“ਅੱਜ ਦੇ ਦੌਰ ਵਿੱਚ ਬਿਨਾਂ ਕਿਸੇ ਲੋਭ ਲਾਲਚ ਤੋਂ ਆਪਣਾ ਕੀਮਤੀ ਸਮਾਂ, ਸਮਰੱਥਾ ਅਤੇ ਵਸੀਲੇ ਲੋਕ ਹਿਤਾਂ ਲਈ ...”
(19 ਅਗਸਤ 2024)
ਅਜੋਕੇ ਦੌਰ ਵਿੱਚ ਇੱਕ ਆਮ ਇਨਸਾਨ ਦੀ ਜ਼ਿੰਦਗੀ ਲਈ ਸਿਹਤ ਅਤੇ ਸਿੱਖਿਆ ਦਾ ਬੇਹੱਦ ਮਹੱਤਵ ਹੈ। ਪਰ ਸਿਹਤ ਅਤੇ ਸਿੱਖਿਆ ਦੇ ਖੇਤਰ ਵਿੱਚ ਲਗਾਤਾਰ ਕਾਰਪੋਰੇਟ ਘਰਾਣਿਆਂ ਦਾ ਕਬਜ਼ਾ ਹੁੰਦਾ ਜਾ ਰਿਹਾ ਹੈ, ਜਿਸ ਸਦਕਾ ਆਮ ਇਨਸਾਨ ਦੀ ਜ਼ਿੰਦਗੀ ਸਿਹਤ ਅਤੇ ਸਿੱਖਿਆ ਤੋਂ ਬਿਨਾਂ ਬਦਹਾਲ ਹੁੰਦੀ ਜਾ ਰਹੀ ਹੈ। ਇੱਕ ਬਿਹਤਰ ਅਤੇ ਉੱਤਮ ਇਲਾਜ ਦੀ ਆਸ ਵਿੱਚ ਇੱਕ ਸਧਾਰਨ ਵਿਅਕਤੀ ਕਰਜ਼ਾਈ ਹੋ ਜਾਂਦਾ ਹੈ। ਦੁੱਖ ਦੀ ਗੱਲ ਇਹ ਹੈ ਕਿ ਪਬਲਿਕ ਸੰਸਥਾਵਾਂ ਪ੍ਰਤੀ ਆਮ ਲੋਕਾਂ ਦਾ ਉਦਾਸੀਨ ਨਜ਼ਰੀਆ ਹੈ, ਜੋ ਕਾਰਪੋਰੇਟ ਸਿਹਤ ਸੰਸਥਾਵਾਂ ਦੀ ਲੁੱਟ ਦਾ ਅਧਾਰ ਬਣਦਾ ਹੈ। ਕਾਰਪੋਰੇਟ ਹਸਪਤਾਲਾਂ ਤੋਂ ਇਲਾਜ ਦੌਰਾਨ ਲੁੱਟੇ ਪੁੱਟੇ ਗਏ, ਕਰਜ਼ਾਈ ਹੋ ਗਏ ਅਜਿਹੇ ਹਜ਼ਾਰਾਂ ਲੋਕਾਂ ਦੀਆਂ ਹੱਡਬੀਤੀਆਂ ਸਤੀਸ਼ ਦੇ ਉਗਲਾਂ ਦੇ ਪੋਟਿਆਂ ’ਤੇ ਗਿਣ ਕੇ ਯਾਦ ਹਨ ਕਿ ਕਿਸ ਤਰ੍ਹਾਂ ਪ੍ਰਾਈਵੇਟ ਤੇ ਕਾਰਪੋਰੇਟ ਹਸਪਤਾਲਾਂ ਦੇ ਧੱਕੇ ਚੜ੍ਹੇ ਪਰਿਵਾਰਾਂ ਦੀ ਜ਼ਮੀਨ ਜਾਇਦਾਦ ਵਿਕ ਗਈ, ਘਰ ਦੇ ਜੀਅ ਸਦਾ ਲਈ ਵਿੱਛੜ ਗਏ। ਹਜ਼ਾਰਾਂ ਹੀ ਲੋਕ ਆਪਣੇ ਮਾਂ ਪਿਉ, ਧੀ-ਪੁੱਤ ਜਾਂ ਸਕੇ ਸੰਬੰਧੀਆਂ ਦੇ ਇਲਾਜ ਦੌਰਾਨ ਕੰਗਾਲੀ ਵੱਲ ਧੱਕੇ ਗਏ। ਨਾ ਘਰ ਦਾ ਜੀਅ ਬਚਿਆ ਤੇ ਨਾ ਬਚੀ ਜ਼ਮੀਨ ਜਾਇਦਾਦ। ਜੇਕਰ ਕੁਝ ਪਿੱਛੇ ਬਚਿਆ ਤਾਂ ਦੁੱਖ, ਤਕਲੀਫ਼ਾਂ ਅਤੇ ਚੁਣੌਤੀਆਂ ਦਾ ਢੇਰ। ਆਮ ਲੋਕਾਂ ਨੂੰ ਆਪਣੇ ਪਰਿਵਾਰਕ ਮੈਂਬਰਾਂ ਦੇ ਇਲਾਜ ਪ੍ਰਤੀ ਅਤੇ ਸਰਕਾਰੀ ਸਿਹਤ ਸਕੀਮਾਂ ਬਾਰੇ ਸੁਚੇਤ ਕਰਨ ਦਾ ਬੀੜਾ ਚੁੱਕ ਕੇ ਪੰਜਾਬ ਦੇ ਪਿੰਡਾਂ, ਸੱਥਾਂ ਅਤੇ ਟੋਭਿਆਂ ਟਿੱਬਿਆਂ ਨੂੰ ਉਜਾੜ ਕੇ ਬਣਿਆ ਚੰਡੀਗੜ੍ਹ ਅਤੇ ਚੰਡੀਗੜ੍ਹ ਵਿੱਚ ਬਣੇ ਪੀਜੀਆਈ ਵਿੱਚ ਪੰਜਾਬੀਆਂ ਨੂੰ ਇਲਾਜ ਕਰਾਉਣ ਦਾ ਹੋਕਾ ਦੇਣ ਵਾਲਾ ਸਤੀਸ਼ ਐੱਨਜੀਓ ਵਰਕਰ ਆਪਣੇ ਆਪ ਵਿੱਚ ਇੱਕ ਸੰਸਥਾ ਹੈ। ਨਾਭਾ ਮਲੇਰਕੋਟਲਾ ਰੋਡ ’ਤੇ ਸਥਿਤ ਕਸਬਾ ਅਮਰਗੜ੍ਹ ਦੇ ਵਸਨੀਕ ਪਿਤਾ ਸ਼ੁੱਭਕਰਨ ਦਾਸ ਦੇ ਘਰ ਅਤੇ ਮਾਤਾ ਸ੍ਰੀਮਤੀ ਕ੍ਰਿਸ਼ਨਾ ਦੇਵੀ ਦੇ ਕੁੱਖੋਂ ਸਾਲ 1969 ਵਿੱਚ ਜਨਮੇ ਸਤੀਸ਼ ਭਾਵੇਂ ਪੇਸ਼ੇ ਵਜੋਂ ਇੱਕ ਟੈਕਸੀ ਡਰਾਈਵਰ ਹੈ ਪਰ ਉਸ ਨੇ ਇਸ ਨਵੇਕਲੇ ਕਾਰਜ ਨੂੰ ਆਪਣੀ ਜ਼ਿੰਦਗੀ ਦਾ ਮਿਸ਼ਨ ਦਾ ਬਣਾ ਲਿਆ। ਉਹ ਟੈਕਸੀ ਚਲਾ ਕੇ ਕਮਾਈ ਆਪਣੀ ਕਿਰਤ ਵੀ ਲੋੜਵੰਦ ਲੋਕਾਂ ਦੇ ਇਲਾਜ ਲਈ ਖ਼ਰਚ ਕਰ ਦਿੰਦੇ ਹਨ। ਲੋਕਾਂ ਦੇ ਦੁੱਖ ਦਰਦ ਵੰਡਾਉਣ, ਆਪਣੇ ਪਰਿਵਾਰ ਨਾਲ ਸਮਾਂ ਬਿਤਾਉਣ ਦੀ ਥਾਂ ਇਲਾਜ ਲਈ ਹੰਭੇ ਹਾਰਿਆਂ ਅਤੇ ਲੁੱਟੇ ਪੁੱਟੇ ਗਏ ਲੋਕਾਂ ਦੇ ਸਹੀ ਅਤੇ ਮੁਫ਼ਤ ਜਾਂ ਸਸਤੇ ਇਲਾਜ ਲਈ ਅੱਧੇ ਬੋਲ ’ਤੇ ਤੁਰ ਪੈਣ ਲਈ ਹਿੰਮਤ, ਜਜ਼ਬਾ ਅਤੇ ਭਾਵਨਾ ਕਿਸੇ ਵਿਰਲੇ ਟਾਵੇਂ ਅੰਦਰ ਹੀ ਪੈਦਾ ਹੁੰਦੀ ਹੈ, ਜੋ ਸਤੀਸ਼ ਅੰਦਰ ਮੌਜੂਦ ਹੈ। ਸਤੀਸ਼ ਦੀ ਇਹ ਵਿਲੱਖਣਤਾ ਹੀ ਉਸ ਨੂੰ ਇਨਸਾਨ ਤੋਂ ਮਹਾਪੁਰਸ਼ ਬਣਾ ਰਹੀ ਹੈ। ਹੁਣ ਤਕ ਹਜ਼ਾਰਾਂ ਦੀ ਲੋਕਾਂ ਦੀਆਂ ਜ਼ਿੰਦਗੀਆਂ ਬਚਾ ਚੁੱਕਿਆ ਸਤੀਸ਼ ਆਖਦਾ ਹੈ ਕਿ ਆਪਣੇ ਭਰਾ ਜਸਵੰਤ ਸਿੰਘ ਲਾਡੀ ਦੇ ਇਲਾਜ ਲਈ ਸੰਨ 2000 ਵਿੱਚ ਪਟਿਆਲਾ ਦੇ ਇੱਕ ਪ੍ਰਾਈਵੇਟ ਹਸਪਤਾਲ ਵਿੱਚ ਇਲਾਜ ਦੌਰਾਨ ਹੋਏ ਕੌੜੇ ਅਨੁਭਵ ਨੇ ਉਸ ਦੀ ਜ਼ਿੰਦਗੀ ਬਦਲ ਦਿੱਤੀ। ਪਟਿਆਲਾ ਦੇ ਉਸ ਪ੍ਰਾਈਵੇਟ ਹਸਪਤਾਲ ਤੋਂ ਖਹਿੜਾ ਛੁਡਾ ਕੇ ਆਪਣੇ ਭਰਾ ਦੇ ਇਲਾਜ ਲਈ ਪੀਜੀਆਈ ਚਲਾ ਗਿਆ। ਜਿੱਥੇ ਪੀਜੀਆਈ ਦੇ ਰੱਬ ਵਰਗੇ ਡਾਕਟਰਾਂ ਨੇ 15 ਦਿਨਾਂ ਵਿੱਚ ਸੱਤ ਆਪ੍ਰੇਸ਼ਨ ਕਰਕੇ ਉਸ ਦੇ ਭਰਾ ਦੀ ਜ਼ਿੰਦਗੀ ਵੀ ਬਚਾਈ ਅਤੇ ਉਹ ਕੰਗਾਲ ਹੋਣੋਂ ਵੀ ਬਚਿਆ।
ਬੱਸ ਫਿਰ ਕੀ, ਸਤੀਸ਼ ਨੇ ਪਿੱਛੇ ਮੁੜ ਕੇ ਨਹੀਂ ਦੇਖਿਆ। ਆਪਣੀ ਜ਼ਿੰਦਗੀ ਦੇ ਕੀਮਤੀ ਤਿੰਨ ਦਹਾਕੇ ਉਨ੍ਹਾਂ ਲੋਕ ਸੇਵਾ ਦੇ ਲੇਖੇ ਲਾ ਦਿੱਤੇ। ਪੀਜੀਆਈ ਬਾਰੇ ਆਮ ਲੋਕਾਂ ਇਹ ਧਾਰਨਾ ਪੱਕੀ ਹੋ ਚੁੱਕੀ ਸੀ ਕਿ ਪੀਜੀਆਈ ਵਿੱਚ ਕੋਈ ਨਹੀਂ ਪੁੱਛਦਾ। ਉੱਥੇ ਤਾਂ ਸਿਰਫ਼ ਖੱਜਲ਼ ਖੁਆਰੀ ਹੀ ਹੁੰਦੀ ਹੈ। ਪਰ ਸਤੀਸ਼ ਨੇ ਇਸ ਵਰਤਾਰੇ ਨੂੰ ਇੱਕ ਨਜ਼ਰ ਨਾਲ ਦੇਖਿਆ, ਸਮਝਿਆ ਅਤੇ ਸੋਸ਼ਲ ਮੀਡੀਆ ਰਾਹੀਂ ਆਮ ਲੋਕਾਂ ਨੂੰ ਸਮਝਾਇਆ, ਜਿਸਦੇ ਨਤੀਜੇ ਵਜੋਂ ਪੰਜਾਬ ਦੇ ਲੋਕਾਂ ਅੰਦਰ ਜਾਗਰੂਕਤਾ ਆ ਰਹੀ ਹੈ। ਪੀਜੀਆਈ ਦੀ ਓਪੀਡੀ ਵਿੱਚ ਪ੍ਰਤੀ ਮਹੀਨਾ ਕਰੀਬ ਤੀਹ ਹਜ਼ਾਰ ਮਰੀਜ਼ਾਂ ਦੀ ਗਿਣਤੀ ਵਧ ਗਈ ਹੈ। ਸਤੀਸ਼ ਦਾ ਮੰਨਣਾ ਹੈ ਕਿ ਹਰਿਆਣਾ, ਹਿਮਾਚਲ ਅਤੇ ਜੰਮੂ ਕਸ਼ਮੀਰ ਦੇ ਲੋਕ ਪੀਜੀਆਈ ਦੇ ਉੱਚ ਪਾਏ ਅਤੇ ਸਸਤੇ ਇਲਾਜ ਪ੍ਰਤੀ ਵਧੇਰੇ ਸੁਚੇਤ ਹਨ, ਜਦਕਿ ਪੰਜਾਬੀ ਪੀਜੀਆਈ ਜਾ ਕੇ ਇੱਕ ਹਫ਼ਤਾ ਮਿਹਨਤ ਕਰਨ ਤੋਂ ਝਿਜਕਦੇ ਹਨ। ਪੰਜਾਬੀਆਂ ਦੀ ਇਹੀ ਬੁਰੀ ਆਦਤ ਨਾਲ ਕਾਰਪੋਰੇਟ ਹਸਪਤਾਲ ਕਰੋੜਾਂ ਅਰਬਾਂ ਰੁਪਏ ਦਾ ਕਾਰੋਬਾਰ ਕਰ ਰਹੇ ਹਨ।
ਸਤੀਸ਼ ਹੈਰਾਨੀਜਨਕ ਖ਼ੁਲਾਸੇ ਕਰਦਾ ਹੈ ਕਿ ਉਹ ਸੈਂਕੜੇ ਪਰਿਵਾਰਾਂ ਨੂੰ ਜਾਣਦਾ ਹੈ, ਜਿਨ੍ਹਾਂ ਨੂੰ ਪ੍ਰਾਈਵੇਟ ਹਸਪਤਾਲਾਂ ਨੇ ਬਿਨਾਂ ਕਿਸੇ ਬਿਮਾਰੀ ਦੇ ਹੀ ਲੱਖਾਂ ਰੁਪਏ ਗੰਭੀਰ ਬਿਮਾਰੀ ਜਾਂ ਮੌਤ ਦੇ ਡਰ ਦਿਖਾ ਕੇ ਇਲਾਜ ਦੇ ਨਾਂ ’ਤੇ ਲੁੱਟ ਲਏ। ਉਸ ਦੀਆਂ ਗੱਲਾਂ ਵਿੱਚ ਵਜ਼ਨ ਹੈ। ਉਹ ਸੱਚ ਦਾ ਹਾਮੀ ਹੈ। ਉਹ ਜੋ ਵੀ ਗੱਲ ਆਖਦਾ ਹੈ, ਉਸ ਕਹਾਣੀਆਂ ਜਾਂ ਵਿਥਿਆ ਦੇ ਪਾਤਰਾਂ ਦਾ ਪਤਾ ਹੈ। ਉਸ ਵਿਅਕਤੀ ਦੇ ਪਿੰਡ ਸੱਥ ਅਤੇ ਟਿਕਾਣੇ ਦਾ ਪਤਾ ਹੈ, ਜਿਸ ਨਾਲ ਅਜਿਹਾ ਵਾਪਰਿਆ। ਸਤੀਸ਼ ਮੋਗੇ ਦੇ ਇੱਕ ਵਿਅਕਤੀ ਦੀ ਕਹਾਣੀ ਦੱਸਦਿਆਂ ਭਾਵੁਕ ਹੋ ਜਾਂਦਾ ਹੈ, ਜਿਸ ਨੇ ਆਪਣੀ ਮਾਂ ਦੇ ਇਲਾਜ ਲਈ ਪ੍ਰਾਈਵੇਟ ਕਾਰਪੋਰੇਟ ਹਸਪਤਾਲ ਦੇ ਧੱਕੇ ਚੜ੍ਹ ਕੇ ਖੇਤੀਬਾੜੀ ਵਾਲੀ 50 ਵਿੱਘੇ ਜ਼ਮੀਨ ਵੇਚ ਦਿੱਤੀ ਪਰ ਨਾ ਮਾਂ ਬਚੀ ਅਤੇ ਨਾ ਹੀ ਮਾਂ ਵਰਗੀ ਜ਼ਮੀਨ।
ਅਜਿਹੀਆਂ ਹੋਰ ਅਨੇਕਾਂ ਘਟਨਾਵਾਂ ਮੈਨੂੰ ਦੱਸਦਿਆਂ ਸਤੀਸ਼ ਦਾ ਗੱਚ ਭਰ ਆਇਆ। ਮੈਂ ਹੈਰਾਨ ਸੀ ਕਿ ਕੋਈ ਕਿਸੇ ਅਣਜਾਣ ਵਿਅਕਤੀ ਦੇ ਦੁੱਖ ਦਰਦ ਪ੍ਰਤੀ ਇੰਨਾ ਚਿੰਤਤ ਕਿਵੇਂ ਹੋ ਸਕਦਾ ਹੈ। ਸੱਚ ਪੁੱਛੋ ਤਾਂ ਮੈਂ ਸਤੀਸ਼ ਦੀ ਸ਼ਖ਼ਸੀਅਤ ਵਿੱਚੋਂ ਰੱਬ ਦੇਖਦਾ ਹਾਂ। ਅੱਜ ਤਕ ਸਤੀਸ਼ ਦੀ ਗਾਈਡੈਂਸ ਨਾਲ ਹਜ਼ਾਰਾਂ ਲੋਕਾਂ ਨੇ ਪੀਜੀਆਈ ਚੰਡੀਗੜ੍ਹ ਤੋਂ ਕਰੋੜਾਂ ਰੁਪਏ ਦੇ ਅਪ੍ਰੇਸ਼ਨ ਮੁਫ਼ਤ ਜਾਂ ਬਹੁਤ ਹੀ ਵਾਜਬ ਕੀਮਤ ’ਤੇ ਕਰਵਾਏ ਹਨ। ਹੈਰਾਨੀ ਦੀ ਗੱਲ ਹੈ ਕਿ ਉਸ ਦੇ ਮੋਬਾਇਲ ਫ਼ੋਨ ’ਤੇ ਹਰ ਰੋਜ਼ ਮਦਦ ਲਈ ਮਰੀਜ਼ਾਂ ਦੀਆਂ ਸੈਂਕੜੇ ਫ਼ੋਨ ਕਾਲਾਂ ਆਉਂਦੀਆਂ ਹਨ ਅਤੇ ਅੱਧੀ ਰਾਤ ਤਕ ਵੀ ਸਤੀਸ਼ ਫ਼ੋਨ ਸੁਣਦਾ, ਉਨ੍ਹਾਂ ਨੂੰ ਹੌਸਲਾ ਦਿੰਦਾ ਤੇ ਉਨ੍ਹਾਂ ਦੁਖੀ ਲੋਕਾਂ ਦੀ ਮਦਦ ਕਰਦਾ ਹੈ, ਜਿਨ੍ਹਾਂ ਨੂੰ ਉਹ ਕਦੇ ਨਾ ਮਿਲਿਆ ਅਤੇ ਨਾ ਹੀ ਕੋਈ ਜਾਣ ਪਛਾਣ ਹੁੰਦੀ ਹੈ। ਇਸਦੇ ਬਾਵਜੂਦ ਵੀ ਟੈਲੀਫ਼ੋਨ ’ਤੇ ਹੀ ਮਰੀਜ਼ ਦੀ ਮੁਸ਼ਕਿਲ ਸੁਣ ਕੇ ਉਸ ਦੀ ਮਦਦ ਵਿੱਚ ਤੁਰੰਤ ਜੁਟ ਜਾਣਾ ਉਸ ਦਾ ਸੁਭਾਅ ਬਣ ਚੁੱਕਿਆ ਹੈ। ਮੈਂ ਸਤੀਸ਼ ਦੀ ਕਾਰਗੁਜ਼ਾਰੀ ਤੋਂ ਹੈਰਾਨ ਹਾਂ ਕਿ ਕਿ ਕੋਈ ਕਿਸੇ ਅਣਜਾਣ ਵਿਅਕਤੀ ਦੀ ਸਿਹਤ ਜਾਂ ਇਲਾਜ ਪ੍ਰਤੀ ਇੰਨਾ ਚਿੰਤਤ ਕਿਵੇਂ ਹੋ ਸਕਦਾ ਹੈ। ਇਹ ਸਭ ਪ੍ਰਮਾਤਮਾ ਦੀ ਮੇਹਰ ਹੀ ਹੈ ਨਹੀਂ ਤਾਂ ਅੱਜ ਦੇ ਦੌਰ ਵਿੱਚ ਬਹੁਤੇ ਲੋਕ ਦੁੱਖ ਦੀ ਘੜੀ ਵਿੱਚ ਆਪਣੇ ਸਕੇ ਸੰਬੰਧੀਆਂ ਕੋਲੋਂ ਵੀ ਟਾਲ਼ਾ ਵੱਟ ਲੈਂਦੇ ਹਨ।
ਸਤੀਸ਼ ਪੀਜੀਆਈ ਚੰਡੀਗੜ੍ਹ ਦੇ ਡਾਕਟਰ ਪ੍ਰਵੀਨ ਸੋਲੰਕੀ, ਡਾ. ਹਿਮਾਂਸ਼ੂ ਗੁਪਤਾ, ਡਾ. ਸੌਰਭ, ਡਾ. ਯਸ਼ਪਾਲ ਸਰਮਾ, ਡਾ. ਰਜੇਸ਼ ਵਿਜੈਵਰਗੀਆ ਸਮੇਤ ਸਮੂਹ ਡਾਕਟਰਾਂ ਅਤੇ ਸਟਾਫ ਦਾ ਰਿਣੀ ਹੈ, ਜਿਹੜੇ ਇਸ ਮਹਾਨ ਕਾਰਜ ਵਿੱਚ ਸਾਥ ਦਿੰਦੇ ਹਨ। ਸਤੀਸ਼ ਸੋਸ਼ਲ ਮੀਡੀਆ ’ਤੇ ਲਗਾਤਾਰ ਇਹ ਪ੍ਰਚਾਰ ਕਰ ਰਿਹਾ ਹੈ ਕਿ ਪੰਜਾਬੀਓ ਆਪਣੇ ਅਤੇ ਪਰਿਵਾਰਕ ਮੈਂਬਰਾਂ ਦਾ ਇਲਾਜ ਪੀਜੀਆਈ ਤੋਂ ਕਰਵਾਓ, ਕਾਹਲ ਛੱਡ ਕੇ ਚੰਡੀਗੜ੍ਹ ਰੁਕ ਕੇ ਪੰਜ ਚਾਰ ਦਿਨ ਮਿਹਨਤ ਕਰੋ। ਸਤੀਸ਼ ਇਹ ਗਾਰੰਟੀ ਦਿੰਦਾ ਹੈ ਕਿ ਉੱਥੇ ਸਸਤਾ ਤੇ ਬਿਹਤਰ ਇਲਾਜ ਮਿਲੇਗਾ ਅਤੇ ਪ੍ਰਾਈਵੇਟ ਹਸਪਤਾਲਾਂ ਦੀ ਲੁੱਟ ਤੋਂ ਬਚਾ ਹੋਵੇਗਾ। ਆਯੂਸਮਾਨ ਸਿਹਤ ਕਾਰਡ, ਜਿਸ ਨੂੰ ਪੇਂਡੂ ਭਾਸ਼ਾ ਵਿੱਚ ਮੋਦੀ ਵਾਲਾ ਕਾਰਡ ਜਾਂ ਪੰਜ ਲੱਖ ਵਾਲਾ ਕਾਰਡ ਕਹਿੰਦੇ ਹਨ, ਬਾਰੇ ਸਤੀਸ਼ ਦਾ ਕਹਿਣਾ ਹੈ ਕਿ ਇਹ ਯੋਜਨਾ ਗਰੀਬ ਅਤੇ ਆਰਥਿਕ ਤੌਰ ’ਤੇ ਕਮਜ਼ੋਰ ਵਰਗ ਦੇ ਲੋਕਾਂ ਲਈ ਇੱਕ ਵਰਦਾਨ ਹੈ। ਇਸ ਕਾਰਡ ਰਾਹੀਂ ਪੰਜ ਲੱਖ ਰੁਪਏ ਤਕ ਪੀਜੀਆਈ ਚੰਡੀਗੜ੍ਹ ਤੋਂ ਮੁਫ਼ਤ ਇਲਾਜ ਹੁੰਦਾ ਹੈ। ਹੁਣ ਤਕ ਹਜ਼ਾਰਾਂ ਹੀ ਬਜ਼ੁਰਗ ਗੋਡੇ, ਚੂਲ਼ੇ ਬਦਲਾ ਚੁੱਕੇ ਹਾਂ। ਦਸ ਹਜ਼ਾਰ ਦਿਲ ਦੇ ਮਰੀਜ਼ਾਂ ਨੂੰ ਸਟੈਂਟ ਪਵਾ ਚੁੱਕੇ ਹਨ ਅਤੇ 15 ਹਜ਼ਾਰ ਮਰੀਜ਼ਾਂ ਦੇ ਬਰੇਨ ਅਪ੍ਰੇਸ਼ਨ ਕਰਵਾ ਚੁੱਕੇ ਹਨ।
ਸਤੀਸ਼ ਦੱਸਦਾ ਹੈ ਗੁਰਦਾਸਪੁਰ, ਅੰਮ੍ਰਿਤਸਰ ਸਾਹਿਬ ਸਮੇਤ ਬਾਰਡਰ ਏਰੀਆ ਦੇ ਵੱਡੀ ਗਿਣਤੀ ਮਰੀਜ਼ਾਂ ਦੀ ਰੀੜ੍ਹ ਦੀ ਹੱਡੀ ਦੇ ਅਪ੍ਰੇਸ਼ਨ ਮੁਫ਼ਤ ਵਿੱਚ ਕਰਵਾਉਣ ਵਿੱਚ ਮਦਦ ਕੀਤੀ ਹੈ। ਉਹ ਸਿਰਫ਼ ਮਰੀਜ਼ਾਂ ਨੂੰ ਗਾਈਡ ਹੀ ਨਹੀਂ ਕਰਦਾ ਸਗੋਂ ਹਰ ਰੋਜ਼ ਅਮਰਗੜ੍ਹ ਤੋਂ ਪੀਜੀਆਈ ਚੰਡੀਗੜ੍ਹ ਜਾਂਦਾ ਹੈ ਅਤੇ ਰੋਜ਼ਾਨਾ ਪੰਜਾਹ ਤੋਂ ਸੌ ਮਰੀਜ਼ਾਂ ਦੇ ਇਲਾਜ ਵਿੱਚ ਸਹਿਯੋਗ ਕਰਦਾ ਹੈ। ਉਨ੍ਹਾਂ ਨੂੰ ਗਾਈਡ ਕਰਦਾ ਹੈ, ਉਨ੍ਹਾਂ ਨਾਲ ਭੱਜ ਨੱਠ ਕਰਕੇ ਮਦਦ ਕਰਦਾ ਹੈ। ਇੱਥੇ ਹੀ ਬੱਸ ਨਹੀਂ ਲੋੜਵੰਦ ਪਰਿਵਾਰਾਂ ਦੇ ਮਰੀਜ਼ਾਂ ਲਈ ਦਵਾਈ ਲਈ ਪੈਸੇ ਪੱਖੋਂ ਵੀ ਮਦਦ ਕਰਦਾ ਹੈ। ਆਪਣੇ ਪੇਸ਼ੇ ਭਾਵ ਟੈਕਸੀ ਚਲਾ ਕੇ ਜੋ ਵੀ ਕਮਾਈ ਕਰਦਾ ਹੈ, ਉਹ ਵੀ ਸਤੀਸ਼ ਲੋੜਵੰਦਾਂ ਦੇ ਇਲਾਜ ਲਈ ਖ਼ਰਚ ਦਿੰਦਾ ਹੈ।
ਵਿਦੇਸ਼ਾਂ ਤੋਂ ਵੀ ਮਰੀਜ਼ ਸਤੀਸ਼ ਨਾਲ ਰਾਬਤਾ ਕਰਦੇ ਹਨ, ਹਰ ਮਹੀਨੇ ਲਗਭਗ 15 ਸੌ ਮਰੀਜ਼ ਆਪਣੀਆਂ ਰਿਪੋਰਟਾਂ ਵੱਟਸ ਐਪ ’ਤੇ ਭੇਜਦੇ ਹਨ ਅਤੇ ਅੱਗੋਂ ਸਤੀਸ਼ ਪੀਜੀਆਈ ਦੇ ਡਾਕਟਰਾਂ ਨੂੰ ਉਨ੍ਹਾਂ ਦੇ ਮੋਬਾਇਲ ’ਤੇ ਭੇਜ ਦਿੰਦਾ ਹੈ। ਕੈਨੇਡਾ, ਅਮਰੀਕਾ, ਆਸਟ੍ਰੇਲੀਆ ਸਮੇਤ ਦਰਜਨਾਂ ਮੁਲਕਾਂ ਤੋਂ ਮਰੀਜ਼ ਉਸ ਦੇ ਸਹਿਯੋਗ ਨਾਲ ਪੀਜੀਆਈ ਤੋਂ ਇਲਾਜ ਕਰਵਾਉਂਦੇ ਹਨ। ਉਸ ਦੇ ਦੋ ਬੇਟੇ ਰਾਜਦੀਪ ਅਤੇ ਕਰਨਦੀਪ ਆਸਟ੍ਰੇਲੀਆ ਵਿੱਚ ਰਹਿੰਦੇ ਹਨ। ਖ਼ੁਦ ਸਤੀਸ਼ ਕੋਲ ਕੈਨੇਡਾ ਅਤੇ ਆਸਟ੍ਰੇਲੀਆ ਦਾ ਪੱਕਾ ਵੀਜ਼ਾ ਹੈ ਪਰ ਫਿਰ ਵੀ ਵਿਦੇਸ਼ ਜਾਣ ਦੀ ਥਾਂ ਸਤੀਸ਼ ਹਰ ਵਕਤ ਪੰਜਾਬੀਆਂ ਦੀ ਸੇਵਾ ਵਿੱਚ ਲੱਗਿਆ ਰਹਿੰਦਾ ਹੈ। ਇਹ ਸੱਚਮੁੱਚ ਹੀ ਇੱਕ ਕਰੜੀ ਤਪੱਸਿਆ ਹੈ ਜੋ ਸਤੀਸ਼ ਕਰ ਰਿਹਾ ਅਤੇ ਇਹ ਹਰ ਕਿਸੇ ਦੇ ਵੱਸ ਦੀ ਗੱਲ ਨਹੀਂ। ਵੱਡੀ ਗਿਣਤੀ ਵਿੱਚ ਲੋਕ ਉਸ ਨੂੰ ਸੋਸ਼ਲ ਮੀਡੀਆ ਪਲੇਟਫ਼ਾਰਮ ਫੇਸਬੁੱਕ ਅਤੇ ਯੂਟਿਊਬ ਤੇ ਉਸ ਦੇ ਪੇਜ ਅਤੇ ਚੈਨਲ ‘ਸਤੀਸ਼ ਐੱਨਜੀਓ ਵਰਕਰ’ ਤੇ ਉਸ ਦੀਆਂ ਰੋਜ਼ਾਨਾ ਦੀਆਂ ਗਤੀਵਿਧੀਆਂ ਨੂੰ ਦੇਖਦੇ ਹਨ। ਉਨ੍ਹਾਂ ਦੀ ਰਾਏ ਜਾਂ ਵਿਚਾਰ ਸੁਣਦੇ ਹਨ ਅਤੇ ਆਪਣੀਆਂ ਮੁਸ਼ਕਲਾਂ ਵੀ ਦੱਸਦੇ ਹਨ।
ਸਤੀਸ਼ ਦੇ ਕੰਮ ਦਾ ਅੰਦਾਜ਼ਾ ਇਸ ਗੱਲ ਤੋਂ ਸਹਿਜੇ ਹੀ ਲੱਗ ਜਾਂਦਾ ਹੈ ਕਿ ਉਸ ਕਿਸੇ ਵੀ ਪੋਸਟ ਤੇ ਅੱਜ ਤਕ ਕਿਸੇ ਵੀ ਵਿਅਕਤੀ ਨੇ ਕੋਈ ਨੈਗੇਟਿਵ ਕੁਮੈਂਟ ਨਹੀਂ ਕੀਤਾ। ਹਰ ਸਮੇਂ ਲੋਕਾਂ ਦਾ ਭਲਾ ਸੋਚਣਾ, ਲੋੜਵੰਦ ਦੀ ਮਦਦ ਕਰਨਾ, ਮਰੀਜ਼ਾਂ ਦੇ ਸਹੀ ਇਲਾਜ ਅਤੇ ਉਨ੍ਹਾਂ ਦੀ ਆਰਥਿਕ ਲੁੱਟ ਤੋਂ ਬਚਾਉਣ ਲਈ ਯਤਨ ਕਰਨੇ ਸਤੀਸ਼ ਦੀ ਰੋਜ਼ਾਨਾ ਦੀ ਰੁਟੀਨ ਬਣ ਚੁੱਕੀ ਹੈ। ਜੇਕਰ ਭੈਣ ਭਰਾ ਆਪਣੀ ਜਾਂ ਆਪਣੇ ਪਰਿਵਾਰਕ ਮੈਂਬਰ, ਸਕੇ ਸੰਬੰਧੀਆਂ ਦੀ ਬਿਮਾਰੀ ਜਾਂ ਸਰੀਰਕ ਸਮੱਸਿਆ ਬਾਰੇ ਸਤੀਸ਼ ਐੱਨਜੀਓ ਵਰਕਰ ਨਾਲ ਉਨ੍ਹਾਂ ਦੇ ਮੋਬਾਇਲ ਨੰਬਰ 98726 77782 ’ਤੇ ਸੰਪਰਕ ਕਰ ਸਕਦਾ ਹੈ। ਅੱਜ ਦੇ ਦੌਰ ਵਿੱਚ ਬਿਨਾਂ ਕਿਸੇ ਲੋਭ ਲਾਲਚ ਤੋਂ ਆਪਣਾ ਕੀਮਤੀ ਸਮਾਂ, ਸਮਰੱਥਾ ਅਤੇ ਵਸੀਲੇ ਲੋਕ ਹਿਤਾਂ ਲਈ ਵਰਤਣੇ ਕੋਈ ਸਧਾਰਨ ਕਾਰਜ ਨਹੀਂ ਹੈ। ਇਸ ਮਹਾਨ ਕਾਰਜ ਵਿੱਚ ਰਾਜਾ ਰੋਮੀ, ਭੁੱਲਰ ਸਾਹਿਬ, ਹਰਜਿੰਦਰ ਯੂਕੇ, ਪਲਵਿੰਦਰ ਫਗਵਾੜਾ ਸਮੇਤ 300 ਦੋਸਤਾਂ ਮਿੱਤਰਾਂ ਦੀ ਟੀਮ ਮਦਦ ਕਰਦੀ ਹੈ। ਪੇਸ਼ੇ ਵਜੋਂ ਇੱਕ ਟੈਕਸੀ ਡਰਾਈਵਰ ਹੁੰਦੇ ਹੋਏ ਵੀ ਸਤੀਸ਼ ਹਜ਼ਾਰਾਂ ਲੋਕਾਂ ਲਈ ਕਿਸੇ ਮਸੀਹੇ ਤੋਂ ਘੱਟ ਨਹੀਂ ਹੈ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(5228)
ਰਚਨਾਵਾਂ ਸਬੰਧੀ ਆਪਣੇ ਵਿਚਾਰ ਸਾਂਝੇ ਕਰੋ: This email address is being protected from spambots. You need JavaScript enabled to view it.