SantokhSBhullar7ਗੁਰਨਾਮ ਢਿੱਲੋਂ ਹੁਰੀਂ ਇੱਕ ਕਵੀ ਹੋਣ ਦੇ ਨਾਲ-ਨਾਲ ਉੱਚ ਕੋਟੀ ਦੇ ਵਾਰਤਾਕਾਰ ਵੀ ਹਨ। ਇਸ ਗੱਲ ਵਿੱਚ ਕੋਈ ਦੋ ਰਾਵਾਂ ...GurnamDhillon7
(5 ਅਕਤੂਬਰ 2024)


GurnamDhillonBookSuraj1ਪ੍ਰਗਤੀਵਾਦੀ ਸੁਰ ਦੇ ਬਰਤਾਨਵੀ ਸਾਹਿਤਕਾਰ ਗੁਰਨਾਮ ਢਿੱਲੋਂ ਕਿਸੇ ਜਾਣ ਪਛਾਣ ਦੇ ਮੁਹਤਾਜ ਨਹੀਂ
ਹਾਲ ਹੀ ਵਿੱਚ ਢਿੱਲੋਂ ਹੁਰਾਂ ਦੀਆਂ ਮੈਨੂੰ ਦੋ ਪੁਸਤਕਾਂ ‘ਜੂਝਦੇ ਸੂਰਜਕਾਵਿ ਸੰਗ੍ਰਹਿ ਅਤੇ ‘ਓੜਕਿ ਸਚਿ ਰਹੀਜੀਵਨੀ ਮੂਲਕ ਨਿਬੰਧਾਂ ਦੀ ਵਾਰਤਕ ਪੁਸਤਕ, ਪ੍ਰਾਪਤ ਹੋਈਆਂ ਹਨ, ਜਿਸ ਵਾਸਤੇ ਮੈਂ ਢਿੱਲੋਂ ਹੁਰਾਂ ਦਾ ਤਹਿ ਦਿਲੋਂ ਧੰਨਵਾਦੀ ਹਾਂਮੇਰੇ ਇਸ ਨਿਬੰਧ ਦਾ ਆਧਾਰ ਵੀ ਇਹ ਦੋ ਪੁਸਤਕਾਂ ਹਨਜੇਕਰ ਗੁਰਨਾਮ ਢਿੱਲੋਂ ਹੁਰਾਂ ਦੇ ਸਾਹਿਤਕ ਸਫ਼ਰ ਦੀ ਗੱਲ ਕਰੀਏ ਤਾਂ ਉਸ ਨੇ 1970 ਵਿੱਚ ਆਪਣੇ ਪਹਿਲੇ ਕਾਵਿ ਸੰਗ੍ਰਹਿ ‘ਅੱਗ ਦੇ ਬੀਜਨਾਲ ਸਾਹਿਤ ਜਗਤ ਵਿੱਚ ਪ੍ਰਵੇਸ਼ ਕੀਤਾ ਸੀਢਿੱਲੋਂ ਹੁਰੀਂ ਪਹਿਲਾਂ ਪੰਜਾਬ ਵਿੱਚ ਗੁਰਨਾਮ ‘ਕੰਵਲਦੇ ਨਾਂ ਹੇਠ ਸਾਹਿਤ ਸਿਰਜਣਾ ਕਰਦੇ ਸਨ

ਢਿੱਲੋਂ ਹੁਰੀਂ ਆਪਣੀਆਂ ਰਚਨਾਵਾਂ ਵਿੱਚ ਸਮਾਜਿਕ, ਆਰਥਿਕ, ਸੱਭਿਆਚਾਰਕ ਅਤੇ ਰਾਜਨੀਤਕ ਵਿਸ਼ਿਆਂ ਦੇ ਨਾਲ ਨਾਲ ਮਜ਼ਦੂਰ ਵਰਗ ਦੀਆਂ ਸਮੱਸਿਆਵਾਂ ਨੂੰ ਚੁਣਦੇ ਹਨਢਿੱਲੋਂ ਹੁਰਾਂ ਦੀ ਕਵਿਤਾ ਬਾਰੇ ਪ੍ਰੋ. ਸੁਖਦੇਵ ਸਿੰਘ ਸਿਰਸਾ ਲਿਖਦੇ ਹਨ, ‘ਪ੍ਰਗਤੀਵਾਦੀ ਵਿਚਾਰਾਂ ਨੂੰ ਸਮਰਪਿਤ ਰਾਜਸੀ ਕਾਰਕੁਨ ਹੋਣ ਕਰਕੇ ਢਿੱਲੋਂ ਨੇ ਵਿਸ਼ਵ ਦੇ ਰਾਜਸੀ ਮੰਜ਼ਰ ਉੱਤੇ ਪੇਸ਼-ਪੇਸ਼ ਸਵਾਲਾਂ ਨੂੰ ਕੋਰੇ ਰਾਜਸੀ ਸੂਤਰਾਂ ਅਤੇ ਬੌਧਿਕ ਭਾਵ ਪੰਡਤਾਊ ਲਹਿਜ਼ੇ ਵਿੱਚ ਪੇਸ਼ ਕਰਨ ਦੀ ਥਾਂ ਸੱਭਿਆਚਾਰਕ ਮੁਹਾਵਰੇ ਦੀ ਪੁੱਠ ਦੇ ਕੇ ਨਵੀਂ ਕਾਵਿ ਭਾਸ਼ਾ ਸਿਰਜੀ ਹੈ

ਪੁਸਤਕ ‘ਅੱਗ ਦੇ ਬੀਜਤੋਂ ਬਾਅਦ ਢਿੱਲੋਂ ਹੁਰਾਂ ਪੰਜਾਬੀ ਪਾਠਕਾਂ ਵਾਸਤੇ ਜਿਹੜੀਆਂ ਹੋਰ ਪੁਸਤਕਾਂ ਪ੍ਰਕਾਸ਼ਿਤ ਕਰਵਾਈਆਂ, ਉਨ੍ਹਾਂ ਵਿੱਚ ‘ਹੱਥ ਤੇ ਹਥਿਆਰ’ ‘ਤੇਰੇ ਨਾਂ ਦਾ ਮੌਸਮ’, ‘ਤੂੰ ਕੀ ਜਾਣੇ’ ‘ਸਮਰਪਿਤ’, ‘ਤੇਰੀ ਮੁਹੱਬਤ’, ‘ਦਰਦ ਦੇ ਰੰਗ’ ‘ਲੋਕ ਸ਼ਕਤੀ’ ‘ਦਰਦ ਦਾ ਦਰਿਆ’, ‘ਦਰਿਆ ਦੀ ਗੂੰਜ’, ‘ਦਰਦ ਦੀ ਲਾਟ,ਨਗਾਰਾਅਤੇਜੂਝਦੇ ਸੂਰਜਕਾਵਿ ਸੰਗ੍ਰਹਿ, ‘ਓੜਕਿ ਸਚਿ ਰਹੀ’ (ਵਾਰਤਕ) ਅਤੇ ਇੱਕ ਆਲੋਚਨਾ ਦੀ ਪੁਸਤਕ ‘ਸਮਕਾਲੀ ਪੰਜਾਬੀ ਕਾਵਿ ਸਿਧਾਂਤਕ ਪਰਿਪੇਖ’ ਸ਼ਾਮਲ ਹਨ

ਢਿੱਲੋਂ ਹੁਰੀਂ ਆਪਣੀ ਪੁਸਤਕ ‘ਓੜਕਿ ਸਚਿ ਰਹੀਦੇ ਸਫ਼ਾ 9 ਉੱਪਰ ਲਿਖਦੇ ਹਨ, ‘ਬਹੁਤ ਸਾਰੇ ਸੱਜਣ, ਮਿੱਤਰ ਮੈਨੂੰ ਸਵੈ-ਜੀਵਨੀ ਲਿਖਣ ਨੂੰ ਕਹਿੰਦੇ ਹਨ ਪਰ ਆਪਣੇ ਬਾਰੇ ਲਿਖਣਾ/ਲਿਖਵਾਉਣਾ ਖਾਕਸਾਰ ਨੂੰ ਜ਼ਹਿਰ ਵਿਖਾਈ ਦਿੰਦਾ ਹੈਜਦੋਂ ਮੈਂ ਪੁੱਛਦਾ ਹਾਂ, “ਕਿਉਂ ਲਿਖਾਂ?” ਉਨ੍ਹਾਂ ਦਾ ਬੜਾ ਸਿੱਧਾ ਜਵਾਬ ਹੁੰਦਾ, “ਅੱਜ ਕੱਲ੍ਹ ਇਸਦਾ ਰਿਵਾਜ਼ ਹੈ।”

ਮੈਂਨੂੰ ਗੁਰਨਾਮ ਢਿੱਲੋਂ ਦੀ ਇਹ ਗੱਲ ਬਿਲਕੁਲ ਸਹੀ ਜਾਪਦੀ ਹੈ ਕਿਉਂਕਿ ਕੁਝ ਲੇਖਕਾਂ ਦੀ ਸਵੈ-ਜੀਵਨੀ ਵਿੱਚ ਸਮਾਜ ਨੂੰ ਸੇਧ ਦੇਣ ਲਈ ਕੁਝ ਵੀ ਨਹੀਂ ਹੁੰਦਾ ਅਤੇ ਕੁਝ ਲੇਖਕ ਉਹ ਗੱਲਾਂ ਲਿਖ ਦਿੰਦੇ ਹਨ, ਜਿਨ੍ਹਾਂ ਦਾ ਸਾਡੇ ਜੀਵਨ ਜਾਂ ਸਮਾਜ ਨਾਲ ਕੋਈ ਸੰਬੰਧ ਹੀ ਨਹੀਂ ਹੁੰਦਾ

ਖ਼ੈਰ! ਢਿੱਲੋਂ ਹੁਰਾਂ ਦੀਆਂ ਇਨ੍ਹਾਂ ਦੋਵੇਂ ਪੁਸਤਕਾਂ ਦਾ ਅਧਿਐਨ ਕਰਨ ਪਿੱਛੋਂ ਪਤਾ ਚਲਦਾ ਹੈ ਕਿ ਲੇਖਕ ਮਾਰਕਸਵਾਦੀ ਸੋਚ ਦਾ ਧਾਰਨੀ ਹੈ ਅਤੇ ਤੰਦਰੁਸਤ ਸਮਾਜ ਦੀ ਸਿਰਜਣਾ ਕਰਨ ਦਾ ਇੱਛੁਕ ਹੈਇਸੇ ਕਰਕੇ ਲੇਖਕ ਬਰਤਾਨੀਆ ਦੀ ਤੇਜ਼ ਰਫ਼ਤਾਰ ਜ਼ਿੰਦਗੀ ਵਿੱਚੋਂ ਆਪਣਾ ਕੀਮਤੀ ਸਮਾਂ ਕੱਢਕੇ ਲੋਕਾਂ ਨੂੰ ਜਾਗਰੂਕ ਕਰਨ ਲਈ ਸਮਾਜਿਕ ਸਮੱਸਿਆਵਾਂ ਨਾਲ ਸੰਬੰਧਿਤ ਰਚਨਾਵਾਂ, ਲੇਖ ਆਦਿ ਲਿਖਣਾ ਆਪਣਾ ਫਰਜ਼ ਸਮਝਦਾ ਹੈਢਿੱਲੋਂ ਹੁਰਾਂ ਦੀਆਂ ਰਚਨਾਵਾਂ ਪ੍ਰੇਰਨਾ ਸਰੋਤ ਵੀ ਹਨਉਹ ਇਸਤਰੀ ਜਾਤੀ ਨਾਲ ਹੁੰਦੇ ਆ ਰਹੇ ਅਨਿਆਂ ਦੇ ਖਿਲਾਫ਼ ਹੈ ਅਤੇ ਔਰਤ ਨੂੰ ਮਰਦਾਂ ਦੇ ਬਰਾਬਰ ਅਧਿਕਾਰ ਦੇਣ ਦੀ ਮੰਗ ਕਰਦਾ ਹੈਕਵੀ ਦਾ ਜ਼ਿੰਦਗੀ ਪ੍ਰਤੀ ਨਜ਼ਰੀਆ ਬਹੁਤ ਸਪਸ਼ਟ ਹੈ ਅਤੇ ਇਸੇ ਕਰਕੇ ਉਹ ਆਪਣੀਆਂ ਰਚਨਾਵਾਂ ਰਾਹੀਂ ਅਜੋਕੇ ਨਿਜ਼ਾਮ ਵਿੱਚ ਲੁੱਟ ਖਸੁੱਟ ਦੇ ਸ਼ਿਕਾਰ ਲੋਕਾਂ ਦੇ ਹਿਤਾਂ ਵਿੱਚ ਆਵਾਜ਼ ਵੀ ਉਠਾਉਂਦਾ ਹੈਇਹ ਵੀ ਕਿਹਾ ਜਾ ਸਕਦਾ ਹੈ ਕਿ ਉਸ ਦੀ ਆਤਮਾ ਪਾਸੋਂ ਕਿਰਤੀ ਵਰਗ ਦਾ ਦੁੱਖ ਵੇਖਿਆ ਨਹੀਂ ਜਾਂਦਾ ਅਤੇ ਉਸ ਦੀਆਂ ਲਿਖਤਾਂ ਦੇ ਪਾਤਰ ਨਿਧੜਕ ਹੋ ਕੇ ਹੱਕਾਂ ਵਾਸਤੇ ਅੰਦੋਲਨ ਲਈ ਪ੍ਰੇਰਨਾ ਦਿੰਦੇ ਹਨ

GurnamDhillonBook Orak3ਪੁਸਤਕ ਨੂੰ ਪੜ੍ਹਦਿਆਂ ਮਹਿਸੂਸ ਹੁੰਦਾ ਹੈ ਕਿ ਗੁਰਨਾਮ ਢਿੱਲੋਂ ਹੁਰਾਂ ਇਹ ਕਿਤਾਬ ‘ਓੜਕਿ ਸਚਿ ਰਹੀਆਪਣੇ ਲਿਖਣ ਦੇ ਸ਼ੌਕ ਨੂੰ ਪੂਰਾ ਕਰਨ ਵਾਸਤੇ ਨਹੀਂ ਸਗੋਂ ਖ਼ਾਸ ਕਰਕੇ ਸਾਹਿਤਕਾਰਾਂ ਦੀਆਂ ਕੁਝ ਕਮਜ਼ੋਰੀਆਂ ਅਤੇ ਅਹਿਮ ਘਟਨਾਵਾਂ ਨੂੰ ਪਾਠਕਾਂ ਸਾਹਮਣੇ ਉਜਾਗਰ ਕਰਨ ਵਾਸਤੇ ਲਿਖੀ ਹੈਮੈਂ ਗੁਰਨਾਮ ਢਿੱਲੋਂ ਹੁਰਾਂ ਦੀਆਂ ਇਨ੍ਹਾਂ ਦੋਵਾ ਪੁਸਤਕਾਂ ਨੂੰ ਪੂਰੇ ਧਿਆਨ ਪੜ੍ਹਿਆ ਹੈ, ਅਨੰਦ ਮਾਣਿਆ ਹੈ। ਇਨ੍ਹਾਂ ਦੀ ਲਿਖਣ ਸ਼ੈਲੀ ਨੇ ਮੈਨੂੰ ਪ੍ਰਭਾਵਿਤ ਵੀ ਕੀਤਾ ਹੈਮੈਂ ਲੇਖਕ ਦੇ ਉਨ੍ਹਾਂ ਸਾਰੇ ਵਿਚਾਰਾਂ ਦੀ ਪ੍ਰੋੜ੍ਹਤਾ ਵੀ ਕਰਦਾ ਹਾਂ, ਜਿਹੜੇ ਸਾਡੇ ਸਮਾਜ ਨੂੰ ਨਰੋਈ ਸੇਧ ਦਿੰਦੇ ਹਨਇਹ ਪੁਸਤਕ ਇੰਗਲੈਂਡ ਵਿੱਚ ਰਹਿੰਦੇ ਪਹਿਲੀ ਪੀੜ੍ਹੀ ਦੇ ਲੇਖਕਾਂ ਨਾਲ ਸੰਬੰਧਿਤ ਹੋਣ ਕਰਕੇ ਸਾਰੇ ਬਰਤਾਨਵੀ ਸਾਹਿਤਕਾਰਾਂ ਨੂੰ ਜ਼ਰੂਰ ਪੜ੍ਹਨੀ ਚਾਹੀਦੀ ਹੈ, ਕਿਉਂਕਿ ਅਜੋਕੇ ਸਾਹਿਤਕਾਰ ਵੀ ਪੰਜਾਬੀ ਬੋਲੀ ਦੇ ਪ੍ਰਚਾਰ ਦੇ ਨਾਂ ਹੇਠ ਆਪਣੀ ਖੁਦ ਦੀ ਮਸ਼ਹੂਰੀ ਵਾਸਤੇ ਕਾਫ਼ੀ ਗੱਲਾਂ ਪਹਿਲੇ ਲੇਖਕਾਂ ਦੀ ਤਰ੍ਹਾਂ ਹੀ ਕਰ ਰਹੇ ਹਨਗੁਰਨਾਮ ਢਿੱਲੋਂ ਪਾਸ ਭਾਵੇਂ ਆਪਣੇ ਸਮੇਂ ਦੇ ਸਾਹਿਤਕਾਰਾਂ ਦੇ ਸਾਹਿਤਕ ਗੁਣਾਂ ਔਗੁਣਾਂ ਬਾਰੇ ਪੂਰਨ ਜਾਣਕਾਰੀ ਹੈ ਪਰ ਉਸ ਨੇ ਫਿਰ ਵੀ ਬੜੀ ਸਿਆਣਪ ਨਾਲ ਕਿਸੇ ਵੀ ਸ਼ਖ਼ਸ ਦਾ ਅਕਸ ਧੁੰਦਲਾ ਨਹੀਂ ਹੋਣ ਦਿੱਤਾਢਿੱਲੋਂ ਹੁਰਾਂ ਜਿੱਥੇ ਲੇਖਕਾਂ ਦੀਆਂ ਕਮਜ਼ੋਰੀਆਂ ਨੂੰ ਅਣਗੌਲਿਆ ਕੀਤਾ ਹੈ, ਫਿਰ ਵੀ ਆਪਣੇ ਦਿਲ ਦੀ ਗੱਲ ਵੀ ਇਸ਼ਾਰੇ ਨਾਲ ਪਾਠਕਾਂ ਵਾਸਤੇ ਲਿਖ ਦਿੱਤੀ ਹੈ

ਇਸ ਕਿਤਾਬ ਬਾਰੇ ਪ੍ਰਸਿੱਧ ਕਹਾਣੀਕਾਰ ਵਰਿਆਮ ਸਿੰਘ ਸੰਧੂ ਹੁਰੀਂ ਲਿਖਦੇ ਹਨ ਕਿ ‘ਇਸ ਪੁਸਤਕ ਵਿੱਚ ਗੁਰਨਾਮ ਢਿੱਲੋਂ ਨੇ ਜਿੱਥੇ ਆਪਣੇ ਕਾਵਿ-ਸਫ਼ਰ ਦਾ ਸੰਖੇਪ ਜ਼ਿਕਰ ਕੀਤਾ ਹੈ, ਉੱਥੇ ਉਸ ਨੇ ਬਰਤਾਨੀਆ ਵਿੱਚ ਉਸਾਰੀ ਸਾਹਿਤਕ ਲਹਿਰ ਦੇ ਇਤਿਹਾਸ ਨੂੰ ਪੇਸ਼ ਕਰਦਿਆਂ ਇਸ ਵਿੱਚ ਆਪਣੀ ਸਾਰਥਿਕ ਭਾਈਵਾਲੀ ਦਾ ਸੰਤੁਲਨ ਬਿਆਨ ਵੀ ਕੀਤਾ ਹੈਸਮਕਾਲੀ ਬਰਤਾਨਵੀ ਲੇਖਕਾਂ ਬਾਰੇ ਉਹਦੀਆਂ ਆਲੋਚਨਾਤਮਕ ਟਿੱਪਣੀਆਂ ਵਿੱਚੋਂ ਉਸ ਦੀ ਆਲੋਚਨਾਤਮਕ ਪ੍ਰਤਿਭਾ ਦਾ ਜਲਵਾ ਵੇਖਣ ਨੂੰ ਮਿਲਦਾ ਹੈਇਸ ਰਚਨਾ ਵਿੱਚ ਬਰਤਾਨੀਆ ਦੇ ਸਾਹਿਤਕ-ਇਤਿਹਾਸ ਦਾ ਦਸਤਾਵੇਜ਼ੀ ਚਿਤਰਣ ਹੈ।’ ਵਰਿਆਮ ਸਿੰਘ ਸੰਧੂ ਇਹ ਵੀ ਲਿਖਦੇ ਹਨ ਕਿ ‘ਬਰਤਾਨਵੀ ਸਾਹਿਤ ਤੇ ਸਾਹਿਤਕਾਰਾਂ ਦੇ ਇਤਿਹਾਸ ਦੇ ਖੋਜੀਆਂ ਲਈ ਇਹ ਪੁਸਤਕ ਪ੍ਰਮਾਣਿਕ ਸ੍ਰੋਤ ਦਾ ਸਾਧਨ ਬਣ ਸਕਦੀ ਹੈ।’

ਗੁਰਨਾਮ ਢਿੱਲੋਂ ਇਸ ਪੁਸਤਕ ਵਿੱਚ ਆਪਣੇ ਬਚਪਨ ਦੀਆਂ ਤਿੰਨ ਅਹਿਮ ਘਟਨਾਵਾਂ ‘ਕੋਠੇ ਤੋਂ ਡਿਗਣਾ’ ‘ਸਕੂਲ ਵਿੱਚ ਦਾਖਲਾਅਤੇ ਬਿਆਸ ਦਰਿਆ ਦੇ ਰੇਲਵੇ ਪੁਲ ਹੇਠ ਜਾ ਕੇ ਵੇਖਣ ਦੇ ਨਜ਼ਾਰੇ ਦਾ ਜ਼ਿਕਰ ਬਹੁਤ ਸੁੰਦਰ ਸ਼ਬਦਾਵਲੀ ਵਿੱਚ ਕਰਦਾ ਹੈਇਨ੍ਹਾਂ ਘਟਨਾਵਾਂ ਨੂੰ ਪੜ੍ਹਦਿਆਂ ਪਤਾ ਚਲਦਾ ਹੈ ਕਿ ਗੁਰਨਾਮ ਸਿੰਘ ਢਿੱਲੋਂ ਪੰਜਾਬ ਤੋਂ ਮੇਰੇ ਗੁਆਂਢ ਬਿਆਸ ਦਰਿਆ ਕਿਨਾਰੇ ਵਸਦੇ ਬਿਸਤ ਦੁਆਬ ਦੇ ਪਿੰਡ ਢਿਲਵਾਂ ਦਾ ਵਸਨੀਕ ਹੈਲੇਖਕ ਸਫ਼ਾ 46 ਉੱਪਰ ‘ਭਾਰਤ ਵਿੱਚ ਨੌਕਰੀ ਅਤੇ ਪ੍ਰਵਾਸ ਦੀ ਤਿਆਰੀਦੇ ਸਿਰਲੇਖ ਹੇਠ ਲਿਖਦਾ ਹੈ ਕਿ ਉਹ ਚੜ੍ਹਦੀ ਉਮਰੇ ਆਪਣੇ ਚੰਗੇ ਭਵਿੱਖ ਦੀ ਆਸ ਅਤੇ ਨਵੀਂ ਜ਼ਿੰਦਗੀ ਸ਼ੁਰੂ ਕਰਨ ਵਾਸਤੇ ਅਧਿਆਪਕ ਪਦ ਤੋਂ ਅਸਤੀਫਾ ਦੇ ਕੇ ਹਜ਼ਾਰਾਂ ਪੰਜਾਬੀਆਂ ਵਾਂਗ ਵਾਊਚਰ ਸਿਸਟਮ ਅਧੀਨ ਰੋਜ਼ਗਾਰ ਦੀ ਭਾਲ ਵਿੱਚ 29 ਅਗਸਤ 1963 ਨੂੰ ਇੰਗਲੈਂਡ ਆ ਗਿਆ ਸੀਢਿੱਲੋਂ ਹੁਰੀਂ ਕਿਸਾਨੀ ਘਰਾਣੇ ਨਾਲ ਸੰਬੰਧਿਤ ਹਨ ਅਤੇ ਪੰਜਾਬ ਵਿੱਚ ਕਿੱਤੇ ਵਜੋਂ ਸਰਹਾਲੀ, ਜ਼ਿਲ੍ਹਾ ਅੰਮ੍ਰਿਤਸਰ ਦੇ ਸਰਕਾਰੀ ਬੇਸਿਕ ਟ੍ਰੇਨਿੰਗ ਸਕੂਲ ਵਿੱਚ ਵਿਗਿਆਨ ਦੇ ਅਧਿਆਪਕ ਸਨਢਿੱਲੋਂ ਹੁਰੀਂ ਸਫ਼ਾ 42 ਉੱਪਰ ਆਪਣੇ ਬਾਰੇ ਹੋਰ ਦੱਸਦੇ ਹਨ ਕਿ ਉਸ ਦਾ ਛੋਟੇ ਹੁੰਦਿਆਂ ਪੰਜਾਬ ਵਿੱਚ ਮੰਗਣਾ ਹੋ ਚੁੱਕਾ ਸੀ ਅਤੇ ਉਸ ਦੀ ਮੰਗੇਤਰ ਪਹਿਲਾਂ ਹੀ ਇੰਗਲੈਂਡ ਆ ਗਈ ਸੀਲੇਖਕ ਪਹਿਲਾਂ ਪਹਿਲ ਇੰਗਲੈਂਡ ਆਉਣ ਦਾ ਇੱਛੁਕ ਨਹੀਂ ਸੀ, ਇਸ ਲਈ ਇਹ ਕਾਰਜ ਸਿਰੇ ਨਾ ਚੜ੍ਹ ਸਕਿਆਐਪਰ ਸਰਕਾਰੀ ਸਕੂਲ ਵਿੱਚ ਕੰਮ ਕਰਦੇ ਵਕਤ ਅਤੇ ਕੁਝ ਹੋਰ ਪੜ੍ਹੀਆਂ ਲਿਖੀਆਂ ਸ਼ਖ਼ਸੀਅਤਾਂ ਨੂੰ ਪ੍ਰਦੇਸ ਜਾਂਦਿਆਂ ਵੇਖ ਉਸ ਨੂੰ ਇਹ ਮਹਿਸੂਸ ਹੋਇਆ ਕਿ ਹੁਣ ਉਸ ਨੂੰ ਵੀ ਵਲੈਤ ਚਲੇ ਜਾਣਾ ਚਾਹੀਦਾ ਹੈ

ਪੁਸਤਕ ਦਾ ਅਧਿਐਨ ਕਰਦਿਆਂ ਮਹਿਸੂਸ ਹੁੰਦਾ ਹੈ ਕਿ ਢਿੱਲੋਂ ਸਮਾਜਿਕ ਕੁਰੀਤੀਆਂ ਅਤੇ ਧਾਰਮਿਕ ਪਾਖੰਡਾਂ ਤੋਂ ਦੂਰ ਰਹਿਣ ਵਾਲੀ ਸ਼ਖ਼ਸੀਅਤ ਹੈਉਹ ਇੰਗਲੈਂਡ ਪਹੁੰਚ ਕੇ ਇੱਥੋਂ ਦੇ ਕੁਝ ਸਿਰਕੱਢ ਲੇਖਕਾਂ ਅਤੇ ਆਪਣੇ ਮਿੱਤਰਾਂ ਦੀ ਸੰਗਤ ਕਰਕੇ ਮਾਰਕਸਵਾਦੀ ਰੰਗ ਵਿੱਚ ਰੰਗਿਆ ਗਿਆ ਸੀਲੇਖਕ ਵਿਦੇਸ਼ੀ ਧਰਤੀ ਦਾ ਵਸਨੀਕ ਹੋਣ ਦੇ ਬਾਵਜੂਦ ਵੀ ਆਪਣੀ ਧਰਤੀ ਪੰਜਾਬ, ਉੱਥੋਂ ਦੇ ਲੋਕ ਮਸਲਿਆਂ ਨਾਲ ਜੁੜਿਆ ਰਹਿੰਦਾ ਹੈ ਇੱਥੋਂ ਤਕ ਕੇ ਉਹ ਪਟਿਆਲੇ ਜਾ ਕੇ ਪੰਜਾਬੀ ਬੋਲੀ ਨੂੰ ਲਾਗੂ ਕਰਵਾਉਣ ਲਈ ਇੱਕ ਮੁਜ਼ਾਹਰੇ ਵਿੱਚ ਸ਼ਾਮਲ ਵੀ ਹੁੰਦਾ ਹੈਪਰ ਢਿੱਲੋਂ ਹੁਰਾਂ ਨੂੰ ਪਟਿਆਲੇ ਧਰਨੇ ਵਿੱਚ ਪਹੁੰਚ ਕੇ ਹੈਰਾਨੀ ਅਤੇ ਨਿਰਾਸ਼ਾ ਹੋਈ ਕਿ ਪੰਜਾਬ ਦੇ ਨਾਮਵਰ ਲੇਖਕ, ਜੋ‌ ਪੰਜਾਬੀ ਭਾਸ਼ਾ ਦੇ ਪ੍ਰਚਾਰ ਦੀਆਂ ਵੱਡੀਆਂ ਵੱਡੀਆਂ ਡੀਂਗਾਂ ਮਾਰਦੇ ਹਨ, ਇਸ ਮੁਜ਼ਾਹਰੇ ਵਿੱਚੋਂ ਗੈਰ ਹਾਜ਼ਰ ਹਨ

ਗੁਰਨਾਮ ਢਿੱਲੋਂ ਹੁਰੀਂ ਇੱਕ ਕਵੀ ਹੋਣ ਦੇ ਨਾਲ-ਨਾਲ ਉੱਚ ਕੋਟੀ ਦੇ ਵਾਰਤਾਕਾਰ ਵੀ ਹਨਇਸ ਗੱਲ ਵਿੱਚ ਕੋਈ ਦੋ ਰਾਵਾਂ ਨਹੀਂ ਹਨ ਕਿ ਗੁਰਨਾਮ ਢਿੱਲੋਂ ਸਮੇਤ ਬਰਤਾਨੀਆਂ ਵਿੱਚ ਰਹਿੰਦੇ ਪਹਿਲੀ ਪੀੜ੍ਹੀ ਦੇ ਸਾਹਿਤਕਾਰਾਂ, ਜਿਨ੍ਹਾਂ ਵਿੱਚ ਰਘਬੀਰ ਢੰਡ, ਨਿਰੰਜਨ ਸਿੰਘ ਨੂਰ, ਅਵਤਾਰ ਸਾਦਿਕ, ਅਵਤਾਰ ਜੰਡਿਆਲਵੀ, ਹਰਦੇਵ ਸਿੰਘ ਢੇਸੀ, ਪ੍ਰੀਤਮ ਸਿੱਧੂ, ਸ਼ਿਵਚਰਨ ਗਿੱਲ, ਜੋਗਿੰਦਰ ਸ਼ਮਸ਼ੇਰ, ਸੰਤੋਖ ਧਾਲੀਵਾਲ, ਜਗਤਾਰ ਢਾਹ, ਮੁਸ਼ਤਾਕ ਸਿੰਘ, ਸਵਰਨ ਚੰਦਨ, ਸਾਥੀ ਲੁਧਿਆਣਵੀ ਅਤੇ ਸੰਤੋਖ ਸਿੰਘ ਸੰਤੋਖ ਆਦਿ ਸਮੇਤ ਹੋਰ ਵੀ ਲੇਖਕਾਂ ਨੇ ਪੰਜਾਬੀ ਸਾਹਿਤ ਦੀ ਉਨਤੀ ਵਿੱਚ ਆਪਣੇ ਵੱਲੋਂ ਬਣਦਾ ਨਿੱਗਰ ਯੋਗਦਾਨ ਪਾਇਆ ਹੈਗੁਰਨਾਮ ਢਿੱਲੋਂ ਸਫ਼ਾ 53 ਉੱਪਰ ਲਿਖਦਾ ਹੈ ਕਿ ਉਸ ਨੂੰ ਪੰਜਵੀਂ ਛੇਵੀਂ ਜਮਾਤ ਵਿੱਚ ਪੜ੍ਹਦਿਆਂ ਸ਼ਾਇਰੀ ਦੀ ਚੇਟਕ ਲੱਗੀ ਹੋਣ ਕਰਕੇ ਆਪਣੇ ਸਕੂਲ ਸਮੇਂ ਹੀ ਤੁਕਬੰਦੀ ਕਰਨ ਲੱਗ ਗਿਆ ਸੀਉਚੇਰੀ ਸਿੱਖਿਆ ਸਮੇਂ ਢਿੱਲੋਂ ਹੁਰਾਂ ਦੀਆਂ ਕੁਝ ਰਚਨਾਵਾਂ ਕਾਲਜ ਮੈਗਜ਼ੀਨ ਵਿੱਚ ਗੁਰਨਾਮ ਕੰਵਲ ਦੇ ਨਾਂ ਹੇਠ ਛਪੀਆਂ ਅਤੇ ਇੰਗਲੈਂਡ ਆਉਣ ਤੋਂ ਬਾਅਦ ਉਸ ਦੀਆਂ ਕੁਝ ਨਜ਼ਮਾਂ ਸਵਰਗੀ ਸ਼ਾਇਰ ਕਰਤਾਰ ਸਿੰਘ ਬਲੱਗਣ ਦੀ ਰਹਿਨੁਮਾਈ ਹੇਠ ਛਪਦੇ ਮੈਗਜ਼ੀਨ ‘ਕਵਿਤਾਵਿੱਚ ਛਪਦੀਆਂ ਰਹੀਆਂ ਹਨ

ਬਰਤਾਨਵੀ ਧਰਤੀ ’ਤੇ ਰੈਣ ਬਸੇਰਾ ਕਰਦੇ ਵਕਤ ਛੇਵੇਂ ਦਹਾਕੇ ਅੰਦਰ ਲੇਖਕ ਦਾ ਸੰਪਰਕ ਨਕਸਲੀ ਵਿਚਾਰਧਾਰਾ ਵਾਲੇ ਅਜਮੇਰ ਕੁਵੈਂਟਰੀ, ਅਸਰ ਹੁਸ਼ਿਆਰਪੁਰੀ ਵਰਗੇ ਲੇਖਕਾਂ ਅਤੇ ਸੁਰਜੀਤ ਹਾਂਸ, ਜੋਗਿੰਦਰ ਸ਼ਮਸ਼ੇਰ, ਈਸ਼ਵਰ ਚਿੱਤਰਕਾਰ, ਬਿਸ਼ੰਬਰ ਸਿੰਘ ਸਾਕੀ, ਰਘਬੀਰ ਢੰਡ, ਅਵਤਾਰ ਸਾਦਿਕ, ਸ਼ੇਰ ਜੰਗ ਜਾਂਗਲੀ, ਨਿਰੰਜਨ ਸਿੰਘ ਨੂਰ, ਗਿਆਨੀ ਦਰਸ਼ਨ ਸਿੰਘ, ਹਰਜੀਤ ਦੋਧਰੀਆ, ਸੰਤੋਖ ਸਿੰਘ ਸੰਤੋਖ ਆਦਿ ਅਤੇ ਕੁਝ ਹੋਰ ਸਾਹਿਤਕਾਰਾਂ ਨਾਲ ਹੋਇਆ

ਗੁਰਨਾਮ ਢਿੱਲੋਂ ਹੁਰਾਂ ਦਾ ਨਾਮ ਉਨ੍ਹਾਂ ਬਰਤਾਨਵੀ ਸਾਹਿਤਕਾਰਾਂ ਵਿੱਚ ਵੀ ਸ਼ੁਮਾਰ ਹੈ, ਜਿਨ੍ਹਾਂ ਨੇ ਛੇਵੇਂ ਦਹਾਕੇ ਵਿੱਚ ਇੱਥੇ ਪੰਜਾਬੀ ਬੋਲੀ ਦੇ ਪ੍ਰਚਾਰ-ਪ੍ਰਸਾਰ ਵਾਸਤੇ ਪੰਜਾਬੀ ਸਾਹਿਤ ਸਭਾ ਜਾਂ ਪ੍ਰਗਤੀਸ਼ੀਲ ਲਿਖਾਰੀ ਸਭਾ ਬਣਾਈਇਸ ਪ੍ਰਗਤੀਸ਼ੀਲ ਲਿਖਾਰੀ ਸਭਾ (ਸਥਾਪਤ 1969) ਦੀਆਂ ਇੰਗਲੈਂਡ ਦੇ ਵੱਖ-ਵੱਖ ਸ਼ਹਿਰਾਂ ਹੰਸਲੋ, ਰੈਡਿੰਗ, ਬ੍ਰਮਿੰਘਮ, ਬਰੈਡਫੋਰਡ, ਈਸਟ ਲੰਡਨ, ਲੈਸਟਰ, ਕਵੈਂਟਰੀ, ਵੁਲਵਰਹੈਂਪਟਨ, ਲਮਿੰਗਟਨ ਸਪਾ, ਸਾਊਥਾਲ ਅਤੇ ਸਾਊਥਹੈਂਪਟਨ ਆਦਿ ਸ਼ਹਿਰਾਂ ਵਿੱਚ ਬਰਾਂਚਾਂ ਸਨਗੁਰਨਾਮ ਢਿੱਲੋਂ ਕੋਈ 1970 ਤੋਂ 1982 ਤਕ ਇਸ ਲਿਖਾਰੀ ਸਭਾ ਦੇ ਜਨਰਲ ਸਕੱਤਰ ਰਹੇ ਹਨ ਅਤੇ ਉਨ੍ਹਾਂ ਜਿੱਥੇ ਆਪਣਾ ਕੰਮ ਇਮਾਨਦਾਰੀ ਨਾਲ ਕੀਤਾ ਉੱਥੇ ਹੀ ਆਪਣੇ ਅਸੂਲਾਂ ਖਾਤਰ ਕਿਸੇ ਨਾਲ ਸਮਝੌਤਾ ਨਹੀਂ ਕੀਤਾ

ਪੁਸਤਕ ਨੂੰ ਪੜ੍ਹਦਿਆਂ ਪਤਾ ਲਗਦਾ ਹੈ ਕਿ ਢਿੱਲੋਂ ਹੁਰਾਂ ਨੂੰ ਇੰਗਲੈਂਡ ਦੀਆਂ ਸਾਹਿਤ ਸਭਾਵਾਂ ਵਿੱਚ ਵਿਚਰਦਿਆਂ, ਵਿਚਾਰ-ਗੋਸ਼ਟੀਆਂ ਅਤੇ ਕਵੀ ਦਰਬਾਰ ਕਰਦਿਆਂ ਜਿੱਥੇ ਬਹੁਤ ਚੰਗੇ ਮਿਹਰਬਾਨ ਲੇਖਕ ਦੋਸਤ ਮਿੱਤਰ ਮਿਲੇ, ਉੱਥੇ ਹੀ ਕੁਝ ਰਸਤੇ ਵਿੱਚ ਔਕੜਾਂ ਪੈਦਾ ਕਰਨ ਵਾਲੇ ਲੇਖਕ ਸੱਜਣ ਵੀ ਮਿਲੇ ਮੈਨੂੰ ਇਹ ਗੱਲ ਲਿਖ਼ਣ ਵਿੱਚ ਕੋਈ ਝਿਜਕ ਮਹਿਸੂਸ ਨਹੀਂ ਹੁੰਦੀ ਕਿ ਬੇਬਾਕ ਸੱਚ ਅਤੇ ਸੱਤਾ ਵਿਰੋਧੀ ਲਿਖਣ ਕਰਕੇ ਗੁਰਨਾਮ ਢਿੱਲੋਂ ਨੂੰ ਅਸਾਡੇ ਵਿਸ਼ਵਵਿਦਿਆਲਿਆਂ ਵਿੱਚ ਉੱਚੇ ਅਹੁਦਿਆਂ ਉੱਤੇ ਉਪਸਥਿਤ ਦਰਬਾਰੀ ਅਤੇ ਬਾਜ਼ਾਰੀ ਕਿਸਮ ਦੇ ਪੁਰਾਣੇ ਅਤੇ ਨਵੇਂ ਕਾਵਿਅਲੋਚਕਾਂ ਵੱਲੋਂ ਹੁਣ ਤੀਕ ਨਿੱਜੀ ਤੌਰ ’ਤੇ ਅਣਗੌਲਿਆਂ ਕੀਤਾ ਹੋਇਆ ਹੈ ਅਤੇ ਉਸ ਦੀਆਂ ਲਿਖਤਾਂ ਦਾ ਬਣਦਾ ਸਹੀ ਮੁੱਲ ਨਹੀਂ ਪਾਇਆ ਗਿਆਮੈਂ ਇਹ ਵੀ ਮਹਿਸੂਸ ਕੀਤਾ ਹੈ ਕਿ ਢਿੱਲੋਂ ਹੁਰੀਂ ਲਕੀਰ ਦੇ ਫ਼ਕੀਰ ਨਹੀਂ ਹਨ ਅਤੇ ਸੱਚ ਲਿਖਣ, ਬੋਲਣ ਤੋਂ ਕੰਨੀ ਨਹੀਂ ਕਤਰਾਉਂਦੇਬੇਬਾਕ ਲੇਖਕ ਨੂੰ ਕਿਸੇ ਨਾ ਕਿਸੇ ਰੂਪ ਵਿੱਚ ਸੱਚ ਬੋਲਣ ਦੇ ‘ਗੁਨਾਹ’ ਦਾ ਖਮਿਆਜ਼ਾ ਭੁਗਤਣਾ ਹੀ ਪੈਂਦਾ ਹੈ

ਗੁਰਨਾਮ ਢਿੱਲੋਂ ਹੁਰੀਂ ਸਫ਼ਾ 54 ਉੱਪਰ ਲਿਖਦੇ ਹਨ ਕਿ ਇੰਗਲੈਂਡ ਦੇ ਸਾਹਿਤਕਾਰ ਅੱਜ ਦੀ ਤਰ੍ਹਾਂ ਪਹਿਲਾਂ ਵੀ ਧੜੇਬੰਦੀ ਦੇ ਸ਼ਿਕਾਰ ਸਨ ਅਤੇ ਕਵੀ ਦਰਬਾਰਾਂ ਵਿੱਚ ਪ੍ਰਧਾਨਗੀ ਕਰਨ ਤੋਂ ਲੇਖਕਾਂ ਵਿੱਚ ਤੂੰ ਤੂੰ, ਮੈਂ ਮੈਂ ਵੀ ਹੋ ਜਾਂਦੀ ਸੀਕਾਬਜ਼ ਧੜਾ ਆਪਣੇ ਵਿਰੋਧੀ ਧੜੇ ਨੂੰ ਪ੍ਰੋਗਰਾਮ ਦੇ ਅਖੀਰ ਵਿੱਚ ਕਵਿਤਾ ਪੜ੍ਹਨ ਦਾ ਵਕਤ ਦਿੰਦਾ ਸੀਲੇਖਕ ਅਨੁਸਾਰ ਇੰਗਲੈਂਡ ਵਿੱਚ ਸਭ ਤੋਂ ਪਹਿਲਾ ਸਾਹਿਤਕ ਸਮਾਗਮ ਨੋਟਿੰਗਮ ਸ਼ਹਿਰ ਵਿੱਚ ਚੈਂਚਲ ਸਿੰਘ ਵੱਲੋਂ ਕਰਵਾਇਆ ਗਿਆ ਸੀ, ਜਿੱਥੋਂ ਬਰਤਾਨੀਆ ਵਿੱਚ ਸਾਹਿਤਕ ਸਰਗਰਮੀਆਂ ਦਾ ਮੁੱਢ ਬੱਝਾ1967 ਵਿੱਚ ਪੰਜਾਬੀ ਸਾਹਿਤ ਸਭਾ ਲੰਡਨ ਵੱਲੋਂ ਪਹਿਲੀ ਵਾਰਸ਼ਿਕ ਕਾਨਫਰੰਸ ਕਰਵਾਈ ਗਈ ਪਰ ਇਹ ਕਾਨਫਰੰਸ ਵੀ ਧੜੇਬੰਦੀ ਦਾ ਸ਼ਿਕਾਰ ਹੋ ਗਈਢਿੱਲੋਂ ਹੁਰੀਂ ਸਫ਼ਾ 57 ਉੱਪਰ ਲਿਖਦੇ ਹਨ ਕਿ 1969 ਵਿੱਚ ਨਿਰੰਜਨ ਸਿੰਘ ਨੂਰ, ਰਘਬੀਰ ਢੰਡ, ਅਵਤਾਰ ਸਾਦਿਕ, ਜੋਗਿੰਦਰ ਸ਼ਮਸ਼ੇਰ, ਅਵਤਾਰ ਜੰਡਿਆਲਵੀ, ਗੁਰਨਾਮ ਢਿੱਲੋਂ ਅਤੇ ਕੁਝ ਹੋਰ ਲੇਖਕਾਂ ਨੇ ਡਰਬੀ ਸ਼ਹਿਰ ਵਿਖੇ ਮੀਟਿੰਗ ਕਰਕੇ ਪ੍ਰਗਤੀਸ਼ੀਲ ਲਿਖਾਰੀ ਸਭਾ ਗ੍ਰੇਟ ਬਰਿਟੇਨ ਸਥਾਪਤ ਕੀਤੀ ਅਤੇ ਅਵਤਾਰ ਸਾਦਿਕ ਨੂੰ ਪਹਿਲਾ ਜਨਰਲ ਸਕੱਤਰ ਬਣਾਇਆ ਅਤੇ ਉਸ ਨੇ ਇਮਾਨਦਾਰੀ ਨਾਲ ਢਾਈ ਵਰ੍ਹੇ ਕੰਮ ਕੀਤਾਸਭਾ ਨੇ ਭਾਰਤ ਤੋਂ ਪੰਜਾਬੀ ਪੁਸਤਕਾਂ ਮੰਗਵਾ ਕੇ ਵੰਡੀਆਂ ਅਤੇ ਇੰਗਲੈਂਡ ਦੇ ਸਕੂਲਾਂ ਵਿੱਚ ਪੰਜਾਬੀ ਪੜ੍ਹਾਉਣ ਦੀਆਂ ਕਲਾਸਾਂ ਸ਼ੁਰੂ ਕਰਾਉਣ ਅਤੇ ਲਾਇਬਰੇਰੀਆਂ ਵਿੱਚ ਪੰਜਾਬੀ ਭਾਸ਼ਾ ਦੀਆਂ ਪੁਸਤਕਾਂ ਉਪਲਬਧ ਕਰਵਾਉਣ ਲਈ ਪਹਿਲਕਦਮੀ ਕੀਤੀਸਭਾ ਨੇ ਜਿੱਥੇ ਕਵੀ ਦਰਬਾਰ, ਕਾਨਫਰੰਸਾਂ ਆਯੋਜਿਤ ਕੀਤੀਆਂ, ਉੱਥੇ ਹੀ ਭਾਰਤ ਤੋਂ ਪ੍ਰੋ. ਰਘਬੀਰ ਸਿੰਘ ਸਿਰਜਣਾ, ਗੁਰਦਾਸ ਰਾਮ ਆਲਮ, ਸੁਰਿੰਦਰ ਗਿੱਲ, ਅਤੇ ਹਰਭਜਨ ਸਿੰਘ ਹੁੰਦਲ ਆਦਿ ਲੇਖਕਾਂ ਨੂੰ ਇੰਗਲੈਂਡ ਸੱਦਿਆਦੂਜੇ ਪਾਸੇ ਕੁਝ ਅਵਸਰਰਵਾਦੀ ਲੇਖਕਾਂ ਨੇ ਆਪਣੇ ਨਿੱਜੀ ਸਵਾਰਥ ਵਾਸਤੇ ਆਪਣੇ ਯਾਰਾਂ ਦੋਸਤਾਂ ਨੂੰ ਵੀ ਇਸ ਦੇਸ਼ ਵਿੱਚ ਸਭਾ ਦੇ ਨਾਂ ਹੇਠ ਸੱਦਿਆ ਅਤੇ ਸੱਦਣ ਦੀ ਕੋਸ਼ਿਸ਼ ਵੀ ਕੀਤੀ

ਗੁਰਨਾਮ ਢਿੱਲੋਂ ਹੁਰਾਂ ਸਫ਼ਾ 96 ਉੱਪਰ ਲਿਖਿਆ ਹੈ ਕਿ ਇੰਗਲੈਂਡ 1980 ਵਿੱਚ ਵਿਸ਼ਵ ਪੰਜਾਬੀ ਕਾਨਫਰੰਸ ਹੋਈ. ਜਿਸ ਵਿੱਚ ਅਮਰੀਕਾ, ਕਨੇਡਾ, ਅਫਰੀਕਾ ਅਤੇ ਯੂਰਪ ਆਦਿ ਦੇਸ਼ਾਂ ਵਿੱਚੋਂ ਕਿਸੇ ਇੱਕ ਲੇਖਕ ਨੇ ਵੀ ਭਾਗ ਨਹੀਂ ਲਿਆਢਿੱਲੋਂ ਹੁਰੀਂ ਸਫ਼ਾ 99 ਉੱਪਰ ਹੋਰ ਲਿਖਦੇ ਹਨ ਕਿ ਬਰਤਾਨੀਆ ਦੇ ਬਹੁਗਿਣਤੀ ਲੇਖਕਾਂ ਨੇ ਵੀ ਇਸ ਕਾਨਫਰੰਸ ਦਾ ਬਾਈਕਾਟ ਕੀਤਾ ਸੀਇਹ ਕਾਨਫਰੰਸ ਬ੍ਰਤਾਨੀਆਂ ਦੇ ਪੰਜਾਬੀ ਲੇਖਕਾਂ ਨੂੰ ਖੇਰੂੰ ਖੇਰੂੰ ਕਰਨ ਦਾ ਵੱਡਾ ਕਾਰਨ ਬਣੀਇਸ ਕਾਨਫਰੰਸ ਵਿੱਚ ਭਾਰਤ ਵਿੱਚੋਂ ਇੰਗਲੈਂਡ ਵੇਖਣ ਦੇ ਚਾਹਵਾਨ ਲੇਖਕ ਹੀ ਸ਼ਾਮਲ ਹੋਏ ਸਨਢਿੱਲੋਂ ਹੁਰੀਂ ਸਫ਼ਾ 100 ਲਿਖਦੇ ਹਨ ਕਿ ਇਸ ਕਾਨਫਰੰਸ ਵਿੱਚ ਜਿਹੜੀ ਕੜ੍ਹੀ ਘੋਲੀ ਗਈ, ਉਸ ਦਾ ਸਭ ਨੂੰ ਪਤਾ ਹੈਇਸ਼ਾਰੇ ਮਾਤਰ ਦੱਸਿਆ ਜਾ ਸਕਦਾ ਹੈ ਕਿ ਇਸ ਵਿੱਚ ਭਾਰਤ ਤੋਂ ਆਏ ਕੁਝ ਭਾਗੀਦਾਰਾਂ ਨੇ ਕਈਆਂ ਸ਼ਹਿਰਾਂ ਵਿੱਚ ਬਦਕਿਸਮਤ ਵੇਸਵਾਵਾਂ ਦੇ ਬਜ਼ਾਰ ਦੀ ਰੌਣਕ ਵਿੱਚ ਵਾਧਾ ਕੀਤਾ

ਗੁਰਨਾਮ ਢਿੱਲੋਂ ਹੁਰਾਂ ਅੱਗੇ ਹੋਰ ਲਿਖਦਿਆਂ ਪ੍ਰਬੰਧਕਾਂ ਨੂੰ ਸਵਾਲ ਕੀਤਾ ਹੈ ਕਿ ਇਸ ਕਾਨਫਰੰਸ ਨੇ ਪੰਜਾਬੀ ਬੋਲੀ, ਪੰਜਾਬੀ ਸੱਭਿਆਚਾਰ ਅਤੇ ਪੰਜਾਬੀ ਸਾਹਿਤ ਦਾ ਕਿਵੇਂ ਵਿਕਾਸ ਕੀਤਾ ਹੈ? ਕੀ ਇਹ ਕਾਨਫਰੰਸ ਪੰਜਾਬੀ ਪ੍ਰਵਾਸੀ ਸਾਹਿਤ ਦੀ ਕੋਈ ਸਮੁੱਚੀ ਸੰਤੁਲਨ ਤਸਵੀਰ ਪੇਸ਼ ਕਰ ਸਕੀ? ਢਿੱਲੋਂ ਹੁਰਾਂ ਦੇ ਸਵਾਲ ਅੱਜ ਵੀ ਆਪਣੀ ਥਾਂ ਖੜ੍ਹੇ ਹਨਕਿਸੇ ਲੇਖਕ ਪਾਸ ਕੋਈ ਜਵਾਬ ਨਹੀਂਅਜੋਕੇ ਸਮੇਂ ਵੀ ਜੋ ਵਿਦੇਸ਼ਾਂ ਵਿੱਚ ਪੰਜਾਬੀ ਕਾਨਫਰੰਸਾਂ ਹੋ ਰਹੀਆਂ ਹਨ, ਜੇਕਰ ਇਨ੍ਹਾਂ ਦਾ ਲੇਖਾ ਜੋਖਾ ਕੀਤਾ ਜਾਵੇ ਤਾਂ ਇਨ੍ਹਾਂ ਵਿੱਚੋਂ ਸਿਵਾਏ ਚੌਧਰਾਂ, ਨਿੱਜੀ ਸਵਾਰਥ, ਸਨਮਾਨ ਪ੍ਰਾਪਤ ਕਰਨ ਅਤੇ ਮੌਜ ਮਸਤੀ ਕਰਨ ਤੋਂ ਇਲਾਵਾ ਕੁਝ ਵੀ ਨਹੀਂ ਨਿਕਲਦਾ ਕਾਨਫਰੰਸਾਂ ਵਿੱਚ ਆਪਣੇ ਯਾਰ ਦੋਸਤ ਲੇਖਕ ਮਿੱਤਰਾਂ ਨੂੰ ਬੁਲਾ ਕੇ ਸਾਂਝਾਂ ਮਜ਼ਬੂਤ ਕੀਤੀਆਂ ਜਾਂਦੀਆਂ ਅਤੇ ਆਪਣੇ ਨਿੱਜੀ ਫਾਇਦੇ ਹਾਸਲ ਕੀਤੇ ਜਾਂਦੇ ਹਨ

ਪੰਜਾਬ ਅਤੇ ਵਿਦੇਸ਼ਾਂ ਦੇ ਮਾਮਲੇ ਵੱਖੋ ਵੱਖਰੇ ਹਨ ਅਤੇ ਦੇਸ਼ ਤੋਂ ਆਏ ਲੇਖਕਾਂ ਪਾਸ ਸਾਡੇ ਮਸਲਿਆਂ ਦਾ ਕੋਈ ਹੱਲ ਨਹੀਂ ਹੈਗੁਰਨਾਮ ਢਿੱਲੋਂ ਹੁਰਾਂ ਦੀ ਪੁਸਤਕ ਵਿੱਚ ਹੋਰ ਵੀ ਬਹੁਤ ਸਾਰੀਆਂ ਗੱਲਾਂ ਵਿਚਾਰਨਯੋਗ ਹਨ, ਇਸ ਕਰਕੇ ਸਾਨੂੰ ਸਾਰਿਆਂ ਨੂੰ ਇਹ ਪੁਸਤਕ ਜ਼ਰੂਰ ਪੜ੍ਹਨੀ ਚਾਹੀਦੀ ਹੈ

*   *   *   *   *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(5338)
ਰਚਨਾਵਾਂ ਸਬੰਧੀ ਆਪਣੇ ਵਿਚਾਰ ਸਾਂਝੇ ਕਰੋ: This email address is being protected from spambots. You need JavaScript enabled to view it.

About the Author

ਸੰਤੋਖ ਸਿੰਘ ਭੁੱਲਰ

ਸੰਤੋਖ ਸਿੰਘ ਭੁੱਲਰ

WhatsApp: UK (44 - 78860 - 13232)
Email (
sbhullar@hotmail.co.uk)