KCSharmaPro7ਮੋਗੇ ਦੇ ਇੱਕ ਮੈਡੀਕਲ ਸਟੋਰ ਤੋਂ ਕੋਈ ਡਾਕਟਰ ਇਹ ਟੀਕੇ ਖਰੀਦ ਰਿਹਾ ਸੀਬਾਅਦ ਵਿਚ ...
(4 ਦਸੰਬਰ 2024)

 

ਉਸ ਦਿਨ ਬਠਿੰਡੇ ਤੋਂ ਇਕ ਦਫਤਰੋਂ ਦੇਰ ਨਾਲ ਫਾਰਗ ਹੋਇਆ। ਚੱਲਣ ਲੱਗੇ ਕੁਝ ਦੁਚਿੱਤੀ ਹੋ ਗਈ ਕਿ ਆਪਣੇ ਘਰ ਪਹੁੰਚਾਂ ਜਾਂ ਰਾਹ ਵਿਚ ਬੇਬੇ ਕੋਲ ਰਾਤ ਬਿਤਾਵਾਂ। ਬਾਜਾਖਾਨਾ ਤੱਕ ਪਹੁੰਚਦੇ ਬੇਬੇ ਕੋਲ ਰੁਕਣ ਦਾ ਫੈਸਲਾ ਕਰ ਲਿਆ ਅਤੇ ਬਰਗਾੜੀ ਅੰਦਰ ਵੜਨ ਤੋਂ ਪਹਿਲਾਂ ਹੀ ਮੋਟਰਸਾਈਕਲ ਖੱਬੇ ਹੱਥ ਫਿਰਨੀ ’ਤੇ ਉਤਾਰ ਲਿਆ।

ਮੇਰੇ ਪਿੰਡ ਦੀ ਸੜਕ ਸਾਹੋਕੇ ਵਿੱਚੋਂ ਲੰਘਦੀ ਸੀ। ਖੱਬੇ ਹੱਥ ਫਿਰਨੀ ਚੜ੍ਹਨ ਤੋਂ ਬਾਅਦ ਜਿਉਂ ਹੀ ਮੋੜ ਆਇਆ, ਅੱਗੇ ਗਾਈਆਂ ਦਾ ਵੱਗ ਘਰਾਂ ਵੱਲ ਪਰਤਦਾ ਦਿਸਿਆ। ਹਲਕੀ-ਹਲਕੀ ਉੱਡਦੀ ਧੂੜ ਵਿਚ ‘ਮਾਂ ਬਾਂਅ …’ ਰੰਭਦੇ ਵੱਛੇ, ਢੁੱਡੋ-ਢੁੱਡੀ ਹੁੰਦੀਆਂ ਵਹਿੜਾਂ, ਬੜ੍ਹਕਾਂ ਮਾਰਦੇ ਢੱਟਿਆਂ ਦੀ ਸਫੇਦ ਧਾਰਾ ਵਹਿ ਰਹੀ ਸੀ। ਉਂਝ ਵੀ ਛੋਟੀ ਜਿਹੀ ਦੁਰਘਟਨਾ ਤੋਂ ਬਾਅਦ ਪਿੰਡਾਂ ਵਿਚ ਮੈਂ ਮੋਟਰਸਾਈਕਲ ਹੌਲੀ ਤੇ ਧਿਆਨ ਨਾਲ ਚਲਾਉਂਦਾ ਸੀ ਮੈਨੂੰ ਸਮਝ ਸੀ ਕਿ ਭੂਤਰਿਆ ਗੋਕਾ ਬਹੁਤ ਖ਼ਤਰਨਾਕ ਹੁੰਦਾ ਹੈ। ਇਸ ਲਈ ਮੈਂ ਮੋਟਰਸਾਈਕਲ ਤੋਂ ਉੱਤਰ ਕੇ ਖੱਬੇ ਹੱਥ ਬਣੀਆਂ ਦੁਕਾਨਾਂ ਦੇ ਨਾਲ-ਨਾਲ ਮੋਟਰਸਾਈਕਲ ਘੜੀਸ ਕੇ ਚੱਲਣਾ ਸ਼ੁਰੂ ਕਰ ਦਿੱਤਾ।

ਮੁਸ਼ਕਿਲ ਨਾਲ ਦਸ ਪੰਦਰਾਂ ਗਜ਼ ਹੀ ਗਿਆ ਹੋਵਾਂਗਾ ਕਿ ਪਿੱਛੋਂ “ਪੰਡਤਾ! ਪੰਡਤਾ!! ...” ਦੀਆਂ ਆਵਾਜ਼ਾਂ ਸੁਣਾਈ ਦਿੱਤੀਆਂ। ਪਿੱਛੇ ਮੁੜ ਕੇ ਦੇਖਿਆ, ਉੱਚਾ ਲੰਮਾ, ਚਿੱਟੇ ਕੱਪੜੇ, ਤੰਬੇ ਵਾਲਾ ਆਦਮੀ ਹੱਥ ਦੇ ਇਸ਼ਾਰੇ ਨਾਲ ਰੁਕਣ ਲਈ ਕਹਿ ਰਿਹਾ ਸੀ। ਮੇਰੇ ਸੋਚਦੇ ਕਰਦੇ ਉਹ ਮੇਰੇ ਕੋਲ ਪਹੁੰਚ ਗਿਆ। ਬਿਨਾਂ ਕਿਸੇ ਤਕੱਲਫ਼ ਤੋਂ ਮੋਟਰਸਾਈਕਲ ਮੇਰੇ ਹੱਥੋਂ ਫੜ ਕੇ ਇਕ ਪਾਸੇ ਖੜ੍ਹਾ ਕਰ ਕੇ ਜਿੰਦਾ ਲਾ ਦਿੱਤਾ ’ਤੇ ਕਹਿਣ ਲੱਗਾ, “ਸ਼ਰਮਾ, ਤੂੰ ਮੈਨੂੰ ਪਛਾਣਿਆ ਨੀ?”

ਮੇਰੀ ਉਲਝਣ ਨੂੰ ਤੱਕਦੇ ਹੋਏ ਕਹਿਣਾ ਲੱਗਾ, ਮੈਂ ਛੇਵੀਂ ਦਾ ਤੇਰਾ ਜਮਾਤੀ ਹਰਦੇਵ। ਮਾਸਟਰ ਕਿਹਰ ਸਿੰਘ ਨੇ ਮੇਰੀ ਮੌਲਵੀ ਕਹਿ ਕੇ ਛੇੜ ਪਾਈ ਹੋਈ ਸੀ।”

ਮੈਨੂੰ ਇਕਦਮ ਉਸ ਵਿੱਚੋਂ ਛੇਵੀਂ ਵਾਲਾ ਦੇਬੂ ਨਜ਼ਰ ਆ ਗਿਆ ਅਤੇ ਮੈਂ ਕਿਹਾ, “ਉਏ ਮੌਲਵੀ ... ਤੂੰ!” ਨਿੱਘੀ ਜਿਹੀ ਗਲਵੱਕੜੀ ਰਾਹੀਂ ਖੁਸ਼ੀ ਅਤੇ ਹੈਰਾਨੀ ਦੇ ਭਾਵ ਪ੍ਰਗਟ ਹੋ ਗਏ। ਗੱਲਾਂ ਕਰਦੇ-ਕਰਦੇ ਅਸੀਂ ਵਾਪਸ ਉਸ ਦੀ ਦੁਕਾਨ (ਹਸਪਤਾਲ) ਪਹੁੰਚ ਗਏ।

ਉਹਨੇ ਦੱਸਿਆ ਕਿ ਉਹਨੂੰ ਬਚਪਨ ਤੋਂ ਹੀ ਡਾਕਟਰ ਬਣਨ ਦਾ ਬਹੁਤ ਸ਼ੌਕ ਸੀ। ਮਾਸਟਰ ਜੀ ਦੀ ਕੁੱਟ ਤੋਂ ਡਰ ਦੇ ਮਾਰੇ ਪੜ੍ਹਾਈ ਉਹਨੇ ਸੱਤਵੀਂ ਵਿਚ ਹੀ ਛੱਡ ਦਿੱਤੀ ਸੀ। ਕੋਟਕਪੂਰੇ ਤੋਂ ਕਿਸੇ ਡਾਕਟਰ ਨਾਲ ਕੰਮ ਕਰ ਕੇ ਡਾਕਟਰੀ ਸਿੱਖੀ ਅਤੇ ਹਸਪਤਾਲ ਖੋਲ੍ਹ ਲਿਆ।

ਮੈਂ ਪੁੱਛਿਆ, ਡਾਕਟਰੀ ਪੇਸ਼ੇ ਦੀ ਯੋਗਤਾ ਦਾ ਸਰਟੀਫਿਕੇਟ ਅਤੇ ਪ੍ਰੈਕਟਿਸ ਕਰਨ ਦਾ ਲਸੰਸ?”

ਪੜ੍ਹੇ-ਲਿਖੇ ਆਦਮੀ ਨੂੰ ਜਵਾਬ ਦੇਣ ਦੀ ਚੇਤਨਤਾ ਅੰਦਰ ਖਿਸਿਆਨੀ ਜਿਹਾ ਹਾਸਾ ਹੱਸਦੇ ਹੋਏ ਹਰਦੇਵ ਬੋਲਿਆ, ਪਿੰਡਾਂ ਵਿਚ ਇਨ੍ਹਾਂ ਦੀ ਲੋੜ ਨਹੀਂ। ਮੋਏ ਪੁੱਛਦੇ ਆ?”

ਕੰਮਕਾਜ ਬਾਰੇ ਪੁੱਛਣ ’ਤੇ ਉਹ ਬੋਲਿਆ, ਰੱਤਾ ਗਾਉਂਦੇ ਹਾਂ।”

ਕੁਰਸੀ ’ਤੇ ਬੈਠਣ ਤੋਂ ਬਾਅਦ ਮੈਂ ਉਸ ਦੇ ਹਸਪਤਾਲ (ਵੱਡੀ ਦੁਕਾਨ) ’ਤੇ ਝਾਤ ਮਾਰੀ। ਸਾਹਮਣੇ ਵਾਲੇ ਮੇਜ਼ ਉੱਤੇ ਗੁਰਮੁਖੀ ਵਿਚ ਲਿਖਿਆ ਮਾਟੋ ਦਿਸਿਆ: “ਮੈਂ ਤਾਂ ਦਵਾ ਦਾਰੂ ਕਰਦਾ ਹਾਂ: ਬਿਮਾਰੀ ਸਤਿਗੁਰ ਦੂਰ ਕਰਦੇ ਹਨ।”

ਹਰਦੇਵ ਇਕ ਮਿੰਟ ਲਈ ਪਿਛਲੇ ਦਰਵਾਜ਼ੇ ਰਾਹੀਂ ਅੰਦਰ ਗਿਆ ਤੇ ਵਾਪਸ ਆ ਗਿਆ। ਮੈਂ ਨੋਟ ਕੀਤਾ ਕਿ ਲੱਕੜ ਦੀਆਂ ਅਲਮਾਰੀਆਂ ਵਿਚ ਪਏ ਡੱਬਿਆਂ, ਦਵਾਈਆਂ ਅਤੇ ਸੂਇਆਂ (ਟੀਕਿਆਂ) ਉੱਤੇ ਲੇਬਲ ਲੱਗੇ ਹੋਏ ਸਨ। ਇਕ ਨੁੱਕਰ ਵਿਚ ਸਟੂਲ ’ਤੇ ਸਰਿੰਜ ਉਬਾਲਣ ਲਈ ਸਟੋਵ ਅਤੇ ਪਤੀਲਾ ਪਏ ਸਨ। ਆਮ ਮਿਲਣ ਵਾਲੀ ਸਪਿਰਟ ਦੀ ਬੂਅ ਵੀ ਆ ਰਹੀ ਸੀ।

ਅੱਗੇ ਚੱਲ ਕੇ ਹਰਦੇਵ ਨੇ ਕਿਹਾ, “ਹਾਂ ਸ਼ਰਮਾ, ਹੁਣ ਤੂੰ ਦੱਸ। ਸੁਣਿਐ … ਕਾਫੀ ਪੜ੍ਹ ਕੇ ਕਿਤੇ ਉੱਚੇ ਕੰਮ ’ਤੇ ਲੱਗਿਆ ਏਂ।”

ਜਵਾਬ ਦੇਣ ਸਮੇਂ ਮੇਰੇ ਮਨ ਵਿਚ ਇੱਕ ਸੱਚੀ ਘਟਨਾ ਘੁੰਮ ਗਈ। ਇਕ ਵਾਰ ਮੇਰੇ ਪਿੰਡ ਦੇ ਇਕ ਸੱਜਣ ਨੇ ਪੁੱਛਿਆ ਕਿ ਮੈਂ ਸੋਲਾਂ ਜਮਾਤਾਂ ਪੜ੍ਹ ਕੇ ਕਿੱਥੇ ਅਫਸਰ ਲੱਗਾ ਹਾਂ? ਮੈਂ ਚੌੜਾ ਹੋ ਕੇ ਕਿਹਾ ਕਿ ਵੱਡੇ ਕਾਲਜ ਵਿਚ ਪ੍ਰੋਫੈਸਰ ਹਾਂ। ਉਸ ਨੇ ਪੁੱਛਿਆ, “ਪੰਡਿਤ ਜੀ, ਉਹ ਕੀ ਹੁੰਦਾ ਹੈ ਅਤੇ ਕੰਮ ਕੀ ਕਰਦੇ ਹੋ?”

ਮੈਂ ਦੱਸਿਆ ਕਿ ਵੱਡੀਆਂ ਜਮਾਤਾਂ ਤੇਰ੍ਹਵੀਂ-ਚੌਧਵੀਂ ਨੂੰ ਪੜ੍ਹਾਉਂਦਾ ਹਾਂ।

ਅੱਛਾ ਅੱਛਾ! (ਤੁਰੰਤ ‘ਤੁਸੀਂ’ ਤੋਂ ‘ਤੂੰ’ ’ਤੇ ਆਉਂਦੇ ਹੋਏ) … ਤਾਂ ਤੂੰ ਵੱਡਾ ਮਾਸਟਰ ਹੈਂ ਫਿਰ। ਤੈਨੂੰ ਮੋਹਤਮ (ਐਕਸਈਨ ਸਿੰਜਾਈ) ਲੱਗਣਾ ਚਾਹੀਦਾ ਸੀ। ਪਿੰਡ ਦੇ ਮੋਘੇ ਵੱਡੇ ਕਰਵਾ ਲੈਂਦੇ।” ਹਰਦੇਵ ਨੂੰ ਮੈਂ ਹੱਸਦੇ ਹੋਏ ਕਿਹਾ, “ਦੇਬੂ, ਮੈਂ ਵੱਡਾ ਮਾਸਟਰ ਲੱਗਿਆ ਹਾਂ।”

ਇੰਨੇ ਨੂੰ ਸੁੰਦਰ, ਲੰਮੀ, ਸਿਰ ਢਕੀ ਔਰਤ ਟਰੇਅ ਵਿਚ ਦੁੱਧ ਦੇ ਦੋ ਗਲਾਸ ਲੈ ਕੇ ਆ ਗਈ। ਦੇਬੂ ਨੇ ਮੇਰੇ ਬਾਰੇ ਆਪਣੀ ਪਤਨੀ ਨੂੰ ਦੱਸਿਆ। ਭਰਜਾਈ ਬਾਰੇ ਦੱਸਿਆ ਕਿ ਉਹ ਨਾਲ ਦੇ ਪਿੰਡ ਸਰਕਾਰੀ ਸਕੂਲ ਵਿਚ ਜੇਬੀਟੀ ਅਧਿਆਪਕ ਹੈ। ਇਕ ਲੜਕਾ ਹੈ।

ਤੋਕੜ ਮਹਿੰ ਦਾ ਗਾੜ੍ਹਾ-ਗਾੜ੍ਹਾ ਦੁੱਧ ਪੀਂਦਿਆਂ ਮੇਰੀ ਨਜ਼ਰ ਇਕ ਵਾਰ ਫਿਰ ਦਵਾਈਆਂ ਦੇ ਡੱਬਿਆਂ ’ਤੇ ਦੌੜਨ ਲੱਗ ਪਈ। ਇਕ ਲੇਬਲ ’ਤੇ ਲਿਖਿਆ ਸੀ: ‘ਸੱਪ ਲੜੇ ਤੋਂ, ਨਾੜ ਵਿਚ’। ਇਹ ਟੀਕਾ ਸੀ। ਮੇਰੇ ਪੁੱਛਣ ’ਤੇ ਦੇਬੂ ਨੇ ਦੱਸਿਆ, “ਮੋਗੇ ਦੇ ਇੱਕ ਮੈਡੀਕਲ ਸਟੋਰ ਤੋਂ ਕੋਈ ਡਾਕਟਰ ਇਹ ਟੀਕੇ ਖਰੀਦ ਰਿਹਾ ਸੀ, ਬਾਅਦ ਵਿਚ ਦੁਕਾਨਦਾਰ ਤੋਂ ਪੁੱਛ ਕੇ ਮੈਂ ਵੀ ਇਕ ਡੱਬਾ ਖਰੀਦ ਲਿਆ।”

ਦੁੱਧ ਖ਼ਤਮ ਹੋਣ ਤੋਂ ਬਾਅਦ ਮੈਂ ਸ਼ੁਕਰੀਆ ਕਹਿ ਕੇ ਦੇਬੂ ਤੋਂ ਇਜਾਜ਼ਤ ਲਈ। ਵੱਗ ਜਾ ਚੁੱਕਾ ਸੀ। ਸੜਕ ਸਾਫ਼ ਸੀ ਪਰ ਦੇਬੂ ਦੇ ਇਨ੍ਹਾਂ ਸ਼ਬਦਾਂ ‘ਪਿੰਡਾਂ ਵਿਚ ਇਨ੍ਹਾਂ ਦੀ ਲੋੜ ਨਹੀਂ’ ਅਤੇ ਟੀਕਿਆਂ ਵਾਲੇ ਡੱਬੇ ਦੇ ਲੇਬਲ ‘ਸੱਪ ਲੜੇ ਤੋਂ, ਨਾੜ ਵਿਚ’ ਸੋਚ ਕੇ ਐਸੇ ਜੁਗਾੜੂ ਡਾਕਟਰਾਂ ਦੀ ਭਰਮਾਰ ਮਨ ਵਿੱਚ ਡੂੰਘੀ ਚੀਸ ਪੈਦਾ ਕਰ ਗਈ।

*

*     *     *     *     *

ਨੋਟ: ਹਰ ਲੇਖਕ ਸਰੋਕਾਰ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲ ਕੇ ਰੱਖੇ।
(5500)
ਰਚਨਾਵਾਂ ਸਬੰਧੀ ਆਪਣੇ ਵਿਚਾਰ ਸਾਂਝੇ ਕਰੋ:  (This email address is being protected from spambots. You need JavaScript enabled to view it.)

About the Author

K C Sharma Pro.

K C Sharma Pro.

WhatsApp: (91 - 95824 - 28184)