“ਮੇਰਾ ਪਤੀ ਅਤੇ ਪੁੱਤਰ ਨਸ਼ਿਆਂ ਦੀ ਲਪੇਟ ਵਿੱਚ ਆ ਕੇ ਮਾਰੇ ਗਏ ਹਨ ਤੇ ਹੁਣ ਮੈਂ ਮਿਹਨਤ ਮਜ਼ਦੂਰੀ ...”
(16 ਦਸੰਬਰ 2024)
“ਇੱਥੇ ਸਾਰੇ ਬਿੱਟੂ ਹਨ ...” ਵਾਕ ਦੇ ਪਿੱਛੇ ਇੰਨਾ ਦਰਦ ਛੁਪਿਆ ਹੈ ਕਿ ਇਸ ਨੂੰ ਸੁਣ ਕੇ ਮੇਰੀ ਰੂਹ ਅੰਬਰਾਂ ਤਕ ਰੋਈ। ਇਸ ਕਹਾਣੀ ਨੂੰ ਕਹਿਣ ਤੋਂ ਪਹਿਲਾਂ ਮੈਂ ਇਸਦੇ ਪਿਛੋਕੜ ਦੀ ਗੱਲ ਕਰਨੀ ਚਾਹਾਂਗੀ।
ਨਸ਼ਾ ਕਿਸੇ ਨਾ ਕਿਸੇ ਰੂਪ ਵਿੱਚ ਸਦੀਆਂ ਤੋਂ ਹੀ ਚੱਲਦਾ ਆ ਰਿਹਾ ਹੈ। ਪੁਰਾਣੇ ਸਮਿਆਂ ਵਿੱਚ ਅਫੀਮ ਅਤੇ ਸ਼ਰਾਬ ਮੁੱਖ ਨਸ਼ੇ ਹੋਇਆ ਕਰਦੇ ਸਨ ਪਰ ਹਰ ਕੋਈ ਇਹਨਾਂ ਦਾ ਆਦੀ ਨਹੀਂ ਹੁੰਦਾ ਸੀ। ਜਿਹੜੇ ਲੋਕ ਖਰਚਾ ਕਰ ਸਕਦੇ ਸਨ, ਉਹ ਇਹ ਨਸ਼ੇ ਕਰਦੇ ਸਨ, ਬਾਕੀ ਲੋਕ ਆਪਣੀ ਮਿਹਨਤ ਮਜ਼ਦੂਰੀ ਨਾਲ ਆਪਣੀ ਰੋਟੀ ਵੀ ਮੁਸ਼ਕਿਲ ਨਾਲ ਪੂਰੀ ਕਰਦੇ ਸਨ।
ਲਗਭਗ 20 ਸਾਲ ਪਹਿਲਾਂ ਅੰਮ੍ਰਿਤਸਰ ਵਿੱਚ ਮਾਰੂ ਨਸ਼ਿਆਂ, ਜਿਵੇਂ ਸਮੈਕ ਦੀ ਸ਼ੁਰੂਆਤ ਹੋਈ ਤਾਂ ਕਿਹਾ ਜਾਂਦਾ ਸੀ ਕਿ ਰਾਜ ਕਰਦਾ ਪਾਰਟੀ ਦਾ ਆਗੂ ਇਸਦਾ ਸਰਗਣਾ ਹੈ। ਸਮੈਕ ਨੇ ਲੋਕਾਂ ਦੀ ਜ਼ਿੰਦਗੀ ਉਜਾੜਨੀ ਸ਼ੁਰੂ ਕਰ ਦਿੱਤੀ। ਪ੍ਰੰਤੂ ਗੱਲ ਇੱਥੇ ਹੀ ਖਤਮ ਨਹੀਂ ਹੋਈ, ਅਗਲੀ ਸਰਕਾਰ ਅਕਾਲੀ, ਬੀਜੇਪੀ ਆਈ ਤਾਂ ਪੰਜਾਬ ਵਿੱਚ ਨਸ਼ਿਆਂ ਦਾ ਹੜ੍ਹ ਆ ਗਿਆ। ਪੰਜਾਬ ਵਿੱਚ ਨਸ਼ਿਆਂ ਦਾ ਛੇਵਾਂ ਦਰਿਆ ਵਗਦਾ ਮੰਨਿਆ ਜਾਣ ਲੱਗ ਪਿਆ। ਸਮੈਕ ਤੋਂ ਵੀ ਅੱਗੇ ਹੋਰ ਮਾਰੂ ਨਸ਼ੇ ਹੈਰੋਇਨ, ਚਿੱਟਾ ਆਦਿ ਦਿਨ ਬਦਿਨ ਸਾਡੇ ਸਮਾਜ ਵਿੱਚ ਫੈਲ ਰਹੇ ਹਨ।
ਕਾਂਗਰਸੀ ਆਗੂ ਕੈਪਟਨ ਅਮਰਿੰਦਰ ਸਿੰਘ, ਜੋ ਕਿ ਬਾਅਦ ਵਿੱਚ ਪੰਜਾਬ ਦੇ ਮੁੱਖ ਮੰਤਰੀ ਬਣੇ, ਨੇ ਗੁਟਕਾ ਸਾਹਿਬ ’ਤੇ ਹੱਥ ਰੱਖ ਕੇ ਇੱਕ ਮਹੀਨੇ ਵਿੱਚ ਨਸ਼ੇ ਬੰਦ ਕਰਨ ਦਾ ਲੋਕਾਂ ਨਾਲ ਵਾਅਦਾ ਕੀਤਾ ਸੀ। ਪ੍ਰੰਤੂ ਜਿੱਤ ਜਾਣ ਤੋਂ ਬਾਅਦ ਬਾਕੀ ਵਾਅਦਿਆਂ ਵਾਂਗ ਉਹਨਾਂ ਨੂੰ ਇਹ ਵਾਅਦਾ ਵੀ ਭੁੱਲ ਗਿਆ ਅਤੇ ਇਸ ਨਸ਼ਿਆਂ ਦੇ ਦਰਿਆ ਵਿੱਚ ਹੋਰ ਜ਼ਿਆਦਾ ਉਛਾਲ ਆਉਂਦਾ ਗਿਆ।
ਇਹਨਾਂ ਦੋਵਾਂ ਸਰਕਾਰਾਂ ਤੋਂ ਲੋਕ ਅੱਕੇ ਹੋਏ ਸਨ, ਕਿਉਂਕਿ ਨਸ਼ਿਆਂ ਨੇ ਘਰਾਂ ਦੇ ਘਰ ਬਰਬਾਦ ਕਰ ਦਿੱਤੇ ਸਨ। ਜਿੱਥੇ ਆਰਥਿਕ ਤੌਰ ’ਤੇ ਨਸ਼ੇ ਕਰਨ ਵਾਲਾ ਵਿਅਕਤੀ ਘਰ ਨੂੰ ਤਬਾਹ ਕਰ ਦਿੰਦਾ ਹੈ, ਉੱਥੇ ਉਹ ਆਪਣੇ ਪਰਿਵਾਰ ਨੂੰ ਦੁੱਖ ਦੇ ਕੇ ਇਸ ਦੁਨੀਆ ਤੋਂ ਕੂਚ ਕਰ ਜਾਂਦਾ ਹੈ। ਕਿਤੇ ਮਾਂ ਬਾਪ ਵਿਲਕਦੇ ਰਹਿ ਜਾਂਦੇ ਹਨ, ਕਿਤੇ ਕੋਈ ਔਰਤ ਵਿਧਵਾ ਹੋ ਜਾਂਦੀ ਹੈ ਅਤੇ ਉਸ ਉੱਤੇ ਦੁੱਖਾਂ ਦਾ ਪਹਾੜ ਟੁੱਟ ਪੈਂਦਾ ਹੈ, ਨਿੱਕੇ ਨਿੱਕੇ ਬੱਚੇ ਧੱਕੇ ਖਾਣ ਜੋਗੇ ਰਹਿ ਜਾਂਦੇ ਹਨ। ਦੁਖੀ ਹੋਏ ਲੋਕ ਇਸ ਸਿਸਟਮ ਵਿੱਚ ਕੁਝ ਬਦਲਾਅ ਚਾਹੁੰਦੇ ਸਨ। ਉਸ ਵੇਲੇ ਆਪ ਪਾਰਟੀ ਦੇ ਆਗੂ ਭਗਵੰਤ ਸਿੰਘ ਮਾਨ ਨੇ ਵਾਅਦਾ ਕੀਤਾ ਕਿ ਉਹ ਆਉਂਦਿਆਂ ਹੀ ਨਸ਼ਿਆਂ ਨੂੰ ਨੱਥ ਪਾ ਲੈਣਗੇ। ਲੋਕਾਂ ਨੂੰ ਇਸ ਨਾਅਰੇ ਨੇ ਬਹੁਤ ਖਿੱਚ ਪਾਈ। ਇੱਕ ਛੋਟੀ ਜਿਹੀ ਕਹਾਣੀ ਤੁਹਾਡੇ ਨਾਲ ਸਾਂਝੀ ਕਰ ਰਹੀ ਹਾਂ ਜੋ ਇੱਕ ਟੀਚਰ ਨੇ ਇੱਕ ਪੋਸਟ ਵਿੱਚ ਸਾਂਝੀ ਕੀਤੀ ਸੀ:
ਵੋਟਾਂ ਦਾ ਸਮਾਂ ਖਤਮ ਹੋਣ ਵਿੱਚ ਸਿਰਫ ਪੰਜ ਮਿੰਟ ਰਹਿ ਗਏ ਸਨ ਤਾਂ ਇੱਕ ਬਜ਼ੁਰਗ ਔਰਤ ਵਾਹੋਦਾਹੀ ਨੱਸੀ ਆ ਰਹੀ ਸੀ। ਸਟਾਫ ਚਾਹੁੰਦਾ ਸੀ ਕਿ ਹੁਣ ਟਾਈਮ ਲਗਭਗ ਖਤਮ ਹੋ ਗਿਆ ਹੈ, ਇਸ ਕਰਕੇ ਇਸ ਨੂੰ ਅੰਦਰ ਨਾ ਲੰਘਾਇਆ ਜਾਵੇ ਪਰ ਉਸ ਮੈਡਮ ਨੇ ਬਾਕੀ ਸਟਾਫ ਨੂੰ ਕਿਹਾ ਕਿ ਨਹੀਂ, ਉਸ ਨੂੰ ਅੰਦਰ ਆ ਲੈਣ ਦਿਓ। ਉਸ ਔਰਤ ਦਾ ਵੋਟ ਵਿੱਚ ਇੰਨਾ ਵਿਸ਼ਵਾਸ ਹੈ ਕਿ ਉਹ ਆਖਰੀ ਸਮੇਂ ’ਤੇ ਵੀ ਪਹੁੰਚ ਗਏ ਹਨ। ਵੋਟ ਪਾਉਣ ਤੋਂ ਬਾਅਦ ਉਸ ਬਜ਼ੁਰਗ ਔਰਤ ਨੇ ਪੁੱਛਿਆ ਕਿ ਮੈਂ ਜਿਸ ਪਾਰਟੀ ਨੂੰ ਵੋਟ ਪਾਈ ਹੈ, ਉਹ ਪਾਰਟੀ ਜਿੱਤ ਜਾਏਗੀ? ਉਸਨੇ ਇਹ ਵੀ ਦੱਸਿਆ, “ਮੇਰਾ ਪਤੀ ਅਤੇ ਪੁੱਤਰ ਨਸ਼ਿਆਂ ਦੀ ਲਪੇਟ ਵਿੱਚ ਆ ਕੇ ਮਾਰੇ ਗਏ ਹਨ ਤੇ ਹੁਣ ਮੈਂ ਮਿਹਨਤ ਮਜ਼ਦੂਰੀ ਕਰਕੇ ਆਪਣਾ ਪੇਟ ਪਾਲ ਰਹੀ ਹਾਂ। ਮੈਂ ਚਾਹੁੰਦੀ ਹਾਂ ਕਿ ਇਹੋ ਜਿਹੀ ਸਰਕਾਰ ਆਵੇ, ਜਿਹੜੀ ਨਸ਼ਿਆਂ ਨੂੰ ਰੋਕ ਕੇ ਲੋਕਾਂ ਦੇ ਹੀਰਿਆਂ ਵਰਗੇ ਪੁੱਤਰਾਂ ਦੀ ਜਾਨ ਬਚਾਵੇ।”
ਇਹ ਆਸ ਲੈ ਕੇ ਲੋਕਾਂ ਨੇ ਬਦਲਾਅ ਲਿਆਂਦਾ ਪ੍ਰੰਤੂ ਇਸ ਸਰਕਾਰ ਦਾ ਕੰਮਕਾਰ ਤੁਹਾਡੇ ਸਭ ਦੇ ਸਾਹਮਣੇ ਹੈ। ਨਸ਼ੇ ਜਿੱਤ ਰਹੇ ਹਨ, ਨੌਜਵਾਨ ਲੜਕੇ ਮਰ ਰਹੇ ਹਨ, ਪ੍ਰੰਤੂ ਕੋਈ ਵੀ ਇਸ ਤਬਾਹੀ ਨੂੰ ਰੋਕਣ ਲਈ ਗੰਭੀਰ ਨਹੀਂ ਹੈ।
ਪਿਛਲੇ ਸਾਲ ਸੰਸਦ ਵਿੱਚ ਪੇਸ਼ ਹੋਈ ਰਿਪੋਰਟ ਵਿੱਚ ਖੁਲਾਸਾ ਕੀਤਾ ਗਿਆ ਸੀ ਕਿ 6.6 ਮਿਲੀਅਨ ਬੱਚੇ ਨਸ਼ਿਆਂ ਦੀ ਲਪੇਟ ਵਿੱਚ ਹਨ, ਜਿਨ੍ਹਾਂ ਵਿੱਚੋਂ ਵੱਡੀ ਗਿਣਤੀ 10 ਤੋਂ 17 ਸਾਲ ਦੇ ਬੱਚਿਆਂ ਦੀ ਹੈ। ਖਤਰਨਾਕ ਗੱਲ ਇਹ ਹੈ ਕਿ ਇਹ ਨਸ਼ਾ ਲੜਕੀਆਂ ਨੂੰ ਵੀ ਆਪਣੀ ਲਪੇਟ ਵਿੱਚ ਲੈ ਰਿਹਾ ਹੈ, ਕਿਉਂਕਿ ਨਸ਼ਿਆਂ ਦੇ ਸੌਦਾਗਰ ਹਰ ਹਾਲਤ ਵਿੱਚ ਮੁਨਾਫਾ ਕਮਾਉਣਾ ਚਾਹੁੰਦੇ ਹਨ। ਸਰਹੱਦੀ ਸੂਬਾ ਹੋਣ ਕਰਕੇ ਪਾਰਲੇ ਪਾਸਿਓਂ ਨਸ਼ਿਆਂ ਦੀ ਆਮਦ ਵੱਡੇ ਪੱਧਰ ’ਤੇ ਹੋ ਰਹੀ ਹੈ। ਪਹਿਲਾਂ ਇਹ ਤਸਕਰੀ ਮਨੁੱਖਾਂ ਰਾਹੀਂ ਹੁੰਦੀ ਸੀ, ਜਿਹੜੀ ਕਿ ਹੁਣ ਡਰੋਨਾ ਰਾਹੀਂ ਹੋਣ ਲੱਗ ਪਈ ਹੈ। ਹੋਰ ਵੀ ਕਈ ਸੂਬੇ ਨਸ਼ਿਆਂ ਨੂੰ ਪੰਜਾਬ ਵੱਲ ਧੱਕਣ ਵਿੱਚ ਮਦਦ ਕਰ ਰਹੇ ਹਨ।
ਹੁਣ ਮੈਂ “ਇੱਥੇ ਸਾਰੇ ਬਿੱਟੂ ਹਨ ...” ਆਉਂਦੀ ਹਾਂ। ਝਬਾਲ ਇਲਾਕੇ ਦੇ ਇੱਕ ਪਿੰਡ ਦੀ ਔਰਤ ਮੇਰੇ ਭਤੀਜੇ ਦੀ ਦੁਕਾਨ ’ਤੇ ਆਈ ਅਤੇ ਆਪਣੀ ਕਹਾਣੀ ਸੁਣਾਉਣ ਲੱਗੀ, “ਮੇਰਾ ਪੁੱਤਰ ਨਸ਼ਿਆਂ ਦੀ ਲਪੇਟ ਵਿੱਚ ਆ ਗਿਆ ਸੀ। ਉਹ ਹਰ ਵੇਲੇ ਪੈਸਿਆਂ ਦੀ ਮੰਗ ਕਰਦਾ ਰਹਿੰਦਾ ਸੀ। ਜਦੋਂ ਪੈਸੇ ਨਹੀਂ ਸੀ ਮਿਲਦੇ ਤਾਂ ਘਰ ਵਿੱਚ ਬਹੁਤ ਕਲੇਸ਼ ਪੈਂਦਾ ਸੀ। ਉਹ ਚੋਰੀ ਵੀ ਕਰਨ ਲੱਗ ਪਿਆ ਅਤੇ ਬਾਅਦ ਵਿੱਚ ਉਹ ਘਰੋਂ ਗਾਇਬ ਹੋ ਗਿਆ। ਦੋ ਮਹੀਨੇ ਅਸੀਂ ਉਹਨੂੰ ਲੱਭਦੇ ਰਹੇ ਪਰ ਉਸ ਦਾ ਕੋਈ ਸੁਰਾਗ ਨਾ ਮਿਲਿਆ। ਅਖੀਰ ਕਿਸੇ ਨੇ ਦੱਸਿਆ ਕਿ ਉਹ ਝਬਾਲ ਹੀ ਕਿਸੇ ਕਿਸਾਨ ਨਾਲ ਸੀਰੀ ਰਲ ਗਿਆ ਹੈ। ਮੈਂ ਪਤਾ ਲੱਭਿਆ ਅਤੇ ਉਸ ਪਰਿਵਾਰ ਤਕ ਪਹੁੰਚ ਗਈ। ਉਸ ਪਰਿਵਾਰ ਨੇ ਦੱਸਿਆ ਕਿ ਉਹ ਸਾਡੇ ਕੋਲ ਕੁਝ ਦਿਨ ਰਿਹਾ ਸੀ ਪਰ ਫਿਰ ਛੱਡ ਕੇ ਚਲਾ ਗਿਆ। ...
ਫਿਰ ਉਸ ਔਰਤ ਨੂੰ ਕਿਸੇ ਨੇ ਦੱਸਿਆ ਕਿ ਇੱਥੇ ਜਿਹੜੇ ਸਟੇਡੀਅਮ ਹਨ, ਉੱਥੇ ਵੱਡੀ ਗਿਣਤੀ ਵਿੱਚ ਨੌਜਵਾਨ ਨਸ਼ੇ ਕਰਦੇ ਹਨ, ਸ਼ਾਇਦ ਤੁਹਾਡਾ ਪੁੱਤਰ ਤੁਹਾਨੂੰ ਉੱਥੇ ਲੱਭ ਜਾਵੇ। ਮਾਂ ਲੱਭਦੀ ਲੱਭਦੀ ਇੱਕ ਸਟੇਡੀਅਮ ਵਿੱਚ ਪਹੁੰਚੀ ਅਤੇ ਇੱਕ ਨੌਜਵਾਨ ਨੂੰ ਪੁੱਛਣ ਲੱਗੀ ਕਿ ਤੁਸੀਂ ਮੇਰਾ ਬਿੱਟੂ ਵੇਖਿਆ ਹੈ? ਨੌਜਵਾਨ ਕਹਿਣ ਲੱਗਾ, “ਇਥੇ ਸਾਰੇ ਬਿੱਟੂ ਹਨ ...” ਜਿਸ ਦਾ ਭਾਵ ਹੈ ਕਿ ਇੱਥੇ ਸਾਰੇ ਨੌਜਵਾਨ ਆਪਣੀ ਹੋਸ਼ੋ-ਹਵਾਸ ਗਵਾ ਚੁੱਕੇ ਹਨ।
ਜਿੱਥੇ ਉਸ ਮਾਂ ਦਾ ਦਰਦ ਮੇਰੇ ਦਿਲ ਵਿੱਚ ਲਹਿ ਗਿਆ, ਨਾਲ ਹੀ ਉਹਨਾਂ ਨੌਜਵਾਨਾਂ ਦਾ ਦਰਦ ਵੀ ਜਿਹੜੇ ਕਿ ਜਬਰਦਸਤੀ ਨਸ਼ੇ ਵੱਲ ਧੱਕ ਦਿੱਤੇ ਗਏ ਅਤੇ ਬਿੱਟੂ ਬਣਾ ਦਿੱਤੇ ਗਏ ਸਨ। ਉਹ ਸਾਰੇ ਬਿੱਟੂ ਵੀ ਪਰਿਵਾਰਾਂ ਵਾਲੇ ਹੋਣਗੇ, ਜਿਨ੍ਹਾਂ ਦੇ ਮਾਂ ਬਾਪ ਇੱਦਾਂ ਹੀ ਉਹਨਾਂ ਨੂੰ ਲੱਭਦੇ ਫਿਰਦੇ ਹੋਣਗੇ।
ਪੰਜਾਬ ਸਰਕਾਰ ਜਾਂ ਕੇਂਦਰ ਸਰਕਾਰ ਇਸ ਦੁਖਾਂਤ ਵੱਲ ਕੋਈ ਧਿਆਨ ਨਹੀਂ ਦੇ ਰਹੀ। ਲੋਕ ਸਰਕਾਰਾਂ ਬਦਲ ਬਦਲ ਕੇ ਵੇਖ ਰਹੇ ਹਨ ਪਰ ਪਰਨਾਲਾ ਉੱਥੇ ਹੀ ਰਹਿੰਦਾ ਹੈ। ਜੇਕਰ ਇਹਨਾਂ ਹੀਰਿਆਂ ਵਰਗੇ ਬੱਚਿਆਂ ਨੂੰ ਰੁਜ਼ਗਾਰ ਦਿੱਤਾ ਜਾਵੇ ਤਾਂ ਉਹ ਆਪਣੇ ਪਰਿਵਾਰ ਨੂੰ ਤਾਂ ਖੁਸ਼ਹਾਲ ਕਰਨਗੇ ਹੀ, ਨਾਲ ਹੀ ਦੇਸ਼ ਦੇ ਵਿਕਾਸ ਵਿੱਚ ਵੀ ਹਿੱਸਾ ਪਾਉਣਗੇ ਅਤੇ ਕੋਈ ਮਾਂ ਆਪਣੇ ਬਿੱਟੂ ਨੂੰ ਲੱਭਣ ਲਈ ਦਰ ਬਦਰ ਧੱਕੇ ਨਹੀਂ ਖਾਂਦੀ ਫਿਰੇਗੀ।
* * * * *
ਨੋਟ: ਹਰ ਲੇਖਕ ਸਰੋਕਾਰ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲ ਕੇ ਰੱਖੇ।
(5533)
ਰਚਨਾਵਾਂ ਸਬੰਧੀ ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)