“ਉਸਦੇ ਗੁੱਸੇ ਹੋਣ ਦਾ ਕਾਰਨ ਭਾਵੇਂ ਕੁਝ ਹੋਰ ਵੀ ਹੋ ਸਕਦਾ ਹੈ ਪਰ ਉਸਦੀ ਕਲਮ ਨੇ ਜ਼ਹਿਰ ਉਗਲਣਾ ...”
(17 ਜੁਲਾਈ 2024)
ਇਸ ਸਮੇਂ ਪਾਠਕ: 335.
ਅੱਜ ਕਈ ਦਹਾਕਿਆਂ ਬਾਅਦ ਮੈਂ ਚੰਡੀਗੜ੍ਹ ਤੋਂ ਲੁਧਿਆਣੇ ਦਾ ਸਫਰ ਬੱਸ ਵਿੱਚ ਤੈਅ ਕੀਤਾ। ਬੱਸ ਵਿੱਚ ਸਫਰ ਕਰ ਰਹੇ ਦੋ ਨੌਜਵਾਨ ਮੁੰਡੇ ਕਿਸੇ ਪੱਤਰਕਾਰ ਦੀਆਂ ਗੱਲਾਂ ਕਰਦੇ ਹੋਏ ਉਸਦੀਆਂ ਸਿਫਤਾਂ ਦੇ ਪੁਲ ਬੰਨ੍ਹ ਰਹੇ ਸਨ। ਉਹਨਾਂ ਮੁੰਡਿਆਂ ਤੋਂ ਪਿਛਲੀ ਸੀਟ ’ਤੇ ਬੈਠੀ ਹੋਣ ਕਰਕੇ ਮੈਨੂੰ ਉਹਨਾਂ ਦੀਆਂ ਗੱਲਾਂ ਸਾਫ ਸੁਣਾਈ ਦੇ ਰਹੀਆਂ ਸਨ।
“ਯਾਰ ਇਹਨੂੰ ਕਹਿੰਦੇ ਨੇ ਕਲਮ, ਜਿਹੜੀ ਕਿਸੇ ਅੱਗੇ ਝੁਕਦੀ ਨਹੀਂ, ਜਿਹੜੀ ਸੱਚ ਲਿਖਦੀ ਹੈ, ਕਦੇ ਰੁਕਦੀ ਨਹੀਂ। ਅੱਜ ਪੜ੍ਹੀ ਤੂੰ ਖਬਰ ਆਪਣੇ ਬਾਈ ਦੀ?”
ਦੂਜਾ ਲੜਕਾ ਹੁੰਗਾਰਾ ਭਰਦਾ ਹੋਇਆ ਬੋਲਿਆ, “ਹਾਂ ਯਾਰ, ਕਿਸੇ ਭ੍ਰਿਸ਼ਟ ਮੰਤਰੀ ਦੇ ਬਾਰੇ ਇੰਝ ਸੱਚ ਲਿਖਣ ਦਾ ਹੌਸਲਾ ਕੋਈ ਵਿਰਲਾ ਹੀ ਕਰ ਸਕਦਾ ਹੈ। ਪਰ ਬਾਈ ਦੀ ਇੱਕ ਗੱਲ ਹੈ, ਉਹ ਕਦੇ ਡਰਦਾ ਨਹੀਂ ਕਿਸੇ ਤੋਂ।” ਪੱਤਰਕਾਰੀ ਤੋਂ ਬਾਅਦ ਹੌਲੀ ਹੌਲੀ ਉਨ੍ਹਾਂ ਦੀਆਂ ਗੱਲਾਂ ਸਾਹਿਤਕ ਖੇਤਰ ਵੱਲ ਨੂੰ ਹੋ ਤੁਰੀਆਂ। ਪਰ ਉਨ੍ਹਾਂ ਦੀਆਂ ਗੱਲਾਂ ਨੇ ਮੈਨੂੰ ਸੋਚਣ ਲਈ ਮਜਬੂਰ ਕਰ ਦਿੱਤਾ। ਮੈਂ ਸੋਚਣ ਲੱਗੀ ਕਿ ਮੌਜੂਦਾ ਦੌਰ ਵਿੱਚ ਸੱਚਮੁੱਚ ਹੀ ਸੱਚ ਲਿਖਣ ਵਾਲੇ ਪੱਤਰਕਾਰ ਅਤੇ ਸਾਹਿਤਕਾਰ ਬਹੁਤ ਘੱਟ ਹਨ। ਪ੍ਰੰਤੂ ਖੁਦ ਇਸ ਖੇਤਰ ਨਾਲ ਜੁੜੀ ਹੋਣ ਕਰਕੇ ਇਸਦੀਆਂ ਬਾਰੀਕੀਆਂ ਤੋਂ ਮੈਂ ਪੂਰੀ ਤਰ੍ਹਾਂ ਵਾਕਿਫ ਹਾਂ। ਜਦੋਂ ਸਾਹਿਤ ਸਿਰਜਣਾ ਅਤੇ ਪੱਤਰਕਾਰੀ ਦੀ ਗੱਲ ਕਰਦੇ ਹਾਂ ਤਾਂ ਇਸਦੇ ਅੰਦਰੂਨੀ ਸਚਾਈ ਟਾਵੇਂ ਟਾਵੇਂ ਪਾਠਕਾਂ ਦੀ ਹੀ ਸਮਝੀ ਪੈਂਦੀ ਹੈ। ਬੱਸ ਵਿੱਚ ਸਫਰ ਕਰਨ ਦੌਰਾਨ ਮੁੰਡਿਆਂ ਦੀ ਵਿਚਾਰ ਚਰਚਾ ਨੇ ਮੇਰੇ ਮਨ ਵਿੱਚ ਕੁਝ ਸਵਾਲਾਂ ਨੂੰ ਜਨਮ ਦਿੱਤਾ, ਜਿਨ੍ਹਾਂ ਰਾਹੀਂ ਮੈਂ ਪਾਠਕਾਂ ਤਕ ਆਪਣੀ ਗੱਲ ਰੱਖਣ ਦੀ ਕੋਸ਼ਿਸ਼ ਕਰਾਂਗੀ। ਕੀ ਤੁਹਾਨੂੰ ਲਗਦਾ ਹੈ ਕਿ ਸਾਰੇ ਸਾਹਿਤ ਸਿਰਜਕ ਸੱਚਮੁੱਚ ਹੀ ਉਸਾਰੂ ਸੋਚ ਰੱਖਦੇ ਹਨ? ਜਾਂ ਫਿਰ ਸ਼ਬਦਜਾਲ਼ ਰਾਹੀਂ ਪਾਠਕਾਂ ਨੂੰ ਸਿਰਫ ਆਪਣੇ ਨਾਲ ਜੋੜਨ ਦਾ ਯਤਨ ਕਰਦੇ ਹਨ? ਉਂਝ ਮੈਨੂੰ ਲਗਦਾ ਹੈ ਕਿ ਸਾਹਿਤ ਸਿਰਜਣਾ ਦੇ ਅੰਦਰਲਾ ਸੱਚ ਆਮ ਪਾਠਕਾਂ ਦੀ ਪਹੁੰਚ ਤੋਂ ਕੋਹਾਂ ਦੂਰ ਹੁੰਦਾ ਹੈ ਕਿਉਂਕਿ ਕੁਝ ਕਲਮਾਂ ਜਿੱਥੇ ਇੱਕ ਸਮੇਂ ਸਮਾਜ ਦੇ ਹਾਲਾਤ ਬਾਰੇ ਇੱਕ ਸਮੇਂ ਤਿੱਖਾ ਸੱਚ ਲਿਖ ਕੇ ਲੋਕਾਂ ਦੀ ਵਾਹ-ਵਾਹ ਖੱਟਦੀਆਂ ਹਨ, ਉੱਥੇ ਕਿਸੇ ਹੋਰ ਸਮੇਂ ਜਿਸ ਬੰਦੇ ਬਾਰੇ ਲਿਖਿਆ ਜਾਂਦਾ ਹੈ, ਉਸ ਕੋਲੋਂ ਅੰਦਰਖਾਤੇ ਮਲਾਈਆਂ ਵੀ ਖਾ ਲਈਆਂ ਜਾਂਦੀਆਂ ਹਨ। ਪ੍ਰੰਤੂ ਸਾਰੇ ਸਾਹਿਤ ਸਿਰਜਕਾਂ ਨੂੰ ਇੱਕੋ ਰੱਸੇ ਨਹੀਂ ਬੰਨ੍ਹਿਆ ਜਾ ਸਕਦਾ। ਪਰ ਹਾਂ, ਈਰਖਾ ਅਤੇ ਹੰਕਾਰ ਦਾ ਵਾਜਾ ਵਜਾਉਣ ਵਾਲੇ ਸਾਹਿਤ ਸਿਰਜਕ ਇਸ ਲਿਖਤ ਦੇ ਆਲੇ ਦੁਆਲੇ ਘੁੰਮਣਗੇ।
ਪਿਛਲੇ ਦਿਨੀਂ ਅਧਿਆਪਨ ਕਾਰਜ ਤੋਂ ਜਲਦੀ ਹੀ ਸੇਵਾ ਮੁਕਤੀ ਲੈ ਚੁੱਕੇ ਉਮਰ ਦੇ 50ਵੇਂ ਸਾਲ ਨੂੰ ਪਾਰ ਕਰ ਚੁੱਕੇ ਇੱਕ ਵੱਡੇ ਸਾਹਿਤਕਾਰ ਨਾਲ ਮੇਰਾ ਵਾਹ ਪਿਆ। ਉਹ ਅਧਿਆਪਨ ਤੋਂ ਬਾਅਦ ਪੱਤਰਕਾਰੀ ਦੇ ਖੇਤਰ ਵਿੱਚ ਆ ਗਿਆ ਹੈ। ਪਹਿਲਾਂ ਪਹਿਲ ਮੈਂ ਵੀ ਉਸ ਸਾਹਿਤਕਾਰ ਸਾਹਿਬ ਦੀਆਂ ਸਿਫਤਾਂ ਪੱਤਰਕਾਰ ਭਾਈਚਾਰੇ ਤੋਂ ਕਾਫੀ ਸੁਣੀਆ ਸੀ। ਜਿਵੇਂ ਹੀ ਉਸ ਵੱਡੇ ਸਾਹਿਤਕਾਰ ਸਾਹਿਬ ਨਾਲ ਮੇਰਾ ਵਾਹ ਪਿਆ ਤਾਂ ਦੂਜੇ ਸਾਥੀ ਪੱਤਰਕਾਰਾਂ ਵੱਲੋਂ ਕੀਤੀਆਂ ਗਈਆਂ ਸਿਫਤਾਂ ਦੇ ਉੱਤੇ ਮੋਹਰ ਮੈਂ ਵੀ ਆਖਿਰਕਾਰ ਲਗਾ ਹੀ ਦਿੱਤੀ। ਕਦੇ ਕਦਾਈਂ ਇਹ ਸਾਹਿਤਕਾਰ ਮੇਰੇ ਕੋਲ ਵੀ ਸਟੂਡੀਓ ਦੇ ਵਿੱਚ ਵੀ ਆ ਜਾਂਦਾ ਹੈ, ਸਾਹਿਤ ਸਿਰਜਣਾ ਤੇ ਪੱਤਰਕਾਰੀ ਦੇ ਬਾਰੇ ਲੰਬਾ ਚੌੜਾ ਭਾਸ਼ਣ ਵੀ ਦਿੰਦਾ ਹੈ। ਹਾਂ, ਸੱਚ ਇੱਕ ਗੱਲ ਦੱਸਾਂ, ਤਿੱਖੇ ਸ਼ਬਦ ਲਿਖਣ ਵਾਲਾ ਇਹ ਸਾਹਿਤਕਾਰ ਮੂੰਹ ਦਾ ਬੜਾ ਮਿੱਠਾ ਹੈ। ਇਹ ਗੱਲ ਵੱਖਰੀ ਕਿ ਵਿਚਾਰਾ ਆਪ ਸ਼ੂਗਰ ਦਾ ਮਰੀਜ਼ ਹੈ। ਹੋਰ ਤਾਂ ਹੋਰ ਆਪਣੀ ਕਲਮ ਦੇ ਦਮ ’ਤੇ ਹੀ ਵੱਡੇ ਸਾਹਿਤਕਾਰ ਨੇ ਆਪਣੀ ਘਰਵਾਲੀ ਅਤੇ ਬੇਟੀ ਨੂੰ ਵੀ ਸਰਕਾਰੇ ਦਰਬਾਰੇ ਚੰਗੀ ਥਾਂ ਬਿਠਾ ਦਿੱਤਾ ਹੈ। ਜਦੋਂ ਇਹ ਸਾਹਿਤਕਾਰ ਆਪਣੀਆਂ ਸਾਹਿਤਕ ਛੁਰਲੀਆਂ ਛੱਡਦਿਆਂ ਹੋਇਆਂ ਮੈਨੂੰ ਇਹ ਦੱਸਦਾ ਹੈ ਕਿ ਦੇਸ਼ ਦਾ ਸਭ ਤੋਂ ਵੱਡਾ ਹਾਕਮ ਉਸ ਤੋਂ ਸਲਾਹ ਲੈਂਦਾ ਹੈ, ਤਾਂ ਮੈਂ ਵੀ ਥੋੜ੍ਹੀ ਜਿਹੀ ਫੂਕ ਛਕਾਉਂਦਿਆਂ ਹੋਇਆਂ ਕਹਿ ਦਿੰਦੀ ਹਾਂ ਕਿ ਬਾਈ ਜੀ, ਤੁਹਾਡੀ ਆਉਣੀ ਜਾਣੀ ਉੱਚਿਆਂ ਚੁਬਾਰਿਆਂ ਦੇ ਨਾਲ ਹੈ। ਇਹ ਗੱਲ ਵੱਖਰੀ ਕਿ ਅੰਦਰੋਂ ਫੁੱਟ ਰਹੇ ਹਾਸੇ ਨੂੰ ਮੈਂ ਬੜਾ ਔਖਾ ਕੰਟਰੋਲ ਕਰਦੀ ਹਾਂ। ਖੈਰ, ਛੋਟੀ ਜਿਹੀ ਗੱਲ ਨੂੰ ਵੱਡੀ ਦੱਸਣ ਵਾਲਾ ਇਹ ਕੋਈ ਪਹਿਲਾ ਸਾਹਿਤਕਾਰ ਨਹੀਂ। ਵੱਡੀਆਂ-ਵੱਡੀਆਂ ਫੜ੍ਹਾਂ ਮਾਰਨ ਵਾਲੇ ਬਾਈ ਵਰਗੇ ਕਈ ਹੋਰ ਸਾਹਿਤਕਾਰ ਵੀ ਹਨ।
ਸਾਹਿਤਕ ਮੰਚਾਂ ਉੱਤੇ ਇੱਕ ਸਾਹਿਤਕਾਰ ਵੱਲੋਂ ਕਿਸੇ ਦੂਜੇ ਸਾਹਿਤਕਾਰ ਨੂੰ ਨੀਵਾਂ ਦਿਖਾਉਣ ਦੀ ਗੱਲ ਕੋਈ ਨਵੀਂ ਨਹੀਂ। ਇੱਕ ਵੱਡੇ ਸਾਹਿਤਕਾਰ ਦੀ ਜਦੋਂ ਬਾਰ੍ਹਵੀਂ ਕਿਤਾਬ ਰਿਲੀਜ਼ ਹੋਈ ਤਾਂ ਸੱਤਾਧਾਰੀ ਪਾਰਟੀ ਦੇ ਇੱਕ ਆਗੂ ਦੇ ਨਾਲ ਮੰਚ ਉੱਤੇ ਸਜ ਕੇ ਬੈਠੇ ਨੇ ਬੜੀਆਂ ਫੋਟੋਆਂ ਖਿਚਵਾਈਆਂ। ਫਿਰ ਉਸ ਦੀ ਜੀ ਹਜ਼ੂਰੀ ਵਿੱਚ ਵੀ ਕੋਈ ਕਮੀ ਨਾ ਛੱਡੀ। ਮੈਂ ਵੀ ਬਤੌਰ ਪੱਤਰਕਾਰ ਬੜੇ ਸਤਿਕਾਰ ਨਾਲ ਉਸਦੀ ਇੰਟਰਵਿਊ ਕੀਤੀ, ਕਿਉਂਕਿ ਉਸ ਵੇਲੇ ਮੈਨੂੰ ਲਗਦਾ ਸੀ ਕਿ ਉਹ ਬੜਾ ਹੀ ਸੁਲਝਿਆ ਹੋਇਆ ਤੇ ਸਿਆਣਾ ਸਾਹਿਤਕਾਰ ਹੈ। ਪਰ ਜਦੋਂ ਉਸ ਵੱਡੇ ਸਾਹਿਤਕਾਰ ਦੀ ਕਲਮ ਨੇ ਸਾਹਿਤ ਖੇਤਰ ਵਿੱਚ ਕਦਮ ਰੱਖਣ ਵਾਲੇ ਇੱਕ ਨਵੇਂ ਨੌਜਵਾਨ ਮੁੰਡੇ ਦਾ ਮਜ਼ਾਕ ਆਪਣੀ ਕਲਮ ਰਾਹੀਂ ਉਡਾਇਆ ਤਾਂ ਉਸ ਵੇਲੇ ਮੈਨੂੰ ਚੰਗੀ ਤਰ੍ਹਾਂ ਸਮਝ ਆ ਗਿਆ ਕਿ ਦੋਗਲੇ ਕਿਰਦਾਰ ਵਾਲ਼ਾ ਉਹ ਬੰਦਾ ਬੱਸ ਕਲਮ ਰਾਹੀਂ ਹੀ ਗਿਆਨ ਝਾੜਨ ਵਿੱਚ ਹੀ ਚੰਗਾ ਸੀ, ਇਨਸਾਨੀਅਤ ਦੇ ਪੱਖ ਤੋਂ ਜਵਾਂ ਹੀ ਡਿਗ ਗਿਆ ਹੋਇਆ ਸੀ।। ਉਸਦੇ ਬੋਲਾਂ ਵਿੱਚ ਮੈਨੂੰ ਈਰਖਾ ਤੇ ਹੰਕਾਰ ਸਪਸ਼ਟ ਦਿਖਾਈ ਦਿੱਤਾ। ਮੈਂ ਸੋਚਣ ਲੱਗੀ ਕਿ ਆਪਣੇ ਤੋਂ ਛੋਟੇ ਸਾਹਿਤਕਾਰ ਨੂੰ ਜਿਹੜਾ ਸਾਹਿਤਕਾਰ ਇੱਜ਼ਤ ਨਹੀਂ ਦੇ ਸਕਦਾ, ਉਹ ਵੱਡਾ ਕਿਵੇਂ ਹੋ ਸਕਦਾ ਹੈ? ਜਦੋਂ ਕਿ ਵੱਡੇ ਦਾ ਫਰਜ਼ ਹਮੇਸ਼ਾ ਇਹੀ ਹੁੰਦਾ ਹੈ ਕਿ ਉਹ ਆਪਣੇ ਤੋਂ ਛੋਟੇ ਦੀ ਗੱਲ ਨਾ ਸਿਰਫ ਪਿਆਰ ਨਾਲ ਸੁਣੇ, ਸਗੋਂ ਉਸ ਨੂੰ ਅੱਗੇ ਵਧਣ ਲਈ ਹੱਲਾਸ਼ੇਰੀ ਵੀ ਦੇਵੇ।
ਖੈਰ! ਇੱਕ ਹੋਰ ਵੱਡੇ ਸਾਹਿਤਕਾਰ ਦਾ ਕਿੱਸਾ ਵੀ ਤੁਹਾਡੇ ਨਾਲ ਸਾਂਝਾ ਕਰ ਹੀ ਲੈਂਦੀ ਹਾਂ। ਸਾਹਿਤਕ ਮੰਚਾਂ ਉੱਤੇ ਇਸ ਵੱਡੇ ਸਾਹਿਤਕਾਰ ਸਾਹਿਬ ਦੀ ਹਾਜ਼ਰੀ ਅਕਸਰ ਚਰਚਾ ਦਾ ਵਿਸ਼ਾ ਬਣਦੀ ਹੈ। ਇਸਦਾ ਵੱਡਾ ਕਾਰਨ ਇਹ ਵੀ ਹੈ ਕਿ ਸਾਹਿਤਕਾਰ ਸਾਹਿਬ ਨੂੰ ਲਗਦਾ ਹੈ ਕਿ ਉਸਦੇ ਬਰਾਬਰ ਦਾ ਕੋਈ ਹੋਰ ਸਾਹਿਤਕਾਰ ਨਾ ਤਾਂ ਪਹਿਲਾਂ ਕੋਈ ਸੀ ਅਤੇ ਨਾ ਹੀ ਕੋਈ ਹੋ ਸਕਦਾ ਹੈ। ਜੇਕਰ ਮੰਚ ਤੋਂ ਉਸ ਦੇ ਸਾਹਮਣੇ ਕੋਈ ਬੰਦਾ ਕਿਸੇ ਹੋਰ ਸਾਹਿਤਕਾਰ ਦੀ ਸਿਫਤ ਕਰ ਦੇਵੇ ਤਾਂ ਵੱਡਾ ਸਾਹਿਤਕਾਰ ਲੜਨ ਨੂੰ ਆਉਂਦਾ ਹੈ। ਉਸਦੀ ‘ਮੈਂ’ ਨੂੰ ਸੱਟ ਵੱਜਦੀ ਹੈ। ਵੈਸੇ ਆਪ ਉਹ ਹਰ ਮੰਚ ਤੋਂ ਦੂਸਰਿਆਂ ਨੂੰ ਭੰਡਦਾ ਹੈ ਅਤੇ ਆਪਣੇ ਆਪ ਨੂੰ ਦੂਜਿਆਂ ਦੇ ਸਾਹਮਣੇ ਇੰਝ ਦਿਖਾਉਂਦਾ ਹੈ ਕਿ ਉਸ ਜਿੰਨੀ ਨਿਮਰਤਾ ਕਿਸੇ ਹੋਰ ਵਿੱਚ ਹੈ ਹੀ ਨਹੀਂ। ਇੱਕ ਦਿਨ ਮੇਰਾ ਇੱਕ ਸਾਥੀ ਪੱਤਰਕਾਰ ਮੇਰੇ ਨਾਲ ਉਸ ਵੱਡੇ ਸਾਹਿਤਕਾਰ ਬਾਰੇ ਗੱਲ ਕਰਨ ਲੱਗ ਪਿਆ ਤੇ ਮੈਨੂੰ ਕਹਿਣ ਲੱਗਾ ਕਿ ਕੱਲ੍ਹ ਪਤਾ ਨਹੀਂ ਸਾਹਿਤਕਾਰ ਬਾਈ ਨੂੰ ਕੀ ਹੋ ਗਿਆ ਸੀ। ਮੈਂ ਉਸ ਨੂੰ ਆਪਣੇ ਸਟੂਡੀਓ ਦੇ ਵਿੱਚ ਇੱਕ ਪ੍ਰੋਗਰਾਮ ਵਿੱਚ ਵਿਚਾਰ ਚਰਚਾ ਲਈ ਬੁਲਾਇਆ ਸੀ, ਪਰ ਉਹ ਸਟੂਡੀਓ ਦੇ ਅੰਦਰ ਵੜਦਿਆਂ ਹੀ ਲਾਲ ਪੀਲਾ ਹੋ ਗਿਆ ਤੇ ਕਹਿਣ ਲੱਗਾ ਕਿ ਤੁਹਾਡੇ ਤਾਂ ਕੈਮਰਾਮੈਨ ਨੇ ਵੀ ਮੈਨੂੰ ਸਤਿ ਸ਼੍ਰੀ ਅਕਾਲ ਨਹੀਂ ਬੁਲਾਈ।” ਪੱਤਰਕਾਰ ਸਾਥੀ ਦੱਸ ਰਿਹਾ ਸੀ ਕਿ ਉਸਨੇ ਉਸਦੀ ਗੱਲ ਨੂੰ ਅਣਗੌਲਿਆ ਕਰਕੇ ਕਿਹਾ, ਆਪਾਂ ਜੋ ਗੱਲਬਾਤ ਕਰਨੀ ਹੈ ਆਓ ਉਸਦੇ ਵਿਚਾਰ ਚਰਚਾ ਕਰ ਲਈਏ। ਕਿਉਂਕਿ ਕੈਮਰਾਮੈਨ ਦੀ ਉਸ ਨੂੰ ਕੋਈ ਵੱਡੀ ਗਲਤੀ ਉਸ ਗੱਲ ਵਿੱਚ ਨਜ਼ਰ ਨਹੀਂ ਆਈ ਸੀ। ਉਸਨੇ ਵੱਡੇ ਸਾਹਿਤਕਾਰ ਬਾਈ ਨੂੰ ਵੀ ਸਮਝਾਇਆ ਕਿ ਵਿਚਾਰਾ ਕੈਮਰਾਮੈਨ ਆਪਣੇ ਕਿਸੇ ਕੰਮਕਾਰ ਵਿੱਚ ਰੁੱਝਿਆ ਹੋਵੇਗਾ, ਤਾਂ ਹੀ ਉਸ ਨੂੰ ਇਸ ਗੱਲ ਦਾ ਧਿਆਨ ਨਹੀਂ ਰਿਹਾ ਹੋਵੇਗਾ, ਉਸਨੇ ਜਾਣ ਬੁੱਝ ਕੇ ਅਜਿਹਾ ਨਹੀਂ ਕੀਤਾ ਹੋਵੇਗਾ। ਪਰ ਸਾਥੀ ਪੱਤਰਕਾਰ ਵੱਲੋਂ ਇਸ ਗੱਲ ਨੂੰ ਹਲਕੇ ਵਿੱਚ ਲਏ ਜਾਣ ’ਤੇ ਵੱਡਾ ਸਾਹਿਤਕਾਰ ਬਾਈ ਹੋਰ ਵੀ ਭਖ ਗਿਆ ਤੇ ਲੋਹਾ ਲਾਖਾ ਹੋ ਕੇ ਹੀ ਮੰਚ ’ਤੇ ਗੱਲ ਕਰਦਾ ਰਿਹਾ। ਜਦੋਂ ਉਸਨੇ ਇੰਨਾ ਗੁੱਸਾ ਦਿਖਾਇਆ ਤਾਂ ਸਾਥੀ ਪੱਤਰਕਾਰ ਦੀ ਵੀ ਉਸ ਨਾਲ ਤੂੰ ਤੂੰ ਮੈਂ ਮੈਂ ਹੋ ਗਈ।
ਮੇਰੇ ਨਾਲ ਗੱਲ ਕਰਦੇ ਹੋਏ ਉਹ ਮੈਨੂੰ ਦੱਸ ਰਿਹਾ ਸੀ ਕਿ ਉਹ ਉਸ ਨੂੰ ਜਿੰਨੀ ਇੱਜ਼ਤ ਦੇ ਰਿਹਾ ਸੀ ਉਹ ਟੁੱਟੇ ਛਿੱਤਰ ਵਾਂਗ ਅੱਗੇ ਵਧਿਆ ਹੀ ਚਲਾ ਜਾ ਰਿਹਾ ਸੀ। ਇਸ ਕਰਕੇ ਮਾਹੌਲ ਥੋੜ੍ਹਾ ਭਖ ਗਿਆ ਸੀ ਮੈਂ ਉਸ ਦੀ ਗੱਲ ਹਾਸੇ ਦੇ ਵਿੱਚ ਟਾਲ ਦਿੱਤੀ ਤੇ ਕਿਹਾ ਕਿ ਛੱਡ ਬਾਈ, ਵਿਚਾਰਾ ਆਪਣੀ ਘਰਵਾਲੀ ਦੇ ਨਾਲ ਲੜ ਕੇ ਆਇਆ ਹੋਣਾ ਤੇ ਗੁੱਸਾ ਤੇਰੇ ’ਤੇ ਕੱਢ ਦਿੱਤਾ ਹੋਣਾ। ਉਸ ਨੇ ਵੀ ਮੇਰੀ ਗੱਲ ਨੂੰ ਹਾਸੇ ਦੇ ਵਿੱਚ ਲੈ ਲਿਆ ਤੇ ਗੱਲ ਖਤਮ ਕਰ ਦਿੱਤੀ। ਪਰ ਉਸ ਦਿਨ ਦੀ ਘਟਨਾ ਤੋਂ ਲੈ ਕੇ ਅੱਜ ਤਕ ਵੱਡਾ ਸਾਹਿਤਕਾਰ ਗੁੱਸੇ ਦੇ ਵਿੱਚ ਹੈ। ਉਸਦੇ ਗੁੱਸੇ ਹੋਣ ਦਾ ਕਾਰਨ ਭਾਵੇਂ ਕੁਝ ਹੋਰ ਵੀ ਹੋ ਸਕਦਾ ਹੈ ਪਰ ਉਸਦੀ ਕਲਮ ਨੇ ਜ਼ਹਿਰ ਉਗਲਣਾ ਸ਼ੁਰੂ ਕਰ ਦਿੱਤਾ ਹੈ। ਪੰਜਾਬ ਦੇ ਅਣਗਿਣਤ ਜ਼ਰੂਰੀ ਮੁੱਦੇ ਜਿਨ੍ਹਾਂ ਵਿੱਚ ਬੇਰੁਜ਼ਗਾਰੀ, ਨਸ਼ੇ ਦੀ ਦਲਦਲ ਵਿੱਚ ਧਸਦੀ ਜਾ ਰਹੀ ਨੌਜਵਾਨੀ, ਵਾਤਾਵਰਣ, ਬੱਚਿਆਂ ਅਤੇ ਔਰਤਾਂ ਨਾਲ ਹੋ ਰਹੇ ਅਪਰਾਧ ਆਦਿ ਤੇ ਅੱਜ ਕੱਲ੍ਹ ਉਸ ਦ ਕਲਮ ਨਹੀਂ ਚੱਲ ਰਹੀ ਸਗੋਂ ਇੱਕ ਬੀਬੀ ਦੇ ਫੇਸਬੁੱਕ ਅਕਾਊਂਟ ਉੱਤੇ ਉਹ ਟੇਕ ਲਗਾ ਕੇ ਬੈਠ ਗਿਆ ਹੈ ਕਿ ਉਸ ਨੂੰ ਕਿੰਨੇ ਲਾਈਕ ਆਉਂਦੇ ਹਨ। ਜਿਵੇਂ ਕਹਿੰਦੇ ਨੇ ਕਿ ਮਾੜੇ ਤੇ ਤਾਂ ਚੌਧਰ ਹਰ ਕੋਈ ਦਿਖਾ ਜਾਂਦਾ ਔਖਾ ਹੁੰਦਾ ਹੈ ਥਾਣੇਦਾਰ ਸਾਹਮਣੇ ਬੋਲਣਾ। ਇੰਝ ਹੀ ਉਹ ਗੁੱਸਾ ਕੈਮਰਾਮੈਨ ’ਤੇ ਹੀ ਕੱਢਦਾ ਰਿਹਾ, ਆਪਣੇ ਢਿੱਡ ਦੇ ਅਸਲ ਦਰਦ ਨੂੰ ਬਿਆਨ ਕਰਨ ਦੀ ਉਸ ਵਿੱਚ ਹਿੰਮਤ ਮੈਨੂੰ ਨਜ਼ਰ ਨਾ ਆਈ।
ਕਿਤਾਬ ਲਿਖਣ ਤੋਂ ਲੈ ਕੇ ਕਿਤਾਬ ਛਪਣ ਤਕ ਤੇ ਫਿਰ ਸਾਹਿਤਕ ਮੰਚਾਂ ਤੇ ਪਹੁੰਚਣ ਤਕ ਅਨੇਕਾਂ ਹੀ ਘਟਨਾਵਾਂ ਵਾਪਰਦੀਆਂ ਹਨ। ਜਿਨ੍ਹਾਂ ਵਿੱਚ ਈਰਖਾ, ਹੰਕਾਰ, ਸਾਹਿਤਕ ਚੋਰੀ, ਸੀਤ ਯੁੱਧ, ਰੰਜਿਸ਼, ਇੱਕ ਦੂਜੇ ਖਿਲਾਫ ਮਾੜੀ ਬੋਲਬਾਣੀ, ਪੋਸਟਰ ਵਿਵਾਦ, ਪ੍ਰਧਾਨਗੀਆਂ ਦੀ ਲੜਾਈ ਤੇ ਹੋਰ ਅਣਗਿਣਤ ਲੁਕਵੇਂ ਕਿੱਸੇ ਹੁੰਦੇ ਹਨ। ਜੋ ਪਾਠਕਾਂ ਤਕ ਪਹੁੰਚਦੇ ਹੀ ਨਹੀਂ। ਕੁਝ ਸਾਹਿਤਕਾਰ ਸਾਹਿਤ ਦੀ ਰਚਨਾ ਸਿਰਫ ਵਾਹ-ਵਾਹ ਖੱਟਣ ਦੀ ਖਾਤਰ ਕਰਦੇ ਹਨ। ਕੁਝ ਸ਼੍ਰੋਮਣੀ ਐਵਾਰਡ, ਕੁਝ ਪਦਮ ਸ਼੍ਰੀ ਐਵਾਰਡ ਜਾਂ ਹੋਰ ਵੱਡੇ ਵੱਡੇ ਐਵਾਰਡ ਪ੍ਰਾਪਤ ਕਰਨ ਦੀ ਲਾਲਸਾ ਰੱਖਣ ਵਾਲੇ ਉਪਰੋਕਤ ਸਾਰੇ ਕਿੱਸਿਆਂ ਨੂੰ ਨਾਲ ਲੈ ਕੇ ਚੱਲਦੇ ਹੋਏ ਸਾਹਿਤ ਸਿਰਜਣਾ ਕਰਦੇ ਹਨ। ਕੁਝ ਅਜਿਹੇ ਵੀ ਹਨ ਜਿਹੜੇ ਸਮਾਜ ਦੇ ਵਿੱਚ ਜੋ ਦੇਖਦੇ ਹਨ, ਸਮਝਦੇ ਹਨ, ਮਹਿਸੂਸ ਕਰਦੇ ਹਨ, ਉਨ੍ਹਾਂ ਮਨ ਦੇ ਵਲਵਲਿਆਂ ਨੂੰ ਆਪਣੀ ਸੱਚੀ ਤੇ ਸੁੱਚੀ ਕਲਮ ਦੇ ਰਾਹੀਂ ਸਾਹਿਤ ਸਿਰਜਣਾ ਦਾ ਰੂਪ ਦਿੰਦੇ ਹਨ। ਪਰ ਅਜਿਹੇ ਸਾਹਿਤ ਸਿਰਜਕਾਂ ਦੀ ਗਿਣਤੀ ਆਟੇ ਵਿੱਚ ਲੂਣ ਬਰਾਬਰ ਹੈ। ਅਸਲ ਵਿੱਚ ਇਹ ਮਨੁੱਖੀ ਫਿਤਰਤ ਹੀ ਹੈ ਕਿ ਹਰ ਪਹਿਲਾ ਬੰਦਾ ਦੂਜੇ ਦੇ ਨਾਲ ਈਰਖਾ ਕਰਦਾ ਹੈ। ਆਪਣੀ ਕਲਮ ਦੇ ਰਾਹੀਂ ਦੂਜਿਆਂ ਦੇ ਉੱਤੇ ਗਿਆਨ ਝਾੜਨ ਵਾਲੇ ਕਈ ਸਾਹਿਤਕਾਰ ਅਸਲ ਦੇ ਵਿੱਚ ਆਪ ਹੀ ਅਕਲੋਂ ਕੱਚੇ ਹੁੰਦੇ ਹਨ। ਫਿਰ ਕਈ ਵਾਰੀ ਆਪਣੀ ਅਕਲ ਦਾ ਕੱਚਾ ਪਰਚਾ ਅਖਬਾਰਾਂ ਦੇ ਵਿੱਚ ਛਪਵਾ ਕੇ ਆਪਣੀ ਮੂਰਖਤਾ ਦੀ ਹਾਜ਼ਰੀ ਆਪ ਲਗਵਾ ਦਿੰਦੇ ਨੇ। ਪ੍ਰੰਤੂ ਜਿਹੜੇ ਸਾਹਿਤਕਾਰ ਦੂਰ ਅੰਦੇਸ਼ੀ ਸੋਚ ਰੱਖਦੇ ਹੋਏ ਆਪਣੀ ਸੱਚੀ ਸੁੱਚੀ ਕਲਮ ਦੇ ਨਾਲ ਸਮਾਜ ਦੀ ਅਸਲ ਸਚਾਈ ਪੇਸ਼ ਕਰਦੇ ਹਨ, ਉਹੀ ਸਮਾਜ ਦੇ ਅਸਲੀ ਮਾਰਗ ਦਰਸ਼ਕ ਹਨ। ਬਾਕੀ ਤਾਂ ਈਰਖਾ ਦੇ ਵਾਜੇ ਵਜਾਉਣ ਵਾਲੇ ਪਾਠਕ ਵਰਗ ਨੂੰ ਸਿਰਫ ਗੁਮਰਾਹ ਹੀ ਕਰਦੇ ਹਨ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(5139)
ਰਚਨਾਵਾਂ ਸਬੰਧੀ ਆਪਣੇ ਵਿਚਾਰ ਸਾਂਝੇ ਕਰੋ: This email address is being protected from spambots. You need JavaScript enabled to view it.