“ਪ੍ਰਵਾਸੀ ਮਜ਼ਦੂਰਾਂ ਖਿਲਾਫ ਨਸਲਵਾਦੀ ਨਫਰਤ ਦਾ ਪ੍ਰਚਾਰ ਕਰਕੇ ਅਸੀਂ ਆਪਣਾ ਹੀ ਨੁਕਸਾਨ ਵੱਧ ਕਰ ਬੈਠਣਾ ਹੈ ...”
(23 ਦਸੰਬਰ 2024)
ਜਦੋਂ ਦਾ ਸੋਸ਼ਲ ਮੀਡੀਆ ਆਇਆ ਹੈ, ਇਸਨੇ ਲੋਕਾਂ ਨੂੰ ਆਵਾਜ਼ ਦੇਣ ਦਾ ਨਵਾਂ ਰਾਹ ਖੋਲ੍ਹ ਦਿੱਤਾ ਹੈ। ਕੋਈ ਵੀ ਆਪਣਾ ਹੁਨਰ ਆਪਣੇ ਅਕਾਊਂਟ ਤੋਂ ਪੂਰੀ ਦੁਨੀਆ ਨੂੰ ਦਿਖਾ ਸਕਦਾ ਹੈ। ਕੋਈ ਵੀ ਆਪਣੇ ਵਿਚਾਰ ਲਾਈਵ ਹੋ ਕੇ ਪੂਰੀ ਦੁਨੀਆ ਨੂੰ ਸੁਣਾ ਸਕਦਾ ਹੈ। ਕਈਆਂ ਨੇ ਆਪਣੀ ਰਚਨਾਤਮਕਤਾ ਨਾਲ ਅਨੰਦਿਤ ਕੀਤਾ ਹੈ ਤੇ ਕਈਆਂ ਨੇ ਸਮਾਜ ਵਿੱਚ ਨਫਰਤ ਦੇ ਬੀਜ ਬੀਜੇ ਹਨ। ਕਿਸੇ ਨੂੰ ਹਥਿਆਰਾਂ ਨਾਲ ਮਾਰਨ ਨਾਲੋਂ ਸੋਸ਼ਲ ਮੀਡੀਆ ’ਤੇ ਉਸਦੀ ਕਿਰਦਾਰਕੁਸ਼ੀ ਕਰਕੇ ਖਤਮ ਕੀਤਾ ਜਾ ਸਕਦਾ ਹੈ। ਸਿਰਫ ਲਾਈਵ ਹੋ ਕੇ ਲੋਕ ਲਹਿਰਾਂ ਦੇ ਨਾਇਕ ਬਣਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਜਿਸ ਤਰ੍ਹਾਂ ਕਿਸੇ ਵਾਹਨ ਦਾ ਐਕਸੀਲੇਟਰ ਦੱਬ ਕੇ ਰਫਤਾਰ ਵਧਾਈ ਜਾ ਸਕਦੀ ਹੈ, ਉਸੇ ਤਰ੍ਹਾਂ ਸੋਸ਼ਲ ਮੀਡੀਆ ’ਤੇ ਕਿਸੇ ਕੰਟੈਂਟ ਦੀ ਰੀਚ (ਪਹੁੰਚ) ਵਧਾ ਕੇ ਲੋਕਾਂ ਵਿੱਚ ਕਿਸੇ ਵਿਚਾਰ ਜਾਂ ਚਰਚਾ ਨੂੰ ਵਧਾਇਆ ਘਟਾਇਆ ਜਾ ਰਿਹਾ ਹੈ।
ਪਿਛਲੇ ਕੁਝ ਸਮੇਂ ਤੋਂ ਪੰਜਾਬ ਵਿੱਚ ਇੱਕ ਬਿਰਤਾਂਤ ਦੂਸਰੇ ਰਾਜਾਂ ਤੋਂ ਮਜ਼ਦੂਰੀ ਕਰਨ, ਰੋਜ਼ੀ ਰੋਟੀ ਦੀ ਤਲਾਸ਼ ਵਿੱਚ ਆਏ ਲੋਕਾਂ ਖਿਲਾਫ ਸਿਰਜਿਆ ਜਾ ਰਿਹਾ ਹੈ। ਰੋਜ਼ ਹੀ ਕੋਈ ਨਾ ਕੋਈ ਵੀਡੀਓ ਸਾਹਮਣੇ ਆ ਜਾਂਦੀ ਹੈ, ਜਿਸ ਵਿੱਚ ‘ਭਈਆਂ’ ਨੂੰ ਪੰਜਾਬ ਲਈ ਖਤਰਾ ਦੱਸਿਆ ਜਾਂਦਾ ਹੈ। ‘ਭਈਆਂ’ ਨੇ ਆਹ ਕਰਤਾ, ‘ਭਈਆਂ’ ਨੇ ਔਹ ਕਰਤਾ। ਇਹਨਾਂ ਵੀਡੀਓ ਨੂੰ ਦੇਖ ਦੇਖ ਆਮ ਲੋਕ ਵੀ ਇਹਨੂੰ ਹੀ ਸੱਚ ਸਮਝਣ ਲੱਗ ਪਏ ਹਨ, ਜਦਕਿ ਇਹ ਮਜ਼ਦੂਰ ਪਿਛਲੇ ਕਈ ਦਹਾਕਿਆਂ ਤੋਂ ਕੰਮ ਲਈ ਪੰਜਾਬ ਹੀ ਨਹੀਂ, ਹੋਰ ਸੂਬਿਆਂ ਵਿੱਚ ਆ,ਜਾ ਰਹੇ ਹਨ। ਹੈਰਾਨੀ ਦੀ ਗੱਲ ਇਹ ਹੈ ਕਿ ਅਸੀਂ ਪੰਜਾਬੀ ਖੁਦ ਵੱਡੇ ਪੱਧਰ ਤੇ ਪ੍ਰਵਾਸ ਕਰ ਰਹੇ ਹਾਂ, ਪਿੰਡਾਂ ਦੇ ਪਿੰਡ ਖ਼ਾਲੀ ਹੋ ਗਏ ਹਨ। ਬਾਰ੍ਹਵੀਂ ਕਰਨ ਤੋਂ ਬਾਅਦ ਤੈਅ ਹੋ ਚੁੱਕਾ ਹੈ ਕਿ ਵਿਦੇਸ਼ ਹੀ ਜਾਣਾ ਹੁੰਦਾ ਹੈ। ਸਾਡੇ ਲੋਕ ਯੋਗਤਾ ਅਨੁਸਾਰ ਵਿਦੇਸ਼ਾਂ ਵਿੱਚ ਰੁਜ਼ਗਾਰ ਹਾਸਲ ਕਰ ਰਹੇ ਹਨ, ਜ਼ਿਆਦਾਤਰ ਮਜ਼ਦੂਰੀ ਕਰ ਰਹੇ ਹਨ। ਪ੍ਰਵਾਸ ਦਾ ਦਰਦ ਹੰਢਾਉਣ ਦੇ ਬਾਵਜੂਦ ਅਸੀਂ ਕਿਸੇ ਹੋਰ ਦੇ ਪ੍ਰਵਾਸ ਨੂੰ ਬੁਰਾ ਠਹਿਰਾ ਰਹੇ ਹਾਂ। ਅਸਲ ਵਿੱਚ ਇਹ ਨਫਰਤ ਵੀ ਮੌਲਿਕ ਨਹੀਂ ਹੈ, ਸੋਸ਼ਲ ਮੀਡੀਆ ਰਾਹੀਂ ਸਾਡੇ ਦਿਲੋ ਦਿਮਾਗ ਨੂੰ ਅਗਵਾ ਕਰਕੇ ਪੈਦਾ ਕੀਤੀ ਗਈ ਨਫਰਤ ਹੈ। ਜਿਹੜੇ ਪ੍ਰਚਾਰਕ ਇਸ ਗੱਲ ਨੂੰ ਫੈਲਾ ਰਹੇ ਹਨ, ਉਹਨਾਂ ਦੇ ਹੱਥ ਵਿੱਚ ਕੋਈ ਅੰਕੜਾ ਨਹੀਂ ਹੈ। ਇਹ ਇੱਕ ਮਨੋਵਿਗਿਆਨਕ ਤੱਥ ਹੈ ਕਿ ਜਦੋਂ ਲੋਕ ਕਿਸੇ ਦੂਸਰੇ ਖਿੱਤੇ ਵਿੱਚ ਪ੍ਰਵਾਸ ਕਰਦੇ ਹਨ ਤਾਂ ਸਥਾਨਕ ਲੋਕਾਂ ਵਿੱਚ ਤਣਾਅ ਦੀ ਸਥਿਤੀ ਪੈਦਾ ਹੁੰਦੀ ਹੈ। ਉਹਨਾਂ ਨੂੰ ਲਗਦਾ ਹੈ ਕਿ ਉਹਨਾਂ ਦੀ ਧਰਤੀ ’ਤੇ ਕਬਜ਼ਾ ਹੋ ਰਿਹਾ ਹੈ ਤੇ ਇੱਕ ਦਿਨ ਉਹਨਾਂ ਨੂੰ ਉੱਥੋਂ ਕੱਢ ਦਿੱਤਾ ਜਾਵੇਗਾ। ਇਸ ਲਰਜ਼ਦੇ ਡਰ ਦਾ ਵੰਡ ਪਾਊ ਤਾਕਤਾਂ ਪੂਰਾ ਫਾਇਦਾ ਲੈਂਦੀਆਂ ਹਨ। ਠੀਕ ਇਸੇ ਕਿਸਮ ਦਾ ਡਰ ਪਿਛਲੇ ਕੁਝ ਸਾਲਾਂ ਤੋਂ ਭਾਰਤ ਵਿੱਚ ਮੁਸਲਿਮ ਲੋਕਾਂ ਖਿਲਾਫ ਫੈਲਾਇਆ ਜਾ ਰਿਹਾ ਹੈ। ਇਹਨਾਂ ਫਿਰਕੂ ਤਾਕਤਾਂ ਦਾ ਮੁਸਲਿਮ ਵਿਰੋਧੀ ਫਾਰਮੂਲਾ ਪੰਜਾਬ ਵਿੱਚ ਕਦੀ ਕਾਮਯਾਬ ਨਹੀਂ ਹੋਇਆ। ਪੰਜਾਬੀਅਤ ਦੀ ਖਸਲਤ ਧਰਮ ਨਿਰਪੱਖਤਾ ਦੀ ਹੈ, ਸਗੋਂ ਇਸਦੇ ਉਲਟ ਸਿੱਖਾਂ ਦੇ ਮੱਕੇ ਹਰਮੰਦਿਰ ਸਾਹਿਬ ਵਿੱਚ ਮੁਸਲਿਮ ਯਾਤਰੂਆਂ ਵੱਲੋਂ ਨਮਾਜ ਅਦਾ ਕਰਨ ਦੀਆਂ ਖ਼ਬਰਾਂ ਨਸ਼ਰ ਹੋ ਰਹੀਆਂ ਹਨ। ਸੋ ਪੰਜਾਬੀ ਬਨਾਮ ਬਿਹਾਰੀ ਮਸਲਾ ਬਣਾ ਕੇ ਪੰਜਾਬ ਦਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਜੂਨ 2024 ਵਿੱਚ ਪੰਜਾਬੀ ਬਨਾਮ ਹਿਮਾਚਲੀ ਮੁੱਦਾ ਸੋਸ਼ਲ ਮੀਡੀਆ ’ਤੇ ਭਖਾਇਆ ਗਿਆ। ਇੱਧਰੋਂ ਉੱਧਰੋਂ ਕੋਈ ਕੁੱਟਮਾਰ ਦੀ ਵੀਡੀਓ ਲੱਭ ਕੇ ਹਿਮਾਚਲੀ ਲੋਕਾਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਹੋਈ ਤੇ ਭੜਕਾਹਟ ਪੈਦਾ ਕੀਤੀ ਗਈ। ਫਿਰਕੂ ਸਿਆਸਤ ਦਾ ਇੱਕ ਮਨੋਵਿਗਿਆਨ ਹੈ, ਜਿਸ ਵਿੱਚ ਸਿਰਫ ਅਫਵਾਹਾਂ ਭਾਂਬੜ ਬਾਲਣ ਲਈ ਕਾਫੀ ਹੁੰਦੀਆਂ ਹਨ। ਸੋਸ਼ਲ ਮੀਡੀਆ ਨੂੰ ਇਹਨਾਂ ਅਫਵਾਹਾਂ ਵਾਲਿਆਂ ਨੇ ਚੰਗੀ ਤਰ੍ਹਾਂ ਵਰਤਿਆ ਹੈ। ਹੁਣ ਵੀ ਪ੍ਰਵਾਸੀ ਮਜ਼ਦੂਰਾਂ ਖਿਲਾਫ ਇਹੀ ਵਰਤਾਰਾ ਵਾਪਰ ਰਿਹਾ ਹੈ। ਪੰਜਾਬੀਆਂ ਨੂੰ ਇਸ ਤੋਂ ਸਾਵਧਾਨ ਹੋਣ ਦੀ ਲੋੜ ਹੈ।
ਪ੍ਰਵਾਸ ਇੱਕ ਆਰਥਿਕ ਪਰਿਘਟਨਾ ਹੈ, ਜਿਹੜੀ ਬਜ਼ਾਰੂ ਸ਼ਕਤੀਆਂ ਅਤੇ ਸਰਕਾਰਾਂ ਦੀਆਂ ਨੀਤੀਆਂ ਤੋਂ ਪ੍ਰਭਾਵਿਤ ਹੁੰਦੀ ਹੈ। ਕੁਝ ਸਾਲ ਪਹਿਲਾਂ ਦੀ ਗੱਲ ਹੈ, ਬਿਹਾਰ ਵਿੱਚ ਨਰੇਗਾ ਦੀ ਦਿਹਾੜੀ ਵਿੱਚ ਵਾਧਾ ਹੋਣ ਕਾਰਨ ਮਜ਼ਦੂਰਾਂ ਦੀ ਆਮਦ ਵਿੱਚ ਇਕਦਮ ਗਿਰਾਵਟ ਆ ਗਈ ਸੀ। ਨਤੀਜੇ ਵਜੋਂ ਪੰਜਾਬ ਵਿੱਚ ਖੇਤੀਬਾੜੀ ਲਈ ਲੇਬਰ ਦੀ ਤੋਟ ਆ ਗਈ। ਕਿਸਾਨ ਰੇਲਵੇ ਸਟੇਸ਼ਨਾਂ ’ਤੇ ਮਜ਼ਦੂਰ ਪਰਿਵਾਰਾਂ ਦਾ ਸਵਾਗਤ ਕਰਦੇ ਹੋਏ ਤੇ ਵੰਨ ਸੁਵੰਨੇ ਆਫਰ ਦਿੰਦੇ ਦੇਖੇ ਗਏ। ਜੇ ਅੱਜ ਬਿਹਾਰ ਵਿੱਚ ਫ਼ਸਲਾਂ ਦੀ ਐੱਮ ਐੱਸ ਪੀ ਮਿਲ ਜਾਵੇ ਇਹ ਪ੍ਰਵਾਸੀ ਪੰਜਾਬ ਵੱਲ ਕਦੇ ਮੂੰਹ ਨਾ ਕਰਨ। ਕੈਨੇਡਾ ਦੀ ਸਰਕਾਰ ਨੇ ਵਿਦਿਆਰਥੀਆਂ ਨੂੰ ਪੱਕੇ ਕਰਨ ਦੀ ਨੀਤੀ ਸਖ਼ਤ ਕਰ ਦਿੱਤੀ ਹੈ, ਉਸਦਾ ਪ੍ਰਭਾਵ ਕੀ ਪਿਆ? ਉਸਦਾ ਪ੍ਰਭਾਵ ਇਹ ਪਿਆ ਕਿ 8 ਦਸੰਬਰ ਦੀ ਟ੍ਰਿਬਿਊਨ ਅਖ਼ਬਾਰ ਅਨੁਸਾਰ ਗ੍ਰੈਜੂਏਸ਼ਨ ਕੋਰਸਾਂ ਵਿੱਚ ਤਕਰੀਬਨ 60 ਹਜ਼ਾਰ ਵਿਦਿਆਰਥੀਆਂ ਦਾ ਦਾਖਲਾ ਵਧ ਗਿਆ ਹੈ। ਇਸ ਤਰ੍ਹਾਂ ਰਾਸ਼ਟਰੀ, ਅੰਤਰਰਾਸ਼ਟਰੀ ਘਟਨਾਕ੍ਰਮ ਪ੍ਰਵਾਸ ਨੂੰ ਗਤੀਮਾਨ ਕਰਦੇ ਹਨ। ਬਿਹਾਰ, ਯੂਪੀ ਤੋਂ ਮਜ਼ਦੂਰਾਂ ਦੀ ਆਮਦ ਅਖੌਤੀ ਹਰੀ ਕ੍ਰਾਂਤੀ ਤੋਂ ਵੇਲੇ ਸ਼ੁਰੂ ਹੋਈ ਤੇ ਅੱਜ ਵੀ ਹੋ ਰਹੀ ਹੈ ਤੇ ਖਾਸ ਤੌਰ ’ਤੇ ਉਹਨਾਂ ਇਲਾਕਿਆਂ ਵਿੱਚੋਂ ਹੋ ਰਹੀ ਹੈ, ਜਿੱਥੇ ਕਈ ਸਾਲਾਂ ਤੋਂ ਡਬਲ ਇੰਜਣ ਸਰਕਾਰ ਹੈ।
ਇਹਨਾਂ ਪ੍ਰਵਾਸੀ ਮਜ਼ਦੂਰਾਂ ਨੇ ਆਪਣੀ ਕਰੜੀ ਮਿਹਨਤ ਨਾਲ ਪੰਜਾਬੀਆਂ ਦੀ ਆਰਥਿਕ ਖੁਸ਼ਹਾਲੀ ਵਿੱਚ ਭਰਵਾਂ ਯੋਗਦਾਨ ਪਾਇਆ ਹੈ। ਪੰਜਾਬ ’ਤੇ ਕਬਜ਼ਾ ਕਰਨ ਦੀ ਸਾਜ਼ਿਸ਼ ਦੀ ਥਿਊਰੀ ਤਰਕਹੀਣ ਹੈ। ਆਮ ਲੋਕਾਂ ਵਿੱਚ ਖ਼ੌਫ਼ ਅਤੇ ਰੋਹ ਪੈਦਾ ਕਰਨ ਲਈ ਇਹ ਭਰਮ ਫੈਲਾਇਆ ਜਾ ਰਿਹਾ ਹੈ। ਪਰ ਇਸ ਤਰ੍ਹਾਂ ਨਹੀਂ ਹੈ ਕਿ ਇਹਨਾਂ ਮਿਹਨਤਕਸ਼ਾਂ ਨੂੰ ਸਾਜ਼ਿਸ਼ਨ ਵਰਤਿਆ ਨਹੀਂ ਜਾ ਸਕਦਾ। ਲੋਕਾਂ ਨੂੰ ਵੰਡਣ ਵਿੱਚ ਮਾਹਰ ਆਰ ਐੱਸ ਐੱਸ ਪਹਿਲਾਂ ਆਪਣੇ ਪਗੜੀ ਧਾਰੀ ਏਜੰਟਾਂ ਰਾਹੀਂ ਪ੍ਰਵਾਸੀ ਮਜ਼ਦੂਰਾਂ ਖਿਲਾਫ ਪ੍ਰਚਾਰ ਕਰ ਰਿਹਾ ਹੈ, ਮਗਰੋਂ ਸਿੱਧੇ ਤੌਰ ’ਤੇ ਮਜ਼ਦੂਰਾਂ ਦੇ ਹੱਕ ਵਿੱਚ ਖੜੋਣ ਦਾ ਢੌਂਗ ਵੀ ਕਰਦਾ ਹੈ। ਇਸ ਤਰ੍ਹਾਂ ਇਹਨਾਂ ਲਿਤਾੜੇ ਹੋਇਆਂ ਨੂੰ ਆਪਣੇ ਰਾਜਨੀਤਿਕ ਹਥਿਆਰ ਦੇ ਤੌਰ ’ਤੇ ਵਰਤਨ ਦੀ ਇੱਛਾ ਰੱਖਦਾ ਹੈ। ਫਿਰਕੂ ਦੰਗੇ ਕਦੀ ਆਪਣੇ ਆਪ ਨਹੀਂ ਹੁੰਦੇ, ਹਮੇਸ਼ਾ ਕਰਵਾਏ ਜਾਂਦੇ ਹਨ। ਜਿਸ ਪਿੱਛੇ ਪੂਰੀ ਮਸ਼ੀਨਰੀ ਅਤੇ ਯੋਜਨਾਬੰਦੀ ਕੰਮ ਕਰ ਰਹੀ ਹੁੰਦੀ ਹੈ। ਲੋਕ ਸਮੂਹਾਂ ਵਿੱਚ ਪਹਿਲਾਂ ਕੁਝ ਸਮਾਂ ਬੇਵਿਸ਼ਵਾਸੀ ਪੈਦਾ ਕੀਤੀ ਜਾਂਦੀ ਹੈ, ਫਿਰ ਅਫਵਾਹਾਂ ਫੈਲਾਈਆਂ ਜਾਂਦੀਆਂ ਹਨ। ਕੁਝ ਕੁੱਟਮਾਰ ਤੇ ਕਤਲ ਕਰਵਾਏ ਜਾਂਦੇ ਹਨ। ਉਸ ਤੋਂ ਬਾਅਦ ਕਤਲਾਂ ਦੀ ਲੜੀ ਸ਼ੁਰੂ ਹੋ ਜਾਂਦੀ ਹੈ। ਕਤਲੋਗਾਰਤ ਨੂੰ ਦੰਗੇ ਦਾ ਰੂਪ ਦੇਣ ਲਈ ਹਥਿਆਰਾਂ ਦੀ ਪੂਰਤੀ ਪਹਿਲਾਂ ਹੀ ਕਰ ਦਿੱਤੀ ਜਾਂਦੀ ਹੈ। ਇਹਨਾਂ ਦੰਗਿਆਂ ਵਿੱਚ ਹਮੇਸ਼ਾ ਮਿਹਨਤਕਸ਼ਾਂ ਦੇ ਪੁੱਤ ਮਰਦੇ ਹਨ। ਭਾਰਤ ਦਾ ਐੱਸ ਸੀ, ਐੱਸ ਟੀ ਵਰਗ ਵੱਢ ਵੱਢਾਂਗੇ ਨੂੰ ਤੇ ਮਰਨ ਨੂੰ ਮੋਹਰੇ ਲਾ ਲਿਆ ਜਾਂਦਾ ਹੈ। 1984 ਦੇ ਦਿੱਲੀ ਦੰਗਿਆਂ, ਬਾਬਰੀ ਮਸਜਿਦ, 2002 ਵਿੱਚ ਗੁਜਰਾਤ ਦੰਗੇ, ਮੁਜ਼ੱਫਰਨਗਰ ਦੰਗੇ ਤੇ ਹੁਣ ਮਸਜਿਦਾਂ ਵਿੱਚ ਭਗਵੇਂ ਝੰਡੇ ਲਹਿਰਾਉਣ ਵਿੱਚ ਸ਼ਾਮਿਲ ਬਹੁਤੇ ਬੇਰੋਜ਼ਗਾਰ ਇਸੇ ਵਰਗ ਵਿੱਚੋਂ ਸਨ। ਹੁਣ ਵੀ ਪੰਜਾਬ ਵਿੱਚ ਬਿਹਾਰ ਯੂਪੀ ਦੀ ਲੇਬਰ ਨੂੰ ਹਿੰਸਕ ਰੂਪ ਦੇਣ ਲਈ ਮਾਹੌਲ ਤਿਆਰ ਕੀਤਾ ਜਾ ਰਿਹਾ ਹੈ। ਦੁਖਾਂਤ ਇਹ ਹੈ 47 ਅਤੇ 84 ਦੇ ਸਮਿਆਂ ਨੂੰ ਅਸੀਂ ਆਪਣੀ ਸਮੂਹਿਕ ਸਮਰਿਤੀ ਵਿੱਚੋਂ ਕਿਵੇਂ ਭੁਲਾ ਦਿੰਦੇ ਹਾਂ, ਜਦੋਂ ਸਦੀਆਂ ਤੋਂ ਇਕੱਠੇ ਰਹਿੰਦੇ ਲੋਕ ਆਰਜ਼ੀ ਤੌਰ ’ਤੇ ਸਿਰਜੇ ਫਿਰਕਾਪ੍ਰਸਤ ਮਾਹੌਲ ਦੇ ਪ੍ਰਭਾਵ ਹੇਠ ਇੱਕ ਦੂਜੇ ਦਾ ਗਲਾ ਕੱਟਣ ’ਤੇ ਉਤਾਰੂ ਹੋ ਗਏ। ਇਤਿਹਾਸਕਾਰ ਬਿਪਨ ਚੰਦਰ ਆਪਣੀ ਕਿਤਾਬ ‘ਸੰਪਰਦਾਇਕਤਾ ਇੱਕ ਜਾਣ ਪਛਾਣ’ ਵਿੱਚ ਦੱਸਦੇ ਹਨ ਕਿ “ਫਿਰਕਾਪ੍ਰਸਤੀ ਕਦੀ ਵੀ ਇੱਕ ਧਿਰ ਵੱਲੋਂ ਨਹੀਂ ਹੁੰਦੀ, ਇਸ ਨੂੰ ਵਧਣ ਫੁੱਲਣ ਲਈ ਦੋਵਾਂ ਧਿਰਾਂ ਵੱਲੋਂ ਭੜਕਾਹਟ ਪੈਦਾ ਕੀਤੀ ਜਾਂਦੀ ਹੈ।” ਸੋ ਪ੍ਰਵਾਸੀ ਮਜ਼ਦੂਰਾਂ ਖਿਲਾਫ ਨਫ਼ਰਤ ਮੁੜ ਕੇ ਫਿਰ ਸਾਡੇ ਕੋਲ ਨਫਰਤ ਬਣ ਕੇ ਹੀ ਆਉਣੀ ਹੈ।
ਜਦੋਂ ਹਿੰਸਾ ਹੁੰਦੀ ਹੈ ਫਿਰ ਪ੍ਰਤੀਹਿੰਸਾ ਵੀ ਹੁੰਦੀ ਹੈ। ਜੇ ਦੋਵੇਂ ਧਿਰਾਂ ਵਿਚਲੇ ਇਹਨਾਂ ਭੜਕਾਹਟ ਪੈਦਾ ਕਰਨ ਵਾਲਿਆਂ ਦੀ ਪੈੜ ਨੱਪੀ ਜਾਵੇ ਤਾਂ ਇਹ ਆਪਸ ਵਿੱਚ ਸਕੇ ਸੋਦਰੇ ਮਿਲਣਗੇ ਭਾਵ ਇਹਨਾਂ ਦੀ ਵਿਚਾਰਧਾਰਕ ਅਗਵਾਈ ਦੇਣ ਵਾਲਾ ਅਤੇ ਫੰਡਿੰਗ ਕਰਨ ਵਾਲਾ ਸ੍ਰੋਤ ਇੱਕੋ ਹੀ ਹੋਵੇਗਾ। ਪੰਜਾਬ ਨੂੰ ਦੰਗਿਆਂ ਦੀ ਅੱਗ ਵਿੱਚ ਝੋਕਣ ਦੀ ਪੂਰੀ ਤਿਆਰੀ ਚੱਲ ਰਹੀ ਹੈ। ਇੱਕ ਮਿਹਨਤਕਸ਼ ਅਤੇ ਰਾਜਨੀਤਿਕ ਤੌਰ ਤੇ ਚੇਤੰਨ ਕੌਮ ਦੀ ਦੂਜੀ ਮਿਹਨਤੀ ਕੌਮ ਨਾਲ ਤਕਰਾਰ ਪੈਦਾ ਕੀਤੀ ਜਾ ਰਹੀ ਹੈ।
ਪ੍ਰਵਾਸ ਨਾਲ ਜੁੜੀਆਂ ਆਮ ਅਲਾਮਤਾਂ ਜਿਵੇਂ ਸੱਭਿਆਚਾਰਕ ਵਖਰੇਵੇਂ, ਘੱਟ ਮਜ਼ਦੂਰੀ ਆਦਿ ਨੂੰ ਵਰਗ ਚੇਤਨਾ ਨਾਲ ਦੂਰ ਕਰਨ ਦੀ ਥਾਂ ਇਸ ਨੂੰ ਇੱਕ ਨਸਲਭੇਦੀ ਰੰਗ ਦੇ ਕੇ ਹਾਕਮ ਜਮਾਤ ਆਪਣੀ ਉਮਰ ਲੰਮੀ ਕਰਨੀ ਚਾਹੁੰਦੀ ਹੈ। ਇਹ ਉਹੀ ਨਸਲਭੇਦੀ ਨਫਰਤ ਹੈ ਜਿਸਦਾ ਸ਼ਿਕਾਰ ਗ਼ਦਰੀ ਬਾਬੇ ਵਿਦੇਸ਼ਾਂ ਵਿੱਚ ਹੋਏ ਸਨ ਤੇ ਹੁਣ ਵੀ ਭਾਰਤੀ ਕਈ ਥਾਂ ਹੋ ਰਹੇ ਹਨ। ਇਹੀ ਨਸਲਵਾਦ ਦਾ ਇੱਕ ਰੂਪ ਭਾਰਤ ਵਿਚਲੀ ਜਾਤ ਪ੍ਰਣਾਲੀ ਹੈ। ਇਸੇ ਦੇ ਵਿਰੋਧ ਵਿੱਚ ਸਿੱਖ ਲਹਿਰ ਉੱਠੀ ਸੀ। ਨਿਰੋਲ ਧਾਰਮਿਕ ਨਜ਼ਰੀਏ ਤੋਂ ਵੀ ਦੇਖਿਆ ਜਾਵੇ ਤਾਂ ਇਹ ਵਰਤਾਰਾ ‘ਸਰਬੱਤ ਦੇ ਭਲੇ’ ਅਤੇ ‘ਮਾਨਸ ਕੀ ਜਾਤ ਸਬੈ ਏਕੈ ਪਹਿਚਾਨਬੋ’ ਦੇ ਉਲਟ ਹੈ। ਦਸਵੀਂ ਪਾਤਸ਼ਾਹੀ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਖਾਲਸਾ ਪੰਥ ਦੀ ਸਥਾਪਨਾ ਕੀਤੀ ਸੀ, ਉਸ ਵੇਲੇ ਪੰਜ ਪਿਆਰਿਆਂ ਵਿੱਚੋਂ ਤਿੰਨ ਪਿਆਰੇ ਪੰਜਾਬੋਂ ਬਾਹਰਲੇ ਬਣੇ ਸਨ। ਅਜੋਕੇ ਤੱਤੇ ਅਖ਼ੌਤੀ ਪੰਜਾਬ ਪ੍ਰਸਤ ਬੁੱਧੀਜੀਵੀ ਕੀ ਉਹਨਾਂ ਨੂੰ ਗੁਰੂ ਦੇ ਪਿਆਰੇ ਮੰਨਦੇ ਹਨ ਜਾਂ ‘ਭਈਏ’ ਹੀ ਮੰਨਦੇ ਹਨ? ਮੇਰਾ ਉਹਨਾਂ ਨੂੰ ਇੱਕ ਹੋਰ ਸਵਾਲ ਇਹ ਵੀ ਹੈ ਕਿ ਜੇ ਇਹ ਪ੍ਰਵਾਸੀ ਕੇਸ ਰੱਖ ਕੇ ਅੰਮ੍ਰਿਤਧਾਰੀ ਬਣ ਜਾਣ, ਕੀ ਫਿਰ ਵੀ ਇਹ ਭਈਏ ਹੀ ਰਹਿਣਗੇ ਜਾਂ ਇਹਨਾਂ ਪ੍ਰਤੀ ਤੁਹਾਡੀ ਨਫਰਤ ਖਤਮ ਹੋ ਜਾਵੇਗੀ? ਜੇ ਅੱਜ ਗੁਰੂ ਨਾਨਕ ਸਾਹਿਬ ਸਾਡੇ ਵਿੱਚ ਆਉਣ ਤਾਂ ਉਹ ਕਿਸ ਘਰ ਭੋਜ ਕਰਨਗੇ? ਕਿਸੇ ਵੱਡੇ ਚੌਧਰੀ ਅਮੀਰ ਸਰਦਾਰ ਘਰ ਜਾਂ ਕਿਸੇ ਦਲਿਤ ਜਾਂ ਪ੍ਰਵਾਸੀ ਮਜ਼ਦੂਰ ਦੇ ਘਰ? ਜਵਾਬ ਤੁਹਾਨੂੰ ਵੀ ਪਤਾ ਹੈ। ਇੱਕ ਪਾਸੇ ਭਗਵਾਨ ਕ੍ਰਿਸ਼ਨ ਸਾਡੇ ਇਸ਼ਟ ਹਨ, ਦੂਜੇ ਪਾਸੇ ਉਹਨਾਂ ਦੀ ਗੋਤਰ ਯਾਦਵ ਵਾਲਿਆਂ ਨਾਲ ਨਫਰਤ ਕਿਉਂ?
ਅਸਲ ਵਿੱਚ ਪੰਜਾਬੀ ਦੋ ਅਲੱਗ ਅਲੱਗ ਸਮੱਸਿਆਵਾਂ ਨੂੰ ਰਲਗੱਡ ਕਰ ਰਹੇ ਹਨ। ਦੂਜੇ ਸੂਬਿਆਂ ਲਈ ਨੌਕਰੀ ਵਿੱਚ ਨਿਰਧਾਰਤ 15 ਪ੍ਰਤੀਸ਼ਤ ਕੋਟੇ ਦੀ ਉਲੰਘਣਾ ਕਰਕੇ ਚੁੱਪ ਚੁਪੀਤੇ ਪੰਜਾਬੋਂ ਬਾਹਰਲਾ ਅਮਲਾ ਭਰਤੀ ਕੀਤਾ ਜਾ ਰਿਹਾ ਹੈ। ਇਸ ਵਿੱਚ ਸਾਜ਼ਿਸ਼ ਦਾ ਹਿੱਸਾ ਹੋਣ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿਉਂਕਿ ਪਿਛਲੇ ਲੰਮੇ ਸਮੇਂ ਤੋਂ ਆਰ ਐੱਸ ਐੱਸ ਨੇ ਹਰ ਮਹਿਕਮੇ ਵਿੱਚ ਆਪਣੇ ਤਿਆਰ ਕੀਤੇ ਬੰਦਿਆਂ ਦੀ ਘੁਸਪੈਠ ਕਰਵਾਈ ਹੋਈ ਹੈ। ‘ਭਈਆਂ’ ਬਾਰੇ ਬੋਲਣ ਵਾਲੇ ਵਿਦਵਾਨ ਅਕਸਰ ਇਸ ਮੁੱਦੇ ’ਤੇ ਸ਼ਾਂਤ ਦਿਸਦੇ ਹਨ। ਕਿਸੇ ਪ੍ਰਵਾਸੀ ਵੱਲੋਂ 2 ਮਰਲੇ ਜਗ੍ਹਾ ਲੈਣ ’ਤੇ ਬਹੁਤ ਹਾਏ ਤੌਬਾ ਮਚਾਈ ਜਾਂਦੀ ਹੈ ਪਰ ਕਿਸੇ ਕਾਰਪੋਰੇਟ ਵੱਲੋਂ ਹਜ਼ਾਰਾਂ ਏਕੜ ਦੱਬੀ ਜ਼ਮੀਨ ’ਤੇ ਚੁੱਪ ਵਰਤਾਈ ਜਾਂਦੀ ਹੈ। ਇੱਕ ਗੱਲ ਹੋਰ ਧਿਆਨ ਦੇਣ ਵਾਲੀ ਹੈ ਕਿ ਭਈਆਂ ਦਾ ਖ਼ੌਫ਼ ਪੈਦਾ ਕਰਨ ਵਾਲੇ ਵਿਦਵਾਨਾਂ ਵਿੱਚੋਂ ਬਹੁਤੇ ਉਹ ਹਨ, ਜਿਹਨਾਂ ਨੇ ਦਿੱਲੀ ਦੇ ਮਹਾਨ ਕਿਸਾਨ ਅੰਦੋਲਨ ਨੂੰ ਧਾਰਮਿਕ ਰੰਗਤ ਦੇ ਕੇ ਲੀਹੋਂ ਲਾਹੁਣ ਦੀ ਕੋਸ਼ਿਸ਼ ਕੀਤੀ ਸੀ।
ਬੇਸ਼ਕ ਪੰਜਾਬ ਵਿੱਚ ਸਿੱਖ ਲਹਿਰ ਦੇ ਪ੍ਰਭਾਵ ਹੇਠ ਲੋਕ ਵਿਹਾਰ ਵਿੱਚ ਸੇਵਾ, ਬਰਾਬਰੀ ਆਦਿ ਗੁਣ ਸਮਾਏ ਹੋਏ ਹਨ ਪਰ ਜਗੀਰੂ ਕਦਰਾਂ ਕੀਮਤਾਂ ਤੋਂ ਅਜੇ ਖਹਿੜਾ ਨਹੀਂ ਛੁੱਟਿਆ। ਅਸੀਂ ਆਪਣੇ ਆਪ ਨੂੰ ਸਦੀਵੀ ਮਾਲਕ ਅਤੇ ਪ੍ਰਵਾਸੀਆਂ ਨੂੰ ਪੱਕੇ ਨੌਕਰ ਸਮਝਦੇ ਹਾਂ। ਮਜ਼ਦੂਰਾਂ ਨੂੰ ਗਾਲ੍ਹ ਕੱਢਣੀ ਤੇ ਸੜਕ ’ਤੇ ਥੱਪੜ ਮਾਰਨੇ ਅਸੀਂ ਆਪਣਾ ਜਨਮ ਸਿੱਧ ਹੱਕ ਮੰਨਦੇ ਹਾਂ। ਅਖ਼ਬਾਰ ਦ ਹਿੰਦੂ ਦੀ ਇੱਕ ਸਟੋਰੀ ਵਿੱਚ ਇੱਕ ਪ੍ਰਵਾਸੀ ਜੋ ਕਈ ਸਾਲਾਂ ਤੋਂ ਪੰਜਾਬ ਵਿੱਚ ਰਹਿੰਦਾ ਹੈ, ਕਹਿੰਦਾ ਹੈ ਕਿ ਇਹ ਮਜੂਦਾ ਤਣਾਅ ਆਰਥਿਕ ਢਾਂਚੇ ਵਿੱਚ ਬਦਲਾਅ ਕਰਕੇ ਹੈ। ਪ੍ਰਵਾਸੀਆਂ ਨੇ ਹੁਣ ਆਪਣੇ ਕੰਮਕਾਰ ਖੋਲ੍ਹੇ ਹਨ, ਜਿਹਨਾਂ ਦੇ ਮਾਲਿਕ ਉਹ ਆਪ ਹਨ। ਇਸ ਪਰਿਵਰਤਨ ਨੂੰ ਸਵੀਕਾਰ ਕਰਨਾ ਕਈਆਂ ਨੂੰ ਔਖਾ ਲੱਗ ਰਿਹਾ ਹੈ। ਅਸਲ ਵਿੱਚ ਹਰੀ ਕ੍ਰਾਂਤੀ ਮਾਡਲ ਤੋਂ ਬਾਅਦ ਆਦਰਸ਼ ਪੰਜਾਬੀ ਦਾ ਚਿਹਰਾ ਮੋਹਰਾ ਵੀ ਬਦਲਿਆ ਹੈ, ਜਿਹੜਾ ਪਹਿਲਾਂ ਖੇਤਾਂ ਵਿੱਚ ਮਿੱਟੀ ਨਾਲ ਮਿੱਟੀ ਹੁੰਦਾ ਹੋਇਆ ਨਿੰਮ ਧਰੇਕ ਥੱਲੇ ਬੈਠਾ ਪੋਣੇ ਵਿੱਚ ਲਿਆਂਦੀ ਰੋਟੀ ਖਾਂਦਾ ਮਾਨਸ ਸੀ, ਹੁਣ ਟਰੈਕਟਰ ’ਤੇ ਬੈਠਾ ਲੇਬਰ ਨੂੰ ਦਬਕੇ ਮਾਰਦਾ ਵੱਡਾ ਸਰਦਾਰ ਦੇ ਰੂਪ ਵਿੱਚ ਵਟ ਗਿਆ ਹੈ। ਕਾਫੀ ਹੱਦ ਤਕ ਪੰਜਾਬੀ ਫਿਲਮਾਂ ਅਤੇ ਗੀਤਾਂ ਨੇ ਵੀ ਇਹ ਬਿੰਬ ਸਿਰਜਿਆ ਹੈ। ਅਸੀਂ ਕਿਰਤ ਤੋਂ ਦੂਰ ਹੋਏ ਹਾਂ। ਸਿਰਫ ਇੰਨਾ ਹੀ ਨਹੀਂ, ਕਿਰਤ ਕਰਨ ਵਾਲੇ ਪ੍ਰਤੀ ਹੀਣ ਭਾਵਨਾ ਵੀ ਵਿਕਸਿਤ ਕੀਤੀ ਹੈ। ਅਸੀਂ ਖ਼ੁਦ ਫੁਕਰਪੁਣੇ ਵਿੱਚ ਸਰੀਰਕ ਕਿਰਤ ਨਾਲ ਜੁੜੇ ਹੋਏ ਕੰਮ ਧੰਦੇ ਛੱਡ ਰਹੇ ਹਾਂ ਤੇ ਦੋਸ਼ ਦੂਜੇ ਸਿਰ ਦੇ ਰਹੇ ਹਾਂ ਤੇ ਉਸਦੀ ਤਰੱਕੀ ਤੋਂ ਈਰਖਾ ਵੀ ਕਰ ਰਹੇ ਹਾਂ। ਸਖ਼ਤ ਮਿਹਨਤ ਕਰਕੇ ਜੇ ਅਸੀਂ ਵਿਦੇਸ਼ਾਂ ਵਿੱਚ ਤਰੱਕੀ ਕਰਦੇ ਹਾਂ ਤਾਂ ਸਾਡੇ ਲਈ ਮਾਣ ਵਾਲੀ ਗੱਲ ਹੁੰਦੀ ਹੈ ਪਰ ਜੇ ਕੋਈ ਪੰਜਾਬ ਵਿੱਚ ਮਿਹਨਤ ਸਦਕਾ ਤਰੱਕੀ ਕਰੇ ਤਾਂ ਸਾਨੂੰ ਪੰਜਾਬ ਖਿਲਾਫ ਸਾਜ਼ਿਸ਼ ਪ੍ਰਤੀਤ ਹੁੰਦੀ ਹੈ। ਵਿਦੇਸ਼ ਵਿੱਚ ਕੋਈ ਪੱਗ ਵਾਲਾ ਮਨਿਸਟਰ ਬਣ ਜਾਏ ਜਾਂ ਵੱਡਾ ਵਪਾਰੀ ਬਣੇ ਤਾਂ ਫਿਰ ਸਾਡਾ ਗਰੂਰ ਦੇਖਣ ਵਾਲਾ ਹੁੰਦਾ ਹੈ ਪਰ ਪਿਛਲੇ 20-25 ਸਾਲਾਂ ਤੋਂ ਪੰਜਾਬ ਰਹਿ ਰਿਹਾ ਪ੍ਰਵਾਸੀ ਸਰਪੰਚ ਬਣ ਜਾਵੇ ਤਾਂ ਸਾਡੀ ਜਗੀਰੂ ਹਉਮੈਂ ਨੂੰ ਸੱਟ ਵੱਜਦੀ ਹੈ। ਨਸਲਵਾਦੀ ਨਜ਼ਰੀਏ ਦੀ ਇਹੀ ਖਾਮੀ ਹੈ। ਇਹ ਆਪਣੀ ਨਸਲ ਦੇ ਘਟੀਆ ਬੰਦੇ ਨੂੰ ਵੀ ਬੁਰਾ ਨਹੀਂ ਕਹਿੰਦਾ ਤੇ ਦੂਜੀ ਕੌਮ ਦੇ ਚੰਗੇ ਨੂੰ ਵੀ ਚੰਗਾ ਨਹੀਂ ਕਹਿਣ ਦਿੰਦਾ। ਅਜੀਬ ਇਤਫਾਕ ਹੈ ਸਾਡੀ ਆਪਣੀ ਨਸਲ ਦੇ ਸਭ ਤੋਂ ਵੱਡੇ ਠੇਕੇਦਾਰ ਅੱਜਕੱਲ ਅਕਾਲ ਤਖ਼ਤ ਵਿਖੇ ਤਨਖਾਹਾਂ ਭੁਗਤ ਰਹੇ ਹਨ।
ਪ੍ਰਵਾਸੀ ਮਜ਼ਦੂਰਾਂ ਖਿਲਾਫ ਨਸਲਵਾਦੀ ਨਫਰਤ ਦਾ ਪ੍ਰਚਾਰ ਕਰਕੇ ਅਸੀਂ ਆਪਣਾ ਹੀ ਨੁਕਸਾਨ ਵੱਧ ਕਰ ਬੈਠਣਾ ਹੈ। ਜੇਕਰ ਉਹਨਾਂ ਦੀ ਸ਼ਾਂਤਮਈ ਹਿਜਰਤ ਵੀ ਹੁੰਦੀ ਹੈ ਤਾਂ ਪੰਜਾਬ ਦੀਆਂ ਉਦਯੋਗਿਕ ਇਕਾਈਆਂ ਅਤੇ ਖੇਤੀਬਾੜੀ ਦਾ ਭਾਰੀ ਨੁਕਸਾਨ ਹੋਵੇਗਾ। ਇਹਨਾਂ ਦੇ ਨਾਲ ਨਾਲ ਸਰਕਾਰੀ ਸਕੂਲਾਂ ਦਾ ਵੀ ਭੋਗ ਪੈਣਾ ਹੈ। ਪੰਜਾਬ ਜੋ ਪਹਿਲਾਂ ਹੀ ਕਰਜ਼ੇ ਦੀ ਮਾਰ ਹੇਠ ਹੈ, ਆਰਥਿਕ ਤੌਰ ’ਤੇ ਹੋਰ ਬਦਹਾਲੀ ਵੱਲ ਜਾਵੇਗਾ। ਇਹ ਬਿਰਤਾਂਤ ਨਿਸ਼ਚਿਤ ਤੌਰ ’ਤੇ ਸਾਜ਼ਿਸ਼ਨ ਹੈ। ਦਿੱਲੀ ਦੇ ਮਹਾਨ ਕਿਸਾਨ ਅੰਦੋਲਨ ਤੋਂ ਫੱਟ ਖਾਧਾ ਕਾਰਪੋਰੇਟ ਉਸ ਤੋਂ ਬਾਅਦ ਇੱਕ ਦਿਨ ਵੀ ਟਿਕ ਕੇ ਨਹੀਂ ਬੈਠਿਆ। ਸਮਾਜ ਦੀ ਸਾਂਝ ਤੋੜਨ ਲਈ ਧਰਮ, ਖੇਤਰ ਜਾਂ ਜਾਤੀ ਦੇ ਅਧਾਰ ’ਤੇ ਕੋਈ ਨਾ ਕੋਈ ਮਸਲਾ ਸੁਲਗਿਆ ਹੀ ਰਹਿੰਦਾ ਹੈ। ਪੂਰਾ ਦੇਸ਼ ਪੰਜਾਬ ਵੱਲ ਦੇਖ ਰਿਹਾ ਹੈ। ਇਸ ਸਮੇਂ ਲੋੜ ਮਹਾਨ ਕਿਸਾਨ ਅੰਦੋਲਨ ਦੀ ਵਿਰਾਸਤ ਨੂੰ ਅੱਗੇ ਲਿਜਾਣ ਦੀ ਹੈ ਨਾ ਕਿ ਉਸਦੇ ਪ੍ਰਭਾਵ ਨੂੰ ਫਿੱਕਾ ਪਾਉਣ ਦੀ।
ਰਾਜ ਕਰਦੀਆਂ ਧਿਰਾਂ ਚਾਹੁੰਦੀਆਂ ਹਨ ਕਿ ਪੰਜਾਬੀ ਆਪਣੀ ਊਰਜਾ ਲੁਟੇਰੀਆਂ ਤਾਕਤਾਂ ਨੂੰ ਰੋਕਣ ਦੀ ਥਾਂ ਹਮਾਤੜ ਕਿਰਤੀਆਂ ਨਾਲ ਉਲਝਣ ਵਿੱਚ ਲਗਾ ਦੇਣ। ਹੁਣ ਇਹ ਸਾਡੇ ਹੱਥ ਵਿੱਚ ਹੈ ਕਿ ਅਸੀਂ ਕਿਰਤੀ ਜਮਾਤ ਨੂੰ ਲਾਮਬੰਦ ਕਰਕੇ ਪੂੰਜੀਵਾਦ ਦਾ ਰੱਥ ਰੋਕਣਾ ਹੈ ਜਾਂ ਨਫਰਤ ਫੈਲਾ ਕੇ ਉਹਨਾਂ ਨੂੰ ਸਰਮਾਏਦਾਰ ਪਾਰਟੀਆਂ ਦੇ ਹੱਥਠੋਕੇ ਬਣਨ ਦੇਣਾ ਹੈ ਤੇ ਆਪਣੇ ਖਿਲਾਫ ਭੁਗਤਾਉਣਾ ਹੈ। ਨਸਲਵਾਦੀ ਨਜ਼ਰੀਆ ਰੱਖ ਕੇ ਕਿਰਤੀ ਵਰਗ ਨੂੰ ਅਗਵਾਈ ਨਹੀਂ ਦਿੱਤੀ ਜਾ ਸਕਦੀ। ਕਾਰਪੋਰੇਟ ਹਰ ਕਿਰਤੀ, ਚਾਹੇ ਉਹ ਪੰਜਾਬੀ, ਬਿਹਾਰੀ, ਸਿੱਖ, ਮੁਸਲਿਮ, ਗੋਰਾ ਜਾਂ ਕਾਲਾ ਹੋਵੇ, ਦਾ ਸਾਂਝਾ ਦੁਸ਼ਮਣ ਹੈ। ਪੂੰਜੀਵਾਦੀ ਨਿਜ਼ਾਮ ਕਿਰਤੀਆਂ ਨੂੰ ਵੰਡ ਕੇ ਆਪਣੀ ਉਮਰ ਲੰਮੇਰੀ ਕਰਦਾ ਹੈ। ਸੋਸ਼ਲ ਮੀਡੀਆ ’ਤੇ ਵਿਅਕਤੀਗਤ ਗੈਰ ਜ਼ਿੰਮੇਵਾਰਾਨਾ ਬਿਆਨ ਦਿੰਦੇ ਘੜੰਮ ਚੌਧਰੀਆਂ ਤੋਂ ਸੁਚੇਤ ਹੋਈਏ। ਲੋਕਾਂ ਨੂੰ ਜਾਗਰੂਕ ਕਰਕੇ ਪ੍ਰਵਾਸ ਨੂੰ ਮਜਬੂਰ ਕਰਦੀਆਂ ਨੀਤੀਆਂ ਬਦਲਣ ਲਈ ਹਾਕਮਾਂ ਨੂੰ ਮਜਬੂਰ ਕਰੀਏ। ਪੰਜਾਬੀਓ ਆਉ ਕਿਰਤ ਕਰੀਏ, ਕਿਰਤ ਦਾ ਵਾਜਿਬ ਮੁੱਲ ਤਾਰੀਏ, ਕਿਰਤੀ ਦਾ ਸਨਮਾਨ ਕਰੀਏ ਤੇ ਕਿਰਤੀਆਂ ਨਾਲ ਸਾਂਝ ਪਾਈਏ।
* * * * *
ਨੋਟ: ਹਰ ਲੇਖਕ ਸਰੋਕਾਰ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲ ਕੇ ਰੱਖੇ।
(5555)
ਰਚਨਾਵਾਂ ਸਬੰਧੀ ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)