ਪਰ ਇੱਕ ਭਾਰਤੀ ਜਾਂ ਪੰਜਾਬੀ ਵਜੋਂ ਮੈਨੂੰ ਨਹੀਂ ਯਾਦ ਕਿ ਮੈਨੂੰ ਮੇਰੇ ਮਾਪਿਆਂ ਨੇ ਜਾਂ ਕਿਸੇ ਅਧਿਆਪਕ ਨੇ ਕਦੇ ...
(26 ਸਤੰਬਰ 2024)

ਇਕ ਦਿਨ ਮੈਂ ਰੇਲਗੱਡੀ ਵਿੱਚ ਘਰ ਤੋਂ ਕੰਮ ’ਤੇ ਜਾ ਰਿਹਾ ਸੀਸਾਹਮਣੇ ਵਾਲੀ ਸੀਟ ’ਤੇ ਇੱਕ ਮਾਂ ਆਪਣੇ ਦੋਂਹ ਬੱਚਿਆਂ ਨਾਲ ਬੈਠੀ ਹੋਈ ਸੀਬੱਚਿਆਂ ਦੀ ਉਮਰ ਪੰਜ-ਸੱਤ ਸਾਲ ਹੋਵੇਗੀਬੱਚੇ ਆਪਸ ਵਿੱਚ ਲੜ ਪਏਇੱਕ ਬੱਚੇ ਨੇ ਦੂਜੇ ਦੇ ਹੱਥ ਵਿੱਚੋਂ ਕੋਈ ਚੀਜ਼ ਖੋਹ ਕੇ ਪਰਾਂ ਵਗਾਹ ਮਾਰੀਮਾਂ ਨੇ ਗਲਤੀ ਕਰਨ ਵਾਲੇ ਬੱਚੇ ਨੂੰ ਕਿਹਾ ਕਿ ਉਹ ਮੁਆਫ਼ੀ ਮੰਗੇਬੱਚਾ ਮੰਨੇ ਨਾਮਾਂ ਨੇ ਦੋ ਤਿੰਨ ਵਾਰੀ ਜ਼ੋਰ ਪਾ ਕੇ ਕਿਹਾ ਕਿ ਮੁਆਫ਼ੀ ਮੰਗ

ਬੱਚਾ ਮੰਨ ਗਿਆ ਅਤੇ ਦੂਜੇ ਬੱਚੇ ਨੂੰ ਕਹਿਣ ਲੱਗਾ, “ਸੁਮੀਮਾਸੇਨ।”

ਮੈਂ ਮੁਸਕਰਾ ਪਿਆ ਕਿ ਚਲੋ ਮਸਲਾ ਨਿੱਬੜ ਗਿਆ‘ਸੁਮੀਮਾਸੇਨ’ ਦਾ ਸਿੱਧਾ ਮਤਲਬ ਹੁੰਦਾ ਹੈ ਕਿ ਸੌਰੀ! ਭਾਵ ਕਿ ਹੋਈ ਗਲਤੀ ਦੀ ਮੁਆਫ਼ੀ ਮੰਗਦਾ ਹਾਂਪਰ ਮਾਂ ਦੀ ਤਸੱਲੀ ਨਾ ਹੋਈਮਾਂ ਕਹਿਣ ਲੱਗੀ, “ਤੂੰ ਸੁਮੀਮਾਸੇਨ ਦਿਲੋਂ ਨਹੀਂ ਕਿਹਾਦਿਲੋਂ ਸੁਮੀਮਾਸੇਨ ਕਹਿ।”

ਮੈਂ ਚੌਂਕ ਗਿਆਪਰ ਮਾਂ ਨੇ ਬੱਚੇ ਨੂੰ ਬਾਰ-ਬਾਰ ਬੋਲ ਕੇ ਉਸ ਦੀ ਗਲਤੀ ਮਹਿਸੂਸ ਕਰਵਾਈ ਅਤੇ ਦੁਬਾਰਾ ਦਿਲੋਂ ਮੁਆਫ਼ੀ ਮੰਗਣ ਲਈ ਕਿਹਾਆਖਰ ਬੱਚੇ ਨੇ ਕੁਝ ਮਹਿਸੂਸ ਕੀਤਾ ਅਤੇ ਦੁਬਾਰਾ “ਸੁਮੀਮਾਸੇਨ” ਕਹਿ ਦਿੱਤਾਮਾਂ ਨੂੰ ਤਸੱਲੀ ਹੋਈਸਭ ਆਮ ਵਾਂਗ ਹੋ ਗਿਆ

ਜਪਾਨ ਦੀ ਆਮ ਬੋਲਚਾਲ ਵਿੱਚ ਦੋ ਸ਼ਬਦ ਇੰਨਾ ਜ਼ਿਆਦਾ ਵਰਤੇ ਜਾਂਦੇ ਹਨ ਕਿ ਕਿਸੇ ਵੀ ਵਿਦੇਸ਼ੀ ਨੂੰ ਪਹਿਲੇ ਦੂਜੇ ਦਿਨ ਹੀ ਯਾਦ ਹੋ ਜਾਂਦੇ ਹਨਪਹਿਲਾ ਸ਼ਬਦ ਸੁਮੀਮਾਸੇਨ ਭਾਵ ਖਿਮਾ! ਹੈ ਅਤੇ ਦੂਜਾ ਸ਼ਬਦ ਆਰੀਗਾਤੋ ਭਾਵ ਧੰਨਵਾਦ! ਹੈਯੂਰਪੀ ਲੋਕ ਵੀ ਸਮਝ ਨਹੀਂ ਪਾਉਂਦੇ ਕਿ ਜਿਸ ਮੌਕੇ ਉਹ ਧੰਨਵਾਦ ਕਹਿੰਦੇ ਹਨ, ਜਪਾਨੀ ਉਸ ਮੌਕੇ ਵੀ ਸੌਰੀ ਹੀ ਕਿਉਂ ਕਹਿੰਦੇ ਹਨਮਿਸਾਲ ਵਜੋਂ ਕਿਸੇ ਨੇ ਤੁਹਾਡੇ ਲਈ ਦਰਵਾਜ਼ਾ ਖੋਲ੍ਹ ਦਿੱਤਾ, ਕਿਸੇ ਨੇ ਤੁਹਾਨੂੰ ਸੀਟ ਦੇ ਦਿੱਤੀ ਜਾਂ ਕਿਸੇ ਨੇ ਤੁਹਾਡਾ ਫਸਿਆ ਕੰਮ ਹੱਲ ਕਰ ਦਿੱਤਾ, ਇਹੋ ਜਿਹੇ ਮੌਕਿਆਂ ਦਾ ਬਹੁਤੇ ਭਾਰਤੀ ਤਾਂ ਨੋਟਿਸ ਹੀ ਨਹੀਂ ਲੈਂਦੇਯੂਰਪੀ ਧੰਨਵਾਦ ਕਹਿ ਕੇ ਸਾਰ ਲੈਂਦੇ ਹਨ ਪਰ ਜਪਾਨੀ ਉਸੇ ਵੇਲੇ ਸਿਰ ਝੁਕਾ ਕੇ, ਅਵਾਜ਼ ਵਿੱਚ ਆਜਿਜ਼ੀ ਜਾਂ ਲਾਚਾਰੀ ਜਿਹੀ ਭਰ ਕੇ ਕਹਿਣਗੇ, “ਸੁਮੀਮਾਸੇਨ!” ਇਸਦਾ ਸਿੱਧਾ-ਸਿੱਧਾ ਮਤਲਬ ਇਹ ਹੁੰਦਾ ਹੈ ਕਿ ਮੇਰੇ ਕਰ ਕੇ ਤੈਨੂੰ ਇਹ ਜੋ ਤਕਲੀਫ਼ ਉਠਾਉਣੀ ਪਈ, ਉਸ ਲਈ ਮੈਂ ਮੁਆਫ਼ੀ ਮੰਗਦਾ ਹਾਂ।” ਬਿਨਾਂ ਸ਼ੱਕ ਇਨ੍ਹਾਂ ਸ਼ਬਦਾਂ ਵਿੱਚ ਧੰਨਵਾਦ ਸ਼ਾਮਲ ਹੁੰਦਾ ਹੈ

ਜਪਾਨੀ ਵਿੱਚ ਸੌਰੀ ਕਹਿਣ ਜਾਂ ਮੁਆਫ਼ੀ ਮੰਗਣ ਜਾਂ ਮਾਜ਼ਰਤ ਚਾਹੁੰਦਾ ਹਾਂ ਜਾਂ ਖੇਦ ਪ੍ਰਗਟ ਕਰਦਾ ਹਾਂ ਜਾਂ ਦੁੱਖ ਦੇਣ ਲਈ ਅਫ਼ਸੋਸ ਹੈ, ਆਦਿ ਲਈ ਚਾਰ ਸ਼ਬਦ ਵਰਤੇ ਜਾਂਦੇ ਹਨਪਹਿਲਾ ਸੁਮੀਮਾਸੇਨ ਹੈ, ਜੋ ਅਨਜਾਣ ਲੋਕਾਂ ਮੋਹਰੇ ਵਰਤਿਆ ਜਾਂਦਾ ਹੈਦੂਜਾ ‘ਗੋਮੇਨਾ ਸਾਈ’ ਹੈਇਹ ਪਰਿਵਾਰ ਜਾਂ ਦੋਸਤਾਂ ਵਿਚਕਾਰ ਵਰਤਿਆ ਜਾਂਦਾ ਹੈਤੀਜਾ ‘ਸ਼ਿਤਤਸੂਰੇਈ ਇਤਾਸ਼ੀਮਾਸ਼ਿਤਾ’ ਹੁੰਦਾ ਹੈ, ਜੋ ਕਿ ਬਹੁਤ ਫਾਰਮਲ ਕਿਸਮ ਦੇ ਹਾਲਾਤ ਵਿੱਚ ਮੰਗੀ ਮੁਆਫ਼ੀ ਹੁੰਦੀ ਹੈਇਹ ਆਪਣੇ ਰੁੱਖੇ ਵਿਵਹਾਰ ਲਈ ਮੁਆਫ਼ੀ ਮੰਗਣਾ ਵੀ ਹੋ ਸਕਦਾ ਹੈਚੌਥਾ ਸ਼ਬਦ ‘ਮੋਸ਼ੀਵਾਕੇ ਗੋਜ਼ਾਈਮਾਸੇਨ’ ਹੁੰਦਾ ਹੈਇਹ ਸਭ ਤੋਂ ਵੱਧ ਰਸਮੀ ਸ਼ਬਦ ਹੈ ਜੋ ਕਿਸੇ ਵੱਡੀ ਗਲਤੀ ਹੋਣ ਉੱਪਰ ਵਰਤਿਆ ਜਾਂਦਾ ਹੈ

ਮੈਨੂੰ ਲਗਦਾ ਹੈ ਕਿ ਸੁਮੀਮਾਸੇਨ ਜਾਂ ਗੋਮੇਨਾਸਈ ਬੜੇ ਜਾਦੂਈ ਸ਼ਬਦ ਹਨਇਹ ਸਮਾਜ ਜਾਂ ਸਮਾਜਿਕ ਜੀਵਾਂ ਦੇ ਦਿਮਾਗੀ ਤਾਪਮਾਨ ਨੂੰ ਬੜਾ ਕੰਟਰੋਲ ਵਿੱਚ ਰੱਖਦੇ ਹਨ ਨਾਲ ਹੀ ਇਹ ਸ਼ਬਦ ਇੱਕ ਦੂਜੇ ਦੀ ਪਰਵਾਹ ਕਰਨ ਵਾਲੇ ਲੋਕਾਂ ਲਈ ਸੋਹਜਮਈ ਮਾਹੌਲ ਪੈਦਾ ਕਰਦੇ ਹਨਹਰ ਦਿਨ ਅਸੀਂ ਜਾਣੇ ਜਾਂ ਅਨਜਾਣੇ ਹਜ਼ਾਰਾਂ ਬੰਦਿਆਂ ਨੂੰ ਤਕਲੀਫ਼ ਦਿੰਦੇ ਹਾਂਸਮਾਜ ਦਾ ਮਤਲਬ ਹੀ ਇੱਕ ਦੂਜੇ ’ਤੇ ਨਿਰਭਰ ਕਰਨਾ ਹੈ, ਇੱਕ ਦੂਜੇ ਨੂੰ ਤਕਲੀਫ਼ ਦੇਣਾ ਹੈਇਨ੍ਹਾਂ ਹਜ਼ਾਰਾਂ ਨਿੱਕੇ-ਨਿੱਕੇ ਮੌਕਿਆਂ ਉੱਪਰ ਇੱਕ ਦੂਜੇ ਨੂੰ “ਧੰਨਵਾਦ!” ਕਹਿਣਾ ਜਾਂ “ਹੋਈ ਤਕਲੀਫ਼ ਜਾਂ ਬੇਆਰਾਮੀ ਲਈ ਮੁਆਫ਼ੀ!” ਕਹਿਣਾ ਸਾਡੇ ਮਾਹੌਲ ਨੂੰ ਸਹਿਜ ਅਤੇ ਸ਼ਾਂਤ ਬਣਾਉਣ ਲਈ ਮਦਦਗਾਰ ਹੁੰਦਾ ਹੈ

ਆਖਰ ਵਿੱਚ ਇੱਕ ਗੱਲ ਇਸ ਪਹਿਲੂ ਨੂੰ ਲੈ ਕੇ ਪੰਜਾਬੀ/ਭਾਰਤੀ ਅਤੇ ਜਾਪਾਨੀ ਮਾਨਸਿਕ ਪਿਛੋਕੜ ਬਾਰੇਸਾਡੇ ਇੱਕ ਮੁਹਾਵਰਾ ਆਮ ਵਰਤ ਲਿਆ ਜਾਂਦਾ ਹੈ ਕਿ ਇਨਸਾਨ ਗਲਤੀਆਂ ਦਾ ਪੁਤਲਾ ਹੈਪਰ ਇੱਕ ਭਾਰਤੀ ਜਾਂ ਪੰਜਾਬੀ ਵਜੋਂ ਮੈਨੂੰ ਨਹੀਂ ਯਾਦ ਕਿ ਮੈਨੂੰ ਮੇਰੇ ਮਾਪਿਆਂ ਨੇ ਜਾਂ ਕਿਸੇ ਅਧਿਆਪਕ ਨੇ ਕਦੇ ਗਲਤੀ ਕਰਨ ’ਤੇ ਮੁਆਫ਼ੀ ਮੰਗ ਲੈਣ ਜਾਂ ਪਛਤਾਵਾ ਕਰ ਲੈਣ ਦਾ ਕੋਈ ਢੰਗ ਸਿਖਾਇਆ ਹੋਵੇਕੀ ਅਸੀਂ ਗਲਤੀ ਕਰ ਕੇ ਪਛਤਾਵਾ ਨਾ ਕਰਨ ਵਾਲੀ ਕੌਮ ਹਾਂ? ਮੈਂ ਭਾਰਤੀ ਸਮਾਜਿਕ ਜੀਵਨ ਵਿੱਚ ਲੋਕਾਂ ਨੂੰ ਗਲਤੀ ਕਰਕੇ ਮੰਨਣ ਦੀ ਥਾਂ ਬਹਿਸਾਂ ਕਰਦੇ ਜਾਂ ਧਮਕੀਆਂ ਦਿੰਦੇ ਜਾਂ ਮੁੱਕੋ-ਮੁੱਕੀ ਹੁੰਦੇ ਬਹੁਤ ਵਾਰ ਦੇਖਿਆ ਹੈਗੱਲ ਕੋਰਟ ਕਚਹਿਰੀਆਂ ਤਕ ਪਹੁੰਚਦੀ ਵੀ ਦੇਖੀ ਹੈਪਰ ਹੋ ਗਈ ਭੁੱਲ ਲਈ ਨਿਮਰਤਾ ਨਾਲ ਪਛਤਾਵਾ ਕਰਕੇ, ਮਸਲੇ ਨੂੰ ਖਤਮ ਕਰਦੇ ਘੱਟ ਹੀ ਦੇਖਿਆ ਹੈਸਾਡੇ ਰਿਸ਼ਤਿਆਂ ਅਤੇ ਅਦਾਰਿਆਂ ਵਿੱਚ ਵੀ ਜਿਹੜੀ ਉਮਰ ਭਰ ਦੀ ਖੁੰਧਕਬਾਜ਼ੀ ਚਲਦੀ ਹੈ, ਉਹ ਅਸਲ ਵਿੱਚ ਕਿਸੇ ਛੋਟੀ ਮੋਟੀ ਗਲਤੀ ਬਦਲੇ ਖਿਮਾ ਦੇ ਦੋ ਸ਼ਬਦ ਨਾ ਬੋਲ ਸਕਣ ਕਰਕੇ ਹੀ ਚਲਦੀ ਹੈ

ਭਾਰਤੀ ਮਨੁੱਖ ਜਾਣੇ-ਅਨਜਾਣੇ ਆਪਣੇ ਆਪ ਨੂੰ ਸਮਾਜ ਦਾ ਕੇਂਦਰ ਮੰਨਦਾ ਹੈਇਸ ਲਈ ਉਸ ਨੂੰ ਲਗਦਾ ਰਹਿੰਦਾ ਹੈ ਕਿ ਉਹ ਜੋ ਕੁਝ ਵੀ ਹਾਸਲ ਕਰ ਰਿਹਾ ਹੈ, ਆਪਣੇ ਬਲਬੂਤੇ ਹਾਸਲ ਕਰ ਰਿਹਾ ਹੈਆਪਣੀ ਲਿਆਕਤ ਅਤੇ ਮਿਹਨਤ ਨਾਲ ਹਾਸਲ ਕਰ ਰਿਹਾ ਹੈਆਸ ਪਾਸ ਦੇ ਲੋਕਾਂ ਦਾ ਫਰਜ਼ ਬਣਦਾ ਹੈ ਕਿ ਮੇਰੀਆਂ ਪ੍ਰਾਪਤੀਆਂ ਨੂੰ ਸਵੀਕਾਰ ਕਰਨ ਅਤੇ ਮੈਨੂੰ ਨਾਇਕ ਵਰਗਾ ਰੁਤਬਾ ਜਾਂ ਆਦਰ ਸਨਮਾਨ ਦੇਣ ਪਰ ਜਪਾਨੀ ਮਨੁੱਖ ਜਾਣੇ ਅਨਜਾਣੇ ਸਮਾਜ ਨੂੰ ਕੇਂਦਰ ਵਿੱਚ ਰੱਖਦਾ ਹੈ ਅਤੇ ਆਪਣੇ ਆਪ ਨੂੰ ਇਸ ਸਮਾਜ ਦਾ ਇੱਕ ਨਿਗੂਣਾ ਅੰਗ ਮੰਨਦਾ ਹੈਇਸ ਲਈ ਉਹ ਆਪਣੀ ਕਿਸੇ ਵੀ ਪ੍ਰਾਪਤੀ ਨੂੰ ਆਪਣੀ ਨਹੀਂ, ਸਮੁੱਚੇ ਸਮਾਜ ਦੀ ਪ੍ਰਾਪਤੀ ਮੰਨਦਾ ਹੈਜਪਾਨ ਵਿੱਚ ਕਿਸੇ ਸੋਨ ਤਮਗੇ ਉਲੰਪੀਅਨ, ਨੋਬਲ ਪੁਰਸਕਾਰ ਜੇਤੂ ਜਾਂ ਦੇਸ਼ ਪੱਧਰ ਦੇ ਕਲਾਕਾਰ ਨੂੰ ਸਮਾਜ ਮੋਹਰੇ ‘ਸੁਮੀਮਾਸੇਨ’ ਜਾਂ ‘ਮੋਸ਼ੀਵਾਕੇ ਗੋਜ਼ਾਈਮਾਸੇਨ’ ਕਹਿੰਦੇ ਹੀ ਸੁਣੋਗੇ ਇਸਦਾ ਮਤਲਬ ਸਿਰਫ਼ ਇੰਨਾ ਹੀ ਹੁੰਦਾ ਹੈ ਕਿ “ਮੇਰੀ ਇਸ ਪ੍ਰਾਪਤੀ ਪਿੱਛੇ ਪਤਾ ਨਹੀਂ ਕਿੰਨੇ ਲੋਕਾਂ ਨੇ ਤਕਲੀਫ਼ ਉਠਾਈ ਹੈਮੈਂ ਸਭ ਮੋਹਰੇ ਨਿਮਰਤਾ ਭਰਿਆ, ਮੁਆਫ਼ੀ ਭਰਿਆ ਧੰਨਵਾਦੀ ਹੁੰਦਾ ਹਾਂ ਅਤੇ ਸਿਰ ਝੁਕਾਉਂਦਾ ਹਾਂ।”

ਸੋਚਣ ਵਾਲੀ ਗੱਲ ਹੈ ਕਿ ਸਾਡੇ ਖਿਡਾਰੀ, ਅਫਸਰ, ਮੰਤਰੀ ਅਤੇ ਪ੍ਰਸਿੱਧ ਕਲਾਕਾਰ ਆਮ ਮਨੁੱਖ ਹੋਣ ਤੋਂ ਇੰਨਾ ਘਬਰਾਉਂਦੇ ਕਿਉਂ ਹਨ? ਮੈਂ ਇੱਕ ਲੰਬੇ ਅਰਸੇ ਤੋਂ ਜਪਾਨ ਵਿੱਚ ਹਾਂਇਸ ਦੌਰਾਨ ਮੈਨੂੰ ਕਦੇ ਕੋਈ ਵੀ.ਆਈ.ਪੀ. ਦੇਖਣ ਨੂੰ ਨਹੀਂ ਮਿਲਿਆਮੈਂ ਸੋਚਦਾ ਰਹਿੰਦਾ ਹਾਂ ਕਿ ਹਜ਼ਾਰਾਂ ਮੰਤਰੀ ਜਾਂ ਸਾਬਕਾ ਮੰਤਰੀ, ਉਲੰਪਿਕਸ ਦੇ ਹਜ਼ਾਰਾਂ ਸੋਨ ਤਮਗੇ ਜੇਤੂ ਖਿਡਾਰੀ, ਸੈਂਕੜੇ ਨੋਬਲ ਇਨਾਮ ਜੇਤੂ, ਮਹਾਨ ਇਤਿਹਾਸਕ ਮੰਦਰਾਂ ਦੇ ਪੁਜਾਰੀ ਅਤੇ ਹਜ਼ਾਰਾਂ ਵੱਡੀਆਂ ਕੰਪਨੀਆਂ ਦੇ ਅਧਿਕਾਰੀ ਪਤਾ ਨਹੀਂ ਕਿੱਥੇ ਰਹਿੰਦੇ ਹਨ?

ਏਸ਼ੀਆ ਦਾ ਇਹ ਇੰਨਾ ਛੋਟਾ ਜਿਹਾ ਦੇਸ਼ ਯੂਰਪ ਦੇ ਸਾਰੇ ਵਿਕਸਿਤ ਮੁਲਕਾਂ ਦਾ ਮੁਕਾਬਲਾ ਕਰਦਾ ਹੈਪਰ ਵੀ.ਆਈ.ਪੀ. ਇੱਕ ਵੀ ਪੈਦਾ ਨਹੀਂ ਕਰਦਾਸਾਰੇ ਹੀ ਆਮ ਹਨ ਅਤੇ ਆਮ ਹੀ ਬੱਸਾਂ ਗੱਡੀਆਂ ਵਿੱਚ ਤੁਰੇ ਫਿਰਦੇ ਹਨਸੱਚਮੁੱਚ ਕਈ ਵਾਰ ਮੈਨੂੰ ਲੱਗਣ ਲਗਦਾ ਹੈ ਕਿ ਇੱਥੇ ਜ਼ਰੂਰ ਕੋਈ ਗੜਬੜ ਹੈ!

*   *   *   *   *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(5312)
ਰਚਨਾਵਾਂ ਸਬੰਧੀ ਆਪਣੇ ਵਿਚਾਰ ਸਾਂਝੇ ਕਰੋ: This email address is being protected from spambots. You need JavaScript enabled to view it.