“ਜਗਰਾਓਂ, ਲੁਧਿਆਣਾ, ਸਮਰਾਲਾ, ਮੋਹਾਲੀ, ਫਿਰ ਤਾਂ ਚੰਡੀਗੜ੍ਹ ਤਕ ਐਹੋ ਜਿਹਾ ਕਿਹੜਾ ...”
(15 ਮਾਰਚ 2025)
ਮੇਰਾ ਫੌਜੀ ਬਾਪ ਕਈ ਦਿਨਾਂ ਤੋਂ ਮੇਰੇ ਨਾਲ ਕੁੱਤੇਖਾਣੀ ਕਰਦਾ ਆ ਰਿਹਾ ਸੀ। ਉਂਜ ਉਹ ਆਪਣੀ ਥਾਂਵੇਂ ਸੱਚਾ ਸੀ। ਨੌਕਰੀ ਲਈ ਹੱਥ ਪੈਰ ਤਾਂ ਮਾਰਨੇ ਹੀ ਪੈਣੇ ਸਨ। ਉਸਦੇ ਕਹਿਣ ਮੂਜਬ ਘਰੇ ਬੈਠਿਆਂ ਨੂੰ ਭਲਾ ਕੌਣ ‘ਆਡਰ’ ਹੱਥ ਵਿੱਚ ਫੜਾਉਂਦਾ ਹੈ। ਉਹ ਆਪ ਵੀ ਆਪਣੇ ਮਹਿਕਮੇ ਦੇ ਐੱਸ ਡੀ ਓ, ਐਕਸੀਅਨ ਤੋਂ ਲੈ ਕੇ ਐੱਸ ਈ ਤਕ ਦੇ ਅਹੁਦਿਆਂ ਵਾਲੇ ਅਫਸਰਾਂ ਅੱਗੇ ਮੇਰੀ ਨੌਕਰੀ ਲਈ ਲਿਖਤੀ ਅਤੇ ਜ਼ੁਬਾਨੀ ਅਰਜ਼ੀਆਂ ਪਾਉਂਦਾ ਰਹਿੰਦਾ ਸੀ। ਉਸਦਾ ਮੰਨਣਾ ਸੀ ਕਿ ਬੰਦੇ ਨੂੰ ਇੱਕ ਵਾਰ ਕਿਸੇ ਵੀ ਛੋਟੀ-ਮੋਟੀ ਨੌਕਰੀ ’ਤੇ ਅੜ ਜਾਣਾ ਚਾਹੀਦਾ ਹੈ, ਫਿਰ ਹੌਲੀ ਹੌਲੀ ਆਪੇ ਸੈੱਟ ਹੋ ਜਾਂਦਾ ਹੈ। ਉਹ ਅਕਸਰ ਆਖਦਾ, “ਕਾਕਾ! ਕੇਰਾਂ ਖੜ੍ਹਨ ਨੂੰ ਥਾਂ ਮਿਲ ਜੇ, ਬਹਿਣ ਨੂੰ ਆਪੇ ਬਣ ਜਾਂਦੀ ਹੁੰਦੀ ਆ।”
ਇਸੇ ਕਰਕੇ ਉਸਨੇ ਕਿਸੇ ਨੂੰ ਆਖ-ਵੇਖ ਕੇ ਮੈਨੂੰ ਪਹਿਲਾਂ ਦੁੱਧ ਵਾਲੀ ਫੈਕਟਰੀ ‘ਨੈਸਲੇ’ ਵਿੱਚ ਵਰਕ ਮੁਨਸ਼ੀ ਤੇ ਫਿਰ ਹੜ੍ਹਾਂ ਨਾਲ ਢਹਿ ਗਏ ਸਤਲੁਜ ਦਰਿਆ ਦੇ ਬਣਾਏ ਜਾ ਰਹੇ ਬੰਨ੍ਹ ’ਤੇ ਸੁਪਰਵਾਈਜ਼ਰ ਲੁਆ ਦਿੱਤਾ ਸੀ। ਇਹ ਕਹਿਣ ਨੂੰ ਹੀ ਸੁਪਰਵਾਈਜ਼ਰੀ ਸੀ, ਉਂਜ ਕੰਮ ਸਾਰਾ ਬੇਲਦਾਰੀ ਵਾਲਾ ਹੀ ਸੀ। ਬਾਪੂ ਦੀ ਚਾਹਤ ਦੇ ਅਨੁਸਾਰ ਮੈਂ ਇਨ੍ਹਾਂ ਨੌਕਰੀਆਂ ਵਿੱਚ ਛੇ ਮਹੀਨਿਆਂ ਤੋਂ ਵੱਧ ‘ਅੜਿਆ’ ਨਹੀਂ ਸੀ ਰਹਿ ਸਕਿਆ ਤੇ ਬਹਿਣ ਲਈ ਥਾਂ ਬਣਾਉਣ ਤੋਂ ਪਹਿਲਾਂ ਹੀ ਚੰਗੀ ਭਲੀ ਨੌਕਰੀ ਨੂੰ ਲੱਤ ਮਾਰ ਆਇਆ ਸਾਂ। ਇਸੇ ਵਜਾਹ ਕਰਕੇ ਦੂਜੇ-ਚੌਥੇ ਬਾਪੂ ਦੀ ਕੁੱਤੇਖਾਣੀ ਦਾ ਸ਼ਿਕਾਰ ਹੋਣਾ ਕੁਦਰਤੀ ਸੀ।
ਬਾਪ ਆਪਣੇ ਮਹਿਕਮੇ ਦੇ ਹੀ ਨਹੀਂ, ਮਿਲਣ ਆਏ ਹਰੇਕ ਬੰਦੇ ਅੱਗੇ ਮੇਰੀ ਨੌਕਰੀ ਦਾ ਰੋਣਾ ਲੈਕੇ ਬਹਿ ਜਾਂਦਾ। ਉਹ ਮੈਨੂੰ ਛੇਤੀ ਤੋਂ ਛੇਤੀ ਉਵਰਸੀਅਰ ਲੱਗਾ ਵੇਖਣਾ ਚਾਹੁੰਦਾ ਸੀ। ਮੇਰੀ ਉਵਰਸੀਅਰੀ ਉਸਦੀ ਧੌਣ ਸ਼ਰੀਕੇ ਕਬੀਲੇ ਵਿੱਚ ਉੱਚੀ ਕਰ ਸਕਦੀ ਸੀ। ਦਰਅਸਲ ਉਹ ਆਪਣੇ ਮਹਿਕਮੇ ਦੇ ਉਵਰਸੀਅਰਾਂ ਦੀ ਠਾਠ-ਬਾਠ ਵੇਖਦਾ ਰਹਿੰਦਾ ਸੀ। ਪੈਸੇ ਤਾਂ ਉਹਨਾਂ ਨੂੰ ਮੀਂਹ ਵਾਂਗ ਵਰ੍ਹਦੇ। ਬਾਪ ਮੇਰੇ ਜੇਈ ਬਣਨ ਅਤੇ ਨੋਟਾਂ ਦੀਆਂ ਗੁੱਥੀਆਂ ਆਪ ਮੁਹਾਰੇ ਘਰੇ ਤੁਰੀਆਂ ਆਉਣ ਦੇ ਸੁਪਨੇ ਵੇਖਦਾ ਰਹਿੰਦਾ।
ਉਹਨਾਂ ਦਿਨਾਂ ਵਿੱਚ ਹੀ ਉਸਨੇ ਪੰਚਾਇਤੀ ਵਿਭਾਗ ਵਿੱਚ ਜੇਈ ਲੁਆਉਣ ਲਈ ਸਾਡੇ ਇੱਕ ਐੱਮ ਐੱਲ ਏ ਨਾਲ ਗੱਲ ਕਰ ਲਈ। ਅਸੀਂ ਉਸ ਐੱਮ ਐੱਲ ਏ ਦੀ ਔਕਾਤ ਅਤੇ ਨਿਜਤ ਬਾਰੇ ਚੰਗੀ ਤਰ੍ਹਾਂ ਜਾਣਦੇ ਸਾਂ ਪਰ ਬਾਪ ਬੜੀ ਜਲਦੀ ਦੂਜੇ ’ਤੇ ਵਿਸ਼ਵਾਸ ਕਰ ਲੈਂਦਾ ਸੀ। ਦਰਅਸਲ ਉਹ ਹਰ ਇੱਕ ਨੂੰ ਆਪਣੇ ਵਰਗਾ ਦਿਲ ਦਾ ਸਾਫ ਤੇ ਵਲ਼-ਛਲ ਤੋਂ ਰਹਿਤ ਸਮਝਦਾ ਸੀ। ਬਾਪ ਨੇ ਐੱਮ ਐੱਲ ਏ ਨਾਲ ਪੈਸੇ ਦੇਣ ਦੀ ਅੱਟੀ ਸੱਟੀ ਲਾ ਲਈ। ਇਹ ਤਾਂ ਸਾਡੀ ਚੰਗੀ ਕਿਸਮਤ ਸੀ ਕਿ ਪੈਸਿਆਂ ਦਾ ਹੀ ਕਿੱਧਰੋਂ ਜੁਗਾੜ ਨਾ ਹੋ ਸਕਿਆ ਨਹੀਂ ਤਾਂ ਉਸ ਨੇਤਾ ਨੇ ਸਾਨੂੰ ਨਿਹੰਗਾਂ ਦੇ ਬਾਟੇ ਵਾਂਗ ਮਾਂਜ ਦੇਣਾ ਸੀ। ਜਿਹੜੀ ਅਸਾਮੀ ’ਤੇ ਰਖਵਾਉਣ ਦੀ ਉਹ ਗੱਲ ਕਰਦਾ ਸੀ, ਉਹ ਭਰਤੀ ਹੋਈ ਹੀ ਨਹੀਂ ਸੀ। ਜੇ ਅਸੀਂ ਪੈਸੇ ਫਸਾ ਬਹਿੰਦੇ, ਖੁਰਦ-ਬੁਰਦ ਹੋ ਜਾਣੇ ਸਨ। ਖੂਹ ਵਿੱਚ ਡਿਗੀ ਇੱਟ ਦੇ ਸੁੱਕੇ ਮੁੜਨ ਦਾ ਤਾਂ ਸਵਾਲ ਹੀ ਪੈਦਾ ਨਹੀਂ ਸੀ ਹੁੰਦਾ।
ਮੇਰੀ ਨੌਕਰੀ ਦੀ ਭਾਲ ਕਰਦਿਆਂ ਹੀ ਬਾਪ ਦਾ ਵਾਹ “ਮਨੋਹਰ” ਨਾਲ ਪੈ ਗਿਆ ਸੀ। ਮਨੋਹਰ ਸਾਡੇ ਗੁਆਂਡੀ ਪਿੰਡ ਦਾ ਹੋਣ ਕਰਕੇ ਅਕਸਰ ਲੰਘਦਾ-ਵੜਦਾ ਬਾਪੂ ਨੂੰ ਮਿਲ ਪੈਂਦਾ। ਮਨੋਹਰ ਕਿਸੇ ਵਕਤ ਸਾਹਿਤ ਪੜ੍ਹਨ ਦਾ ਵੀ ਸ਼ੌਕੀਨ ਰਿਹਾ ਸੀ ਅਤੇ ਇਲਾਕੇ ਦੀਆਂ ਸਾਹਿਤਕ ਸਰਗਰਮੀਆਂ ਵਿੱਚ ਵੀ ਭਾਗ ਲੈਂਦਾ ਰਿਹਾ ਸੀ। ਅਗਾਂਹਵਧੂ ਰੁਚੀਆਂ ਵਾਲਾ ਹੋਣ ਕਾਰਨ ਕਿਸੇ ਵਕਤ ਉਸਨੇ ਸ਼ਹੀਦ ਭਗਤ ਸਿੰਘ ਦੀ ਭੈਣ ਨੂੰ ਵੀ ਆਪਣੇ ਪਿੰਡ ਲਿਆਂਦਾ ਸੀ। ਸਾਹਿਤ ਵੀ ਮਨੋਹਰ ਨਾਲ ਨੇੜਤਾ ਦਾ ਸਬੱਬ ਬਣਿਆ ਸੀ। ਸਾਹਿਤ ਲਿਖਣ ਪੜ੍ਹਨ ਕਾਰਨ ਮੇਰੀ ਉਸ ਨਾਲ ਵਾਕਫ਼ੀ ਹੋਈ ਸੀ ਤੇ ਫਿਰ ਉਸਦੀ ਮੇਰੇ ਨਾਲ ਵਾਕਫ਼ੀ, ਬਾਪੂ ਨਾਲ ਨੇੜਤਾ ਵਿੱਚ ਬਦਲ ਗਈ ਸੀ। ਸ਼ਰਾਬ ਮਨੋਹਰ ਦੀ ਕਮਜ਼ੋਰੀ ਸੀ। ਉਹ ਹਰ ਵੇਲੇ ਟੁੰਨ ਹੋਇਆ ਰਹਿੰਦਾ। ਲੰਘਦੇ-ਵੜਦੇ ਮਨੋਹਰ ਬਾਬੂ ਨੇ ਬਾਪੂ ਹੱਥ ਕਿਹੜੇ ਵੇਲੇ ਮੇਰੀ ਨੌਕਰੀ ਦਾ ਛੁਣਛੁਣਾ ਫੜਾ ਦਿੱਤਾ, ਮੈਨੂੰ ਪਤਾ ਹੀ ਨਾ ਲੱਗਾ।
“ਫਿਕਰ ਨਾ ਕਰ ਬਾਈ ਬਾਵਾ ਸਿਆਂ! ਗੁਰਮੀਤ ਤੇਰਾ ਈ ਨ੍ਹੀ ਸਾਡਾ ਵੀ ਮੁੰਡਾ ਆ। ਸਾਡੇ ਤਾਂ ‘ਲਾਕੇ ਦਾ ਮਾਣ ਐ। ਨੌਕਰੀ ਸਾਲੀ ਕਿੱਡੀ ਕੁ ਗੱਲ ਐ? ਮੈਂ ਆਪ ਲੈਕੇ ਜਾਊਂ ਚੰਡੀਗੜ੍ਹ ਵੱਡੇ ਭਰਾ ਕੋਲ। ਉਹ ਆਪੇ ਹੱਲ ਕਰੂ। ਏਹਦੀ ਨੌਕਰੀ ਆਲਾ ਫਿਕਰ ਤਾਂ ਲਾਹਦੇ ਸਿਰ ‘ਤੋਂ।” ਮਨੋਹਰ ਸ਼ਰਾਬੀ ਦੀਆਂ ਇਨ੍ਹਾਂ ਗੱਲਾਂ ’ਤੇ ਯਕੀਨ ਕਰਨ ਦਾ ਬਾਪੂ ਕੋਲ ਵੱਡਾ ਕਾਰਨ ਸੀ। ਉਸਦਾ ਵੱਡਾ ਭਰਾ ਚੰਡੀਗੜ੍ਹ ਰੋਜ਼ਗਾਰ ਦਫਤਰ ਵਿੱਚ ਕੋਈ ਉੱਚ ਅਫਸਰ ਸੀ। ਸ਼ਾਇਦ ਚੰਡੀਗੜ੍ਹ ਦੇ ਰੁਜ਼ਗਾਰ ਦਫਤਰ ਦਾ ਮੁਖੀ ਹੀ ਹੋਵੇ। ਮਨੋਹਰ ਦਾ ਦੂਸਰਾ ਭਰਾ ਇੱਕ ਵਧੀਆ ਲੇਖਕ, ਨੇੜਲੇ ਕਾਲਜ ਦਾ ਪ੍ਰੋਫੈਸਰ ਤੇ ਇਲਾਕੇ ਦਾ ਮੰਨਿਆਂ-ਦੰਨਿਆਂ ਬੰਦਾ ਸੀ। ਮਨੋਹਰ ਦੇ ਚਾਚਿਆਂ-ਤਾਇਆਂ ਦੇ ਜੁਆਕ ਵੀ ਚੰਗੀਆਂ ਪੋਸਟਾਂ ’ਤੇ ਲੱਗੇ ਹੋਏ ਸਨ। ਸਾਰਾ ਪਰਿਵਾਰ ਇਲਾਕੇ ਦਾ ਮਾਣ ਮਰਯਾਦਾ ਵਾਲਾ ਪਰਿਵਾਰ ਗਿਣਿਆ ਜਾਂਦਾ ਸੀ।
ਕਈ ਦਿਨ ਤਾਂ ਮੈਂ ਜਾਣ ਤੋਂ ਟਾਲ-ਮਟੋਲ ਕਰਦਾ ਰਿਹਾ ਪਰ ਰੋਜ਼ ਦੀ ‘ਕੁੱਤੇਖਾਣੀ’ ਨੇ ਮੈਨੂੰ ਹਥਿਆਰ ਸੁੱਟਣ ਲਈ ਮਜਬੂਰ ਕਰ ਦਿੱਤਾ। ਮੈਂ ਉਸ ਨਾਲ ਚੰਡੀਗੜ੍ਹ ਜਾਣ ਦੀ ਹਾਮੀ ਭਰ ਦਿੱਤੀ।
ਚੰਡੀਗੜ੍ਹ ਕੋਈ ਨੇੜੇ ਤਾਂ ਨਹੀਂ ਸੀ? ਫਿਰ ਪੁੱਤ ਨੇ ਨੌਕਰੀ ਲੈਣ ਜਾਣਾ ਸੀ, ਤੇ ਉਹ ਵੀ ਉਵਰਸੀਅਰੀ ਦੀ। ਨੋਟਾਂ ਦੇ ਢੇਰ ਲਾ ਦੇਣ ਵਾਲੀ। ਸੀਮੈਂਟ, ਸਰੀਆ, ਰੇਤਾ, ਬੱਜਰੀ, ਤੇ ਇੱਥੋਂ ਤਕ ਕਿ ਮਿੱਟੀ ਵੀ ਵੇਚ ਕੇ ਰੁਪਇਆਂ ਨਾਲ ਘਰ ਭਰ ਲੈਣ ਵਾਲੀ। ਬਾਪੂ ਨੇ ਖਾਸੇ ਨੋਟ ਮੇਰੇ ਬੋਝੇ ਪਾ ਦਿੱਤੇ। ਆਪਣੇ ਸਾਰੇ ਸਰਟੀਫਿਕੇਟ ਮੈਂ ਪਲਾਸਟਿਕ ਦੇ ਲਿਫ਼ਾਫ਼ੇ ਵਿੱਚ ਪਾ, ਅਤੇ ਲਿਫਾਫਾ ਇੱਕ ਬੈਗ ਵਿੱਚ ਪਾ ਕੇ ਮਨੋਹਰ ਨੂੰ ਨੇੜਲੇ ਸ਼ਹਿਰ ਜਾ ਮਿਲਿਆ।
“ਜਾਹ ਭੱਜਕੇ ਇੱਕ ਪਊਆ ਫੜ ਲਿਆ।” ਕਿਸੇ ਜਾਣੂ ਫੋਟੋਗ੍ਰਾਫਰ ਦੀ ਦੁਕਾਨ ’ਤੇ ਬੈਠਿਆਂ ਮਨੋਹਰ ਨੇ ਆਪਣਾ ਪਹਿਲਾ ਮਨੋਹਰ ਬਚਨ ਉਚਾਰਿਆ। ਬਿਨਾਂ ਕੋਈ ਹੀਲ ਹੁੱਜਤ ਕੀਤਿਆਂ ਮੈਂ ਸਾਊ ਨਿਆਣੇ ਵਾਂਗ ਠੇਕੇ ਤੋਂ ਅੰਗਰੇਜ਼ੀ ਦਾ ਪਊਆ ਫੜ ਲਿਆਇਆ। ਉਸਨੇ ਢੱਕਣ ਖੋਲ੍ਹਿਆ ਤੇ ਬਿਨਾਂ ਪਾਣੀ ਪਾਇਆਂ ਪਊਆ ਮੂੰਹ ਨੂੰ ਲਾਕੇ ਗਟ-ਗਟ ਕਰਕੇ ਦਾਰੂ ਅੰਦਰ ਸੁੱਟ ਲਈ। ਮੇਰੇ ਅੰਦਰ ਮਾਣਕ ਦਾ ਗੀਤ ਵੱਜਣ ਲੱਗਾ।
ਜਗਰਾਓਂ, ਲੁਧਿਆਣਾ, ਸਮਰਾਲਾ, ਮੋਹਾਲੀ, ਫਿਰ ਤਾਂ ਚੰਡੀਗੜ੍ਹ ਤਕ ਐਹੋ ਜਿਹਾ ਕਿਹੜਾ ਸਟੇਸ਼ਨ ਸੀ, ਜਿਸਦੇ ਠੇਕੇ ਦੀ ਦਾਰੂ ਨੇ ‘ਮਨੋਹਰ ਭਾਜੀ’ ਦੇ ਅੰਦਰ ਵੱਲ ਯਾਤਰਾ ਨਾ ਕੀਤੀ ਹੋਵੇ। ਮੈਂ ਅੱਕੇ ਨੇ ਇੱਕ ਵਾਰ ਆਖਿਆ, “ਬੋਤਲ ਈ ਲੈ ਲਈਏ, ਸਸਤੀ ਪਊ।”
“ਨਹੀਂ-ਨਹੀਂ ਐਨੀ ਕੀ ਕਰਨੀ, ਪਊਆ ਵਾਧੂ ਆ। ਲੋੜ ਹੋਈ ਫਿਰ ਲੈ ਲਵਾਂਗੇ।” ਆਖਦਿਆਂ ਉਹ ਸਤਾਰਾਂ ਸੈਕਟਰ ਬੱਸ ਅੱਡੇ ਦੇ ਸਾਹਮਣੇ ਵਾਲੀ ਮਾਰਕੀਟ ਦੇ ਠੇਕੇ ਵੱਲ ਲੈ ਤੁਰਿਆ।
“ਰਾਤ ਕੋਚਰੀ ਬੋਲੇ ਵਾਲੇ ਸਿੱਧੂ ਦਮਦਮੀ ਨੂੰ ਜਾਣਦੈਂ?”
“ਜਾਣਦਾ ਤਾਂ ਨ੍ਹੀ ਪੜ੍ਹਿਆ ਜ਼ਰੂਰ ਆ।”
“ਚੱਲ ਤੈਨੂੰ ਮਿਲਾ ਕੇ ਲਿਆਵਾਂ।”
ਫਿਰ ਉਹ ਮੈਨੂੰ ਸੀ ਐੱਸ ਆਈ ਦੇ ਦਫਤਰ ਲੈ ਵੜਿਆ ਸੀ। ਤਿੱਖੇ ਨੈਣ ਨਕਸ਼ਾਂ ਵਾਲੇ ਪਤਲੇ ਜਿਹੇ ਸਰਦਾਰ ਦੀਆਂ ਬਾਜ਼ ਵਰਗੀਆਂ ਅੱਖਾਂ ਗੱਲਾਂ ਕਰਦੀਆਂ ਲੱਗਦੀਆਂ ਸਨ।
“ਫੌਜਾਂ ਕਿਸੇ ਮਾਰ ’ਤੇ ਲੱਗਦੀਆਂ?” ਮੈਨੂੰ ਲੱਗਾ ਹਸੂੰ-ਹਸੂੰ ਕਰਦੀਆਂ ਅੱਖਾਂ ਦੇ ਇਨ੍ਹਾਂ ਸ਼ਬਦਾਂ ਵਿੱਚ ਕੋਈ ਡੂੰਘੀ ਰਮਜ਼ ਸੀ।
“ਇਹ ਆਪਣਾ ਨਵਾਂ ਕਹਾਣੀਕਾਰ ਐ। ਇਹ ...।”
“ਅੱਛਾ!”
“ਕਲਮ ਚੰਗੀ ਐ ਮੁੰਡੇ ਦੀ। ਵਧੀਆ ਲਿਖਦਾ। ਕਈ ਕਹਾਣੀਆਂ ...।”
“ਤੇਰੇ ਨਾਲ ਰਹਿਕੇ ਵਧੀਆ ਈ ਲਿਖੂ।” ਹੱਸਦੀਆਂ ਅੱਖਾਂ ਦਾ ਵਿਅੰਗ ਮੇਰੀ ਤਾਂ ਪਕੜ ਵਿੱਚ ਆ ਗਿਆ ਸੀ ਪਰ ਮਨੋਹਰ ਅੰਦਰਲੀ ਦਾਰੂ ਨੇ ਇਸ ਵਿਅੰਗ ਦੀ ਧਾਰ ਨੂੰ ਗੌਲਿਆ ਤਕ ਨਹੀਂ ਸੀ। ਕੋਈ ਹੋਰ ਸਮਾਂ ਹੁੰਦਾ ਮੈਂ “ਰਾਤ ਕੋਚਰੀ ਬੋਲੇ” ਵਰਗੀ ਸ਼ਾਹਕਾਰ ਕਹਾਣੀ ਲਿਖਣ ਵਾਲੇ ਸਿੱਧੂ ਦਮਦਮੀ ਨਾਲ ਇਸ ਕਹਾਣੀ ਬਾਰੇ ਕਈ ਗੱਲਾਂ ਕਰ ਲੈਣੀਆਂ ਸਨ ਤੇ ਉਸ ਨੂੰ ਕਹਾਣੀ ਵਿਧਾ ਤੋਂ ਪਾਸਾ ਵੱਟ ਲੈਣ ਬਾਰੇ ਵੀ ਸਵਾਲ ਕਰਨਾ ਸੀ ਪਰ ਹੁਣ ਤਾਂ ਮੈਨੂੰ ਬਹੁਤਾ ਸਮਾਂ ਉੱਥੇ ਬੈਠਣਾ ਮੁਸ਼ਕਿਲ ਹੋਇਆ ਪਿਆ ਸੀ। ਦਾਰੂ ਦੀ ਲੋਰ ਵਿੱਚ ਮਨੋਹਰ ਯੱਬਲੀਆਂ ਮਾਰੀ ਜਾਂਦਾ ਸੀ।
“ਚਾਹ ਤਾਂ ਲਗਦਾ ਤੂੰ ਪੀਣੀ ਨ੍ਹੀ। ਆਪਣੇ ਨਵੇਂ ਕਹਾਣੀਕਾਰ ਨੂੰ ਕਿਤੇ ਫਿਰ ਪਿਆ ਦਿਆਂਗੇ। ਦਰਅਸਲ ਮੇਰਾ ਕਿਤੇ ਪ੍ਰੋਗਰਾਮ ਬਣਿਆ ਪਹਿਲਾਂ ਦਾ। ਮੈਂ ਨਿਕਲਣਾ ਜਲਦੀ।” ਸਿੱਧੂ ਦਮਦਮੀ ਸ਼ਰਾਬੀ ਤੋਂ ਖਹਿੜਾ ਛਡਾਉਣ ਦੇ ਰੌਂ ਵਿੱਚ ਸੀ।
“ਕੋਈ ਨਾ ... ਕੋਈ ਨਾ।” ਆਖਦਿਆਂ ਅਸੀਂ ਬਾਹਰ ਆ ਗਏ ਸਾਂ।
“ਤੈਨੂੰ ਪੰਜਾਬੀ ਟ੍ਰਿਬਿਊਨ ਦੇ ਸੰਪਾਦਕ ਨੂੰ ਮਿਲਾਉਨੈ। ਆਪਣਾ ਯਾਰ ਐ।”
“ਸੰਪਾਦਕ ਨੂੰ ਫਿਰ ਮਿਲ ਲਾਂਗੇ ਪਹਿਲਾਂ ਆਪਣੇ ਕੰਮ ਦਾ ਪਤਾ ਕਰਲੀਏ।” ਮੈਂ ਜਕਦੇ-ਜਕਾਉਂਦਿਆਂ ਆਖਿਆ। ਸੂਰਜ ਮਹਾਰਾਜ ਪੱਛਮ ਵਾਲੇ ਪਾਸੇ ਨੂੰ ਟੇਢਾ ਹੋਇਆ ਸ਼ੂਟਾਂ ਵੱਟੀ ਜਾਂਦਾ ਸੀ।
“ਚੱਲ ਫਿਰ।” ਨਸ਼ੇ ਦੀ ਲੋਰ ਵਿੱਚ ਝੂਮਦਾ ਉਹ ਚੰਡੀਗੜ੍ਹ ਦੇ ਰੋਜ਼ਗਾਰ ਦਫਤਰ ਵੱਲ ਹੋ ਤੁਰਿਆ। ਦਫਤਰ ਦੀਆਂ ਪੌੜੀਆਂ ਚੜ੍ਹਕੇ ਉਹ “ਜੇ ਸੀ ਸ਼ਰਮਾ” ਦੇ ਨੇਮ ਪਲੇਟ ਵਾਲੇ ਇੱਕ ਕਮਰੇ ਮੋਹਰੇ ਜਾ ਖੜ੍ਹਾ। ਮਨੋਹਰ ਨੇ ਇੱਕ ਦੋ ਕਰਮਚਾਰੀਆਂ ਨੂੰ “ਵੱਡੇ ਭਾਈ ਸਾਹਬ” ਬਾਰੇ ਪੁੱਛਿਆ ਤਾਂ ਉਹ, “ਸ਼ਰਮਾ ਜੀ ਤਾਂ ਛੁੱਟੀ ’ਤੇ ਨੇ।” ਆਖਦਿਆਂ ਪਰ੍ਹਾਂ ਨੂੰ ਖਿਸਕ ਗਏ। ਮੈਨੂੰ ਲੱਗਿਆ ਜਿਵੇਂ ਉਹ ‘ਛੋਟੇ ਭਾਈ ਸਾਹਬ’ ਨੂੰ ਪਹਿਲਾਂ ਤੋਂ ਹੀ ਜਾਣਦੇ ਸਨ।
“ਭਾਈ ਸਾਬ੍ਹ ਡੇਰਾ ਬੱਸੀ ਰਹਿੰਦੇ ਨੇ, ਆਪਾਂ ਚੱਲਦੇ ਆਂ ਉੱਥੇ। ਰਾਤ ਉਹਨਾਂ ਕੋਲ ਰਹਾਂਗੇ, ਨਾਲੇ ਖੁੱਲ੍ਹਕੇ ਗੱਲਬਾਤ ਹੋਜੂ। ਪਹਿਲਾਂ ਆਪਾਂ ਟ੍ਰਿਬਿਊਨ ਚੱਲਦੇ ਆਂ, ਉੱਥੋਂ ਈ ਅੱਗੇ ਡੇਰਾ ਬੱਸੀ ਆਲੀ ਬੱਸ ਫੜਲਾਂਗੇ।” ਮੈਨੂੰ ਬਾਹੋਂ ਫੜ ਕੇ ਧੂੰਹਦਾ ਮਨੋਹਰ ਡੀ ਟੀ ਸੀ ਦੀ ਵਿੱਚ ਬੱਸ ਚੜ੍ਹ ਗਿਆ।
ਟ੍ਰਿਬਿਊਨ ਅਖਬਾਰ ਦੀ ਅੰਬਰ ਛੂੰਹਦੀ ਇਮਾਰਤ ਵੇਖਕੇ ਮੈਂ ਡੌਰ-ਭੌਰ ਜਿਹਾ ਹੋ ਗਿਆ। ਮੈਂ ਕਿਸੇ ਅਖਬਾਰ ਦੀ ਇਮਾਰਤ ਜ਼ਿੰਦਗੀ ਵਿੱਚ ਪਹਿਲੀ ਵਾਰ ਵੇਖ ਰਿਹਾ ਸਾਂ। ਪੰਜਾਬੀ ਟ੍ਰਿਬਿਉਨ ਮੈਨੂੰ ਪਹਿਲੇ ਦਿਨੋਂ ਹੀ ਖਿੱਚ ਪਾਉਂਦਾ ਰਿਹਾ ਸੀ। ਮੇਰਾ ਮਨਪਸੰਦ ਕਹਾਣੀਕਾਰ ਪ੍ਰੇਮ ਗੋਰਖੀ ਇੱਥੇ ਹੀ ਸੀ। ਹਰਭਜਨ ਹਲਵਾਰਵੀ ਦੀਆਂ ਕਵਿਤਾਵਾਂ ਦਾ ਮੈਂ ਵੱਡਾ ਪ੍ਰਸ਼ੰਸਕ ਸਾਂ। ਉਸਦਾ ਨਕਸਲੀ ਪਿਛੋਕੜ ਵੀ ਮੈਨੂੰ ਚੰਗਾ-ਚੰਗਾ ਲਗਦਾ ਸੀ।
ਮਨੋਹਰ ਧੁੱਸ ਦੇ ਕੇ ਸੰਪਾਦਕ ਦੇ ਕਮਰੇ ਵਿੱਚ ਵੜ ਗਿਆ। ਮੈਂ ਵੀ ਗੁੱਛੀ-ਮੁੱਛੀ ਹੋਇਆ ਉਸਦੇ ਮਗਰੇ-ਮਗਰ ਹੀ ਅੰਦਰ ਲੰਘ ਗਿਆ।
“ਉਏ ਆ ਵਈ ਮੌਦਗਿਲਾ। ਆਜਾ ਆਜਾ। ਘੋੜੇ ਚੜ੍ਹਿਆ ਲੱਗਦਾਂ? ਕਿਵੇਂ ਆਉਣੇ ਹੋਏ?” ਸੰਪਾਦਕ ਦੇ ਕਮਰੇ ਵਿੱਚ ਕਈ ਜਣੇ ਬੈਠੇ ਸਨ। ਸ਼ਾਇਦ ਕੋਈ ਮੀਟਿੰਗ ਹੀ ਚੱਲ ਰਹੀ ਹੋਵੇ। ਹਲਵਾਰਵੀ ਤੋਂ ਇਲਾਵਾ ਮੈਂ ਕਿਸੇ ਨੂੰ ਵੀ ਨਹੀਂ ਸਾਂ ਪਛਾਣਦਾ। ਸੰਪਾਦਕ ਸਮੇਤ ਸਾਰਿਆਂ ਨਾਲ ਉਸਨੇ ਹੱਥ ਮਿਲਾਇਆ। ਇੰਜ ਲੱਗਾ ਜਿਵੇਂ ਸਾਰੇ ਹੀ ਮਨੋਹਰ ਮੌਦਗਿਲ ਦੇ ਆ ਜਾਣ ’ਤੇ ਔਖੇ ਸਨ। ਹੁਣ ਤਕ ਮੈਂ ਸਮਝ ਚੁੱਕਾ ਸਾਂ ਕਿ ਇਸ ਸ਼ਖਸ ਦੀ ਪ੍ਰਸਿੱਧੀ ਦੇ ਝੰਡੇ ਚਾਰ-ਚੁਫੇਰੇ ਝੂਲਦੇ ਸਨ। ਮੈਂ ਸਰਟੀਫਿਕੇਟਾਂ ਵਾਲਾ ਝੋਲਾ ਤੇ ਕੱਪੜਿਆਂ ਵਾਲਾ ਬੈਗ ਹਿੱਕ ਨਾਲ ਘੁੱਟ ਇਕੱਠਾ ਜਿਹਾ ਹੋ ਕੇ ਕੁਰਸੀ ਵਿੱਚ ਧਸ ਗਿਆ।
“ਮੌਦਗਿਲ ਘੋੜੇ ’ਤੇ ਚੜ੍ਹਿਆ ਕਦੋਂ ਨ੍ਹੀ ਹੁੰਦਾ?” ਇੱਕ ਤਿੱਖੀ ਨੋਕ ਵਾਲੀ ਪੱਗ ਵਾਲੇ ਸਰਦਾਰ ਨੇ ਆਖਿਆ।
“ਪੀਣ ਦੇ ਮਾਮਲੇ ਵਿੱਚ ਤਾਂ ‘ਗਿੱਲ’ ਈ ਨ੍ਹੀ ਮਾਣ, ਇਹ ਤਾਂ ਮੂਰ੍ਹੇ ‘ਮੌਦ’ ਵੀ ਲਿਖਾਈ ਫਿਰਦਾ।” ਪਤਾ ਨਹੀਂ ਕਿਸਨੇ ਆਖਿਆ ਪਰ ਸਾਰਿਆਂ ਦਾ ਹਾਸਾ ਛਣਕ ਪਿਆ। ਪਹਿਲੀ ਵਾਰ ਮੇਰੇ ਚਿਹਰੇ ’ਤੇ ਵੀ ਮੁਸਕਰਾਹਟ ਆ ਗਈ।
“ਹਲਵਾਰਵੀ ਸਾਬ੍ਹ! ਇਹ ਮੁੰਡਾ ਆਪਣਾ ਬਰਖੁਰਦਾਰ ਐ। ਨਵਾਂ ਕਹਾਣੀਕਾਰ। ਕਲਮ ਚੰਗੀ ਐ ਮੁੰਡੇ ਦੀ। ਵਧੀਆ ਲਿਖਦਾ। ਕਈ ਕਹਾਣੀਆਂ ...।” ਇੱਥੇ ਵੀ ਉਸਨੇ ਇੰਨ-ਬਿੰਨ ਉਹੀ ਸ਼ਬਦ ਬੋਲੇ ਸਨ, ਜਿਹੜੇ ਸਿੱਧੂ ਦਮਦਮੀ ਕੋਲ ਬੋਲੇ ਸਨ।
“ਕੋਈ ਰਚਨਾ ਲਿਖ ਕੇ ਲਿਆਂਦੀ ਨਾਲ? ਕਾਪੀ ਵਿੱਚੋਂ ਲਿਖਕੇ ਦੇਦੇ। ਛਾਪ ਦੇਣਗੇ।” ਸਾਹਮਣੇ ਵਾਲਿਆਂ ਦਾ ਕੋਈ ਜਵਾਬ ਉਡੀਕੇ ਬਿਨਾਂ ਹੀ ਮਨੋਹਰ ਨੇ ਮੈਨੂੰ ਨਿਰਦੇਸ਼ ਜਾਰੀ ਕਰ ਦਿੱਤਾ।
“ਨਹੀਂ, ਲਿਆਂਦੀ ਨ੍ਹੀ।” ਮੈਂ ਕੁਝ ਅਕੇਵੇਂ ਤੇ ਕੁਝ ਸ਼ਰਮ ਭਰੇ ਭਾਵਾਂ ਨਾਲ ਆਖਿਆ।
“ਕੋਈ ਨਾ, ਘਰੇ ਜਾਕੇ ਭੇਜਦੂ। ਕਿਉਂ ਤਲੀ ’ਤੇ ਸਰ੍ਹੋਂ ਜਮਾਉਨੈ? “ਹਲਵਾਰਵੀ ਨੇ ਆਖਿਆ। ਫਿਰ ਉਹ ਕਿੰਨਾ ਚਿਰ ਮੌਦਗਿੱਲ ’ਤੇ ਵਿਅੰਗ ਕੱਸਦੇ ਹੋਏ ਹਾਸਾ ਠੱਠਾ ਕਰਦੇ ਰਹੇ।
“ਚੱਲੀਏ! ਆਪਾਂ ਲੇਟ ਹੋ ਰਹੇ ਆਂ, ਬੱਸ ਨ੍ਹੀ ਮਿਲਣੀ।” ਮੈਂ ਛੇਤੀ ਤੋਂ ਛੇਤੀ ਉੱਥੋਂ ਖਿਸਕਣਾ ਚਾਹੁੰਦਾ ਸਾਂ।
“ਚੱਲਦੇ ਆਂ, ਚੱਲਦੇ ਆਂ!” ਉਹ ਹੱਥ ਮਾਰਕੇ ਮੈਨੂੰ ਬਹਾਉਣ ਲੱਗਾ।
“ਮੌਦਗਿਲ ਜ਼ਿਦ ਨਹੀਂ ਕਰੀਦੀ, ਮੁੰਡਾ ਠੀਕ ਆਖਦਾ। ਪਹਿਲਾਂ ਆਪਣਾ ਕੰਮ ਧੰਦਾ ਨਿਬੇੜਲੋ। ਆਪਾਂ ਕਿਤੇ ਫਿਰ ਬਹਿਕੇ ਮਾਰਾਂਗੇ ਖੁੱਲ੍ਹੀਆਂ ਗੱਲਾਂ।” ਹਲਵਾਰਵੀ ਨੇ ਮਿਲਾਉਣ ਲਈ ਹੱਥ ਅੱਗੇ ਕਰ ਦਿੱਤਾ। ਇਹ ਸਾਨੂੰ ਜਾਣ ਦਾ ਸਪਸ਼ਟ ਇਸ਼ਾਰਾ ਸੀ।
“ਚੱਲ ਠੀਕ ਐ। ਚੰਗਾ-ਚੰਗਾ, ਫਿਰ ਆਵਾਂਗੇ।”
“ਓਕੇ - ਓਕੇ।” ਬਾਕੀ ਸਾਰਿਆਂ ਨੇ ਉੱਥੋਂ ਹੀ ਹੱਥ ਹਿਲਾ ਦਿੱਤੇ।
“ਯਾਰ ਗੇਟ ਆਲਿਆਂ ਨੂੰ ਆਖੋ, ਏਹਨੂੰ ਨਾ ਆਉਣ ਦਿਆ ਕਰਨ ਅੰਦਰ।” ਸਾਡੇ ਦਰਵਾਜ਼ਾ ਲੰਘਦਿਆਂ ਹੀ ਅਖਬਾਰੀ ਅਮਲੇ ਦੇ ਬੋਲ ਵੀ ਸਾਡੇ ਮਗਰੇ ਤੁਰ ਆਏ।
ਹੁਣ ਸਾਡਾ ਦੋਵਾਂ ਦਾ ਕਾਫ਼ਲਾ ਅਗਲੀ ਬੇਇੱਜ਼ਤੀ ਲਈ ਡੇਰਾ ਬੱਸੀ ਵੱਲ ਕੂਚ ਕਰ ਚੱਕਾ ਸੀ। ਸਾਰੇ ਰਾਹ ਮੈਂ ਆਉਣ ਵਾਲੀਆਂ ਮੁਸ਼ਕਲਾਂ-ਮੁਸੀਬਤਾਂ ਬਾਰੇ ਹੀ ਸੋਚਦਾ ਰਿਹਾ। ਇੱਕ ਘਰ ਦੇ ਮੋਹਰੇ ਜਾਕੇ ਮਨੋਹਰ ਨੇ ਦਰਵਾਜ਼ੇ ’ਤੇ ਲੱਗੀ ਘੰਟੀ ਦੀ ਸਵਿੱਚ ਦੱਬੀ। ਦੋ ਕੁ ਮਿੰਟ ਦੇ ਵਕਫ਼ੇ ਬਾਅਦ ਇੱਕ ਲੜਕੀ ਨੇ ਦਰਵਾਜ਼ਾ ਖੋਲ੍ਹਿਆ। ਸਾਨੂੰ ਵੇਖਦਿਆਂ ਹੀ ਉਹਦਾ ਰੰਗ ਉਡ ਗਿਆ।
“ਮੰਮੀ! ਚਾਚਾ।” ਉਸ ਨੇ ਦਰਵਾਜ਼ੇ ਵਿੱਚ ਖੜ੍ਹਿਆਂ ਹੀ ਪਿੱਛੇ ਨੂੰ ਮੂੰਹ ਕਰਕੇ ਘਰਦਿਆਂ ਨੂੰ ਸੂਚਨਾ ਦਿੱਤੀ। ਅੰਦਰੋਂ ਕੋਈ ਜ਼ਨਾਨਾ ਅਵਾਜ਼ ਆਈ ਜੋ ਮੈਨੂੰ ਤਾਂ ਸੁਣਾਈ ਨਾ ਦਿੱਤੀ ਪਰ ਉਸ ਆਵਾਜ਼ ਦੇ ਹੁਕਮਾਂ ਦੀ ਪਾਲਣਾ ਕਰਦਿਆਂ ਕੁੜੀ ਨੇ “ਠੱਕ” ਕਰਕੇ ਦਰਵਾਜ਼ਾ ਭੇੜ ਲਿਆ।
ਸ਼ਰਾਬੀ ਨੇ ਘੰਟੀ ਦੀ ਸਵਿੱਚ ਕਈ ਵਾਰ ਦਬਾਈ। ਪੰਜ-ਸੱਤ ਮਿੰਟ ਅਸੀਂ ਦਰਵਾਜ਼ਾ ਖੁੱਲ੍ਹਣ ਦਾ ਇੰਤਜ਼ਾਰ ਕਰਦੇ ਰਹੇ। ਦਰਵਾਜ਼ਾ ਕਿੱਥੋਂ ਖੁੱਲ੍ਹਣਾ ਸੀ? ਖੋਲ੍ਹਣ ਵਾਸਤੇ ਤਾਂ ਉਹ ਭੇੜਿਆ ਹੀ ਨਹੀਂ ਸੀ ਗਿਆ। ਹੁਣ ਤਾਂ ਮੈਨੂੰ ਬਿਲਕੁਲ ਹੀ ਸਾਫ ਹੋ ਚੁੱਕਾ ਸੀ ਕਿ ਨੌਕਰੀ ਵਾਲੇ ਕਿਸੇ ਵੀ ਦਰਵਾਜ਼ੇ ਦੀ ਚਾਬੀ ਮਨੋਹਰ ਮੌਦਗਿਲ ਕੋਲ ਨਹੀਂ ਹੈ।
“ਹੁਣ ਕਿੱਥੇ ਜਾਈਏ?” ਮੇਰੇ ਚਿਹਰੇ ’ਤੇ ਲਟਕਦਾ ਸਵਾਲ ਮਨੋਹਰ ਨੇ ਪੜ੍ਹ ਲਿਆ। ਰਾਤ ਦੇ ਨੌਂ ਵੱਜ ਗਏ ਸਨ। ਇਹ ਉਹ ਦਿਨ ਸਨ ਜਦੋਂ ਪਿੰਡਾਂ-ਸ਼ਹਿਰਾਂ ਵਿੱਚ ਸੂਰਜ ਢਲਦਿਆਂ ਹੀ ਰਾਤ ਪੈ ਜਾਂਦੀ ਸੀ। ਚਾਰ-ਚੁਫੇਰੇ ਮੜ੍ਹੀਆਂ ਵਰਗੀ ਚੁੱਪ। ਗਲੀਆਂ ਵਿੱਚ ਦੀ ਅਸੀਂ ਵਾਪਸ ਡੇਰਾ ਬੱਸੀ ਦੇ ਬੱਸ ਅੱਡੇ ਵਿੱਚ ਆ ਗਏ। ਅੱਡੇ ਵਿੱਚ ਬੰਦਾ ਤਾਂ ਕੀ, ਕੋਈ ਪਰਿੰਦਾ ਵੀ ਨਹੀਂ ਸੀ। ਬੱਸ ਅੱਡੇ ਦੀਆਂ ਤਾਂ ਇੱਟਾਂ ਵੀ ਘੂਕ ਸੁੱਤੀਆਂ ਪਈਆਂ ਸਨ। ਮਨੋਹਰ ਕਮਲਿਆਂ ਵਾਂਗ ਮੈਨੂੰ ਕਦੀ ਇੱਧਰ ਤੇ ਕਦੀ ਉੱਧਰ ਲਈ ਫਿਰਦਾ ਰਿਹਾ। ਮੈਂ ਪਹਿਲੀ ਵਾਰ ਘਰੋਂ ਇੰਨੀ ਦੂਰ ਆਇਆ ਸਾਂ।
ਮਨੋਹਰ ਨੇ ਖੀਸੇ ਵਿੱਚੋਂ ਪਊਆ ਕੱਢ ਕੇ ਬਾਕੀ ਬਚਦੀ ਦਾਰੂ ਅੰਦਰ ਸੁੱਟ ਲਈ ਤੇ ਬੱਸ ਸਟੈਂਡ ਦੇ ਨਲਕੇ ਤੋਂ ਪਾਣੀ ਦੀਆਂ ਦੋ ਕੁ ਘੁੱਟਾਂ ਭਰ ਲਈਆਂ। ਅਸੀਂ ਬੱਸ ਅੱਡੇ ਵਿੱਚ ਪੱਕੇ ਤੌਰ ’ਤੇ ਗੱਡੀਆਂ ਪੱਥਰ ਦੀਆਂ ਥੜੀਆਂ ’ਤੇ ਆ ਬੈਠੇ।
“ਕੋਈ ਨਾ, ਕੋਈ ਨਾ। ਤੂੰ ਫਿਕਰ ਨਾ ਕਰ। ਆਪਾਂ ਸਵੇਰੇ-ਸਾਝਰੇ ਕਰਾਂਗੇ ਬਾਈ ਨਾਲ ਗੱਲ।” ਮਨੋਹਰ ਉੱਘ ਦੀਆਂ ਪਤਾਲ ਛੱਡੀ ਜਾਂਦਾ ਸੀ। ਉੱਧਰ ਭੁੱਖ ਮੇਰੀਆਂ ਆਂਦਰਾਂ ਚੀਰੀ ਤੁਰੀ ਜਾਂਦੀ ਸੀ। ਸਵੇਰ ਦੀ ਰੋਟੀ ਖਾਧੀ ਹੋਈ ਸੀ। ਮੇਰੇ ਅੰਦਰ ਗੁੱਸੇ ਦੀਆਂ ਵੱਟਾਂ ਬਣੀ ਜਾਂਦੀਆਂ ਸਨ। ਮੇਰਾ ਜੀਅ ਕਰਦਾ ਸੀ ਪੰਡਤ ਜੀ ਨੂੰ ਢਾਹ ਕੇ ਗੋਡਿਆਂ ਥੱਲੇ ਕਰ ਲਵਾਂ। ਅੰਦਰੋਂ ਮੈਂ ਬੁਰੀ ਤਰ੍ਹਾਂ ਡਰ ਵੀ ਰਿਹਾ ਸਾਂ। ਇਸ ਤਰ੍ਹਾਂ ਆਵਾਗੌਣ ਘੁੰਮਦਿਆਂ ਨੂੰ ਜੇ ਕਿੱਧਰੇ ਪੁਲਿਸ, ਸੀ ਆਰ ਪੀ ਜਾਂ ਬੀ ਐੱਸ ਐੱਫ ਵਾਲੇ ਮਿਲ ਗਏ? ਕੀ ਦੱਸੂੰ ਆਪਣੇ ਬਾਰੇ? ਉਸ ਦੌਰ ਵਿੱਚ ‘ਪੱਗ’ ਅਤੇ ‘ਲੋਈ’ ਤਾਂ ਦਹਿਸ਼ਤ ਦੇ ਚਿੰਨ੍ਹ ਬਣੇ ਪਏ ਸਨ। ਘੜੀ ਮੁੜੀ ਮੇਰਾ ਖਿਆਲ ਆਪਣੀ ਪੱਗ ਵੱਲ ਚਲਾ ਜਾਂਦਾ। ਸਰਦਈ ਰੰਗ ਦੀ ਨੋਕਦਾਰ ਪਟਿਆਲਾ ਸ਼ਾਹੀਂ ਪੱਗ ਦੇ ਥੱਲੇ ਕੇਸਰੀ ਫਿਫਟੀ ਮੇਰਾ ਮਨ ਪਸੰਦ ਪਹਿਰਾਵਾ ਸੀ। ਉਦੋਂ ਇਹ ਇੱਕਲੌਤੀ ਪੱਗ ਹੁੰਦੀ ਸੀ ਕੋਲ। ਮੇਰਾ ਵੱਡਾ ਸਰਮਾਇਆ।
ਠੰਢ ਹੱਡਾਂ ਨੂੰ ਚੀਰਦੀ ਜਾਂਦੀ ਜਾਂਦੀ ਸੀ। ਮੇਰਾ ਦਿਲ ਕਰਦਾ ਸੀ ਕਿ ਝੋਲੇ ਵਿੱਚੋਂ ਲੋਈ ਕੱਢ ਕੇ ਬੁੱਕਲ ਮਾਰ ਲਵਾਂ ਪਰ ਦਹਿਸ਼ਤ ਦੀ ਪ੍ਰਤੀਕ ਇਸ ਦੂਸਰੀ ਨਿਸ਼ਾਨੀ ਨੂੰ ਮੈਂ ਬੈਗ ਦੇ ਅੰਦਰ ਹੀ ਟਿਕਿਆ ਰਹਿਣ ਦੇਣਾ ਯੋਗ ਸਮਝਿਆ।
“ਗੁਰਮੀਤ, ਥੋੜ੍ਹੇ ਜਏ ਪੈਸੇ ਕੱਢ, ਪਊਆ ਫੜ ਲਿਆਵਾਂ। ਮੇਰਾ ਨਸ਼ਾ ਟੁੱਟ ਗਿਆ।” ਸਵੇਰ ਦੇ ਪੰਜ ਪਊਏ ਉਹ ਪਹਿਲਾਂ ਹੀ ਪੀ ਚੁੱਕਾ ਸੀ। ਮੇਰਾ ਗੁੱਸਾ ਸੱਤਵੇਂ ਅਸਮਾਨ ’ਤੇ ਚੜ੍ਹ ਗਿਆ।
“ਖੜੋ ਤੇਰੀ ... ਪਿਆਉਨਾ ਤੈਨੂੰ ਥਰੀ ਐਕਸ ਰੰਮ।” ਇਹ ਗਾਲ੍ਹ ਮੇਰੇ ਅੰਦਰੋਂ ਉੱਠੀ ਜ਼ਰੂਰ ਪਰ ਮੈਂ ਬੁੱਲ੍ਹਾਂ ਤੱਕ ਨਾ ਆਉਣ ਦਿੱਤੀ। ਦਿਮਾਗ ਦੀ ਚੱਕਰੀ ਬੜੀ ਤੇਜ਼ੀ ਨਾਲ ਘੁੰਮਦਿਆਂ ਸ਼ਰਾਬੀ ਤੋਂ ਖਹਿੜਾ ਛਡਾਉਣ ਦੀ ਸੋਚਣ ਲੱਗੀ।
“ਲਓ ਪੈਸੇ! ਤੁਸੀਂ ਆਪ ਜਾਕੇ ਲੈ ਆਉ, ਮੈਂ ਬਾਹਲਾ ਥੱਕ ਗਿਆਂ। ਮੈਂ ਇੱਥੇ ਈ ਬਹਿਨਾ ਥੜੀ ’ਤੇ।” ਮੈਂ ਬਾਪੂ ਦੀ ਖੋਜ ‘ਰੁਜ਼ਗਾਰ ਦਾਤੇ’ ਨੂੰ ਪੈਸੇ ਫੜਾਉਂਦਿਆਂ ਪੱਥਰ ਦੇ ਬਣੇ ਬੈਂਚ ਉੱਪਰ ਢਹਿ ਢੇਰੀ ਹੋ ਗਿਆ।
ਮਨੋਹਰ ‘ਭਾਜੀ’ ਹੁਰੀਂ ਪੈਸੇ ਫੜਕੇ ਠੇਕਾ ਲੱਭਣ ਬਜ਼ਾਰ ਵੱਲ ਹੋ ਤੁਰੇ। ਜਿਉਂ ਹੀ ਉਹ ਗਲੀ ਦਾ ਮੋੜ ਮੁੜਕੇ ਅੱਖੋਂ ਉਹਲੇ ਹੋਏ, ਮੈਂ ਇੱਕ ਪਾਸੇ ਵੱਲ ਨੂੰ ਸ਼ੂਟ ਵੱਟ ਲਈ। ਥੋੜ੍ਹੀ ਦੂਰ ਜਾਕੇ ਮੈਂ ਪਿੱਛੇ ਮੁੜਕੇ ਵੇਖਿਆ, ਕੁਝ ਵੀ ਦਿਖਾਈ ਨਹੀਂ ਸੀ ਦੇ ਰਿਹਾ। ਦੂਰ ਤਕ ਹਨੇਰੀ ਰਾਤ ਨੇ ਕਾਲੀ ਲੋਈ ਦੀ ਬੁੱਕਲ ਮਾਰੀ ਹੋਈ ਸੀ। ਮੇਰੇ ਸਾਹ ਵਿੱਚ ਸਾਹ ਆਇਆ। ਵਰਕਸ਼ਾਪ ਦਾ ਸ਼ਟਰ ਸੁੱਟ ਕੇ ਜਿੰਦਾ ਲਾਉਂਦੇ ਦੋ ਬੰਦਿਆਂ ਨੂੰ ਵੇਖ ਕੇ ਮੈਨੂੰ ਕੁਝ ਤਸੱਲੀ ਜਿਹੀ ਹੋਈ।
“ਵੀਰ ਜੀ, ਇੱਥੇ ਕੋਈ ਗੁਰਦੁਆਰਾ ਹੈਗਾ ਰਾਤ ਕੱਟਣ ਵਾਸਤੇ?”
ਉਹਨਾਂ ਦੋਵਾਂ ਨੇ ਮੈਨੂੰ ਸਿਰ ਤੋਂ ਲੈ ਕੇ ਪੈਰਾਂ ਤਕ ਗਹੁ ਤੇ ਸ਼ੱਕੀ ਨਜ਼ਰਾਂ ਨਾਲ ਵੇਖਿਆ।
“ਗੁਰਦੁਆਰਾ ਤਾਂ ਹੈ, ਲੰਗਰ ਪਾਣੀ ਵੀ ਮਿਲਜੂ ਪਰ ਰਾਤ ਰਹਿਣ ਦਾ ਪ੍ਰਬੰਧ ਹੈਨੀ।”
“ਹੱਛਾ!” ਮੈਂ ਬੁਝੇ ਮਨ ਨਾਲ ਆਖਿਆ।
“ਗੁਰਦੁਆਰੇ ਵਿੱਚ ਰਹਿਣਾ ਠੀਕ ਵੀ ਨ੍ਹੀ। ਸੀ ਆਰ ਪੀ ਤਲਾਸ਼ੀ ਲੈਂਦੀ ਐ ਕਈ ਵਾਰ। ਇਸੇ ਕਰਕੇ ਗੁਰਦੁਆਰੇ ਵਾਲੇ ਕਿਸੇ ਨੂੰ ਰਾਤ ਨ੍ਹੀ ਰੱਖਦੇ। ਪਿੱਛੇ ਜਿਹੇ ਬੰਦੇ ਚੱਕੇ ਗਰੁਦੁਆਰੇ ਵਿੱਚੋਂ।” ਉਹਨਾਂ ਨੇ ਮੈਨੂੰ ਹੋਰ ਡਰਾ ਦਿੱਤਾ।
“ਕੋਈ ਹੋਰ ਪ੍ਰਬੰਧ ਕਰਲੈ।” ਆਖਦਿਆਂ ਉਹ ਸਕੂਟਰ ਨੂੰ ਕਿੱਕ ਮਾਰ ਕੇ ਚਲੇ ਗਏ।
ਹੁਣ ਪਿੱਛੇ ਰਹਿ ਗਈ ਡਰਾਉਣੀ ਕਾਲੀ ਰਾਤ, ਸੁੰਨੀ ਸੜਕ, ਪੋਹ ਦੇ ਮਹੀਨੇ ਵਿੱਚ ਵਗਦੀ ਬਰਫ਼ ਵਰਗੀ ਠੰਢੀ ਸੀਤ ਹਵਾ- ਤੇ ਜਾਂ ਫਿਰ ਮੈਂ। ਮੇਰਾ ਜੀਅ ਕੀਤਾ, ਵਾਪਸ ਜਾਕੇ ਬੱਸ ਸਟੈਂਡ ਦੀ ਥੜੀ ’ਤੇ ਢਾਸਣਾ ਲਾ ਲਵਾਂ। ਰਾਤ ਦੀ ਅਉਧ ਮਸੀਂ ਛੇ-ਸੱਤ ਘੰਟੇ ਬਾਕੀ ਸੀ। ਮੈਂ ਪੈਰ ਪਿਛਾਂਹ ਵੱਲ ਨੂੰ ਮੋੜੇ ਹੀ ਸਨ ਕਿ ਦਿਮਾਗ ਦੀ ਚੱਕਰੀ ਇੱਕ ਵਾਰ ਫਿਰ ਤੇਜ਼ੀ ਨਾਲ ਘੁੰਮ ਗਈ।
“ਜੇ ਭਲਾ ਸ਼ਰਾਬੀ ਟੱਕਰ ਗਿਆ? ਖਾਹ-ਮਖਾਹ ਚਿੱਚੜ ਦੁਬਾਰਾ ਗਲ਼ ਪੈਜੂ। ਇਕੱਲਾ ਕਹਿਰਾ ਤਾਂ ਬਚਜੇਂਗਾ, ਪਰ ਉਹਨੇ ਨ੍ਹੀ ਬਚਣ ਦੇਣਾ। ਨਸ਼ੇ ਦੀ ਲੋਰ ਵਿੱਚ ਸਾਰੀ ਰਾਤ ਤੋਰੀ ਫਿਰੂ।” ਅੰਦਰੋਂ ਆਵਾਜ਼ ਆਈ ਤਾਂ ਮੇਰੇ ਪੈਰ ਥਾਂਏਂ ਜੰਮ ਗਏ। ਮੈਂ ਆਵਾਗੌਣ ਹੀ ਸੜਕ ’ਤੇ ਤੁਰਿਆ ਗਿਆ। ਠੰਢ ਤੋਂ ਬਚਣ ਲਈ ਬੈਗ ਵਿੱਚੋਂ ਲੋਈ ਕੱਢ ਕੇ ਚਾਰ-ਚੁਫੇਰੇ ਘੁੱਟ ਲਈ। ਕਰਮਾਂ ਵਾਲੀ ਇਹ ਲੋਈ ਪਿਛਲੇ ਕਈ ਸਾਲਾਂ ਤੋਂ ਸਾਥ ਦਿੰਦੀ ਆ ਰਹੀ ਸੀ। ਕਈ ਸਾਲ ਪਹਿਲਾਂ ਪਿੰਡਾਂ ਵਿੱਚ ਗਰਮ ਸ਼ਾਲ-ਲੋਈਆਂ ਵੇਚਣ ਆਉਂਦੇ ਕਸ਼ਮੀਰੀ ਰਾਸ਼ਿਆਂ ਤੋਂ ਲਈ ਇਹ ਲੋਈ ਡਾਢੀ ਵਫ਼ਾਦਾਰ ਨਿਕਲੀ ਸੀ ਜਿਹੜੀ ਹਰ ਸਾਲ ਮਹਿਬੂਬਾ ਵਾਂਗ ਬੁੱਕਲ ਵਿੱਚ ਘੁੱਟ ਲੈਂਦੀ। ਲੋਈ ਦੀ ਬੁੱਕਲ ਮਾਰਨ ਨਾਲ ਪਿੰਡੇ ਨੂੰ ਕੁਝ ਨਿੱਘ ਜਿਹਾ ਆਇਆ। ਮੈਨੂੰ ਇੰਜ ਲੱਗਾ ਜਿਵੇਂ ਕੋਈ ਜੀਅ ਹੌਸਲਾ ਦੇਣ ਲਈ ਬਹੁੜ ਪਿਆ ਹੋਵੇ। ਮੈਂ ਬਿਨਾਂ ਕੁਝ ਹੋਰ ਸੋਚੇ ਸੁੰਨਸਾਨ ਪਈ ਸੜਕ ’ਤੇ ਸਵਾਰ ਹੋ ਗਿਆ।
ਅਜੇ ਮੈਂ ਥੋੜ੍ਹੀ ਦੂਰ ਹੀ ਗਿਆ ਸਾਂ ਕਿ ਮੈਨੂੰ ਕਿਸੇ ਦੇ ਗੱਲਾਂ ਕਰਨ ਦੀ ਆਵਾਜ਼ ਸੁਣਾਈ ਦਿੱਤੀ। ਮੈਂ ਪਿੱਛੇ ਭੌਂਅ ਕੇ ਵੇਖਿਆ, ਦੋ ਸਾਈਕਲ ਸਵਾਰ ਆ ਰਹੇ ਸਨ। ਮੈਂ ਸੜਕ ਦੇ ਐਨ ਵਿਚਕਾਰ ਹੋ ਸਾਈਕਲ ਰੋਕਣ ਲਈ ਹੱਥ ਦੇ ਦਿੱਤਾ। ਉਹਨਾਂ ਨੇ ਥਾਏਂ ਬਰੇਕਾਂ ਮਾਰ ਦਿੱਤੀਆਂ। ਰਾਤ ਦੇ ਗੂੜ੍ਹੇ ਹਨੇਰੇ ਵਿੱਚ ਵੀ ਉਹਨਾਂ ਦੀਆਂ ਲਾਟੂ ਵਾਂਗ ਜਗਦੀਆਂ ਅੱਖਾਂ ਵਿੱਚ ਡਰ ਤੇ ਦਹਿਸ਼ਤ ਸਾਫ਼ ਨਜ਼ਰ ਆ ਰਹੀ ਸੀ। ਉਹ ਦੋਵੇਂ ਲੈਰੀ ਜਿਹੀ ਉਮਰ ਦੇ ਮੁੰਡੇ ਸਨ। ਸਿਰਾਂ ’ਤੇ ਸਾਫੇ ਦੇ ਵਲਾਵੇਂ ਮਾਰ ਰੱਖੇ ਸਨ। ਠੰਢ ਤੋਂ ਬਚਾ ਲਈ ਮੋਟੇ ਖੇਸਾਂ ਦੀਆਂ ਮਾਰੀਆਂ ਬੁੱਕਲਾਂ ਦੱਸਦੀਆਂ ਸਨ ਕਿ ਉਹ ਦੋਵੇਂ ਕਿਸੇ ਫੈਕਟਰੀ ਜਾਂ ਵਰਕਸ਼ਾਪ ਵਿੱਚ ਮਜ਼ਦੂਰ ਹਨ।
“ਡਰੋ ਨਾ ਭਰਾਵੋ, ਮੈਂ ਤਾਂ ਮਜਬੂਰੀ ਵਿੱਚ ਫਸਿਆ ਅਜਨਬੀ ਆਂ। ਕੋਈ ਬੰਦਾ ਨੌਕਰੀ ਦਾ ਲਾਰਾ ਲਾ ਕੇ ਲੈ ਆਇਆ ਤੇ ਛੱਡ ਗਿਆ। ਮੈਂ ਤਾਂ ਇੱਧਰ ਕਿਸੇ ਨੂੰ ਜਾਣਦਾ ਬੁੱਝਦਾ ਵੀ ਹੈਨੀ। ਗੁਰਦੁਆਰੇ ਦਾ ਪਤਾ ਕੀਤਾ ਸੀ, ਉੱਥੇ ਵੀ ਰਹਿਣ ਦਾ ਪ੍ਰਬੰਧ ਹੈਨੀ। ਬੱਸ ਰਾਤ ਕੱਟਣੀ ਐ ... ਜੇ ਕਿਤੇ ਹੱਲ ਹੋਜੇ। ਮੇਹਰਬਾਨੀ ਹੋਊ ਥੋਡੀ।”
ਮੇਰੇ ਲਈ ਤਾਂ ਉਹ ਰੱਬ ਬਣ ਕੇ ਬਹੁੜੇ ਸਨ।
“ਭਰਾਵਾ, ਸੰਨ ਮਾ ਫਸਾ ਨਾ ਦੇਵੀਂ ਮਾਰੇ ਗਰੀਬਾਂ ਮਾ। ਜ੍ਹੋ ਮਾਰੇ ਗਰੌਂ ਕਿਸੇ ਗਰੀਬ ਮਹਾਤੜ ਗੈਲ ਧੱਕੇ ਨਾਲ ਰੋਟੀ ਖਾਗੇ, ਪੁਲਿਸ ਨੇ ਕੁੱਟ ਕੁੱਟ ਕੇ ਹੱਡੇ ਪੋਲੇ ਕਰੀ ’ਤੇ ਗਰੀਬਾਂ ਦੇ।”
“ਭਰਾਓ ਮੇਰਿਓ, ਵਿਸ਼ਵਾਸ ਕਰੋ ਮੇਰੇ ’ਤੇ। ਮੈਂ ਤਾਂ ਵਕਤ ਦਾ ਮਾਰਿਆ ਆਂ, ਬਾਕੀ ਥੋਡੀ ਮਰਜ਼ੀ। ਕੋਈ ਜ਼ੋਰ-ਜ਼ਰਬੀ ਤਾਂ ਹੈਨੀ।”
ਉਹਨਾਂ ਨੇ ਇੱਕ-ਦੂਜੇ ਵੱਲ ਸਵਾਲੀਆ ਨਿਗਾਹਾਂ ਨਾਲ ਵੇਖਿਆ। ਸਿਰ ਤੋਂ ਪੈਰਾਂ ਤਕ ਪੁਲਸੀਆ ਝਾਤੀ ਮਾਰਦਿਆਂ ਉਹਨਾਂ ਨਾਲ ਲਿਜਾਣ ਦੀ ਹਾਮੀ ਭਰ ਦਿੱਤੀ।
“ਰਾਮਪੁਰ ਸੈਣੀਆਂ ਗੈਲ ਗਰੌਂ ਆ ਮਾਰਾ ‘ਨਿਬੂੰਆ।’ ਬੈਠ ਜਾ ਭਾਈ ਸਾਈਕਲਾ ਕੀ ਕਾਠੀ ਮਾ।” ਨਿਗਾਹ ਉਹਨਾਂ ਦੀ ਅਜੇ ਵੀ ਵਾਰ-ਵਾਰ ਮੇਰੀ ਪੱਗ ਉੱਤੇ ਹੀ ਜਾ ਠਹਿਰਦੀ ਸੀ।
“ਦੇਖੀ ਜਾਹਾ, ਮਾਤਾ ਰਾਣੀ ਗੈਲ਼ ਡੋਰਾਂ। ਨੈਣਾਂ ਦੇਵੀ ਭਲੀ ਕਰੇ ਤੇ।”
ਮੈਂ ਪਲੱਥੀ ਮਾਰ ਕੇ ਸਾਈਕਲ ਦੀ ਕਾਠੀ ’ਤੇ ਬੈਠ ਗਿਆ। ਉਹ ਪੈਡਲਾਂ ’ਤੇ ਜ਼ੋਰ ਪਾਉਣ ਲੱਗਾ। ਕਿਤੇ-ਕਿਤੇ ਰਾਹ ਰੇਤਲਾ ਆ ਜਾਂਦਾ ਤਾਂ ਅੱਧਖੜ ਸਾਈਕਲ ਦੀ ਚੇਨ ਵਿੱਚੋਂ ‘ਕੜੱਚ-ਕੜੱਚ’ ਦੀ ਆਵਾਜ਼ ਆਉਣ ਲਗਦੀ, ਜਿਹੜੀ ਰਾਤ ਦੇ ਸੰਨਾਟੇ ਨੂੰ ਚੀਰਦੀ ਦੂਰ-ਦੂਰ ਤਕ ਖਿਲਰ ਜਾਂਦੀ। ਰਾਤ ਦੇ ਸੰਘਣੇ-ਕਾਲ਼ੇ ਹਨੇਰੇ ਵਿੱਚ ਡਰੇਨ ਦੀ ਪਟੜੀ ਦੇ ਨਾਲ ਨਾਲ ਦੋਵੇਂ ਪਾਸੇ ਉੱਚਾ-ਉੱਚਾ ਸਰਕੰਡਾਂ ਡਰਾਉਣੇ ਆਕਾਰ ਬਣਾਈ ਖੜ੍ਹਾ ਸੀ। ਸਾਈਕਲ ਦੀ ਚੇਨ ‘ਕੜੱਚ-ਕੜੱਚ’ ਕਰਦੀ ਤਾਂ ਸਰਕੰਡਿਆਂ ਵਿੱਚੋਂ ਡਰ ਦੀ ਮਾਰੀ ਕੋਈ ਟਟੀਹਰੀ “ਟੀਂਅ-ਟੀਂਅ” ਕਰਦੀ ਅਸਮਾਨ ਵੱਲ ਉਡਾਰੀ ਮਾਰ ਜਾਂਦੀ। ਸਰਕਾਨੇ ਆਪਸ ਵਿੱਚ ਤੇਜ਼ੀ ਨਾਲ ਖਹਿੰਦੇ ਤਾਂ ‘ਸ਼ਾਂਅ-ਸ਼ਾਂਅ’ ਦੀ ਆਵਾਜ਼ ਬੀਂਡਿਆਂ ਦੀ ਆਵਾਜ਼ ਨਾਲ ਰਲ਼ਕੇ ਅੰਦਰਲੇ ਡਰ ਨੂੰ ਹੋਰ ਸੰਘਣਾ ਕਰ ਦਿੰਦੀ। ਮੈਂ ਲੋਈ ਦੀ ਬੁੱਕਲ ਨੂੰ ਹੋਰ ਜ਼ੋਰ ਨਾਲ ਘੁੱਟ ਲੈਂਦਾ।
“ਬੀਰ ਦੇਖੀਂ, ਕਿਤੇ ਗਰੀਬਾਂ ਮਾ ਮਰਾਈ ਦੇਵੇ।” ਰਾਹ ਵਿੱਚ ਉਹਨਾਂ ਨੇ ਦੋ ਤਿੰਨ ਵਾਰ ਆਖਿਆ।
ਜਦੋਂ ਅਸੀਂ ਨਿੰਬੂਆ ਪਿੰਡ ਦੀ ਜੂਹ ਵਿੱਚ ਪਹੁੰਚੇ, ਬੱਤੀ ਗਈ ਹੋਈ ਸੀ। ਸੰਘਣੇ ਤੇ ਕਾਲੇ ਹਨੇਰੇ ਵਿੱਚ ਰੁੱਖ ਹੋਰ ਵੀ ਡਰਾਉਣੇ ਲੱਗ ਰਹੇ ਸਨ।
“ਜੌਹ ਈ ਗਰੌਂ ਆਪਣਾ।” ਇੱਕ ਘਰ ਦੇ ਖੁੱਲ੍ਹੇ ਵਿਹੜੇ ਵਿੱਚ ਵੜਦਿਆਂ ਹੀ ਉਸਨੇ ਸਾਈਕਲ ਇੱਕ ਦ੍ਰਖਤ ਨਾਲ ਲਾ ਦਿੱਤਾ। ਅਸੀਂ ਇੱਕ ਖੁੱਲ੍ਹੇ ਜਿਹੇ ਕਮਰੇ ਵਿੱਚ ਜਾ ਵੜੇ। ਅਜੀਬ ਜਿਹੀ ਬਦਬੂ ਦਾ ਭੰਬੂਕਾ ਮੇਰੇ ਦਿਮਾਗ ਨੂੰ ਚੜ੍ਹਦਾ ਮਹਿਸੂਸ ਹੋਇਆ।
ਸਬਾਤ ਵਿੱਚੋਂ ਅੱਧਖੜ ਉਮਰ ਦਾ ਗਰੀਬੀ ਨਾਲ ਬੁਰੀ ਤਰ੍ਹਾਂ ਝੰਬਿਆ ਆਦਮੀ ਮਿੱਟੀ ਦੇ ਤੇਲ ਵਾਲਾ ਦੀਵਾ ਫੜੀ ਬਾਹਰੋਂ ਹੀ ਬੋਲਦਾ ਆਇਆ, “ਕੈਅ ਬਾਤ ਘਣੀ ਡੇਰ ਕਰੇ ਤੈ? ਮਾਰ੍ਹੇ ਗੈਲ ਫਿਕਰ ਮਾ ਜਾਨ ਖੁਸ਼ਕ ਹੋਈ ਜਹਾ। ਯੋ ਬਾਤ ਦੋਮਾਂ ਕੇ ਦਮਾਕ ਮਾ ਨੀ ਆਇਆ, ਪਿਛਲੇ ਮਾਸ ਬੱਸਮਾ ਬਾਰਦਾਤ ਹੋਈ ਐ ਔਰ ਤੀਹ ਕੇ ਬੱਧ ਬੰਦੇ ਮਾਰਤੇ। ਇਹ ਬਾਤ ਕਾ ਤਾਂ ਰੌਲਾ ਬੀ ਖਾਸਾ ਪਿਆ ਤਾ ਖਬਾਰਾਂ ਮਾ।”
ਉਹ ਬੰਦਾ ਅੰਦਰ ਆਇਆ ਤਾਂ ਮੁੰਡਿਆਂ ਨਾਲ ਕਿਸੇ ਅਜਨਬੀ ਨੂੰ ਵੇਖਕੇ ਠਠੰਬਰ ਜਿਹਾ ਗਿਆ। ਮੇਰੀ ਪੱਗ ਜਿਵੇਂ ਉਸ ਨੂੰ ਡੰਗ ਮਾਰਦੀ ਲੱਗੀ ਸੀ। ਖੱਬੇ ਹੱਥ ਦੀਆਂ ਉਂਗਲਾਂ ਵਿੱਚ ਫਸਾਈ ਬੀੜੀ ਕਾਹਲੀ ਕਾਹਲੀ ਥੱਲੇ ਸੁੱਟ ਕੇ ਪੈਰਾਂ ਥੱਲੇ ਮਸਲ ਦਿੱਤੀ। ਮੈਂ ਦੀਵੇ ਦੀ ਡੋਲਦੀ ਲਾਟ ਦੇ ਮੱਧਮ ਜਿਹੇ ਚਾਨਣ ਵਿੱਚ ਦੇਖਿਆ, ਕਮਰੇ ਦੇ ਅੱਧੇ ਹਿੱਸੇ ਨੂੰ ਇੱਕ ਪੱਲੀ ਨਾਲ ਦੋ ਹਿੱਸਿਆਂ ਵਿੱਚ ਵੰਡਿਆ ਹੋਇਆ ਸੀ ਤੇ ਦੂਜੇ ਹਿੱਸੇ ਵਿੱਚ ਤਿੰਨ ਚਾਰ ਬੱਕਰੀਆਂ ਬੰਨ੍ਹੀਆਂ ਹੋਈਆਂ ਸਨ।
“ਜਾਣੂ ਐ, ਮੋਗੇ ਤੇ ਆਇਆ। ਵਰਕਸ਼ਾਪ ਮਿਲਿਆ ਤਾ। ਕਹੇ ਥੋਡਾ ਗਰੌਂ ਦੇਖਣਾ।” ਪਾਲੇ ਨੇ ਕਾਹਲੀ ਕਾਹਲੀ ਮੇਰੇ ਬਾਰੇ ਜਾਣਕਾਰੀ ਦਿੱਤੀ। ਬਜੁ਼ਰਗ ਦੀਆਂ ਵਕਤਾਂ ਮਾਰੀਆਂ ਤੇਜ਼ ਅੱਖਾਂ ਨੇ ਬੜੀ ਤੇਜ਼ੀ ਨਾਲ ਮੇਰੇ ਸਰੀਰ ਦੀ ਸਕੈਨਿੰਗ ਕਰ ਲਈ।
“ਸਤਿ ਸ੍ਰੀ ਆਕਾਲ ਜੀ!“ਮੈਂ ਦੋਵੇਂ ਹੱਥ ਜੋੜ ਦਿੱਤੇ।
“ਸੌ-ਅ-ਸ-ਰੀ ਕਾਅਲ!“ ਬਜ਼ੁਰਗ ਤੋਂ ਮਸਾਂ ਹੀ ਬੋਲਿਆ ਗਿਆ। ਸ਼ਾਇਦ ਗਲ਼ਾ ਖੁਸ਼ਕ ਹੋ ਗਿਆ ਸੀ ਤੇ ਉਸਨੇ ਪੂਰਾ ਜ਼ੋਰ ਲਾ ਕੇ ਥੁੱਕ ਗਲੇ ਵਿੱਚ ਲਿਆਕੇ ਮਸਾਂ ਇੰਨੇ ਕੁ ਸ਼ਬਦ ਹੀ ਬੋਲੇ।
“ਰੋਟੀ ...!“ ਉਸਨੇ ਪਾਲੇ ਨੂੰ ਰੋਟੀ ਫੜ ਕੇ ਲੈ ਆਉਣ ਦਾ ਇਸ਼ਾਰਾ ਕਰਦਿਆਂ ਉਹਨੀਂ ਪੈਰੀਂ ਮੁੜ ਜਾਣਾ ਚੰਗਾ ਸਮਝਿਆ। ਰੋਟੀ ਲਿਆਉਣ ਲਈ ਪਾਲਾ ਵੀ ਉਸਦੇ ਮਗਰੇ ਹੀ ਤੁਰ ਗਿਆ। ਗੋਹੇ ਦੀ ‘ਮਹਿਕ’ ਦਾ ਤਾਂ ਮੈਂ ਜਨਮ ਤੋਂ ਹੀ ਆਦੀ ਸਾਂ ਪਰ ਬੱਕਰੀਆਂ ਦੀਆਂ ਮੀਂਗਣਾਂ ਦੀ ਆ ਰਹੀ ਤੇਜ਼ ਹਵਾੜ੍ਹ ਮੇਰੇ ਨੱਕ ਨੂੰ ਚੜ੍ਹਦੀ ਜਾਂਦੀ ਸੀ।
“ਯੋਹ ਸਾਲਾ ਬੰਦੇ ਕਾ ਟੈਮ ਮਾੜਾ ਆਵੇ, ਸੁਬੀਆਂ ਬੀ ਸ਼ੀਂਹ ਬਣ ਜਾਹਾ। ਫੇ ਗਾਰੇ ਮਾ ਫਸੀ ਮੈਸ੍ਹ ਮੰਗੂ ਬੇਖੀ ਜਾਹਾ। ਬੰਦਾ ਦੇਖ ਪਰਖ ਕਰ ਘਰ ਲਿਆਣੇ ਕਾ। ਛੋਰਾਂ ਮੱਤ ਕਰੀ। ਥਾਰੇ ਡਮਾਕ ਮਾ ਆਇਆ ਨ੍ਹੀ ਬੀ ਸਾਲ੍ਹਾ ਮਾਰੇ ਗੈਲ ਪੰਗਾ ਖੜ੍ਹਾ ਹੋਜੂ।“ ਨਾਲ ਦੇ ਕਮਰੇ ਵਿੱਚੋਂ ਹੁੰਦੀ ਘੁਸਰ-ਮੁਸਰ ਸਾਫ ਸੁਣਾਈ ਦਿੰਦੀ ਸੀ। ਇੱਧਰ ਮੀਂਗਣਾ ਜਿਵੇਂ ਮੇਰੇ ਦਿਮਾਗ ਨੂੰ ਚੜ੍ਹਦੀਆਂ ਜਾਂਦੀਆਂ ਸਨ। ਮੱਝਾਂ ਦੇ ਗੋਬਰ ਵਿੱਚ ਰਹਿਣ ਦੀ ਤਾਂ ਆਦਤ ਬਣੀ ਹੋਈ ਸੀ ਪਰ ਬੱਕਰੀਆਂ ਦੀਆਂ ਮੀਂਗਣਾਂ ਵਿੱਚ ਰਹਿਣ ਦਾ ਇਹ ਪਹਿਲਾ ਮੌਕਾ ਸੀ।
“ਲਗਦਾ ਨ੍ਹੀ ਐਹੇ ਜਾ। ਦੇਖਣੇ ਮਾ ਤਾਂ ਸ਼ਰੀਫ਼ ਐ। ਇਸ ’ਤੇ ਬਾਤ ਕਰੀ ਤੇ ਸਮਝ ਮਾ ਇਹੀ ਆ ਜਹਾ ਬੀ ਐਸਾ ਵੈਸਾ ਗੈਰ ਬੰਦਾ ਨ੍ਹੀ।”
“ਐਹੇ ਜੇ ਸ਼ਰੀਫ਼ ਦਿਖਣੇ ਆਲੇ ਗਰੌਂ ਬੰਦਾ ਮਾਰ ਕੈ ਭੱਜੇ ਹੁੰਦੇ।”
“ਦੇਖੀ ਜਾਊ। ਹੁਣ ਤਾਂ ਬਲਾ ਗੈਲ਼ ਆ ਪੜ੍ਹੀ।“ ਉਹ ਆਪਸ ਵਿੱਚ ਹੌਲੀ ਹੌਲੀ ਗੱਲਾਂ ਕਰੀ ਜਾਂਦੇ ਸਨ।
ਰੋਟੀ ਟੁੱਕ ਖਾਣ ਬਾਅਦ ਅਸੀਂ ਰਜਾਈਆਂ ਵਿੱਚ ਵੜ ਗਏ। ਠੰਢ ਹੱਡਾਂ ਨੂੰ ਚੀਰਦੀ ਜਾਂਦੀ ਸੀ। ਮੈਂ ਅਲਾਣੀ ਜਿਹੀ ਮੰਜੀ ਵਿੱਚ ਅੱਧਖੜ ਰਜਾਈ ਵਿੱਚ ਗੁੱਛਾ ਮੁੱਛਾ ਹੋਕੇ ਪੈ ਗਿਆ। ਮਿੱਟੀ ਦੇ ਤੇਲ ਵਾਲੇ ਦੀਵੇ ਦੀ ਲਾਟ ਹੌਲੀ ਹੌਲੀ ਮੱਧਮ ਹੁੰਦੀ ਆਖਰ ਬੁਝ ਗਈ। ਮੈਂ ਮੂੰਹ ਸਿਰ ਰਜਾਈ ਵਿੱਚ ਦੇ ਕੇ ਸੌਣ ਦੀ ਕੋਸ਼ਿਸ਼ ਕੀਤੀ ਪਰ ਨੀਂਦ ਨੇੜੇ ਨਹੀਂ ਸੀ ਆ ਰਹੀ। ਪਾਲਾ ਅਤੇ ਦੂਸਰਾ ਮੁੰਡਾ ਦਿਨ ਦੇ ਕੰਮ ਦੇ ਭੰਨੇ ਹੋਣ ਕਰਕੇ ਛੇਤੀ ਹੀ ਹੂੰਗਰੇ ਮਾਰਨ ਲੱਗ ਪਏ। ਥੋੜ੍ਹੇ ਚਿਰ ਬਾਅਦ ਕੋਈ ਬੱਕਰੀ ‘ਮੈਂਅ-ਮੈਂਅ’ ਕਰਨ ਲਗਦੀ ਤਾਂ ਮੈਂ ਮਹਾਤਮਾ ਗਾਂਧੀ ਦੇ ਭਾਰਤ ਛੱਡੋ ਅੰਦੋਲਨ ਵਿੱਚ ਉਲਝ ਉਸਦੇ ਸੁਪਨਿਆਂ ਦੇ ਰਾਮਰਾਜ ਬਾਰੇ ਸੋਚਣ ਲੱਗ ਜਾਂਦਾ।
ਰਾਤ ਨੇ ਅਗਲੇ ਪਹਿਰ ਵਿੱਚ ਪੈਰ ਰੱਖ ਲਿਆ ਹੋਵੇਗਾ। ਮੈਨੂੰ ਬਾਹਰ ਵਿਹੜੇ ਵਿੱਚ ਕੋਈ ਤੁਰਿਆ ਫਿਰਦਾ ਮਹਿਸੂਸ ਹੋਇਆ। ਫਿਰ ਇਹ ਪੈੜਚਾਲ ਸਾਡੇ ਵਾਲੀ ਸਬਾਤ ਵਿੱਚ ਤੁਰ ਆਈ। ਮੈਂ ਰਜਾਈ ਹੋਰ ਜ਼ੋਰ ਨਾਲ ਆਪਣੇ ਦੁਆਲੇ ਘੁੱਟ ਲਈ। ਸਬਾਤ ਵਿੱਚ ਆਉਣ ਵਾਲਾ ਸ਼ਖਸ ਖਾਸਾ ਚਿਰ ਇੱਧਰ-ਉੱਧਰ ਹੱਥ ਕਰੋਲੇ ਦਿੰਦਾ ਰਿਹਾ। ਉਸਨੇ ਕਾਨਸ ’ਤੇ ਰੱਖੇ ਮੇਰੇ ਬੈਗ ਵਿਚਲੇ ਸਮਾਨ ਦੀ ਫੋਲਾਫਾਲੀ ਕੀਤੀ ਤੇ ਚਲਾ ਗਿਆ। ਹੁਣ ਵਿਹੜੇ ਵਿੱਚੋਂ ਆਉਣ ਵਾਲੀ ਪੈੜਚਾਲ ਬੰਦ ਹੋ ਚੁੱਕੀ ਸੀ। ਵਿਹੜੇ ਵਿੱਚ ਤੁਰਿਆ ਫਿਰਨ ਵਾਲਾ ਸ਼ਖਸ ਸ਼ਾਇਦ ਰਜਾਈ ਵਿੱਚ ਜਾ ਵੜਿਆ ਸੀ।
ਸਵੇਰੇ ਸਾਝਰੇ ਹੀ ਪਾਲੇ ਦਾ ਬਾਪ ਬੱਕਰੀ ਦੇ ਦੁੱਧ ਦੀ ਬਣੀ ਚਾਹ ਲੈ ਆਇਆ। ਚਾਹ ਵਿੱਚੋਂ ਲੂਣਾ ਲੂਣਾ ਜਿਹਾ ਸੁਆਦ ਆ ਰਿਹਾ ਸੀ। ਗੁੜ ਤੇ ਚੌਲਾਂ ਦੀਆਂ ਬਣੀਆਂ ਪਿੰਨੀਆਂ ਖਾਂਦਿਆਂ ਮੈਂ ਨੀਵੀਂ ਪਾਈ ਵੇਖਦਾ ਰਿਹਾ, ਪਾਲੇ ਦੇ ਬਾਪ ਦੇ ਚਿਹਰੇ ਉੱਪਰ ਡਰ ਦੀ ਹੁਣ ਕੋਈ ਨਿਸ਼ਾਨੀ ਨਹੀਂ ਸੀ।
ਸਾਡੇ ਜੰਗਲ ਪਾਣੀ ਜਾ ਕੇ ਆਉਂਦਿਆਂ ਨੂੰ ਉਸਨੇ ਨਹਾਉਣ ਵਾਸਤੇ ਪਾਣੀ ਕੱਚੀਆਂ-ਪੱਕੀਆਂ ਇੱਟਾਂ ਦਾ ਵਾਗਲਾ ਜਿਹਾ ਮਾਰਕੇ ਬਣਾਏ ਆਰਜ਼ੀ ਗੁਸਲਖਾਨੇ ਵਿੱਚ ਰੱਖ ਦਿੱਤਾ ਸੀ। ਤੱਤੇ ਤੱਤੇ ਪਾਣੀ ਨਾਲ ਨਹਾਉਂਦਿਆਂ “ਮਨੋਹਰ ਬਾਬੂ” ਦੀ ਮੈਲ ਵੀ ਦਿਮਾਗ ਤੋਂ ਲਹਿ ਗਈ। ਮੈਂ ਜਮਾ ਹੌਲ਼ਾ ਫੁੱਲ ਵਰਗਾ ਹੋ ਗਿਆ।
ਰੋਟੀ ਟੁੱਕ ਖਾਂਦਿਆਂ ਪਾਲੇ ਦਾ ਬਾਪ ਮੇਰੇ ਨਾਲ ਬੜੀਆਂ ਖੁੱਲ੍ਹ ਕੇ ਗੱਲਾਂ ਕਰਨ ਲੱਗਾ। ਮਨੋਹਰ ਬਾਬੂ ਦੀ ਮੇਹਰਬਾਨੀ ਵਾਲੀ ਸਾਰੀ ਕਥਾ ਵੀ ਮੈਂ ਉਸ ਨੂੰ ਸੁਣਾ ਦਿੱਤੀ। ਗੱਲਾਂ ਕਰਦਿਆਂ ਕਰਦਿਆਂ ਉਸਨੇ ਦੋ ਤਿੰਨ ਬੀੜੀਆਂ ਵੀ ਖਿੱਚ ਲਈਆਂ। ਬੱਕਰੀਆਂ ਦੀਆਂ ਮੀਂਗਣਾਂ ਦਾ ਮੁਸ਼ਕ ਵੀ ਪਤਾ ਨਹੀਂ ਕਿੱਧਰ ਗਾਇਬ ਹੋ ਗਿਆ। ਸਬਜ਼ੀ ਨਾਲੋਂ ਵੱਧ ਮੈਂ ਤੁੱਕਿਆਂ ਦਾ ਆਚਾਰ ਖਾ ਗਿਆ।
“ਯੋਹ ਤੋ ਬੜੀ ਮਾੜੀ ਹੋਈ ਤੇਰੇ ਗੈਲ਼। ਰੱਬ ਨੇ ਕਈ ਬੰਦੇ ਤਾਂ ਜਮਾ ਰਹਾਮ ਦੇ ਪੈਦਾ ਕਰਾ ’ਤੇ। ਹਲੇ ਤੈ ਕਰਮਾਂ ਵਾਲਾ ਹੋਆਂ ਯੋਹ ਬਚ ਗਿਆ। ਐਹ ਸੀ ਪੀ ਆਰਾਂ ਆਲਿਆਂ ਗੈਲ ਕਾਬੂ ਆਈ ਜਾਂਦਾ ਐ, ਗੈਲ਼ ਕੁਛ ਨ੍ਹੀ ਤਾ ਬਣਨਾ। ਨਾ ਗਾਹਾਂ ਆਲਿਆਂ ਗੈਲ ਪਤਾ ਲੱਗਣਾ ਤਾ, ਨਾ ਘਰਦਿਆਂ ਗੈਲ।”
“ਸੀ ਆਰ ਪੀ ਵਾਲਿਆਂ ਦੇ ਕਿਵੇਂ ਕਾਬੂ ਆ ਜਾਂਦਾ ਮੈਂ? ਮੈਂ ਤਾਂ ਥੋਡੇ ਕਾਬੂ ਆਉਣਾ ਸੀ।” ਮੇਰੇ ਹਾਸੇ ਵਿੱਚ ਉਹਨਾਂ ਸਾਰਿਆਂ ਦਾ ਨਿਰਮਲ ਹਾਸਾ ਵੀ ਰਲ ਗਿਆ ਸੀ।
“ਦੇਖ ਲਿਓ ਬਈ, ਸ਼ਰਾਬੀ ਬਾਬੂ ਤੋਂ ਅੱਜ ਸਬੇਰੀਂ - ਕੱਲ੍ਹ ਸਬੇਰੀਂ ਮਰਿਆ ਲੈ।”
“ਚੱਲ ਆਪਾਂ ਕਾਹਨੂੰ ਕਿਸੇ ਦਾ ਬੁਰਾ ਚਿਤਵਣਾ।”
ਫਿਰ ਕਿੰਨਾ ਚਿਰ ਇੱਧਰ-ਉੱਧਰ ਦੀਆਂ ਗੱਲਾਂ ਕਰਦੇ ਰਹੇ। ਉਹਨਾਂ ਦੀ ਬਾਂਗਰੂ ਬੋਲੀ ਮੇਰੇ ਕੰਨਾਂ ਵਿੱਚ ਰਸ ਘੋਲਦੀ ਰਹੀ। ਮੇਰਾ ਜੀਅ ਕਰਦਾ ਸੀ ਉਹ ਬੋਲੀ ਜਾਣ ਤੇ ਮੈਂ ਸੁਣੀ ਜਾਵਾਂ।
ਘਰੋਂ ਤੁਰਨ ਲੱਗਿਆਂ ਮੈਂ ਬਜ਼ੁਰਗ ਦੇ ਗੋਡਿਆਂ ਨੂੰ ਹੱਥ ਲਾਇਆ ਤਾਂ ਉਸਨੇ ਮੇਰੇ ਮੋਢੇ ਪਲੋਸਦਿਆਂ ਆਖਿਆ, “ਇਬ ਕਬੀ ਇੱਧਰ ਚੰਦੀਗੜਾ ਗੈਲ਼ ਆਵੈ, ਗਾਹਾਂ ਨਿਬੂੰਆ ਤਾਂ ਜ਼ਰੂਰ ਆਣੈ।”
“ਜਰੂਰ ਆਊਂ ਚਾਚਾ! ਸੁੱਖ ਚਾਹੀਦੀ ਐ, ਜਰੂਰ ਆਊਂ ਕਦੀ।”
ਸਮਾਨ ਵਾਲਾ ਬੈਗ ਮੋਢੇ ਪਾਉਂਦਿਆਂ ਮੈਂ ਹੌਲੀ ਜਿਹੇ ਆਖਿਆ, “ਚਾਚਾ! ਸਮਾਨ ਵਿੱਚ ਕੋਈ ਇਤਰਾਜ਼ ਵਾਲੀ ਚੀਜ਼ ਤਾਂ ਨ੍ਹੀ ਸੀ?”
ਤੇ ਉਸ ਬਾਂਗਰੂ ਚਾਚੇ ਨੇ ਅੱਖਾਂ ਭਰਦਿਆਂ ਮੈਨੂੰ ਬੁੱਕਲ਼ ਵਿੱਚ ਘੁੱਟ ਲਿਆ।
* * * * *
ਨੋਟ: ਹਰ ਲੇਖਕ ਸਰੋਕਾਰ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲ ਕੇ ਰੱਖੇ।
ਰਚਨਾਵਾਂ ਸਬੰਧੀ ਆਪਣੇ ਵਿਚਾਰ ਸਾਂਝੇ ਕਰੋ: (