HarinderSGrewal7ਜਦੋਂ ਸਾਰੇ ਬੱਚੇ ਮਿਲ ਕੇ ਚਲੇ ਗਏ ਤਾਂ ਮੇਰਾ ਧਿਆਨ ਫਿਰ ਗੇਟ ਵੱਲ ਨੂੰ ਗਿਆ। ਉਹ ਬੱਚੀ ਹਾਲੇ ਵੀ ...
(29 ਨਵੰਬਰ 2024)

 

ਰੋਜ਼ਾਨਾ ਦੀ ਤਰ੍ਹਾਂ ਉਸ ਦਿਨ ਵੀ ਮੈਂ ਸਕੂਲ ਵਿੱਚ ਸਮੇਂ ਤੋਂ ਕਾਫੀ ਦੇਰ ਪਹਿਲਾਂ ਪਹੁੰਚ ਗਿਆ ਅਤੇ ਕਾਹਲੀ ਨਾਲ ਆਪਣੇ ਅਧੂਰੇ ਪਏ ਕੰਮਾਂ ਨੂੰ ਕਰਨਾ ਸ਼ੁਰੂ ਕਰ ਦਿੱਤਾ ਕੁਝ ਬੱਚੇ ਗਰਾਊਂਡ ਵਿੱਚ ਖੇਡ ਰਹੇ ਸਨ, ਕੁਝ ਐਕਸਟਰਾ ਕਲਾਸ ਲਗਾਉਣ ਲਈ ਸਕੂਲ ਵਿੱਚ ਆ ਰਹੇ ਸਨ ਅਤੇ ਕੁਝ ਬੱਚੇ ਟਰੇਨਿੰਗ ਖਤਮ ਹੋਣ ਤੋਂ ਬਾਅਦ ਨਹਾ ਕੇ ਮੈਨੂੰ ਮਿਲਣ ਲਈ ਆ ਰਹੇ ਸਨ

ਹਰ ਰੋਜ਼ ਦੀ ਤਰ੍ਹਾਂ ਸਾਰੇ ਬੱਚੇ ਮੇਰੇ ਕਮਰੇ ਵਿੱਚ ਵਾਰੋ-ਵਾਰੀ ਆ ਰਹੇ ਸਨ ਅਤੇ ਹੱਥ ਮਿਲਾ ਸਵੇਰ ਦੀ ਨਮਸਤੇ ਕਹਿ ਕੇ ਆਪੋ-ਆਪਣੀਆਂ ਜਮਾਤਾਂ ਵੱਲ ਨੂੰ ਜਾ ਰਹੇ ਸਨ। ਮੈਂ ਆਪਣੇ ਕੰਮ ਵਿੱਚ ਮਸਰੂਫ ਬੱਚਿਆਂ ਨੂੰ ਰੋਜ਼ਾਨਾ ਦੀ ਤਰ੍ਹਾਂ ਹੀ ਮਿਲ ਰਿਹਾ ਸੀ ਅਤੇ ਸਾਰਿਆਂ ਨਾਲ ਹੱਸ-ਹੱਸ ਕੇ ਗੱਲਾਂ ਕਰ ਰਿਹਾ ਸੀ, ਨਾਲ-ਨਾਲ ਉਹਨਾਂ ਨੂੰ ਹਲਕੇ ਫੁਲਕੇ ਮਜ਼ਾਕ ਕਰ ਰਿਹਾ ਸੀਸਾਰੇ ਬੱਚੇ ਚਿਹਰੇ ’ਤੇ ਮੁਸਕਾਨ ਲੈ ਕੇ ਅੰਦਰ ਆ ਰਹੇ ਸਨ ਤੇ ਬਾਹਰ ਜਾ ਰਹੇ ਸਨ

ਕੰਮ ਕਰਦੇ-ਕਰਦੇ ਮੇਰੀ ਨਜ਼ਰ ਗੇਟ ਦੇ ਬਾਹਰ ਵੱਲ ਗਈ, ਤਾਂ ਕੀ ਦੇਖਿਆ ਕਿ ਇੱਕ ਛੋਟੀ ਬੱਚੀ ਗੇਟ ਦੇ ਬਾਹਰ ਖੜ੍ਹੀ ਸੀ। ਮੈਂ ਸੋਚਿਆ ਇਹ ਆਪਣੀ ਸਹੇਲੀਆਂ ਨਾਲ ਅੰਦਰ ਮਿਲਣ ਆਵੇਗੀ। ਮੈਂ ਫਿਰ ਆਪਣੇ ਕੰਮ ਵਿੱਚ ਰੁੱਝ ਗਿਆ। ਜਦੋਂ ਸਾਰੇ ਬੱਚੇ ਮਿਲ ਕੇ ਚਲੇ ਗਏ ਤਾਂ ਮੇਰਾ ਧਿਆਨ ਫਿਰ ਗੇਟ ਵੱਲ ਨੂੰ ਗਿਆ। ਉਹ ਬੱਚੀ ਹਾਲੇ ਵੀ ਗੇਟ ’ਤੇ ਬਾਹਰ ਹੀ ਖੜ੍ਹੀ ਸੀ। ਮੈਂ ਜਲਦੀ ਨਾਲ ਉੱਠਦੇ ਹੋਏ ਬਾਹਰ ਗਿਆ ਅਤੇ ਬੱਚੀ ਨੂੰ ਪੁੱਛਿਆ, “ਬੇਟਾ, ਤੁਸੀਂ ਨਹੀਂ ਅੰਦਰ ਆਏ?”

ਬੱਚੀ ਨੇ ਝੱਟ ਜਵਾਬ ਦਿੱਤਾ, “ਸਰ, ਮੈਂ ਤੁਹਾਨੂੰ ਇਕੱਲਿਆਂ ਨੂੰ ਮਿਲਣਾ ਸੀ।”

ਮੈਂ ਹੱਸਦੇ ਹੋਏ ਨੇ ਬਾਹਰ ਹੀ ਉਸ ਕੋਲ ਬੈਠਦੇ ਨੇ ਕਿਹਾ, “ਦੱਸ ਪੁੱਤ ਕੀ ਗੱਲ ਕਰਨੀ ਹੈ? ਕੋਈ ਪ੍ਰੋਬਲਮ ਏ? ਕੋਈ ਤੈਨੂੰ ਤੰਗ ਕਰਦਾ ਏ?”

ਬੱਚੀ ਨੇ ਚਿਹਰੇ ’ਤੇ ਮੁਸਕਾਨ ਲਿਆਉਂਦੇ ਹੋਏ ਕਿਹਾ, “ਨਹੀਂ ਸਰ ਜੀ, ਕੋਈ ਵੀ ਪ੍ਰੋਬਲਮ ਨਹੀਂ। ਮੈਂ ਤੁਹਾਡੇ ਲਈ ਕੁਝ ਲੈ ਕੇ ਆਈ ਹਾਂ

ਮੈਂ ਪੁੱਛ ਲਿਆ, “ਤੁਸੀਂ ਕੀ ਲੈ ਕੇ ਆਏ ਹੋ ਪੁੱਤ ਮੇਰੇ ਲਈ!”

ਬੱਚੀ ਨੇ ਕਾਹਲੀ ਨਾਲ ਟਿਫਨ ਖੋਲ੍ਹਦੇ ਹੋਏ ਮੇਰੇ ਅੱਗੇ ਕਰ ਦਿੱਤਾ, “ਸਰ, ਆਲੂਆਂ ਵਾਲੇ ਪਰਾਉਂਠੇ

ਮੈਂ ਹੱਸਦੇ ਹੋਏ ਕਿਹਾ, “ਬੇਟਾ, ਮੈਂ ਤਾਂ ਨਾਸ਼ਤਾ ਕਰਕੇ ਆਇਆ ਹਾਂ ਧੰਨਵਾਦ, ਇਹ ਤੁਸੀਂ ਖਾ ਲਿਓ ...

ਮੈਂ ਅਜੇ ਬੋਲ ਹੀ ਰਿਹਾ ਸੀ, ਝੱਟ ਨਾਲ ਬੱਚੀ ਨੇ ਜਵਾਬ ਦਿੱਤਾ, “ਨਹੀਂ ਸਰ ਜੀ ,ਮੈਂ ਆਪਣੇ ਵਾਸਤੇ ਵੀ ਲੈ ਕੇ ਆਈ ਹਾਂ ਇਹ ਮੈਂ ਤੁਹਾਡੇ ਵਾਸਤੇ ਲੈ ਕੇ ਆਈ ਹਾਂ ਕਿਉਂਕਿ ਮੇਰੇ ਪਾਪਾ ਨੂੰ ਵੀ ਆਲੂਆਂ ਵਾਲੇ ਪਰਾਉਂਠੇ ਬਹੁਤ ਪਸੰਦ ਨੇਤੁਸੀਂ ਵੀ ਮੇਰੇ ਸਕੂਲ ਵਿੱਚ ਪਾਪਾ ਹੋ, ਤੁਹਾਨੂੰ ਵੀ ਮੇਰੇ ਪਾਪਾ ਦੀ ਤਰ੍ਹਾਂ ਆਲੂਆਂ ਵਾਲੀ ਪਰੌਂਠੇ ਪਸੰਦ ਨੇ

ਮੈਂ ਮਨ ਹੀ ਮਨ ਇਹ ਸੋਚ ਰਿਹਾ ਸੀ ਕਿ ਬੱਚੇ ਨੇ ਕਿਸ ਤਰੀਕੇ ਨਾਲ ਕਲਪਨਾ ਕਰ ਲਈ ਕਿ ਮੇਰੇ ਪਾਪਾ ਨੂੰ ਜੋ ਚੀਜ਼ ਪਸੰਦ ਹੈ, ਉਹ ਮੇਰੇ ਸਰ ਨੂੰ ਵੀ ਪਸੰਦ ਹੋਵੇਗੀਮੈਂ ਆਪਣੇ ਆਪ ਨਾਲ ਹੀ ਗੱਲ ਕਰਦਾ ਹੋਇਆ ਸੋਚਣ ਲੱਗਾ ਕਿ ਬੱਚੇ ਆਪਣੇ ਅਧਿਆਪਕਾਂ ਵਿੱਚ ਆਪਣੇ ਮਾਪਿਆਂ ਨੂੰ ਕਿਸ ਤਰ੍ਹਾਂ ਦੇਖਦੇ ਹਨਇੱਕ ਅਧਿਆਪਕ ਕਿਸ ਤਰੀਕੇ ਨਾਲ ਬੱਚੇ ਦੀ ਜ਼ਿੰਦਗੀ ਨੂੰ ਪ੍ਰਭਾਵਿਤ ਕਰ ਸਕਦਾ ਹੈ, ਤੇ ਬੱਚੇ ਦੇ ਵਿਸ਼ਵਾਸ ਨੂੰ ਉਹਦੀ ਕਾਮਯਾਬੀ ਵਿੱਚ ਕਿਸ ਤਰੀਕੇ ਨਾਲ ਬਦਲ ਸਕਦਾ ਹੈ ਬੱਸ ਜ਼ਰੂਰਤ ਹੈ ਅਧਿਆਪਨ ਦੇ ਨਾਲ ਨਾਲ ਬੱਚਿਆਂ ਨੂੰ ਇੱਕ ਮਾਤਾ ਪਿਤਾ ਵਾਲਾ ਭਰੋਸਾ ਦੇਣ ਦੀ

ਪੂਰੇ ਹੌਸਲੇ ਨਾਲ ਬੱਚੀ ਨੇ ਮੈਨੂੰ ਦੁਬਾਰਾ ਕਿਹਾ, “ਸਰ ਜੀ, ਕਿੱਧਰ ਖੋ ਗਏ ਹੋ, ਇਹ ਤੁਹਾਨੂੰ ਖਾਣੇ ਹੀ ਪੈਣੇ ਨੇ

ਮੈਨੂੰ ਲੱਗ ਰਿਹਾ ਸੀ ਜਿਵੇਂ ਵੱਡੀ ਦਾਦੀ ਮਾਂ ਮੈਨੂੰ ਡਾਂਟ ਕੇ ਖਵਾ ਰਹੀ ਹੋਵੇ ਮੈਂ ਹੱਸਦੇ ਹੋਏ ਨੇ ਇੱਕ ਬੁਰਕੀ ਤੋੜ ਲਈ ਅਤੇ ਉਸ ਨੂੰ ਕਿਹਾ, “ਪੁੱਤ, ਮੈਂ ਰੋਟੀ ਖਾ ਕੇ ਆਇਆ ਹਾਂ।”

ਉਸ ਬੱਚੀ ਨੇ ਘੂਰੀ ਜਿਹੀ ਵੱਟੀ ਤਾਂ ਮੈਂ ਹੱਸਦਾ ਹੋਇਆ ਜਿਵੇਂ ਡਰਦਾ ਡਰਦਾ ਪੂਰਾ ਇੱਕ ਪਰੌਂਠਾ ਖਾ ਗਿਆ, ਜਦੋਂ ਕਿ ਮੈਂ ਰੱਜਿਆ ਹੋਇਆ ਸੀ ਬੱਸ, ਪਤਾ ਨਹੀਂ ਕਿਸ ਤਰੀਕੇ ਨਾਲ ਉਹ ਬੱਚੀ ਮੈਨੂੰ ਪੂਰਾ ਪਰੌਂਠਾ ਖਵਾ ਗਈ ਤੇ ਹੱਸਦੀ-ਹੱਸਦੀ ਆਪਣੀ ਜਮਾਤ ਵੱਲ ਨੂੰ ਜਾਂਦੀ ਹੋਈ ਕਹਿ ਗਈ, “ਸਰ ਜੀ, ਥੈਂਕ ਯੂ

*     *    *     *     *

ਨੋਟ: ਹਰ ਲੇਖਕ ਸਰੋਕਾਰ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲ ਕੇ ਰੱਖੇ।
(5487)
ਰਚਨਾਵਾਂ ਸਬੰਧੀ ਆਪਣੇ ਵਿਚਾਰ ਸਾਂਝੇ ਕਰੋ:  (This email address is being protected from spambots. You need JavaScript enabled to view it.)

About the Author

Harinder Singh Grewal

Harinder Singh Grewal

WhatsApp: (91 - 98552 - 020240)
Email: (daksh.grewal@yahoo.in)