“ਜੇ ਤੌਂ ਸੱਚਾ ਐਂ ਅਰ ਤੈਂ ਨਕਲ ਮਾਰੀਓ ਨੀ, ਤਾਂ ਮਾਸਟਰ ਨੂੰ ਪੇਪਰ ਪੜ੍ਹ ਕੈ ਪਤਾ ਲੱਗ ਜਾਣਾ ...”
(1 ਅਪਰੈਲ 2025)
ਜਦੋਂ ਅਸੀਂ ਸਕੂਲ ਵਿੱਚ ਪੜ੍ਹਦੇ ਸੀ, ਹਰ ਸਾਲ 31 ਮਾਰਚ ਨੂੰ ਹੀ ਨਤੀਜਾ ਨਿਕਲਦਾ ਸੀ। ਹੁਣ ਕੋਈ ਪੱਕੀ ਤਰੀਕ ਨਹੀਂ ਪਰ ਉਦੋਂ ਪਾਸ-ਫੇਲ ਦਾ ਐਲਾਨ 31 ਮਾਰਚ ਨੂੰ ਹੀ ਹੁੰਦਾ। ਇੱਕ ਗੱਲ ਹੋਰ, ਹੁਣ ਤਾਂ ਕੋਈ ਫੇਲ ਹੀ ਨਹੀਂ ਕਰਦਾ, ਜਿਸ ਸਮੇਂ ਦੀ ਮੈਂ ਗੱਲ ਕਰ ਰਿਹਾ ਹਾਂ, ਇਹ 43-44 ਸਾਲ ਪਹਿਲਾਂ ਦੀ ਕਹਾਣੀ ਹੈ। ਉਸ ਸਮੇਂ ਤਾਂ ਪੂਰਾ ਛਾਣਨਾ ਲਾਉਂਦੇ ਸੀ ਮਾਸਟਰ ਨਿਆਣਿਆਂ ਨੂੰ ਫੇਲ ਕਰਨ ਦਾ।
ਜਦੋਂ 31 ਮਾਰਚ ਦੀ ਸਵੇਰ ਆਉਣੀ, ਦਿਲ ਧੜ੍ਹਕਣ ਲੱਗ ਜਾਣਾ ਕਿ ਪਤਾ ਨਹੀਂ ਕੀ ਬਣੂ? ਨਤੀਜੇ ਤੋਂ ਕਈ ਦਿਨ ਪਹਿਲਾਂ ਪੇਪਰ ਮੁੱਕ ਜਾਣੇ। ਘਰਦਿਆਂ ਨੇ ਪੂਰਾ ਲਾਹਾ ਲੈਣਾ। ਖਾਸ ਕਰਕੇ ਪਸ਼ੂਆਂ ਲਈ ਬਰਸੀਮ ਵਢਾਉਣੀ। ਬਰਸੀਮ ਵਿੱਚ ਇੱਕ ਭੂੰਡੀ ਹੁੰਦੀ ਸੀ, ਹੁਣ ਵੀ ਹੁੰਦੀ ਹੈ। ਰੰਗ-ਬਰੰਗੀ ਉਸ ਭੂੰਡੀ ਨੂੰ ਫੜਕੇ ਹੱਥ ਦੀ ਹਥੇਲੀ ਉੱਤੇ ਬਿਠਾ ਕੇ ਅਸੀਂ ਕਹਿਣਾ, ਦੱਸ ਫੇਲ ਕਿ ਪਾਸ? ਜੇ ਭੂੰਡੀ ਨੇ ਉਡ ਜਾਣਾ ਤਾਂ ਮੰਨ ਲੈਣਾ ਕਿ ਪਾਸ ਹੋ ਗਏ। ਕਈ ਵਾਰ ਭੂੰਡੀ ਨੂੰ ਫੜਦੇ ਸਮੇਂ ਉਹ ਉਂਝ ਹੀ ਅੱਧਮਰੀ ਜਿਹੀ ਹੋ ਜਾਂਦੀ, ਬਿਚਾਰੀ ਕੋਲੋਂ ਉਡਿਆ ਨਾ ਜਾਣਾ। ਫਿਰ ਇਵੇਂ ਸੋਚਣਾ ਕਿ ਕਿਧਰੇ ਫੇਲ ਹੀ ਨਾ ਹੋ ਜਾਈਏ। ਮਧੋਲ਼ੀ ਹੋਈ ਭੂੰਡੀ ਛੱਡ ਕੇ ਕੋਈ ਹੋਰ ਭੂੰਡੀ ਫੜਨੀ। ਉਸ ਨੇ ਉਡ ਜਾਣਾ ਤਾਂ ਅਸੀਂ ਖੁਸ਼ ਹੋ ਜਾਣਾ।
ਸਾਡੇ ਪਿੰਡ ਚਿੱਲੇ ਦੇ ਸਾਰੇ ਨਿਆਣੇ ਪਿੰਡ ਵਾਲੇ ਖੇੜੇ ਦੇ ਪਤਾਸੇ ਵੀ ਸੁੱਖ ਲੈਂਦੇ ਸੀ ਕਿ ਜੇ ਪਾਸ ਹੋ ਗਏ ਤਾਂ ਪੰਜ ਰੁਪਏ ਦੇ ਪਤਾਸੇ ਵੰਡਾਂਗੇ। ਰਿਜ਼ਲਟ ਤੋਂ ਬਾਅਦ ਜਿਹੜਾ ਵੀ ਐਤਵਾਰ ਆਉਂਦਾ, ਉਸ ਦਿਨ ਪਹਿਲਾਂ ਡੇਢ ਕਿਲੋਮੀਟਰ ਤੁਰ ਕੇ ਮਨੌਲੀ ਜਾਣਾ ਪਤਾਸੇ ਲੈਣ ਕਿਉਂਕਿ ਸਾਡਾ ਪਿੰਡ ਛੋਟਾ ਜਿਹਾ ਸੀ, ਪਿੰਡ ਵਿੱਚ ਪਤਾਸਿਆਂ ਦੀ ਕੋਈ ਦਕਾਨ ਨਹੀਂ ਸੀ। ਫੇਰ ਸ਼ਾਮ ਨੂੰ ਖੇੜ੍ਹੇ ਉੱਤੇ ਜਾ ਕੇ ਦੀਵਾ ਬਾਲ ਕੇ ਆਉਣਾ, ਨਾਲੇ ਉੱਥੇ ਬੈਠੇ ਲੋਕਾਂ ਨੂੰ ਪਤਾਸੇ ਵੰਡਣੇ। ਸਾਰੇ ਰਾਹ ਵਿੱਚ ਜਿਹੜਾ ਮਿਲਣਾ, ਉਸ ਨੂੰ ਵੀ ਪਤਾਸੇ ਵੰਡਣੇ। ਫਿਰ ਘਰ ਆ ਕੇ ਸਾਰਿਆਂ ਨੂੰ ਵੰਡਣੇ।
ਮੈਨੂੰ ਆਪਣਾ ਨੌਂਵੀਂ ਜਮਾਤ ਦਾ ਨਤੀਜਾ ਕਦੀ ਨਹੀਂ ਭੁੱਲਦਾ। ਮੈਂ ਸਰਕਾਰੀ ਹਾਈ ਸਕੂਲ ਮਨੌਲੀ ਵਿੱਚ ਪੜ੍ਹਦਾ ਸੀ। ਹੁਣ ਇਹ ਸਕੂਲ ਸੀਨੀਅਰ ਸੈਕੰਡਰੀ ਬਣ ਗਿਆ। 1981 ਦਾ ਸਾਲ ਸੀ। ਮੈਂ ਨਕਲ ਮਾਰਨ ਤੋਂ ਬਹੁਤ ਡਰਦਾ ਸੀ। ਕਦੀ ਨਕਲ ਨਹੀਂ ਮਾਰੀ ਸੀ ਅਤੇ ਨਾ ਕੋਈ ਪਰਚੀ ਆਪਣੇ ਨਾਲ ਲੈ ਕੇ ਗਿਆ ਸੀ। ਨੌਵੀਂ ਦਾ ਸਮਾਜਿਕ ਦਾ ਪੇਪਰ ਸੀ। ਸਮਾਜਿਕ ਪੜ੍ਹਾਉਣ ਵਾਲੇ ਮਾਸਟਰ ਸਾਧੂ ਸਿੰਘ ਪੇਪਰ ਲੈ ਰਹੇ ਸਨ। ਫਰਸ਼ ਉੱਤੇ ਬੈਠ ਕੇ ਹੀ ਪੇਪਰ ਹੁੰਦਾ ਸੀ ਉਦੋਂ, ਹੁਣ ਵਾਂਗ ਬੈਂਚ ਨਹੀਂ ਸਨ। ਪਤਾ ਨਹੀਂ ਕਿਸ ਨੇ ਮੇਰੇ ਆਲੇ-ਦੁਆਲੇ ਤੋਂ ਕਦੋਂ ਮੇਰੇ ਨੇੜੇ ਕੋਈ ਪਰਚੀ ਸੁੱਟ ਦਿੱਤੀ। ਪਰਚੀ ਮਾਸਟਰ ਜੀ ਦੀ ਨਿਗ੍ਹਾ ਪੈ ਗਈ। ਉਨ੍ਹਾਂ ਨੇ ਪਰਚੀ ਚੁੱਕ ਲਈ ਅਤੇ ਮੈਨੂੰ ਖੜ੍ਹਾ ਕਰ ਲਿਆ। ਮੇਰਾ ਪਰਚਾ ਮਾਸਟਰ ਜੀ ਨੇ ਖੋਹ ਲਿਆ। ਮੈਂ ਬਥੇਰਾ ਕਿਹਾ ਕਿ ਨਾ ਇਹ ਮੇਰੀ ਪਰਚੀ ਹੈ ਅਤੇ ਨਾ ਮੈਂ ਨਕਲ ਮਾਰੀ ਹੈ, ਚਾਹੇ ਤੁਸੀਂ ਪੇਪਰ ਦੇਖ ਲਵੋ। ਮਾਸਟਰ ਜੀ ਨੇ ਮੇਰੀ ਇੱਕ ਨਹੀਂ ਮੰਨੀ। ਉਨ੍ਹਾਂ ਨੇ ਪੇਪਰ ਦੇ ਮੋਹਰਲੇ ਪੰਨੇ ਉੱਤੇ ਸੱਜੇ ਪਾਸੇ ਲਿਖ ਦਿੱਤਾ- ਇਸਦੇ ਦਸ ਨੰਬਰ ਕੱਟੇ ਜਾਣਗੇ।
ਮਾਸਟਰ ਜੀ ਨੇ ਨੰਬਰ ਕੱਟਣ ਬਾਰੇ ਲਿਖ ਕੇ ਪੇਪਰ ਮੈਨੂੰ ਫੜ ਦਿੱਤਾ। ਮੈਂ ਦੁਬਾਰਾ ਪੇਪਰ ਕਰਨ ਲੱਗ ਗਿਆ। ਪਤਾ ਨਹੀਂ ਮੇਰੇ ਦਿਮਾਗ ਵਿੱਚ ਕੀ ਆਇਆ, ਜਿੱਥੇ ਮਾਸਟਰ ਜੀ ਨੇ ਨੰਬਰ ਕੱਟਣ ਸੰਬੰਧੀ ਲਿਖਿਆ ਸੀ, ਮੈਂ ਉੱਥੇ ਪੈੱਨ ਵਿੱਚੋਂ ਸਿਆਹੀ ਸੁੱਟ ਦਿੱਤੀ। ਉਦੋਂ ਸਿਆਹੀ ਵਾਲੇ ਪੈੱਨ ਹੁੰਦੇ ਸਨ, ਚੈਲਪਾਰਕ ਦੀ ਸਿਆਹੀ ਦੀ ਦਵਾਤ ਨਾਲ ਲੈ ਕੇ ਜਾਂਦੇ ਸੀ ਪੇਪਰਾਂ ਵਿੱਚ। ਮੈਂ ਇਹ ਸਿਆਹੀ ਇਸ ਕਰਕੇ ਸੁੱਟੀ ਕਿ ਨੰਬਰ ਕੱਟਣ ਵਾਲੀ ਗੱਲ ਮਾਸਟਰ ਜੀ ਪੜ੍ਹ ਨਾ ਸਕਣ ਤੇ ਉਨ੍ਹਾਂ ਨੂੰ ਲੱਗੇ ਕਿ ਵੈਸੇ ਹੀ ਸਿਆਹੀ ਡੁੱਲ੍ਹੀ ਹੋਈ ਹੈ। ਮੈਂ ਇਹ ਭੁੱਲ ਗਿਆ ਕਿ ਉਸ ਪੇਪਰ ਦੇ ਨੰਬਰ ਵੀ ਉਸੇ ਮਾਸਟਰ ਨੇ ਲਾਉਣੇ ਸਨ, ਜਿਸਨੇ ਨੰਬਰ ਕੱਟਣ ਲਈ ਲਿਖਿਆ ਸੀ।
ਪੇਪਰ ਖਤਮ ਹੋ ਗਏ … ਮੈਨੂੰ ਡਰ ਵੱਢ-ਵੱਢ ਖਾਈ ਜਾਵੇ ਕਿ ਮਾਸਟਰ ਜੀ ਨੇ ਮੈਨੂੰ ਪੱਕਾ ਫੇਲ ਕਰਾ ਦੇਣਾ ਹੈ। ਮੇਰਾ ਚਾਚਾ ਮੇਵਾ ਸਿੰਘ ਗਿੱਲ ਬੋਰਡ ਵਿੱਚ ਸੁਪਰਡੈਂਟ ਲੱਗਿਆ ਹੋਇਆ ਸੀ। ਹੁਣ ਤਾਂ ਰਿਟਾਇਰ ਹੋ ਗਿਆ ਹੈ। ਪਿੰਡ ਦੇ ਕਈ ਨਿਆਣਿਆਂ ਦੇ ਮਾਪੇ ਉਨ੍ਹਾਂ ਕੋਲੋਂ ਆਪਣੇ ਬੱਚਿਆਂ ਨੂੰ ਪਾਸ ਕਰਾਉਣ ਦੀ ਸਿਫ਼ਾਰਸ਼ ਲਗਵਾਉਣ ਲਈ ਆਉਂਦੇ ਹੁੰਦੇ ਸਨ। ਚਾਚੇ ਦੀ ਮਨੌਲੀ ਸਕੂਲ ਵਾਲੇ ਗੱਲ ਮੰਨਦੇ ਸਨ। ਮੇਰਾ ਦਿਲ ਕਰੇ ਵੀ ਚਾਚੇ ਨੂੰ ਦੱਸ ਦੇਵਾਂ ਸਾਰਾ ਕੁਝ … ਪਰ ਫਿਰ ਡਰ ਜਾਇਆ ਕਰਾਂ ਕਿ ਚਾਚੇ ਨੇ ਮੈਨੂੰ ਹੀ ਝਿੜਕਣਾ ਹੈ।
ਇਸੇ ਉਧੇੜ ਬੁਣ ਵਿੱਚ 31 ਮਾਰਚ ਆ ਗਿਆ। ਇਹ ਪਹਿਲਾ ਨਤੀਜਾ ਸੀ ਮੇਰਾ ਜਦੋਂ ਮੈਨੂੰ ਸਕੂਲ ਵਿੱਚ ਜਾਣ ਤੋਂ ਡਰ ਲੱਗ ਰਿਹਾ ਸੀ। ਬਾਪੂ ਤਾਂ ਪੜ੍ਹਾਈ ਬਾਰੇ ਕਦੀ ਬਹੁਤਾ ਪੁੱਛਦਾ ਹੀ ਨਹੀਂ ਸੀ। ਉਹ ਤਾਂ ਸਵੇਰ ਤੋਂ ਟਰੈਕਟਰ ਲੈ ਕੇ ਖੇਤਾਂ ਵਿੱਚ ਨਿਕਲ ਜਾਂਦਾ, ਰਾਤ ਨੂੰ ਵਾਪਸ ਆਉਂਦਾ। ਮੇਰੀ ਸਵਰਗੀ ਮਾਂ ਉਨ੍ਹੀਂ ਦਿਨੀ ਬਹੁਤ ਬਿਮਾਰ ਰਹਿੰਦੀ ਪਰ ਸਾਡੇ ਸਾਰੇ ਭੈਣ ਭਾਈਆਂ ਦੀ ਪੜ੍ਹਾਈ ਦਾ ਪੂਰਾ ਖਿਆਲ ਰੱਖਦੀ ਸੀ। ਕਾਫ਼ੀ ਦਿਨ ਚੜ੍ਹੇ ਤਕ ਮੈਂ ਮੰਜੇ ਉੱਤੋਂ ਹੀ ਨਾ ਉੱਠਿਆ। ਮਾਂ ਹਾਕਾਂ ਮਾਰੀ ਜਾਵੇ। ਮੈਂ ਕਿਹਾ, ਮੈਨੂੰ ਤਾਂ ਬੁਖ਼ਾਰ ਲੱਗ ਰਿਹਾ। ਮਾਂ ਆ ਕੇ ਮੇਰੀ ਬਾਂਹ ਟੋਹਣ ਲੱਗੀ ਤੇ ਬੋਲੀ, “ਠੰਢੀ ਪਈ ਐ … ਬਖਾਰ ਨਹੀਂ ਹੈ … .ਤੌਂ ਨਹਾ ਕੈ ਤਿਆਰ ਹੋ ਕੈ ਸਕੂਲ ਮਾ ਜਾਹ।”
ਮੈਂ ਕਿਹਾ, ਮੈਂ ਨਹੀਂ ਜਾਣਾ, ਮੇਰਾ ਜੀਅ ਨਹੀਂ ਕਰਦਾ। ਮਾਂ ਸਮਝ ਗਈ ਕਿ ਕੋਈ ਨਾ ਕੋਈ ਚੱਕਰ ਹੈ, ਜਿਹੜਾ ਇਹ ਨਤੀਜੇ ਤੋਂ ਡਰ ਰਿਹਾ ਹੈ।
ਮੇਰੀਆਂ ਅੱਖਾਂ ਵਿੱਚ ਹੰਝੂ ਆ ਗਏ ਅਤੇ ਮੈਂ ਮਾਂ ਨੂੰ ਸਾਰੀ ਗੱਲ ਦੱਸ ਦਿੱਤੀ। ਮਾਂ ਨੇ ਮੈਨੂੰ ਹੌਸਲਾ ਦਿੱਤਾ। ਉਹ ਬਹੁਤ ਪਾਠ ਪੂਜਾ ਕਰਨ ਵਾਲੀ ਧਰਮਾਤਮਾ ਰੂਹ ਸੀ, ਕਹਿੰਦੀ “ਜੇ ਤੋਂ ਸੱਚਾ ਐਂ ਅਰ ਤੈਂ ਨਕਲ ਮਾਰੀ ਓ ਨਹੀਂ, ਤਾਂ ਮਾਸਟਰ ਨੂੰ ਪੇਪਰ ਪੜ੍ਹ ਕੈ ਪਤਾ ਲੱਗ ਜਾਣਾ, ਡਰ ਨਾ।“
ਪਰੰਤੂ ਮੈਂ ਨਤੀਜਾ ਸੁਣਨ ਸਕੂਲ ਨਹੀਂ ਗਿਆ। ਮੈਂ ਨਾਲ ਪੜ੍ਹਨ ਵਾਲੇ ਪਿੰਡ ਦੇ ਇੱਕ ਮੁੰਡੇ ਨੂੰ ਕਹਿ ਦਿੱਤਾ ਕਿ ਮੇਰਾ ਨਤੀਜਾ ਵੀ ਸੁਣ ਆਵੀਂ। ਦੁਪਹਿਰ ਤਕ ਮੇਰੀ ਬੁਰੀ ਹਾਲਤ ਰਹੀ। ਮੈਂ ਸੜਕ ਉੱਤੇ ਖੜ੍ਹ ਕੇ ਸਕੂਲ ਵਿੱਚੋਂ ਆ ਰਹੇ ਬੱਚਿਆਂ ਨੂੰ ਉਡੀਕੀ ਗਿਆ। ਅਖੀਰ ਵਿੱਚ ਉਸ ਮੁੰਡੇ ਨੇ ਆ ਕੇ ਮੈਨੂੰ ਦੱਸਿਆ ਕਿ ਤੂੰ ਵੀ ਹੈਂ। ਮੈਨੂੰ ਯਕੀਨ ਨਾ ਆਵੇ। ਮੈਂ ਕਿਹਾ, “ਸੱਚ-ਸੱਚ ਦੱਸ?” ਉਸ ਬਿਚਾਰੇ ਨੂੰ ਮੈਂ ਕਈ ਸਹੁੰਆਂ ਖੁਆਈਆਂ ਤਾਂ ਮੈਨੂੰ ਯਕੀਨ ਹੋਇਆ ਕਿ ਮੈਂ ਪਾਸ ਹੋ ਗਿਆ।
ਮੇਰੀ ਖੁਸ਼ੀ ਦਾ ਕੋਈ ਟਿਕਾਣਾ ਨਾ ਰਿਹਾ। ਮੈਂ ਦੌੜ ਕੇ ਘਰ ਜਾ ਕੇ ਸਭ ਤੇ ਪਹਿਲਾਂ ਆਪਣੀ ਮਾਂ ਨੂੰ ਦੱਸਿਆ। ਉਸ ਨੇ ਗੰਠੀਏ ਦੀ ਬਿਮਾਰੀ ਕਰਕੇ ਬੁਰੀ ਤਰ੍ਹਾਂ ਵਿੰਗੇ ਹੋਏ ਆਪਣੇ ਹੱਥਾਂ ਨਾਲ ਮੈਨੂੰ ਜੱਫੀ ਪਾ ਲਈ ਅਤੇ ਕਿੰਨੀ ਦੇਰ ਘੁੱਟੀ ਰੱਖਿਆ। ਦੂਜੇ-ਤੀਜੇ ਦਿਨ ਐਤਵਾਰ ਸੀ। ਅੱਗੇ ਮੈਂ ਕਦੇ ਖੇੜੇ ਦੇ ਪਤਾਸਿਆਂ ਦੀ ਸੁੱਖ ਨਹੀਂ ਸੁੱਖੀ ਸੀ, ਐਤਕੀਂ ਮੈਂ ਡਰਦਾ ਸੁੱਖ ਬੈਠਿਆ। ਜਦੋਂ ਮੈਂ ਬਾਪੂ ਤੋਂ ਦਸ ਰੁਪਏ ਮੰਗੇ, ਉਹ ਤਾਂ ਪੈ ਗਿਆ ਮੇਰੇ ਗੱਲ, ਕਹੇ, ਬਹੁਤ ਡੀਸੀ ਬਣਿਆ … ਨੌਵੀਂ ਮਾ ਤੇ ਪਾਸ ਈ ਹੋਇਆਂ … ਪੰਜ ਰੁਪਏ ਕੇ ਪਤਾਸੇ ਲਿਆ ਕੈ ਵੰਡ ਆਈਂ। ਮੈਂ ਰੋਣ ਲੱਗ ਗਿਆ ਕਿ ਮੈਨੂੰ ਤਾਂ ਪਾਪ ਲੱਗੂਗਾ … ਖੇੜਾ ਗੁੱਸੇ ਹੋ ਜੂਗਾ। ਬਾਪੂ ਪੰਜ ਰੁਪਏ ਦੇ ਕੇ ਤੁਰਦਾ ਬਣਿਆ। ਖਾਸੀਆਂ ਮਿੰਨਤਾਂ ਕਰਕੇ ਪੰਜ ਰੁਪਏ ਫਿਰ ਬਾਬੇ ਤੇ ਲਏ ਤਾਂ ਜਾ ਕੇ ਖੇੜੇ ਦੀ ਉਹ ਸੁੱਖ ਪੂਰੀ ਹੋਈ।
ਮੈਨੂੰ ਬਾਅਦ ਵਿੱਚ ਦਸਵੀਂ ਕਲਾਸ ਵਿੱਚ ਸਕੂਲ ਗਏ ਨੂੰ ਸਮਾਜਿਕ ਵਾਲੇ ਮਾਸਟਰ ਜੀ ਨੇ ਦੱਸਿਆ ਕਿ ਮੈਂ ਤੇਰਾ ਕੋਈ ਨੰਬਰ ਨਹੀਂ ਕੱਟਿਆ ਸੀ। ਮੈਨੂੰ ਤੇਰੀ ਸਿਆਹੀ ਨਾਲ ਮੇਟੇ ਹੋਏ ਆਪਣੇ ਨੰਬਰ ਕੱਟਣ ਵਾਲੇ ਸ਼ਬਦ ਪੜ੍ਹ ਕੇ ਅਤੇ ਤੇਰਾ ਪੇਪਰ ਚੈੱਕ ਕਰਕੇ ਯਕੀਨ ਹੋ ਗਿਆ ਸੀ ਕਿ ਤੂੰ ਸੱਚਾ ਸੀ।
ਹੁਣ ਵੀ ਮੈਨੂੰ ਹਰੇਕ ਸਾਲ ਆਪਣੀ ਨੌਂਵੀਂ ਜਮਾਤ ਦਾ ਨਤੀਜਾ ਯਾਦ ਆ ਜਾਂਦਾ ਹੈ। ਉਹ ਬਹੁਤ ਵਧੀਆ ਸਮਾਂ ਸੀ ਉਹ। ਕੋਈ ਪ੍ਰਾਈਵੇਟ ਸਕੂਲ ਨਹੀਂ ਹੁੰਦਾ ਸੀ। ਅਮੀਰਾਂ-ਗਰੀਬਾਂ ਦੇ ਸਾਰੇ ਬੱਚੇ ਸਰਕਾਰੀ ਸਕੂਲ ਵਿੱਚ ਪੜ੍ਹਦੇ ਸੀ। ਤੁਰ ਕੇ ਸਕੂਲ ਜਾਣਾ, ਅਚਾਰ ਨਾਲ ਕਾਗਜ਼ ਵਿੱਚ ਦੋ ਸੁੱਕੀਆਂ ਰੋਟੀਆਂ ਲਪੇਟ ਕੇ ਲੈ ਜਾਣਾ। ਕਈ ਵਾਰੀ ਤਾਂ ਅੱਧੀ ਛੁੱਟੀ ਤੋਂ ਪਹਿਲਾਂ ਹੀ ਰੋਟੀ ਖਾ ਲੈਂਦੇ ਸੀ। ਮਾਸਟਰਾਂ ਦਾ ਬਹੁਤ ਸਤਕਾਰ ਬਹੁਤ ਸੀ। ਸਕੂਲ ਵਿੱਚ ਰੱਜ ਕੇ ਕੁਟਾਈ ਵੀ ਹੁੰਦੀ ਸੀ। ਨਾ ਕੋਈ ਟਿਊਸ਼ਨ ਪੜ੍ਹਦਾ ਸੀ। ਮਾਸਟਰ ਸਕੂਲ ਟਾਈਮ ਤੋਂ ਪਹਿਲਾਂ ਅਤੇ ਬਾਅਦ ਵਿੱਚ ਘੰਟਾ ਘੰਟਾ ਮੁਫਤ ਪੜ੍ਹਾ ਦਿੰਦੇ ਸੀ। ਦੋ-ਤਿੰਨ ਰੁਪਏ ਫੀਸ ਹੁੰਦੀ ਸੀ। ਖਾਣ ਲਈ ਹਫ਼ਤੇ ਬਾਅਦ ਕਦੇ ਕਦੇ ਪੱਚੀ ਪੈਸੇ ਮਿਲਿਆ ਕਰਦੇ ਸੀ।
ਮੇਰਾ ਇੱਕ ਚਾਚਾ ਪੀਜੀਆਈ ਵਿੱਚ ਲੱਗਿਆ ਹੋਇਆ ਸੀ। ਉਸ ਨੂੰ ਵਰਦੀ ਵਿੱਚ ਖਾਕੀ ਪੈਂਟਾਂ ਮਿਲਦੀਆਂ ਸੀ। ਉਸਦੀਆਂ ਪੁਰਾਣੀਆਂ ਪੈਂਟਾਂ ਵਿੱਚੋਂ ਹੀ ਮੇਰੀ ਮਾਂ ਨੇ ਮੇਰੀਆਂ ਸਕੂਲ ਦੀ ਵਰਦੀ ਦੀਆਂ ਪੈਂਟਾਂ ਬਣਾ ਦੇਣੀਆਂ। ਉਸੇ ਵਿੱਚੋਂ ਖਾਕੀ ਰੰਗ ਦੇ ਝੋਲੇ ਬਣਾ ਦੇਣੇ। ਕਿੰਨੇ ਸਾਧਾਰਣ ਸਮੇਂ ਹੁੰਦੇ ਸੀ ਉਹ। ਪਰ ਹੁਣ 31 ਮਾਰਚ ਨੂੰ ਰਿਜ਼ਲਟ ਸੁਣਨ ਨਿਆਣਿਆਂ ਦੇ ਨਾਲ ਗਏ ਹੋਏ ਮਾਂ-ਬਾਪ ਨੂੰ ਵੀਹ-ਤੀਹ ਹਜ਼ਾਰ ਜੇਬ ਵਿੱਚ ਪਾ ਕੇ ਜਾਣਾ ਪੈਂਦਾ ਹੈ ਅਗਲੀ ਜਮਾਤ ਦੇ ਦਾਖਲੇ ਵਾਸਤੇ, ਕਿਤਾਬਾਂ ਵਾਸਤੇ। ਵਰਦੀਆਂ-ਬੂਟਾਂ ਦੇ ਖਰਚੇ ਅਲੱਗ। ਸਿੱਖਿਆ ਸਕੂਲ ਵਿੱਚੋਂ ਮਿਲਦੀ ਹੈ ਪਰ ਹੁਣ ਕਿਹਾ ਜਾਂਦਾ ਹੈ ਕਿ ਟਿਊਸ਼ਨ ਰੱਖੋ। ਕਿਤਾਬਾਂ, ਵਰਦੀ ਵਗੈਰਾ ਮਾਰਕੀਟ ਵਿੱਚੋਂ ਮਿਲਦੀਆਂ ਨੇ ਪਰ ਹੁਣ ਇਹ ਸਭ ਸਕੂਲ ਵਿੱਚੋਂ ਲੈਣ ਲਈ ਮਜਬੂਰ ਕੀਤਾ ਜਾਂਦਾ ਹੈ। ਮਤਲਬ ਜੋ ਚੀਜ਼ ਸਕੂਲ ਵਿੱਚੋਂ ਮਿਲਣੀ ਚਾਹੀਦੀ ਹੈ ਉਹ ਮਾਰਕੀਟ ਵਿੱਚੋਂ ਲਵੋ ਅਤੇ ਜੋ ਚੀਜ਼ ਮਾਰਕੀਟ ਵਿੱਚੋਂ ਮਿਲਣੀ ਹੁੰਦੀ ਹੈ, ਉਹ ਸਕੂਲ ਵਿੱਚੋਂ ਖਰੀਦੋ।
ਮੈਂ ਭਾਵੇਂ ਬਾਅਦ ਵਿੱਚ ਤਿੰਨ ਵਿਸ਼ਿਆਂ ਦੀ ਐੱਮਏ ਕੀਤੀ, ਪੱਤਰਕਾਰੀ ਦੀ ਐੱਮਏ ਵਿੱਚ ਯੂਨੀਵਰਸਿਟੀ ਵਿੱਚੋਂ ਪਹਿਲਾ ਸਥਾਨ ਵੀ ਹਾਸਲ ਕੀਤਾ ਪਰ ਨੌਂਵੀਂ ਜਮਾਤ ਦਾ ਨਤੀਜਾ ਮੈਨੂੰ ਅੱਜ ਤਕ ਨਹੀਂ ਭੁੱਲਦਾ। ਰੋਜ਼ਾਨਾ ਸਵੇਰੇ ਅਤੇ ਸ਼ਾਮ ਨੂੰ ਮਨੌਲੀ ਸਕੂਲ ਦੇ ਅੱਗਿਉਂ ਲੰਘਦਾ ਹਾਂ। ਮੇਰੇ ਦੋਵੇਂ ਬੱਚੇ ਵੀ ਇਸ ਸਕੂਲ ਵਿੱਚ ਪੜ੍ਹੇ ਹਨ। ਜਦੋਂ ਵੀ ਸਕੂਲ ਵਿੱਚ ਜਾਂਦਾ ਹਾਂ ਤਾਂ ਮੈਨੂੰ ਆਪਣਾ ਨੌਂਵੀਂ ਦਾ ਨਤੀਜਾ ਯਾਦ ਆ ਜਾਂਦਾ ਹੈ। 31 ਮਾਰਚ 1981 ਦੇ ਨਤੀਜੇ ਦਾ ਡਰ ਮੇਰੇ ਦਿਮਾਗ਼ ਵਿੱਚ ਘੁੰਮਣ ਲੱਗ ਜਾਂਦਾ ਹੈ।
* * * * *
ਨੋਟ: ਹਰ ਲੇਖਕ ਸਰੋਕਾਰ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲ ਕੇ ਰੱਖੇ।
ਰਚਨਾਵਾਂ ਸਬੰਧੀ ਆਪਣੇ ਵਿਚਾਰ ਸਾਂਝੇ ਕਰੋ: (