SandeepChittarkarPro7ਅਸੀਂ ਦੋਵੇਂ ਪਿਉ-ਪੁੱਤ ਬੜੇ ਹੈਰਾਨ ਪਰੇਸ਼ਾਨ ਖੜ੍ਹੇ ਸਭ ਦੀਆਂ ਉਂਗਲਾਂ ਸਕੈਨ ਹੁੰਦੀਆਂ ਦੇਖ ਰਹੇ ...
(30 ਮਾਰਚ 2025)

 

ਸਾਰੇ ਮਾਪੇ ਆਪਣੀ ਔਲਾਦ ਦੀਆਂ ਹੱਥਾਂ ਦੀਆਂ ਲਕੀਰਾਂ ਨੂੰ ਸੁਨਹਿਰਾ ਬਣਾਉਣ ਲਈ ਆਪਣੇ ਵਰਤਮਾਨ ਦੀਆਂ ਜੇਠ-ਹਾੜ੍ਹ ਦੀਆਂ ਧੁੱਪਾਂ ਤੇ ਪੋਹ-ਮਾਘ ਮਹੀਨੇ ਪੈਂਦੀ ਕੜਾਕੇ ਦੀ ਠੰਢ ਆਪਣੇ ਪਿੰਡੇ ’ਤੇ ਹੰਢਾਉਂਦੇ ਹਨਕਈ ਵਾਰ ਤਾਂ ਧੀ-ਪੁੱਤ ਆਪਣੇ ਮਾਪਿਆਂ ਵੱਲੋਂ ਘਾਲੀ ਜਾਂਦੀ ਘਾਲਣਾ ਦਾ ਅੰਦਾਜ਼ਾ ਵੀ ਨਹੀਂ ਲਗਾ ਸਕਦੇ ਕਿ ਉਹ ਆਪਣੀ ਔਲਾਦ ਦੀ ਜ਼ਿੰਦਗੀ ਨੂੰ ਸੁਖਾਲੀ ਬਣਾਉਣ ਲਈ ਆਪਣਾ ਖੂਨ-ਪਸੀਨਾ ਇੱਕ ਕਰ ਦਿੰਦੇ ਹਨ

ਮੇਰੇ ਪਿਤਾ ਜੀ, ਜੋ ਪੇਸ਼ੇ ਤੋਂ ਰਾਜ ਮਿਸਤਰੀ ਤੇ ਮੰਡੀ ਵਿੱਚ ਤੋਲੇ ਦਾ ਕੰਮ ਕਰਦੇ ਸਨ, ਉਨ੍ਹਾਂ ਨੇ ਕਦੇ ਕੰਮ ਤੋਂ ਟਾਲ਼ਾ ਨਹੀਂ ਵੱਟਿਆ ਸੀਕੁਝ ਸਾਲ ਪਹਿਲਾਂ ਮੈਨੂੰ ਕਾਲਜ ਦੇ ਦਾਖਲੇ ਲਈ ਆਮਦਨੀ ਦਾ ਸਰਟੀਫਿਕੇਟ ਬਣਵਾਉਣ ਲਈ ਉਨ੍ਹਾਂ ਨੂੰ ਨਾਲ ਲੈ ਕੇ ਸਰਕਾਰੀ ਦਫਤਰ ਜਾਣਾ ਪਿਆਕਾਲਜ ਦੇ ਦਾਖਲੇ ਦੀ ਅੰਤਿਮ ਮਿਤੀ ਨੇੜੇ ਹੋਣ ਕਾਰਨ ਮੈਂ ਬੜੀ ਕਾਹਲੀ ਨਾਲ ਸਾਰੇ ਦਸਤਾਵੇਜ਼ ਬਣਵਾਏ ਸਨ, ਹੁਣ ਸਿਰਫ਼ ਪਿਤਾ ਜੀ ਦੇ ਫਿੰਗਰ-ਪ੍ਰਿੰਟ ਲੈ ਕੇ ਉਨ੍ਹਾਂ ਦੀ ਫੋਟੋ ਕਰਵਾਉਣੀ ਬਾਕੀ ਸੀਦੋ-ਤਿੰਨ ਘੰਟਿਆਂ ਬਾਅਦ ਜਦੋਂ ਮੇਰੀ ਵਾਰੀ ਆਈ ਤਾਂ ਫਿੰਗਰ ਪ੍ਰਿੰਟ ਮਸ਼ੀਨ ’ਤੇ ਪਿਤਾ ਜੀ ਦੀਆਂ ਉਂਗਲਾਂ ਵਾਰ-ਵਾਰ ਕੋਸ਼ਿਸ਼ ਕਰਨ ’ਤੇ ਵੀ ਸਕੈਨ ਨਹੀਂ ਸਨ ਹੋ ਰਹੀਆਂਇਸ ਸਮੇਂ ਸਰਟੀਫਿਕੇਟ ਨਾ ਬਣਨ ’ਤੇ ਕਾਲਜ ਫੀਸ ਲਈ ਜੁਰਮਾਨੇ ਦਾ ਡਰ ਮੈਨੂੰ ਕਿਸੇ ਸਜ਼ਾ ਤੋਂ ਘੱਟ ਨਹੀਂ ਜਾਪ ਰਿਹਾ ਸੀਅਸੀਂ ਦੋਵੇਂ ਪਿਉ-ਪੁੱਤ ਬੜੇ ਹੈਰਾਨ ਪਰੇਸ਼ਾਨ ਖੜ੍ਹੇ ਸਭ ਦੀਆਂ ਉਂਗਲਾਂ ਸਕੈਨ ਹੁੰਦੀਆਂ ਦੇਖ ਰਹੇ ਸੀਫਿਰ ਜੋ ਅਸਲ ਗੱਲ ਸਾਹਮਣੇ ਆਈ ਉਹ ਕੁਝ ਹੋਰ ਸੀਪਿਤਾ ਜੀ ਦੇ ਸੀਮਿੰਟ ਨਾਲ ਕੰਮ ਕਰਨ ਕਰਕੇ ਉਨ੍ਹਾਂ ਦੀਆਂ ਉਂਗਲਾਂ ਦੀਆਂ ਲਕੀਰਾਂ ਮਿਟ ਚੁੱਕੀਆਂ ਸਨ ਤੇ ਹੱਥ ਪਾਟੀਆਂ ਬਿਆਈਆਂ ਨਾਲ ਭਰੇ ਪਏ ਸਨ, ਜਿਸ ਕਾਰਨ ਮਸ਼ੀਨ ਸਕੈਨ ਨਹੀਂ ਕਰ ਪਾ ਰਹੀ ਸੀਉਸ ਦਿਨ ਮੈਨੂੰ ਮਹਿਸੂਸ ਹੋਇਆ ਕਿ ਮਾਪੇ ਆਪਣੇ ਧੀਆਂ-ਪੁੱਤਾਂ ਦੀਆਂ ਕਿਸਮਤਾਂ ਦੀਆਂ ਲਕੀਰਾਂ ਬਣਾਉਣ ਵਿੱਚ ਇੰਨੀ ਘਾਲਣਾ ਘਾਲਦੇ ਹਨ ਕਿ ਉਹਨਾਂ ਦੇ ਹੱਥਾਂ ਦੀਆਂ ਲਕੀਰਾਂ ਕਦੋਂ ਮਿਟ ਜਾਂਦੀਆਂ ਹਨ, ਉਹਨਾਂ ਨੂੰ ਪਤਾ ਨਹੀਂ ਲੱਗਦਾ

ਪਿਤਾ ਜੀ ਨੇ ਸਾਰੀ ਜ਼ਿੰਦਗੀ ਸਾਡੇ ਸੁਪਨਿਆਂ ਨੂੰ ਹਕੀਕਤ ਵਿੱਚ ਬਦਲਣ ਲਈ ਐਨਾ ਕੰਮ ਕੀਤਾ ਕਿ ਅਖੀਰ ਉਨ੍ਹਾਂ ਦੇ ਗੋਢੇ-ਮੋਢੇ ਜਵਾਬ ਦੇਣ ਲੱਗ ਪਏਅਸੀਂ ਦੋਵਾਂ ਭਰਾਵਾਂ ਨੇ ਪਿਤਾ ਜੀ ਨੂੰ ਕੰਮ-ਕਾਰ ਛੱਡ ਕੇ ਆਰਾਮ ਕਰਨ ਲਈ ਬੇਨਤੀ ਕੀਤੀ...

ਪਿਤਾ ਜੀ ਘਰ ਦੇ ਬੂਹੇ ਅੱਗੇ ਬੈਠ ਜਾਂਦੇਕਦੇ ਕੋਈ ਉਨ੍ਹਾਂ ਦਾ ਹਾਣੀ ਉਨ੍ਹਾਂ ਕੋਲ਼ ਆ ਬਹਿੰਦਾ। ਹੌਲੀ-ਹੌਲੀ ਉਹਨਾਂ ਦੇ ਹਾਣੀ ਆ ਢਾਣੀ ਬਣ ਗਈ। ਸਵੇਰ ਤੋਂ ਸ਼ੁਰੂ ਹੁੰਦੀ ਇਸ ਢਾਣੀ ਦੀ ਚਰਚਾ ਧੂਣੀ ਵਾਂਗ ਹੌਲੀ-ਹੌਲੀ ਧੁਖਦੀ ਰਹਿੰਦੀਡਾਕੀਏ ਅਤੇ ਲੋਕਾਂ ਲਈ ਸਾਡੇ ਘਰ ਦਾ ਸਿਰਨਾਵਾਂ “ਬਜ਼ੁਰਗਾਂ ਦੀ ਢਾਣੀ ਵਾਲਾ ਘਰ” ਬਣ ਗਿਆਸਵੇਰ ਤੋਂ ਜੁੜੀ ਬਜ਼ੁਰਗਾਂ ਦੀ ਢਾਣੀ ਲਈ ਚਾਹ-ਰੋਟੀ ਮਾਤਾ ਜੀ ਨੇ ਪਿਤਾ ਜੀ ਦੇ ਨਾਲ ਸਭ ਨੂੰ ਪਰੋਸ ਦੇਣੀਬਜ਼ੁਰਗਾਂ ਨੇ ਰੋਟੀ ਖਾਈ ਜਾਣੀ ਤੇ ਨਾਲੇ ਅਸੀਸਾਂ ਦਾ ਮੀਂਹ ਵਰ੍ਹਾਉਂਦਿਆਂ ਪਿਤਾ ਜੀ ਨੂੰ ਕਹਿਣਾ, “ਈਸ਼ਰ ਸਿਹਾਂ, ਤੇਰੀ ਔਲਾਦ ਵਰਗੀ ਔਲਾਦ ਵਾਹਿਗੁਰੂ ਸਭ ਦੇ ਘਰ ਦੇਵੇਤੇਰੇ ਪੋਤੇ-ਪੋਤੀਆਂ ਤੇ ਦੋਹਤੇ-ਦੋਹਤੀਆਂ ਨੂੰ ਰੱਬ ਲੰਮੀਆਂ ਉਮਰਾਂ ਬਕਸ਼ੇ।”

ਪਿਤਾ ਜੀ ਨੇ ਮਿਹਨਤ-ਮਜ਼ਦੂਰੀਆਂ ਕਰਕੇ ਸਾਨੂੰ ਸਭ ਨੂੰ ਪੜ੍ਹਾਇਆ-ਲਖਾਇਆਮੇਰੀ ਪੜ੍ਹਾਈ ਵਿੱਚ ਰੁਚੀ ਹੋਣ ਕਰਕੇ ਮੈਂ ਉਚੇਰੀ ਵਿੱਦਿਆ ਹਾਸਲ ਕਰ ਸ਼ਹੀਦ ਊਧਮ ਸਿੰਘ ਸਰਕਾਰੀ ਕਾਲਜ, ਸੁਨਾਮ ਵਿਖੇ ਸਹਾਇਕ ਪ੍ਰੋਫੈਸਰ ਵਜੋਂ ਨਿਯੁਕਤ ਹੋ ਗਿਆਵੱਡੇ ਭਰਾ ਦੀ ਰੁਚੀ ਅਨੁਸਾਰ ਉਸ ਨੂੰ ਟਰਾਂਸਪੋਰਟ ਦਾ ਕੰਮ ਕਰਵਾ ਦਿੱਤਾਜਿੰਨੀ ਦੇਰ ਵੱਡਾ ਭਰਾ ਗੱਡੀ ਵਾਪਸ ਲੈ ਕੇ ਘਰ ਨਹੀਂ ਸੀ ਆ ਜਾਂਦਾ, ਓਨੀ ਦੇਰ ਪਿਤਾ ਜੀ ਦੇ ਫ਼ਿਕਰ ਵਾਲੀ ਫ਼ੋਨ ਦੀ ਘੰਟੀ ਵਾਰ-ਵਾਰ ਵੀਰ ਕੋਲ ਵੱਜਦੀ ਰਹਿੰਦੀ ਤੇ ਕਈ ਵਾਰ ਵੀਰ ਇਸ ਫ਼ਿਕਰ ਵਾਲੀ ਘੰਟੀ ਤੋਂ ਪਰੇਸ਼ਾਨ ਹੋ ਕੇ ਪਿਤਾ ਜੀ ਨੂੰ ਕਹਿੰਦਾ ਕਿ ਮੈਨੂੰ ਵਾਰ-ਵਾਰ ਨਾ ਫੋਨ ਕਰਿਆ ਕਰੋ, ਗੱਡੀ ਚਲਾਉਂਦੇ ਸਮੇਂ ਫੋਨ ਸੁਣਨਾ ਔਖਾ ਹੁੰਦਾ ਹੈਪਰ ਪਿਤਾ ਜੀ ਦੇ ਫ਼ਿਕਰ ਨੇ ਇਸ ਗੱਲ ਨੂੰ ਹਮੇਸ਼ਾ ਅਣਗੌਲਿਆ ਹੀ ਕੀਤਾ

ਆਪ ਭਾਵੇਂ ਪਿਤਾ ਜੀ ਨੇ ਆਪਣੀ ਸਾਰੀ ਜ਼ਿੰਦਗੀ ਸਾਇਕਲ ’ਤੇ ਹੰਢਾਈ ਪਰ ਸਾਡੇ ਲਈ ਗੱਡੀਆਂ ਖੜ੍ਹੀਆਂ ਕਰ ਛੱਡੀਆਂ ਮੈਨੂੰ ਆਪਣਾ ਬਚਪਨ ਯਾਦ ਆਉਂਦਾ ਹੈ, ਜਦੋਂ ਪਿਤਾ ਜੀ ਨੇ ਕਿਧਰੇ ਜਾਣ ਲਈ ਸਾਇਕਲ ਚੱਕਣਾ ਤਾਂ ਮੈਂ ਨਾਲ ਜਾਣ ਦੀ ਜ਼ਿਦ ਕਰਨੀਪਿਤਾ ਜੀ ਨੇ ਸਾਇਕਲ ਦੇ ਡੰਡੇ ’ਤੇ ਸਾਫ਼ਾ ਬੰਨ੍ਹ ਕੇ ਮੈਨੂੰ ਅੱਗੇ ਬਿਠਾ ਲੈਣਾਗਲੀ ਵਿੱਚ ਗੇੜਾ ਦਿਵਾ ਕੇ ਘਰੇ ਛੱਡ ਜਾਣਾਸਾਇਕਲ ਦੇ ਡੰਡੇ ’ਤੇ ਬੈਠ ਲਏ ਗੇੜੇ ਦਾ ਜੋ ਅਨੰਦ ਸੀ, ਉਹ ਗੱਡੀਆਂ ਵਿੱਚ ਕਦੀ ਨਹੀਂ ਆਇਆ

ਪਿਛਲੇ ਸਾਲ ਪੋਹ-ਮਾਘ ਦੀ ਪੈਂਦੀ ਠੰਢ ਨੇ ਪਿਤਾ ਜੀ ਨੂੰ ਬੁਰੀ ਤਰ੍ਹਾਂ ਜਕੜ ਲਿਆਕਈ ਤਰ੍ਹਾਂ ਦੇ ਟੈੱਸਟ ਕਰਵਾਏ, ਜਦੋਂ ਰਿਪੋਰਟ ਆਈ ਤਾਂ ਸੁਖ ਦਾ ਸਾਹ ਆਇਆ ਕਿ ਸਭ ਕੁਝ ਠੀਕ ਹੈਡਾਕਟਰ ਨੇ ਪਿਤਾ ਜੀ ਨੂੰ ਘਰ ਭੇਜ ਦਿੱਤਾਰਾਤ ਦੀ ਰੋਟੀ ਖਾਣ ਤੋਂ ਬਾਅਦ ਮੈਂ ਪਿਤਾ ਜੀ ਨੂੰ ਕਿਹਾ ਕਿ ਜੇਕਰ ਕੋਈ ਤਕਲੀਫ਼ ਹੋਈ ਤਾਂ ਮੈਨੂੰ ਜਗਾ ਲੈਣਾ ਅੱਧੀ ਰਾਤ ਨੂੰ ਪਿਤਾ ਜੀ ਨੇ ਮੇਰੀ ਮਾਂ ਨੂੰ ਚਾਹ ਬਣਾਉਣ ਲਈ ਕਿਹਾ ਤੇ ਕਹਿੰਦੇ, “ਸੰਦੀਪ ਨੂੰ ਬੁਲਾ ਦੇ

ਮਾਂ ਨੇ ਕਿਹਾ, “ਸੰਦੀਪ ਪੜ੍ਹਨ ਕਰਕੇ ਕੁਵੇਲੇ ਹੀ ਸੌਂਦਾ ਹੈ, ਦਿਨ ਚੜ੍ਹੇ ’ਤੇ ਬੁਲਾ ਦੇਵਾਂਗੀ

ਬੱਸ ਇਸ ਗੱਲ ਨੂੰ ਅਜੇ ਜ਼ਿਆਦਾ ਸਮਾਂ ਨਹੀਂ ਸੀ ਹੋਇਆ ਕਿ ਪਿਤਾ ਜੀ ਨੇ ਸਾਡੀ ਮਾਂ ਦੀ ਗੋਦ ਵਿੱਚ ਹੀ ਆਪਣੇ ਪ੍ਰਾਣ ਤਿਆਗ ਦਿੱਤੇਪਰਿਵਾਰ ਦੇ ਜੀਆਂ ਦਾ ਵਿਰਲਾਪ ਸ਼ੁਰੂ ਹੋ ਗਿਆਬਜ਼ੁਰਗਾਂ ਦੀ ਢਾਣੀ ਦੇ ਸਾਰੇ ਹਾਣੀਆਂ ਨੇ, ਜੋ ਕਹਿਕਹੇ ਮਾਰ ਕੇ ਚਾਰ-ਚੁਫੇਰੇ ਹਾਸੇ ਦੀਆਂ ਮਹਿਕਾਂ ਖਿਲਾਰਦੇ ਸਨ, ਵਿਛੋੜੇ ਦੇ ਹੰਝੂ ਵਹਾਅ ਕੇ ਚਾਰ-ਚੁਫ਼ੇਰੇ ਨੂੰ ਉਦਾਸੀ ਦੇ ਆਲਮ ਵਿੱਚ ਡੁਬੋ ਦਿੱਤਾ

ਪਿਤਾ ਜੀ ਦੇ ਭੋਗ ਵਾਲੇ ਦਿਨ ਜਦੋਂ ਵੱਡੇ ਭਰਾ ਦੇ ਸਿਰ ’ਤੇ ਪੱਗ ਬੰਨੀ ਜਾ ਰਹੀ ਸਾਂ ਤਾਂ ਮੈਨੂੰ ਵਾਰ-ਵਾਰ ਪਿਤਾ ਜੀ ਦੀ ਇੱਕ ਗੱਲ ਯਾਦ ਆ ਰਹੀ ਸੀ, ਉਹ ਕਹਿੰਦੇ ਹੁੰਦੇ ਸਨ, “ਸੰਦੀਪ ਜਦੋਂ ਤੂੰ ਕਦੇ ਪੱਗ ਬੰਨ੍ਹਦਾ ਐਂ, ਬਹੁਤ ਸੋਹਣਾ ਲਗਦਾ ਐਂ, ਪੱਗ ਬੰਨ੍ਹਿਆ ਕਰ

ਹੁਣ ਮੈਂ ਪੱਗ ਬੰਨ੍ਹਦਾ ਹਾਂਕਈ ਦੋਸਤ ਮੈਨੂੰ ਕਹਿ ਦਿੰਦੇ ਹਨ ਕਿ ਪੱਗ ਨਾਲ ਤੇਰਾ ਕੱਦ ਛੋਟਾ ਲਗਦਾ ਹੈ। ਪਰ ਮੈਨੂੰ ਦੋਸਤਾਂ ਦੀ ਕਹੀ ਗੱਲ, ਪਿਤਾ ਦੀ ਕਹੀ ਗੱਲ ਅੱਗੇ ਬਹੁਤ ਛੋਟੀ ਲੱਗਦੀ ਹੈਪੱਗ ਬੰਨ੍ਹ ਕੇ ਮੇਰਾ ਕੱਦ ਦੋਸਤਾਂ ਦੀਆਂ ਨਜ਼ਰਾਂ ਵਿੱਚ ਬੇਸ਼ਕ ਛੋਟਾ ਹੋ ਜਾਂਦਾ ਹੋਵੇ ਪਰ ਮੈਨੂੰ ਮੇਰਾ ਕੱਦ ਮੇਰੇ ਪਿਤਾ ਜੀ ਦੀਆਂ ਨਜ਼ਰਾਂ ਵਿੱਚ ਦੂਣ ਸਵਾਇਆ ਜਾਪਦਾ ਹੈ

ਪਿਤਾ ਜੀ ਦੇ ਤੁਰ ਜਾਣ ਤੋਂ ਬਾਅਦ ਹਰ ਸ਼ੈਅ ਬਦਲ ਗਈਘਰ ਦੇ ਬੂਹੇ ਅੱਗੇ ਬਹਿੰਦੀ ਬਜ਼ੁਰਗਾਂ ਦੀ ਢਾਣੀ ਦਿਨਾਂ ਵਿੱਚ ਹੀ ਖਿੰਡ-ਪੁੰਡ ਗਈਅੱਜ ਵੀ ਭਾਵੇਂ ਮੈਂ ਆਪਣੇ ਸਿਰਨਾਵੇਂ ਨਾਲ “ਬਜ਼ੁਰਗਾਂ ਦੀ ਢਾਣੀ ਵਾਲਾ ਘਰ” ਤਾਂ ਜ਼ਰੂਰ ਲਿਖਦਾ ਹਾਂ ਪਰ ਢਾਣੀ ਨਾ ਤਾਂ ਮੈਨੂੰ ਕਿਧਰੇ ਨਜ਼ਰ ਆਉਂਦੀ ਹੈ ਤੇ ਨਾ ਹੀ ਡਾਕੀਏ ਨੂੰਵੱਡੇ ਵੀਰ ਦੇ ਫੋਨ ਤੇ ਵਾਰ-ਵਾਰ ਵੱਜਦੀ ਪਿਤਾ ਦੇ ਫਿਕਰ ਵਾਲੀ ਘੰਟੀ ਹੁਣ ਸਦਾ ਲਈ ਸ਼ਾਂਤ ਹੋ ਗਈ ਹੈਜੇ ਕੁਝ ਨਹੀਂ ਬਦਲਿਆ ਤਾਂ ਉਹ ਹਨ ਪਿਤਾ ਜੀ ਛੋਟੀ ਪੋਤਰੀ ‘ਰਸਮ’ ਦੇ ਸਵਾਲ, ਜਿਨ੍ਹਾਂ ਦਾ ਸਾਡੇ ਕੋਲ ਕੋਈ ਢੁਕਵਾਂ ਜਵਾਬ ਨਹੀਂ ਹੁੰਦਾਸਕੂਲੋਂ ਆ ਕੇ ਅੱਜ ਵੀ ਰਸਮ ਆਪਣੀ ਪ੍ਰਾਪਤੀ ਦੀ ਗੱਲ ਆਪਣੇ ਦਾਦਾ ਜੀ ਦੀ ਤਸਵੀਰ ਸਾਹਮਣੇ ਖਲੋ ਕੇ ਸਾਂਝੀ ਕਰਦੀ ਹੈ ਤੇ ਸਾਨੂੰ ਪੁੱਛਦੀ ਹੈ, “ਪਾਪਾ ਜੀ, ਕਿੱਥੇ ਗਏ ਨੇ?”

ਅਸੀਂ ਸਭ ਆਸਮਾਨ ਵਿੱਚ ਉਡਦੇ ਜਹਾਜ਼ ਵੱਲ ਇਸ਼ਾਰਾ ਕਰਕੇ ਕਹਿੰਦੇ ਹਾਂ ਕਿ ਬਾਹਰਲੇ ਦੇਸ਼ਫਿਰ ਉਹ ਵੀਡਿਉ ਕਾਲ ’ਤੇ ਗੱਲ ਕਰਨ ਦੀ ਜ਼ਿਦ ਕਰਦੀ ਹੈ ਉਸ ਨੂੰ ਕਿੰਝ ਸਮਝਾਈਏ ਕਿ ਧੀ ਰਾਣੀਏ! ਇਸ ਜਹਾਨੋਂ ਤੁਰ ਜਾਣ ਵਾਲਿਆਂ ਦੇ ਮੋਬਾਇਲ ਨੰਬਰ ਹਮੇਸ਼ਾ ਲਈ ਸਾਡੀ ਪਹੁੰਚ ਤੋਂ ਦੂਰ ਹੋ ਜਾਂਦੇ ਨੇ, ਉਹ ਤਾਰੀਖਾਂ ਤਾਂ ਮੁੜ ਕੇ ਅਕਸਰ ਆ ਜਾਂਦੀਆਂ ਪਰ ਹਮੇਸ਼ਾ ਲਈ ਛੱਡ ਕੇ ਗਏ ਆਪਣੇ, ਕਦੇ ਨਹੀਂ ਮੁੜਦੇ

ਅੱਜ ਮੈਂ ਮਹਿਸੂਸ ਕਰਦਾ ਹਾਂ, ਜੇਕਰ ਸਾਡੀ ਜ਼ਿੰਦਗੀ ਵਿੱਚ ਵੀ ਕੋਈ ਫ਼ਿਕਰ ਕਰਨ ਵਾਲਾ ਹੈ ਤਾਂ ਸਾਨੂੰ ਹਮੇਸ਼ਾ ਸ਼ੁਕਰ ਮਨਾਉਣਾ ਚਾਹੀਦਾ ਹੈ ਕਿਉਂਕਿ ਉਸਦੇ ਜਿਊਂਦੇ-ਜੀਅ ਸਾਡੇ ਮੋਬਾਇਲ ਫ਼ੋਨ ’ਤੇ ਵੱਜਦੀ ਫ਼ਿਕਰ ਵਾਲੀ ਘੰਟੀ ਐਨਾ-ਤੰਗ ਪਰੇਸ਼ਾਨ ਨਹੀਂ ਕਰਦੀ, ਜਿੰਨਾ ਤੰਗ ਪਰੇਸ਼ਾਨ ਉਸਦੇ ਜਹਾਨੋਂ ਤੁਰ ਜਾਣ ਤੋਂ ਬਾਅਦ ਖਾਮੋਸ਼ ਹੋਣ ’ਤੇ ਕਰਦੀ ਹੈ

*       *       *       *       *

ਨੋਟ: ਹਰ ਲੇਖਕ ਸਰੋਕਾਰ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲ ਕੇ ਰੱਖੇ।

ਰਚਨਾਵਾਂ ਸਬੰਧੀ ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)

About the Author

Sandeep Chittarkar

Sandeep Chittarkar

Pro. Sandeep Chittarkar (Bhawanigarh, Sangrur, Punjab, India)
WhatsApp: (91 - 99884 - 26106)
Email: (sandeepchitarkar@gmail.com)