“ਜੇਕਰ ਉਹ ਹੁਣ ਅਵੇਸਲੇ ਬਣੇ ਰਹੇ ਤਾਂ ਦੇਸ਼ ਅੰਦਰ ਕੀ ਕੁਝ ਵਾਪਰ ਸਕਦਾ ਹੈ, ਉਸਦਾ ਅੰਦਾਜ਼ਾ”
(19 ਅਪਰੈਲ 2025)
ਬਸਤੀਵਾਦੀ ਸਾਮਰਾਜੀ ਤਾਕਤਾਂ ਪਹਿਲੀ ਸੰਸਾਰ ਜੰਗ ਸਮੇਂ ਆਪਸ ਵਿੱਚ ਉਲਝਣ ਲੱਗੀਆਂ ਤਾਂ ਦੇਸ਼ ਤੋਂ ਬਾਹਰ ਕੈਨੇਡਾ ਅਮਰੀਕਾ ਵਿੱਚ ਗਏ ਭਾਰਤੀਆਂ ਨੇ 1913 ਵਿੱਚ ਗਦਰ ਪਾਰਟੀ ਦੀ ਸਥਾਪਨਾ ਕਰ ਲਈ। ਅਸੂਲ ਇਹ ਬਣਾਇਆ ਕਿ ਪਾਰਟੀ ਕਿਸੇ ਖਾਸ ਧਾਰਮਿਕ ਫਿਰਕੇ ਦੀ ਨੁਮਾਇੰਦਗੀ ਕਰਨ ਦੀ ਬਜਾਏ ਪੂਰੇ ਭਾਰਤੀਆਂ ਦੀ ਪਾਰਟੀ ਹੋਵੇਗੀ। ਬੇਸ਼ਕ ਇਸ ਵਿੱਚ ਪੰਜਾਬੀ ਸਿੱਖਾਂ ਦੀ ਬਹੁ ਗਿਣਤੀ ਸੀ। 1913-14 ਵਿੱਚ ਉਨ੍ਹਾਂ ਭਾਰਤ ਵੱਲ ਕੂਚ ਕਰਨ ਦਾ ਸੱਦਾ ਦਿੱਤਾ। ਅੰਗਰੇਜ਼ੀ ਸਾਮਰਾਜ ਵੱਲੋਂ ਉਹਨਾਂ ਵਿੱਚੋਂ ਬਹੁਤ ਸਾਰੇ ਗਦਰੀਆਂ ਨੂੰ ਸ਼ਹੀਦ ਕਰ ਦਿੱਤਾ ਅਤੇ ਅਨੇਕਾਂ ਨੂੰ ਕਾਲੇ ਪਾਣੀ ਦੀਆਂ ਜੇਲ੍ਹਾਂ ਵਿੱਚ ਤੁੰਨ ਦਿੱਤਾ। ਪਰ ਭਾਰਤ ਦੀ ਆਜ਼ਾਦੀ ਦਾ ਅੰਦੋਲਨ ਹੋਰ ਵੀ ਜ਼ੋਰ ਫੜ ਗਿਆ। ਅਪਰੈਲ 1919 ਦੇ ਮਹੀਨੇ ਰਾਮ-ਨੌਮੀ ਅਤੇ ਈਦ ਦਾ ਤਿਉਹਾਰ ਲਗਭਗ ਬਰਾਬਰ ਦੀ ਤਾਰੀਖ ਵਿੱਚ ਆ ਗਿਆ। ਅਮ੍ਰਿਤਸਰ ਵਿੱਚ ਹਿੰਦੂ, ਸਿੱਖ ਅਤੇ ਮੁਸਲਮਾਨ ਸਭ ਨੇ ਰਲ ਕੇ ਸ਼ਹਿਰ ਅੰਦਰ ਡਾਕਟਰ ਸੈਫੂਦੀਨ ਕਿਚਲੂ ਅਤੇ ਡਾਕਟਰ ਸਤਪਾਲ ਦੀ ਅਗਵਾਈ ਹੇਠ ਤਿਉਹਾਰ ਮਨਾਉਣ ਲਈ ਜਲੂਸ ਕੱਢਿਆ। ਇਸ ਸਮੇਂ ਛਬੀਲਾਂ ਮੁਸਲਮਾਨ ਭਰਾਵਾਂ ਵੱਲੋਂ ਲਗਾਈਆਂ ਗਈਆਂ। ਸਭ ਨੇ ਸ਼ਰਬਤ ਪੀਤਾ। ਭਾਰਤ ਦੇ ਲੋਕਾਂ ਵੱਲੋਂ ਅਪਣਾਈ ਇਸ ਏਕਤਾ ਤੋਂ ਅੰਗਰੇਜ਼ ਘਬਰਾ ਗਏ। ਘਬਰਾਈ ਹੋਈ ਬਰਤਾਨਵੀ ਹਕੂਮਤ ਦੇ ਫੌਜੀ ਅਫਸਰਾਂ ਨੇ ਜਲਿਆਂਵਾਲੇ ਬਾਗ ਦਾ ਸਾਕਾ ਵਰਤਾ ਦਿੱਤਾ। ਇਸ ਤੋਂ ਬਾਅਦ ਆਜ਼ਾਦੀ ਸੰਘਰਸ਼ ਠੱਲ੍ਹਣ ਦੀ ਬਜਾਏ ਹੋਰ ਜੋਸ਼ੀਲਾ ਹੋ ਗਿਆ।
ਹਾਕਮਾਂ ਨੇ ਦੇਸ਼ ਅੰਦਰ ‘ਪਾੜੋ ਅਤੇ ਰਾਜ ਕਰਨ’ ਦੀ ਨੀਤੀ ਨੂੰ ਅਪਣਾਇਆ। ਦਮੋਦਰ ਸਾਵਰਕਰ ਅਤੇ ਜਿਨਾਹ ਅਲੀ ਵੱਲੋਂ ਦੋ-ਕੌਮਾਂ ਵਾਲੇ ਸਿਧਾਂਤ ਪੇਸ਼ ਕੀਤੇ ਗਏ। ਦੇਸ਼ ਦੇ ਮੁੱਖ ਫਿਰਕਿਆਂ, ਹਿੰਦੂ ਅਤੇ ਮੁਸਲਮਾਨਾਂ ਦਰਮਿਆਨ ਪਾੜ ਪਾਉਣ ਲਈ ਰੇਲਵੇ ਸਟੇਸ਼ਨਾਂ ਉੱਪਰ ਹਿੰਦੂ ਪਾਣੀ ਅਤੇ ਮੁਸਲਮਾਨ ਪਾਣੀ ਵੰਡ ਕਰਨ ਵਾਲੇ ਤਸੱਬਰ ਹੇਠ ਵੱਖ-ਵੱਖ ਪਿਆਓ ਬਣਵਾਏ ਗਏ। ਦੇਸ਼ ਭਗਤ ਆਜ਼ਾਦੀ ਘੁਲਾਟੀਆਂ ਵੱਲੋਂ ਇਸਦਾ ਵਿਰੋਧ ਕੀਤਾ ਗਿਆ। ਲੁਧਿਆਣੇ ਦੇ ਸ਼ਾਹੀ ਇਮਾਮ ਮੋਲਾਨਾ ਹਬੀਬ ਉਰ ਰਹਿਮਾਨ ਵੱਲੋਂ ਇਸਦੇ ਵਿਰੋਧ ਕਰਨ ਕਾਰਨ ਕਈ ਸਾਲ ਲਈ ਉਸ ਨੂੰ ਜੇਲ੍ਹ ਭੇਜਿਆ ਗਿਆ। ਪਰ ਭਾਰੀ ਵਿਰੋਧ ਕਾਰਨ ਪਾਣੀਆਂ ਦੀ ਵੰਡ ਵਾਲਾ ਫੈਸਲਾ ਵਾਪਸ ਲੈਣਾ ਪਿਆ।
ਧਰਮ ਦੇ ਅਧਾਰ ਉੱਪਰ ਮੁਸਲਿਮ ਲੀਗ ਅਤੇ ਹਿੰਦੂ ਮਹਾਸਭਾ ਵੱਲੋਂ ਫਿਰਕਾਪ੍ਰਸਤੀ ਆਧਾਰਿਤ ਵੱਖਰੀਆਂ ਵੱਖਰੀਆਂ ਲਹਿਰਾਂ ਚਲਾਉਣ ਦੀ ਕੋਸ਼ਿਸ਼ ਨੂੰ ਖੁੱਲ੍ਹ ਦਿੱਤੀ ਗਈ। ਨਤੀਜੇ ਵਜੋਂ ਧਰਮ ਦੇ ਅਧਾਰ ਉੱਪਰ 1905 ਵਿੱਚ ਬੰਗਾਲ ਦੀ ਵੰਡ ਕਰਨ ਦਾ ਸਾਂਝੇ ਤੌਰ ’ਤੇ ਵਿਰੋਧ ਕਰਨ ਵਾਲੇ ਹਿੰਦੂ ਅਤੇ ਮੁਸਲਮਾਨ ਫਿਰਕੂ ਅਧਾਰ ’ਤੇ ਧੜੇ ਬਣਾਉਣ ਲੱਗ ਪਏ। ਬਰਤਾਨਵੀ ਹੁਕਮਰਾਨਾਂ ਅਤੇ ਉਹਨਾਂ ਦੇ ਪਿੱਠੂਆਂ ਵੱਲੋਂ ਫੈਲਾਏ ਫਿਰਕਾਪ੍ਰਸਤ ਦੇ ਜ਼ਹਿਰ ਕਾਰਨ ਭਾਰਤ ਦੀ ਆਜ਼ਾਦੀ ਦਾ ਜਸ਼ਨ ਭੋਲੇਭਾਲੇ, ਨਿਰਦੋਸ਼ ਅਤੇ ਮਾਸੂਮ ਲੋਕਾਂ ਲਈ ਭਿਆਨਕ ਤ੍ਰਾਸਦੀ ਬਣ ਗਿਆ।
ਦੇਸ਼ ਦੀ ਵੰਡ ਕੀਤੀ ਗਈ ਅਤੇ 1947 ਵਿੱਚ ਕਈ ਮਹੀਨੇ ਫਿਰਕਾਪ੍ਰਸਤਾਂ ਵੱਲੋਂ ਭਾਰਤੀਆਂ ਦੇ ਖੂਨ ਦੀ ਹੋਲੀ ਖੇਡੀ ਜਾਂਦੀ ਰਹੀ। ਫਿਰਕੂ ਵੰਡ ਦੇ ਅਧਾਰ ’ਤੇ ਅਬਾਦੀ ਦੇ ਤਬਾਦਲੇ ਸਮੇਂ ਲੱਖਾਂ ਲੋਕਾਂ ਨੂੰ ਆਪਣੀਆਂ ਜਾਨਾਂ, ਇੱਜ਼ਤਾਂ ਅਤੇ ਜਾਇਦਾਦ ਤੋਂ ਹੱਥ ਧੋਣੇ ਪਏ। ਆਜ਼ਾਦੀ ਅੰਦੋਲਨ ਅਤੇ ਫਿਰਕੂ ਸਦਭਾਵਨਾ ਦੇ ਮਹਾਨ ਨਾਇਕ ਮਹਾਤਮਾ ਗਾਂਧੀ ਨੂੰ ਹਿੰਦੂ ਫਿਰਕਾਪ੍ਰਸਤੀ ਤੋਂ ਪ੍ਰਭਾਵਿਤ ਨੱਥੂਰਾਮ ਨੇ ਸ਼ਹੀਦ ਕਰ ਦਿੱਤਾ।
ਜਾਤ ਪਾਤ ਵਿੱਚ ਵੰਡੇ ਭਾਰਤੀ ਸਮਾਜ ਨੂੰ ਫਿਰਕਾਪ੍ਰਸਤੀ ਨੇ ਹੋਰ ਵੀ ਕਮਜ਼ੋਰ ਕਰ ਦਿੱਤਾ। ਇਹ ਹੀ ਕਾਰਨ ਸੀ ਕਿ ਜੂਨ 1947 ਵਿੱਚ ਬਰਤਾਨੀਆ ਦੀ ਲੇਬਰ ਪਾਰਟੀ ਦੀ ਕਾਨਫਰੰਸ ਵਿੱਚ ਵਿਦੇਸ਼ ਸਕੱਤਰ ਅਰਨੈਸਟ ਬੇਬਿਨ ਨੇ ਬੜੇ ਜੋਸ਼ ਨਾਲ ਆਖਿਆ ਸੀ ਕਿ ਭਾਰਤੀ ਵੰਡ ਨਾਲ ਇਹ ਖਿੱਤਾ ਸਾਡੇ ਹੱਥੋਂ ਨਹੀਂ ਜਾਣ ਲੱਗਾ, ਸਗੋਂ ਪੂਰੇ ਮਿਡਲ ਈਸਟ ਵਿੱਚ ਬਰਤਾਨੀਆ ਹਕੂਮਤ ਹੋਰ ਵੀ ਮਜ਼ਬੂਤ ਹੋ ਜਾਵੇਗੀ।
ਬਰਤਾਨਵੀ ਸਾਮਰਾਜ ਤੋਂ ਆਜ਼ਾਦੀ ਹਾਸਲ ਕਰਨਾ, ਦੇਸ਼ ਦੇ ਵੱਖੋ ਵੱਖ ਭਾਗਾਂ ਨੂੰ ਇੱਕ ਲੜੀ ਵਿੱਚ ਪਰੋਣਾ ਅਤੇ ਅੰਗਰੇਜ਼ੀ ਪਨਾਹ ਹੇਠ ਰਾਜਿਆਂ ਨੂੰ ਇਸ ਮਹਾਨ ਦੇਸ਼ ਦੇ ਹਿੱਸੇ ਵਜੋਂ ਨਾਲ ਜੋੜਨਾ ਭਾਵੇਂ ਬਹੁਤ ਹੀ ਔਕੜਾਂ ਭਰਿਆ ਅਤੇ ਕੁਰਬਾਨੀਆਂ ਦੀ ਮੰਗ ਕਰਦਾ ਵੱਡਾ ਨਿਸ਼ਾਨਾ ਸੀ ਪ੍ਰੰਤੂ ਦੇਸ਼ ਅੰਦਰਲੀ ਭੂਗੋਲਿਕ, ਆਰਥਿਕ ਵਿਕਾਸ, ਸੱਭਿਆਚਾਰ, ਭਾਸ਼ਾ, ਬੋਲੀ, ਧਰਮ, ਜਾਤ ਪਾਤ, ਰਸਮਾਂ-ਰਿਵਾਜ਼ਾਂ ਆਦਿ ਦੀਆਂ ਭਿੰਨਤਾਵਾਂ ਦੇ ਸਨਮੁਖ ਇੱਕ ਭਾਰਤੀ ਭਾਈਚਾਰਾ ਕਾਇਮ ਕਰਨਾ ਉਸ ਤੋਂ ਕਿਤੇ ਵੱਧ ਔਖਾ ਅਤੇ ਪੇਚੀਦਾ ਕੰਮ ਸੀ ਅਤੇ ਹੈ।
ਦੇਸ਼ ਪ੍ਰੇਮ ਅਤੇ ਇਨਸਾਨੀਅਤ ਨਾਲ ਓਤ-ਪੋਤ ਹੋਏ ਸਾਡੇ ਦੇਸ਼ ਦੇ ਆਜ਼ਾਦੀ ਘੁਲਾਟੀਆਂ ਅਤੇ ਸੰਵਿਧਾਨ ਘੜਨ ਵਾਲੇ ਬੁੱਧੀਜੀਵੀਆਂ ਨੂੰ ਸ਼ਾਇਦ ਇਹ ਭਰਮ ਸੀ ਕਿ ਦੇਸ਼ ਅੰਦਰ ਫਿਰਕਾਪ੍ਰਸਤੀ ਦਾ ਜ਼ਹਿਰ ਬਰਤਾਨਵੀ ਸਾਮਰਾਜ ਦੀ ਸਾਜ਼ਿਸ਼ ਕਾਰਨ ਹੀ ਫੈਲਿਆ ਹੈ, ਆਜ਼ਾਦੀ ਮਿਲਣ ਤੋਂ ਬਾਅਦ ਇਸ ਉੱਪਰ ਕਾਬੂ ਪੈ ਜਾਵੇਗਾ। ਦੇਸ਼ ਦੇ ਵਿੱਚ ਇੱਕ ਰਾਸ਼ਟਰੀ ਭਾਵਨਾ ਨੂੰ ਪੈਦਾ ਕਰਨ ਲਈ ਸਹਿਜੇ ਕਦਮਾਂ ਨਾਲ ਵਧਿਆ ਜਾ ਸਕਦਾ ਹੈ। ਸ਼ਾਇਦ ਇਸੇ ਕਾਰਨ ਦੇਸ਼ ਅੰਦਰ ਫਿਰਕੂ ਸਦਭਾਵਨਾ ਨੂੰ ਕਾਇਮ ਕਰਨਾ, ਵਧਾਉਣਾ ਅਤੇ ਲੋਕਾਂ ਵਿੱਚ ਵਿਗਿਆਨਕ ਵਿਚਾਰਧਾਰਾ ਪੈਦਾ ਕਰਨਾ ਆਦਿ ਨੂੰ ਸਿੱਧੇ ਤੌਰ ’ਤੇ ਸਰਕਾਰ ਦੀ ਜ਼ਿੰਮੇਵਾਰੀ ਤੋਂ ਹਟਾ ਕੇ ਨਾਗਰਿਕਾਂ ਦੇ ਮੁੱਖ ਕਰਤੱਵਾਂ ਵਿੱਚ ਸ਼ਾਮਲ ਕੀਤਾ ਗਿਆ ਹੈ। ਸੰਵਿਧਾਨ ਦੇ ਅਨੁਛੇਦ 51-ਏ, (ਭਾਗ ਈ ਅਤੇ ਐੱਫ) ਅਨੁਸਾਰ ਹਰ ਭਾਰਤੀ ਦਾ ਫਰਜ਼ ਹੈ ਕਿ ਉਹ ਆਪਣੇ ਧਰਮ, ਭਾਸ਼ਾ, ਇਲਾਕੇ ਜਾਂ ਹੋਰ ਤਬਕੇ ਆਦਿ ਅਧਾਰਿਤ ਵੱਖਰੇਵਿਆਂ ਨੂੰ ਇੱਕ ਪਾਸੇ ਰੱਖਦੇ ਹੋਏ ਦੇਸ਼ ਅੰਦਰ ਸਮਾਜਿਕ ਭਾਈਚਾਰੇ ਅਤੇ ਏਕਤਾ ਦੀ ਭਾਵਨਾ ਨੂੰ ਮਜ਼ਬੂਤ ਕਰੇ। ਉਹ ਔਰਤਾਂ ਦੀ ਸ਼ਾਨ ਅਤੇ ਭਾਰਤ ਦੇ ਸਾਂਝੇ ਵਿਰਸੇ ਵਾਲੇ ਸੱਭਿਆਚਾਰ ਦੀ ਰਾਖੀ ਕਰਨ। (ਪਰ ਪਤਾ ਨਹੀਂ ਸੀ ਕਿ ਸਮਾਂ ਬੀਤਣ ਨਾਲ ਅਨੇਕਾਂ ਰਾਜਨੀਤਿਕ ਆਗੂ ਅਤੇ ਮੀਡੀਆ ਚਲਾਉਣ ਵਾਲੇ ਲੋਕ ਆਪਣੇ ਆਪ ਨੂੰ ਨਾਗਰਿਕ ਨਹੀਂ ਸਗੋਂ ਦੇਸ਼ ਅੰਦਰ ਫਿਰਕਾਪ੍ਰਸਤੀ ਦਾ ਡੌਰੂ ਵਜਾਉਣ ਵਾਲੇ ਮਦਾਰੀ ਬਣ ਜਾਣਗੇ)
ਆਜ਼ਾਦੀ ਦੇ 75 ਸਾਲ ਪੂਰੇ ਹੋਣ ਬਾਅਦ ਵੀ ਦੇਸ਼ ਦੇ ਨਾਗਰਿਕਾਂ ਦਰਮਿਆਨ ਭਾਰਤੀ ਹੋਣ ਦੀ ਸਾਂਝੀ ਭਾਵਨਾ ਪ੍ਰਫੁੱਲਤ ਹੋਣ ਦੀ ਬਜਾਏ ਹੋਰ ਵੀ ਨਿਘਾਰ ਵਾਲੇ ਪਾਸੇ ਨੂੰ ਚਲੀ ਗਈ ਹੈ। ਬਚਪਨ ਤੋਂ ਲੈ ਕੇ ਸਾਡੇ ਮਨਾਂ ਵਿੱਚ ਧਾਰਮਿਕ ਅਸੂਲਾਂ ਅਤੇ ਵਿਅਕਤੀਆਂ ਬਾਰੇ ਬਹੁਤ ਹੀ ਸਤਕਾਰਯੋਗ ਤਸਵੀਰ ਉੱਭਰਦੀ ਰਹੀ ਹੈ। ਅਨੇਕਾਂ ਲੋਕਾਂ ਨੇ ਧਰੂ ਭਗਤ, ਜੈਨ ਮਹਾਵੀਰ, ਮਹਾਤਮਾ ਬੁੱਧ, ਭਗਤ ਕਬੀਰ, ਗੁਰੂ ਨਾਨਕ ਦੇਵ ਜੀ ਅਤੇ ਵਿਵੇਕਾਨੰਦ ਆਦਿ ਬਾਰੇ ਜੋ ਪੜ੍ਹਿਆ ਸੁਣਿਆ ਸੀ, ਉਸ ਵਿੱਚੋਂ ਤਾਂ ਦੂਜਿਆਂ ਦੀ ਭਲਾਈ, ਆਪਸੀ ਪਿਆਰ, ਸੇਵਾ ਦੀ ਭਾਵਨਾ ਅਤੇ ਆਪਣੇ ਆਪ ਨੂੰ ਹੰਕਾਰ ਰਹਿਤ ਕਰਨ ਦੀ ਸਮਝ ਆਉਂਦੀ ਸੀ। ਇਹੋ ਭਾਵਨਾ ਸਾਡੇ ਮਨਾਂ ਅੰਦਰ ਈਸਾ ਮਸੀਹ ਦੀ ਤਸਵੀਰ ਵੇਖਿਆਂ ਪੈਦਾ ਹੁੰਦੀ ਸੀ। ਇੰਜ ਹੀ ਕਾਬਲੀ ਵਾਲੇ ਦੀਆਂ ਕਹਾਣੀਆਂ ਪੜ੍ਹਨ ਸਮੇਂ ਮੁਹੰਮਦ ਸਾਹਿਬ ਬਾਰੇ ਮਨਾਂ ਵਿੱਚ ਸਤਕਾਰ ਬਣਨ ਲੱਗ ਪੈਂਦਾ ਸੀ। ਪ੍ਰੰਤੂ ਇਹ ਵੀ ਸੱਚ ਹੈ ਕਿ ਸਾਡੇ ਸਮਾਜ ਵਿੱਚ ਸਾਡਾ ਧਰਮ ਅਤੇ ਜਾਤ ਸਾਡੇ ਜਨਮ ਤੋਂ ਹੀ ਤੈਅ ਹੋ ਜਾਂਦੇ ਹਨ। ਹਿੰਦੂਆਂ ਦੇ ਘਰ ਜਨਮ ਲੈਣ ਵਾਲੇ ਵਿਅਕਤੀ ਨੇ ਜੇਕਰ ਕਿਸੇ ਵੀ ਹਿੰਦੂ ਗ੍ਰੰਥ ਦੇ ਇੱਕ ਵੀ ਸਲੋਕ ਨੂੰ ਪੜ੍ਹਿਆ ਜਾਂ ਸੁਣਿਆ ਨਾ ਵੀ ਹੋਵੇ ਤਾਂ ਵੀ ਉਹ ਜਨਮ ਤੋਂ ਹਿੰਦੂ ਹੋ ਜਾਂਦਾ ਹੈ। ਜਿਸਦਾ ਬ੍ਰਾਹਮਣ ਘਰ ਵਿੱਚ ਜਨਮ ਹੋ ਗਿਆ ਤਾਂ ਉਸ ਦੀ ਜਾਤ ਬ੍ਰਾਹਮਣ ਹੋ ਜਾਂਦੀ ਹੈ, ਬੇਸ਼ਕ ਉਸ ਨੂੰ ਮੰਦਰ ਜਾਣ ਅਤੇ ਪੂਜਾ-ਪਾਠ ਦੀ ਇੱਕ ਵੀ ਰਿਵਾਇਤ ਦਾ ਪਤਾ ਨਾ ਹੋਵੇ। ਇੰਝ ਹੀ ਜੇਕਰ ਕੁਰਾਨ ਦੀ ਇੱਕ ਵੀ ਆਇਤ ਪੜ੍ਹੀ ਸੁਣੀ ਜਾਂ ਯਾਦ ਨਾ ਹੋਵੇ ਤਾਂ ਵੀ ਮੁਸਲਮਾਨਾਂ ਦੇ ਘਰ ਜਨਮ ਲੈਣ ਵਾਲਾ ਬੰਦਾ ਮੁਸਲਮਾਨ ਬਣ ਜਾਂਦਾ ਹੈ। ਇਹੀ ਹਾਲ ਬਾਕੀ ਧਰਮਾਂ ਦੇ ਵਿੱਚ ਸਾਨੂੰ ਦਿਖਾਈ ਦਿੰਦਾ ਹੈ। ਇਸ ਲਈ ਸਾਡੇ ਭਾਰਤ ਵਰਗੇ ਦੇਸ਼ ਅੰਦਰ ਧਾਰਮਿਕ ਤੌਰ ’ਤੇ ਜਨੂੰਨੀ ਅਤੇ ਅੰਧ ਭਗਤ ਪੈਦਾ ਕਰਨੇ ਕੋਈ ਔਖਾ ਕੰਮ ਨਹੀਂ ਹੈ।
ਹੁਣ ਜਦੋਂ ਰਾਮ ਨੌਮੀ ਅਤੇ ਈਦ ਵਰਗੇ ਤਿਉਹਾਰ ਆਉਂਦੇ ਹਨ ਤਾਂ ਫਿਰਕਾਪ੍ਰਸਤੀ, ਹਿੰਸਾ ਨਾਲ ਗੜੁੱਚ ਨਾਅਰੇ ਅਤੇ ਭਾਸ਼ਣ, ਚਲਾਕੀ ਨਾਲ ਤੈਅ ਕੀਤੇ ਰਾਜਨੀਤਿਕ ਏਜੰਡੇ ਅਤੇ ਮੀਡੀਆ ਵੱਲੋਂ ਚਲਾਈਆਂ ਗਈਆਂ ਬਹਿਸਾਂ ਨਾਲ ਜ਼ਹਿਰ ਭਿਜਿਆ ਵਾਤਾਵਰਣ ਸਾਡੇ ਸਾਹਮਣੇ ਪੇਸ਼ ਕੀਤਾ ਜਾਂਦਾ ਹੈ। ਆਮ ਲੋਕਾਂ ਨੂੰ ਸਮਝਾਉਣ ਅਤੇ ਸਿੱਧੇ ਰਸਤੇ ਪਾਉਣ ਦੀ ਬਜਾਏ ਅਜੋਕੇ ਸਮੇਂ ਦੇ ਹਕੂਮਤੀ ਗਲਿਆਰੇ ਵਿੱਚ ਬੈਠੇ ਅਨੇਕ ਰਾਜਨੀਤਿਕ ਲੀਡਰ ਜਿਨ੍ਹਾਂ ਨੇ ਸੰਵਿਧਾਨ ਅਨੁਸਾਰ ਚੱਲਣ ਦੀ ਕਸਮ ਖਾਧੀ ਸੀ ਅਤੇ ਮੀਡੀਆ ਚਲਾਉਣ ਵਾਲੇ ਜੋ ਆਪਣੇ ਆਪ ਨੂੰ ਇਨਸਾਨੀਅਤ ਦੇ ਰਖਵਾਲੇ ਦੱਸ ਰਹੇ ਹਨ, ਉਹ ਨਫਰਤ ਭਰੇ ਭਾਸ਼ਣਾਂ, ਇੱਕ ਦੂਜੇ ਨੂੰ ਚੁੱਭਣ ਅਤੇ ਉਕਸਾਉਣ ਵਾਲੇ ਪ੍ਰਗਟਾਵੇ ਕਰਨ ਨਾਲ ਦੂਜਿਆਂ ਪ੍ਰਤੀ ਨਫਰਤ ਪੈਦਾ ਕਰਨ ਲਗਦੇ ਹਨ। ਇਹ ਧਾਰਮਿਕ ਨਹੀਂ ਸਗੋਂ ਕੋਈ ਸ਼ੈਤਾਨੀ ਟੋਲਾ ਹੈ ਜੋ ਇਸ ਦੇਸ਼ ਨੂੰ ਮੁੜ ਪਾੜਨ ਅਤੇ ਇਨਸਾਨੀਅਤ ਦਾ ਘਾਣ ਕਰਨ ਵੱਲ ਤੁਰਿਆ ਹੋਇਆ ਹੈ।
ਘੋਖਵੀਂ ਝਾਤ ਮਾਰਿਆਂ ਇਹ ਸਪਸ਼ਟ ਹੋ ਜਾਂਦਾ ਹੈ ਕਿ ਇਹ ਸਾਰਾ ਵਾਤਾਵਰਣ ਦੇਸ਼ ਅੰਦਰ ਏਕਾ-ਅਧਿਕਾਰਵਾਦੀ ਅਤੇ ਫਾਸ਼ੀਵਾਦ ਢੰਗ ਦੀ ਹਕੂਮਤ ਨੂੰ ਸਥਾਪਿਤ ਕਰਨ ਲਈ ਕੀਤੀ ਗਈ ਸੋਚੀ ਸਮਝੀ ਰਣਨੀਤੀ ਦੇ ਹੇਠ ਹੋ ਰਿਹਾ ਹੈ। ਰਾਜ ਸੱਤਾ ’ਤੇ ਕਾਬਜ਼ ਬੀ ਜੇ ਪੀ ਦੀਆਂ ਨੀਤੀਆਂ ਦੇਸ਼ ਅੰਦਰ ਫਿਰਕੂ ਮਾਹੌਲ ਨੂੰ ਵਿਗਾੜਨ ਵਲ ਲੈ ਜਾਣ ਲਈ ਮੁੱਖ ਕਾਰਕ ਬਣਦੀਆਂ ਜਾ ਰਹੀਆਂ ਹਨ। ਬਹੁਤ ਸਾਰੇ ਆਗੂ ਜਦੋਂ ਮੂੰਹ ਖੋਲ੍ਹਦੇ ਹਨ ਤਾਂ ਉਹਨਾਂ ਅੰਦਰੋਂ ਸਮਾਜਿਕ ਵਾਤਾਵਰਣ ਨੂੰ ਖਰਾਬ ਕਰਨ ਵਾਲੀ ਫਿਰਕਾਪ੍ਰਸਤ ਨਫਰਤ ਦੇ ਅੰਗਿਆਰੇ ਵਰਸਦੇ ਹਨ। ਦੂਜੇ ਧਰਮਾਂ, ਖਾਸ ਕਰਕੇ ਮੁਸਲਮਾਨ ਧਰਮ ਨੂੰ ਮੰਨਣ ਵਾਲੇ ਆਗੂ ਪ੍ਰਤੀਕਰਮ ਦਿੰਦੇ ਹੋਏ ਇਸ ਵਾਤਾਵਰਣ ਨੂੰ ਹੋਰ ਜ਼ਿਆਦਾ ਵਿਗਾੜ ਰਹੇ ਹਨ।
ਭਾਰਤੀ ਆਜ਼ਾਦੀ ਦੇ ਸੰਘਰਸ਼ ਨੇ ਭਾਈਚਾਰਕ ਸਾਂਝ ਦੇ ਅਧਾਰ ਨੂੰ ਵਿਸਥਾਰਨ ਅਤੇ ਉਭਾਰਨ ਵਿੱਚ ਬਹੁਤ ਵੱਡਾ ਯੋਗਦਾਨ ਪਾਇਆ ਸੀ। ਬਰਾਬਰੀ ਅਤੇ ਭਾਈਚਾਰੇ ਦੀ ਭਾਵਨਾ ਤੋਂ ਸੱਖਣੇ ਸਮਾਜ ਵਿੱਚ ਲੋਕਤੰਤਰ ਮਹਿਜ਼ ਇੱਕ ਅਰਥਹੀਣ ਵਿਖਾਵਾ ਬਣ ਕੇ ਰਹਿ ਜਾਵੇਗਾ। ਇਸੇ ਲਈ ਭਾਰਤ ਦੇ ਸੰਵਿਧਾਨ ਘਾੜਿਆਂ ਨੇ ਸੰਵਿਧਾਨ ਦੀ ਪ੍ਰਸਤਾਵਨਾ ਵਿੱਚ ਦਰਜ ਕੀਤੇ ਮੁੱਖ ਨਿਸ਼ਾਨਿਆਂ ਇਨਸਾਫ, ਆਜ਼ਾਦੀ ਅਤੇ ਬਰਾਬਰੀ ਦਾ ਅਸਲੀ ਮਕਸਦ ਭਾਰਤੀਆਂ ਨੂੰ ਇੱਕ ਭਾਈਚਾਰੇ ਵਜੋਂ ਸਥਾਪਿਤ ਕਰਨਾ ਮਿਥਿਆ ਸੀ।
ਯੂ ਐੱਨ ਓ ਵਿੱਚ ਵੀ ਮਨੁੱਖੀ ਅਧਿਕਾਰਾਂ ਸੰਬੰਧੀ ਅਪਣਾਏ ਗਏ ਅਸੂਲਾਂ ਵਿੱਚ ਇਹ ਦਰਜ ਹੈ ਕਿ ਸਭ ਵਿਅਕਤੀ ਆਪਣੇ ਜਨਮ ਤੋਂ ਆਜ਼ਾਦ ਹਨ ਅਤੇ ਸਭ ਦੀ ਇੱਜ਼ਤ ਅਤੇ ਅਧਿਕਾਰ ਬਰਾਬਰ ਹੁੰਦੇ ਹਨ। ਸਭਨਾਂ ਦੇ ਪਾਸ ਸੋਚਣ ਦੀ ਸ਼ਕਤੀ ਹੈ ਅਤੇ ਉਹਨਾਂ ਦੀ ਆਤਮਾ ਵਿੱਚ ਦੂਜੇ ਇਨਸਾਨਾਂ ਪ੍ਰਤੀ ਇੱਕ ਭਰਾਤਰੀ ਭਾਵ ਵੀ ਹੁੰਦਾ ਹੈ।
ਭਾਰਤ ਅੰਦਰ ਅਨੇਕਾਂ ਹੀ ਰਾਜਨੀਤਿਕ ਨਫਰਤ ਅਤੇ ਹਿੰਸਾ ਫੈਲਾਉਣ ਵਾਲੇ ਆਗੂਆਂ ਦੇ ਬੋਲਬਾਲੇ ਦੇ ਸਨਮੁਖ, ਮੀਡੀਆ ਦੇ ਵੱਡੇ ਹਿੱਸੇ ਵੱਲੋਂ ਦੇਸ਼ ਅੰਦਰ ਦੁਰਭਾਵਨਾ ਫੈਲਾਏ ਜਾਣ ਨੂੰ ਧਿਆਨ ਵਿੱਚ ਰੱਖਦੇ ਹੋਏ ਅਤੇ ਅੰਤਰਰਾਸ਼ਟਰੀ ਤੌਰ ’ਤੇ ਇਨਸਾਨੀਅਤ ਬਾਰੇ ਸਮਝ ਨੂੰ ਸਨਮੁਖ ਅੱਜ ਸਾਡੇ ਦੇਸ਼ ਦੇ ਆਮ ਲੋਕਾਂ, ਅਗਾਂਹ ਵਧੂ ਬੁੱਧੀਜੀਵੀਆਂ ਅਤੇ ਸਿਵਲ ਸੋਸਾਇਟੀ ਨੂੰ ਚਲਾਉਣ ਵਾਲੇ ਲੋਕਾਂ ਸਾਹਮਣੇ ਦੇਸ਼ ਦੀ ਏਕਤਾ, ਅਖੰਡਤਾ ਇਨਸਾਨੀਅਤ ਅਤੇ ਭਾਈਚਾਰੇ ਨੂੰ ਬਚਾਉਣ ਦੀ ਵੱਡੀ ਜ਼ਿੰਮੇਵਾਰੀ ਬਣ ਗਈ ਹੈ। ਜੇਕਰ ਉਹ ਹੁਣ ਅਵੇਸਲੇ ਬਣੇ ਰਹੇ ਤਾਂ ਦੇਸ਼ ਅੰਦਰ ਕੀ ਕੁਝ ਵਾਪਰ ਸਕਦਾ ਹੈ, ਉਸਦਾ ਅੰਦਾਜ਼ਾ ਵੀ ਨਹੀਂ ਲਗਾਇਆ ਜਾ ਸਕਦਾ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)
ਸਰੋਕਾਰ ਨਾਲ ਸੰਪਰਕ ਲਈ: (This email address is being protected from spambots. You need JavaScript enabled to view it.om)