HarkamaljotKrir7ਉਨ੍ਹਾਂ ਉੱਤੇ ਅਖੌਤੀ ਉੱਚ ਜਾਤੀ ਦੀਆਂ ਔਰਤਾਂ ਵਲੋਂ ਬੋਲੀ-ਬਾਣਾਂ ਤੋਂ ਬਿਨਾਂ ਗੋਹਾ ਅਤੇ ਗੰਦਾ ਪਾਣੀ ਵੀ ਸੁੱਟਿਆ ਜਾਂਦਾ ਰਿਹਾ ...
(9 ਜਨਵਰੀ 2017)


SavitribaiPhule2ਭਾਰਤ ਦੀ ਪਹਿਲੀ ਔਰਤ ਅਧਿਆਪਕ ਸਵਿੱਤਰੀਬਾਈ ਫੂਲੇ ਦਾ ਜਨਮ
3 ਜਨਵਰੀ 1831 ਨੂੰ ਮਹਾਂਰਾਸ਼ਟਰ ਦੇ ਨਏਗਾਓਂ ਵਿੱਚ ਹੋਇਆ। ਉਸ ਸਮੇਂ ਦੇ ਰਿਵਾਜ ਮੁਤਾਬਕ ਉਸਦੀ ਸ਼ਾਦੀ 9 ਸਾਲ ਦੀ ਉਮਰ ਵਿੱਚ ਹੀ 12 ਵਰ੍ਹਿਆਂ ਦੇ ਜਯੋਤੀ ਰਾਓ ਫੂਲੇ ਨਾਲ 1840 ਵਿੱਚ ਹੋ ਗਈ। ਜਯੋਤੀ ਰਾਓ ਫੂਲੇ ਨੇ ਸਵਿੱਤਰੀਬਾਈ ਨੂੰ ਘਰੇ ਪੜ੍ਹਨਾ ਲਿਖਣਾ-ਸਿਖਾਇਆ ਅਤੇ ਹੋਰਨਾਂ ਨੂੰ ਪੜ੍ਹਾਉਣ ਦੀ ਟਰੇਨਿੰਗ ਦਿੱਤੀ। ਦੋਹਾਂ ਪਤੀ ਪਤਨੀ ਨੇ ਆਪਣੀ ਜ਼ਿੰਦਗੀ ਔਰਤਾਂ ਦੀ ਵਿੱਦਿਆ ਅਤੇ ਸਮਾਜ ਸੁਧਾਰ ਲਈ ਅਰਪਣ ਕੀਤੀ।

ਉਸ ਸਮੇਂ ਲੜਕੀਆਂ ਦੀ ਸਿੱਖਿਆ ਲਈ ਕੋਈ ਪਰਬੰਧ ਨਹੀਂ ਸਨ। ਉਹਨਾਂ ਨੇ 1848 ਵਿੱਚ ਭਿੱਡੇਵਾੜਾ ਵਿੱਚ ਲੜਕੀਆਂ ਲਈ ਪਹਿਲਾ ਸਕੂਲ ਖੋਲ੍ਹਿਆ ਇਸ ਤਰ੍ਹਾਂ ਉਹ ਭਾਰਤ ਦੇ ਲੜਕੀਆਂ ਦੇ ਪਹਿਲੇ ਸਕੂਲ ਦੀ ਪਹਿਲੀ ਔਰਤ ਅਧਿਆਪਕ ਬਣੀ। ਇਸ ਤੋਂ ਬਾਦ ਉਹਨਾਂ ਦੁਆਰਾ ਅਜਿਹੇ 18 ਸਕੂਲ ਹੋਰ ਖੋਲ੍ਹੇ ਗਏ। ਇਸ ਵਾਸਤੇ ਸਵਿੱਤਰੀਬਾਈ ਨੂੰ ਰੂੜੀਵਾਦੀਆਂ ਵਲੋਂ ਬਹੁਤ ਕੁੱਝ ਸਹਿਣਾ ਪਿਆਉਨ੍ਹਾਂ ਉੱਤੇ ਅਖੌਤੀ ਉੱਚ ਜਾਤੀ ਦੀਆਂ ਔਰਤਾਂ ਵਲੋਂ ਬੋਲੀ ਬਾਣਾਂ ਤੋਂ ਬਿਨਾਂ ਗੋਹਾ ਅਤੇ ਗੰਦਾ ਪਾਣੀ ਵੀ ਸੁੱਟਿਆ ਜਾਂਦਾ ਰਿਹਾ। ਪਰ ਉਨ੍ਹਾਂ ਨੇ ਆਪਣਾ ਮਿਸ਼ਨ ਨਹੀਂ ਛੱਡਿਆ।

ਔਰਤਾਂ ਦੀ ਸਿੱਖਿਆ ਦੇ ਨਾਲ ਹੀ ਸਵਿੱਤਰੀਬਾਈ ਨੇ ਔਰਤਾਂ ਦੇ ਹੱਕਾਂ ਦੇ ਨਾਲ ਹੀ ਲਿੰਗ ਅਤੇ ਜਾਤ-ਪਾਤ ਦੇ ਆਧਾਰ ਤੇ ਹੋ ਰਹੇ ਵਿਤਕਰੇ ਵਿਰੁੱਧ ਬਹੁਤ ਵੀ ਜ਼ੋਰਦਾਰ ਢੰਗ ਨਾਲ ਆਵਾਜ਼ ਉਠਾਈ। ਉਹਨਾਂ ਸਮਿਆਂ ਵਿੱਚ ਬਾਲ-ਵਿਆਹ ਦਾ ਰਿਵਾਜ਼ ਸੀ ਅਤੇ ਬਾਲ ਵਿਧਵਾਵਾਂ ਦੀ ਗਿਣਤੀ ਬਹੁਤ ਜ਼ਿਆਦਾ ਹੁੰਦੀ ਸੀ। ਵਿਧਵਾ ਵਿਆਹ ਦਾ ਤਾਂ ਸਵਾਲ ਹੀ ਨਹੀਂ ਸੀ ਪੈਦਾ ਹੁੰਦਾ। ਵਿਧਵਾਵਾਂ ਨੂੰ ਸਿਰ ਮੁੰਨਾ ਕੇ ਬਹੁਤ ਹੀ ਤਰਸ ਭਰੀ ਜਿੰਦਗੀ ਜਿਉਣੀ ਪੈਂਦੀ ਸੀ। ਉਨ੍ਹਾਂ ਦਾ ਬਹੁਤ ਹੀ ਜ਼ਿਆਦਾ ਸ਼ੋਸ਼ਣ ਹੁੰਦਾ ਸੀ, ਖਾਸ ਤੌਰ ’ਤੇ ਜਿਣਸੀ ਸ਼ੋਸ਼ਣ। ਜਿਸ ਨਾਲ ਗਰਭਵਤੀ ਹੋਣ ਤੇ ਉਨ੍ਹਾਂ ਨੂੰ ਜਾਂ ਤਾਂ ਖੁਦਕਸ਼ੀ ਕਰਨੀ ਪੈਂਦੀ ਸੀ ਜਾਂ ਆਪਣਾ ਗਰਭਪਾਤ ਕਰਵਾਉਣਾ ਪੈਂਦਾ ਸੀ। ਇਸ ਵਾਸਤੇ ਫੂਲੇ ਜੋੜੀ ਨੇ “ਬਾਲ-ਹੱਤਿਆ ਪ੍ਰਤੀਬੰਧਕ ਗ੍ਰਹਿ” ਬਣਾਇਆ ਜਿੱਥੇ ਇਨ੍ਹਾਂ ਮਜ਼ਬੂਰ ਔਰਤਾਂ ਨੂੰ ਸ਼ਰਨ ਦਿੱਤੀ ਜਾਂਦੀ ਸੀ। ਛੂਤ-ਛਾਤ ਦਾ ਬਹੁਤ ਹੀ ਜ਼ਿਆਦਾ ਬੋਲਬਾਲਾ ਸੀ। ਅਛੂਤ ਲੋਕ ਪਾਣੀ ਤੋਂ ਅਵਾਜ਼ਾਰ ਸਨ। ਇਸ ਦੇ ਹੱਲ ਲਈ ਉਨ੍ਹਾਂ ਆਪਣੇ ਘਰ ਵਿੱਚ ਖੂਹ ਲਗਵਾਇਆ ਜਿੱਥੋਂ ਅਛੂਤ ਪਾਣੀ ਲੈ ਸਕਦੇ ਸਨ। ਉਨ੍ਹਾਂ ਆਪਣੀ ਸਾਰੀ ਉਮਰ ਜਾਤ-ਪਾਤਛੂਤ-ਛਾਤ, ਸਤੀ-ਪ੍ਰਥਾ, ਬਾਲ-ਵਿਆਹ, ਮਰਦ ਅਤੇ ਔਰਤ ਦੀ ਨਾਬਰਾਬਰੀ ਅਤੇ ਹੋਰ ਸਮਾਜਿਕ ਬੁਰਾਈਆਂ ਦੂਰ ਕਰਨ ਲਈ ਘਾਲਣਾ ਕੀਤੀ।

ਸੰਨ 1897 ਵਿੱਚ ਜਦ ਪਲੇਗ ਮਹਾਂਮਾਰੀ ਫੈਲੀ ਤਾਂ ਇਹਨਾਂ ਦੇ ਗੋਦ ਲਏ ਪੁੱਤਰ ਯਸ਼ਵੰਤ ਰਾਓ ਨੇ ਪਲੇਗ ਦੇ ਮਰੀਜ਼ਾਂ ਦੇ ਇਲਾਜ ਲਈ ਪੂਨੇ ਦੇ ਬਾਹਰਵਾਰ ਕਲਿਨਿਕ ਖੋਲ੍ਹਿਆ। ਸਵਿੱਤਰੀਬਾਈ ਪਲੇਗ ਦੇ ਮਰੀਜ਼ਾਂ ਨੂੰ ਉੱਥੇ ਆਪ ਲੈ ਕੇ ਜਾਂਦੀ ਤੇ ਉਹਨਾਂ ਦੀ ਸੇਵਾ ਕਰਦੀ। ਇੰਝ ਕਰਦਿਆਂ ਇਸ ਬੀਮਾਰੀ ਦੀ ਜਕੜ ਵਿੱਚ ਉਹ ਖੁਦ ਆ ਗਈ ਤੇ 10 ਮਾਰਚ 1897 ਨੂੰ ਇਸ ਸੰਸਾਰ ਨੂੰ ਅਲਵਿਦਾ ਕਹਿ ਗਈ

ਸਵਿੱਤਰੀਬਾਈ ਸਮਾਜ ਸੁਧਾਰਕ ਦੇ ਨਾਲ ਇੱਕ ਵਧੀਆ ਕਵਿੱਤਰੀ ਵੀ ਸੀ ਜਿਸ ਨੇ ਆਪਣੀਆਂ ਕਵਿਤਾਵਾਂ ਨੂੰ ਆਪਣੇ ਮਿਸ਼ਨ ਲਈ ਵਰਤਿਆ। ਉਸਦੀਆਂ ਕਵਿਤਾਵਾਂ ਵਿਤਕਰੇ ਅਤੇ ਭੇਦ-ਭਾਵ ਦੇ ਉਲਟ ਅਤੇ ਗਿਆਨ ਪ੍ਰਾਪਤੀ ਦਾ ਸੁਨੇਹਾ ਦੇਣ ਵਾਲੀਆਂ ਹਨ। ਇਨ੍ਹਾਂ ਕਵਿਤਾਵਾਂ ਦਾ ਸੁਨੇਹਾ ਸੀ, “ਜਾਓ, ਵਿੱਦਿਆ ਪ੍ਰਾਪਤ ਕਰੋ।”, “ਵਿੱਦਿਆ ਪ੍ਰਾਪਤੀ ਦੇ ਸੁਨਹਿਰੀ ਮੌਕੇ ਦਾ ਲਾਭ ਉਠਾਓ”, “ਬਿਨਾਂ ਗਿਆਨ, ਸਬ ਕੁਝ ਦਾ ਨੁਕਸਾਨ”, “ਮਿਹਨਤ ਕਰੋ ਤੇ ਆਤਮ ਨਿਰਭਰ ਬਣੋ”, “ਸਿੱਖੋ ਤੇ ਜਾਤਾਂ ਦੇ ਬੰਧਨ ਤੋੜ ਦਿਓ”। ਉਹਨਾਂ ਦੇ ਦੋ ਕਾਵਿ ਸੰਗ੍ਰਿਹ “ਕਾਵਿਯਾ-ਫੂਲੇ” ਸੰਨ 1934 ਅਤੇ “ਬਾਵਨ ਕਾਸ਼ੀ ਸੁਬੋਧ ਰਤਨਾਕਰ” ਸੰਨ 1982 ਵਿੱਚ ਛਪੇ।

ਮਹਾਂਰਾਸ਼ਟਰ ਦੀ ਸਰਕਾਰ ਵਲੋਂ ਉਨ੍ਹਾਂ ਦੀ ਯਾਦ ਵਿੱਚ ਹਰ ਸਾਲ ਸਮਾਜ -ਸੁਧਾਰ ਲਈ ਕੰਮ ਕਰਨ ਵਾਲੀ ਔਰਤ ਨੂੰ ਅਵਾਰਡ ਦਿੱਤਾ ਜਾਂਦਾ ਹੈ। ਸੰਨ 1998 ਵਿੱਚ 10 ਮਾਰਚ ਨੂੰ ਉਨ੍ਹਾਂ ਦੀ ਯਾਦ ਵਿੱਚ ਡਾਕ-ਤਾਰ ਵਿਭਾਗ ਵਲੋਂ ਡਾਕ ਟਿਕਟ ਜਾਰੀ ਕੀਤਾ ਗਿਆ। ਸੰਨ 2015 ਵਿੱਚ ਉਨ੍ਹਾਂ ਦੇ ਸਨਮਾਨ ਹਿਤ “ਪੂਨਾ ਯੂਨੀਵਰਸਿਟੀ” ਦਾ ਨਾਂ “ਸਵਿੱਤਰੀਬਾਈ ਫੂਲੇ ਪੂਨਾ ਯੂਨੀਵਰਸਿਟੀ” ਰੱਖਿਆ ਗਿਆ। ਹੁਣੇ ਹੀ 3 ਜਨਵਰੀ ਨੂੰ ਗੂਗਲ ਦੁਆਰਾ ਉਹਨਾਂ ਦੇ 186ਵੇਂ ਜਨਮ ਦਿਨ ਤੇ ਸਨਮਾਨ ਹਿੱਤ ‘ਗੂਗਲ ਡੂਡਲ’ ਜਾਰੀ ਕੀਤਾ ਜਿਸ ਵਿੱਚ ਸਵਿੱਤਰੀਬਾਈ ਨੂੰ ਆਪਣੇ ਪੱਲੂ ਹੇਠ ਔਰਤਾਂ ਨੂੰ ਆਪਣੀ ਬੁੱਕਲ ਵਿੱਚ ਲੈਂਦੇ ਦਿਖਾਇਆ ਗਿਆ ਹੈ।

*****

(556)

ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)