪ੍ਰਸਿੱਧ ਨਾਉਂ ਅੱਠਰਾਹਾ ਹੋ ਗਿਆ ਹੈ। ਅਰ ਤੰਤਰ ਸ਼ਾਸਤ੍ਰ ਵਾਲੇ ਅੱਠ ਜੋਗਣੀਆਂ ਦੇ ਅਸਰ ਤੋਂ ਇਹ ਰੋਗ ਹੋਣਾ ਮੰਨਦੇ ਹਨ।) (ਚੱਲਦਾ)
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)
ਸਰੋਕਾਰ ਨਾਲ ਸੰਪਰਕ ਲਈ: (This email address is being protected from spambots. You need JavaScript enabled to view it.om)