“ਉਹ ਮੇਰੇ ਮਾਰਗ ਦਰਸ਼ਕ ਸਨ ਤੇ ਜੇ ਮੈਨੂੰ ਉਨ੍ਹਾਂ ਦੀ ਸੰਗਤ ਦਾ ਮੌਕਾ ਨਾ ਮਿਲਦਾ ਤਾਂ ...”
(ਜੁਲਾਈ 30, 2015)
ਸ਼ਰਧਾਂਜਲੀ
‘ਨਵਾਂ ਜ਼ਮਾਨਾ’ ਦਫ਼ਤਰ ਆਉਣ ਦਾ ਮੇਰਾ ਸਿਲਸਿਲਾ 1998 ਤੋਂ ਸ਼ੁਰੂ ਹੋਇਆ, ਹਫ਼ਤਾਵਰੀ ਅਖ਼ਬਾਰਾਂ ਛਪਵਾਉਣ ਲਈ। ਉਨ੍ਹੀਂ ਦਿਨੀਂ ਫ਼ਰੀਦਕੋਟ ਅਤੇ ਕੋਟਕਪੂਰਾ ਤੋਂ ਤਿੰਨ-ਚਾਰ ਹਫ਼ਤਾਵਰੀ ਤੇ ਪੰਦਰਵਾੜਾ ਅਖ਼ਬਾਰਾਂ ਛਪਦੀਆਂ ਸਨ, ਜਿਹੜੀਆਂ ਬਹੁਤੀ ਵਾਰ ‘ਨਵਾਂ ਜ਼ਮਾਨਾ’ ਵਿੱਚੋਂ ਹੀ ਛਪਦੀਆਂ। ਕਦੇ-ਕਦੇ ਕਦਾਈਂ ਬਠਿੰਡਾ ਦੀ ‘ਜਨਤਾ ਪ੍ਰੈਸ’ ਤੋਂ ਵੀ ਛਪਵਾ ਲਈਆਂ ਜਾਂਦੀਆਂ, ਪਰ ਚੰਗੇ ਮਿਆਰ ਲਈ ਜ਼ਿਆਦਾਤਰ ‘ਨਵਾਂ ਜ਼ਮਾਨਾ’ ਹੀ ਆਇਆ ਜਾਂਦਾ। ਮੈਂ ਜਦੋਂ ਵੀ ਦਫ਼ਤਰ ਆਉਂਦਾ, ਇੱਕ ਬਜ਼ੁਰਗ ਨੂੰ ਗੱਡੀ ਵਿੱਚੋਂ ਉੱਤਰਦਿਆਂ ਜਾਂ ਚੜ੍ਹਦਿਆਂ ਦੇਖਦਾ। ਉਹ ਮੂਹਰੇ-ਮੂਹਰੇ ਹੁੰਦੇ ਤੇ ਮਗਰ-ਮਗਰ ਇੱਕ ਪੁਲਿਸ ਮੁਲਾਜ਼ਮ, ਜਿਸ ਦੇ ਹੱਥਾਂ ਵਿਚ ਅਖ਼ਬਾਰਾਂ ਦਾ ਥੱਬਾ ਹੁੰਦਾ। ਉਹ ਜਿਸ ਨਾਲ ਹੱਥ ਮਿਲਾਉਂਦੇ, ਕਈ ਮਿੰਟ ਘੁੱਟੀ ਰੱਖਦੇ ਤੇ ਗੱਲਾਂ ਦੀ ਲੜੀ ਛੇੜ ਲੈਂਦੇ।
ਜਦੋਂ 2002 ਵਿਚ ਮੈਂ ‘ਨਵਾਂ ਜ਼ਮਾਨਾ’ ਵਿੱਚ ਬਤੌਰ ਮੁਲਾਜ਼ਮ ਦਾਖਲ ਹੋਇਆ ਤਾਂ ਇਸ ਬਜ਼ੁਰਗ ਬਾਰੇ ਪਤਾ ਲੱਗਾ ਕਿ ਇਹ ਕਾਮਰੇਡ ਜਗਜੀਤ ਸਿੰਘ ਆਨੰਦ ਨੇ। ਦੁਪਹਿਰ ਦੀ ਰੋਟੀ ਵੇਲੇ ਜਾਂ ਮੇਜ਼ ’ਤੇ ਕੰਮ ਕਰਦਿਆਂ ਉਹ ਅਕਸਰ ਸਾਡੇ ਕੋਲ ਆ ਜਾਂਦੇ ਤੇ ਖ਼ਬਰਾਂ, ਘਟਨਾਵਾਂ ਜਾਂ ਹੋਰ ਹਲਕੇ-ਫੁਲਕੇ ਵਿਸ਼ਿਆਂ ’ਤੇ ਗੱਲਾਂ ਕਰਕੇ ਮੁੜ ਆਪਣੇ ਕਮਰੇ ਵਿਚ ਚਲੇ ਜਾਂਦੇ। ਰਾਜਨੀਤਕ ਰਾਇ ਪੇਸ਼ ਕਰਦਿਆਂ ਬਹੁਤੀ ਵਾਰ ਉਹ ‘ਮੇਰੀ ਜਾਚੇ’ ਸ਼ਬਦ ਵਰਤਦੇ, ‘ਮੇਰੀ ਜਾਚੇ ਇਸ ਵਾਰ ਕਾਂਗਰਸ ਦਾ ਪਲੜਾ ਭਾਰੀ ਰਹੂ, ... ਮੇਰੀ ਜਾਚੇ ਇੰਜ ਨਾ ਹੁੰਦਾ ਤਾਂ ਚੰਗਾ ਰਹਿੰਦਾ ...।’
ਘਰੋਂ ਦੂਰ ਤੇ ਹਾਲਾਤ ਦਾ ਝੰਬਿਆ ਹੋਣ ਕਰਕੇ ਮੈਂ ਲੋੜੋਂ ਵੱਧ ਡਰੂ ਸਾਂ ਤੇ ਲੰਘਦਿਆਂ-ਟੱਪਦਿਆਂ ਜਦੋਂ ਆਨੰਦ ਸਾਹਿਬ ਨਾਲ ਮੁਲਕਾਤ ਹੋਣੀ, ਪੈਰੋਂ ਥਿੜਕ ਜਾਣਾ। ਇੱਕ ਦਿਨ ਦੁਪਹਿਰ ਦੀ ਰੋਟੀ ਖਾ ਰਹੇ ਸਾਂ ਤਾਂ ਉਹ ਕੋਲ ਆ ਗਏ ਤੇ ਕਹਿੰਦੇ, ‘ਇਹ ਅਲੂੰਆਂ ਜਿਹਾ ਮੁੰਡਾ ਬਹੁਤਾ ਹੀ ਚੁੱਪ-ਗੜੁੱਪ ਰਹਿੰਦੈ, ਮਾੜਾ ਮੋਟਾ ਹਸਾਇਆ ਵੀ ਕਰੋ ਇਹਨੂੰ, ਲੱਗਦੈ ਮਾਂ ਤੋਂ ਦੂਰ ਹੋਣ ਕਰਕੇ ਉਦਾਸਿਐ ...।’
ਹੌਲੀ-ਹੌਲੀ ਅਨੰਦ ਜੀ ਮੈਨੂੰ ਚੰਗੇ ਲੱਗਣ ਲੱਗ ਗਏ, ਡਰ ਲੱਥ ਗਿਆ। ਜਿਹੜੇ ਮੁਲਾਜ਼ਮ ਨੂੰ ਉਹ ਹਰ ਰੋਜ਼ ਸੰਪਾਦਕੀ ਲਿਖਾਉਂਦੇ ਸਨ, ਇਕ ਦਿਨ ਉਹ ਕਿਸੇ ਕੰਮ ਕਾਰਨ ਹਫ਼ਤੇ ਕੁ ਦੀ ਛੁੱਟੀ ’ਤੇ ਚਲਾ ਗਿਆ ਤੇ ਉਸ ਦੀ ਥਾਂ ਮੇਰੀ ਡਿਊਟੀ ਲੱਗ ਗਈ ਲਿਖਣ ਦੀ। ਪਹਿਲਾ ਦਿਨ ਸੀ, ਉਹ ਬੋਲਦੇ ਗਏ ਤੇ ਮੈਂ ਲਿਖੀ ਗਿਆ। ਵਿਚ ਵਿਚਾਲੇ ਜੇ ਕਿਸੇ ਦਾ ਫੋਨ ਆ ਜਾਂਦਾ ਜਾਂ ਕੋਈ ਮਿਲਣ ਆ ਜਾਂਦਾ ਤਾਂ ਸਾਰੇ ਸਫ਼ੇ ਦੁਬਾਰਾ ਪੜ੍ਹ ਕੇ ਸੁਣਾਉਣੇ ਪੈਂਦੇ ਤਾਂ ਜੁ ਲਿਖਾਉਣ ਦੀ ਲੜੀ ਜੁੜ ਜਾਵੇ। ਇੰਜ ਕੋਈ ਦਸ ਕੁ ਵਾਰ ਹੋਇਆ ਹੋਵੇਗਾ। ਪਰ ਉਸ ਦਿਨ ਮੈਨੂੰ ਉਨ੍ਹਾਂ ਸ਼ਬਦਾਂ ਦਾ ਪਤਾ ਲੱਗਾ, ਜਿਹੜੇ ਨਾ ਮੈਂ ਕਦੇ ਕਿਸੇ ਕਿਤਾਬ ਵਿਚ ਪੜ੍ਹੇ ਸਨ, ਅਤੇ ਨਾ ਹੀ ਪਹਿਲਾਂ ਕਿਸੇ ਕੋਲੋਂ ਸੁਣੇ ਸਨ।
ਥੋੜ੍ਹੇ ਹਫ਼ਤਿਆਂ ਵਿੱਚ ਹੀ ਆਨੰਦ ਜੀ ਨਾਲ ਮੇਰੀ ਨੇੜਤਾ ਏਨੀ ਕੁ ਗੂੜ੍ਹੀ ਹੋ ਗਈ ਕਿ ਉਹ ਸਾਫ਼ ਆਖਦੇ, ‘ਇਹ ਮੁੰਡਾ ਲਿਖਣ ਵੇਲੇ ਗ਼ਲਤੀਆਂ ਨਹੀਂ ਕਰਦਾ ਤੇ ਮੇਰੀ ਰੱਚਕ ਇਹਦੇ ਨਾਲ ਠੀਕ ਬੈਠਦੀ ਏ ...।’ ਲਗਾਤਾਰ ਛੇ ਸਾਲ, ਜਦੋਂ ਤੱਕ ਉਹ ਬਿਮਾਰ ਹੋਣ ਕਾਰਨ ਦਫ਼ਤਰ ਆਉਣੋਂ ਨਾ ਹਟੇ, ਉਨ੍ਹਾਂ ਦੀ ਹਰ ਲਿਖਤ ਨੂੰ ਕਾਗਜ਼ ’ਤੇ ਉਤਾਰਨ ਦਾ ਕੰਮ ਮੇਰੇ ਹਿੱਸੇ ਆਇਆ, ਭਾਵੇਂ ਉਹ ਸੰਪਾਦਕੀ ਹੋਵੇ, ‘ਚੇਤੇ ਦੀ ਚੰਗੇਰ ’ਚੋਂ’ ਹੋਵੇ ਜਾਂ ‘ਕਮਿਊਨਿਸਟ ਲਹਿਰ ਦੀਆਂ ਯਾਦਾਂ।’ ਜਦੋਂ ਉਨ੍ਹਾਂ ਦਫ਼ਤਰ ਆਉਣਾ ਘੱਟ ਕਰ ਦਿੱਤਾ ਤਾਂ ਘਰੋਂ ਦਫ਼ਤਰ ਗੱਡੀ ਭੇਜਦੇ ਤੇ ਲਿਖਾ ਕੇ ਗੱਡੀ ’ਤੇ ਹੀ ਵਾਪਸ ਭੇਜ ਦਿੰਦੇ।
ਕਾਮਰੇਡ ਅਨੰਦ ਲੰਮੇ ਵਾਕਾਂ ਵਿਚ, ਜਿੱਥੇ ਥੋੜ੍ਹੀ-ਥੋੜ੍ਹੀ ਦੂਰੀ ’ਤੇ ਕੋਮਾ ਜਾਂ ਕੋਲਨ ਹੁੰਦਾ, ਲਿਖਾਉਂਦੇ। ਵਾਕ ਉਨ੍ਹਾਂ ਦੇ ਅੰਗਰੇਜ਼ੀ ਸਟਾਈਲ ਹੁੰਦੇ, ‘ਹੈ ਇਹ ਗੱਲ ਉਨ੍ਹਾਂ ਦਿਨਾਂ ਦੀ, ਜਦੋਂ ਅੱਤਵਾਦ ਦੀ ਕਾਲੀ ਹਨੇਰੀ ਵਗ ਰਹੀ ਸੀ। ਜਾਣਾ ਸੀ ਦਿੱਲੀ ਤੇ ਨਾਲ ਸਨ ਕਈ ਹੋਰ ਕਾਮਰੇਡ ਆਗੂ ... ਦਿਨ ਸਨ ਪੋਹ-ਮਾਘ ਦੇ, ਪਰ ਜੋਸ਼ ਸੀ ਅੰਤਾਂ ਦਾ ...।’
ਇੱਕ ਵਾਰ ਉਨ੍ਹਾਂ ‘ਗਰਗ’ ਕਿਹਾ ਸੀ ਤੇ ਮੈਂ ਕਾਹਲੀ ਵਿਚ ‘ਗ਼ਰਮ’ ਲਿਖ ਦਿੱਤਾ। ਪੜ੍ਹ ਕੇ ਉਹ ਗੁੱਸੇ ਹੁੰਦਿਆਂ ਬੋਲੇ, ‘ਸ਼ੁਕਰ ਐ ਤੂੰ ‘ਗਰਕ’ ਨਹੀਂ ਲਿਖ ਦਿੱਤਾ, ਮੇਰਾ ਤਾਂ ਬੇੜਾ ਗਰਕ ਜਾਣਾ ਸੀ।’
ਕਾਮਰੇਡ ਆਨੰਦ, ‘ਜੇਹਾ ਬੋਲੋ, ਤੇਹਾ ਲਿਖੋ’ ਗੱਲ ਵਾਰ-ਵਾਰ ਕਹਿੰਦੇ। ਉਹ ਆਖਦੇ, ‘ਤਿੱਖਾ ਸ਼ਬਦ ਉੱਥੇ ਵਰਤੋ ਜਿੱਥੇ ਲੋੜ ਹੈ, ਤੇ ਜੇ ਕੰਮ ਪੋਲੇ ਨਾਲ ਸਰਦਾ ਹੋਵੇ ਤਾਂ ਤਿੱਖੇ ਦੀ ਲੋੜ ਕੀ ਹੈ। ਇੱਕ ਸ਼ਬਦ ਇੱਕੋ ਪੈਰੇ ਵਿੱਚ ਦੂਜੀ ਵਾਰ ਬਿਲਕੁਲ ਨਹੀਂ ਆਉਣਾ ਚਾਹੀਦਾ। ਜੇ ਇੱਕ ਸਤਰ ਵਿੱਚ ‘ਜ਼ਮੀਨ’ ਲਿਖਿਆ ਹੈ ਤਾਂ ਦੂਜੀ ਵਿੱਚ ‘ਧਰਤੀ’ ਲਿਖ ਦਿਓ, ਤੀਜੀ ਵਿੱਚ ਕੁਝ ਹੋਰ। ਭਾਵ ਤੁਹਾਡਾ ਸ਼ਬਦ ਭੰਡਾਰ ਏਨਾ ਹੋਣਾ ਚਾਹੀਦੈ ਕਿ ਦੁਹਰਾਅ ਬਿਲਕੁਲ ਨਾ ਹੋਵੇ।
ਇਹ ਮੇਰੇ ਲਈ ਹਮੇਸ਼ਾ ਮਾਣ ਵਾਲੀ ਗੱਲ ਰਹੇਗੀ ਕਿ ਉਨ੍ਹਾਂ ਦੀ ਵਾਰ-ਵਾਰ ਸੰਗਤ ਕਾਰਨ ਮੈਂ ਚਾਰ ਸ਼ਬਦ ਬੋਲਣ ਤੇ ਲਿਖਣ ਦਾ ਤਰੀਕਾ ਸਿੱਖ ਸਕਿਆ। ਸ਼ਬਦਾਂ ਦੇ ਜਾਦੂਗਰ ਤੇ ਹੋਰ ਗੁਣਾਂ ਦੇ ਮਾਲਕ ਹੋਣ ਦੇ ਨਾਲ-ਨਾਲ ਉਨ੍ਹਾਂ ਅੰਦਰ ਮੈਂ ਹਰ ਕਿਸੇ ਨੂੰ ਆਪਣਾ ਬਣਾਉਣ ਦਾ ਗੁਣ ਨੇੜੇ ਹੋ ਕੇ ਦੇਖਿਆ। ਪਰ ਕਈ ਵਾਰ ਉਹ ਏਨਾ ਖਿਝਦੇ ਸਨ ਕਿ ਪੁੱਛੋ ਕੁਝ ਨਾ। ਫੇਰ ਥੋੜ੍ਹੀ ਦੇਰ ਬਾਅਦ ਉਹ ਠੰਢੇ ਹੋ ਜਾਂਦੇ ਤੇ ਗੱਲ ਆਈ-ਗਈ ਹੋ ਜਾਂਦੀ।
**
ਇੱਕ ਵਾਰ ਅਸੀਂ ਡਲਹੌਜ਼ੀ ਜਾ ਰਹੇ ਸਾਂ। ਗੱਡੀ ਵਿੱਚ ਆਨੰਦ ਸਾਹਿਬ, ਆਂਟੀ ਉਰਮਿਲਾ ਆਨੰਦ, ਡਰਾਈਵਰ, ਗੰਨਮੈਨ ਤੇ ਮੈਂ ਸਾਂ। ਰਾਹ ਵਿੱਚ ਆਨੰਦ ਸਾਹਿਬ ਨੇ ਗੱਡੀ ਦੇ ਡਰਾਈਵਰ ਨੂੰ ਕਿਹਾ, ‘ਖੱਬੇ ਮੋੜ ਲਵੀਂ, ਨੇੜੇ ਪਊ ਡਲਹੌਜ਼ੀ ...।’
ਆਂਟੀ ਜੀ ਨੇ ਕਿਹਾ, ‘ਚਰਨਜੀਤ, ਗੱਡੀ ਸੱਜੇ ਲਵੀਂ ... ਇਨ੍ਹਾਂ ਨੂੰ ਨਹੀਂ ਪਤਾ।’
ਬਸ ਏਥੋਂ ਹੀ ਸ਼ੁਰੂ ਹੋ ਗਈ ਜ਼ਿਦਬਾਜ਼ੀ। ਆਨੰਦ ਸਾਹਿਬ ਖੱਬੇ ਤੇ ਆਂਟੀ ਜੀ ਸੱਜੇ ’ਤੇ ਅੜ ਗਏ। ਜਦੋਂ ਗੁੱਸਾ ਸਿਖਰ ’ਤੇ ਪਹੁੰਚ ਗਿਆ ਤਾਂ ਆਨੰਦ ਸਾਹਿਬ ਨੇ ਕਿਹਾ, ‘ਅੱਜ ਗੱਡੀ ਜਾਂ ਤਾਂ ਖੱਬੇ ਜਾਊ ਤੇ ਜਾਂ ਵਾਪਸ ਜਲੰਧਰ।’ ਅਖੀਰ ਆਨੰਦ ਸਾਹਿਬ ਦੀ ਪੁੱਗੀ ਤੇ ਅਸੀਂ ਡਲਹੌਜ਼ੀ ਪੁੱਜੇ।
ਉੱਥੇ ਸਾਨੂੰ ਪੰਜਾਬੀ ਯੂਨੀਵਰਸਿਟੀ, ਪਟਿਆਲਾ ਦਾ ਗੈੱਸਟ ਹਾਊਸ ਮਿਲਿਆ। ਆਨੰਦ ਸਾਹਿਬ, ਆਂਟੀ ਜੀ ਤੇ ਮੈਂ ਤਿੰਨੇ ਇਕੱਠਾ ਖਾਣਾ ਖਾਂਦੇ ਤੇ ਬਾਕੀ ਆਪਣੀ ਮਰਜ਼ੀ ਮੁਤਾਬਕ ਵੱਖਰੇ। ਆਨੰਦ ਸਾਹਿਬ ਤੇ ਆਂਟੀ ਜੀ ਦੋ ਦੋ ਫੁਲਕੇ ਛਕਦੇ ਤੇ ਉਨ੍ਹਾਂ ਦੇ ਨਾਲ ਹੀ ਮੈਨੂੰ ਹਟਣਾ ਪੈਂਦਾ, ਭਾਵੇਂ ਮੈਨੂੰ ਭੁੱਖ ਹੋਰ ਲੱਗੀ ਹੁੰਦੀ।
ਅਗਲੇ ਹੀ ਦਿਨ ਆਨੰਦ ਸਾਹਿਬ ਨੇ ਮੇਰਾ ਪਾਲ਼ਾ ਬਦਲਾ ਕੇ ਗੰਨਮੈਨਾਂ ਨਾਲ ਕਰ ਦਿੱਤਾ। ਕਹਿੰਦੇ, ‘ਸਾਡੇ ਚੱਕਰ ’ਚ ਭੁੱਖ ਨਾਲ ਮਾਰਿਆ ਜਾਣੈ ... ਗੰਨਮੈਨਾਂ ਨਾਲ ਰੱਜਵੀਂ ਰੋਟੀ ਖਾਊ ...।’
**
2004 ਦੀ ਗੱਲ ਹੈ। ਆਨੰਦ ਸਾਹਿਬ ਦਫ਼ਤਰ ’ਚ ਲਿਖਾ ਰਹੇ ਸਨ। ਇੱਕ ਬੀਬੀ ਬੂਹਾ ਖੋਲ੍ਹ ਕੇ ਸਿੱਧੀ ਅੰਦਰ ਆਈ ਤੇ ਬੋਲੀ, ‘ਮੈਨੂੰ ਫ਼ਲਾਣੇ ਲੇਖਕ ਨੇ ਭੇਜਿਐ ... ਕੱਲ੍ਹ ਉਨ੍ਹਾਂ ਦੀ ਥੋਡੇ ਨਾਲ ਗੱਲ ਹੋਈ ਸੀ ਕਿਤਾਬਾਂ ਦੇਣ ਸਬੰਧੀ।’
ਲੜੀ ਟੁੱਟਣ ਕਰਕੇ ਆਨੰਦ ਸਾਹਿਬ ਬੇਹੱਦ ਗੁੱਸੇ ਵਿਚ ਸਨ। ਕਹਿੰਦੇ, ‘ਕਿਤਾਬਾਂ ਨੂੰ ਮਾਰ ਗੋਲੀ, ਪਹਿਲਾਂ ਇਹ ਦੱਸ ਤੈਨੂੰ ਰਿਸੈਪਸ਼ਨ ’ਤੇ ਬੈਠੀ ਕੁੜੀ ਨੇ ਰੋਕਿਆ ਸੀ ਕਿ ਨਹੀਂ।’
ਉਨ੍ਹਾਂ ਦਾ ਗੁੱਸਾ ਦੇਖ ਮੈਂ ਤ੍ਰਭਕ ਗਿਆ। ਕੁੜੀ ਦੀ ਇੱਕ ਨਾ ਚੱਲੀ ਤੇ ਅਖੀਰ ਉਹ ਆਨੰਦ ਸਾਹਿਬ ਤੋਂ ਝਾੜਾਂ ਖਾ ਕੇ ਚਲੀ ਗਈ।
ਪੰਜ-ਸੱਤ ਮਿੰਟ ਬਾਅਦ ਆਨੰਦ ਸਾਹਿਬ ਨੂੰ ਚੇਤੇ ਆਇਆ ਕਿ ਇਹ ਤਾਂ ਉਹ ਬੀਬੀ ਹੋਣੀ ਐ, ਜੀਹਦੇ ਬਾਬਤ ਕੱਲ੍ਹ ਫੋਨ ਆਇਆ ਸੀ। ਮੱਥੇ ’ਤੇ ਹੱਥ ਮਾਰ ਕੇ ਕਹਿੰਦੇ, ‘ਟਹਿਣਿਆ, ਮਾੜਾ ਕੰਮ ਹੋ ਗਿਆ, ਇਹਦਾ ਵਿਚਾਰੀ ਦਾ ਕੀ ਕਸੂਰ ਸੀ। ਚੱਲ ਜਾਹ ਥੱਲੇ ਕਿਤੇ ਹੋਊਗੀ, ਬੁਲਾ ਕੇ ਲਿਆ ਉਹਨੂੰ।’
ਮੈਂ ਕਾਫੀ ਦੇਰ ਉਹਨੂੰ ਥੱਲੇ ਲੱਭਦਾ ਰਿਹਾ, ਪਰ ਬੀਬੀ ਅਲੋਪ ਹੋ ਚੁੱਕੀ ਸੀ।
**
ਇੱਕ ਪੰਜਾਬੀ ਅਖ਼ਬਾਰ ਵਿੱਚ ਐਤਵਾਰ ਦੇ ਦਿਨ ਆਨੰਦ ਸਾਹਿਬ ਦੀਆਂ ਯਾਦਾਂ ਦਾ ਹਫ਼ਤਾਵਰੀ ਕਾਲਮ ‘ਚੇਤੇ ਦੀ ਚੰਗੇਰ ’ਚੋਂ’ ਛਪਦਾ ਹੁੰਦਾ ਸੀ। ਉਨ੍ਹਾਂ ਕਿਤੇ ‘ਲਗਪਗ’ ਸ਼ਬਦ ਲਿਖਾਇਆ ਸੀ, ਪਰ ਅਖ਼ਬਾਰ ’ਚ ‘ਲਗਭਗ’ ਛਪ ਗਿਆ।
ਸੋਮਵਾਰ ਨੂੰ ਸੰਪਾਦਕ ਦੀ ਸ਼ਾਮਤ ਆ ਗਈ। ਫੋਨ ’ਤੇ ਕਹਿੰਦੇ, ‘ਤੈਨੂੰ ‘ਪਗ’ ਤੇ ‘ਭਗ’ ਵਿੱਚ ਫ਼ਰਕ ਨਹੀਂ ਪਤਾ। ਕੀ ਹੁੰਦਾ ਏ ‘ਭਗ’ ਭਲਾ? ਸ਼ਾਇਦ ਉਹਨੇ ਜਵਾਬ ‘ਨਾਂਹ’ ਵਿੱਚ ਦਿੱਤਾ ਸੀ ਤਾਂ ਆਨੰਦ ਸਾਹਿਬ ਨੇ ਖੂਬ ਗੁੱਸੇ ਵਿੱਚ ਉਹਨੂੰ ‘ਭਗ’ ਦਾ ਅਰਥ ਦੱਸਿਆ ਤੇ ਉਸ ਤੋਂ ਬਾਅਦ ਕਦੇ ਉਸ ਅਖ਼ਬਾਰ ਵਿੱਚ ਕਾਲਮ ਨਾ ਭੇਜਿਆ।
**
ਪੰਜਾਬ ਦੇ ਗੁੰਮਨਾਮ ਕਲਾਕਾਰਾਂ ਬਾਰੇ ਜਦੋਂ ਮੇਰੀ ਕਿਤਾਬ ‘ਸੁਰਾਂ ਦੇ ਵਾਰਿਸ’ ਦਾ ਰਿਲੀਜ਼ ਸਮਾਰੋਹ ਪ੍ਰੈੱਸ ਕਲੱਬ ਜਲੰਧਰ ਵਿੱਚ ਹੋਇਆ ਤਾਂ ਆਨੰਦ ਸਾਹਿਬ ਉਚੇਚੇ ਤੌਰ ’ਤੇ ਆਏ। ਆ ਕੇ ਕਹਿੰਦੇ, ‘ਟਹਿਣਾ ਹੁਣ ਟਾਹਣਾ ਬਣ ਗਿਐ ਬਈ ...।’
ਜਦੋਂ ਉਨ੍ਹਾਂ ਦੀ ਬੋਲਣ ਦੀ ਵਾਰੀ ਆਈ ਤਾਂ ਕਹਿੰਦੇ, ‘ਮੈਂ ਕੀ ਬੋਲਾਂ, ਮਾਲ ਮਾਲਕਾਂ ਦਾ ਮਸ਼ਹੂਰੀ ਕੰਪਨੀ ਦੀ। ਨਿੱਕਾ ਜਿਹਾ ਹੁੰਦਾ ਸੀ, ਜਦੋਂ ਆਇਆ ਸੀ, ਮੁੱਛ ਵੀ ਸਾਡੇ ਕੋਲ ਆ ਕੇ ਫੁੱਟੀ ਐ, ਹੁਣ ਕਿਤਾਬਾਂ ਲਿਖੀ ਜਾਂਦੈ ... ਸਾਡੀ ਹੱਲਾਸ਼ੇਰੀ ਇਹਦੇ ਨਾਲ ਐ ...।’
**
ਇੱਕ ਵਾਰ ਆਨੰਦ ਸਾਹਿਬ ਮੈਨੂੰ ਕਹਿੰਦੇ, ‘ਤੈਨੂੰ ਲੱਭਦਿਆਂ ਪੌਣਾ ਘੰਟਾ ਹੋ ਗਿਐ, ਕਿੱਥੇ ਸੀ ...?’
ਮੇਰੇ ਬੋਲਣ ਤੋਂ ਪਹਿਲਾਂ ਹੀ ਇੱਕ ਨੇ ਸ਼ਰਾਰਤ ਕਰਦਿਆਂ ਕਹਿ ਦਿੱਤਾ, ‘ਕੁੜੀਆਂ ਵੇਖਣ ਗਿਆ ਹੋਣੈ, ਹੋਰ ਕਿੱਥੇ ਜਾਣੈ ...।’
ਉਹਨੇ ਭਾਵੇਂ ਆਰ ਲਾਈ ਸੀ, ਪਰ ਆਨੰਦ ਸਾਹਿਬ ਕਹਿੰਦੇ, ‘ਓ ਕਿਸ਼ਨ, ਸਾਰਿਆਂ ਨੂੰ ਚਾਹ ਪਿਆ, ਮੁੰਡਾ ਜਵਾਨ ਹੋ ਗਿਐ ਹੁਣ।’
ਉਨ੍ਹਾਂ ਨਾਲ ਜੁੜੀਆਂ ਦਰਜਨਾਂ ਹੋਰ ਯਾਦਾਂ ਹਨ, ਜਿਨ੍ਹਾਂ ਨੂੰ ਅੱਜ ਉਨ੍ਹਾਂ ਦੇ ਜਾਣ ਮਗਰੋਂ ਚੇਤੇ ਕਰਕੇ ਮੈਂ ਭਾਵੁਕ ਹੋ ਰਿਹਾ ਹਾਂ। ਅਕਸਰ ਮੈਂ ਸੋਚਦਾ ਹਾਂ ਕਿ ਆਨੰਦ ਸਾਹਿਬ ਕਿੰਨੇ ਦਰਿਆਦਿਲ ਤੇ ਮਹਾਨ ਇਨਸਾਨ ਸਨ, ਜਿਨ੍ਹਾਂ ਮੇਰੇ ਤੇ ਮੇਰੇ ਵਰਗੇ ਸੈਂਕੜੇ ਹੋਰਾਂ ਨੂੰ ਰੋਟੀ ਦੇ ਕਾਬਲ ਕੀਤਾ।
ਜੋ ਮੂੰਹ ਆਇਆ ਬੋਲ ਦੇਣਾ, ਸਹੀ ਗੱਲ ’ਤੇ ਅੜ ਜਾਣਾ, ਢੁੱਕਵਾਂ ਸ਼ਬਦ ਲੱਭਣ ਲਈ ਲੰਮਾ ਸਮਾਂ ਸੋਚਦਿਆਂ ਤੇ ਪੰਜਾਬ ਦੇ ਵਿਗੜਦੇ ਤਾਣੇ-ਬਾਣੇ ਬਾਬਤ ਫ਼ਿਕਰ ਕਰਦਿਆਂ ਸੈਂਕੜੇ ਵਾਰ ਮੈਂ ਉਨ੍ਹਾਂ ਨੂੰ ਦੇਖਿਆ। ਇੱਕ ਹੋਰ ਵਾਕਿਆ ਚੇਤੇ ਆ ਰਿਹਾ ਹੈ। ‘ਨਵਾਂ ਜ਼ਮਾਨਾ’ ਆਉਣ ਦੇ ਪਹਿਲੇ ਤਿੰਨ ਸਾਲ ਮੈਂ ਦਫ਼ਤਰ ਦੀ ਮੇਜ਼ ’ਤੇ ਸੁੱਤਾ। ਇੱਕ ਵਾਰ ਆਨੰਦ ਸਾਹਿਬ ਰਾਤ ਨੂੰ ਦਫ਼ਤਰ ਆਏ। ਮੈਂ ਸੁੱਤਾ ਪਿਆ ਸੀ। ਮੈਨੂੰ ਉਠਾ ਕੇ ਕਹਿੰਦੇ, ‘ਟਹਿਣਿਆ, ਤੈਨੂੰ ਏਥੇ ਆਇਆਂ ਤਿੰਨ-ਚਾਰ ਸਾਲ ਹੋ ਗਏ ਨੇ, ਆਪਣਾ ਪੱਧਰ ਉੱਚਾ ਚੁੱਕ।’
ਮੈਂ ਕਿਹਾ, ‘ਕਿਵੇਂ ਜੀ?’
ਕਹਿੰਦੇ, ‘ਹਾਲੇ ਵੀ ਥੱਲੇ ਪੰਜਾਬੀ ਅਖ਼ਬਾਰ ਵਿਛਾਈ ਪਿਆਂ, ਹੁਣ ਅੰਗਰੇਜ਼ੀ ਵਿਛਾਇਆ ਕਰ ...।’
**
ਹੁਣ ਜਦੋਂ ਉਨ੍ਹਾਂ ਦਾ ਸ਼ਰਧਾਂਜਲੀ ਸਮਾਗਮ ਵੀ ਹੋ ਚੁੱਕੈ ਤਾਂ ਮੈਨੂੰ ਹਾਲੇ ਵੀ ਇੰਜ ਜਾਪਦੈ, ਉਹ ਮੇਰੇ ਵਾਕਾਂ ਨੂੰ ਸੋਧਣਗੇ ਤੇ ਕਹਿਣਗੇ, ‘ਜੇਹਾ ਬੋਲੋ, ਤੇਹਾ ਲਿਖੋ।
94 ਸਾਲ ਦੀ ਉਮਰ ਭਾਵੇਂ ਘੱਟ ਨਹੀਂ ਹੁੰਦੀ, ਪਰ ਉਸ ਮਹਾਨ ਇਨਸਾਨ ਲਈ ਸਵਾ ਸੌ ਸਾਲ ਵੀ ਘੱਟ ਸੀ। ਕਮਿਊਨਿਸਟ ਲਹਿਰ ਦੀ ਅਗਵਾਈ ਕਰਨੀ, ਰਾਜਨੀਤਕ ਮਾਮਲਿਆਂ ਵਿਚ ਵਿਚਰਨਾ, ਰੂਸੀ ਸਾਹਿਤ ਦਾ ਤਜਰਮਾ ਕਰਨਾ, ਕਿਤਾਬਾਂ ਲਿਖਣਾ, ‘ਨਵਾਂ ਜ਼ਮਾਨਾ’ ਚਲਾਉਣਾ, ਆਰਥਿਕ ਵਸੀਲੇ ਪੈਦਾ ਕਰਨੇ, ਕਿੰਨਾ ਕੁਝ ਉਹ ਇਕੱਲੇ ਹੀ ਕਰਦੇ ਸਨ।
ਉਨ੍ਹਾਂ ਦੀਆਂ ਸਮਝਾਉਣੀਆਂ, ਝਿੜਕਾਂ ਸਮੇਤ ਹੋਰ ਬੜਾ ਕੁਝ ਚੇਤੇ ਆ ਰਿਹਾ ਹੈ। ਉਹ ਮੇਰੇ ਮਾਰਗ ਦਰਸ਼ਕ ਸਨ ਤੇ ਜੇ ਮੈਨੂੰ ਉਨ੍ਹਾਂ ਦੀ ਸੰਗਤ ਦਾ ਮੌਕਾ ਨਾ ਮਿਲਦਾ ਤਾਂ ਅੱਜ ਪਿੰਡ ਵਿਚ ਵੱਟਾਂ ਘੜ ਰਿਹਾ ਹੁੰਦਾ ਜਾਂ ਕਿਸੇ ਹੋਰ ਛੋਟੇ-ਮੋਟੇ ਕੰਮ ’ਤੇ ਲੱਗਾ ਹੁੰਦਾ।
ਸਲਾਮ, ਕਾਮਰੇਡ ਜਗਜੀਤ ਸਿੰਘ ਆਨੰਦ ਜੀ।
- ਸਵਰਨ ਸਿੰਘ ਟਹਿਣਾ
*****
(44)