“ਭਾਰਤੀ ਜਨਤਾ ਪਾਰਟੀ ਦੀਆਂ ਏਕਾਅਧਿਕਾਰਵਾਦੀ ਤੇ ਕੇਂਦਰਵਾਦੀ ਨੀਤੀਆਂ ਕਰਕੇ ਸੂਬਿਆਂ ਵਿੱਚ ਗੈਰ ਭਾਜਪਾ ...”
(8 ਅਗਸਤ 2024)
ਲੋਕ ਸਭਾ ਦੀਆਂ ਚੋਣਾਂ, ਜਿਮਨੀ ਚੋਣਾਂ ਅਤੇ ਸੂਬਿਆਂ ਦੀਆਂ ਹੋਈਆਂ ਚੋਣਾਂ ਵਿੱਚ ਇੱਕ ਹਕੀਕਤ ਜੋ ਸਾਹਮਣੇ ਆਈ ਹੈ, ਉਹ ਇਹ ਹੈ ਕਿ ਭਾਰਤੀ ਜਨਤਾ ਪਾਰਟੀ ਦੀ ਸ਼ਾਖਾ ਨੂੰ ਖੋਰਾ ਲੱਗਣਾ ਸ਼ੁਰੂ ਹੋ ਗਿਆ ਹੈ ਅਤੇ ਇਹਨਾਂ ਚੋਣਾਂ ਵਿੱਚ ਉਹਨਾਂ ਦੇ ਆਗੂਆਂ ਸਮੇਤ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਅਤੇ ਹੋਮ-ਮਨਿਸਟਰ ਅਮਿਤ ਸ਼ਾਹ, ਨੇ ਚੋਣਾਂ ਜਿੱਤਣ ਦੇ ਜੋ ਦਾਵੇ ਪੇਸ਼ ਕੀਤੇ ਸਨ, ਉਹਨਾਂ ਤੋਂ ਉਹਨਾਂ ਦੀ ਪਾਰਟੀ ਬਹੁਤ ਪਿੱਛੇ ਰਹਿ ਗਈ ਹੈ। ਇਹਨਾਂ ਅਗੂਆਂ ਨੇ ਇਸ ਵਾਰ “400 ਪਾਰ” ਦਾ ਨਾਅਰਾ ਦਿੱਤਾ ਸੀ ਪਰ ਉਹ ਇਸਦੇ ਨੇੜੇ ਤੇੜੇ ਵੀ ਨਹੀਂ ਢੁਕ ਸਕੇ, ਪਾਰ ਤਾਂ ਕਰਨਾ ਕੀ ਸੀ। ਉਹ ਇਕੱਲਿਆਂ ਸਰਕਾਰ ਬਣਾਉਣ ਦੇ ਵੀ ਸਮਰੱਥ ਨਹੀਂ ਰਹੇ। ਸਰਕਾਰ ਬਿਹਾਰ ਦੀ ਜਨਤਾ ਦਲ (ਯੂਨਾਈਟਿਡ) ਅਤੇ ਚੰਦਰ ਬਾਬੂ ਨਾਇਡੂ ਦੀ ਤੇਲਗੂ ਦੇਸ਼ਮ ਪਾਰਟੀ ਦੇ ਸਹਾਰੇ ਬਣਾਉਣ ਅਤੇ ਬਹੁ ਗਿਣਤੀ ਸਾਬਤ ਕਰਨ ਵਿੱਚ ਹਰ ਢੰਗ ਤਰੀਕੇ ਵਰਤ ਕੇ ਕਾਮਯਾਬ ਹੋਏ ਹਨ, ਜਦੋਂ ਕਿ ਭਾਰਤ ਦੇ ਬਹੁਗਿਣਤੀ ਲੋਕਾਂ ਨੇ ਚੋਣਾਂ ਵਿੱਚ ਫਤਵਾ ਭਾਜਪਾ ਦੇ ਖਿਲਾਫ ਦਿੱਤਾ ਹੈ।
ਇਹਨਾਂ ਚੋਣਾਂ ਵਿੱਚ ਭਾਰਤੀ ਜਨਤਾ ਪਾਰਟੀ ਦੇ ਆਗੂਆਂ ਨੇ ਸੰਵਿਧਾਨ ਵਿੱਚ ਦਰਜ ਧਰਮ-ਨਿਰਪੱਖਤਾ ਦੀਆਂ ਖੁੱਲ੍ਹ ਕੇ ਧੱਜੀਆਂ ਉਡਾਈਆਂ ਹਨ। ਅਯੋਧਿਆ ਵਿੱਚ ਰਾਮ ਮੰਦਿਰ ਬਣਾ ਕੇ ਬਹੁ ਗਿਹਣੀ ਫਿਰਕੇ ਦੀਆਂ ਵੋਟਾਂ ਹਾਸਲ ਕਰਨ ਲਈ ਇਹਨਾਂ ਚੋਣਾਂ ਵਿੱਚ ਵਰਤਣ ਦਾ ਯਤਨ ਕੀਤਾ ਸੀ, ਪਰ ਇਸਦੇ ਬਾਵਜੂਦ ਵੀ ਲੋਕ ਸਭਾ ਵਿੱਚ ਸਪਸ਼ਟ ਬਹੁਮਤ ਹਾਸਲ ਨਹੀਂ ਕਰ ਸਕੇ, ਸਗੋਂ ਅਯੋਧਿਆ ਹਲਕੇ ਤੋਂ ਵੀ ਚੋਣ ਹਾਰ ਗਏ। ਸੋ ਇਹਨਾਂ ਚੋਣਾਂ ਵਿੱਚ ਭਾਰਤ ਦੇ ਲੋਕਾਂ ਦਾ ਫਤਵਾ ਧਰਮਾਂ ਦੇ ਨਾਮ ’ਤੇ ਵੋਟਾਂ ਹਾਸਲ ਕਰਨ ਲਈ ਲੋਕਾਂ ਨੂੰ ਵੰਡਣ ਦਾ ਨਹੀਂ, ਸਗੋਂ ਆਰਿਥਕ ਮੁੱਦਿਆਂ ਜਿਵੇਂ ਕਿ ਮਹਿੰਗਾਈ, ਬੇਰੋਜ਼ਗਾਰੀ, ਤਾਨਾਸ਼ਾਹੀ ਅਤੇ ਜਮਹੂਰੀਅਤ ਦੇ ਮਸਲਿਆਂ ’ਤੇ ਜ਼ਿਆਦਾ ਨਿਰਭਰ ਹੈ।
ਹੁਣ ਸਵਾਲ ਪੈਦਾ ਹੁੰਦਾ ਹੈ ਕਿ ਧੱਕੇ ਨਾਲ ਅਤੇ ਨਾਜਾਇਜ਼ ਢੰਗ ਨਾਲ ਸਥਾਪਿਤ ਕੀਤੀ ਸਰਕਾਰ ਕਿੰਨੀ ਦੇਰ ਤਕ ਚੱਲ ਸਕੇਗੀ। ਇਸ ਦਾ ਜਵਾਬ ਪਿਛਲੇ ਸਮਿਆਂ ਦੇ ਇਤਿਹਾਸਕ ਤਜਰਬਿਆਂ ਵਿੱਚੋਂ ਹੀ ਮਿਲੇਗਾ। ਪਿਛਲੀ ਸਦੀ ਦੇ ਸੱਤਰਵਿਆਂ ਦੇ ਸ਼ੁਰੂ ਵਿੱਚ ਬਹੁ-ਮਤ ਹਾਸਲ ਕਰਨ ਦੇ ਬਾਵਜੂਦ ਵੀ ਸ਼੍ਰੀਮਤੀ ਇੰਦਰਾ ਗਾਂਧੀ ਨੂੰ 1975 ਵਿੱਚ ਐਮਰਜੰਸੀ ਲਗਾ ਕੇ ਗੱਦੀ ਬਚਾਉਣੀ ਪਈ ਸੀ ਅਤੇ 1977 ਵਿੱਚ ਹੋਈਆਂ ਚੋਣਾਂ ਵਿੱਚ ਕਾਂਗਰਸ ਦਾ ਬੁਰੀ ਤਰ੍ਹਾਂ ਸਫਾਇਆ ਹੋ ਗਿਆ ਸੀ।
ਅੱਜ ਭਾਵੇਂ ਉਹ ਸਮਾਂ ਨਹੀਂ ਪਰ ਲੋਕਾਂ ਦੀ ਚੇਤਨਤਾ ਅਤੇ ਸਮੇਂ ਦੀ ਗਤੀ ਪਹਿਲਾਂ ਨਾਲੋਂ ਤੇਜ਼ ਹੋ ਚੁੱਕੀ ਹੈ। ਅੱਜ ਮੌਜੂਦਾ ਦੌਰ ਵਿੱਚ ਟੈਕਨੋਲੋਜੀ ਦੇ ਸਾਧਨਾਂ ਵਿੱਚ ਬੁਨਿਆਦੀ ਤਬਦੀਲੀਆਂ ਆ ਚੁੱਕੀਆਂ ਹਨ ਅਤੇ ਆ ਰਹੀਆਂ ਹਨ ਜਿਨ੍ਹਾਂ ਨਾਲ ਤਬਦੀਲੀ ਦੀ ਗਤੀ ਵੀ ਤੇਜ਼ ਹੋ ਚੁੱਕੀ ਹੈ। ਮੌਜੂਦਾ ਹੋਂਦ ਵਿੱਚ ਲਿਆਂਦੀ ਗਈ ਸਰਕਾਰ ਕੋਈ ਸਥਿਰ ਸਰਕਾਰ ਨਹੀਂ, ਇਹ ਤਾਂ ਸ਼ੁਰੂ ਤੋਂ ਹੀ ਯਾਨੀ ਹੋਂਦ ਵਿੱਚ ਆਉਣ ਵਾਲੇ ਸਮੇਂ ਤੋਂ ਹੀ ਅੰਦਰੂਨੀ ਵਿਰੋਧਤਾਈਆਂ ਦਾ ਸ਼ਿਕਾਰ ਹੈ ਅਤੇ ਇਹਨਾਂ ਵਿਰੋਧਤਾਈਆਂ ਦੇ ਆਉਣ ਵਾਲੇ ਸਮੇਂ ਵਿੱਚ ਹੋਰ ਵਧਣ ਦੀਆਂ ਸੰਭਾਵਨਾਵਾਂ ਨੂੰ ਵੀ ਰੱਦ ਨਹੀਂ ਕੀਤਾ ਜਾ ਸਕਦਾ।
ਅੰਦਰੂਨੀ ਵਿਰੋਧਤਾਈਆਂ ਤੋਂ ਇਲਾਵਾ ਦੇਸ਼ ਵਿੱਚ ਲਗਾਤਾਰ ਗੰਭੀਰ ਹੋ ਰਿਹਾ ਆਰਥਿਕ ਸੰਕਟ ਸਰਕਾਰ ਦੀ ਕਾਰਗੁਜ਼ਾਰੀ ਤੇ ਨਾਂਹ ਪੱਖੀ ਅਸਰ ਪਾ ਰਿਹਾ ਹੈ। ਦੇਸ਼ ਸਿਰ ਕੌਮਾਂਤਰੀ ਮੁਦਰਾ ਕੋਸ਼, ਵਿਸ਼ਵ ਵਪਾਰ ਸੰਸਥਾ ਅਤੇ ਹੋਰ ਬਹੁ ਕੌਮੀ ਸੰਸਥਾਵਾਂ ਦਾ ਕਰਜ਼ਾ ਇੰਨਾ ਵੱਧ ਚੁੱਕਾ ਹੈ ਕਿ ਉਹਨਾਂ ਦੇ ਬਿਆਜ ਦਾ ਭੁਗਤਾਨ ਕਰਨ ਵਿੱਚ ਵੀ ਮੁਸ਼ਕਿਲ ਆ ਰਹੀ ਹੈ। ਇਸ ਨਾਲ ਦੇਸ਼ ਆਰਿਥਕ ਅਸਥਿਰਤਾ ਅਤੇ ਅਨਿਸਚਿਤਤਾ, ਰਾਜਸੀ ਗੜਬੜ ਚੌਥ ਤੇ ਅਰਾਜਕਤਾ ਵੱਲ ਵਧ ਰਿਹਾ ਹੈ।
ਉਪਰੋਕਤ ਤੋਂ ਇਲਾਵਾ ਭਾਰਤੀ ਜਨਤਾ ਪਾਰਟੀ ਦੀਆਂ ਕੇਂਦਰੀਕਰਨ ਦੀਆਂ ਨੀਤੀਆਂ ਵੀ ਸੂਬਿਆਂ ਨੂੰ ਵੱਧ ਅਧਿਕਾਰਾਂ ਅਤੇ ਸੰਵਿਧਾਨ ਵਿੱਚ ਦਰਜ ਸੰਘਵਾਦ (ਫੈਡਰਲਿਜ਼ਮ) ਦੀ ਭਾਵਨਾ ਦੇ ਵਿਰੋਧ ਵਿੱਚ ਸੂਬਿਆਂ ਨਾਲ ਟਕਰਾ ਵਿੱਚ ਆ ਰਹੀਆਂ ਹਨ ਜਿਵੇਂ ਕਿ ਪੱਛਮੀ ਬੰਗਾਲ, ਬਿਹਾਰ, ਕੇਰਲਾ, ਤੇਲੰਗਾਨਾ, ਪੰਜਾਬ ਬਗੈਰ ਵਿਰੋਧੀ ਪਾਰਟੀ ਦੀਆਂ ਸਰਕਾਰਾਂ ਵਿਰੁੱਧ ਵਿਤਕਰੇ ਭਰੀ ਨੀਤੀ ਅਪਣਾਈ ਜਾ ਰਹੀ ਹੈ। ਭਾਰਤੀ ਜਨਤਾ ਪਾਰਟੀ ਦੀਆਂ ਆਰਥਿਕ ਅਤੇ ਰਾਜਸੀ ਲੋਕ ਵਿਰੋਧੀ ਨੀਤੀਆਂ ਇਸ ਨੂੰ ਆਮ ਜਨਤਾ ਨਾਲੋਂ ਨਿਖੇੜ ਰਹੀਆਂ ਹਨ, ਜਿਵੇਂ ਕਿ ਸਰਕਾਰ ਵੱਲੋਂ ਬਣਾਏ ਗਏ ਫੌਜਦਾਰੀ ਕਾਨੂੰਨ (ਕ੍ਰਿਮੀਨਲ ਲਾਅ) ਇਸਦੀਆਂ ਨੀਮ ਫਾਸ਼ੀਵਾਦੀ ਨੀਤੀਆਂ ਦਾ ਪ੍ਰਗਟਾਵਾ ਹੈ। ਕਿਰਤ ਕਾਨੂੰਨਾਂ ਵਿੱਚ ਵੀ ਮਜ਼ਦੂਰ ਵਿਰੋਧੀ ਕਾਨੂੰਨ ਬਣਾ ਕੇ ਕਾਰਪੋਰੇਟ ਖੇਤਰ ਅਤੇ ਵਿਦੇਸ਼ੀ ਪੂੰਜੀ ਦੀ ਸੇਵਾ ਕੀਤੀ ਗਈ ਹੈ, ਜਿਸ ਨਾਲ ਮਜ਼ਦੂਰ ਵਰਗ ਅਤੇ ਮਿਹਨਤਕਸ਼ ਲੋਕਾਂ ਵਿੱਚ ਸਰਕਾਰ ਪ੍ਰਤੀ ਰੋਸ ਅਤੇ ਗੁੱਸਾ ਹੋਰ ਵਧਿਆ ਹੈ। ਇਸ ਸਮੇਂ ਕਾਰਪੋਰੇਟ ਖੇਤਰ ਤੋਂ ਇਲਾਵਾ ਸਮਾਜ ਦਾ ਹਰ ਵਰਗ ਦੁਖੀ ਅਤੇ ਨਿਰਾਸ਼ ਹੈ। ਵਿਰੋਧੀ ਧਿਰ ਦੇ ਆਗੂਆਂ ਨੂੰ ਕੇਂਦਰੀ ਏਜੰਸੀਆਂ ਸੀ.ਬੀ.ਆਈ. ਅਤੇ ਈ.ਡੀ. ਦੀ ਦੁਰਵਰਤੋਂ ਕਰਕੇ ਦਬਾਉਣ ਦਾ ਯਤਨ ਕੀਤਾ ਜਾ ਰਿਹਾ ਹੈ, ਜਿਸ ਨਾਲ ਰਾਜਨੀਤਕ ਵਿਰੋਧਤਾਈਆਂ ਹੋਰ ਤਿੱਖੇ ਰੂਪ ਵਿੱਚ ਸਾਹਮਣੇ ਆ ਰਹੀਆਂ ਹਨ।
ਭਾਰਤੀ ਜਨਤਾ ਪਾਰਟੀ ਦੀਆਂ ਏਕਾਅਧਿਕਾਰਵਾਦੀ ਤੇ ਕੇਂਦਰਵਾਦੀ ਨੀਤੀਆਂ ਕਰਕੇ ਸੂਬਿਆਂ ਵਿੱਚ ਗੈਰ ਭਾਜਪਾ ਪਾਰਟੀ ਦੀਆਂ ਸਰਕਾਰਾਂ ਨਾਲ ਵੀ ਵਿਰੋਧਤਾਈਆਂ ਤਿੱਖੀਆਂ ਹੋ ਰਹੀਆਂ ਹਨ, ਜਿਵੇਂ ਕਿ ਇਹਨਾਂ ਸਰਕਾਰਾਂ ਨੂੰ ਗਰਾਂਟਾ ਦੇਣ ਤੇ ਵਿਕਾਸ ਦੇ ਕੰਮਾਂ ਵਿੱਚ ਅੜਿੱਕੇ ਲਾਉਣੇ ਅਤੇ ਭਾਜਪਾ ਦੇ ਇਸ਼ਾਰੇ ’ਤੇ ਵਿਧਾਨ ਸਭਾਵਾਂ ਵੱਲੋਂ ਪਾਸ ਕੀਤੇ ਮਤਿਆਂ ਸਮੇਂ ਰਾਸ਼ਟਰਪਤੀ ਵੱਲੋਂ ਦੇਰੀ ਕਰਨਾ ਜਾ ਇਨਕਾਰ ਕਰਨਾ ਆਦਿ। ਕੇਂਦਰ ਤੇ ਰਾਜਾ ਵਿਚਕਾਰ ਟਕਰਾਉ ਵਾਲੀ ਸਥਿਤੀ ਬਣੀ ਹੋਈ ਹੈ। ਅਜਿਹੀਆਂ ਹਾਲਤਾਂ ਵਿੱਚ ਕਈ ਸੂਬਿਆਂ ਵਿੱਚ ਵੱਖਵਾਦੀ ਭਾਵਨਾਵਾਂ ਪੈਦਾ ਹੋ ਰਹੀਆਂ ਹਨ, ਜੋ ਦੇਸ਼ ਦੀ ਏਕਤਾ ਅਤੇ ਅਖੰਡਤਾ ਲਈ ਵੀ ਗੰਭੀਰ ਖਤਰਾ ਦਰਪੇਸ਼ ਕਰ ਰਹੀਆਂ ਹਨ। ਇਸ ਤੋਂ ਇਲਾਵਾ ਭਾਜਪਾ ਦੀਆਂ ਹਿੰਦੂਤਵਾ ਨੀਤੀਆਂ ਕਰਕੇ ਘੱਟ ਗਿਣਦੀਆਂ ਵੀ ਅਸੁਰੱਖਿਅਤ ਮਹਿਸੂਸ ਕਰ ਰਹੀਆਂ ਹਨ। ਦੇਸ਼ ਦੇ ਦੱਖਣੀ ਅਤੇ ਪੂਰਬੀ ਹਿੱਸੇ ਵਿੱਚ ਵੱਖਵਾਦੀ ਭਾਵਨਾਵਾਂ ਹਿੰਸਕ ਰੂਪ ਧਾਰਨ ਕਰ ਚੁੱਕੀਆਂ ਹਨ, ਜਿੱਥੇ ਹਜ਼ਾਰਾਂ ਬੱਚੇ, ਬੁੱਢੇ, ਔਰਤਾਂ ਇਹਨਾਂ ਹਿੰਸਕ ਘਟਾਨਾਵਾ ਦਾ ਸ਼ਿਕਾਰ ਹੋ ਚੁੱਕੇ ਹਨ। ਸਮੁੱਚੇ ਤੌਰ ’ਤੇ ਦੇਸ਼ ਦੇ ਹਾਲਾਤ ਕਾਬੂ ਤੋਂ ਬਾਹਰ ਹੋ ਰਹੇ ਹਨ, ਜੋ ਸਰਕਾਰ ਦੀ ਸਥਿਰਤਾ ’ਤੇ ਵੀ ਪ੍ਰਸ਼ਨ ਚਿੰਨ੍ਹ ਲਗਾ ਰਹੇ ਹਨ। ਇਸ ਤੋਂ ਇਲਾਵਾ ਗਵਾਂਢੀ ਦੇਸ਼ਾਂ ਨਾਲ ਵੀ ਸਾਡੇ ਸੰਬੰਧ ਸਾਜ਼ਗਾਰ ਨਹੀਂ ਹਨ।
ਸੋ ਅੰਤ ਵਿੱਚ ਸਿੱਟਾ ਇਹ ਨਿੱਕਲਦਾ ਹੈ ਕਿ ਅੰਦਰੋਂ ਖੋਖਲੀ ਹੋਈ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਅੰਦਰੂਨੀ ਅਤੇ ਬਾਹਰੀ ਵਿਰੋਧਤਾਈਆਂ ਕਰਕੇ ਕਿੰਨੀ ਕੁ ਦੇਰ ਇਸ ਤਰ੍ਹਾਂ ਚੱਲ ਸਕੇਗੀ। ਜਾਪਦਾ ਇਹ ਹੈ ਕਿ ਆਉਣ ਵਾਲੇ ਥੋੜ੍ਹੇ ਸਮੇਂ ਦੀ ਹੀ ਗੱਲ ਹੈ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(5198)
ਰਚਨਾਵਾਂ ਸਬੰਧੀ ਆਪਣੇ ਵਿਚਾਰ ਸਾਂਝੇ ਕਰੋ: