“ਇੱਥੇ ਹੀ ਬੱਸ ਨਹੀਂ, ਕਿਸੇ ਘੱਟ ਗਿਣਤੀ, ਅਨੁਸੂਚਿਤ ਜਾਤੀ ਜਾਂ ਕਬੀਲੇ ਵਜੋਂ ਰਾਖਵੇਂਕਰਨ ਦੇ ਆਧਾਰ ’ਤੇ ਕੋਈ ਵਿਅਕਤੀ ...”
(14 ਅਕਤੂਬਰ 2024)
ਪੰਚਾਇਤਾਂ ਵਿੱਚ ਔਰਤਾਂ ਦੀ ਸ਼ਮੂਲੀਅਤ ਦਾ ਕੱਚ-ਸੱਚ
ਭਾਰਤੀ ਸੰਵਿਧਾਨ ਵਿੱਚ ਲੋਕਤੰਤਰ ਪ੍ਰਣਾਲੀ ਦੀ ਸਭ ਤੋਂ ਛੋਟੀ ਇਕਾਈ ਪੰਚਾਇਤ ਹੈ, ਜਿਸ ਨੂੰ ਗ੍ਰਾਮ ਸਭਾ ਦੇ ਲੋਕ ਆਪਣੇ ਹੀ ਪਿੰਡ ਦੇ ਨਾਗਰਿਕਾਂ ਵਿੱਚੋਂ ਪੰਚਾਂ ਤੇ ਸਰਪੰਚ ਦੀ ਚੋਣ ਕਰਦੇ ਹਨ। ਇਹ ਪੰਚਾਇਤ ਸਰਬਸੰਮਤੀ ਜਾਂ ਚੋਣ ਪ੍ਰਕਿਰਿਆ ਦੁਆਰਾ ਚੁਣੀ ਜਾਂਦੀ ਹੈ ਜੋ ਪਿੰਡ ਦੇ ਸਰਬਪੱਖੀ ਵਿਕਾਸ ਲਈ ਸਰਵਜਨਿਕ, ਪ੍ਰਸ਼ਾਸਨਿਕ ਤੇ ਕਾਨੂੰਨੀ ਕੰਮਾਂ ਰਾਹੀਂ ਆਪਣੀ ਅਹਿਮ ਭੂਮਿਕਾ ਨਿਭਾਉਂਦੀ ਹੈ।
ਭਾਰਤੀ ਸੰਵਿਧਾਨ ਦੀ ਧਾਰਾ 243 ਡੀ ਦੇ ਅਧੀਨ ਅਨੁਸੂਚਿਤ ਕਬੀਲਿਆਂ, ਜਾਤੀਆਂ, ਪਛੜੇ ਵਰਗਾਂ ਦੇ ਨਾਗਰਿਕਾਂ ਅਤੇ ਔਰਤਾਂ ਲਈ ਪੰਚਾਇਤਾਂ ਵਿੱਚ 50% ਰਾਖਵੇਂਕਰਨ ਦੀ ਵਿਵਸਥਾ ਕਰਦੀ ਹੈ, ਜਿਸਦੇ ਫ਼ਲਸਰੂਪ ਔਰਤਾਂ ਪੰਚਾਇਤੀ ਚੋਣਾਂ ਵਿੱਚ ਪੰਚ ਜਾਂ ਸਰਪੰਚ ਵਜੋਂ ਭੂਮਿਕਾ ਨਿਭਾਉਂਦੀਆਂ ਹਨ। ਇਹ ਨਜ਼ਰ ਤਾਂ ਆਉਂਦਾ ਹੈ ਪਰ ਅਸਲੀਅਤ ਵਿੱਚ ਬਹੁਗਿਣਤੀ ਔਰਤਾਂ ਦੀ ਰਾਜਨੀਤਿਕ ਭਾਗੀਦਾਰੀ ਸਿਰਫ਼ ਦਫਤਰਾਂ ਦੀਆਂ ਫਾਇਲਾਂ ਤਕ ਸੀਮਤ ਰਹਿ ਜਾਂਦੀ ਹੈ।
ਜੇਕਰ ਪੰਚਾਇਤ ਪੱਧਰ ’ਤੇ ਔਰਤਾਂ ਦੀ ਰਾਜਨੀਤਿਕ ਸ਼ਮੂਲੀਅਤ ਦੀ ਗੱਲ ਕੀਤੀ ਜਾਵੇ, ਜਿਸ ਵਿੱਚ ਔਰਤਾਂ ਦੁਆਰਾ ਬਗੈਰ ਕਿਸੇ ਦਬਾਅ ਵੋਟ ਦੇ ਅਧਿਕਾਰ ਦੀ ਵਰਤੋਂ ਕਰਨਾ, ਚੋਣਾਂ ਲੜਨਾ, ਸ਼ਕਤੀਆਂ ਦੀ ਵੰਡ ਕਰਨਾ, ਰਾਜਨੀਤਿਕ ਪਾਰਟੀਆਂ ਦੀ ਮੈਂਬਰਸ਼ਿੱਪ, ਚੋਣ ਪ੍ਰਚਾਰ, ਪਾਰਟੀ ਮੀਟਿੰਗਾਂ ਵਿੱਚ ਸ਼ਾਮਿਲ ਹੋਣਾ, ਪਾਰਟੀ ਅਹੁਦੇ ਸੰਭਾਲਣਾ, ਸਾਂਝੇ ਫੈਸਲੇ ਲੈਣਾ, ਰਾਜ ਦੇ ਸ਼ਾਸਨ ਦੇ ਸਾਰੇ ਪੱਧਰਾਂ ’ਤੇ ਸਾਂਝੀ-ਨੀਤੀ ਬਣਾਉਣਾ ਹੈ। ਆਮ ਸ਼ਬਦਾਂ ਵਿੱਚ ਇਹ ਉਹ ਪ੍ਰਕਿਰਿਆ ਹੈ ਜਿਸ ਰਾਹੀਂ ਸਮੂਹ ਨਾਗਰਿਕ ਸਮਾਜ ਦੇ ਸਾਂਝੇ ਟੀਚਿਆਂ ਦਾ ਫ਼ੈਸਲਾ ਅਤੇ ਟੀਚੇ ਪ੍ਰਾਪਤ ਕਰਨ ਲਈ ਰਾਜਨੀਤਿਕ ਜੀਵਨ ਵਿੱਚ ਇੱਕ ਖਾਸ ਭੂਮਿਕਾ ਨਿਭਾਉਂਦੇ ਹਨ, ਜਿਸਦੇ ਫਲਸਰੂਪ ਔਰਤਾਂ ਵੀ ਰਾਜਨੀਤਿਕ ਖੇਤਰ ਵਿੱਚ ਆਪਣੀ ਬਰਾਬਰ ਭਾਗੀਦਾਰੀ ਨਾਲ ਸ਼ਾਮਿਲ ਹੋ ਕੇ ਦੇਸ਼ ਦੇ ਸਰਬਪੱਖੀ ਵਿਕਾਸ ਵਿੱਚ ਆਪਣਾ ਯੋਗਦਾਨ ਪਾ ਸਕਣ।
ਪੰਜਾਬ ਸਰਕਾਰ ਦੁਆਰਾ ਵੀ ਵੱਖ-ਵੱਖ ਸਮਿਆਂ, ਦਸੰਬਰ 2013, ਮਈ 2015, ਅਗਸਤ 2022, ਸੰਤਬਰ 2024 ਨੂੰ ਜ਼ਿਲ੍ਹਿਆਂ ਦੇ ਕਮਿਸ਼ਨਰਾਂ ਤੇ ਸੰਬੰਧਿਤ ਵਿਭਾਗਾਂ ਨੂੰ ਨੋਟੀਫਿਕੇਸ਼ਨ ਜਾਰੀ ਕਰਦਿਆਂ ਹਦਾਇਤਾਂ ਕੀਤੀਆਂ ਗਈਆਂ ਸਨ, ਜਿਸ ਤਹਿਤ ਔਰਤਾਂ ਦੀ ਰਾਜਨੀਤਿਕ ਖ਼ਾਸਕਰ ਪੰਚਾਇਤਾਂ ਵਿੱਚ ਚੋਣਾਂ ਲੜਨਾ ਹੀ ਨਹੀਂ ਬਲਕਿ ਆਪਣੇ ਕਾਰਜਕਾਲ ਵਿੱਚ ਕੰਮਾਂ ਅਤੇ ਸ਼ਕਤੀਆਂ ਦੀ ਵਰਤੋਂ ਦੀ ਸ਼ਮੂਲੀਅਤ ਲਾਜ਼ਮੀ ਬਣਾਈ ਜਾਵੇ। ਦੇਖਿਆ ਜਾਂਦਾ ਹੈ ਕਿ ਸੰਵਿਧਾਨਿਕ ਅਧਿਕਾਰਾਂ ਦੁਆਰਾ ਔਰਤਾਂ ਦੀ 50% ਭਾਗੀਦਾਰੀ ਨੂੰ ਲੈ ਕੇ ਮਿਲੇ ਅਧਿਕਾਰਾਂ ਅਨੁਸਾਰ ਪਿੰਡ ਦੀ ਪੰਚਾਇਤ ਲਈ ਪੰਚਾਂ ਤੇ ਸਰਪੰਚਾਂ ਦੇ ਉਮੀਦਵਾਰਾਂ ਵਜੋਂ ਔਰਤਾਂ ਵੱਲੋਂ ਨਾਮਜ਼ਦਗੀਆਂ ਦਾਖ਼ਲ ਤਾਂ ਕੀਤੀਆਂ ਜਾਂਦੀਆਂ ਹਨ ਪ੍ਰੰਤੂ ਜਿੱਤਣ ਉਪਰੰਤ ਪੰਚਾਇਤਾਂ ਵਿੱਚ ਪੰਚਾਂ-ਸਰਪੰਚਾਂ ਦੇ ਅਧਿਕਾਰਤ ਤੌਰ ’ਤੇ ਸ਼ਕਤੀਆਂ ਤੇ ਕੰਮਾਂ ਦੀ ਵਰਤੋਂ ਔਰਤ ਦਾ ਪਤੀ, ਪੁੱਤਰ ਜਾਂ ਪਰਿਵਾਰ ਨਾਲ ਸੰਬੰਧਿਤ ਹੋਰ ਮਰਦ ਵਿਅਕਤੀ ਹੀ ਕਾਰਜਕਾਲ ਦੌਰਾਨ ਕਰਦਾ ਹੈ। ਇੱਥੋਂ ਤਕ ਕਿ ਬਹੁ ਗਿਣਤੀ ਔਰਤਾਂ ਨੂੰ ਕਿਸੇ ਵੀ ਗ੍ਰਾਮ ਸਭਾ ਪੰਚਾਇਤਾਂ ਦੀ ਮੀਟਿੰਗ ਵਿੱਚ ਸ਼ਾਮਿਲ ਨਹੀਂ ਹੋਣ ਦਿੱਤਾ ਜਾਂਦਾ ਅਤੇ ਪੰਚਾਇਤੀ ਮੀਟਿੰਗਾਂ ਅਤੇ ਰਾਜਨੀਤਿਕ ਮਸਲਿਆਂ ਵਿੱਚ ਔਰਤਾਂ ਦੇ ਪਰਿਵਾਰਿਕ ਮਰਦ ਵਿਅਕਤੀ ਹੀ ਭੂਮਿਕਾ ਨਿਭਾਉਂਦੇ ਆ ਰਹੇ ਹਨ।
ਸੂਬੇ ਅੰਦਰ ਪੰਚਾਇਤੀ ਚੋਣਾਂ 2024 ਦੇ ਚਲਦਿਆਂ ਦੇਖਿਆ ਗਿਆ ਹੈ ਕਿ ਪੰਚਾਂ ਜਾਂ ਸਰਪੰਚਾਂ ਦੀਆਂ ਉਮੀਦਵਾਰ ਵਜੋਂ ਨਾਮਜ਼ਦ ਹੋਈਆਂ ਔਰਤਾਂ ਦੇ ਅਪੀਲ ਪੱਤਰ ਭਾਵ ਪੋਸਟਰ ਜੋ ਦੀਵਾਰਾਂ ’ਤੇ ਲਗਾਏ ਜਾ ਰਹੇ ਹਨ ਜਾਂ ਸੋਸ਼ਲ ਮੀਡੀਆ ਰਾਹੀਂ ਸੰਚਾਰਿਤ ਕੀਤੇ ਜਾ ਰਹੇ ਹਨ, ਉਨ੍ਹਾਂ ਅਪੀਲ ਪੱਤਰਾਂ ’ਤੇ ਬਹੁਤਿਆਂ ਨੇ ਔਰਤਾਂ ਉਮੀਦਵਾਰਾਂ ਦਾ ਸਿਰਫ਼ ਨਾਮ ਹੀ ਛੋਟੇ ਅੱਖਰਾਂ ਵਿੱਚ ਲਗਾਇਆ ਹੋਇਆ ਹੈ ਅਤੇ ਸੰਬੰਧਿਤ ਔਰਤ ਦੇ ਪਰਿਵਾਰ ਦਾ ਮਰਦ ਵਿਅਕਤੀ ਦੀ ਫ਼ੋਟੋ ਤੇ ਨਾਮ ਨਾਮਜ਼ਦ ਉਮੀਦਵਾਰ ਨਾਲੋਂ ਕਈ ਗੁਣਾ ਵੱਡੀ ਕਰਕੇ ਲਗਾਈ ਗਈ ਹੈ। ਸੁਭਾਵਿਕ ਹੈ ਕਿ ਅਜਿਹੀ ਮਾਨਸਿਕਤਾ ਵਾਲੇ ਵਿਅਕਤੀ ਦੇ ਘਰ ਦੀ ਔਰਤ ਆਜ਼ਾਦ ਰਾਜਨੀਤਿਕ ਭਾਗੀਦਾਰੀ ਕਿਵੇਂ ਕਰ ਸਕੇਗੀ? ਕੀ ਉਹ ਪੰਚ ਜਾਂ ਸਰਪੰਚ ਬਣਨ ਤੋਂ ਬਾਅਦ ਆਪਣੀਆਂ ਕਾਰਜ ਸ਼ਕਤੀਆਂ ਦੀ ਵਰਤੋਂ ਖੁਦ ਆਪ ਕਰੇਗੀ? ਬਿਲਕੁਲ ਨਹੀਂ। ਬਲਕਿ ਉਸ ਔਰਤ ਦੇ ਘਰ ਦਾ ਕੋਈ ਮਰਦ ਵਿਅਕਤੀ ਹੀ ਪੰਚਾਇਤ ਦੀਆਂ ਹੋਣ ਵਾਲੀਆਂ ਮੀਟਿੰਗਾਂ ਜਾਂ ਪਿੰਡ ਦੇ ਮਸਲਿਆਂ ਵਿੱਚ ਹਿੱਸਾ ਲਵੇਗਾ। ਇਸ ਪ੍ਰਤੀ ਆਮ ਲੋਕ ਵੀ ਇਸ ਵਰਤਾਰੇ ਨੂੰ ਆਮ ਨਜ਼ਰ ਨਾਲ ਹੀ ਦੇਖਦੇ ਨਜ਼ਰ ਆਉਂਦੇ ਹਨ। ਉਨ੍ਹਾਂ ਨੂੰ ਆਪਣੀ ਮਾਂ ਜਾਂ ਪਤਨੀ ਦੇ ਪੰਚ ਜਾਂ ਸਰਪੰਚ ਦੀ ਨਾਮਜ਼ਦਗੀ ਅਤੇ ਜਿੱਤ ਤੋਂ ਬਾਅਦ ਮਿਲੀਆਂ ਸ਼ਕਤੀਆਂ ’ਤੇ ਆਪਣਾ ਹੱਕ ਪੁਸ਼ਤੈਨੀ ਜਾਪਦਾ ਹੈ ਜਦੋਂ ਕਿ ਸੰਵਿਧਾਨਿਕ ਅਤੇ ਨੈਤਿਕਤਾ ਦੇ ਆਧਾਰ ’ਤੇ ਇਹ ਗਲਤ ਹੈ।
ਇੱਥੇ ਹੀ ਬੱਸ ਨਹੀਂ, ਕਿਸੇ ਘੱਟ ਗਿਣਤੀ, ਅਨੁਸੂਚਿਤ ਜਾਤੀ ਜਾਂ ਕਬੀਲੇ ਵਜੋਂ ਰਾਖਵੇਂਕਰਨ ਦੇ ਆਧਾਰ ’ਤੇ ਕੋਈ ਵਿਅਕਤੀ ਚੋਣ ਲੜਦਾ ਹੈ ਤਾਂ ਉਸ ਨੂੰ ਵੀ ਰਸੂਖਦਾਰ ਆਪਣੀ ਰਬੜ ਦੀ ਮੋਹਰ ਹੀ ਸਮਝਦੇ ਹਨ ਪਰ ਸਾਨੂੰ ਇਸ ਸੰਦਰਭ ਵਿੱਚ ਜਾਗਰੂਕ ਵੋਟਰ ਵਜੋਂ ਸੋਚਣ ਦੀ ਲੋੜ ਹੈ। ਜਦੋਂ ਵੀ ਪੰਚਾਇਤ ਵਿੱਚ ਪੰਚ ਲਈ ਵਾਰਡ ਜਾਂ ਸਰਪੰਚ ਲਈ ਪਿੰਡ ਕੋਈ ਔਰਤ ਔਰਤਾਂ ਲਈ ਰਾਖਵੀਂ ਉਮੀਦਵਾਰ ਵਜੋਂ ਚੋਣ ਲੜਦੀ ਹੈ, ਉਸ ਨਾਲ ਸੰਬੰਧਿਤ ਵੋਟਰ ਉਮੀਦਵਾਰ ਤੋਂ ਤਸਦੀਕ ਕਰਵਾਉਣ ਕਿ ਤੁਸੀਂ ਆਪਣੇ ਕਾਰਜਕਾਲ ਦੌਰਾਨ ਸ਼ਕਤੀਆਂ ਦੀ ਵਰਤੋਂ ਆਪ ਖ਼ੁਦ ਕਰੋਗੇ।
ਭਾਰਤੀ ਸੰਵਿਧਾਨ ਅਨੁਸਾਰ ਦੇਸ਼ ਦੇ ਹਰ ਨਾਗਰਿਕ ਨੂੰ ਬਰਾਬਰ ਦੇ ਅਧਿਕਾਰ ਪ੍ਰਾਪਤ ਹਨ, ਜਿਨ੍ਹਾਂ ਨੂੰ ਉਹ ਮਾਣਦਾ ਹੈ ਅਤੇ ਕੁਝ ਅਧਿਕਾਰ ਕਿਸੇ ਖ਼ਾਸ ਖਿੱਤੇ, ਕੌਮ ਜਾਂ ਲਿੰਗ ਨੂੰ ਸਮਾਜ ਵਿੱਚ ਬਰਾਬਰਤਾ ਹਿਤ ਰਾਖਵੇਂਕਰਨ ਵਜੋਂ ਪ੍ਰਾਪਤ ਹੋਏ ਹਨ। ਸੋ ਆਓ ਸੰਵਿਧਾਨਿਕ ਅਧਿਕਾਰਾਂ ਨੂੰ ਮਾਣਦੇ ਹੋਏ ਆਪਣੀਆਂ ਜ਼ਿੰਮੇਵਾਰੀਆਂ ਦਾ ਵੀ ਪਾਲਣ ਕਰੀਏ ਤੇ ਸਮਾਜ ਵਿੱਚ ਵਿਚਰਦਿਆਂ ਹਰੇਕ ਵਿਅਕਤੀ ਨੂੰ ਆਪਣੇ ਖੇਤਰ ਵਿੱਚ ਵਧਣ-ਫੁੱਲਣ ਦੇ ਯੋਗ ਮੌਕੇ ਪ੍ਰਦਾਨ ਕਰੀਏ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(5363)
ਰਚਨਾਵਾਂ ਸਬੰਧੀ ਆਪਣੇ ਵਿਚਾਰ ਸਾਂਝੇ ਕਰੋ: