“1398 ਵਿੱਚ ਤੈਮੂਰ ਨੇ ਭਾਰਤ ਵੱਲ ਰਜੂਹ ਕੀਤਾ। ਉਦੋਂ ਭਾਰਤ ਵਿੱਚ ...”
(27 ਜਨਵਰੀ 2025)
ਭਾਰਤ ਵਿੱਚ ਘੱਟ ਗਿਣਤੀਆਂ, ਖਾਸ ਤੌਰ ’ਤੇ ਮੁਸਲਮਾਨਾਂ ਪ੍ਰਤੀ ਜਿਸ ਪ੍ਰਕਾਰ ਦਾ ਨਫਰਤ-ਜਿਹਾਦ ਖੜ੍ਹਾ ਕੀਤਾ ਜਾ ਰਿਹਾ ਹੈ, ਉਸ ਦੇ ਅੰਤਰਗਤ ਇਸ ਸਮੁਦਾਇ ਲਈ ਆਪਣੀ ਪਛਾਣ ਦਾ ਕਿਸੇ ਵੀ ਤਰ੍ਹਾਂ ਦਾ ਇਜ਼ਹਾਰ ਕਰਨਾ ਖਤਰੇ ਤੋਂ ਖਾਲੀ ਨਹੀਂ ਰਿਹਾ। ਉਨ੍ਹਾਂ ਦੀਆਂ ਇਬਾਦਤਗਾਹਾਂ ’ਤੇ ਨਾ ਸਿਰਫ਼ ਹਮਲੇ ਹੀ ਹੋ ਰਹੇ ਹਨ, ਬਲਕਿ ਸਰਕਾਰੀ ਸ਼ਹਿ ਨਾਲ ਉਨ੍ਹਾਂ ਨੂੰ ਹਿੰਦੂ ਧਾਰਮਿਕ ਸਥਾਨ ਸਾਬਤ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਦੀ ਪੁਸ਼ਾਕ, ਖਾਣ-ਪੀਣ, ਇਤਿਹਾਸ/ਮਿਥਹਾਸ ਅਤੇ ਅਕੀਦੇ ਦਾ ਮਜ਼ਾਕ ਉਡਾਇਆ ਜਾ ਰਿਹਾ ਹੈ। ਸਿੱਖ ਅਤੇ ਇਸਾਈ ਵੀ ਇਸਦੀ ਲਪੇਟ ਵਿੱਚ ਆ ਰਹੇ ਹਨ। ਦੇਸ਼ ਦੇ ਵਿਸ਼ਾਲ ਹਿੰਦੂ ਜਨ-ਸਮੂਹ ਦੇ ਅੰਦਰ ਇਸ ਤਰ੍ਹਾਂ ਦਾ ਪ੍ਰਭਾਵ ਪੈਦਾ ਕੀਤਾ ਜਾ ਰਿਹਾ ਹੈ ਕਿ ਸਿੱਖ ਖਾਲਿਸਤਾਨੀ ਹੁੰਦੇ ਹਨ। ਗਾਇਕ ਦਿਲਜੀਤ ਦੁਸਾਂਝ ਨੇ ਇੱਕ ਟਵੀਟ ਵਿੱਚ ਪੰਜਾਬ ਦੇ ਅੰਗਰੇਜ਼ੀ ਸ਼ਬਦ ਜੋੜਾਂ ਵਿੱਚ ‘ਯੂ’ ਅੱਖਰ ਦੀ ਥਾਂ ‘ਏ’ ਕੀ ਪਾ ਦਿੱਤਾ, ਖਰਦਿਮਾਗ ਭਗਤਾਂ ਨੇ ਇਲਜ਼ਾਮ ਲਾਉਣਾ ਸ਼ੁਰੂ ਕਰ ਦਿੱਤਾ ਕਿ ਦਿਲਜੀਤ ਅੰਦਰੋਂ ਪਾਕਿਸਤਾਨੀ ਹੈ ਕਿਉਂਕਿ ਉੱਧਰ ਪੰਜਾਬ ਦੇ ਹੇਜੇ ਵਿੱਚ ‘ਏ’ ਲਾਇਆ ਜਾਂਦਾ ਹੈ, ਹਾਲਾਂ ਕਿ ਪਾਕਿਸਤਾਨੀ ਪੰਜਾਬ ਯੂਨੀਵਰਸਿਟੀ ਵਿੱਚ ਪੰਜਾਬ ਦੇ ਨਾਂ ਵਿੱਚ ‘ਯੂ’ ਹੈ, ਜਦੋਂ ਕਿ ਭਾਰਤ ਦੀ ਪੰਜਾਬ ਯੂਨੀਵਰਸਿਟੀ ਵਿੱਚ ‘ਏ’ ਹੀ ਹੈ।
ਹਿੰਦੂ ਤੁਅੱਸਬ ਬਦ ਤੋਂ ਬਦਤਰ ਹੁੰਦਾ ਜਾ ਰਿਹਾ ਹੈ। ਪਿਛਲੇ ਸਾਲਾਂ ਦੌਰਾਨ ਤੇ ਅੱਜ ਵੀ ਸੱਜ-ਪਿਛਾਖੜੀ/ਹਿੰਦੂਤਵ ਰਾਜ ਅਧੀਨ ਘੱਟ ਗਿਣਤੀਆਂ ਖ਼ਿਲਾਫ਼ ਕਈ ਤਰ੍ਹਾਂ ਦੇ ਭਾਸ਼ਾਈ ਹਮਲੇ ਹੋ ਰਹੇ ਹਨ। ਮੁਸਲਮਾਨਾਂ ਨੂੰ ਰਾਖਸ਼ ਤਕ ਕਿਹਾ ਜਾ ਰਿਹਾ ਹੈ। ਇਸਲਾਮੀ ਇਤਿਹਾਸ ਨਾਲ ਜੁੜੇ ਕਿੰਨੇ ਹੀ ਸਥਾਨਾਂ ਦੇ ਨਾਂ ਬਦਲ ਦਿੱਤੇ ਗਏ ਹਨ ਅਤੇ ਕਿੰਨਿਆਂ ਦੇ ਬਦਲਣ ਦੀ ਤਜਵੀਜ਼ ਸਮੇਂ-ਸਮੇਂ ਸਾਹਮਣੇ ਆ ਰਹੀ ਹੈ। ਮਿਸਾਲ ਵਜੋਂ ਇਲਾਹਾਬਾਦ ਦਾ ਨਾਂ ਬਦਲ ਕੇ ਪ੍ਰਯਾਗਰਾਜ ਕਰ ਦਿੱਤਾ ਗਿਆ ਹੈ। ਅਮਿਤ ਸ਼ਾਹ ਨੇ ਸੰਕੇਤ ਦਿੱਤਾ ਹੈ ਕਿ ਕਸ਼ਮੀਰ ਦਾ ਨਾਂ ਕਸ਼ਿਅਪ ਚਾਹੀਦਾ ਹੈ ਕਿਉਂਕਿ ਹਿੰਦੂ ਮਿਥਿਹਾਸ ਅਨੁਸਾਰ ਕਸ਼ਿਅਪ ਰਿਸ਼ੀ ਨੇ ਕਸ਼ਮੀਰ ਪੈਦਾ ਕੀਤਾ। ਹੈਦਰਾਬਾਦ ਦਾ ਨਾਂ ਭਾਗਯਨਗਰ ਰੱਖਣ ਲਈ ਜ਼ੋਰ ਪਾਇਆ ਜਾ ਰਿਹਾ ਹੈ। ਤਾਜ ਮਹਿਲ ਦਾ ਨਾਂ ਤਾਜੋ ਮਾਈ ਰੱਖਣ ਦੀਆਂ ਗੱਲਾਂ ਤਾਂ ਚਿਰਾਂ ਤੋਂ ਸੁਣਦੇ ਆਏ ਹਾਂ। ਮੁਸਲਮਾਨਾਂ ’ਤੇ ਦੋਸ਼ ਲਾਇਆ ਜਾ ਰਿਹਾ ਹੈ ਕਿ ਉਹ ਇੱਕ ਏਜੰਡੇ ਅਧੀਨ ਲਵ-ਜਿਹਾਦ ਕਰਕੇ ਹਿੰਦੂ ਕੁੜੀਆਂ ਨੂੰ ਫਸਾਉਂਦੇ ਹਨ ਤੇ ਉਨ੍ਹਾਂ ਨਾਲ ਵਿਆਹ ਕਰਕੇ ਉਨ੍ਹਾਂ ਨੂੰ ਮੁਸਲਮਾਨ ਬਣਾ ਰਹੇ ਹਨ। ਇਸੇ ਤਰ੍ਹਾਂ ਉਨ੍ਹਾਂ ਸਿਰ ਲੈਂਡ-ਜਿਹਾਦ, ਵੋਟ ਜਿਹਾਦ, ਪਾਪੂਲੇਸ਼ਨ ਜਿਹਾਦ ਅਤੇ ਪਤਾ ਨਹੀਂ ਹੋਰ ਕਿਹੜੇ-ਕਿਹੜੇ ਜਿਹਾਦ ਖੜ੍ਹੇ ਕਰਨ ਦਾ ਸ਼ੋਰ ਮਚਾਇਆ ਜਾ ਰਿਹਾ ਹੈ।
ਕੁਝ ਸਾਲ ਪਹਿਲਾਂ ਇੱਕ ਕੰਪਨੀ ਨੇ ਦੀਵਾਲੀ ਦੇ ਤਿਉਹਾਰ ਲਈ ਅਖਬਾਰਾਂ ਵਿੱਚ ਦਿੱਤੇ ਆਪਣੇ ਇਸ਼ਤਿਹਾਰ ਦਾ ਸਿਰਲੇਖ ‘ਜਸ਼ਨੇ-ਰਿਵਾਜ’ ਛਪਵਾ ਦਿੱਤਾ ਤਾਂ ਇਸ ’ਤੇ ਇੰਨਾ ਬਵਾਲ ਉੱਠਿਆ ਕਿ ਕੰਪਨੀ ਨੂੰ ਇਹ ਇਸ਼ਤਿਹਾਰ ਵਾਪਸ ਲੈਣਾ ਪਿਆ ਅਖੇ ‘ਜਸ਼ਨੇ-ਰਿਵਾਜ’ ਮੁਸਲਮਾਨ/ਉਰਦੂ ਅਭਿਵਿਅੰਜਨ ਹੈ। ਉਰਦੂ ਨੂੰ ਮੁਸਲਮਾਨਾਂ ਦੀ ਜ਼ਬਾਨ ਸਮਝਦਿਆਂ ਇਸਦੇ ਲਫਜ਼ ਹਿੰਦੀ ਵਿੱਚੋਂ ਚੁਣ ਚੁਣ ਕੇ ਕੱਢੇ ਜਾ ਰਹੇ ਹਨ। ਇੱਥੋਂ ਤਕ ਕਿ ਹਿੰਦੂ ਧਰਮ ਲਈ ਵੀ ਅੱਛੋਪਲੇ ਸਨਾਤਨ ਧਰਮ ਦੀ ਵਰਤੋਂ ਜ਼ੋਰ ਫੜ ਰਹੀ ਹੈ ਕਿਉਂਕਿ ਹਿੰਦੂ ਸ਼ਬਦ ਮੁਸਲਮਾਨਾਂ ਦੀ ਜ਼ਬਾਨ ਅਰਬੀ ਨੇ ਬਣਾਇਆ ਹੈ। ਦੇਸ਼ ਦੇ ਸੰਵਿਧਾਨ ਵੱਲੋਂ ਪ੍ਰਵਾਨਤ ਇੱਕ ਨਾਂ ‘ਇੰਡੀਆ’ ਵੀ ਹਟਾ ਕੇ ਸਿਰਫ਼ ਭਾਰਤ ਰੱਖਣ ਦੀਆਂ ਸਕੀਮਾਂ ’ਤੇ ਵਿਚਾਰ ਹੋਣ ਲੱਗ ਪਿਆ ਸੀ। ਹੋਰ ਹਾਸੋ-ਹੀਣੀ ਗੱਲ ਦੇਖੋ। ਵਰਤਮਾਨ ਵਿੱਚ ਚੱਲ ਰਹੇ ਮਹਾਕੁੰਭ ਮੇਲੇ ਦੌਰਾਨ ਸਾਧੂਆਂ ਨੇ ਘੋਸ਼ਣਾ ਕੀਤੀ ਹੈ ਕਿ ਉਹ ਕੁੰਭ ਵਿੱਚ ਸਾਧੂਆਂ ਵੱਲੋਂ ਕੀਤੇ ਜਾਂਦੇ ‘ਸ਼ਾਹੀ ਸਨਾਨ’ ਅਤੇ ‘ਪੇਸ਼ਵਾਈ ਸਨਾਨ’ ਨੂੰ ਸਨਾਤਨ ਧਰਮ ਅਨੁਸਾਰ ਕ੍ਰਮਵਾਰ ‘ਰਾਜਸੀ ਸਨਾਨ’ ਅਤੇ ‘ਛਾਵਣੀ ਪ੍ਰਵੇਸ਼’ ਆਖਣਗੇ ਕਿਉਂਕਿ ‘ਸ਼ਾਹੀ’ ਤੇ ‘ਪੇਸ਼ਵਾਈ’ ਸ਼ਬਦਾਂ ਤੋਂ ਉਰਦੂ-ਫਾਰਸੀ ਦੀ ਬੂ ਆਉਂਦੀ ਹੈ। ਰਾਜਸਥਾਨ ਪੁਲੀਸ ਨੂੰ ਸਰਕਾਰ ਨੇ ਆਦੇਸ਼ ਦਿੱਤਾ ਹੈ ਕਿ ਉਹ ਲਿਖਤ-ਪੜ੍ਹਤ ਦੀ ਕਾਰਵਾਈ ਕਰਦਿਆਂ ਉਰਦੂ ਲਫਜ਼ ਜਿਵੇਂ ਇਤਲਾਹ, ਮੁਕੱਦਮਾ, ਮੁਲਜ਼ਿਮ, ਇਲਜ਼ਾਮ, ਚਸ਼ਮਦੀਦ ਆਦਿ ਦੀ ਥਾਂ ਹਿੰਦੀ ਸ਼ਬਦ ਵਰਤਣ। ਅੱਜ ਜੇ ਤੁਸੀਂ ਹਿੰਦੀ ਦੀਆਂ ਲਿਖਤਾਂ ਪੜ੍ਹੋ ਤਾਂ ਤੁਹਾਨੂੰ ਪ੍ਰਭਾਵ ਮਿਲੇਗਾ ਕਿ ਉਸ ਵਿੱਚ ਆਮ ਵਰਤੀਂਦੇ ਅਰਬੀ-ਫਾਰਸੀ ਪਿਛੋਕੜ ਦੇ ਸ਼ਬਦਾਂ ਦਾ ਪ੍ਰਯੋਗ ਸੁਚੇਤ ਤੌਰ ’ਤੇ ਘਟਾਇਆ ਜਾ ਰਿਹਾ ਹੈ। ਸੰਸਕ੍ਰਿਤ ਦੇ ਬੋਝ ਥੱਲੇ ਦੱਬੀਆਂ ਇਨ੍ਹਾਂ ਰਚਨਾਵਾਂ ਦੀ ਭਾਸ਼ਾ ਵਿੱਚ ਸਹਿਜਤਾ ਅਤੇ ਸੰਚਾਰ ਦੀ ਢੇਰ ਕਮੀ ਦਿਸਦੀ ਹੈ।
ਮੁਸਲਮਾਨਾਂ ਖਿਲਾਫ਼ ਭਾਸ਼ਾਈ ਹਮਲਿਆਂ ਦੇ ਹੋਰ ਅਨੇਕਾਂ ਸਥੂਲ ਤੇ ਸੂਖਮ ਆਯਾਮ ਹਨ ਪਰ ਅੱਜ ਅਸੀਂ ਇੱਕ ਨਾਂ ਦੀ ਚਰਚਾ ਕਰਨੀ ਹੈ ਜਿਸ ਉੱਪਰ ਸੰਘੀ ਅੰਧਭਗਤਾਂ ਨੇ ਆਪਣੀ ਘਿਰਣਾ ਦਾ ਬਹੁਤ ਹੋਛੇ ਪੱਧਰ ’ਤੇ ਦਿਖਾਵਾ ਕੀਤਾ ਹੈ। ਐਕਟਰ ਜੋੜੀ ਕਰੀਨਾ ਕਪੂਰ ਅਤੇ ਸੈਫ਼ ਅਲੀ ਖਾਨ ਨੇ ਜਦੋਂ 2016 ਵਿੱਚ ਜਨਮੇ ਆਪਣੇ ਬੇਟੇ ਨੂੰ 14ਵੀਂ ਸਦੀ ਦੇ ਤੁਰਕ ਰਾਜੇ ਤੈਮੂਰ ਦਾ ਨਾਂ ਦਿੱਤਾ ਤਾਂ ਹਿੰਦੂਤਵ ਜਗਤ ਵਿੱਚ ਉਨ੍ਹਾਂ ਪ੍ਰਤੀ ਘਿਰਣਾ ਦਾ ਭੂਚਾਲ ਹੀ ਉਮਡ ਆਇਆ। ਉਸ ਬੇਕਸੂਰ ਬੱਚੇ ਨੂੰ ਵੀ ਨਾ ਬਖਸ਼ਦਿਆਂ ਅੱਤਵਾਦੀ ਗਰਦਾਨ ਦਿੱਤਾ ਗਿਆ। ਇਹ ਬਕ-ਬਕ ਅਜੇ ਮੱਠੀ ਹੀ ਹੋ ਰਹੀ ਸੀ ਕਿ ਕੁਮਾਰ ਵਿਸ਼ਵਾਸ ਨਾਂ ਦੇ ਕਵੀ ਅਤੇ ਘਟੀਆ ਰਾਜਨੀਤੀ ਕਰਨ ਵਾਲੇ ਨੇ ਉਸ ਦੇ ਬੇਟੇ ਤੈਮੂਰ ’ਤੇ ਘਿਨਾਉਣੀ ਟਿੱਪਣੀ ਕਰਦਿਆਂ ਧਮਕਾਇਆ ਕਿ ‘ਇਹ ਨਹੀਂ ਚੱਲੇਗਾ।’ ਸੈਫ਼ ਅਲੀ ਦੇ ਘਰ ਅੱਧੀ ਰਾਤੀਂ ਇੱਕ ਬੰਦੇ ਦੇ ਵੜਨ ਅਤੇ ਉਸ ਵੱਲੋਂ ਸੈਫ਼ ’ਤੇ ਕਾਤਲਾਨਾ ਹਮਲਾ ਕਰਨ ਦੀ ਘਟਨਾ ਨੇ ਇਸ ਨੂੰ ਫਿਰ ਹਵਾ ਦੇ ਦਿੱਤੀ। ਕਾਰਨ? ਤੈਮੂਰ ਮੁਸਲਮਾਨ ਸੀ ਅਤੇ ਉਸ ਨੇ ਭਾਰਤ ’ਤੇ ਹਮਲਾ ਕਰ ਕੇ ਇੱਥੇ ਦੇ ਲੋਕਾਂ ’ਤੇ ਜ਼ੁਲਮ ਢਾਹੇ। ਚਲੋ ਤੈਮੂਰ ਦੀ ਏਸ਼ੀਆ ਮਾਰੋ-ਮਾਰ ਬਾਰੇ ਕੁਝ ਜਾਣਕਾਰੀ ਲੈ ਲਈਏ।
ਤੈਮੂਰ ਤੁਰਕ-ਮੰਗੋਲ ਪਿਛੋਕੜ ਦਾ ਅਜੋਕੇ ਉਜ਼ਬੇਕਿਸਤਾਨ ਵਿੱਚ ਜਨਮਿਆ ਯੋਧਾ ਸੀ ਜਿਸ ਨੇ ਚੌਦ੍ਹਵੀਂ ਸਦੀ ਦੀ ਤੀਸਰੀ ਚੌਥਾਈ ਦੌਰਾਨ ਪੱਛਮੀ ਅਤੇ ਮੱਧ ਏਸ਼ੀਆ ’ਤੇ ਭਾਰੀ ਜਿੱਤਾਂ ਪ੍ਰਾਪਤ ਕਰ ਕੇ ਵਿਸ਼ਾਲ ਤੈਮੂਰ ਰਾਜਵੰਸ਼ ਦੀ ਨੀਂਹ ਰੱਖੀ। ਜਵਾਨੀ ਵਿੱਚ ਹੀ ਉਸ ਦੀ ਇੱਕ ਲੱਤ ’ਤੇ ਸੱਟ ਲੱਗਣ ਕਾਰਨ ਉਹ ਲੰਗੜਾ ਹੋ ਗਿਆ, ਜਿਸ ਕਰਕੇ ਇਤਿਹਾਸ ਵਿੱਚ ਉਹ ਤੈਮੂਰ ਲੰਗ ਦੇ ਕੁਨਾਂ ਵਜੋਂ ਕੁਖਿਆਤ ਕੀਤਾ ਗਿਆ। ਹੋਰ ਭਾਸ਼ਾਵਾਂ ਵਿੱਚ ਇਸ ਨਾਂ ਦੇ ਹੋਰ ਰੁਪਾਂਤਰ ਵੀ ਹਨ। ਸਾਡੀ ਭਾਸ਼ਾ ਵਿੱਚ ਹੀ ਇਸ ਨਾਂ ਨੂੰ ਵਿਗਾੜ ਕੇ ਤੇ ਉਸ ਨੂੰ ਹੋਰ ਨੀਚਾ ਦਿਖਾਉਣ ਹਿਤ ‘ਤਿਮਿਰਲਿੰਗ’ ਵੀ ਕਿਹਾ ਜਾਣ ਲੱਗਾ। ਹੋਰ ਤਾਂ ਹੋਰ ਕਿਸੇ ਵੀ ਲੰਗੜੇ ਆਦਮੀ ਲਈ ਉਸ ਦੀ ਪਿੱਠ ਪਿੱਛੇ ਲੋਕ ਤਿਮਿਰਲਿੰਗ ਛੇੜ ਪਾ ਦਿੰਦੇ ਹਨ। ਤੈਮੂਰ ਦਾ ਸਾਮਰਾਜ ਅਜੋਕੇ ਤੁਰਕੀ, ਸੀਰੀਆ, ਇਰਾਕ, ਕੁਵੈਤ, ਕਜ਼ਾਖਸਤਾਨ, ਅਫਗਾਨਿਸਤਾਨ, ਉਜ਼ਬੇਕਿਸਤਾਨ, ਰੂਸ, ਚੀਨ ਅਤੇ ਭਾਰਤ ਤਕ ਫੈਲ ਗਿਆ। ਆਪਣੇ ਰਾਜ ਵਿਸਤਾਰ ਦੌਰਾਨ ਉਸ ਨੇ ਮਾਰ-ਧਾੜ ਦੀ ਹੱਦ ਟੱਪ ਦਿੱਤੀ ਜਿਸ ਕਾਰਨ ਦਮਿਸ਼ਕ, ਬਗਦਾਦ, ਦਿੱਲੀ, ਫਾਰਸ, ਅਰਬ ਤੇ ਤੁਰਕ ਇਲਾਕੇ ਦੇ ਹੋਰ ਕਈ ਸ਼ਹਿਰ ਬੁਰੀ ਤਰ੍ਹਾਂ ਲੁੱਟੇ ਅਤੇ ਨੇਸਤੋ-ਨਾਬੂਦ ਕੀਤੇ ਗਏ। ਪਰ ਮੱਧ ਏਸ਼ੀਆ ਦਾ ਇਲਾਕਾ ਇਸ ਦੌਰ ਵਿੱਚ ਵਿਕਾਸ ਦੇ ਸਿਰੇ ’ਤੇ ਪੁੱਜ ਗਿਆ। ਇਸੇ ਕਰਕੇ ਉਸ ਨੂੰ ਮੱਧ ਏਸ਼ੀਆ ਵਿੱਚ ਵਡਿਆਇਆ ਜਾਂਦਾ ਹੈ ਜਦੋਂ ਕਿ ਹੋਰ ਥਾਈਂ ਉਸ ਪ੍ਰਤੀ ਅਤਿ ਘਿਰਣਾ ਹੈ। ਪੱਛਮੀ ਏਸ਼ੀਆ ਦੇ ਦੇਸ਼ਾਂ ਵਿੱਚ ਅਜੇ ਵੀ ਲੋਕ ਆਪਣੇ ਬੱਚਿਆਂ ਦਾ ਨਾਂ ਫਖ਼ਰ ਨਾਲ ਤੈਮੂਰ ਰੱਖਦੇ ਹਨ। ਫਾਰਸੀ ਸਾਹਿਤ ਵਿੱਚ ਉਸ ਨੂੰ ਫਤਿਹ ਜਹਾਨ ਕਰ ਕੇ ਵਡਿਆਇਆ ਜਾਂਦਾ ਹੈ।
ਤੈਮੂਰ ਨੇ ਚੰਗੇਜ਼ ਖਾਂ ਦੇ ਪਰਿਵਾਰ ਵਿੱਚ ਵਿਆਹ ਕਰਕੇ ਆਪਣਾ ਨਾਂ ਤੈਮੂਰ ਗੁਰਕਾਨੀ ਰੱਖ ਲਿਆ ਤੇ ‘ਮਹਾਨ’ ਚੰਗੇਜ਼ ਪਰੰਪਰਾ ਦਾ ਪੇਸ਼ਵਾ ਬਣ ਬੈਠਾ। ਮੰਗੋਲ ਭਾਸ਼ਾ ਦੇ ‘ਗੁਰਕਾਨੀ’ ਸ਼ਬਦ ਦਾ ਮਤਲਬ ਹੈ ਜਵਾਈ। ਤੈਮੂਰ ਬਚਪਨ ਤੋਂ ਹੀ ਬੇਹੱਦ ਬਹਾਦਰ, ਬੁੱਧੀਵਾਨ, ਪੜ੍ਹਿਆ-ਲਿਖਿਆ ਅਤੇ ਸੁਨੱਖਾ ਸੀ। ਉਸ ਵਿੱਚ ਮਾਰ-ਧਾੜ ਕਰਨ ਅਤੇ ਇਲਾਕੇ ਜਿੱਤਣ ਦੀ ਅਮੁੱਕ ਲਾਲਸਾ ਸੀ। ਫੌਜੀ ਜਿੱਤਾਂ ਹਾਸਲ ਕਰਦਿਆਂ ਉਸ ਨੇ ਚੰਗੇਜ਼ ਖਾਂ ਦੇ ਪੁੱਤਰ ਚਗਤਾਈ ਖਾਂ ਦੇ ਇਲਾਕੇ ’ਤੇ ਅਧਿਕਾਰ ਜਮਾ ਲਿਆ। ‘ਚਗਤਾਈ’ ਇਸ ਇਲਾਕੇ ਦੇ ਇੱਕ ਕਬੀਲੇ ਅਤੇ ਭਾਸ਼ਾ ਦਾ ਨਾਂ ਵੀ ਹੈ। ਪੰਜਾਬੀ ਵਿੱਚ ਇਨ੍ਹਾਂ ਨੂੰ ‘ਚੁਗੱਤੇ’ ਕਿਹਾ ਜਾਂਦਾ ਹੈ। ਇਨ੍ਹਾਂ ਬਾਰੇ ਇੱਕ ਕਹਾਵਤ ਸੁਣੋ, ‘ਖਸਮ ਕੀਤਾ ਚੁਗੱਤਾ, ਉਹੀ ਚੱਕੀ ਉਹੀ ਪੀਠਾ’, ਪੋਠੋਹਾਰ ਵਿੱਚ ਇਸ ਕਬੀਲੇ ਦੇ ਕਈ ਲੋਕ ਰਹਿੰਦੇ ਹਨ।
1398 ਵਿੱਚ ਤੈਮੂਰ ਨੇ ਭਾਰਤ ਵੱਲ ਰਜੂਹ ਕੀਤਾ। ਉਦੋਂ ਭਾਰਤ ਵਿੱਚ ਨਿਘਾਰ ਨੂੰ ਪੁੱਜਾ ਸੁਲਤਾਨ ਤੁਗਲਕ ਦਾ ਰਾਜ ਸੀ। ਤੈਮੂਰ ਦੀਆਂ ਫੌਜਾਂ ਨੇ ਜ਼ਬਰਦਸਤ ਕਤਲੋ-ਗਾਰਤ ਕਰਕੇ ਤੁਲਾਂਬਾ ਤੇ ਮੁਲਤਾਨ ਦੇ ਇਲਾਕੇ ਹਥਿਆ ਲਏ ਤੇ ਫਿਰ ਦਿੱਲੀ ’ਤੇ ਹਮਲਾ ਕੀਤਾ। ਤੁਗਲਕ ਦੇ ਹਾਥੀਆਂ ਦਾ ਮੁਕਾਬਲਾ ਕਰਨ ਲਈ ਤੈਮੂਰ ਨੇ ਆਪਣੇ ਊਠਾਂ ’ਤੇ ਲੱਕੜੀਆਂ ਲਦਵਾ ਕੇ ਉਨ੍ਹਾਂ ਨੂੰ ਅੱਗ ਲਵਾ ਦਿੱਤੀ, ਜਿਸ ਕਾਰਨ ਤੁਗਲਕ ਦੇ ਹਾਥੀ ਡਰ ਕੇ ਪਿੱਛੇ ਭੱਜ ਗਏ ਤੇ ਆਪਣੀ ਸੈਨਾ ਨੂੰ ਹੀ ਮਾਰਨ ਦਾ ਕਾਰਨ ਬਣੇ। ਤੈਮੂਰ ਇੰਨਾ ਕਰੂਰ ਸੀ ਕਿ ਉਸ ਨੇ ਲਗਭਗ ਸਾਰੀ ਦਿੱਲੀ ਤਬਾਹ ਕਰ ਦਿੱਤੀ, ਬਾਸ਼ਿੰਦੇ ਮਾਰ ਸੁੱਟੇ ਤੇ ਖੂਬ ਮਾਲ ਲੁੱਟਿਆ। ਉਸ ਨੇ ਇਸ ਮੁਹਿੰਮ ਦੌਰਾਨ ਬਣਾਏ ਇੱਕ ਲੱਖ ਗੁਲਾਮਾਂ ਨੂੰ ਇਸ ਡਰੋਂ ਮਾਰ ਮੁਕਾਇਆ ਕਿ ਉਹ ਬਗਾਵਤ ਨਾ ਕਰ ਦੇਣ।
ਤੈਮੂਰ ਦੀਆਂ ਕਈ ਸਿਫਤਾਂ ਵੀ ਸਨ। ਉਹ ਮੌਲਿਕ ਰਣਨੀਤੀਕਾਰ, ਬੇਹੱਦ ਕਲਾਪ੍ਰੇਮੀ ਤੇ ਦਾਨਿਸ਼ਮੰਦਾਂ ਦਾ ਕਦਰਦਾਨ ਸੀ। ਉਹ ਲੜਾਈ ਦੌਰਾਨ ਪ੍ਰਤਿਭਾਸ਼ਾਲੀ ਲੋਕਾਂ ਨੂੰ ਆਪਣੇ ਨਾਲ ਲੈ ਜਾਂਦਾ ਸੀ। ਉਸ ਨੇ ਆਪਣੀ ਰਾਜਧਾਨੀ ਅਜੋਕੇ ਉਜ਼ਬੇਕਿਸਤਾਨ ਦੇ ਸ਼ਹਿਰ ਸਮਰਕੰਦ ਵਿੱਚ ਆਲੀਸ਼ਾਨ ਇਮਾਰਤਾਂ ਬਣਵਾਈਆਂ। ਤੈਮੂਰ ਪਿੱਛੋਂ ਉਸ ਦੇ ਸਭ ਤੋਂ ਛੋਟੇ ਪੁੱਤਰ ਸ਼ਾਹ ਰੁਖ ਨੇ ਰਾਜ ਸੰਭਾਲਿਆ। ਇਸ ਨਾਂ ਦਾ ਅਰਥ ਹੈ ਸ਼ਾਹੀ ਚਿਹਰਾ। ਉਜ਼ਬੇਕਿਸਤਾਨ ਵਿੱਚ ਦੋਨਾਂ ਪਿਉ ਪੁੱਤਰਾਂ ਦੀ ਖੂਬ ਮਾਨਤਾ ਹੈ। ਉਜ਼ਬੇਕਿਸਤਾਨ ਦੀ ਸੈਰ ਕਰਨ ਪਿੱਛੋਂ ਮੇਰੇ ਇੱਕ ਰਿਸ਼ਤੇਦਾਰ ਨੇ ਦੱਸਿਆ ਕਿ ਉੱਥੇ ਸਾਡੇ ਫਿਲਮੀ ਐਕਟਰ ਸ਼ਾਹ ਰੁਖ ਖਾਨ ਪ੍ਰਤੀ ਬੇਹੱਦ ਸ਼ਰਧਾ ਹੈ। ਮੈਂ ਉਸ ਨੂੰ ਦੱਸਿਆ ਕਿ ਤੁਹਾਨੂੰ ਭੁਲੇਖਾ ਲੱਗਾ ਹੋਵੇਗਾ, ਤੈਮੂਰ ਦਾ ਬੇਟਾ ਸ਼ਾਹ ਰੁਖ ਉੱਥੋਂ ਦਾ ਹਾਕਿਮ ਰਿਹਾ ਹੈ, ਸ਼ਰਧਾ ਉਸ ਪ੍ਰਤੀ ਹੈ। ਦੱਸ ਦੇਈਏ ਕਿ ‘ਤੈਮੂਰ’ ਮੁਢਲੇ ਤੌਰ ’ਤੇ ਅਲਤਾਇਕ ਭਾਸ਼ਾ ਪਰਿਵਾਰ ਦੀ ਤੁਰਕ ਭਾਸ਼ਾ ਦਾ ਸ਼ਬਦ ਹੈ ਜਿਸਦਾ ਮਤਲਬ ਹੈ ਲੋਹਾ ਤੇ ਨਾਂ ਵਜੋਂ ਅਰਥ ਹੋਇਆ ਲੋਹੇ ਜਿੰਨਾ ਸ਼ਕਤੀਸ਼ਾਲੀ, ਬਹਾਦਰ, ਜਿਵੇਂ ਸਾਡਾ ਤੇਗ ਬਹਾਦਰ। ਬਹੁਤ ਸਾਰੇ ਸ੍ਰੋਤ ਇਸ ਨੂੰ ਫਾਰਸੀ ਜਾਂ ਅਰਬੀ ਸ਼ਬਦ ਦੱਸਦੇ ਹਨ ਪਰ ਅਜਿਹਾ ਨਹੀਂ ਹੈ। ਹਾਂ, ਕਈ ਮੁਸਲਮਾਨੀ ਦੇਸ਼ਾਂ ਵਿੱਚ ਲੋਕ ਇਹ ਨਾਂ ਅੱਜ ਵੀ ਰੱਖਦੇ ਹਨ।
ਇਤਿਹਾਸਕਾਰਾਂ ਨੇ ਤੈਮੂਰ ਨੂੰ ‘ਇਸਲਾਮ ਦੀ ਤਲਵਾਰ’ ਕਿਹਾ ਹੈ ਕਿਉਂਕਿ ਉਸ ਬਾਰੇ ਕਿਹਾ ਜਾਂਦਾ ਹੈ ਕਿ ਉਸ ਨੇ ਏਸ਼ੀਆ ਭਰ ਵਿੱਚ ਇਸਲਾਮ ਫੈਲਾਉਣ ਲਈ ਤਲਵਾਰ ਉਠਾਈ। ਇਹ ਗੱਲ ਅਰਧ-ਸੱਚ ਕਹੀ ਜਾ ਸਕਦੀ ਹੈ। ਰਾਜਾਸ਼ਾਹੀ ਯੁਗ ਵਿੱਚ ਸਭ ਦੇਸ਼ਾਂ ਵਿੱਚ ਸਭ ਧਰਮਾਂ ਦੇ ਰਾਜਿਆਂ ਦਾ ਮੁੱਖ ਮਨੋਰਥ ਰਾਜ ਵਿਸਤਾਰ ਹੁੰਦਾ ਸੀ ਜਿਸਦੀ ਲੋਕ-ਪ੍ਰਵਾਨਗੀ ਲਈ ਉਹ ਧਰਮ ਦਾ ਸਹਾਰਾ ਲੈਂਦੇ ਸਨ। ਤੈਮੂਰ ਨੇ ਦਿੱਲੀ ਸਮੇਤ ਅਨੇਕਾਂ ਥਾਵਾਂ ’ਤੇ ਮੁਸਲਮਾਨ ਰਾਜਿਆਂ ਨੂੰ ਹੀ ਹਰਾਇਆ। ਇਤਿਹਾਸਕਾਰ ਮੰਨਦੇ ਹਨ ਕਿ ਨਿੱਜੀ ਤੌਰ ’ਤੇ ਉਹ ਧਰਮ ਪੱਖੋਂ ਉਦਾਰਵਾਦੀ ਸੀ। ਭਾਰਤ ਵਿੱਚ ਉਸ ਦੇ ਖਿਲਾਫ਼ ਨਫ਼ਰਤ ਵਧੇਰੇ ਕਰਕੇ ਉਸ ਦੇ ਮੁਸਲਮਾਨ ਹੋਣ ਕਰਕੇ ਹੀ ਹੈ।
ਭਾਵੇਂ ਆਪਣੇ ਬੱਚੇ ਦਾ ਨਾਂ ਰੱਖਣਾ ਹਰ ਇੱਕ ਦਾ ਨਿੱਜੀ ਫੈਸਲਾ ਹੈ ਫਿਰ ਵੀ ਮੈਂ ਕਹਾਂਗਾ ਕਿ ਸੈਫ਼ ਅਲੀ ਨੂੰ ਘੱਟੋ-ਘੱਟ ਇਸ ਗੱਲ ਦਾ ਪਤਾ ਹੋਣਾ ਚਾਹੀਦਾ ਸੀ ਕਿ ਦੇਸ਼ ਵਿੱਚ ਜ਼ਬਰਦਸਤ ਤੁਅੱਸਬੀ ਮਾਹੌਲ ਦੇ ਹੁੰਦਿਆਂ ਅੰਧ ਭਗਤ ਲੋਕਾਂ ਵੱਲੋਂ ਕਿਸ ਤਰ੍ਹਾਂ ਦਾ ਪ੍ਰਤਿਕਰਮ ਹੋ ਸਕਦਾ ਹੈ ਜਿਸਦਾ ਖਮਿਆਜ਼ਾ ਉਸ ਨੂੰ ਖੁਦ ਤੇ ਉਸ ਦੇ ਬੱਚੇ ਨੂੰ ਵੀ ਭੁਗਤਣਾ ਪੈ ਸਕਦਾ ਹੈ। ਉਸ ਦੀ ਪਤਨੀ ਕਰੀਨਾ ਕਪੂਰ ਨੇ ਦੱਸਿਆ ਕਿ ਸੈਫ਼ ਅਲੀ ਇਤਿਹਾਸ ਦਾ ਖੂਬ ਜਾਣਕਾਰ ਹੈ ਪਰ ਉਸ ਨੇ ਇਹ ਨਾਂ ਇਸ ਲਈ ਰੱਖਿਆ ਕਿ ਇਸਦੀ ਧੁਨੀ ਬਹੁਤ ਮੋਹਕ ਹੈ ਤੇ ਅਰਥ ਤਾਂ ਸ਼ਕਤੀਸ਼ਾਲੀ ਹੈ ਹੀ। ਸੈਫ਼ ਅਲੀ ਨੇ ਇੱਥੇ ਬੇਸਮਝੀ ਦਾ ਹੀ ਵਿਖਾਵਾ ਕੀਤਾ ਹੈ।
* * * * *
ਨੋਟ: ਹਰ ਲੇਖਕ ਸਰੋਕਾਰ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲ ਕੇ ਰੱਖੇ।
ਰਚਨਾਵਾਂ ਸਬੰਧੀ ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)