“ਕਿਹੜੀ ਜਮਾਤ ਵਿੱਚ ਪੜ੍ਹਦੈਂ?” ਬਾਬਾ ਜੀ ਨੇ ਦੁਬਾਰਾ ਪੁੱਛਿਆ। “ਪੜ੍ਹਦਾ ਨਹੀਂ, ਡੰਗਰ ..."
(5 ਜਨਵਰੀ 2025)
ਸੱਚ ਇੱਕ ਅਜਿਹਾ ਸ਼ਬਦ ਹੈ ਜਿਸ ਨੂੰ ਲਿਖਣਾ ਵੀ ਔਖਾ, ਬੋਲਣਾ ਵੀ ਔਖਾ ਅਤੇ ਸੁਣਨਾ ਵੀ ਔਖਾ ਹੈ। ਸੱਚ ’ਤੇ ਖੜ੍ਹਨ ਵਾਲੇ ਨੂੰ, ਸੱਚ ਤੇ ਤੁਰਨ ਵਾਲੇ ਨੂੰ, ਸੱਚ ਬੋਲਣ ਵਾਲੇ ਨੂੰ, ਸੱਚ ਲਿਖਣ ਵਾਲੇ ਨੂੰ ਵੱਡੀਆਂ ਆਫਤਾਂ ਨਾਲ ਟਾਕਰਾ ਲੈਣਾ ਪੈਂਦਾ ਹੈ। ਸੱਚ ’ਤੇ ਚੱਲਣ ਵਾਲੇ ਲਈ ਇਮਾਨਦਾਰੀ ਸਭ ਤੋਂ ਜ਼ਰੂਰੀ ਹੈ। ਸੱਚ ’ਤੇ ਤੁਰਨ ਲਈ ਨਿਡਰਤਾ ਅਤੇ ਹੌਸਲੇ ਦੀ ਵੀ ਜ਼ਰੂਰਤ ਹੁੰਦੀ ਹੈ। ਸੱਚ ਕੌੜਾ ਹੁੰਦਾ ਹੈ ਤੇ ਇਸਦਾ ਅੰਤ ਮਿੱਠਾ ਹੁੰਦਾ ਹੈ। ਸੱਚ ਬੋਲਣ ਵਾਲੇ ਦੀ ਦੁਨੀਆਂ ਵੈਰੀ ਵੀ ਬਣਦੀ ਹੈ ਪਰ ਸੱਚ ਦੀ ਪਰਖ ਹੋਣ ਤੋਂ ਬਾਅਦ ਸੱਚ ਨੂੰ ਅਪਣਾਉਂਦੀ ਵੀ ਹੈ। ਅਜਿਹਾ ਹੀ ਸ਼ਖ਼ਸ ਹੈ, ਜਿਸ ਨੇ ਸੱਚ ਦਾ ਪੱਲਾ ਨਹੀਂ ਛੱਡਿਆ, ਉਹ ਹੈ ਦਰਸ਼ਨ ਸਿੰਘ ਪ੍ਰੀਤੀਮਾਨ।
ਦਰਸ਼ਨ ਸਿੰਘ ਦਾ ਜਨਮ 15 ਜਨਵਰੀ, 1961 ਨੂੰ ਮਾਤਾ ਚਤਿੰਨ ਕੌਰ ਦੇ ਪੇਟੋਂ, ਪਿਤਾ ਇੰਦਰ ਸਿੰਘ ਦੇ ਘਰ, ਬਾਬਾ ਜੈਮਲ ਸਿੰਘ ਦੇ ਵਿਹੜੇ, ਪਿੰਡ ਰਾਮਪੁਰਾ, ਜ਼ਿਲ੍ਹਾ ਬਠਿੰਡਾ ਵਿਖੇ ਹੋਇਆ। ਉਹ ਸੱਤ ਭੈਣ-ਭਰਾ ਸਨ, ਜਿਨ੍ਹਾਂ ਵਿੱਚੋਂ ਦੋ ਜੋੜੇ ਭੈਣ ਭਰਾ ਜਨਮ ਲੈਣ ਸਾਰ ਰੱਬ ਨੂੰ ਪਿਆਰੇ ਹੋ ਗਏ ਸਨ। ਦਰਸ਼ਨ ਸਿੰਘ ਦਾ ਪਹਿਲਾ ਨਾਂ ਦਿਲਬਾਗ ਸੀ ਤੇ ਫਿਰ ਸਕੂਲ ਵਿੱਚ ਦਰਸ਼ਨ ਨਾਂ ਹੇਠ ਦਾਖਲ ਕਰਵਾਇਆ ਸੀ। ਦਰਸ਼ਨ ਸਿੰਘ ਦਾ ਵਿਆਹ 15 ਅਗਸਤ 1990 ਨੂੰ ਸ਼ਿੰਦਰਪਾਲ ਕੌਰ ਨਾਲ ਹੋਇਆ। ਉਨ੍ਹਾਂ ਦੇ ਘਰ ਬੇਟੇ ਚਾਨਣਦੀਪ ਸਿੰਘ ਨੇ ਜਨਮ ਲਿਆ।
ਸੰਨ 1966 ਵਿੱਚ ਦਰਸ਼ਨ ਸਿੰਘ ਤੇ ਉਸ ਦੇ ਵੱਡੇ ਭਰਾ ਗੁਰਦੇਵ ਸਿੰਘ ਨੂੰ ਸਕੂਲ ਪੜ੍ਹਨ ਲਾ ਦਿੱਤਾ ਗਿਆ। ਜਦੋਂ ਤੀਜੀ ਜਮਾਤ ਦਾ ਨਤੀਜਾ ਆਇਆ ਤਾਂ ਦਰਸ਼ਨ ਫੇਲ ਹੋ ਗਿਆ ਤੇ ਉਸ ਦਾ ਵੱਡਾ ਭਰਾ ਪਾਸ ਹੋ ਗਿਆ। ਜਦੋਂ ਸ਼ਾਮ ਨੂੰ ਖੇਤੋਂ ਹਲ ਵਾਹ ਕੇ ਦਰਸ਼ਨ ਦਾ ਪਿਤਾ ਘਰ ਆਇਆ ਤਾਂ ਉਸ ਦੀ ਮਾਂ ਨੇ ਪਹਿਲਾਂ ਹੀ ਆਖ ਦਿੱਤਾ ਕਿ ਗੁਰਦੇਵ ਤਾਂ ਪਾਸ ਹੋ ਗਿਆ, ਦਰਸ਼ਨ ਨੂੰ ਇੱਕ ਸਾਲ ਹੋਰ ਜਮਾਤ ਵਿੱਚ ਲਾਉਣਾ ਪਵੇਗਾ। ਪਿਤਾ ਨੇ ਕਿਹਾ ਕਿ ਪਸ਼ੂ ਘਰ ਰਹਿੰਦੇ ਹਨ, ਦਰਸ਼ਨ ਨੂੰ ਪੜ੍ਹਨ ਨੂੰ ਕੀ ਐ, ਪਸ਼ੂਆਂ ਮਗਰ ਲਾ ਦਿੰਦੇ ਹਾਂ, ਚਾਰਾ ਲਿਆਇਆ ਕਰੇਗਾ। ਉਸਦੀ ਮਾਤਾ ਜੀ ਨੇ ਵੀ ਅੱਗੋਂ ਕੁਝ ਨਾ ਕਿਹਾ, ਉਹ ਦਰਸ਼ਨ ਦੇ ਪਿਤਾ ਦੇ ਸੁਭਾਅ ਤੋਂ ਜਾਣੂੰ ਸੀ। ਹੋਇਆ ਵੀ ਇਵੇਂ ਹੀ। ਗੁਰਦੇਵ ਨੂੰ ਸਕੂਲ ਦਾਖਲ ਕਰਵਾ ਦਿੱਤਾ ਗਿਆ, ਦਰਸ਼ਨ ਨੂੰ ਗਊਆਂ ਚਾਰਨ ਲਾ ਦਿੱਤਾ। ਉਨ੍ਹਾਂ ਦੇ ਘਰ ਉਸ ਸਮੇਂ ਦੋ ਮੱਝਾਂ ਚਾਰ ਗਊਆਂ ਤੇ ਚਾਰ ਬੱਕਰੀਆਂ, ਇੱਕ ਉੱਠ ਅਤੇ ਦੋ ਬਲਦ ਸਨ। ਊਠ ਅਤੇ ਬਲਦ ਖੇਤ ਚਲੇ ਜਾਂਦੇ, ਬੱਕਰੀਆਂ ਤੇ ਮੱਝਾਂ ਘਰ ਰਹਿ ਜਾਂਦੀਆਂ। ਗਊਆਂ ਦਰਸ਼ਨ ਵੱਗ ਨਾਲ ਛੱਡ ਕੇ ਲੈ ਜਾਂਦਾ।
ਕੁਝ ਸਮੇਂ ਬਾਅਦ ਦਰਸ਼ਨ ਸੁੱਖੇ ਬਾਠ ਨਾਲ ਉਨ੍ਹਾਂ ਦੇ ਇੱਜੜ ਨਾਲ ਜਾਣ ਲੱਗ ਪਿਆ। ਹੁਣ ਉਹ ਗਊਆਂ ਦੇ ਨਾਲ ਬੱਕਰੀਆਂ ਵੀ ਲਿਜਾਣ ਲੱਗ ਪਿਆ। ਫਿਰ ਉਹ ਇੱਜੜ ਵਾਲੇ ਚਤਾਰੇ ਖਾਂ ਨਾਲ ਵੀ ਮਾਲ ਚਾਰਦਾ ਰਿਹਾ। ਰਿਸ਼ਤੇਦਾਰੀਆਂ ਵਿੱਚ ਵੀ ਰਿਹਾ। ਜਦੋਂ ਉਨ੍ਹਾਂ ਦਾ ਇੱਜੜ ਪਿੜਾਂ ਵਿੱਚ ਬਾਹਰਲੀ ਫਿਰਨੀ ’ਤੇ ਬੈਠਦਾ ਸੀ, ਉੱਥੋਂ ਦੀ ਫਿਰਨੀ ਬੱਚੇ ਸਕੂਲ ਨੂੰ ਜਾਂਦੇ ਹੁੰਦੇ ਸਨ। ਸਕੂਲ ਜਾਂਦੇ ਬੱਚਿਆਂ ਨੂੰ ਵੇਖ ਦਰਸ਼ਨ ਅੰਦਰੇ-ਅੰਦਰ ਝੁਰਦਾ ਰਹਿੰਦਾ। ਉਸ ਦਾ ਸਕੂਲ ਜਾਣ ਨੂੰ ਦਿਲ ਕਰਦਾ। ਉਸ ਨੂੰ ਸ਼ੌਕ ਸੀ। ਜਦੋਂ ਨਕੋਈ ਕਿਤਾਬ ਦਾ ਵਰਕਾ ਫਟਿਆ ਪੁਰਾਣਾ ਜਾਂ ਕੋਈ ਕਾਪੀ ਦਾ ਵਰਕਾ ਲਿਖਿਆ ਹੋਇਆ ਲੱਭ ਜਾਂਦਾ ਤਾਂ ਉਹ ਚੁੱਕ ਕੇ ਅੱਖਰ ਜੋੜ-ਜੋੜ ਪੜ੍ਹਨ ਲੱਗ ਜਾਂਦਾ। ਇੱਕ ਦਿਨ ਉਸ ਨੂੰ ਕਿਤਾਬ ਦਾ ਵਰਕਾ ਥਿਆਇਆ ਜਿਸ ’ਤੇ ਭਾਈ ਵੀਰ ਸਿੰਘ ਦੀ ਕਵਿਤਾ ‘ਸਮਾਂ’ ਲਿਖੀ ਹੋਈ ਸੀ। ਉਹ ਜੋੜ-ਜੋੜ ਕੇ ਪੜ੍ਹਨ ਲੱਗ ਪਿਆ ਤਾਂ ਪਿੱਛੇ ਤੋਂ ਕੋਲ ਆ ਕੇ ਸੁੰਤਤਰਤਾ ਸੰਗਰਾਮੀ ਜਥੇਦਾਰ ਸੰਤਾ ਸਿੰਘ ਜੀ ਨੇ ਕਿਹਾ, “ਕਾਕਾ ,ਕਿਸਦਾ ਲੜਕਾ ਐਂ?”
“ਸਰਦਾਰ ਇੰਦਰ ਸਿੰਘ ਜੇਠੂਕਿਆਂ ਵਾਲੇ ਦਾ ਜੀ।” ਜਥੇਦਾਰ ਸੰਤਾ ਸਿੰਘ ਜੀ ਦੇ ਪੈਰੀਂ ਹੱਥ ਲਾ ਕੇ ਦਰਸ਼ਨ ਨੇ ਦੱਸਿਆ।
“ਕਿਹੜੀ ਜਮਾਤ ਵਿੱਚ ਪੜ੍ਹਦੈਂ?” ਬਾਬਾ ਜੀ ਨੇ ਦੁਬਾਰਾ ਪੁੱਛਿਆ।
“ਪੜ੍ਹਦਾ ਨਹੀਂ, ਡੰਗਰ ਚਾਰਦਾ ਹਾਂ ਜੀ।” ਅੱਗੋਂ ਦਰਸ਼ਨ ਨੇ ਕਿਹਾ।
“ਬੱਚਾ ਪੜ੍ਹਿਆ ਕਰ, ਤੇਰੀ ਉਮਰ “ਪੜ੍ਹਨ ਦੀ ਹੈ। ਮੈਂ ਤੁਹਾਡੇ ਘਰ ਗੱਲ ਚਲਾਵਾਂਗਾ ...।”
ਐਨੀ ਗੱਲ ਆਖ ਬਾਬਾ ਜੀ ਦਰਸ਼ਨ ਦੇ ਘਰ ਚਲੇ ਗਏ। ਘਰ ਜਾ ਕੇ ਉਨ੍ਹਾਂ ਨੇ ਸਾਰੇ ਪਰਿਵਾਰ ਨੂੰ ਬਿਠਾ ਕੇ ਸਮਝਾਇਆ ਕਿ ਬੱਚੇ ਦੀ ਰੁਚੀ ਪੜ੍ਹਨ ਵਾਲੀ ਹੈ, ਤੁਸੀਂ ਬੱਚੇ ਨੂੰ ਪੜ੍ਹਨ ਲਾਓ। ਪਰਿਵਾਰ ਬਾਬਾ ਜੀ ਦੀ ਗੱਲ ਮੰਨ ਗਿਆ। ਉਨ੍ਹਾਂ ਦਰਸ਼ਨ ਨੂੰ ਤੀਜੀ ਜਮਾਤ ਵਿੱਚ ਪੜ੍ਹਨ ਲਾ ਦਿੱਤਾ।
ਦਰਸ਼ਨ ਸਿੰਘ ਜਦੋਂ ਦੁਬਾਰਾ ਪੜ੍ਹਨ ਲੱਗਿਆ ਤਾਂ ਕੁਝ ਹੀ ਦਿਨਾਂ ਵਿੱਚ ਉਸ ਦਾ ਨਾਂ ਹੁਸ਼ਿਆਰ ਵਿਦਿਆਰਥੀਆਂ ਵਿੱਚ ਲਿਆ ਜਾਣ ਲੱਗ ਪਿਆ। ਅਧਿਆਪਕ ਵੀ ਉਸ ਨੂੰ ਪਿਆਰ ਕਰਦੇ ਸਨ। ਮਿਡਲ ਸਕੂਲ ਵਿੱਚ ਉਹ ਸਕੂਲੀ ਗੇਮਾਂ ਵਿੱਚ ਵੀ ਚੰਗਾ ਖਿਡਾਰੀ ਬਣ ਗਿਆ। ਅੱਠਵੀਂ ਪਾਸ ਕਰਦਿਆਂ ਹੀ ਉਨ੍ਹਾਂ ਦਾ ਸਕੂਲ ਦਸਵੀਂ ਤਕ ਦਾ ਬਣ ਗਿਆ। ਉਹ ਅੱਠਵੀਂ, ਨੌਂਵੀਂ ਤੇ ਦਸਵੀਂ ਤਕ ਸਕੂਲ ਦੀ ਕਬੱਡੀ ਦੀ ਟੀਮ ਜੋਨ ਜਿੱਤ ਕੇ ਜ਼ਿਲ੍ਹੇ ਵਿੱਚ ਲੈ ਕੇ ਗਏ। ਉਹ ਬਠਿੰਡਾ ਜ਼ਿਲ੍ਹੇ ਦਾ ਕਬੱਡੀ ਦਾ ਕਪਤਾਨ ਵੀ ਰਿਹਾ। ਦੋ ਵਾਰ ਕਬੱਡੀ ਪੰਜਾਬ ਖੇਡਿਆ ਤੇ ਚੰਗੇ ਨੰਬਰਾਂ ’ਤੇ ਦਸਵੀਂ ਜਮਾਤ ਸੰਨ 1980-81 ਵਿੱਚ ਪਾਸ ਕਰ ਗਿਆ। ਉਸ ਨੇ ਅੱਗੇ ਗਿਆਰ੍ਹਵੀਂ ਵਿੱਚ ਦਾਖਲਾ ਤਾਂ ਬਠਿਡੇ ਰਜਿੰਦਰਾ ਕਾਲਜ ਵਿੱਚ ਲੈ ਲਿਆ ਪਰ ਘਰ ਦੇ ਹਾਲਾਤ ਨੇ ਉਸ ਨੂੰ ਅੱਗੇ ਪੜ੍ਹਨ ਦੀ ਬਜਾਏ ਖੇਤੀ ਵੱਲ ਹੀ ਮੋੜ ਦਿੱਤਾ।
ਪਿੰਡ ਵਿੱਚ ਜਦੋਂ ਕਾਮਰੇਡਾਂ ਦੇ ਡਰਾਮੇ ਹੁੰਦੇ ਸਨ, ਉਹ ਡਰਾਮੇ ਵੇਖਦਾ ਸੀ। ਓਦੋ ਹੀ ਉਸ ਨੇ ਹੱਥ ਕਲਮ ਫੜੀ। ਸੱਤਵੀਂ ਜਮਾਤ ਵਿੱਚ ਪੜ੍ਹਦਿਆਂ ਨੇ ਉਨ੍ਹਾਂ ਸਕੂਲ ਤੇ ਪਿੰਡ ਵਿੱਚ ਡਰਾਮੇ ਵੀ ਕੀਤੇ। ਉਸ ਨੇ ਛੋਟੀ ਉਮਰੇ ਸਕੂਲ ਵਿੱਚ ਪੜ੍ਹਦਿਆਂ ਹੀ ਚੁਟਕਲੇ, ਸ਼ੇਅਰ, ਡਰਾਮਿਆਂ ਵਾਲੇ ਅਪੇਰੇ ਤੇ ਗੀਤ ਸੈਂਕੜਿਆ ਦੀ ਗਿਣਤੀ ਵਿੱਚ ਲਿਖ ਧਰੇ। ਉਹ ਆਪ ਵੀ ਸਟੇਜਾਂ ’ਤੇ ਗੀਤ ਗਾਉਂਦਾ ਤੇ ਕੁਝ ਨੌਜਵਾਨ ਵੀ ਉਸ ਦੇ ਲਿਖੇ ਗੀਤ ਗਾਉਣ ਲੱਗ ਪਏ। ਉਨ੍ਹਾਂ ਦੇ ਲਿਖੇ ਕਈ ਦੁਗਾਣੇ ਨਿਰਭੈ ਗਿੱਲ ਦੀ ਜੋੜੀ ਦੀ ਆਵਾਜ਼ ਵਿੱਚ ਰਿਕਾਉਡ ਹੋਏ। ਹੋਰ ਅਨੇਕਾਂ ਇਨਕਲਾਬੀ ਕਲਾਕਾਰਾਂ ਨੇ ਉਸਦੇ ਦੇ ਗੀਤ ਸਟੇਜਾਂ ਤੇ ਗਾਏ ਅਤੇ ਸੰਨ 1988 ਵਿੱਚ ਕਲੀਆਂ ਦੇ ਬਾਦਸ਼ਾਹ ਕੁਲਦੀਪ ਮਾਣਕ ਨੇ ਉਨ੍ਹਾਂ ਦੀ ਲਿਖੀ ਸੱਸੀ ਦੀ ਕਲੀ ਆਪਣੀ ਆਵਾਜ਼ ਵਿੱਚ ਰਿਕਾਰਡ ਕਰਵਾਈ।
ਪਹਿਲੀਆਂ ਲਿਖਤਾਂ ਵਿੱਚ ਦਰਸ਼ਨ ਸਿੰਘ ਦਾ ਨਾਂ ਦਰਸ਼ਨ ਸਿੰਘ ‘ਮਾਨ ਰਾਮਪੁਰੇ’ ਵਾਲੇ ਦੇ ਨਾਮ ਨਾਲ ਮਸ਼ਹੂਰ ਸੀ ਜੋ ਗੀਤ ਸਟੇਜਾਂ ਤੇ ਗਾਏ ਤੇ ਕਲਾਕਾਰਾਂ ਦੀ ਆਵਾਜ਼ ਵਿੱਚ ਰਿਕਾਰਡ ਹੋਏ, ਉਨ੍ਹਾਂ ਗੀਤਾਂ, ਰਚਨਾਵਾਂ ਵਿੱਚ ‘ਮਾਨ ਰਾਮਪੁਰੇ’ ਵਾਲਾ ਹੀ ਲਿਖਿਆ ਮਿਲਦਾ ਹੈ। ਜਦੋਂ ਦਰਸ਼ਨ ਸਿੰਘ ਖੇਤੀ-ਬਾੜੀ ਕਰਦਾ ਸੀ ਤਾਂ ਆਸ-ਪਾਸ ਦੇ ਖੇਤਾਂ ਵਾਲੇ ਕਾਮੇ ਉਨ੍ਹਾਂ ਦੇ ਟਿਊਬਵੈਲ ਤੇ ਹੀ ਆਪਣਾ ਪਾਣੀ ਵਾਲਾ ਮੱਘਾ ਧਰਦੇ, ਅਰਾਮ ਕਰਦੇ ਤੇ ਚਾਹ ਵਗੈਰਾ ਉੱਥੇ ਹੀ ਕਰਦੇ, ਕਿਉਂਕਿ ਉਨ੍ਹਾਂ ਦੇ ਟਿਊਬਵੈਲ ਤੇ ਟਾਹਲੀਆਂ ਅਤੇ ਤੂਤਾਂ ਦੀ ਸੰਗਣੀ ਛਾਂ ਸੀ। ਜਦੋਂ ਕਾਮੇ ਇਕੱਠੇ ਹੋ ਜਾਂਦੇ ਤੇ ਇੱਕ-ਦੂਜੇ ਨੂੰ ਪੁੱਛਦੇ ਕਿ ‘ਮਾਨ’ ਕਿੱਥੇ ਹੈ? ਤਾਂ ਦੂਜਾ ਕਾਮਾ ਆਖਦਾ ਕਿ ਇੱਥੇ ਕਿਤੇ ਪ੍ਰੀਤੀ ਲਾਈ ਬੈਠਾ ਹੋਵੇਗਾ। ਉਦੋਂ ਦਰਸ਼ਨ ਸਿੰਘ ਨੂੰ ਲਿਖਣ ਦਾ ਐਨਾ ਸ਼ੌਕ ਸੀ ਕਿ ਭਾਵੇਂ ਉਹ ਖਾਲ ਘੜਦਾ ਹੁੰਦਾ, ਕਣਕ ਵੱਡਦਾ ਹੁੰਦਾ, ਬਰਸੀਮ ਵੱਡਦਾ ਹੁੰਦਾ, ਕਿਸੇ ਫਸਲ ਦੀ ਗੋਡੀ ਕਰਦਾ ਹੁੰਦਾ, ਭਾਵੇਂ ਹਲ ਵਾਹੁੰਦਾ ਹੁੰਦਾ, ਜਦੋਂ ਉਸ ਨੂੰ ਕੋਈ ਗੱਲ ਅਹੁੜਦੀ ਤਾਂ ਉਹ ਥਾਂ ’ਤੇ ਕੰਮ ਛੱਡ ਕੇ ਜੇਬ ਵਿੱਚੋਂ ਪੈੱਨ ਤੇ ਕਾਗਜ਼ ਦਾ ਵਰਕਾ ਕੱਢ ਕੇ ਲਿਖਣ ਲੱਗ ਜਾਂਦਾ। ਉਹ ਐਨੀ ਲਗਨ-ਪ੍ਰੀਤੀ ਲਾ ਲੈਂਦਾ ਕਿ ਉਸ ਨੂੰ ਪਤਾ ਵੀ ਨਾ ਲਗਦਾ ਕਿ ਸਿਖਰ ਦੁਪਹਿਰਾ ਹੋ ਗਿਆ ਹੈ ਜਾ ਪਰਛਾਵਾਂ ਢਲ ਗਿਆ ਹੈ। ਉਦੋਂ ਤੋਂ ਹੀ ਉਸ ਦਾ ਨਾਂ ‘ਪ੍ਰੀਤੀਮਾਨ’ ਬੋਲਿਆ ਜਾਣ ਲੱਗ ਪਿਆ ਕਿਉਂਕਿ ਉਹ ਲਿਖਣ ’ਤੇ ਪ੍ਰੀਤੀ ਬਹੁਤ ਲਾਉਂਦਾ ਸੀ ਤੇ ਗੋਤ ਉਨ੍ਹਾਂ ਦਾ ਮਾਨ ਹੈ।
ਇੱਕ ਵਾਰ ਦਰਸ਼ਨ ਸਿੰਘ ਪ੍ਰੀਤੀਮਾਨ ਨੂੰ ਉਨ੍ਹਾਂ ਦੇ ਕਿਸੇ ਦੋਸਤ ਨੇ ਜਸਵੰਤ ਸਿੰਘ ਕੰਵਲ ਦਾ ਨਾਵਲ ‘ਰਾਤ ਬਾਕੀ ਹੈ’ ਪੜ੍ਹਨ ਨੂੰ ਦਿੱਤਾ ਤਾਂ ਉਨ੍ਹਾਂ ਨੇ ਉਹ ਨਾਵਲ ਵਾਰ-ਵਾਰ ਤਿੰਨ ਵਾਰ ਪੜ੍ਹਿਆ। ਬੱਸ ਉਦੋਂ ਤੋਂ ਉਨ੍ਹਾਂ ਦੀ ਕਲਮ ਨੇ ਕਹਾਣੀ ਅਤੇ ਨਾਵਲ ਵੱਲ ਮੋੜਾ ਖਾਧਾ। ਕਵਿਤਾਵਾਂ, ਨਜ਼ਮਾਂ, ਲੇਖ, ਅਰਟੀਕਲ, ਮਿੰਨੀ ਕਹਾਣੀਆਂ, ਕਹਾਣੀਆਂ ਉਸ ਨੇ ਲਿਖੀਆਂ। ਉਸਦੀਆਂ ਰਚਨਾਵਾਂ ਪੰਜਾਬੀ ਦੇ ਸਿਰਮੌਰ ਅਖ਼ਬਾਰਾਂ ਅਤੇ ਰਸਾਲਿਆਂ ਦਾ ਸ਼ਿੰਗਾਰ ਬਣਨ ਲੱਗੀਆਂ। ਕਈ ਅਖ਼ਬਾਰਾਂ, ਮੈਗਜ਼ੀਨਾਂ ਵਿੱਚ ਉਨ੍ਹਾਂ ਦੇ ਲੜੀਵਾਰ ਕਾਲਮ ਵੀ ਛਪੇ ਜਿਵੇਂ ‘ਅਨਮੋਲ ਹੀਰੇ’, ‘ਅਨਮੋਲ ਰਤਨ’ ਤੇ ‘ਸੱਚੋ-ਸੱਚ’। ਵਿਦੇਸ਼ੀ ਅਖ਼ਬਾਰਾਂ ਨੇ ਵੀ ਉਨ੍ਹਾਂ ਦੇ ਲੜੀ ਵਾਰ ਕਾਲਮਾਂ ਨੂੰ ਤਰਜੀਹ ਦਿੱਤੀ ਜਿਵੇਂ ‘ਲਿਖਾਰੀ’ ਤੇ ‘ਪੰਜਾਬ ਟਾਇਮਜ਼’ (ਇੰਗਲੈਂਡ) ‘ਅਜੀਤ ਵੀਕਲੀ’ (ਕਨੇਡਾ), ‘ਪੰਜਾਬ ਮੇਲ’ (ਅਮਰੀਕਾ), ‘ਸ਼ਬਦ ਸਾਂਝ’ (ਅਸਟ੍ਰੈਲੀਆ), ‘ਤਸਵੀਰ’ (ਨਿਊਜ਼ੀਲੈਂਡ), ‘ਚੱਕ ਬਖਤੂ’ (ਬੈਲਜੀਅਮ), ‘ਪੰਜਾਬ ਐਕਸਪ੍ਰੈੱਸ’ (ਅਮਰੀਕਾ) ‘ਆਪਣਾ ਪੰਜਾਬ’ (ਅਮਰੀਕਾ), ਮੀਡੀਆ ਪੰਜਾਬ’ (ਪੰਜਾਬ ਤੇ ਜਰਮਨ) ਆਦਿ।
ਇਸ ਤਰ੍ਹਾਂ ਜੇਕਰ ਦਰਸ਼ਨ ਸਿੰਘ ਪ੍ਰੀਤੀਮਾਨ ਦੀ ਕਿਤਾਬਾਂ ਦੀ ਗੱਲ ਕਰੀਏ ਤਾਂ ਗਿਣਤੀ ਬਹੁਤ ਲੰਬੀ ਹੋ ਜਾਣੀ ਹੈ। ਜਿਵੇਂ ਫਸਟ ਅਪਰੈਲ, ਇਹ ਅੱਗ ਕਦੋਂ ਬੁਝੇਗੀ, ਝਬੂਲੀਆਂ ਵਾਲੇ ਕਾਂਟੇ, ਇਹ ਵੀ ਦਿਨ ਆਉਣੇ ਸੀ, ਢਲਦੇ ਪਰਛਾਵੇ, ਚਾਨਣ ਦੇ ਵਣਜਾਰੇ, ਮੇਰੇ ਪਿੰਡ ਦੀ ਮਹਿਕ, ਮੇਰੀ ਧਰਤੀ ਦੀ ਖੁਸ਼ਬੋ, ਗਿਆਨ ਖਜ਼ਾਨਾ, ਨਰੋਈਆਂ ਸੋਚਾਂ, ਸਾਕਾ ਗੁਰਦੁਆਰਾ ਸਾਹਿਬ ਦੀ ਲੋਕ ਲਹਿਰ, ਮਜਾਹਰਾ ਲਹਿਰ, 103 ਸ਼ਖਸੀਅਤ ਦਾ ਕਾਵਿ-ਰੇਖਾ ਚਿੱਤਰ, ਹੱਕ ਮੰਗਦਿਆਂ ਨੂੰ ਗੋਲੀ ਆਦਿ ਉਹ ਮੰਥਲੀ ਮੈਗਜ਼ੀਨ ‘ਜਾਗੋ ਭੈਣੋ - ਜਾਗੋ ਵੀਰੋ’ ਦੇ ਸੰਪਾਦਕ ਵੀ ਰਹੇ। ਉਨ੍ਹਾਂ ਦੀਆਂ ਕਈ ਕਿਤਾਬਾਂ ਦੀਆਂ ਦੋ-ਦੋ ਐਡੀਸ਼ਨਾਂ ਵੀ ਛਪ ਚੁੱਕੀਆਂ ਹਨ।
ਪ੍ਰੀਤੀਮਾਨ ਨੇ ‘ਚਾਨਣਦੀਪ’ ਪ੍ਰਕਾਸ਼ਨ ਵੀ ਖੋਲ੍ਹਿਆ ਹੈ। ਉਹ ਸਾਹਿਤ ਅਕਦਮੀ ਲੁਧਿਆਣਾ ਦਾ ਮੈਂਬਰ ਹੈ। ਕੇਂਦਰੀ ਪੰਜਾਬੀ ਲੇਖਕ ਸਭਾ ਸੇਖੋਂ (ਰਜਿ.) ਦਾ ਸਕੱਤਰ ਹੈ। ਸਾਹਿਤ ਅਕਾਦਮੀ ਗੁਰੂ ਕਾਸ਼ੀ ਦਮਦਮਾ ਸਾਹਿਬ ਤਲਵੰਡੀ ਸਾਬੋ ਦਾ ਦੂਜੀ ਵਾਰ ਸੀਨੀਅਰ ਮੀਤ ਪ੍ਰਧਾਨ ਦੇ ਅਹੁਦੇ ’ਤੇ ਬਿਰਾਜਮਾਨ ਹੈ ਅਤੇ ਮਾਲਵਾ ਪੰਜਾਬੀ ਸਾਹਿਤ ਸਭਾ (ਰਜਿ.) ਰਾਮਪੁਰਾ ਫੂਲ ਬਠਿੰਡਾ ਦਾ 10 ਵੀਂ ਵਾਰ ਪ੍ਰਧਾਨ ਚੁਣਿਆ ਗਿਆ ਹੈ। ਪ੍ਰੀਤੀਮਾਨ ਨੇ ਲੇਖਕਾਂ, ਸਾਹਿਤਕਾਰਾਂ ਨੂੰ ਜੋੜ ਕੇ ਕਈ ਗਰੁੱਪ ਬਣਾਏ ਹਨ ਜਿਵੇਂ ਪ੍ਰੀਤੀਮਾਨ ‘ਸਾਹਿਤਕ ਸੱਥ’, ਮਾਲਵੇ ਦੇ ਚਿਹਰੇ, ਪ੍ਰੀਤੀਮਾਨ ‘ਪੰਜਾਬੀ ਚਿਹਰੇ’ ਆਦਿ ਜਿਨ੍ਹਾਂ ਗਰੁੱਪ ਵਿੱਚ ਸਾਹਿਤਕਾਰਾਂ ਦੀਆਂ ਰਚਨਾਵਾਂ ਛਪਦੀਆਂ ਹੀ ਰਹਿੰਦੀਆਂ ਹਨ। ਉਹ ਕਈ ਵਾਰੀ ਅਕਾਸ਼ ਬਾਣੀ ਬਠਿੰਡਾ ’ਤੇ ਆਪਣੇ ਪ੍ਰੋਗਰਾਮ ਵੀ ਦੇ ਚੁੱਕਿਆ ਹੈ। ਅਨੇਕਾਂ ਰਾਸ਼ਟਰੀ, ਅੰਤਰਰਾਸ਼ਟਰੀ ਚੈਨਲਾਂ ਨੇ ਉਸ ਦੀਆਂ ਮੁਲਕਾਤਾਂ ਕੀਤੀਆਂ ਗਈਆਂ ਹਨ।
ਦਰਸ਼ਨ ਸਿੰਘ ਪ੍ਰੀਤੀਮਾਨ ਦੀਆਂ ਕਈ ਕਹਾਣੀਆਂ ਉੱਪਰ ਬੱਚਿਆਂ ਵੱਲੋਂ ਨਾਟਕ ਵੀ ਖੇਡੇ ਗਏ ਹਨ ਅਤੇ ਨੌਜਵਾਨਾਂ ਵੱਲੋਂ ਟੈਲੀ ਫਿਲਮਾਂ ਵੀ ਬਣਾਈਆਂ ਗਈਆਂ ਹਨ। ਪ੍ਰੀਤੀਮਾਨ ਦਸਵੀਂ ਪਾਸ ਕਰਕੇ ਮੋਮਾਂ ਵਾਲੇ ਅਜੀਤ ਸਿੰਘ ਕਵੀਸ਼ਰ ਦੇ ਕਵੀਸ਼ਰੀ ਜਥੇ ਨਾਲ ਵੀ ਰਿਹਾ। ਪ੍ਰੀਤੀਮਾਨ ਗੁਰਚਰਨ ਸਿੰਘ ਚੰਨੀ, ਗੁਰਸੇਵਕ ਸਿੰਘ ਢਿੱਲੋਂ, ਮਿੱਠੂ ਸਿੰਘ, ਟਾਹਿਲ ਸਿੰਘ ਫੂਲ, ਜੈਦ, ਮਾਣਕ ਸਿੰਘ, ਤੇਜਾ ਸਿੰਘ, ਬੂਟਾ ਸਿੰਘ ਆਦਿ ਨਾਲ ਕਵੀਸ਼ਰੀ ਜਥਾ ਬਣਾ ਕੇ ਗੁਰਦੁਰਿਆ ਵਿੱਚ, ਮੇਲਿਆਂ ਵਿੱਚ ਅਤੇ ਕਿਸਾਨੀ ਘੋਲਾਂ ਵਿੱਚ ਕਵੀਸ਼ਰੀ ਗਾਉਂਦੇ ਰਹੇ।
ਦਰਸ਼ਨ ਸਿੰਘ ਪ੍ਰੀਤੀਮਾਨ ਦਾ ਕਲਮ ਦਾ ਸਫ਼ਰ ਪੰਜ ਦਹਿਕਿਆਂ ਦਾ ਹੋ ਗਿਆ ਹੈ। ਉਸਕੋਲ ਗਿਆਨ ਦਾ ਖਜ਼ਾਨਾ ਭਰਭੂਰ ਹੈ। ਪ੍ਰੀਤੀਮਾਨ ਇੱਕ ਵਿਅਕਤੀ ਨਹੀਂ ਸਗੋਂ ਇੱਕ ਵੱਡੀ ਸੰਸਥਾ ਦਾ ਨਾਂ ਹੈ। ਇੱਕੋ ਵੇਲੇ ਉਹ ਸੰਪਾਦਕ, ਲੇਖਕ, ਸਾਹਿਤਕਾਰ, ਇਤਿਹਾਸਕਾਰ, ਨਿਬੰਧਕਾਰ, ਕਹਾਣੀਕਾਰ, ਨਾਵਲਕਾਰ, ਕਵਿਤਾਕਾਰ, ਗੀਤਕਾਰ, ਕਵੀਸ਼ਰ, ਸਟੇਜ ਸੰਚਾਲਕ, ਅਨੁਵਾਦਕ ਹੈ। ਉਸ ਨੇ ਅਨੇਕਾਂ ਕਿਤਾਬਾਂ ਦੀ ਖੋਜ ਕੀਤੀ ਹੈ। ਦੋ ਕਿਤਾਬਾਂ ਹਿੰਦੀ ਵਿੱਚ ਅਨੁਵਾਦ ਕੀਤੀਆਂ ਹਨ ,ਜੋ ਛੇਤੀ ਹੀ ਛਪ ਜਾਣਗੀਆਂ। ਹੋਰ ਭਾਸ਼ਾਵਾਂ ਦੀਆਂ ਕਈ ਕਹਾਣੀਆਂ ਵੀ ਉਨ੍ਹਾਂ ਅਨੁਵਾਦ ਕੀਤੀਆਂ ਹਨ।
ਦਰਸ਼ਨ ਸਿੰਘ ਪ੍ਰੀਤੀਮਾਨ ਦੀ ਸੱਚਮੁੱਚ ਹੀ ਤਰੀਫ ਕਰਨੀ ਬਣਦੀ ਹੈ ਕਿ ਜਦੋਂ ਸਾਡੀਆਂ ਧੀਆਂ-ਭੈਣਾਂ ਦਾਜ ਦੀ ਬਲੀ ਚੜ੍ਹਦੀਆਂ ਸਨ, ਮਾਂ ਦੇ ਪੇਟ ਵਿੱਚ ਪਲਦੀਆਂ ਬੱਚੀਆਂ ਨੂੰ ਜਗ ਵੇਖਣ ਤੋਂ ਪਹਿਲਾ ਹੀ ਮਾਰ ਦਿੱਤਾ ਜਾਂਦਾ ਸੀ ਤਾਂ ਉਸ ਸਮੇਂ ਸੰਨ 1990 ਵਿੱਚ ਉਸਨੇ ਦਾਜ ’ਤੇ ਨਾਵਲ ਲਿਖਿਆ ਸੀ ‘ਇਹ ਅੱਗ ਕਦੋਂ ਬੁਝੇਗੀ’ ਜੋ 1998 ਵਿੱਚ ਛਪਿਆ। ਪਾਠਕ ਵਰਗ ਦੀ ਸੋਚ ’ਤੇ ਉਸ ਨਾਵਲ ਦਾ ਗਹਿਰਾ ਅਸਰ ਹੋਇਆ। ਸੰਨ 1995 ਵਿੱਚ ਪ੍ਰੀਤੀਮਾਨ ਨੇ ਦਾਜ ਪ੍ਰਾਥਾ ਅਤੇ ਭਰੂਣ ਹੱਤਿਆ ਨੂੰ ਜੜ੍ਹੋਂ ਪੁੱਟਣ ਲਈ ‘ਜਾਗੋ ਭੈਣੋ - ਜਾਗੋ ਵੀਰੋ’ ਮੰਥਲੀ ਮੈਗਜ਼ੀਨ ਕੱਢਣਾ ਸ਼ੁਰੂ ਕੀਤਾ। ਇਸ ਮੈਗਜ਼ੀਨ ’ਤੇ ਹਰ ਮਹੀਨੇ ਚਾਰ ਹਜ਼ਾਰ ਰੁਪਏ ਖਰਚ ਆਉਂਦੇ ਜੋ ਅੱਜ ਦੇ 50 ਹਜ਼ਾਰ ਵਰਗੇ ਹਨ। ਉਸ ਮੈਗਜ਼ੀਨ ਵਿੱਚ ਮਾਂ-ਬੋਲੀ ਦੇ ਪਿਆਰੇ ਬਹੁਤ ਸਾਰੇ ਲੇਖਕ ਦੀਆਂ ਰਚਨਾਵਾਂ ਦਾਜ ਪ੍ਰਥਾ ਨੂੰ ਤੇ ਭਰੂਣ ਹੱਤਿਆ ਨੂੰ ਰੋਕਣ ਲਈ ਛਪਦੀਆਂ ਸਨ। ਇਹ ਰਸਾਲਾ ਸਾਰੇ ਪੰਜਾਬ ਅਤੇ ਪੰਜਾਬੀਆਂ ਦੇ ਹੱਥਾਂ ਵਿੱਚ ਪਾਠਕ ਪਿਆਰਿਆਂ ਨੇ ਪਹੁੰਚਾਇਆ, ਜਿਸਦਾ ਅਸਰ ਪਾਠਕ ਵਰਗ ’ਤੇ ਬਹੁਤ ਹੋਇਆ। ਜਥੇਬੰਦੀਆਂ, ਬੁਲਾਰਿਆ ਨੇ ਸਟੇਜਾਂ ’ਤੇ ਬੋਲਣਾ ਸ਼ੁਰੂ ਕੀਤਾ, ਸਰਕਾਰਾਂ ਵੱਲੋਂ ਕਾਨੂੰਨ ਦਾ ਸਹਾਰਾ ਮਿਲਣ ਲੱਗਿਆ। ਬਹੁਤ ਛੇਤੀ ਲੋਕ ਜਾਗਰਤ ਹੋ ਗਏ। ਦਾਜ ਦੇ ਲੋਭੀ ਦਾਜ ਮੰਗਣੋ ਬੰਦ ਹੋ ਗਏ। ਭਰੂਣ ਹੱਤਿਆ ਬੰਦ ਹੋ ਗਈ। ਅੱਜ ਸਾਡੀਆਂ ਧੀਆਂ-ਭੈਣਾਂ ਆਪਣੇ ਸਹੁਰੇ ਘਰ ਸੁਖੀ ਵਸਦੀਆਂ ਹਨ ਤੇ ਲੜਕੀਆਂ ਦੀ ਲੋਕ ਲੋਹੜੀ ਮਨਾਉਣ ਲੱਗ ਗਏ ਹਨ। ਇਹ ਸਿਹਰਾ ਦਰਸ਼ਨ ਸਿੰਘ ਪ੍ਰੀਤੀਮਾਨ ਦੇ ਸਿਰ ਜਾਂਦਾ ਹੈ।
ਹਕੀਕਤ ਲਿਖਣ ਦੇ ਮਾਹਿਰ ਦਰਸ਼ਨ ਸਿੰਘ ਪ੍ਰੀਤੀਮਾਨ ਨੇ ਇਤਿਹਾਸਕਾਰਾਂ, ਸਾਹਿਤਕਾਰਾਂ, ਕਵੀਸ਼ਰਾਂ, ਗੀਤਕਾਰਾਂ, ਕਲਾਕਾਰਾਂ, ਦੇਸ਼ ਭਗਤਾਂ ਸਤੰਤਰ ਸੰਗਰਾਮੀਆਂ ਦੇ ਸਭ ਤੋਂ ਵੱਧ ਰੇਖਾ-ਚਿੱਤਰ ਲਿਖੇ।
ਜੇ ਕਰ ਪ੍ਰੀਤੀਮਾਨ ਦੇ ਮਾਨਾਂ-ਸਨਮਾਨਾਂ ਅਤੇ ਇਨਾਮਾਂ ਦੀ ਗੱਲ ਕਰੀਏ ਤਾਂ ਇਹ ਲਿਸਟ ਵੀ ਕਾਫੀ ਲੰਬੀ ਹੋ ਚੁੱਕੀ ਹੈ। ਜਿਵੇਂ ਪ੍ਰੀਤੀਮਾਨ ਲਿਖਦਾ ਅੱਕਦਾ-ਥੱਕਦਾ ਨਹੀਂ, ਉਸੇ ਤਰ੍ਹਾਂ ਪਾਠਕ ਵੀ ਉਨ੍ਹਾਂ ਨੂੰ ਮਾਨ-ਸਨਮਾਨ, ਇਨਾਮ ਦਿੰਦਿਆਂ ਥੱਕਦੇ ਨਹੀਂ। ਸਾਹਿਤ ਸਭਾਵਾਂ, ਸੰਸਥਾਵਾਂ, ਕਲੱਬਾਂ, ਬਲਾਕ ਲੈਵਲ, ਜ਼ਿਲ੍ਹਾ ਲੈਵਲ ਦੇ ਵੱਡੀ ਗਿਣਤੀ ਵਿੱਚ ਉਸ ਦੇ ਮਾਣ-ਸਨਮਾਨ ਤੇ ਇਨਾਮ ਝੋਲੀ ਵਿੱਚ ਪਏ ਹਨ। ਪਰ ਸਰਕਾਰ ਦੇ ਵੱਡੇ ਇਨਾਮਾਂ ਤੋਂ ਉਹ ਅਜੇ ਵਾਂਝਾ ਹੈ ਜੋ ਕਿ ਅੱਜ ਉਹ ਸਰਕਾਰੀ ਵੱਡੇ ਮਾਨਾਂ-ਸਨਮਾਨਾਂ ਦਾ ਹੱਕਦਾਰ ਹੈ। ਵੇਖੋ ਕਦੋਂ ਕੋਈ ਪਾਰਖੂ ਅੱਖ ਇਸ ਸ਼ਖਸੀਅਤ ਵੱਲ ਝਾਤ ਮਾਰੇਗੀ। ਅਜੇ ਤਕ ਤਾਂ ਸਰਕਾਰੀ ਪੈਨਸ਼ਨ ਨੂੰ ਵੀ ਇਹ ਲੇਖਕ ਤਰਸ ਰਿਹਾ ਹੈ ਜੋ ਕੇ 64ਵੇਂ ਸਾਲ ਵਿੱਚ ਦਾਖਲ ਹੋ ਚੁੱਕਿਆ ਹੈ ਤੇ ਅੰਤਾਂ ਦੀ ਗਰੀਬੀ ਵਿੱਚੋਂ ਲੰਘ ਰਿਹਾ ਹੈ।
ਪ੍ਰੀਤੀਮਾਨ ਦਾ ਜ਼ਿੰਦਗੀ ਵਿੱਚ ਇੱਕੋ-ਇੱਕ ਸੁਪਨਾ ਸੀ ਨਾਵਲਕਾਰ ਬਣਨ ਦਾ ਪਰ ਘਰ ਦੀ ਮਾੜੀ ਹਾਲਤ ਹੋਣ ਕਰਕੇ ਸਮੇਂ ਦੀ ਘਾਟ ਰਹੀ ਜਦੋਂ ਕਿ ਨਾਵਲ ਲਿਖਣ ਲਈ ਸਮਾਂ ਵੱਧ ਚਾਹੀਦਾ ਹੈ। ਇਸ ਕਰਕੇ ਉਹ ਅੱਜ-ਕੱਲ੍ਹ ਕਹਾਣੀ, ਮਿੰਨੀ ਕਹਾਣੀ, ਗੀਤ, ਇਨਕਲਾਬੀ ਗੀਤ, ਆਰਟੀਕਲ, ਕਵਿਤਾਵਾਂ ਆਦਿ ਨੂੰ ਤਰਜੀਹ ਦੇ ਕੇ ਆਪਣਾ ਸਾਹਿਤ ਪ੍ਰਤੀ ਬਣਦਾ ਫਰਜ਼ ਨਿਭਾ ਰਿਹਾ ਹੈ। ਜੇ ਕਰ ਉਸ ਨੂੰ ਭਾਸ਼ਾ ਵਿਭਾਗ ਵੱਲੋਂ ਪੈਨਸ਼ਨ ਲੱਗ ਜਾਵੇ ਤਾਂ ਉਸ ਦਾ ਨਾਵਲ ਲਿਖਣ ਦਾ ਸੁਪਨਾ ਵੀ ਪੂਰਾ ਹੋ ਸਕਦਾ ਹੈ। ਸਰਕਾਰਾਂ ਦਾ ਵੀ ਹੱਕ ਬਣਦਾ ਹੈ ਕਿ ਉਹ ਆਰਥਿਕ ਪੱਖੋਂ ਕਮਜ਼ੋਰ ਸਾਹਿਤਕਾਰਾਂ ਦੀ ਮਾਲੀ ਮਦਦ ਕਰੇ, ਲੋੜਵੰਦ ਦੀ ਉਮਰ ਦੇ ਹਿਸਾਬ ਨਾਲ ਪੈਨਸ਼ਨ ਲਾਉਣ ਤਾਂ ਕਿ ਲੇਖਕ ਹੋਰ ਵੀ ਚੰਗਾ ਲਿਖ ਸਕਣ।
ਅੱਜ ਦਰਸ਼ਨ ਸਿੰਘ ਪ੍ਰੀਤੀਮਾਨ ਨੂੰ ਪੰਜਾਬੀ ਸਾਹਿਤ ਸਭਾ, ਕਾਲਾਂਵਾਲੀ (ਸਿਰਸਾ) ਹਰਿਆਣਾ, ਸ਼ਿਵ ਕੁਮਾਰ ਬਟਾਵਲੀ ਐਵਾਰਡ ਨਾਲ ਸਨਮਾਨਤ ਕਰਕੇ ਖੁਸ਼ੀਆਂ ਝੋਲੀ ਪਾ ਰਹੀ ਹੈ। ਪ੍ਰੀਤੀਮਾਨ ਨੂੰ ਇਹ ਐਵਾਰਡ ਮਿਲਣਾ ਸਮੁੱਚੇ ਸਾਹਿਤਕਾਰਾਂ ਦਾ ਸਨਮਾਨ ਸਮਝੋ। ਅੱਜ ਦੇ ਇਸ ਸਨਮਾਨ ਨੇ ਉਸ ਦੀ ਜ਼ਿੰਮੇਵਾਰੀ ਹੋਰ ਵੀ ਵਧਾ ਦਿੱਤੀ ਹੈ। ਉਮੀਦ ਵੀ ਹੈ ਕਿ ਉਹ ਆਪਣੇ ਪਾਠਕਾਂ, ਲੇਖਕਾਂ ਦੀ ਉਮੀਦ ’ਤੇ ਖਰਾ ਉੱਤਰੇਗਾ। ਪ੍ਰਮਾਤਮਾ ਇਸ ਕਲਮ ਨੂੰ ਤੰਦਰੁਸਤੀ ਬਖ਼ਸ਼ੇ, ਪੂਰੇ 100 ਸਾਲ ਤਕ ਇਹ ਲਿਖਾਰੀ ਪ੍ਰੀਤੀਮਾਨ ਮਾਂ-ਬੋਲੀ ਪੰਜਾਬੀ ਦੀ ਸੇਵਾ ਕਰਦਾ ਰਹੇ, ਅਸੀਂ ਇਹੋ ਕਾਮਨਾ ਕਰਦੇ ਹਾਂ।
* * * * *
ਪਾਠਕਾਂ ਦੇ ਵਿਚਾਰ:
ਪ੍ਰੋ. ਸੁਰਿੰਦਰ ਪਾਲ ਕੌਰ ਜੀ ਦਾ ਲਿਖਿਆ ਉਪ੍ਰੋਕਤ ਲਿਖਿਆ ਲੇਖ ਪੜ੍ਹਿਆ ਬਹੁਤ ਵਧੀਆ ਲਗਾ। ... ਰਵੇਲ ਸਿੰਘ (ਬਰੈਂਪਟਨ, ਕੈਨੇਡਾ)
* * *
ਨੋਟ: ਹਰ ਲੇਖਕ ਸਰੋਕਾਰ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲ ਕੇ ਰੱਖੇ।
(5591)
ਰਚਨਾਵਾਂ ਸਬੰਧੀ ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)