SurjitBhagat8ਉਹ ਅੱਧੇ ਘੰਟੇ ਦੀ ਬਜਾਇ ਪੰਦਰਾਂ ਵੀਹਾਂ ਮਿੰਟਾਂ ਵਿੱਚ ਉੱਥੇ ਆਣ ਪੁੱਜਾ। ਮਿਥੀ ਜਗ੍ਹਾ ’ਤੇ ਜਦੋਂ ਮੈਂ ...”
(29 ਜੁਲਾਈ 2021)

 

ਸੁਰਜੀਤ ਭਗਤ

SurjitBhagat4

ਦੋ ਅਪਰੈਲ 1962 --- 29 ਮਾਰਚ 2025

ਸੁਰਜੀਤ ਭਗਤ ਜੀ ਨੂੰ ਉਨ੍ਹਾਂ ਦੇ ਮੋਤੀਆਂ ਵਰਗੇ ਸ਼ਬਦਾਂ ਰਾਹੀਂ ਯਾਦ ਕਰਦਿਆਂ ...

ਬੈਂਕ ਵਿੱਚੋਂ ਬਾਹਰ ਨਿਕਲ ਕੇ ਮੋਟਰਸਾਈਕਲ ਸਟਾਰਟ ਕਰਨ ਹੀ ਲੱਗਾ ਸਾਂ ਕਿ ਥੱਲੇ ਪਿਆ ਇੱਕ ਮੋਬਾਇਲ ਨਜ਼ਰੀਂ ਪਿਆ। ਇਹ ਉਨ੍ਹਾਂ ਦਿਨਾਂ ਦੀ ਗੱਲ ਹੈ ਜਦੋਂ ਅਜੇ ਮੋਬਾਇਲ ਫੋਨਾਂ ਦਾ ਅੱਜ ਵਾਂਗ ਘੜਮੱਸ ਨਹੀਂ ਸੀ ਪਿਆ। ਉਦੋਂ ਮੋਬਾਇਲ ਫੋਨ ਕਮੀਜ਼ ਦੀ ਮੋਹਰਲੀ ਜੇਬ ਵਿੱਚ ਹੋਣਾ ਇੱਕ ਰੁਤਬਾ ਮੰਨਿਆ ਜਾਂਦਾ ਸੀ। ਖੈਰ, ਫੋਨ ਮੈਂ ਚੁੱਕ ਲਿਆ ਤੇ ਇਸ ਤੋਂ ਕੀਤੀ ਗਈ ਆਖਰੀ ਕਾਲ ਬਾਰੇ ਪਤਾ ਕਰਨ ਦਾ ਯਤਨ ਕਰਨ ਲੱਗਾ ਤਾਂ ਕਿ ਇਸ ’ਤੇ ਦੁਬਾਰਾ ਫੋਨ ਕਰਕੇ ਇਸਦੇ ਮਾਲਕ ਦਾ ਪਤਾ ਲਗਾਇਆ ਜਾ ਸਕੇ। ਸਿੰਮ ਬਾਹਰ ਕੱਢ ਕੇ ਸੁੱਟ ਦੇਣ ਬਾਰੇ ਤਾਂ ਮੈਂ ਬਿਲਕੁਲ ਹੀ ਨਹੀਂ ਸੀ ਸੋਚਿਆ। ਸਗੋਂ ਮੈਂ ਇਸਦੇ ਅਸਲੀ ਮਾਲਕ ਤਕ ਹੀ ਇਸ ਨੂੰ ਪਹੁੰਚਾਉਣ ਦਾ ਪ੍ਰਬਲ ਖਾਹਿਸ਼ਮੰਦ ਸਾਂ। ਲੱਖ ਕੋਸ਼ਿਸ਼ ਕਰਨ ’ਤੇ ਵੀ ਵਾਪਸੀ ਕਾਲ ਨਾ ਹੋ ਸਕੀ। ਫੋਨ ’ਤੇ ਕਿਸੇ ਪਾਸਿਓਂ ਆਉਣ ਵਾਲੀ ਕਾਲ ਦਾ ਇੰਤਜ਼ਾਰ ਕਰਨ ਤੋਂ ਇਲਾਵਾ ਹੋਰ ਕੋਈ ਚਾਰਾ ਬਾਕੀ ਨਹੀਂ ਸੀ ਰਹਿ ਗਿਆ।

ਕੋਈ ਪੌਣੇ ਕੁ ਘੰਟੇ ਬਾਅਦ ਫੋਨ ਦੀ ਘੰਟੀ ਵੱਜੀ। ਮੈਂ ਚੁੱਕਿਆ ਤਾਂ ਇੱਕ ਰੋਅਬਦਾਰ ਅਵਾਜ਼ ਮੇਰੇ ਕੰਨੀ ਪਈ, “ਕੌਣ ਬੋਲਦੈਂ?”

ਫੋਨ ਕਰਨ ਵਾਲੇ ਦੇ ਪੁੱਛਣ ਦਾ ਲਹਿਜ਼ਾ ਕਾਫੀ ਰੁੱਖਾ ਸੀ।

ਮੈਂ ਜੀ …” ਆਪਣਾ ਨਾਮ ਦੱਸਿਆ।

ਤੈਨੂੰ ਪਤੈ ਇਹ ਫੋਨ ਕੀਹਦਾ?” ਆਵਾਜ਼ ਰੁੱਖੇਪਨ ਤੋਂ ਦਾਬੇ ਵਿੱਚ ਬਦਲ ਗਈ।

ਜੀ ਤੁਹਾਡਾ ਹੀ ਹੋਣਾ ਹੈ, ਜੋ ਕਹਿ ਰਹੇ ਹੋ।” ਮੈਂ ਸਹਿਜ ਹੀ ਸਾਂ।

ਮੈਂ … ਦੇ ਪੁਲ ਤੋਂ ਥਾਣੇਦਾਰ ... ਸਿੰਘ ਬੋਲਦਾਂ।” ਬੋਲਾਂ ਤੋਂ ਪੁਲਸੀਆ ਸੁਭਾਅ ਮਹਿਸੂਸ ਹੋਣਾ ਸ਼ੁਰੂ ਹੋ ਗਿਆ।

ਦੱਸੋ ਜੀ ਫਿਰ ਮੇਰੇ ਲਾਇਕ ਕੋਈ ਸੇਵਾ?ਮੈਂ ਅਜੇ ਵੀ ਅਰਾਮ ਨਾਲ ਉੱਤਰ ਦੇ ਰਿਹਾ ਸਾਂ।

ਇਹ ਮੇਰਾ ਫੋਨ ਆ।” ਉਹ ਅਜੇ ਵੀ ਉਸੇ ਲਹਿਜ਼ੇ ਵਿੱਚ ਹੀ ਬੋਲ ਰਿਹਾ ਸੀ।

ਮੈਂ ਤਾਂ ਜਨਾਬ ਇਹ ਕਿਹਾ ਹੀ ਨਹੀਂ ਕਿ ਇਹ ਫੋਨ ਮੇਰਾ ਆ।” ਮੈਂ ਇਹ ਤਾੜ ਗਿਆ ਸਾਂ ਕਿ ਉਹ ਸ਼ਾਇਦ ਇਹ ਚਾਹੁੰਦਾ ਸੀ ਕਿ ਉਸਦਾ ਫੋਨ ਮੈਂ ਉੱਥੇ ਜਾ ਕੇ, ਜਿੱਥੇ ਉਹ ਇਸ ਵਕਤ ਖੜ੍ਹਾ ਸੀ, ਦੇ ਕੇ ਆਵਾਂ। ਮੈਂ ਬਿਨਾਂ ਡਰੇ, ਬਿਨਾਂ ਘਬਰਾਏ ਕਿਹਾ, “ਜਨਾਬ ਤੁਸੀਂ ਤਾਂ ਆਲ੍ਹਾ ਅਫਸਰ ਓ ਪੁਲੀਸ ਦੇ, ਇਹ ਫੋਨ ਜੇਕਰ ਕਿਸੇ ਰਾਜ ਮਿਸਤਰੀ ਨਾਲ ਕੰਮ ਕਰਦੇ ਦਿਹਾੜੀਦਾਰ ਮਜ਼ਦੂਰ ਦਾ ਵੀ ਹੁੰਦਾ ਤਾਂ ਮੈਂ ਉਸ ਨੂੰ ਵੀ ਜਾ ਕੇ ਫੜਾ ਆਉਣਾ ਸੀ।”

ਵਾਹ।” ਉਸਦੇ ਮੂੰਹੋਂ ਨਿਕਲਿਆ। ਸ਼ਾਇਦ ਉਹ ਮੇਰੇ ਤੋਂ ਅਜਿਹੇ ਮੂੰਹ ਫੱਟ ਹੋਣ ਦੀ ਆਸ ਨਹੀਂ ਸੀ ਰੱਖਦਾ।

ਮੈਂ ਅਜੇ ਅੱਧਾ ਪੌਣਾ ਘੰਟਾ ਘਰੇ ਹੀ ਹਾਂ। ਆ ਜੋ ’ਤੇ ਆ ਕੇ ਆਪਣਾ ਫੋਨ ਲੈ ਜੋ, ਨਹੀਂ ਤਾਂ ਬਾਅਦ ਵਿੱਚ ਘਰੋਂ ਆ ਕੇ ਲੈ ਜਾਣਾ। ਮੈਂ ਜਵਾਹਰ ਨਗਰ ਵਿੱਚ ਰਹਿੰਦਾ ਹਾਂ।” ਮੈਂ ਦੱਸਿਆ।

ਕੈਂਪ ’ਚ?” ਕੈਂਪ ਸ਼ਬਦ ਕਹਿ ਕੇ ਉਹ ਕੁਝ ਇੱਦਾਂ ਤ੍ਰਭਕਿਆ ਜਿਵੇਂ ਮੈਂ ਉਸ ਉੱਤੇ ਕੋਈ ਬੰਬ ਸੁੱਟ ਦਿੱਤਾ ਹੋਵੇ। ਇੱਥੇ ਰਹਿਣ ਵਾਲੇ ਲੋਕਾਂ ’ਤੇ ਉਸ ਨੂੰ ਸ਼ਾਇਦ ਬੇਇਤਬਾਰੀ ਸੀ।

1947 ਦੀ ਵੰਡ ਤੋਂ ਬਾਅਦ ਪਾਕਿਸਤਾਨ ਤੋਂ ਆਏ ਗਰੀਬ ਗੁਰਬੇ ਲੋਕਾਂ ਲਈ ਸਮੇਂ ਦੀ ਸਰਕਾਰ ਵੱਲੋਂ ਉਨ੍ਹਾਂ ਨੂੰ ਛੋਟੇ ਛੋਟੇ ‘ਮਡ ਹੱਟ’ ਬਣਾ ਕੇ ਦਿੱਤੇ ਗਏ ਸਨ। ਸਿਤਮਜ਼ਰੀਫ਼ੀ ਦੀ ਗੱਲ ਇਹ ਵੀ ਹੈ ਕਿ ਅਜ਼ਾਦੀ ਦੇ ਸਾਢੇ ਛੇ ਦਹਾਕੇ ਬੀਤ ਜਾਣ ਦੇ ਬਾਵਜੂਦ ਵੀ ਗਰੀਬੀ ਅਤੇ ਅਨਪੜ੍ਹਤਾ ਕਾਰਨ ਇੱਥੇ ਰਹਿਣ ਵਾਲਿਆਂ ਨੂੰ ਬਹੁਤੇ ਚੰਗੇ ਨਹੀਂ ਸਮਝਿਆ ਜਾਂਦਾ ਸੀ।

ਮੈਂ ਇੱਥੇ ਹੀ ਜੰਮਿਆ, ਪਲਿਆ, ਪੜ੍ਹਿਆ ਤੇ ਇੱਥੇ ਹੀ ਰਹਿੰਦਾ ਹਾਂ। ਮੇਰਾ ਨਾਮ ਪੁੱਛ ਕੇ ਫਲਾਣੇ ਥਾਂ ਆ ਜਾਣਾ।” ਮੈਂ ਪੂਰਾ ਸਿਰਨਾਵਾਂ ਸਮਝਾ ਦਿੱਤਾ।

ਪਤਾ ਨਹੀਂ ਉਸ ਨੂੰ ਮੇਰੀਆਂ ਗੱਲਾਂ ’ਤੇ ਕਿੰਨਾ ਕੁ ਇਤਬਾਰ ਸੀ, ਉਹ ਅੱਧੇ ਘੰਟੇ ਦੀ ਬਜਾਇ ਪੰਦਰ੍ਹਾਂ ਵੀਹਾਂ ਮਿੰਟਾਂ ਵਿੱਚ ਉੱਥੇ ਆਣ ਪੁੱਜਾ। ਮਿਥੀ ਜਗ੍ਹਾ ’ਤੇ ਜਦੋਂ ਮੈਂ ਉਸ ਨੂੰ ਮਿਲਕੇ ਉਸਦਾ ਫੋਨ ਉਸਦੇ ਹਵਾਲੇ ਕੀਤਾ ਤਾਂ ਉਸ ਨੂੰ ਜਿਵੇਂ ਯਕੀਨ ਹੀ ਨਹੀਂ ਸੀ ਆ ਰਿਹਾ ਕਿ ਉਹ ‘ਕੈਂਪ’ ਵਿੱਚ ਖੜ੍ਹਾ ਹੈ ਅਤੇ ਇਸ ਇਲਾਕੇ ਦੇ ਇੱਕ ਬਸ਼ਿੰਦੇ ਕੋਲੋਂ ਆਪਣਾ ਡਿਗਿਆ ਹੋਇਆ ਫੋਨ ਵਾਪਸ ਲੈ ਰਿਹਾ ਹੈ। ਮੈਂ ਉਸ ਨੂੰ ਇਹ ਵੀ ਦੱਸਿਆ ਕਿ ਚੰਗੇ ਮੰਦੇ ਬੰਦੇ ਹਰ ਇਲਾਕੇ ਵਿੱਚ ਹੁੰਦੇ ਹਨ, ਪਰ ਗਰੀਬਾਂ ਦੀਆਂ ਸੰਘਣੀਆਂ ਆਬਾਦੀਆਂ ਜ਼ਰਾ ਪਹਿਲਾਂ ਬਦਨਾਮ ਹੋ ਜਾਂਦੀਆਂ ਹਨ ਕਿਉਂਕਿ ਉੱਥੇ ਮਾਡਰਨ ਕਲੌਨੀਆਂ ਵਾਂਗ 500 ਗਜ਼ ਵਿੱਚ 4 ਜਣੇ ਨਹੀਂ ਸਗੋਂ 33 ਗਜ਼ ਵਿੱਚ 7 ਜਣੇ ਰਹਿੰਦੇ ਹਨ। ਜਦੋਂ ਮੈਂ ਇਹ ਦੱਸਿਆ ਕਿ ਸੰਸਾਰ ਭਰ ਵਿੱਚ ਆਪਣੀ ਲੋਕ ਗਾਇਕੀ ਨਾਲ ਨਾਮਣਾ ਖੱਟਣ ਵਾਲੇ ਉਸਤਾਦ ਲਾਲ ਚੰਦ ਯਮਲਾ ਜੱਟ ਨੇ ਵੀ ਸਾਰੀ ਉਮਰ ਸਾਡੇ ਇਸੇ ਇਲਾਕੇ ਵਿੱਚ ਬਿਤਾਈ ਹੈ ਤਾਂ ਉਸ ਦਾ ਚਿਹਰਾ ਵੇਖਣ ਵਾਲਾ ਸੀ।

ਉਹ ਹੁਣ ਆਮ ਸਥਿਤੀ ਵਿੱਚ ਆ ਰਿਹਾ ਸੀ। ਮੈਂ ਉਸ ਨੂੰ ਇਹ ਗੱਲ ਸਮਝਾਉਣ ਵਿੱਚ ਪੂਰੀ ਤਰ੍ਹਾਂ ਕਾਮਯਾਬ ਹੋਇਆ ਸਾਂ ਕਿ ਜ਼ਰੂਰੀ ਨਹੀਂ ਗਰੀਬੀ ਅਤੇ ਅਨਪੜ੍ਹਤਾ ਦਾ ਸਿਰਫ ਚੋਰੀ ਚਕਾਰੀ ਜਾਂ ਬੇਇਮਾਨੀ ਨਾਲ ਹੀ ਨਾਤਾ ਹੋਵੇ। ਚੰਗੇ ਮਾੜੇ ਬੰਦੇ ਤਾਂ ਕਿਤੇ ਵੀ ਹੋ ਸਕਦੇ ਹਨ। ਆਪਣਾ ਫੋਨ ਸਹੀ ਸਲਾਮਤ ਮਿਲਣ ’ਤੇ ਉਹ ਬੇਹੱਦ ਖੁਸ਼ ਸੀ।

ਠੀਕ ਆ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ। ਮੇਰਾ ਨੰਬਰ ਲੈ ਲੋ, ਕਦੇ ਕੋਈ ਸੇਵਾ ਹੋਵੇ ਤਾਂ ਦੱਸਿਆ ਜੇ।” ਹੁਣ ਉਸਦਾ ਲਹਿਜ਼ਾ ਪੂਰੀ ਤਰ੍ਹਾਂ ਬਦਲ ਚੁੱਕਿਆ ਸੀ।

ਤੁਹਾਡੀ ਬੜੀ ਮਿਹਰਬਾਨੀ ਭਾਅ ਜੀ, ਤੁਹਾਡੇ ਨਾਲ ਕੰਮ ਨਾ ਈ ਪਵੇ ਤਾਂ ਚੰਗੈ।” ਮੈਂ ਹਾਸੇ ਹਾਸੇ ਵਿੱਚ ਟਕੋਰ ਲਾਈ ਤਾਂ ਉਸਨੇ ਜਾਣ ਲਈ ਮੋਟਰ ਸਾਈਕਲ ਨੂੰ ਕਿੱਕ ਮਾਰ ਲਈ।

*       *       *       *       *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ)
ਸਰੋਕਾਰ ਨਾਲ ਸੰਪਰਕ ਲਈ: (This email address is being protected from spambots. You need JavaScript enabled to view it.om)

About the Author

ਸੁਰਜੀਤ ਭਗਤ

ਸੁਰਜੀਤ ਭਗਤ

Phone: (91 - 94172 - 07477)
Email: (surjittbhagat@rediffmail.com)