“ਹਿੰਦੂ ਰਾਸ਼ਟਰ, ਖਾਲਿਸਤਾਨ, ਇਸਲਾਮਿਕ ਬੁਨਿਆਦ-ਪ੍ਰਸਤੀ ਆਦਿ ਦੇ ਵਿਚਾਰ ਦਿਮਾਗ ਵਿੱਚੋਂ ਕੱਢ ਕੇ ਕੂੜੇ ਦੇ ਢੇਰ ਵਿੱਚ ...”
(17 ਅਕਤੂਬਰ 2024)
ਇਨ੍ਹਾਂ ਦਿਨਾਂ ਵਿੱਚ ਪੰਜਾਬ ਦੀਆਂ ਪੰਚਾਇਤੀ ਚੋਣਾਂ ਦੌਰਾਨ ਪੰਜਾਬ ਵਿੱਚ ਵਸਦੇ ਪ੍ਰਵਾਸੀਆਂ ਅਰਥਾਤ ਦੂਜੇ ਰਾਜਾਂ ਤੋਂ ਆਏ ਲੋਕਾਂ (ਜਿਨ੍ਹਾਂ ਨੂੰ ਤ੍ਰਿਸਕਾਰ ਪੂਰਨ ਢੰਗ ਨਾਲ ਭਈਏ ਦਾ ਨਾਮ ਦਿੱਤਾ ਗਿਆ ਹੈ) ਵੱਲੋਂ ਭਾਗ ਲਏ ਜਾਣ ਦਾ ਮਸਲਾ ਬੜੇ ਜ਼ੋਰ ਸ਼ੋਰ ਨਾਲ ਉਠਾਇਆ ਜਾ ਰਿਹਾ ਹੈ ਅਤੇ ਮੰਗ ਕੀਤੀ ਜਾ ਰਹੀ ਹੈ ਕਿ ਇਨ੍ਹਾਂ ਨੂੰ ਪੰਜਾਬ ਵਿੱਚ ਜ਼ਮੀਨ ਜਾਇਦਾਦ ਖਰੀਦਣ ਦਾ ਅਧਿਕਾਰ ਨਹੀਂ ਹੋਣਾ ਚਾਹੀਦਾ ਅਤੇ ਨਾ ਹੀ ਪੰਜਾਬ ਵਿੱਚ ਵੋਟ ਦਾ ਹੱਕ ਹੋਣਾ ਚਾਹੀਦਾ ਹੈ। ਇਹ ਮਾਮਲਾ ਕੁਝ ਸਿਆਸੀ ਨੇਤਾਵਾਂ ਵੱਲੋਂ ਵੀ ਛੇੜਿਆ ਗਿਆ ਹੈ ਅਤੇ ਸੋਸ਼ਲ ਮੀਡੀਆ ਅਰਥਾਤ ਯੂ-ਟਿਊਬ, ਫੇਸਬੁੱਕ, ਟਵਿਟਰ ਆਦਿ ਨੇ ਅੱਜਕੱਲ੍ਹ ਹਰ ਬੱਚੇ ਬੱਚੇ ਨੂੰ ਬੁੱਧੀਜੀਵੀ ਬਣਾ ਦਿੱਤਾ ਹੈ। ਇਸ ਵਿਸ਼ੇ ਨਾਲ ਜੁੜੇ ਕੁਝ ਪਹਿਲੂਆਂ ਉੱਤੇ ਵਿਚਾਰ ਕਰਦੇ ਹਾਂ।
ਸਭ ਤੋਂ ਪਹਿਲੀ ਗੱਲ ਜੋ ਦਿਮਾਗ ਵਿੱਚ ਰੱਖਣ ਵਾਲੀ ਹੈ, ਉਹ ਇਹ ਹੈ ਕਿ ਭਾਰਤ 28 ਰਾਜਾਂ ਅਤੇ 8 ਕੇਂਦਰ ਪ੍ਰਸ਼ਾਸਿਤ ਇਲਾਕਿਆਂ ’ਤੇ ਆਧਾਰਤ ਦੇਸ਼ ਹੈ, ਜਿਸਦਾ ਸੱਭਿਆਚਾਰ ਬਹੁ-ਪੱਖੀ ਹੈ ਅਰਥਾਤ ਇੱਥੇ ਵੱਖ-ਵੱਖ ਜਾਤੀਆਂ, ਉਪਜਾਤੀਆਂ, ਕਬੀਲਿਆਂ, ਧਰਮਾਂ ਦੇ ਲੋਕ ਵਸਦੇ ਹਨ, ਜਿਹੜੇ ਵੱਖ ਵੱਖ ਪ੍ਰਕਾਰ ਦੀਆਂ ਆਪਣੀਆਂ ਸਥਾਨਕ ਭਾਸ਼ਾਵਾਂ ਬੋਲਦੇ ਹਨ ਅਤੇ ਇਨ੍ਹਾਂ ਦੇ ਵੱਖ ਵੱਖ ਪ੍ਰਕਾਰ ਦੇ ਧਾਰਮਿਕ ਅਤੇ ਸਮਾਜਿਕ ਰਸਮੋ ਰਿਵਾਜ਼ ਹਨ। ਇਹ ਤੱਥ ਭਾਰਤ ਦੇ ਹਰ ਨਾਗਰਿਕ ਨੂੰ ਅਤੇ ਇੱਥੋਂ ਦੇ ਸਿਆਸੀ ਪ੍ਰਭੂਆਂ ਨੂੰ ਦ੍ਰਿੜ੍ਹਤਾ ਨਾਲ ਦਿਮਾਗ ਵਿੱਚ ਬਿਠਾ ਲੈਣਾ ਚਾਹੀਦਾ ਹੈ ਅਤੇ ਹਿੰਦੂ ਰਾਸ਼ਟਰ, ਖਾਲਿਸਤਾਨ, ਇਸਲਾਮਿਕ ਬੁਨਿਆਦ-ਪ੍ਰਸਤੀ ਆਦਿ ਦੇ ਵਿਚਾਰ ਦਿਮਾਗ ਵਿੱਚੋਂ ਕੱਢ ਕੇ ਕੂੜੇ ਦੇ ਢੇਰ ਵਿੱਚ ਸੁੱਟ ਦੇਣੇ ਚਾਹੀਦੇ ਹਨ। ਪਰ ਇਸ ਅਨੇਕਤਾ ਵਿੱਚ ਏਕਤਾ ਇਹ ਹੈ ਕਿ ਭਾਰਤ ਇਕਹਰੀ ਨਾਗਰਿਕਤਾ ਵਾਲਾ ਦੇਸ਼ ਹੈ ਅਤੇ ਕਸ਼ਮੀਰ ਤੋਂ ਕੰਨਿਆ ਕੁਮਾਰੀ ਤਕ ਭਾਰਤ ਇੱਕ ਹੈ।
ਜਿੱਥੋਂ ਤਕ ਪੰਜਾਬ ਵਿੱਚ ਵਸਦੇ ਪ੍ਰਵਾਸੀਆਂ ਯਾਨੀ ਤਥਾ ਕਥਿਤ ਭਈਆਂ ਦਾ ਸਵਾਲ ਹੈ, ਅਬਾਦੀ ਦਾ ਪ੍ਰਵਾਸ ਇੱਕ ਆਮ ਸਾਧਾਰਨ ਅਤੇ ਸਹਿਜ ਜਿਹਾ ਤੱਥ ਹੈ। ਕੰਮ ਧੰਦੇ ਅਤੇ ਰੁਜ਼ਗਾਰ ਦੀ ਭਾਲ ਵਿੱਚ ਲੋਕਾਂ ਦਾ ਇੱਧਰ ਉੱਧਰ ਆਉਣਾ ਜਾਣਾ ਸਦੀਆਂ ਤੋਂ ਚਲਿਆ ਆ ਰਿਹਾ ਹੈ। ਇਹ ਇਤਿਹਾਸਕ ਤੱਥ ਹੈ ਕਿ ਉੱਤਰੀ ਭਾਰਤ ਦੀ ਜ਼ਿਆਦਾਤਰ ਅਬਾਦੀ ਅੱਜ ਤੋਂ ਹਜ਼ਾਰਾਂ ਸਾਲ ਪਹਿਲਾਂ ਮੱਧ ਏਸ਼ੀਆ ਤੋਂ ਆਕੇ ਹੌਲੀ ਹੌਲੀ ਇੱਥੇ ਵਸੀ ਸੀ ਅਤੇ ਇਸ ਇਲਾਕੇ ਵਿੱਚ ਜੰਗਲ ਹੀ ਜੰਗਲ ਸਨ ਅਤੇ ਕੁਝ ਸੈਂਕੜਿਆਂ ਦੀ ਗਿਣਤੀ ਵਿੱਚ ਇੱਥੋਂ ਦੇ ਆਦਿਵਾਸੀ ਜੰਗਲਾਂ ਵਿੱਚ ਰਹਿੰਦੇ ਸਨ, ਜਿਨ੍ਹਾਂ ਨੂੰ ਦ੍ਰਾਵਿੜ ਅਤੇ ਕਿਰਾਤ ਜਾਤੀਆਂ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਅਤੇ ਬਿਹਾਰ ਦੇ ਜੰਗਲੀ ਇਲਾਕੇ ਵਿੱਚ ਜਿਸ ਨੂੰ ਅੱਜ ਕੱਲ੍ਹ ਝਾਰਖੰਡ ਕਿਹਾ ਜਾਂਦਾ ਹੈ ਉੱਥੇ ਮੁੰਡਾ, ਸੰਥਾਲ ਆਦਿ ਆਦਿਵਾਸੀ ਜਾਤੀਆਂ ਰਹਿੰਦੀਆਂ ਸਨ। ਜਿਵੇਂ ਕਿ ਪ੍ਰਸਿੱਧ ਉਰਦੂ ਸ਼ਾਇਰ ਫਿਰਾਕ ਗੋਰਖਪੁਰੀ ਨੇ ਇਸ ਤੱਥ ਦਾ ਜ਼ਿਕਰ ਕੀਤਾ ਹੈ:
“ਸਰਜ਼ਮੀਨੇ ਹਿੰਦ ਪਰ ਇਕਵਾਮੇ ਆਲਮੇ ਕਾ ਫਿਰਾਕ,
ਕਾਫਲੇ ਬਸਤੇ ਗਏ ਔਰ ਹਿੰਦੁਸਤਾਂ ਬਨਤਾ ਗਿਆ।”
ਰਾਮਪੁਰ ਸਾਹਿਤ ਸਭਾ ਦੇ ਬਾਨੀ ਮੱਲ ਸਿੰਘ ਰਾਮਪੁਰੀ ਨੇ ਆਪਣੀ ਪੁਸਤਕ ‘ਗਜ਼ਨੀ ਤੋਂ ਰਾਮਪੁਰ’ ਵਿੱਚ ਇਸ ਤੱਥ ਦਾ ਜ਼ਿਕਰ ਕੀਤਾ ਹੈ ਕਿ ਦੋਰਾਹਾ ਅਤੇ ਸਾਹਨੇਵਾਲ ਦੇ ਨੇੜੇ ਤੇੜੇ ਰਹਿੰਦੇ ਮਾਂਗਟ, ਸੇਖੋਂ ਆਦਿ ਜੱਟਾਂ ਦੇ ਪੁਰਖੇ ਗਜ਼ਨੀ ਤੋਂ ਆ ਕੇ ਵਸੇ ਸਨ। ਪੰਜਾਬ ਦੇ ਜ਼ਿਆਦਾਤਰ ਜੱਟਾਂ ਯਾਨੀ ਗਿੱਲ, ਗਰੇਵਾਲ, ਸਿੱਧੂ, ਬਰਾੜ ਆਦਿ ਦੀ ਬੰਸਾਵਲੀ ਜੈਪੁਰ-ਜੋਧਪੁਰ ਦੇ ਰਾਜਪੂਤਾਂ ਨਾਲ ਜਾ ਕੇ ਮਿਲਦੀ ਹੈ। ਮੈਂ ਜੱਟ ਜਾਤੀ ਨਾਲ ਸੰਬੰਧ ਰੱਖਦਾ ਹਾਂ ਅਤੇ ਹੁੰਦਲ ਗੋਤ ਦਾ ਹਾਂ। ਮੈਂ ਜੱਟਾਂ ਦੇ ਗੋਤਾਂ ਦਾ ਇਤਿਹਾਸ ਪੜ੍ਹ ਰਿਹਾ ਸੀ, ਉਸ ਵਿੱਚ ਲਿਖਿਆ ਹੋਇਆ ਮਿਲਿਆ ਕਿ ਹੁੰਦਲਾਂ ਦਾ ਸਭ ਤੋਂ ਪਹਿਲਾ ਵੱਡ ਵਡੇਰਾ ਸਰਬਾ, ਸ੍ਰੀ ਰਾਮਚੰਦਰ ਜੀ ਦੇ ਅਸਮੇਧ ਯੁੱਧ ਸਮੇਂ ਅਯੁੱਧਿਆ ਤੋਂ ਉਨ੍ਹਾਂ ਦੀ ਸੈਨਾ ਵਿੱਚ ਆਇਆ ਸੀ ਅਤੇ ਬਾਅਦ ਵਿੱਚ ਬੁੰਡਾਲਾ ਜ਼ਿਲ੍ਹਾ ਅੰਮ੍ਰਿਤਸਰ ਵਿੱਚ ਵਸ ਗਿਆ। ਇਹ ਪਰਿਵਾਰ ਅੱਗੇ ਅੱਗੇ ਫੈਲਦਾ ਗਿਆ ਅਤੇ ਬੁੰਡਾਲੇ ਦੇ ਨੇੜੇ ਤੇੜੇ ਹੁੰਦਲਾਂ ਦੇ 20 ਪਿੰਡ ਹਨ ਜਿਵੇਂ ਕਿ ਪੰਡੋਰੀ, ਸਾਮ੍ਹਣਾ ਪਿੰਡ, ਵੱਡੇ ਝੀਤੇ, ਛੋਟੇ ਝੀਤੇ ਆਦਿ। ਇਹ ਤੱਥ ਇਤਿਹਾਸਕ ਤੌਰ ’ਤੇ ਕਿੰਨਾ ਕੁ ਸੱਚ ਹੈ, ਮੈਂ ਇਸ ਬਾਰੇ ਤਾਂ ਟਿੱਪਣੀ ਨਹੀਂ ਕਰਦਾ ਪਰ ਮੈਂ ਇਹ ਪੜ੍ਹ ਕੇ ਹੈਰਾਨ ਜ਼ਰੂਰ ਹੋਇਆ ਕਿ ਅਸੀਂ ਅਯੁੱਧਿਆ ਤੋਂ ਆਕੇ ਵਸੇ ਹੋਏ ਭਈਏ ਹਾਂ। ਸਾਡੇ ਪੁਰਖੇ ਵੀ ਕਿਸੇ ਸਮੇਂ ਬੁੰਡਾਲੇ ਤੋਂ ਉੱਠਕੇ ਵੇਰਕੇ ਵਸੇ ਸਨ ਅਤੇ ਵੇਰਕੇ ਤੋਂ ਸਾਡਾ ਵਡਾਰੂ ਮਿਸਲਾਂ ਦੇ ਵੇਲੇ ਫਤਿਹਗੜ੍ਹ ਸਾਹਿਬ ਜ਼ਿਲ੍ਹੇ ਵਿੱਚ ਆਕੇ ਵਸਿਆ ਸੀ, ਜਦੋਂ ਸਰਹਿੰਦ ਦੇ ਉੱਤੇ ਨਵਾਬ ਕਪੂਰ ਸਿੰਘ ਅਤੇ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਦੀ ਅਗਵਾਈ ਵਿੱਚ ਦੂਜਾ ਹਮਲਾ ਹੋਇਆ ਸੀ, ਜਿਸ ਵਿੱਚ ਜ਼ੈਨ ਖਾਂ ਮਾਰਿਆ ਗਿਆ ਸੀ। ਪਹਿਲਾ ਹਮਲਾ ਬੰਦਾ ਬਹਾਦਰ ਦੀ ਅਗਵਾਈ ਵਿੱਚ ਹੋਇਆ ਸੀ, ਜਿਸ ਵਿੱਚ ਸੂਬੇਦਾਰ ਵਜ਼ੀਰ ਖਾਂ ਮਾਰਿਆ ਗਿਆ ਸੀ।
ਇਤਿਹਾਸ ਵਿੱਚ ਇਹ ਵੀ ਦਰਜ ਹੈ ਕਿ ਸ੍ਰੀ ਕ੍ਰਿਸ਼ਨ ਜੀ ਦਾ ਯਾਦਵ ਕੋੜਮਾ ਜਦੋਂ ਆਪੋ ਵਿੱਚ ਲੜ ਕੇ ਤਬਾਹ ਹੋ ਗਿਆ ਤਾਂ ਉਨ੍ਹਾਂ ਵਿੱਚੋਂ ਜਿਹੜੇ ਲੋਕ ਬਚੇ, ਉਹ ਦਰਿਆਵਾਂ ਦੇ ਕੰਢਿਆਂ ’ਤੇ ਅਬਾਦ ਹੋ ਕੇ ਸਬਜ਼ੀਆਂ ਭਾਜੀਆਂ ਦੀ ਖੇਤੀ ਕਰਨ ਲੱਗ ਪਏ ਅਤੇ ਅੱਗੇ ਤੋਂ ਅੱਗੇ ਫੈਲਦੇ ਗਏ। ਸ੍ਰੀ ਕ੍ਰਿਸ਼ਨ ਜੀ ਦੇ ਕਬੀਲੇ ਦਾ ਨਾਮ ਕਿਉਂਕਿ ਸ਼ੂਰਸੇਨੀ ਸੀ, ਇਸ ਲਈ ਇਹ ਲੋਕ ਸੈਨੀ/ਸੈਣੀ ਅਖਵਾਏ। ਇਹ ਜਾਤੀ ਜ਼ਿਆਦਾਤਰ ਨੀਮ ਪਹਾੜੀ ਇਲਾਕੇ ਵਿੱਚ ਪਠਾਨਕੋਟ ਤੋਂ ਦੇਹਰਾਦੂਨ ਤਕ ਵਸੀ ਹੋਈ ਹੈ। ਇਨ੍ਹਾਂ ਨਾਲ ਮਿਲਦੀ ਜੁਲਦੀ ਇੱਕ ਜਾਤੀ ਮਾਲੀ ਹੈ, ਜੋ ਕਿ ਯੂ.ਪੀ. ਵਿੱਚ ਮਿਲਦੀ ਹੈ। ਇਸੇ ਤਰ੍ਹਾਂ ਇਤਿਹਾਸਕਾਰ ਕੰਬੋਜਾਂ ਅਤੇ ਆਹਲੂਵਾਲੀਆਂ ਦਾ ਮੁੱਢ ਪੂਰਬੀ ਅਫਗਾਨਿਸਤਾਨ ਕਾਬਲ, ਕੰਧਾਰ ਨਾਲ ਜੋੜਦੇ ਹਨ।
ਮੈਂ ਕੁਝ ਸਾਲ ਪਹਿਲਾਂ ਲੁਧਿਆਣਾ ਵਿਖੇ ਇੱਕ ਮਾਲ ਵਿੱਚ ਖਰੀਦਦਾਰੀ ਕਰ ਰਿਹਾ ਸੀ। ਉੱਥੇ ਜਿਹੜੇ ਸੇਲਜ਼ਮੈਨ ਸਨ, ਉਹ ਮੈਨੂੰ ਬਠਿੰਡਾ, ਸੰਗਰੂਰ ਆਦਿ ਦੇ ਅੱਗਰਵਾਲ ਬਰਾਦਰੀ ਦੇ ਲੜਕੇ ਜਾਪੇ ਅਤੇਉਹ ਲੁਧਿਆਣੇ ਦੀ ਸ਼ੁੱਧ ਪੰਜਾਬੀ ਬੋਲ ਰਹੇ ਸਨ। ਉਨ੍ਹਾਂ ਨਾਲ ਗੱਲ ਕਰਨ ’ਤੇ ਪਤਾ ਚੱਲਿਆ ਕਿ ਉਹ ਬਿਹਾਰੀ ਪਿਛੋਕੜ ਵਾਲੇ ਹਨ ਅਤੇ ਉਨ੍ਹਾਂ ਦੀ ਲੁਧਿਆਣੇ ਵਿੱਚ ਵਸਦਿਆਂ ਦੀ ਤੀਜੀ-ਚੌਥੀ ਪੀੜ੍ਹੀ ਹੋ ਗਈ ਹੈ ਅਤੇ ਹੁਣ ਉਹ ਪੰਜਾਬੀ ਬਣ ਗਏ ਹਨ। ਹੋਰ ਪੁੱਛ ਪੜਤਾਲ ਕਰਨ ’ਤੇ ਪਤਾ ਚੱਲਿਆ ਕਿ ਲੁਧਿਆਣੇ ਵਿੱਚ ਇਸ ਤਰ੍ਹਾਂ ਦੇ ਪ੍ਰਵਾਸੀਆਂ ਦੀ ਅਬਾਦੀ 9 ਲੱਖ ਦੇ ਕਰੀਬ ਹੈ ਅਤੇ ਇਨ੍ਹਾਂ ਦੇ 20 ਦੇ ਕਰੀਬ ਐੱਮ.ਸੀ. ਹਨ। ਇਹ ਇੱਕ ਸਾਧਾਰਨ ਲੋਕਤੰਤਰੀ ਵਰਤਾਰਾ ਹੈ ਕਿ ਜੇ ਕਿਸੇ ਭਾਈਚਾਰੇ ਦੀ ਗਿਣਤੀ ਵੱਧ ਹੋਵੇਗੀ ਤਾਂ ਉਨ੍ਹਾਂ ਦਾ ਐੱਮ.ਸੀ/ਸਰਪੰਚ/ਪੰਚ ਬਣੇਗਾ। ਇਸ ਵਿੱਚ ਈਰਖਾ ਕਰਨ ਦੀ ਕੋਈ ਲੋੜ ਨਹੀਂ। ਕੀ ਅਸੀਂ ਇਸ ਤਰ੍ਹਾਂ ਇਨ੍ਹਾਂ ਪ੍ਰਵਾਸੀਆਂ ਨੂੰ ਨਕਾਰਨ ਦਾ ਕੋਈ ਅਧਿਕਾਰ ਰੱਖਦੇ ਹਾਂ? ਇੰਗਲੈਂਡ ਦੇ ਸ਼ਹਿਰ ਸਾਊਥਹਾਲ ਅਤੇ ਕੈਨੇਡਾ ਦੇ ਸ਼ਹਿਰ ਵੈਨਕੂਵਰ ਬਾਰੇ ਸੋਚੋ ਤਾਂ ਇਹ ਤੁਹਾਨੂੰ ਪੰਜਾਬ ਦੇ ਸ਼ਹਿਰ ਜਾਪਣਗੇ। ਵਿਚਾਰਨ ਵਾਲੀ ਗੱਲ ਇਹ ਹੈ ਜਦੋਂ ਕੋਈ ਪੰਜਾਬੀ ਇੰਗਲੈਂਡ/ਕੈਨੇਡਾ ਵਿੱਚ ਐੱਮ.ਪੀ ਆਦਿ ਬਣਦਾ ਹੈ ਤਾਂ ਪੰਜਾਬੀ ਖੁਸ਼ੀਆਂ ਮਨਾਉਂਦੇ ਹਨ, ਫਿਰ ਇਨ੍ਹਾਂ ਪ੍ਰਵਾਸੀਆਂ ਨਾਲ ਨਫਰਤ ਕਿਉਂ?
ਜੇਕਰ ਅੰਗਰੇਜ਼ ਲੋਕ ਰੰਗ ਭੇਦ ਦੀ ਨੀਤੀ ਕਾਰਨ ਸਾਡੇ ਲੋਕਾਂ ਨੂੰ ਆਪਣੇ ਮੁਲਕਾਂ ਵਿੱਚ ਸਥਾਈ ਵਾਸ ਜਾਂ ਨਾਗਰਿਕਤਾ ਨਹੀਂ ਦਿੰਦੇ ਜਾਂ ਸਾਡੇ ਲੋਕਾਂ ਨਾਲ ਨਫਰਤ ਕਰਦੇ ਹਨ ਜਾਂ ਖਾੜੀ ਦੇਸ਼ਾਂ ਦੇ ਲੋਕ ਸਾਡੇ ਲੋਕਾਂ ਨੂੰ ਤ੍ਰਿਸਕਾਰ ਭਰੇ ਢੰਗ ਨਾਲ ਮਸਕੀਨੀਆ (ਅਰਥਾਤ ਗਰੀਬ) ਕਹਿੰਦੇ ਹਨ ਤਾਂ ਇਸਦਾ ਮਤਲਬ ਇਹ ਨਹੀਂ ਕਿ ਅਸੀਂ ਵੀ ਆਪਣੇ ਦੇਸ਼ ਵਿੱਚ ਉਸੇ ਤਰ੍ਹਾਂ ਦੀ ਨਫਰਤ ਫੈਲਾਈਏ। ਇੱਥੇ ਇੱਕ ਸੱਚੀ ਘਟਨਾ ਦਾ ਲਤੀਫੇ ਵਜੋਂ ਜ਼ਿਕਰ ਕੀਤਾ ਜਾ ਰਿਹਾ ਹੈ, ਪਰ ਇਸ ਵਿਚਲੇ ਤੱਥ ਦਿਲ ਨੂੰ ਟੁੰਬਣ ਵਾਲੇ ਹਨ। ਬਾਬਾ ਬਕਾਲਾ ਵਿਖੇ ਇੱਕ ਗੁਰਦੁਆਰੇ ਵਿੱਚ ਪੰਜਾਬੀ ਸੇਵਾਦਾਰ ਨੇ ਦੂਜੇ ਸੇਵਾਦਾਰ (ਗ੍ਰੰਥੀ) ਨੂੰ, ਜੋ ਕਿ ਬਿਹਾਰੀ ਪਿਛੋਕੜ ਵਾਲਾ ਸੀ ਅਤੇ ਕੇਸਧਾਰੀ ਹੋ ਕੇ ਸਿੱਖ ਬਣ ਗਿਆ ਸੀ, ਵਿਅੰਗ ਨਾਲ ਭਈਆ ਕਹਿ ਦਿੱਤਾ। ਉਸਨੇ ਅੱਗੋਂ ਜਵਾਬ ਦਿੱਤਾ, “ਭਾਈ ਸਾਹਿਬ, ਚਾਹੇ ਤੁਸੀਂ ਕੁਝ ਵੀ ਕਹੋ ਪਰ ਤੁਹਾਨੂੰ ਇਹ ਮੰਨਣਾ ਪਵੇਗਾ ਕਿ ਤੁਹਾਡੇ ਨਾਨਕੇ ਸਾਡੇ ਘਰ ਹਨ ਕਿਉਂਕਿ ਆਪਣੇ ਸ਼ਹਿਨਸ਼ਾਹ ਦਾ ਪ੍ਰਕਾਸ਼ ਪਟਨਾ ਸਾਹਿਬ ਵਿਖੇ ਹੋਇਆ ਸੀ। ਅਬਾਦੀ ਦੇ ਪ੍ਰਵਾਸ ਦੀਆਂ ਇਹ ਕੁਝ ਉਦਾਹਰਣਾਂ ਵੰਨਗੀ ਮਾਤਰ ਦਿੱਤੀਆਂ ਗਈਆਂ ਹਨ ਪਰ ਅਬਾਦੀ ਦੇ ਪ੍ਰਵਾਸ ਦੀ ਖੋਜ ਦੀ ਪ੍ਰਕਿਰਿਆ ਅਨੰਤ ਹੈ ਅਤੇ ਅਬਾਦੀ ਦਾ ਪ੍ਰਵਾਸ ਇੱਕ ਸੁਭਾਵਿਕ ਜਿਹਾ ਵਰਤਾਰਾ ਹੈ। ਇਸ ਲਈ ਇਸ ਮਾਮਲੇ ਉੱਤੇ ਖੁੱਲ੍ਹੇ ਦਿਲ ਅਤੇ ਠੰਢੇ ਦਿਮਾਗ ਨਾਲ ਵਿਚਾਰ ਕਰਨ ਦੀ ਲੋੜ ਹੈ।
ਇੱਥੇ ਇੱਕ ਹੋਰ ਤੱਥ ਦਾ ਜ਼ਿਕਰ ਕੀਤਾ ਜਾ ਰਿਹਾ ਹੈ। ਪੰਜਾਬ ਦੇ ਸਰਕਾਰੀ ਸਕੂ੍ਲਾਂ ਵਿੱਚ ਜੇ ਪੰਜਾਬੀ ਪੜ੍ਹਦੇ ਹਨ ਤਾਂ ਭਈਆਂ ਦੇ ਬੱਚੇ ਜਾਂ ਇੱਥੋਂ ਦੇ ਸਥਾਨਕ ਦਲਿਤ ਮਜ਼ਦੂਰਾਂ ਆਦਿ ਦੇ ਬੱਚੇ ਹੀ ਪੰਜਾਬੀ ਪੜ੍ਹਦੇ ਹਨ ਜਿਨ੍ਹਾਂ ਕਰਕੇ ਪੰਜਾਬੀ ਦਾ ਪ੍ਰਚਲਣ ਹੈ, ਪੰਜਾਬੀ ਸਰਦਾਰ ਤਾਂ ਆਪਣੇ ਬੱਚਿਆਂ ਨੂੰ ਘੋਲ ਘੋਲ ਕੇ ਅੰਗਰੇਜ਼ੀ ਪਿਆ ਰਹੇ ਹਨ। ਇਸ ਲਈ ਇਨ੍ਹਾਂ ਪ੍ਰਵਾਸੀਆਂ ਨੂੰ ਪੰਜਾਬੀਅਤ ਅਤੇ ਸਿੱਖੀ ਦੇ ਕਲਾਵੇ ਵਿੱਚ ਲਿਆਉਣ ਦੀ ਲੋੜ ਹੈ। ਇਹ ਮੰਗ ਕਰਨੀ ਕਿ ਪ੍ਰਵਾਸੀਆਂ ਨੂੰ ਪੰਜਾਬ ਵਿੱਚ ਜਾਇਦਾਦ ਆਦਿ ਖ੍ਰੀਦਣ ਦਾ ਅਧਿਕਾਰ ਨਹੀਂ ਹੋਣਾ ਚਾਹੀਦਾ, ਉਚਿਤ ਨਹੀਂ ਹੈ। ਸਗੋਂ ਮੰਗ ਇਹ ਕਰਨੀ ਚਾਹੀਦੀ ਹੈ ਕਿ ਕੋਈ ਵੀ ਵਿਅਕਤੀ ਕਿਸੇ ਵੀ ਰਾਜ ਵਿੱਚ ਵਸ ਸਕੇ, ਉੱਥੇ ਮਕਾਨ, ਜ਼ਮੀਨ ਆਦਿ ਖਰੀਦ ਸਕੇ। ਇਸ ਤਰ੍ਹਾਂ ਦਾ ਮਤਾ ਪੰਜਾਬ ਵਿਧਾਨ ਸਭਾ ਵੱਲੋਂ ਪਾਸ ਕਰਕੇ ਕੇਂਦਰ ਸਰਕਾਰ, ਪਾਰਲੀਮੈਂਟ ਨੂੰ ਭੇਜਿਆ ਜਾਣਾ ਬਣਦਾ ਹੈ ਕਿ ਜਿਨ੍ਹਾਂ ਰਾਜਾਂ ਨੇ ਪਾਬੰਦੀ ਲਾਈ ਹੈ, ਉਹ ਹਟਣੀ ਚਾਹੀਦੀ ਹੈ।
ਵਿਚਾਰਨ ਵਾਲੀ ਗੱਲ ਹੈ ਕਿ ਕੀ ਪੰਜਾਬੀਆਂ ਦੇ ਕਲਕੱਤਾ, ਦੁਰਗਾਪੁਰ, ਇੰਦੌਰ, ਮੱਧ ਪ੍ਰਦੇਸ਼, ਬੰਬਈ ਆਦਿ ਸ਼ਹਿਰਾਂ ਵਿੱਚ ਵੱਡੇ ਵੱਡੇ ਟਰਾਂਸਪੋਰਟ, ਉਦਯੋਗ ਆਦਿ ਦੇ ਕਾਰੋਬਾਰ ਨਹੀਂ? ਕੀ ਉਨ੍ਹਾਂ ਦੇ ਉੱਥੇ ਘਰ ਅਤੇ ਹੋਰ ਸੰਪਤੀਆ ਨਹੀਂ ਹਨ? ਕੀ ਪੱਛਮੀ ਯੂ.ਪੀ. ਵਿੱਚ ਪੀਲੀਭੀਤ, ਬਰੇਲੀ, ਕਾਸ਼ੀਪੁਰ, ਰੁਦਰਪੁਰ, ਨੈਨੀਤਾਲ ਆਦਿ ਵਿਖੇ ਹਜ਼ਾਰਾਂ ਪੰਜਾਬੀ ਕਿਸਾਨ ਜਾ ਕੇ ਅਬਾਦ ਨਹੀਂ ਹੋਏ? ਅਤੇ ਉੱਥੋਂ ਦੇ ਸਤਿਕਾਰ ਯੋਗ ਜ਼ਿਮੀਂਦਾਰ ਨਹੀਂ ਹਨ? ਇਹ ਤੱਥ ਵਿਚਾਰਨਯੋਗ ਹਨ।
ਥੋੜ੍ਹਾ ਹੋਰ ਪਿੱਛੇ ਜਾਈਏ ਤਾਂ ਇੱਕ ਹੋਰ ਤੱਥ ਸਾਮ੍ਹਣੇ ਆਉਂਦਾ ਹੈ। ਮੁਲਕ ਦੀ ਬਟਵਾਰੇ ਦੀ ਗੋਟੀ ਅੰਗਰੇਜ਼ਾਂ ਵੱਲੋਂ ਸੁੱਟੀ ਗਈ ਸੀ। ਉਨ੍ਹਾਂ ਨੇ ਮੁਸਲਿਮ ਲੀਗ ਨੂੰ ਮੋਹਰਾ ਬਣਾ ਕੇ ਮੁਲਕ ਦੇ ਬਟਵਾਰੇ ਦੀ ਨੀਂਹ ਰੱਖ ਦਿੱਤੀ। ਮਾਸਟਰ ਤਾਰਾ ਸਿੰਘ ਅੰਦਰਖਾਤੇ ਕਾਂਗਰਸ ਨਾਲ ਮਿਲਿਆ ਹੋਇਆ ਸੀ। ਉਹਨੇ ਪਾਕਿਸਤਾਨ ਦੀ ਸਥਾਪਨਾ ਦਾ ਵਿਰੋਧ ਕੀਤਾ ਅਤੇ ਲਾਹੌਰ ਅਸੈਂਬਲੀ ਦੇ ਬਾਹਰ ਮੁਸਲਿਮ ਲੀਗ ਦਾ ਝੰਡਾ ਵੱਢ ਦਿੱਤਾ, ਜਿਸ ਨਾਲ ਪੰਜਾਬ ਵਿੱਚ ਖੂਨੀ ਖੇਡ ਦੀ ਸ਼ੁਰੂਆਤ ਹੋ ਗਈ। ਪੰਜਾਬੀ ਕਿਸਾਨਾਂ ਨੇ ਬਹੁਤ ਜ਼ਫਰ ਜਾਲ ਕੇ ਬਾਰ ਵਸਾਈ ਸੀ। ਪੰਜਾਬੀ ਹਿੰਦੂਆਂ, ਸਿੱਖਾਂ ਦੇ ਲਹਿੰਦੇ ਪੰਜਾਬ ਵਿੱਚ ਵੱਡੇ ਵੱਡੇ ਕਾਰੋਬਾਰ ਸਨ। ਕਹਿਣਾ ਤਾਂ ਇਹ ਬਣਦਾ ਸੀ ਕਿ ਜੇਕਰ ਮੁਲਕ/ਪੰਜਾਬ ਦਾ ਬਟਵਾਰਾ ਕੀਤੇ ਬਿਨਾਂ ਕੰਮ ਨਹੀਂ ਚੱਲਦਾ ਅਤੇ ਪਾਕਿਸਤਾਨ ਬਣਾਉਣਾ ਜ਼ਰੂਰੀ ਹੈ ਤਾਂ ਕੋਈ ਗੱਲ ਨਹੀਂ, ਅਸੀਂ ਸਰਹੱਦ ਦੇ ਦੋਵੇਂ ਪਾਸੇ ਖੁਸ਼ੀ ਖੁਸ਼ੀ ਰਹਿ ਲਵਾਂਗੇ। ਖ਼ੈਰ ਇਹ ਹੁਣ ਅਤੀਤ ਦੀ ਗੱਲ ਹੋ ਚੁੱਕੀ ਹੈ।
ਇਤਿਹਾਸ ਕੇ ਔਰਾਕ ਨੇ ਅਜਿਹੇ ਦੌਰ ਵੀ ਦੇਖੇ ਹੈਂ,
ਜਬ ਲਮਹੋਂ ਨੇ ਖ਼ਤਾ ਕੀ ਸਦੀਓਂ ਨੇ ਸਜ਼ਾ ਪਾਈ।
ਹੋ ਸਕਦਾ ਮੇਰੇ ਵੱਲੋਂ ਦੱਸੇ ਗਏ ਤੱਥ ਕਈ ਸੱਜਣਾਂ ਨੂੰ ਸੌਖਿਆਂ ਹਜ਼ਮ ਨਾ ਹੋਣ ਪਰ ਠੰਢੇ ਦਿਮਾਗ ਨਾਲ ਵਿਚਾਰ ਕਰਨ ਦੀ ਲੋੜ ਹੈ। ਜੇ ਫੁੱਟਪਾਊ ਅਤੇ ਵੱਖਵਾਦੀ ਸੋਚ ਠੀਕ ਹੁੰਦੀ ਤਾਂ ਗੁਰੂ ਨਾਨਕ ਦੇਵ ਜੀ ਸਾਰੇ ਏਸ਼ੀਆ ਦਾ ਰਟਨ ਨਾ ਕਰਦੇ ਅਤੇ ਗੁਰੂ ਗੋਬਿੰਦ ਸਿੰਘ ਜੀ ਆਪਣੇ ਅੰਤਲੇ ਸਮੇਂ ਵਿੱਚ ਨੰਦੇੜ ਵਿਖੇ ਨਿਵਾਸ ਨਾ ਕਰਦੇ। ਪ੍ਰਵਾਸੀਆਂ ਨੂੰ ਪੰਜਾਬੀਅਤ ਦੇ ਕਲਾਵੇ ਵਿੱਚ ਲਿਆਉਣ ਦੀ ਲੋੜ ਹੈ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(5370)
ਰਚਨਾਵਾਂ ਸਬੰਧੀ ਆਪਣੇ ਵਿਚਾਰ ਸਾਂਝੇ ਕਰੋ: