“ਸਰੀਰ ਨੂੰ ਤੰਦਰੁਸਤ ਰੱਖਣ ਲਈ ਆਹਾਰ ਵਿਹਾਰ, ਵਿਚਾਰ, ਆਰਾਮ ਅਤੇ ਕਸਰਤ, ਇਹਨਾਂ ਸਾਰਿਆਂ ਵਿੱਚ ...”
(7 ਦਸੰਬਰ 2024)
ਕਿਹਾ ਗਿਆ ਹੈ ਕਿ ਪਹਿਲਾ ਸੁਖ ਅਰੋਗੀ (ਨਿਰੋਗੀ) ਕਾਇਆ, ਦੂਜਾ ਸੁਖ ਘਰ ਵਿੱਚ ਮਾਇਆ। ਯਾਨੀ ਪੈਸੇ ਤੋਂ ਪਹਿਲਾਂ ਸਿਹਤ ਮਹੱਤਵਪੂਰਨ ਹੁੰਦੀ ਹੈ। ਪਰ ਅੱਜ ਦੇ ਮਨੁੱਖ ਨੇ ਇਸ ਕਰਮ ਨੂੰ ਬਦਲਦੇ ਹੋਏ ਸਿਹਤ ਤੋਂ ਪਹਿਲਾਂ ਮਾਇਆ ਨੂੰ ਮਹੱਤਵ ਦੇਣਾ ਸ਼ੁਰੂ ਕਰ ਦਿੱਤਾ ਹੈ। ਸੱਚ ਤਾਂ ਇਹ ਹੈ ਕਿ ਇੰਨੀ ਭੱਜਦੌੜ ਕਰਨ ਪਿੱਛੋਂ ਕਾਇਆ ਧਨ ਦਾ ਕਾਫੀ ਵੱਡਾ ਹਿੱਸਾ ਖੁਦ ਲਈ ਦਵਾਈਆਂ ਤੇ ਇਲਾਜ ਉੱਪਰ ਖਰਚ ਕਰਨਾ ਪੈਂਦਾ ਹੈ। ਆਰਥਿਕ ਹਰਜ਼ ਦੇ ਨਾਲ ਨਾਲ ਕਾਰਜਕੁਸ਼ਲਤਾ ਨੂੰ ਖੋਰਾ ਅਤੇ ਸਰੀਰਕ ਕਸ਼ਟਾਂ ਨੂੰ ਝੱਲਣਾ ਪੈਂਦਾ ਹੈ। ਜੀਵਨ ਦੇ ਆਨੰਦ ਤੋਂ ਦੂਰ ਅਤੇ ਦਵਾਈਆਂ ’ਤੇ ਨਿਰਭਰ ਜੀਵਨ ਨੂੰ ਢੋਣ ਵਾਲਾ ਅੱਜ ਦਾ ਮਨੁੱਖ ਫਿਰ ਵੀ ਪੈਸੇ ਪਿੱਛੇ ਭੱਜ ਰਿਹਾ ਹੈ। ਸਾਡੇ ਦੇਸ਼ ਵਿੱਚ ਹਰ ਸਾਲ ਕਰੋੜਾਂ ਰੁਪਏ ਦਰਦਨਾਸ਼ਕ ਤੇ ਬੁਖਾਰ ਦੀਆਂ ਦਵਾਈਆਂ, ਐਂਟੀਬਾਇਟਿਕਸ, ਸ਼ੂਗਰ ਵਾਲੇ ਰੋਗਾਂ ਨੂੰ ਦਵਾਈਆਂ, ਵੱਖ ਵੱਖ ਕਿਸਮ ਦੇ ਟੌਨਿਕਾਂ ਅਤੇ ਡਾਕਟਰੀ ਰਾਏ ਤੋਂ ਬਿਨਾਂ ਵਰਤੀਆਂ ਜਾਣ ਵਾਲੀਆਂ ਦਵਾਈਆਂ ’ਤੇ ਖਰਚ ਹੋ ਰਹੇ ਹਨ। ਇਸਦੇ ਬਾਵਜੂਦ ਡਾਕਟਰਾਂ ਦੇ ਕਲੀਨਿਕਾਂ ’ਤੇ ਲੱਗੀ ਭੀੜ ਅਤੇ ਹਸਪਤਾਲਾਂ ਵਿੱਚ ਖਾਲੀ ਬਿਸਤਰੇ ਨਹੀਂ ਲੱਭਦੇ।
ਕੀ ਕਰਨ ਹੈ ਕਿ ਸਾਡੇ ਦੇਸ਼ ਵਿੱਚ ਸਿਹਤ ਦੀ ਹਾਲਤ ਇੰਨੀ ਤਰਸਯੋਗ ਹੋ ਗਈ ਹੈ? ਇਸਦਾ ਇੱਕ ਅਹਿਮ ਕਾਰਨ ਹੈ ਕਿ ਸਾਡੇ ਦੇਸ਼ ਵਿੱਚ ਜੀਵਨ ਸ਼ੈਲੀ ਦਾ ਉੱਖੜੀ ਹੋਣਾ ਅਤੇ ਗਲਤ ਹੋਣਾ। ਅਨਿਯਮਤ ਜੀਵਨ ਸ਼ੈਲੀ ਤੋਂ ਪੈਦਾ ਹੋਣ ਵਾਲੀ ਸਭ ਤੋਂ ਮੁੱਖ ਬਿਮਾਰੀ ਹੈ- ਕਬਜ਼, ਯਾਨੀ ਅੰਤੜੀਆਂ ਤੋਂ ਮਲ ਦਾ ਠੀਕ ਤਰ੍ਹਾਂ ਨਿਕਾਸ ਨਾ ਹੋਣਾ। ਅਨਿਯਮਮਤ ਜੀਵਨ ਸ਼ੈਲੀ ਵੀ ਇੱਕ ਮਨੁੱਖੀ ਵਿਗਾੜ ਹੈ। ਕਬਜ਼ ਦਾ ਅਸਲੀ ਮਤਲਬ ਹੈ ਮਲ ਦਾ ਸਖ਼ਤ ਹੋਣਾ ਤੇ ਮੁਸ਼ਕਿਲ ਨਾਲ ਬਾਹਰ ਨਿਕਲਣਾ। ਪੇਟ ਖਾਲੀ ਹੋਣ ਦੀ ਬਜਾਏ ਅੰਤੜੀਆਂ ਵਿੱਚ ਮਲ ਦਾ ਜਮ੍ਹਾਂ ਹੋਈ ਜਾਣਾ, ਜਿਵੇਂ ਰਸੋਈ ਦੇ ਵਾਸ਼ ਬੇਸਨ ਵਿੱਚ ਜੇ ਗੰਦਗੀ ਪਈ ਰਹੇ ਤੇ ਸਾਫ ਨਾ ਕੀਤਾ ਜਾਵੇ ਤੇ ਉਸਦੀ ਨਿਕਾਸੀ ਪਾਈਪ ਦੇ ਨਾਲ ਗੰਦ ਚਿਪਕਿਆ ਰਹੇ, ਉਸ ਤਰ੍ਹਾਂ ਹੀ ਅੰਤੜੀਆਂ ਦੀ ਅੰਦਰੂਨੀ ਪਰਤ ’ਤੇ ਮਲ ਚਿਪਕ ਜਾਣਾ। ਅਸੀਂ ਖਾਂਦੇ ਤਾਂ ਰੋਜ਼ਾਨਾ ਹਾਂ ਪਰ ਅੰਤੜੀਆਂ ਰੋਜ਼ਾਨਾ ਖਾਲੀ ਨਹੀਂ ਹੁੰਦੀਆਂ। ਉਹਨਾਂ ਦੀ ਅੰਦਲੀ ਪਰਤ ’ਤੇ ਮਲ ਜਮ੍ਹਾਂ ਹੋਇਆ ਰਹਿੰਦਾ ਹੈ। ਜੇ ਅਸੀਂ ਗਲਤ ਪੌਸ਼ਟਿਕ ਪਦਾਰਥਾਂ ਦੀ ਵਰਤੋਂ ਕਰਦੇ ਰਹੀਏ, ਜੋ ਠੀਕ ਢੰਗ ਨਾਲ ਪਚਣ ਨਾ, ਜਾਂ ਪਾਣੀ ਪੀਣ ਦੀ ਆਦਤ ਸਹੀ ਨਾ ਹੋਵੇ, ਤਾਂ ਪਹਿਲਾਂ ਪਹਿਲਾਂ ਮਲ ਤਿਆਗ ਵਿੱਚ ਥੋੜ੍ਹੀ ਥੋੜ੍ਹੀ ਰੁਕਾਵਟ ਆਉਂਦੀ ਹੈ ਤੇ ਫਿਰ ਭਿਅੰਕਰ ਕਬਜ਼ ਦੀ ਸ਼ਿਕਾਇਤ ਖੜ੍ਹੀ ਹੋ ਜਾਂਦੀ ਹੈ।
ਅੰਤੜੀ ਵਿੱਚ ਮਲ ਜਮ੍ਹਾਂ ਹੋਣ (ਕਬਜ਼) ਨੂੰ ਸਮਝਣ ਲਈ ਇੱਕ ਮਿਸਾਲ ਹੀ ਕਾਫੀ ਹੈ। ਆਮ ਤੌਰ ਤੇ ਅਸੀਂ ਦੋ ਤਰ੍ਹਾਂ ਦੀਆਂ ਸਬਜ਼ੀਆਂ ਵਰਤਦੇ ਹਾਂ, ਇੱਕ ਤਰੀ ਵਾਲੀਆਂ ਤੇ ਦੂਜੀਆਂ ਸੁੱਕੀਆਂ। ਇਹਨਾਂ ਦੋਨਾਂ ਸਬਜ਼ੀਆਂ ਨੂੰ ਵੱਖ ਵੱਖ ਹੱਥਾਂ ਵਿੱਚ ਮਸਲੋ ਤਾਂ ਤਰੀ ਵਾਲੀ ਸਬਜ਼ੀ ਵਾਲਾ ਹੱਥ ਸਾਦੇ ਪਾਣੀ ਨਾਲ ਸਾਫ ਨਹੀਂ ਹੁੰਦਾ, ਉਸ ਲਈ ਸਾਬਣ ਦੀ ਲੋੜ ਪੈਂਦੀ ਹੈ ਪਰ ਬਿਨਾਂ ਤਰੀ ਵਾਲਾ/ਸੁੱਕੀ ਸਬਜ਼ੀ ਵਾਲੇ ਹੱਥ ਸਾਦੇ ਪਾਣੀ ਨਾਲ ਸਾਫ ਹੋ ਜਾਂਦੇ ਹਨ। ਕਹਿਣ ਦਾ ਭਾਵ ਹੈ ਕਿ ਜੇ ਆਪਾਂ ਮਸਾਲੇਦਾਰ ਤਰੀ ਵਾਲੀ ਸਬਜ਼ੀ ਦੀ ਥਾਂ ਸਾਦੀ ਸਬਜ਼ੀ ਵਰਤੀਏ ਹੈ ਤੇ ਖਾਣੇ ਵਿੱਚ ਸਲਾਦ ਨਿਯਮਤ ਲਈਏ ਤਾਂ ਕਬਜ਼ (ਅੰਤੜੀਆਂ ਵਿੱਚ ਮਲ ਜਮ੍ਹਾਂ ਹੋਣ) ਤੋਂ ਬਚਾ ਹੋ ਸਕਦਾ ਹੈ। ਸਾਡੇ ਵੱਲੋਂ ਗ੍ਰਹਿਣ ਕੀਤੇ ਆਹਾਰ ਦੇ ਪਚਣ ਪਿੱਛੋਂ ਤੇ ਪੌਸ਼ਟਿਕ ਤੱਤਾਂ ਦੇ ਜਜ਼ਬ ਹੋਣ ਤੋਂ ਬਾਅਦ ਜੋ ਬਾਅਦ ਜੋ ਬਾਕੀ ਹਿੱਸਾ ਬਚਦਾ ਹੈ, ਉਹ ਅੰਤੜੀਆਂ ਵੱਲੋਂ ਮਲ ਵਜੋਂ ਬਾਹਰ ਨਿਕਲਦਾ ਹੈ। ਸਾਡੀ ਸਿਹਤ ਵੀ ਅੰਤੜੀਆਂ ਦੀ ਸਫਾਈ ’ਤੇ ਨਿਰਭਰ ਕਰਦੀ ਹੈ। ਅਸੀਂ ਭੋਜਨ ਅਨੇਕਾਂ ਢੰਗਾਂ ਨਾਲ ਗ੍ਰਹਿਣ ਕਰਦੇ ਹਾਂ ਪਰ ਭੋਜਨ ਹਜ਼ਮ ਹੋਣ ਪਿੱਛੋਂ ਬਚੇ ਮਲ ਦਾ ਨਿਕਾਸ ਕਰਨ ਵਿੱਚ ਲਾਪ੍ਰਵਾਹੀ ਕਰਤਦੇ ਹਾਂ। ਇਹੀ ਕਾਰਨ ਹੈ ਕਿ ਕਬਜ਼ ਅੱਜਕਲ ਇੱਕ ਆਮ ਰੋਗ ਬਣ ਗਿਆ ਹੈ। ਮਲ ਤਿਆਗ ਠੀਕ ਢੰਗ ਨਾਲ ਨਾ ਹੋਣ, ਯਾਨੀ ਕਬਜ਼ ਹੋਣ ਦੇ ਸਿੱਧੇ ਤੇ ਅਸਿੱਧੇ, ਦੋਨੋਂ ਤਰ੍ਹਾਂ ਦੇ ਲੱਛਣ ਹੁੰਦੇ ਹਨ।
ਕਬਜ਼ ਦੇ ਆਮ ਲੱਛਣ:
ਮੂੰਹ ਵਿੱਚ ਛਾਲੇ, ਮੂੰਹ ਵਿੱਚੋਂ ਬਦਬੂ ਆਉਣੀ, ਪਸੀਨੇ ਨਾਲ ਬਦਬੂ ਆਉਣੀ, ਜੀਭ ’ਤੇ ਸਫ਼ੈਦ ਮੈਲ ਜੰਮਣੀ, ਵਾਰ ਵਾਰ ਰਾਲ਼ ਆਉਣੀ, ਵਾਰ ਵਾਰ ਪਖਾਨੇ ਜਾਣ ਨਾਲ ਵੀ ਪੇਟ ਸਾਫ ਨਾ ਹੋਣਾ, ਵਾਸ਼ਰੂਮ ਵਿੱਚ ਵੱਧ ਸਮਾਂ ਲੱਗਣਾ, ਪੇਟ ਅਤੇ ਛਾਤੀ ਵਿੱਚ ਜਲਣ, ਖੱਟੇ ਡਕਾਰ, ਸਿਰ ਦਰਦ, ਉਨੀਂਦਰਾ, ਮਲ ਵੱਧ ਗਾੜ੍ਹਾ ਤੇ ਖੁਸ਼ਕ ਹੋਣਾ, ਮਲ ਬਾਹਰ ਕੱਢਣ ਵਿੱਚ ਔਖ ਹੋਣੀ ਆਦਿ ਕਬਜ਼ ਦੇ ਆਮ ਲੱਛਣ ਹੁੰਦੇ ਹਨ। ਕਬਜ਼ ਦੇ ਅਸਿੱਧੇ ਲੱਛਣ ਜਿਵੇਂ ਪਖਾਨੇ ਜਾਣਾ ਪਰ ਟੱਟੀ ਨਾ ਆਉਣੀ, ਮਲ ਦਾ ਵੱਧ ਬਦਬੂਦਾਰ ਹੋਣਾ, ਪਖਾਨੇ ਵਿੱਚ ਅਖ਼ਬਾਰ ਜਾਂ ਮੇਗਜ਼ੀਨ ਪੜ੍ਹਨਾ, ਭੁੱਖ ਘਟਣੀ ਤੇ ਭੋਜਨ ਦਾ ਸੁਆਦ ਨਾ ਆਉਣਾ ਆਦਿ ਹੁੰਦੇ ਹਨ, ਜਿਹਨਾਂ ਵੱਲ ਅਕਸਰ ਧਿਆਨ ਨਹੀਂ ਜਾਂਦਾ।
ਕਬਜ਼ ਦੇ ਮਾੜੇ ਅਸਰ:
ਜਿਹੜਾ ਬੰਦਾ ਲੋੜੋਂ ਵੱਧ ਖਾ ਕੇ ਵੀ ਸਰੀਰਕ ਮਿਹਨਤ ਨਹੀਂ ਕਰਦਾ ਜਾਂ ਖਾਣਾ ਖਾ ਕੇ ਫੌਰਨ ਸੌਂ ਜਾਂਦਾ ਹੈ, ਜਾਂ ਵੱਧ ਤਾਕਤਵਾਰ ਭੋਜਨ ਲੈਂਦਾ ਹੈ ਤੇ ਉਹਦੀਆਂ ਅੰਤੜੀਆਂ ਆਪਣੀ ਸਮਰੱਥਾ ਜਿੰਨਾ ਵੀ ਕੰਮ ਨਹੀਂ ਕਰਦੀਆਂ, ਤਦ ਭੋਜਨ ਦਾ ਪਾਚਣ ਠੀਕ ਢੰਗ ਨਾਲ ਨਾ ਹੋਣ ਕਰਕੇ ਆਂਤ ਵਿੱਚ ਮਲ ਜਮ੍ਹਾਂ ਹੋਣ ਲਗਦਾ ਹੈ। ਜੇ ਬੰਦਾ ਆਹਾਰ ਤੇ ਰੋਜ਼ਮਰ੍ਹਾ ਦੀ ਜ਼ਿੰਦਗੀ ਵਿੱਚ ਹਫੜਾ-ਤਫੜੀ ਰੱਖਦਾ ਹੈ ਤਾਂ ਕਬਜ਼ ਦੇ ਨਾਲ ਤੇਜ਼ਾਬ (ਐਸਡਿਟੀ) ਵੀ ਹੋ ਜਾਂਦੀ ਹੈ। ਕਹਿਣ ਦਾ ਭਾਵ ਕਿ ਗਲਤ ਖਾਣ-ਪੀਣ ਤੇ ਗੜਬੜ ਚੌਥ, ਰੋਜ਼ਮਰ੍ਹਾ ਦੇ ਰੁਝੇਵੇਂ ਕਰਕੇ ਸਾਡੀ ਪਾਚਣ ਪ੍ਰਣਾਲੀ ਵਿਗੜ ਜਾਂਦੀ ਹੈ। ਇਸ ਤਰ੍ਹਾਂ ਨਾਲ ਤਰ੍ਹਾਂ ਤਰ੍ਹਾਂ ਦੇ ਰੋਗ ਪਣਪਣ ਲਗਦੇ ਹਨ, ਜਿਵੇਂ ਬਵਾਸੀਰ, ਭਗੰਦਰ, ਅਪੈਂਡੇਸਾਇਟਸ, ਸ਼ੂਗਰ, ਹਾਈ ਬਲੱਡ ਪ੍ਰੈੱਸ਼ਰ, ਮਾਇਗ੍ਰੇਨ, ਪਾਈਰਿਆ, ਅਨੀਂਦਰਾ, ਖੂਨ ਦੀ ਘਾਟ, ਗੰਠੀਆ, ਹਿਸਟਿਰੀਆਂ ਆਦਿ। ਦੂਸ਼ਿਤ ਮਲ ਤੇ ਕਬਜ਼ੀ ਬਹੁਤੇ ਰੋਗਾਂ ਦੀ ਜੜ੍ਹ ਹੈ। ਜਿੰਨੀ ਸਾਡੀ ਪਾਚਣ ਪ੍ਰਣਾਲੀ ਸਹੀ ਹੋਵੇਗੀ, ਉੰਨਾ ਹੀ ਸਾਡਾ ਸਰੀਰ ਤੰਦਰੁਸਤ ਹੋਵੇਗਾ।
ਛੋਟੀ ਅੰਤੜੀ ਤੋਂ ਤੱਤ ਜਜ਼ਬ ਹੋ ਕੇ ਖੂਨ ਰਾਹੀਂ ਸਾਡੇ ਸਰੀਰ ਵਿੱਚ ਪੁੱਜਦੇ ਹਨ। ਪਰ ਜੇ ਪਾਚਣ ਪ੍ਰਣਾਲੀ ਹੀ ਪੂਰੀ ਸਮਰੱਥਾ ਅਨੁਸਾਰ ਕੰਮ ਨਹੀਂ ਕਰਦੀ ਤਾਂ ਖੂਨ ਵੀ ਦੂਸ਼ਿਤ ਰਹਿੰਦਾ ਹੈ। ਕਬਜ਼ ਦੇ ਮੁੱਖ ਕਾਰਨਾਂ ਵਿੱਚ ਭੋਜਨ ਖਾਣ ਵਿੱਚ ਗੜਬੜ, ਮਲ ਦੇ ਵੇਗ ਨੂੰ ਰੋਕੀ ਰੱਖਣਾ, ਸਰੀਰਕ ਮਿਹਨਤ ਦੀ ਘਾਟ, ਬਿਨਾਂ ਭੁੱਖ ਦੇ ਖਾਧਾ ਭੋਜਨ, ਵੱਧ ਮਿਰਚ ਮਸਾਲੇਦਾਰ ਭੋਜਨ, ਮਾਨਸਿਕ ਤਣਾਅ, ਉਨੀਂਦਰਾ, ਖਾਣੇ ਪਿੱਛੋਂ ਫੌਰਨ ਸੌਣਾ, ਭੋਜਨ ਨੂੰ ਲੋੜੀਂਦੀ ਮਾਤਰਾ ਵੱਧ ਜਾਂ ਘੱਟ ਖਾਣਾ ਤੇ ਅੰਤੜੀਆਂ ਦੀ ਕਮਜ਼ੋਰੀ, ਮੁੱਖ ਕਾਰਨ ਹਨ। ਆਹਾਰ ਵਿੱਚ ਫਲ, ਸਬਜ਼ੀ, ਸਲਾਦ ਸ਼ਾਮਲ ਨਾ ਕਰਨ ਅਤੇ ਵੱਧ ਗ੍ਰੇਵੀ ਵਾਲੀ ਸਬਜ਼ੀ, ਪੇਸਟਰੀ, ਡਬਲ ਰੋਟੀ, ਕੇਕ, ਪੀਜ਼ਾ, ਸਾਫਟ ਡਰਿੰਕਸ, ਬਰਗਰ, ਮੈਗੀ, ਅਚਾਰ, ਆਈਸ ਕਰੀਮ ਤੇ ਫ਼ਰੀਜ਼ ਕੀਤੇ ਪਦਾਰਥ, ਬੇਹੇ ਭੋਜਨ ਖਾਣਾ ਵੀ ਕਬਜ਼ ਹੋਣ ਦੇ ਕਾਰਨ ਬਣਦੇ ਹਨ। ਅਕਸਰ ਲੋਕ ਬਿਨਾਂ ਭੁੱਖ ਦੇ ਖਾਈ ਜਾਂਦੇ ਹਨ। ਨਮਕੀਨ, ਮਿਰਚ, ਪਾਪੜ, ਚਟਣੀ ਆਦਿ ਸਮੱਗਰੀ ਭੋਜਨ ਦੇ ਨਾਲ ਲੈ ਕੇ ਭੁੱਖ ਜਾਗਦੀ ਹੈ ਤੇ ਵਿਅਕਤੀ ਇਸ ਬਹਾਨੇ ਵੱਧ ਖਾ ਜਾਂਦਾ ਹੈ। ਹੁਣ ਜੇ ਭੁੱਖ ਹੋਣ ’ਤੇ ਪਾਚਕ ਰਸ ਨਾ ਬਣੇ ਹੋਣ ਅਤੇ ਜੇ ਭੋਜਨ ਪਾਚਣ ਪ੍ਰਣਾਲੀ ਵਿੱਚ ਵੱਧ ਪਹੁੰਚੇਗਾ ਤਾਂ ਪਾਚਣ ਠੀਕ ਢੰਗ ਨਾਲ ਕਿਵੇਂ ਹੋਵੇਗਾ? ਜੇ ਇਹੀ ਕੁਝ ਚੱਲੀ ਜਾਵੇ ਤਾਂ ਭਵਿੱਖ ਵਿੱਚ ਕਬਜ਼ ਹੋਵੇਗੀ ਹੀ।
ਕਈ ਲੋਕਾਂ ਨੂੰ ਤਾਂ ਇਹ ਵੀ ਪਤਾ ਨਹੀਂ ਹੁੰਦਾ ਕਿ ਅਸਲ ਵਿੱਚ ਭੁੱਖ ਹੁੰਦੀ ਕੀ ਹੈ? ਇਸ ਲਈ ਕਿਹਾ ਗਿਆ ਹੈ ਕਿ ਭੁੱਖ ਬਿਨਾਂ ਖਾਧਾ ਭੋਜਨ ਜ਼ਹਿਰ ਹੈ ਪਰ ਇਹ ਗਲਤੀ ਅਸੀਂ ਇੱਕ ਵਾਰ ਨਹੀਂ, ਵਾਰ ਵਾਰ ਕਰਦੇ ਹਾਂ। ਅਜਿਹਾ ਤਾਂ ਪਸ਼ੂ ਪੰਛੀਆਂ ਵਿੱਚ ਵੀ ਨਹੀਂ ਹੁੰਦਾ। ਉਹ ਤਾਂ ਬਿਨਾਂ ਭੁੱਖ ਦੇ ਖਾਂਦੇ ਹੀ ਨਹੀਂ। ਸੋਚੋ ਜ਼ਰਾ, ਜੇ ਹਵਨ ਕੁੰਡ ਵਿੱਚ ਅੱਗ ਹੀ ਨਹੀਂ ਜਲ ਰਹੀ ਤਾਂ ਜਲਨਸ਼ੀਲ ਪਦਾਰਥ ਜਿਵੇਂ ਘਿਓ, ਤੇਲ, ਕਪੂਰ ਆਦਿ ਜਲ ਕਿਵੇਂ ਸਕਦੇ ਹਨ? ਇਸ ਤਰ੍ਹਾਂ ਜੇ ਅੱਗ ਤੇਜ਼ ਹੈ ਤਾਂ ਲੱਕੜੀ ਵੀ ਜਲ ਕੇ ਰਾਖ ਹੋ ਜਾਂਦੀ ਹੈ। ਪਾਚਕ ਰਸਾਂ ਦੀ ਤੁਲਨਾ ਹਵਨਕੁੰਡ ਦੀ ਅੱਗ ਨਾਲ ਕੀਤੀ ਜਾ ਸਕਦੀ ਹੈ। ਪਾਚਕ ਰਸ ਦਾ ਜ਼ਰੂਰੀ ਮਾਤਰਾ ਵਿੱਚ ਬਣਨਾ ਲਾਜ਼ਮੀ ਹੈ। ਭੋਜਨ ਨੂੰ ਬੇਵਕਤ ਖਾਣਾ, ਅਸੰਤੁਲਿਤ ਤੌਰ ’ਤੇ ਖਾਣਾ, ਵਾਰ ਵਾਰ ਤੇ ਵੱਧ ਮਾਤਰਾ ਵਿੱਚ ਖਾਣਾ, ਆਦਿ ਕਾਰਨਾਂ ਕਰਕੇ ਪਾਚਣ ਪ੍ਰਣਾਲੀ ਪ੍ਰਭਾਵਤ ਹੁੰਦੀ ਹੈ ਤੇ ਕਦੇ ਨਾ ਕਦੇ ਬੰਦਾ ਕਬਜ਼ ਦਾ ਸ਼ਿਕਾਰ ਹੋ ਹੀ ਜਾਂਦਾ ਹੈ।
ਭੋਜਨ ਵਿੱਚ ਵੱਧ ਮਿਰਚ ਮਸਾਲੇ ਤੇ ਚਰਬੀ (ਤੇਲ ਤੇ ਘਿਓ) ਅੰਤੜੀ ਦੀ ਅੰਦਰੂਨੀ ਪਰਤ ਨੂੰ ਨੁਕਸਾਨ ਪਹੁੰਚਾਉਂਦੇ ਹਨ। ਸਾਡਾ ਖਾਣਾ ਤਾਂ ਉਹ ਹੈ ਕਿ ਜੋ ਸਾਡੇ ਪੁਰਖੇ ਖਾਂਦੇ ਸਨ, ਪਰ ਅਸੀਂ ਸਰੀਰਕ ਮਹਿਨਤ ਕਰਦੇ ਨਹੀਂ। ਮਸ਼ੀਨਾਂ, ਮੋਟਰ ਕਾਰਾਂ ਨੌਕਰ-ਚਾਕਰ ਆਦਿ ਨੇ ਸਾਡੇ ਕੰਮਕਾਰ ਨੂੰ ਕਸਰਤ ਰਹਿਤ ਬਣਾ ਦਿੱਤਾ ਹੈ। ਬਿਨਾਂ ਸਰੀਰਕ ਕਸਰਤ ਦੇ ਭੋਜਨ ਠੀਕਠਾਕ ਹਜ਼ਮ ਨਹੀਂ ਹੁੰਦਾ। ਕਬਜ਼ ਠੀਕ ਕਰਨ ਵਾਲੀਆਂ ਦਵਾਈਆਂ ਫੌਰੀ ਰਾਹਤ ਦਿੰਦੀਆਂ ਹਨ ਪਰ ਕਬਜ਼ ਪੱਕੀ ਤਰ੍ਹਾਂ ਠੀਕ ਨਹੀਂ ਕਰਦੀਆਂ। ਤੰਬਾਕੂ, ਸਿਗਰਟ, ਸ਼ਰਾਬ ਹੀ ਨਹੀਂ ਬਲਕਿ ਚਾਹ ਕੌਫੀ ਵਗੈਰਾ ਵੀ ਜ਼ਿਆਦਾ ਮਾਤਰਾ ਵਿੱਚ ਵਰਤਣ ਨਾਲ ਪਾਚਣ ਪ੍ਰਣਾਲੀ ’ਤੇ ਮਾੜਾ ਅਸਰ ਪੈਂਦਾ ਹੈ। ਇਹਨਾਂ ਦੀ ਲਗਾਤਾਰ ਵਰਤੋਂ ਕਰਨ ਨਾਲ ਪਾਚਣ ਪ੍ਰਣਾਲੀ ਕਮਜ਼ੋਰ ਹੋ ਜਾਂਦੀ ਹੈ ਤੇ ਕਬਜ਼ ਪੈਦਾ ਹੁੰਦੀ ਹੈ। ਪੇਟ ਅੰਦਰ ਤੇਜ਼ਾਬੀ ਮਾਦਾ ਵਧਦਾ ਹੈ ਤੇ ਪਾਚਕ ਰਸਾਂ ਦੀ ਪੈਦਾਵਾਰ ਵਿੱਚ ਕਮੀ ਆਉਂਦੀ ਹੈ, ਬੰਦਾ ਕਬਜ਼ ਦਾ ਪੱਕਾ ਮਰੀਜ਼ ਬਣ ਜਾਂਦਾ ਹੈ। ਸਿਗਰਟਨੋਸ਼ੀ ਵਾਲਿਆਂ ਦੀ ਦਲੀਲ ਹੁੰਦੀ ਹੈ ਇਸ ਨਾਲ ਟੱਟੀ ਖੁੱਲ੍ਹਕੇ ਆਉਂਦੀ ਹੈ, ਜਦੋਂ ਕਿ ਸਚਾਈ ਤਾਂ ਇਹ ਹੈ ਕਿ ਸ਼ੁਰੂ ਸ਼ੁਰੂ ਵਿੱਚ ਇਸ ਨਾਲ ਆਰਾਮ ਮਿਲਦਾ ਹੈ, ਪਰ ਪਿੱਛੋਂ ਸਿਗਰਟਨੋਸ਼ੀ ਅੰਤੜੀਆਂ ਨੂੰ ਸੁਸਤ ਕਰਕੇ ਕਬਜ਼ ਕਰ ਦਿੰਦੀ ਹੈ। ਮਾਨਸਿਕ ਤਣਾਅ, ਚਿੰਤਾ, ਕ੍ਰੋਧ, ਵੱਧ ਕਾਰੋਬਾਰੀ ਰੁਝੇਵੇਂ, ਵੱਧ ਲਾਲਚ ਤੇ ਜ਼ਿਆਦਾ ਮਾਨਸਿਕ ਵਿਗਾੜ ਮਨੁੱਖ ਦੀ ਸਿਹਤ ਦੇ ਨਾਲ ਨਾਲ ਪਾਚਣ ਪ੍ਰਣਾਲੀ ’ਤੇ ਵੀ ਮਾੜਾ ਅਸਰ ਪਾਉਂਦੇ ਹਨ। ਮਿਸਾਲ ਵਜੋਂ ਭੈਅ ਹੋਣ ਦੀ ਹਾਲਤ ਵਿੱਚ ਪਾਚਕ ਰਸ ਬਣਨੇ ਬੰਦ ਹੋ ਜਾਂਦੇ ਹਨ ਤੇ ਭੁੱਖ ਵੀ ਲੱਗਣੀ ਬੰਦ ਹੋ ਜਾਂਦੀ ਹੈ। ਭੋਜਨ ਵੀ ਠੀਕ ਢੰਗ ਨਾਲ ਨਹੀਂ ਪਚਦਾ ਤੇ ਕਬਜ਼ ਹੋ ਜਾਂਦੀ ਹੈ।
ਸਰੀਰ ਨੂੰ ਤੰਦਰੁਸਤ ਰੱਖਣ ਲਈ ਆਹਾਰ ਵਿਹਾਰ, ਵਿਚਾਰ, ਆਰਾਮ ਅਤੇ ਕਸਰਤ, ਇਹਨਾਂ ਸਾਰਿਆਂ ਵਿੱਚ ਸਹੀ ਤਵਾਜ਼ਨ ਹੋਣਾ ਜ਼ਰੂਰੀ ਹੁੰਦਾ ਹੈ। ਲੋੜੀਂਦੀ ਨੀਂਦ ਨਾ ਆਉਣ ਕਰਕੇ ਸਰੀਰ ਨੂੰ ਪੂਰਾ ਆਰਾਮ ਨਹੀਂ ਮਿਲਦਾ ਜਿਸ ਵਿੱਚ ਪਾਚਣ ਪ੍ਰਣਾਲੀ ਵੀ ਸ਼ਾਮਲ ਹੈ। 6-7 ਘੰਟੇ ਦੀ ਨੀਂਦ ਜ਼ਰੂਰੀ ਹੁੰਦੀ ਹੈ। ਇਸਦੇ ਲਈ ਰਾਤ ਨੂੰ ਬਹੁਤ ਦੇਰ ਟੀਵੀ, ਮੋਬਾਇਲ ਜਾਂ ਕੰਪਿਊਟਰ ’ਤੇ ਸਮਾਂ ਖਰਾਬ ਕਰਨਾ ਠੀਕ ਨਹੀਂ ਹੁੰਦਾ। ਇਸ ਨਾਲ ਸਰੀਰ ਅੰਦਰਲਾ ਪਾਣੀ ਅੰਤੜੀਆਂ ਸੋਖਦੀਆਂ ਰਹਿੰਦੀਆਂ ਹਨ ਤੇ ਕਬਜ਼ ਹੋ ਜਾਂਦੀ ਹੈ। ਜੇ ਖਾਣਾ ਖਾ ਕੇ ਤੁਰੰਤ ਸੌਂ ਜਾਓ ਤਾਂ ਵੀ ਕਬਜ਼ ਹੋਣ ਦੀ ਸੰਭਾਵਨਾ ਰਹਿੰਦੀ ਹੈ। ਸਰੀਰ ’ਤੇ ਮੋਟਾਪਾ ਆ ਜਾਂਦਾ ਹੈ। ਜੇ ਦਿਨੇ ਵੀ ਸੌਣਾ ਪਵੇ ਤਾਂ ਵੱਧ ਪੌਸ਼ਟਿਕ ਤੇ ਚਿਕਨਾਈ ਵਾਲਾ ਭੋਜਨ ਨਾ ਖਾਓ। ਪ੍ਰੋਟੀਨ ਭਰਪੂਰ ਭੋਜਨ ਵੀ ਠੀਕ ਮਾਤਰਾ ਵਿੱਚ ਹੀ ਕਰਨਾ ਚਾਹੀਦਾ ਹੈ। ਭਾਰੀ ਖਾਣਾ ਖਾ ਕੇ ਫੌਰਨ ਸੌਂ ਜਾਣ ਨਾਲ ਵੀ ਬੰਦਾ ਕਬਜ਼ ਦਾ ਸ਼ਿਕਾਰ ਹੋ ਜਾਂਦਾ ਹੈ। ਕਈ ਬੰਦੇ ਪਖਾਨੇ ਜਾਣ ਨੂੰ ਹੀ ਆਲਸ ਕਰਕੇ ਟਾਲਦੇ ਰਹਿੰਦੇ ਹਨ ਤੇ ਪਿੱਛੋਂ ਜਦੋਂ ਜਾਂਦੇ ਹਨ ਤਾਂ ਪੇਟ ਖਾਲੀ ਨਹੀਂ ਹੁੰਦਾ ਤੇ ਬੰਦਾ ਕਬਜ਼ ਦਾ ਸ਼ਿਕਾਰ ਹੋ ਜਾਂਦਾ ਹੈ। ਜੇ ਪਖਾਨਾ ਜਾਣ ਵਾਲੀ ਥਾਂ ਸਾਫ ਸੁਥਰੀ ਨਾ ਹੋਵੇ ਤਾਂ ਬੰਦਾ ਉੱਥੇ ਟੱਟੀ ਕਰਨ ਤੋਂ ਗੁਰੇਜ਼ ਕਰਨ ਲੱਗ ਜਾਂਦਾ ਹੈ ਤੇ ਕਬਜ਼ ਹੋ ਜਾਂਦੀ ਹੈ।
ਕਬਜ਼ ਤੋਂ ਮੁਕਤੀ ਕਿਵੇਂ?
ਉਪਰੋਕਿਤ ਤੱਥਾਂ ਅਨੁਸਾਰ ਜੀਵਨ ਸ਼ੈਲੀ ਚ ਤਬਦੀਲੀ ਕਰਕੇ ਕਬਜ਼ ਤੋਂ ਨਾ ਸਿਰਫ ਬਚਿਆ ਜਾ ਸਕਦਾ ਹੈ ਬਲਕਿ ਮੁਕਤੀ ਵੀ ਮਿਲ ਸਕਦੀ ਹੈ। ਜੀਵਨ ਵਿੱਚ ਲੋੜੀਂਦੀ ਮਿਹਨਤ ਤੇ ਸਰਗਰਮੀ ਕਰਕੇ ਹੀ ਭੋਜਨ ਪਚਾਇਆ ਜਾ ਸਕਦਾ ਹੈ। ਕਬਜ਼ ਨਿਰੋਧਕ ਦਵਾਈਆਂ ਵਕਤੀ ਰਾਹਤ ਦਿੰਦੀਆਂ ਹਨ ਪਰ ਪਿੱਛੋਂ ਬੰਦਾ ਇਹਨਾਂ ਦਾ ਆਦੀ ਹੋ ਸਕਦਾ ਹੈ। ਆਪਣੇ ਕੰਮ ਖੁਦ ਕਰੋ ਤੇ ਪੈਦਲ ਚਲ ਕੇ ਆਓ ਜਾਓ। ਜਦੋਂ ਤੁਸੀਂ ਛੁੱਟੀਆਂ ਮਨਾ ਰਹੇ ਹੋਵੋ ਤਾਂ ਬਹੁਤਾ ਤਾਕਤਵਰ ਭੋਜਨ ਨਾ ਖਾਓ, ਸਿਰਫ ਸਬਜ਼ੀਆਂ ਦਾ ਸੂਪ, ਲੱਸੀ, ਨਿੰਬੂ-ਪਾਣੀ ਤੇ ਪੁੰਗਰੇ ਅਨਾਜ ਹੀ ਕਾਫੀ ਹਨ, ਫਿਰ ਕਬਜ਼ ਨਹੀਂ ਹੁੰਦੀ। ਨਾਸ਼ਤਾ ਬੱਚਿਆਂ ਵਾਂਗੂੰ, ਦੁਪਹਿਰ ਦਾ ਖਾਣਾ ਘੱਟ ਅਮੀਰਾਂ ਵਾਲਾ ਤੇ ਸ਼ਾਮ ਦਾ ਗਰੀਬ ਬਜ਼ੁਰਗਾਂ ਵਾਂਗੂੰ ਖਾਓ। ਮੋਟੇ ਤੇ ਤੰਤੂ (ਰੇਸ਼ਾ - Fiber) ਯੁਕਤ ਅਨਾਜ ਤੋਂ ਬਣੀ ਰੋਟੀ ਹੀ ਖਾਓ। ਭੋਜਨ ਵਿੱਚ ਰੇਸ਼ਾ ਵੱਧ ਹੋਵੇ। ਪਾਣੀ ਵੱਧ ਤੋਂ ਵੱਧ ਪੀਓ। ਰੇਸ਼ੇਦਾਰ ਸਬਜ਼ੀ ਤੇ ਦਲ ਨਾਲ ਪਾਣੀ ਦੀ ਲੋੜ ਘੱਟ ਹੁੰਦੀ ਹੈ। ਨਿਯਮਤ ਕਸਰਤ ਕਰੋ। ਭੋਜਨ ਖਾ ਕੇ ਤੁਰੰਤ ਹੀ ਘੁੰਮਣ ਨਾ ਜਾਓ। ਜਿੰਨੀ ਵਾਰੀ ਖਾਓ, ਉਸ ਹਿਸਾਬ ਨਾਲ ਪਖਾਨਾ ਵੀ ਵੱਧ ਵਾਰ ਜਾਣਾ ਪੈ ਸਕਦਾ ਹੈ। ਭੋਜਨ ਨੂੰ ਖੂਬ ਚਿੱਥ ਕੇ ਖਾਓ। ਸ਼ਾਤ ਚਿੱਤ ਹੋ ਕੇ ਹੀ ਭੋਜਨ ਕਰੋ। ਕਬਜ਼ ਤੋੜਨ ਲਈ ਇਸਬਗੋਲ਼ ਦੀ ਵਰਤੋਂ ਕੀਤੀ ਜਾ ਸਕਦੀ ਹੈ। ਹਰੜ ਵੀ ਕਬਜ਼ ਦੂਰ ਕਰਦੀ ਹੈ। ਔਲਾ ਜਰੂਰ ਖਾਓ। ਰਾਤ ਨੂੰ ਦਲੀਆ ਜਾਂ ਖਿਚੜੀ ਖਾਓ।
* * * * *
ਨੋਟ: ਹਰ ਲੇਖਕ ਸਰੋਕਾਰ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲ ਕੇ ਰੱਖੇ।
(5511)
ਰਚਨਾਵਾਂ ਸਬੰਧੀ ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)