“ਇਹ ਤਾਂ ਭਲਾ ਹੋਵੇ ਨਾਰੀਵਾਦੀ ਲਹਿਰਾਂ ਦਾ ਜਿਨ੍ਹਾਂ ਕਰਕੇ ਭਾਸ਼ਾ ਕੁਝ ਹੱਦ ਤਕ ਬਦਲੀ ਹੈ। ਉਦਾਹਰਣ ਵਜੋਂ ...”
(9 ਅਕਤੂਬਰ 2024)
ਮੁੰਬਈ ਦੀਆਂ ਦੋ ਕੁੜੀਆਂ ਨੇਹਾ ਠਾਕੁਰ ਤੇ ਤਮੰਨਾ ਮਿਸ਼ਰਾ ਨੇ ਅਨੋਖੇ ਪ੍ਰੋਜੈਕਟ ’ਤੇ ਕੰਮ ਸ਼ੁਰੂ ਕੀਤਾ - ਗਾਲ਼ਾਂ ਵਿੱਚ ਕਿਵੇਂ ਔਰਤ ਨਿਸ਼ਾਨਾ ਬਣਦੀ ਹੈ। ਇਸ ਮੁੱਖ ਭਾਵ ਨੂੰ ਲੈ ਕੇ ਇਨ੍ਹਾਂ ਕੁੜੀਆਂ ਨੇ ਲੰਮਾ ਚੌੜਾ ਗਾਲ੍ਹਾਂ ਦਾ ਇੱਕ ਸੰਗ੍ਰਹਿ ਤਿਆਰ ਕੀਤਾ ਹੈ। ਨਾਲ ਹੀ ਇਨ੍ਹਾਂ ਗਾਲ੍ਹਾਂ ਦੇ ਬਦਲ ਵੀ ਪੇਸ਼ ਕੀਤੇ ਹਨ। ਅੱਜ ਦੇ ਦੌਰ ਵਿੱਚ ਜਦੋਂ ਔਰਤ ਆਪਣੇ ਆਪ ਨੂੰ ਪੁਰਸ਼ ਦੇ ਮੇਚ ਦੀ ਹੀ ਨਹੀਂ ਬਲਕਿ ਸਮਾਜਿਕ ਕੱਦ ਕਾਠ ਵਿੱਚ ਰਤਾ ਉੱਚਾ ਹੀ ਸਮਝਦੀ ਹੈ ਤਾਂ ਗਾਲ਼ੀ ਗਲੋਚ ਦੀ ਭਾਸ਼ਾ ਵਿੱਚ ਉਸ ਨੂੰ ਬੌਣੇਪਣ ਦਾ ਅਹਿਸਾਸ ਕਰਾਇਆ ਜਾਂਦਾ ਹੈ।
ਮੁੱਢ ਕਦੀਮ ਤੋਂ ਸਮਾਜ ਵਿੱਚ ਗਾਲ੍ਹਾਂ ਦੀ ਮੌਜੂਦਗੀ ਕਿਸੇ ਨਾ ਕਿਸੇ ਰੂਪ ਵਿੱਚ ਰਹੀ ਹੈ। ਲੋਕ ਸਾਹਿਤ ਵਿੱਚ ਪਹਿਲੋਂ ਕਦੇ ਗਾਲ੍ਹਾਂ ਦੀ ਹੁੱਬ ਨਹੀਂ ਪੈਂਦੀ ਸੀ। ਲੋਕ ਗੀਤਾਂ ਵਿੱਚ ਸਿੱਠਣੀਆਂ, ਗਾਲ੍ਹਾਂ ਦਾ ਸੋਧਿਆ ਹੋਇਆ ਸੰਸਕਰਨ ਕਿਹਾ ਜਾ ਸਕਦਾ ਹੈ। ਵਿਆਹ ਸਾਹੇ ’ਤੇ ਸਿੱਠਣੀਆਂ ਮਨੋਰੰਜਕ ਰੰਗ ਭਰਦੀਆਂ ਸਨ, ਜਿਨ੍ਹਾਂ ਵਿੱਚ ਸਮਾਜਿਕ ਸਦਭਾਵ ਭਾਰੂ ਹੁੰਦਾ ਸੀ। ਕਿਸੇ ਨੂੰ ਦੁੱਖ ਪਹੁੰਚਾਉਣ ਲਈ ਨਹੀਂ, ਇੱਕ ਅਪਣੱਤ ਦੇ ਭਾਵ ਵਿੱਚੋਂ ਹੇਕ ਲਗਦੀ ਸੀ। ਅਸਲ ਵਿੱਚ ਮਨੁੱਖ ਦੀ ਭਾਸ਼ਾ ਹੀ ਉਸ ਦਾ ਦਰਪਣ ਹੁੰਦੀ ਹੈ। ਇਸੇ ਦਰਪਣ ਵਿੱਚੋਂ ਮਨੁੱਖ ਦੀ ਮਾਨਸਿਕਤਾ ਸਕੈਨ ਹੋ ਸਕਦੀ ਹੈ।
ਇੰਜ ਕਿਉਂ ਹੁੰਦਾ ਹੈ ਕਿ ਜਦੋਂ ਦੋ ਆਦਮੀ ਆਪਸ ਵਿੱਚ ਗਾਲੀ ਗਲੋਚ ’ਤੇ ਉੱਤਰਦੇ ਹਨ ਤਾਂ ਗਾਲ੍ਹਾਂ ਦੀ ਭਾਸ਼ਾ ਵਿੱਚ ਫੱਟ ਔਰਤ ਦੇ ਹੀ ਲੱਗਦੇ ਨੇ? ਨਵਾਂ ਪੋਚ ਤਾਂ ਮਜ਼ੇ ਖ਼ਾਤਰ ਗਾਲ੍ਹਾਂ ਕੱਢਣ ਨੂੰ ਸਹਿਜਤਾ ਨਾਲ ਲੈਂਦਾ ਹੈ। ਗਾਲ੍ਹਾਂ ਵਿੱਚ ਕਿਸੇ ਦੀ ਮਾਂ, ਕਿਸੇ ਦੀ ਭੈਣ ਤੇ ਕਿਸੇ ਦੀ ਧੀ ਨਿਸ਼ਾਨਾ ਬਣਦੀ ਹੈ, ਉਹ ਵੀ ਬਿਨਾਂ ਕਸੂਰੋਂ। ਇੱਕ ਦੌਰ ਸੀ ਜਦੋਂ ਗਾਲ੍ਹਾਂ ਦੀ ਭਾਸ਼ਾ ਵਿੱਚ ਸੰਜਮ ਹੁੰਦਾ ਸੀ। ਗਿੱਧੇ ਵਿੱਚ ਕੁੜੀਆਂ ਬੋਲੀ ਪਾਉਂਦੀਆਂ ਨੇ, ‘ਜੈਤੋ ਦਾ ਕਿਲਾ ਟਪਾ ’ਦੂੰ ਜੇ ਕੱਢੀ ਮਾਂ ਦੀ ਗਾਲ।’ ਅੰਦਾਜ਼ਾ ਲਾ ਲਓ ਕਿਸੇ ਜ਼ਮਾਨੇ ਵਿੱਚ ਔਰਤ ਦੇ ਚਰਿੱਤਰ ’ਤੇ ਉਂਗਲ ਉਠਾਉਣ ਲਈ ਕੱਢੀ ਗਾਲ੍ਹ ਦਾ ਖ਼ਮਿਆਜ਼ਾ ਕੀ ਹੁੰਦਾ ਸੀ। ਗਾਲ੍ਹਾਂ ਤੋਂ ਕਿਸੇ ਸਮਾਜ ਦੀ ਮਾਨਸਿਕਤਾ ਦਾ ਪਤਾ ਲਗਦਾ ਹੈ। ਦੂਜੇ ਨੂੰ ਨੀਵਾਂ ਦਿਖਾਉਣ ਅਤੇ ਆਪਣੇ ਹੰਕਾਰ ਨੂੰ ਪੱਠੇ ਪਾਉਣ ਲਈ ਗਾਲ੍ਹਾਂ ਦੀ ਵਰਤੋਂ ਹੁੰਦੀ ਹੈ। ਮਸਲਾ ਇਹ ਹੈ ਕਿ ਗਾਲ੍ਹ ਦੇ ਕੇਂਦਰ ਬਿੰਦੂ ਵਿੱਚ ਔਰਤ ਕਿਉਂ?
ਇਹ ਗਾਲ਼ੀ-ਗਲੋਚ, ਜਿਸਦੀਆਂ ਜੜ੍ਹਾਂ ਪਿੱਤਰੀਵਾਦੀ ਸੋਚ ਨਾਲ ਜੁੜੀਆਂ ਹੋਈਆਂ ਹਨ, ਦਾ ਸੰਬੰਧ ਔਰਤਾਂ ਦੀ ਹੀਣ ਭਾਵਨਾ ਅਤੇ ਜ਼ੁਲਮ ਨਾਲ ਹੈ। ਸਾਡੇ ਸਮਾਜ ਵਿੱਚ ਔਰਤ ਨੂੰ ਘਰ ਦੀ ‘ਇੱਜ਼ਤ’ ਦਾ ਪ੍ਰਤੀਕ ਮੰਨਿਆ ਜਾਂਦਾ ਹੈ ਅਤੇ ਉਨ੍ਹਾਂ ਦੀ ਹੋਂਦ ਨੂੰ ਕੁਝ ਸੀਮਤ ਰਿਸ਼ਤਿਆਂ ਵਿੱਚ ਬੰਨ੍ਹ ਦਿੱਤਾ ਗਿਆ ਹੈ, ਜਿਸ ਵਿੱਚ ਉਹ ਮਨੁੱਖ ਹੋਣ ਤੋਂ ਇਲਾਵਾ ਮਾਂ, ਭੈਣ, ਧੀ, ਪਤਨੀ ਤਕ ਸੀਮਤ ਹੈ। ਮਰਦ ਔਰਤ ਦੇ ਚਰਿੱਤਰ ਅਤੇ ਉਸਦੇ ਸਰੀਰ ਨੂੰ ਆਪਣੀ ਜਾਇਦਾਦ ਸਮਝਦਾ ਹਨ, ਜਿਸ ਨੂੰ ਸੰਭਾਲਣ ਅਤੇ ਉਸ ਅਨੁਸਾਰ ਸੁਰੱਖਿਅਤ ਕਰਨ ਦੀ ਲੋੜ ਹੈ।
ਜੇਕਰ ਇਸਦੀ ਰਾਖੀ ਕਰਨੀ ਹੈ ਤਾਂ ਔਰਤਾਂ ਨੂੰ ਘਰ ਦੀਆਂ ਦੀਵਾਰਾਂ ਦੇ ਅੰਦਰ ਰੱਖਣ ਦੀ ਪਰੰਪਰਾ ਅਪਣਾਈ ਜਾਂਦੀ ਹੈ। ਇਹ ਸੋਚ ਇਸ ਵਿਚਾਰ ਨੂੰ ਜਨਮ ਦਿੰਦੀ ਹੈ ਕਿ ਜੇ ਤੁਸੀਂ ਕਿਸੇ ਨੂੰ ਬੇਇੱਜ਼ਤ ਕਰਨਾ ਚਾਹੁੰਦੇ ਹੋ ਜਾਂ ਤੰਗ ਕਰਨਾ ਚਾਹੁੰਦੇ ਹੋ, ਤਾਂ ਉਸ ਦੇ ਘਰ ਦੀਆਂ ਔਰਤਾਂ ਨੂੰ ਗਾਲ੍ਹਾਂ ਕੱਢੋ ਅਤੇ ਉਨ੍ਹਾਂ ਦਾ ਅਪਮਾਨ ਕਰੋ। ਇਸੇ ਕਾਰਨ ਔਰਤਾਂ ਸ਼ੋਸ਼ਣ ਦਾ ਕੇਂਦਰ ਬਣ ਜਾਂਦੀਆਂ ਹਨ।
ਔਰਤਾਂ ਦੇ ਅਧਿਐਨ ਦੇ ਮਾਹਿਰ ਅਤੇ ਟਾਟਾ ਇੰਸਟੀਚਿਊਟ ਆਫ ਸੋਸ਼ਲ ਸਾਇੰਸਿਜ਼, ਹੈਦਰਾਬਾਦ ਦੀ ਪ੍ਰੋਫੈਸਰ, ਡਾ. ਲਕਸ਼ਮੀ ਲਿੰਗਮ ਦੱਸਦੇ ਹਨ ਕਿ ਇਹ ਗਾਲ੍ਹਾਂ ਇਹ ਜ਼ਾਹਿਰ ਕਰਦੀਆਂ ਹਨ ਕਿ ਸਾਡਾ ਸਮਾਜ ਔਰਤਾਂ ਨਾਲ ਕਿਵੇਂ ਪੇਸ਼ ਆਉਂਦਾ ਰਿਹਾ ਹੈ। ਇਹ ਗਾਲ੍ਹਾਂ ਇੱਕ ਸ਼ੋਸ਼ਣ ਨੂੰ ਕਾਇਮ ਰੱਖਣ ਵਿੱਚ ਮਦਦ ਕਰਦੀਆਂ ਹਨ ਤੇ ਇਹ ਔਰਤਾਂ ਦੇ ਸਰੀਰ, ਉਨ੍ਹਾਂ ਦੀ ਲਿੰਗਕਤਾ, ਅਤੇ ਇੱਥੋਂ ਤਕ ਕਿ ਉਹਨਾਂ ਦੇ ਪ੍ਰਜਨਨ ਨੂੰ ਵੀ ਨਿਯੰਤਰਿਤ ਕਰਨ ਦੀ ਕੋਸ਼ਿਸ਼ ਕਰਦੀਆਂ ਹਨ।
ਇੱਕ ਵਿਅਕਤੀ ਜਦੋਂ ਗੁੱਸੇ ਵਿੱਚ ਹੁੰਦਾ ਹੈ ਤੇ ਜਦੋਂ ਕੋਈ ਹੋਰ ਉਸ ਨੂੰ ਗਾਲ੍ਹਾਂ ਕੱਢਦਾ ਹੈ, ਇਸ ਲਈ ਨਹੀਂ ਕਿ ਉਸ ਨੂੰ ਗਾਲ੍ਹਾਂ ਵਿੱਚ ਵਰਤੇ ਗਏ ਸ਼ਬਦ ਪਸੰਦ ਨਹੀਂ ਹਨ, ਬਲਕਿ ਇਸ ਲਈ ਕਿ ਉਸ ਦੇ ਘਰ ਦੀਆਂ ਔਰਤਾਂ ਦੇ ਚਰਿੱਤਰ ਅਤੇ ਲਿੰਗਕਤਾ ਬਾਰੇ ਸਵਾਲ ਉਠਾਇਆ ਜਾ ਸਕੇ, ਜਿਨ੍ਹਾਂ ਨੂੰ ਉਹ ਆਪਣੀ ਜਾਇਦਾਦ ਮੰਨਦਾ ਹੈ। ਮਰਦ ਆਪਣੀ ਹਉਮੈ ਨੂੰ ਦੂਸਰਿਆਂ ਨੂੰ ਗਾਲ੍ਹਾਂ ਕੱਢ ਕੇ ਸੰਤੁਸ਼ਟ ਕਰਦੇ ਹਨ। ਇੱਥੇ ਹੈਰਾਨੀ ਉਦੋਂ ਵੀ ਹੁੰਦੀ ਹੈ ਜਦੋਂ ਔਰਤਾਂ ਵੀ ਬਿਨਾਂ ਕਿਸੇ ਝਿਜਕ ਦੇ ਆਪਣੀਆਂ ਮਾਵਾਂ-ਭੈਣਾਂ ਨੂੰ ਗਾਲ੍ਹਾਂ ਕੱਢਦੀਆਂ ਹਨ। ਆਖ਼ਿਰ ਉਹ ਕਿਸ ਹਉਮੈ ਨੂੰ ਸੰਤੁਸ਼ਟ ਕਰਦੀਆਂ ਹਨ।
ਅੱਜ ਦਾ ਸੋਸ਼ਲ ਮੀਡੀਆ ਦੌਰ ਵੀ ਇਨ੍ਹਾਂ ਤੋਂ ਪਿੱਛੇ ਨਹੀਂ ਰਿਹਾ। ਇਸ ਤਰ੍ਹਾਂ ਦੀ ਗ਼ਲਤ ਸ਼ਬਦਾਵਲੀ ਦੀ ਵਰਤੋਂ ਵੈੱਬ ਸੀਰੀਜ਼ ਵਿੱਚ ਵੀ ਆਮ ਹੋ ਰਹੀ ਹੈ। ਵੈੱਬ ਸੀਰੀਜ਼ ਵਿੱਚ ਗਾਲ੍ਹਾਂ ਬਹੁਤ ਆਸਾਨੀ ਨਾਲ ਵਰਤੀਆਂ ਜਾਂਦੀਆਂ ਹਨ। ਉਦਾਹਰਣ ਲਈ, YouTube ’ਤੇ ਪ੍ਰਸਿੱਧ ਕੈਰੀ ਮਿਨਾਤੀ ਵੀਡੀਓਜ਼ ਦੇਖੋ। ਇੱਕ ਵਿਅਕਤੀ ਜੋ ਕੰਟੈਂਟ ਬਣਾਉਣ ਦੇ ਨਾਮ ’ਤੇ ਸਿਰਫ਼ ਗਾਲ੍ਹਾਂ ਕੱਢਦਾ ਹੈ। ਇਸਦੇ ਸਿਖਰ ’ਤੇ ਉਸ ਦੇ ਵੀਡੀਓ ਵੀ ਵਾਇਰਲ ਹੋ ਜਾਂਦੇ ਹਨ। ਕੌਣ ਜਾਣਦਾ ਹੈ ਕਿ ਸੋਸ਼ਲ ਮੀਡੀਆ ’ਤੇ ਕਿੰਨੇ ਹੋਰ ਕੈਰੀ ਮਿਨਾਤੀ ਮੌਜੂਦ ਹਨ। ਸਮਝ ਨਹੀਂ ਆਉਂਦੀ ਕਿ ਅਜਿਹੀਆਂ ਗਾਲ੍ਹਾਂ ਸੁਣ ਕੇ ਲੋਕ ਕਿਵੇਂ ਹੱਸ ਸਕਦੇ ਹਨ। ਬਹੁਤ ਸਾਰੇ ਲੋਕ ਇਸ ਨੂੰ ਜਾਇਜ਼ ਠਹਿਰਾਉਂਦੇ ਹਨ ਕਿ ਗਾਲ੍ਹਾਂ ਵੀ ਪ੍ਰਗਟਾਵੇ ਦਾ ਇੱਕ ਮਾਧਿਅਮ ਹਨ।
“ਮਰਦ ਦੇ ਸੀਨੇ ਵਿੱਚ ਦਰਦ ਨਹੀਂ, ਤੂੰ ਕੁੜੀਆਂ ਵਾਂਗ ਕਿਉਂ ਰੋ ਰਹੀ ਹੈਂ” ਵਰਗੀਆਂ ਉਦਾਹਰਣਾਂ ਸਾਡੇ ਵਿਵਹਾਰ ਦਾ ਹਿੱਸਾ ਬਣ ਗਈਆਂ ਹਨ। ਜੇਕਰ ਕੋਈ ਚੀਜ਼ ਕਮਜ਼ੋਰ, ਨਰਮ ਅਤੇ ਛੋਟੀ ਹੈ ਤਾਂ ਉਹ ਇਸਤਰੀ ਲਿੰਗ ਦੀ ਸ਼੍ਰੇਣੀ ਵਿੱਚ ਆਉਂਦੀ ਹੈ। ਹੁਣ ਤਕ ਰਾਸ਼ਟਰਪਤੀ, ਪ੍ਰਧਾਨ ਮੰਤਰੀ ਵਰਗੇ ਸ਼ਬਦਾਂ ਦੇ ਬਰਾਬਰ ਕੋਈ ਵੀ ਇਸਤਰੀ ਜਾਂ ਲਿੰਗ ਨਿਰਪੱਖ ਸ਼ਬਦ ਦੀ ਖੋਜ ਨਹੀਂ ਕੀਤੀ ਗਈ ਹੈ। ਜਾਪਦਾ ਹੈ ਕਿ ਇਹ ਕਦੇ ਸੋਚਿਆ ਵੀ ਨਹੀਂ ਗਿਆ ਸੀ ਕਿ ਕਿਊਰੀ ਭਾਈਚਾਰੇ ਦੀ ਕੋਈ ਔਰਤ ਜਾਂ ਕੋਈ ਵਿਅਕਤੀ ਰਾਸ਼ਟਰਪਤੀ ਅਤੇ ਪ੍ਰਧਾਨ ਮੰਤਰੀ ਵਰਗੇ ਅਹੁਦਿਆਂ ’ਤੇ ਕਾਬਜ਼ ਹੋ ਸਕਦੇ ਹੈ।
ਇਹ ਤਾਂ ਭਲਾ ਹੋਵੇ ਨਾਰੀਵਾਦੀ ਲਹਿਰਾਂ ਦਾ ਜਿਨ੍ਹਾਂ ਕਰਕੇ ਭਾਸ਼ਾ ਕੁਝ ਹੱਦ ਤਕ ਬਦਲੀ ਹੈ। ਉਦਾਹਰਣ ਵਜੋਂ ਅੰਗਰੇਜ਼ੀ ਵਿੱਚ ਚੇਅਰਮੈਨ ਦੀ ਥਾਂ ਚੇਅਰਪਰਸਨ ਵਰਗੇ ਸ਼ਬਦ ਪ੍ਰਚਲਿਤ ਹੋਏ ਹਨ। ਜੇਕਰ ਅਸੀਂ ਸਮਾਜ ਵਿੱਚ ਬਦਲਾਅ ਲਿਆਉਣਾ ਚਾਹੁੰਦੇ ਹਾਂ ਤਾਂ ਸਾਨੂੰ ਭਾਸ਼ਾ ਤੋਂ ਸ਼ੁਰੂਆਤ ਕਰਨੀ ਪਵੇਗੀ।
ਰਸੂਲ ਹਮਜ਼ਾਤੋਵ ‘ਮੇਰਾ ਦਾਗ਼ਿਸਤਾਨ’ ਵਿੱਚ ਲਿਖਦਾ ਹੈ ਕਿ ਜੇਕਰ ਕਿਸੇ ਨੂੰ ਬਦ ਦੁਆ ਦੇਣੀ ਹੋਵੇ ਤਾਂ ਕਹੋ ‘ਰੱਬ ਕਰੇ ਤੈਨੂੰ ਤੇਰੀ ਮਾਂ ਬੋਲੀ ਭੁੱਲ ਜਾਵੇ।‘ ਇਹ ਭਾਸ਼ਾ ਦਾ ਸੁਹੱਪਣ ਹੈ, ਉਸ ਪ੍ਰਤੀ ਮੋਹ ਦਾ ਪ੍ਰਗਟਾਅ ਵੀ। ਇਵੇਂ ਗਾਲ੍ਹਾਂ ਦਾ ਸ਼ਾਕਾਹਾਰੀ ਬਦਲ ਵੀ ਮੌਜੂਦ ਹੈ ਪ੍ਰੰਤੂ ਮਾਸਾਹਾਰੀ ਇਸ ਨੂੰ ਪਸੰਦ ਨਹੀਂ ਕਰਦੇ। ਸਿੱਠਣੀਆਂ ਵਰਗੀਆਂ ਗਾਲ੍ਹਾਂ ਨਾਲ ਵੀ ਮਨੁੱਖ ਦਾ ਅੰਦਰਲਾ ਹਲੂਣਿਆ ਜਾ ਸਕਦਾ ਹੈ।
ਜਿਵੇਂ ਜਾਤੀਗਤ ਸ਼ਬਦ ਬੋਲਣ ’ਤੇ ਪਾਬੰਦੀ ਹੈ, ਉਸੇ ਤਰ੍ਹਾਂ ਇਨ੍ਹਾਂ ਔਰਤਾਂ ਵਿਰੋਧੀ ਗਾਲ੍ਹਾਂ ’ਤੇ ਵੀ ਸਮਾਜਿਕ ਸੈਂਸਰਸ਼ਿੱਪ ਹੋਣੀ ਚਾਹੀਦੀ ਹੈ ਅਤੇ ਕਾਨੂੰਨੀ ਸ਼ਿਕੰਜਾ ਵੀ। ਅਜਿਹੀ ਸਥਿਤੀ ਵਿੱਚ ਲੋੜ ਹੈ ਕਿ ਅਸੀਂ ਆਪਣੀ ਭਾਸ਼ਾ ਨੂੰ ਸੁਧਾਰੀਏ ਅਤੇ ਭਵਿੱਖ ਨੂੰ ਸੁਧਾਰਨ ਲਈ ਆਪਣੀ ਭੂਮਿਕਾ ਨਿਭਾਈਏ।
* * * * *
ਬੀਬਾ ਸ਼ਮੀਲਾ ਖਾਨ --- ਬਲਵਿੰਦਰ ਸਿੰਘ ਭੁੱਲਰ
ਬੀਬਾ ਸ਼ਮੀਲਾ ਖਾਨ, ਸਰੋਕਾਰ ਕੈਨੇਡਾ ਵਿੱਚ ਤੁਹਾਡਾ ਆਰਟੀਕਲ ‘ਗਾਲੀ ਗਲੋਚ ਵਾਲੀ ਭਾਸ਼ਾ ਬਨਾਮ ਔਰਤਾਂ ਨਾਲ ਵਧੀਕੀ’ ਪੜ੍ਹਿਆ। ਇਹ ਪੜ੍ਹਦਿਆਂ ਮਨ ਨੂੰ ਬਹੁਤ ਸਕੂਨ ਮਿਲਿਆ।ਤੁਹਾਡਾ ਚੁਣਿਆ ਵਿਸ਼ਾ ਬਹੁਤ ਸ਼ਾਨਦਾਰ ਹੈ ਅਤੇ ਉਸ ’ਤੇ ਪ੍ਰਗਟ ਕੀਤੇ ਤੁਹਾਡੇ ਵਿਚਾਰ ਵੀ ਬਹੁਤ ਖੂਬਸੂਰਤ ਹਨ। ਅੱਜ ਲੋੜ ਹੈ ਇਸ ਵਿਸ਼ੇ ’ਤੇ ਖੁਲ੍ਹੀ ਚਰਚਾ ਕਰਨ ਦੀ। ਮਰਦ ਖੁਸ਼ੀ ਵਿੱਚ ਵੀ ਔਰਤ ਨੂੰ ਨਿਸ਼ਾਨਾ ਬਣਾਉਂਦੇ ਹਨ ਅਤੇ ਜੇ ਗੁੱਸੇ ਵਿੱਚ ਹੋਣ ਤਦ ਵੀ ਮੰਦਾ ਔਰਤ ਬਾਰੇ ਹੀ ਬੋਲਿਆ ਜਾਂਦਾ ਹੈ। ਮੈਨੂੰ ਪਰਤੱਖ ਤੌਰ ’ਤੇ ਇੱਕ ਵਾਰ ਇਸ ਵਿਸ਼ੇ ਅੰਦਰਲੇ ਪ੍ਰਗਟਾਅ ਬਾਰੇ ਵੇਖਣ ਸੁਣਨ ਦਾ ਮੌਕਾ ਮਿਲਿਆ ਸੀ, ਜਿਸ ਨੇ ਮੈਨੂੰ ਹਲੂਣ ਦਿੱਤਾ ਸੀ। ਮੈਂ ਬਹੁਤ ਲੋਕਾਂ ਨਾਲ ਇਸ ਘਟਨਾ ਬਾਰੇ ਗੱਲ ਵੀ ਕੀਤੀ ਸੀ। ਘਟਨਾ ਸੀ ਕਿ ਇੱਕ ਘਰ ਵਿੱਚ ਪਿਓ ਪੁੱਤ ਤੇ ਧੀ ਸਨ, ਪਿਓ ਪੁੱਤ ਦੀ ਕਿਸੇ ਗੱਲ ਤੋਂ ਲੜਾਈ ਹੋ ਗਈ, ਜੋ ਕਾਫ਼ੀ ਵਧ ਗਈ। ਪਿਓ ਆਪਣੇ ਪੁੱਤਰ ਨੂੰ ਭੈਣ ਦੀ ਨਾ ਸੁਣੇ ਜਾਣ ਵਾਲੀ ਅਤੀ ਬੁਰੀ ਗਾਲ ਦੇ ਰਿਹਾ ਸੀ। ਪੁੱਤ ਆਪਣੇ ਪਿਓ ਨੂੰ ਧੀ ਦੀ ਗਾਲ ਦੇ ਰਿਹਾ ਸੀ। ਦੋਵਾਂ ਦੀ ਲੜਾਈ ਵਿੱਚ ਨਿਸ਼ਾਨਾ ਘਰ ਦੀ ਧੀ ਬਣ ਰਹੀ ਸੀ। ਆਖ਼ਰ ਉਹ ਅਜਿਹਾ ਬਰਦਾਸਤ ਨਾ ਕਰ ਸਕੀ ਤੇ ਉਸਨੇ ਗੁੱਸੇ ਵਿੱਚ ਇਤਰਾਜ਼ ਕੀਤਾ। ਜੋ ਸ਼ਬਦ ਪਿਓ ਪੁੱਤਰ ਭਾਵ ਆਪਣੇ ਬਾਪ ਤੇ ਭਰਾ ਨੂੰ ਕਹੇ, ਉਹ ਮੈਂ ਲਿਖ ਤਾਂ ਨਹੀਂ ਸਕਦਾ ਪਰ ਉਸਦਾ ਭਾਵ ਅਰਥ ਸੀ ਕਿ ਲੜ ਤੁਸੀਂ ਰਹੇ ਹੋ ਅਤੇ ਬਲਾਤਕਾਰ ਮੇਰਾ ਕਰ ਰਹੇ ਹੋ। ਇਹ ਘਟਨਾ ਕਰੀਬ ਦਸ ਸਾਲ ਪਹਿਲਾਂ ਦੀ ਹੈ, ਜੋ ਮੈਂ ਭੁਲਾ ਨਹੀਂ ਸਕਿਆ ਅਤੇ ਨਾ ਹੀ ਭੁਲਾ ਸਕਾਂਗਾ। ਅੱਜ ਤੁਹਾਡਾ ਆਰਟੀਕਲ ਪੜ੍ਹ ਕੇ ਉਹ ਘਟਨਾ ਫੇਰ ਮੇਰੀਆਂ ਅੱਖਾਂ ਸਾਹਮਣੇ ਆ ਗਈ।
ਤੁਸੀਂ ਬਹੁਤ ਅਹਿਮ ਵਿਸ਼ੇ ’ਤੇ ਗੱਲ ਸੁਰੂ ਕੀਤੀ ਹੈ, ਇਸ ਤੇ ਵੱਡੇ ਪੱਧਰ ਤੇ ਚਰਚਾ ਛਿੜਨੀ ਚਾਹੀਦੀ ਹੈ ਅਤੇ ਅਜਿਹੀਆਂ ਗਾਲ੍ਹਾਂ ’ਤੇ ਰੋਕ ਲਾਉਣ ਲਈ ਬੁੱਧੀਜੀਵੀਆਂ ਅਤੇ ਸਰਕਾਰਾਂ ਨੂੰ ਕਦਮ ਚੁੱਕਣੇ ਚਾਹੀਦੇ ਹਨ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(5346)
ਰਚਨਾਵਾਂ ਸਬੰਧੀ ਆਪਣੇ ਵਿਚਾਰ ਸਾਂਝੇ ਕਰੋ: This email address is being protected from spambots. You need JavaScript enabled to view it.