KamaljitSFremont8ਤਹਿਸੀਲ ਜਾਂ ਜਾਇਦਾਦਾਂ ਨਾਲ ਜੁੜੇ ਇਸ ਮਾਇਆਜਾਲ਼ ਵਿੱਚੋਂ ਸਰਕਾਰ ਨੇ ਕਿਵੇਂ ਇਸ ਦਾ ਭੇਤ ਜਾਂ ਰਹੱਸ ...
(14 ਜੂਨ 2024)
ਇਸ ਸਮੇਂ ਪਾਠਕ: 375.


ਤਹਿਸੀਲਦਾਰ ਰਿਸ਼ਵਤ ਨਹੀਂ ਮੰਗਦੇ
, ਲੋਕ ਖਾਹਮਖਾਹ ਦਿੰਦੇ ਹਨ। ਜਦ ਕੋਈ ਬੰਦਾ 40-50 ਲੱਖ ਰੁਪਏ ਦੀ ਰਜਿਸਟਰੀ ਕਰਵਾਉਂਦਾ ਹੈ ਤਾਂ ਉਸ ਨੂੰ ਝਿਜਕ ਨਹੀਂ ਮਹਿਸੂਸ ਹੁੰਦੀ ਕਿਉਂਕਿ ਉਹ ਸਮਝਦਾ ਹੈ ਕਿ ਰਜਿਸਟਰੀ ਕਰਵਾਉਣੀ ਬਹੁਤ ਗੁੰਝਲਦਾਰ ਕੰਮ ਹੈ ਤੇ ਉਸ ਦੀ ਸਮਝ ਤੋਂ ਪਰੇ ਹੈ। ਉਹ ਸਮਝਦਾ ਹੈ ਕਿ ਰਜਿਸਟਰੀ ਜਾਂ ਫਰਦ ਜਾਂ ਹੋਰ ਕਾਗਜ਼ਾਂ ਵਿਚ ਲਿਖੇ ਫਾਰਸੀ ਦੇ ਲਫ਼ਜ਼ ਦਾ ਤਰਜਮਾ ਸਿਰਫ਼ ਤੇ ਸਿਰਫ਼ ਪਟਵਾਰੀ ਜਾਂ ਤਹਿਸੀਲਦਾਰ ਹੀ ਕਰ ਸਕਦਾ ਹੈ, ਤੇ ਜਾਂ ਫਿਰ ਬਾਹਰ ਬੈਠੇ ਵਸੀਕਾਨਵੀਸ। ਆਮ ਆਦਮੀ, ਖਾਸ ਕਰਕੇ ਪੰਜਾਬੀਆਂ ਨੂੰ ਆਪਣੇ ਕੰਮ ਦੀ ਕਾਹਲੀ ਬਹੁਤ ਹੁੰਦੀ ਹੈ ਤੇ ਉਹ ਇਸ ਦੀ ਕੀਮਤ ਲੱਖਾਂ ਰੁਪਏ ਦੇ ਕੇ ਘਰ ਪਰਤਦੇ ਹਨ।

ਵਸੀਕਾਨਵੀਸ ਚਾਹੇ ਤਹਿਸੀਲ ਦੇ ਬਾਹਰ ਬੈਠਦਾ ਹੈ ਪਰ ਅਸਲ ਵਿਚ ਤਹਿਸੀਲ ਦੇ ਅੰਦਰ ਉਸ ਦੀ ਪਹੁੰਚ ਤੇ ਪੁਛਗਿੱਛ ਬਹੁਤ ਹੁੰਦੀ ਹੈ ਕਿਉਂਕਿ ਉਹੀ ਸਹੀ ਕੰਮ ਦੇ ਪੈਸੇ ਅੰਦਰ ਪਹੁੰਚਾਉਂਦਾ ਹੈ ਤੇ ਨਾਲ ਆਪਣਾ ਹਿੱਸਾ ਵੀ ਲੈ ਲੈਂਦਾ ਹੈ। ਇਸ ਕਾਰਜ ਵਿਚ ਉਹ ਨੰਬਰਦਾਰ (ਲੰਬੜਦਾਰ), ਸੁਵਿਧਾ ਸੈਂਟਰ, ਰਜਿਸਟਰੀ ਕਲਰਕ, ਰਜਿਸਟਰੀ ਜਾਂ ਪੇਸਟਰ, ਡਾਇਰੀਵਾਲਾ, ਫ਼ੀਸ ਕਲਰਕ ਤੇ ਤਹਿਸੀਲਦਾਰ ਦਾ ਸਾਰਾ ਹਿਸਾਬ ਕਿਤਾਬ ਸ਼ਾਮੀਂ ਜਾ ਕੇ ਦੇ ਆਉਂਦਾ ਹੈ। ਉਸ ਦਾ ਤਰੀਕਾ ਇਹ ਹੈ ਕਿ ਜਿਸ ਕੰਮ ਦੇ ਉਸ ਨੇ ਪੈਸੇ ਲਏ ਹੋਏ ਹਨ, ਉਹ ਉਸ ਬੰਦੇ ਦੇ ਕਾਗਜ਼ ਪੱਤਰ ਬਣਾ ਕੇ ਖ਼ੁਦ ਤਹਿਸੀਲਦਾਰ ਪਾਸ ਜਾਂਦਾ ਹੈ ਤੇ ਉਸ ਨਾਲ ਅੱਖ ਮਿਲਾਉਂਦਾ ਹੈ (ਇਹ ਸਭ ਮੈਨੂੰ ਇਕ ਵਸੀਕਾਨਵੀਸ ਨੇ ਦੱਸਿਆ)। ਤਹਿਸੀਲਦਾਰ ਨੀਵੀਂ ਜਿਹੀ ਅੱਖ ਨਾਲ ਇਸ਼ਾਰਾ ਸਮਝ ਲੈਂਦਾ ਹੈ ਤੇ ਉਹ ਵਸੀਕਾਨਵੀਸ ਦੇ ਦਿੱਤੇ ਕਾਗਜ਼ ਇਕ ਪਾਸੇ ਰੱਖ ਲੈਂਦਾ ਹੈਹੋਰ ਸਭ ਆਮ ਲੋਕ ਜੇ ਕੋਈ ਵਸੀਕਾਨਵੀਸ ਤੋਂ ਬਗੈਰ ਤਹਿਸੀਲਦਾਰ ਪਾਸ ਆਪਣੇ ਕਾਗਜ਼ ਲੈ ਕੇ ਜਾਂਦੇ ਹਨ, ਉਨ੍ਹਾਂ ਕਾਗਜ਼ਾਂ ਨੂੰ ਤਹਿਸੀਲਦਾਰ ਇਕ ਹੋਰ ਪਾਸੇ ਅਲੱਗ ਰੱਖੀ ਜਾਂਦਾ ਹੈ। ਇਉਂ ਤਹਿਸੀਲਦਾਰ ਕੋਲ ਦੋ ਢੇਰੀਆਂ ਬਣੀ ਜਾਂਦੀਆਂ ਹਨ। ‘ਸੁੱਕੇ` ਕਾਗਜ਼ਾਂ ’ਤੇ ਜਾਂ ਤਾਂ ਕੋਈ ਇਤਰਾਜ਼ ਬੋਲ ਦਿੱਤਾ ਜਾਂਦਾ ਹੈ, ਤੇ ਜਾਂ ਸ਼ਾਮ ਤੱਕ ਲਟਕਾਈ ਰੱਖਦਾ ਹੈ। ਤਹਿਸੀਲਦਾਰ ਲਿਖਤੀ ਰੂਪ ਵਿਚ ਕੋਈ ਇਤਰਾਜ਼ ਨਹੀਂ ਦਿੰਦਾ ਅਤੇ ‘ਸੁੱਕੇ` ਕਾਗਜ਼ ਜੋ ਰਿਸ਼ਵਤ ਤੋਂ ਬਗੈਰ ਹਨ, ਉਨ੍ਹਾਂ ਦੀ ਵਾਰੀ ਵੇਲੇ ਕਿਸੇ ਬਹਾਨੇ ਉਠ ਕੇ ਚਲਾ ਜਾਂਦਾ ਹੈ ਤੇ ਉਸ ਦੇ ਕਲਰਕ ਕਹਿ ਦਿੰਦੇ ਹਨ ਕਿ ਤਹਿਸੀਲਦਾਰ ਨੂੰ ਡੀ.ਸੀ. ਨੇ ਬੁਲਾ ਲਿਆ ਹੈ ਜਾਂ ਮੰਤਰੀ ਆ ਰਿਹਾ ਹੈ, ਉਸ ਦੇ ਇੰਤਜ਼ਾਮ ਵਾਸਤੇ ਚਲਾ ਗਿਆ ਹੈ ਆਦਿ।

ਹੁਣ ਉਹ ਬੰਦਾ, ਜਿਸ ਨੇ ਸਿਰਫ਼ ਮੁਖਤਾਰਨਾਮਾ ਬਣਵਾਉਣਾ ਸੀ ਜਾਂ ਕੈਂਸਲ ਕਰਨਾ ਸੀ, ਉਸ ਨੂੰ ਹੱਥਾਂ ਪੈਰਾਂ ਦੀਆਂ ਪੈ ਜਾਂਦੀਆਂ ਹਨ ਕਿ ਖ਼ਬਰੇ ਤਹਿਸੀਲਦਾਰ ਨੇ ਕੀ ਢੁੱਚਰ ਡਾਹ ਦੇਣੀ ਹੈ ਤੇ ਜੇ ਦਿਨ ਸ਼ੁਕਰਵਾਰ ਦਾ ਹੋਵੇ ਤੇ ਸੋਮਵਾਰ ਦੀ ਛੁੱਟੀ ਆ ਰਹੀ ਹੋਵੇ ਤਾਂ ਉਹ ਫਿਰ ਵਸੀਕਾਨਵੀਸ ਪਾਸ ਜਾ ਕੇ ਕਹਿ ਦਿੰਦਾ ਹੈ ਕਿ ਯਾਰ, ਤੂੰ ਹੀ ਮੇਰਾ ਕੰਮ ਕਰਾ ਦੇ। ਇਸ ਤਰ੍ਹਾਂ ਇਹ ਚੱਕਰ ਚਲਦਾ ਰਹਿੰਦਾ ਹੈ।

ਹੁਣ ਜਿਸ ਬੰਦੇ ਦਾ ਕੰਮ ਲਟਕ ਗਿਆ ਹੈ ਤੇ ਉਹ ਤੇਜ਼ੀ ਵਾਲੀ ਟਿਕਟ ਲੈਣ ਵਾਸਤੇ ਤਿਆਰ ਹੋ ਗਿਆ ਹੈ, ਭਾਵ, ਰਿਸ਼ਵਤ ਦੇਣ ਲਈ ਤਿਆਰ ਹੋ ਗਿਆ, ਇਸ ਵਿਚ ਤਹਿਸੀਲਦਾਰ ਜਾਂ ਵਸੀਕਾਨਵੀਸ ਨਾਲੋਂ ਉਸ ਬੰਦੇ ਦਾ ਕਸੂਰ ਵੱਧ ਹੈ। ਉਸ ਦਾ ਕਸੂਰ ਇਹ ਹੈ ਕਿ ਉਸ ਨੇ ਸਭ ਤੋਂ ਪਹਿਲਾਂ ਆਪਣੀ ਅਣਖ ਨੂੰ ਭੁੰਝੇ ਸੁੱਟ ਦਿੱਤਾ, ਦੂਜਾ, ਆਪਣੇ ਸਵੈ-ਵਿਸ਼ਵਾਸ ਵਿਚ ਉਸ ਨੂੰ ਯਕੀਨ ਨਹੀਂ ਕਿ ਉਸ ਦਾ ਕੰਮ ਜਾਇਜ਼ ਹੈ ਜਾਂ ਨਾਜਾਇਜ਼। ਉਹ ਸਮਝਦਾ ਹੈ ਕਿ ਤਹਿਸੀਲਦਾਰ ਉਸ ਦੇ ਕਾਗਜ਼ਾਂ ’ਤੇ ਦਸਤਖ਼ਤ ਕਰ ਕੇ ਉਸ ’ਤੇ ਮਿਹਰਬਾਨੀ ਕਰ ਰਿਹਾ ਹੈ; ਹਾਲਾਂਕਿ ਉਸ ਨੂੰ ਤਨਖ਼ਾਹ ਹੀ ਇਸ ਕੰਮ ਦੀ ਮਿਲਦੀ ਹੈ।

ਇਸ ਸਿਲਸਿਲੇ ਵਿਚ ਕੌਣ ਕੌਣ, ਕੀ ਰੋਲ ਅਦਾ ਕਰਦਾ ਹੈ, ਬਾਰੇ ਮੈਨੂੰ ਨਿੱਜੀ ਤਜਰਬਾ ਹੋਇਆ। ਮੈਂ ਤਹਿਸੀਲ ਵਿਚ ਆਪਣੀ ਜਾਇਦਾਦ ਆਪਣੇ ਪਰਿਵਾਰ ਦੇ ਜੀਆਂ ਨੂੰ ਤਬਦੀਲ ਕਰਨ ਵਾਸਤੇ ਗਿਆ। ਮੈਨੂੰ ਪਤਾ ਸੀ ਕਿ ਪਰਿਵਾਰਕ ਮੈਂਬਰ ਨੂੰ ਜਾਇਦਾਦ ਦੇਣ ’ਤੇ ਕੋਈ ਫ਼ੀਸ, ਕੋਰਟ ਸਟੈਂਪ ਡਿਊਟੀ ਨਹੀਂ ਲਗਦੀ। ਮੈਨੂੰ ਫ਼ਰਦ ਜਾਂ ਹੋਰ ਤਹਿਸੀਲੀ ਕਾਗਜ਼ਾਂ ਵਿਚ ਵਰਤੀ ਭਾਸ਼ਾ ਦਾ ਗਿਆਨ ਨਾ ਹੋਣ ਕਰਕੇ ਮੈਂ ਵੀ ਵਸੀਕਾਨਵੀਸ ਪਾਸ ਚਲਾ ਗਿਆ ਤੇ ਆਪਣਾ ਕੰਮ ਦੱਸ ਦਿੱਤਾ। ਉਸ ਦਾ ਸਵਾਲ ਸੀ ਕਿ ਕਾਗਜ਼ ਪੱਤਰ ਭਰਨ ਤੋਂ ਬਾਅਦ ਉਹ ਤਹਿਸੀਲਦਾਰ ਪਾਸ ਜਾ ਕੇ ਰੱਖੇਗਾ ਜਾਂ ਮੈਂ ਖ਼ੁਦ ਜਾਵਾਂਗਾ। ਇਸ ਪ੍ਰਕਿਰਿਆ ਵਿਚ ਪਹਿਲਾਂ ਤੁਸੀਂ ਬੈਨਾਮਾ ਦਸਤਖ਼ਤ ਕਰਕੇ ਦੋ ਗਵਾਹਾਂ ਦਾ ਨੰਬਰ, ਖੇਵਟ ਨੰਬਰ, ਖਤੌਨੀ ਨੰਬਰ, ਹਿੱਸੇ, ਕਿਸਮ ਵਗੈਰਾ, ਹੱਦ ਬਸਤ ਨੰਬਰ ਭਰ ਕੇ ਤਹਿਸੀਲ ਕਲਰਕ ਪਾਸ ਡਾਇਰੀ ਕਰਵਾਉਂਦੇ ਹੋ ਤੇ ਫਿਰ ਇਹ ਕਾਗਜ਼ ਤਹਿਸੀਲਦਾਰ ਪਾਸ ਦੇ ਕੇ ਆਉਂਦੇ ਹੋ।

ਮੈਂ ਕਿਹਾ, ਮੈਂ ਖ਼ੁਦ ਹੀ ਇਹ ਕੰਮ ਕਰ ਲਵਾਂਗਾ। ਮੈਂ ਇਹ ਕੰਮ ਕਰਾ ਕੇ ਤਹਿਸੀਲਦਾਰ ਤੋਂ ਦਸਤਖ਼ਤ ਕਰਵਾ ਕੇ ਮੁੜ ਕਲਰਕ ਪਾਸ ਸਰਕਾਰੀ ਰਜਿਸਟਰੀ ਦੀ ਫ਼ੀਸ ਜਮ੍ਹਾਂ ਕਰਾ ਕੇ ਕਾਪੀ ਲੈ ਆਇਆ। ਵਸੀਕਾਨਵੀਸ ਨੂੰ ਮੈਂ ਉਸ ਦੀ 400-500 ਰੁਪਏ ਫ਼ੀਸ ਦੇ ਆਇਆ; ਭਾਵੇਂ ਮੇਰਾ ਕੰਮ ਤਹਿਸੀਲਦਾਰ ਨੇ ਸਭ ਤੋਂ ਬਾਅਦ ਸ਼ਾਮੀਂ 5 ਵਜੇ ਕੀਤਾ।

ਛੇ ਮਹੀਨੇ ਬਾਅਦ ਮੈਨੂੰ ਪਤਾ ਲੱਗਾ ਕਿ ਵਸੀਕਾਨਵੀਸ ਨੇ ਮੇਰੇ ਇਕ ਖਸਰਾ ਨੰਬਰ ਦਾ ਵੇਰਵਾ ਹੀ ਨਹੀਂ ਪਾਇਆ ਸੀ ਤੇ ਮੈਨੂੰ ਸਾਰੀ ਕਾਰਵਾਈ ਮੁੜ ਸ਼ੁਰੂ ਕਰਨੀ ਪਈ। ਅਜਿਹਾ ਵਸੀਕਾਨਵੀਸ ਨੇ ਜਾਣ ਬੁਝ ਕੇ ਕੀਤਾ ਸੀ, ਜਿਸ ਬਾਰੇ ਮੈਨੂੰ ਪ੍ਰਾਪਰਟੀ ਏਜੰਟ ਨੇ ਦੱਸਿਆ ਕਿ ਇਨ੍ਹਾਂ ਦਾ ਇਹੀ ਤਰੀਕਾ ਹੈ, ਜੋ ਲੋਕ ਰਿਸ਼ਵਤ ਨਹੀਂ ਦੇਣਾ ਚਾਹੁੰਦੇ।

ਮੈਨੂੰ ਮਹਿਸੂਸ ਹੋਇਆ ਕਿ ਇਹ ਵਸੀਕਾਨਵੀਸ ਜਾਂ ਤਹਿਸੀਲਦਾਰ ਦਾ ਕਸੂਰ ਨਹੀਂ ਬਲਕਿ ਮੇਰੀ ਆਪਣੀ ਨਾਲਾਇਕੀ ਸੀ ਕਿਉਂਕਿ ਮੈਂ ਫਰਦ ’ਤੇ ਖਸਰਾ ਜਾਂ ਖਤੌਨੀ ਜਾਂ ਖੇਵਟ ਨੂੰ ਨਹੀਂ ਸੀ ਸਮਝਦਾ।

ਇਸ ਤਜਰਬੇ ਤੋਂ ਬਾਅਦ ਮੈਂ ਸੋਚਿਆ ਕਿ ਦੇਖਿਆ ਜਾਵੇ ਕਿ ਜੋ ਸਰਕਾਰ ਦਿਨ ਰਾਤ ਰੌਲਾ ਪਾ ਰਹੀ ਹੈ ਕਿ 100-150 ਲੋਕਾਂ ਦੇ ਸਰਕਾਰੀ ਕੰਮ ਆਨਲਾਈਨ ਹੋ ਸਕਦੇ ਹਨ ਜਾਂ ਘਰ ਭੇਜੇ ਜਾਂਦੇ ਹਨ ਤਾਂ ਕਿਉਂ ਨਾ ਇਸ ਬਾਰੇ ਡੂੰਘਾਈ ਵਿਚ ਜਾਇਆ ਜਾਵੇ। ਜਦ ਮੈਂ ਸਰਕਾਰੀ ਵੈੱਬਸਾਈਟਾਂ Revenue.punjab.Gov.in, rcms.punjab.gov.in, connect.punjab.in, igrpunjab.in ਖੋਲ੍ਹ ਕੇ ਦੇਖਿਆ ਤਾਂ ਮੈਂ ਹੈਰਾਨ ਵੀ ਹੋਇਆ ਤੇ ਖ਼ੁਸ਼ ਵੀ ਕਿ ਸਰਕਾਰ ਬਿਲਕੁੱਲ ਸੱਚੀ ਹੈ। ਕਸੂਰ ਹੈ ਸਾਡੀ ਹੀਣਭਾਵਨਾ, ਸਵੈਮਾਣ ਦੀ ਕਮੀ, ਕਾਹਲੀ ਅਤੇ ਨਾਜਾਇਜ਼ ਕੰਮ ਕਰਵਾਉਣ ਦੀ ਬਿਰਤੀ ਅਤੇ ਪੜ੍ਹ-ਲਿਖ ਕੇ ਵੀ ਅਨਪੜ੍ਹਾਜੇ ਅਸੀਂ ਸਰਕਾਰੀ ਵੈੱਬਸਾਈਟਾਂ ’ਤੇ ਦੇਖੀਏ ਤਾਂ ਸਰਕਾਰ ਨੇ ਬਹੁਤ ਕੁਝ ਸੁਖਾਲਾ ਤੇ ਸਿੱਧਾ ਕਰ ਦਿੱਤਾ ਹੈ। ਮਿਸਾਲ ਵਜੋਂ ਫਾਰਸੀ ਉਰਦੂ ਦੇ ਬਹੁਤ ਸਾਰੇ ਲਫ਼ਜ਼ ਹਟਾ ਦਿੱਤੇ ਹਨ। ਕਾਨੂੰਨੀ ਕਾਗਜ਼ਾਂ ਦੇ ਫਾਰਮ/ਟੈਂਪਲੇਟ ਵੈੱਬਸਾਈਟ ’ਤੇ ਪਾ ਦਿੱਤੇ ਹਨ। ਸੇਵਾ ਵਿਚ ਲੱਗਣ ਵਾਲੇ ਦਿਨਾਂ ਦਾ ਅੰਦਾਜ਼ਾ ਦੇ ਦਿੱਤਾ ਹੈ। ਸਰਕਾਰੀ ਫੀਸ, ਅਸ਼ਟਾਮ ਫੀਸ, ਡੀ.ਸੀ. ਰੇਟ ਜਿਸ ਮੁਤਾਬਕ ਅਸ਼ਟਾਮ ਲੱਗਦਾ ਹੈ, ਸਭ ਕੁਝ ਆਨਲਾਈਨ ਮੌਜੂਦ ਹੈ। ਆਪਣੀ ਜ਼ਮੀਨ ਦੀ ਫ਼ਰਦ ਘਰ ਬੈਠੇ ਮੰਗਵਾ ਸਕਦੇ ਹੋ, ਉਸ ਦੀ ਵੀ ਫ਼ੀਸ ਦਿੱਤੀ ਹੋਈ ਹੈ। ਆਪਣੇ ਪਲਾਟ ਜਾਂ ਖੇਤ ਦੀ ਹੱਦਬੰਦੀ ਦੀ ਦਰਖ਼ਾਸਤ ਆਨਲਾਈਨ ਦੇ ਸਕਦੇ ਹੋ। ਇੰਤਕਾਲ ਦਾ ਪਤਾ ਕਰ ਸਕਦੇ ਹੋ। ਆਪਣੀ ਹੀ ਨਹੀਂ, ਕਿਸੇ ਦੀ ਵੀ ਫ਼ਰਦ ਕੱਢ ਸਕਦੇ ਹੋ, ਵਗੈਰਾ ਵਗੈਰਾ।

ਤਹਿਸੀਲ ਜਾਂ ਜਾਇਦਾਦਾਂ ਨਾਲ ਜੁੜੇ ਇਸ ਮਾਇਆਜਾਲ਼ ਵਿੱਚੋਂ ਸਰਕਾਰ ਨੇ ਕਿਵੇਂ ਇਸ ਦਾ ਭੇਤ ਜਾਂ ਰਹੱਸ ਲੋਕਾਂ ਸਾਹਮਣੇ ਲਿਆਉਣ ਦੀ ਕੋਸ਼ਿਸ਼ ਕੀਤੀ, ਇਸ ਬਾਰੇ ਬਹੁਤ ਘੱਟ ਲੋਕ ਜਾਣਦੇ ਹਨ। ਤਹਿਸੀਲ ਦੇ ਆਲੇ-ਦੁਆਲੇ ਬੈਠੇ ਲੋਕ ਕਿਵੇਂ ਬੁੱਕਲ ਵਿਚ ਲੱਡੂ ਭੋਰਦੇ ਰਹਿੰਦੇ ਹਨ, ਸਭ ਦਾ ਪਰਦਾ ਇੰਟਰਨੈੱਟ ਨੇ ਫਾਸ਼ ਕਰਕੇ ਇਸ ਨੂੰ ਲੋਕਾਂ ਸਾਹਮਣੇ ਲੈ ਆਂਦਾ ਹੈ। ਇਸ ਪ੍ਰਸੰਗ ਵਿਚ ਆਓ ਦੇਖੀਏ ਕਿ ਇਹ ਸਭ ਕਿਵੇਂ ਹੋ ਰਿਹਾ ਹੈ।

ਜ਼ਮੀਨ ਜਾਇਦਾਦ ਦੇ ਮਾਮਲੇ ਵਿਚ ਸਭ ਤੋਂ ਵੱਧ ਜ਼ਰੂਰੀ ਤੇ ਚਰਚਿਤ ਕਾਗਜ਼ ਫਰਦ ਜਾਂ ਜਮ੍ਹਾਂਬੰਦੀ ਹੈ। ਪਹਿਲਾਂ ਇਹ ਪਟਵਾਰੀ ਪਾਸੋਂ ਮਿਲਦੀ ਸੀ ਪਰ ਹੁਣ ਤੁਸੀਂ ਕਿਤੇ ਬੈਠੇ, ਚਾਹੇ ਅਮਰੀਕਾ ਕੈਨੇਡਾ ਵਿਚ ਬੈਠ ਕੇ ਕਿਸੇ ਵੀ ਖੇਤ ਦੀ ਮਲਕੀਅਤ ਜਾਂ ਕਿਸੇ ਮਾਲਕ ਦੀ ਜਾਇਦਾਦ ਬਾਰੇ ਪਤਾ ਕਰ ਸਕਦੇ ਹੋ।

ਇਸ ਗੋਰਖ ਧੰਦੇ ਨੂੰ ਸਮਝਣ ਵਾਸਤੇ ਕੁਝ ਨੁਕਤੇ ਹੇਠ ਦਿੱਤੇ ਜਾ ਰਹੇ ਹਨ:

(1) ਫਰਦ ਜਮ੍ਹਾਂਬੰਦੀ ਕੀ ਹੈ? ਇਹ ਸਰਕਾਰੀ ਰਿਕਾਰਡ ਹੈ ਜਿਸ ਵਿਚ ਕਿਸੇ ਵਿਅਕਤੀ ਦੀ ਜ਼ਮੀਨ ਦੀ ਮਾਲਕੀ ਦਾ ਵੇਰਵਾ ਤੇ ਉਸ ਉੱਤੇ ਕੌਣ ਖੇਤੀ ਕਰ ਰਿਹਾ ਜਾਂ ਨਹੀਂ ਕਰ ਰਿਹਾ, ਬਾਰੇ ਦਰਸਾਇਆ ਜਾਂਦਾ ਹੈ। ਫਰਦ ਦਾ ਨਮੂਨਾ ਅੰਤ ’ਤੇ ਦਿੱਤਾ ਗਿਆ ਹੈ:

(2) ਇਸ ਦੇ ਪਹਿਲੇ ਖਾਨੇ ਵਿਚ ਖੇਵਟ, ਭਾਵ ਖਾਤਾ ਨੰਬਰ; ਦੂਜੇ ਵਿਚ ਖਤੌਨੀ ਨੰਬਰ, ਭਾਵ ਕਾਸ਼ਤਕਾਰ ਦੇ ਖਾਤੇ ਦਾ ਨੰਬਰ; ਤੀਜੇ ਖਾਨੇ ਵਿਚ ਮਾਲਕਾਂ ਦੇ ਨਾਮ ਤੇ ਹਿੱਸੇ ਅਤੇ ਖਾਨਾ ਨੰਬਰ 4 ਵਿਚ ਕਾਸ਼ਤਕਾਰਾਂ ਦੇ ਨਾਮ ਤੇ ਉਨ੍ਹਾਂ ਦੇ ਕਬਜ਼ੇ ਹੇਠ ਹਿੱਸੇ ਦਰਸਾਏ ਜਾਂਦੇ ਹਨ। ਖੇਵਟ ਨੰਬਰ ਅਤੇ ਮਾਲਕਾਂ ਦੇ ਨਾਵਾਂ ਦਾ ਸਿੱਧਾ ਸਬੰਧ ਹੈ; ਇਸੇ ਤਰ੍ਹਾਂ ਖਤੌਨੀ ਨੰਬਰ ਅਤੇ ਕਾਸ਼ਤਕਾਰ ਦਾ ਸਬੰਧ ਹੈ। ਖਾਨਾ ਨੰਬਰ 5 ਸਿੰਜਾਈ ਦਾ ਸਾਧਨ, ਖਾਨਾ ਨੰਬਰ 6 ਮੁਰੱਬਾ ਨੰਬਰ ਤੇ ਖਸਰਾ ਨੰਬਰ (ਮੁਰੱਬਾ ਨੰਬਰ // ਲਿਖਿਆ ਜਾਂਦਾ ਹੈ, ਮਿਸਾਲ ਵਜੋਂ 26 // 15, ਇੱਥੇ ਮੁਰੱਬਾ ਨੰਬਰ 26 ਹੈ ਤੇ ਕਿੱਲਾ ਨੰਬਰ 15)ਖਾਨਾ ਨੰਬਰ 7 ਖੇਤਰਫਲ ਦੱਸਦਾ ਹੈ ਤੇ ਭੋਂ ਦੀ ਕਿਸਮ ਵੀ (ਖੇਤਰਫਲ ਕਨਾਲ, ਮਰਲੇ ਤੇ ਹੈਕਟੇਅਰ, ਏਅਰ, ਸਟੇਅਰ। ਹੈਕਟੇਅਰ=10000 ਵਰਗ ਮੀਟਰ, ਏਅਰ=100 ਵਰਗ ਮੀਟਰ, ਸਟੇਅਰ=10 ਵਰਗ ਮੀਟਰ)

(2) ਫਰਦ ਕਿਵੇਂ ਕੱਢੀ ਜਾਵੇ?

1. ਦੇਖੋ/ਖੋਲ੍ਹੋ: revenue.punjab.gov.in

2. ਕਲਿਕ ਕਰੋ: Online Services

3. ਕਲਿਕ ਕਰੋ: Fard

ਆਪਣਾ ਵੇਰਵਾ ਜਾਂ ਖੇਵਟ ਨੰਬਰ (ਜੇ ਪਤਾ ਹੋਵੇ) ਭਰੋ ਤੇ ਫਰਦ ਦੇਖੋ। ਜੇ ਫਰਦ ਸਿਰਫ ਜਾਣਕਾਰੀ ਵਾਸਤੇ ਹੀ ਲੈਣੀ ਹੈ ਤਾਂ ਇਹ ਮੁਫ਼ਤ ਹੈ ਤੇ ਜੇ ਕੋਈ ਲੈਣ-ਦੇਣ ਜਾਂ ਖ਼ਰੀਦ-ਵੇਚ ਕਰਨੀ ਹੈ ਤਾਂ ਇਸ ਦੇ ਕੁਝ ਪੈਸੇ ਲੱਗਦੇ ਹਨ ਅਤੇ ਇਹ ਤੁਹਾਡੇ ਘਰ ਵੀ ਪਹੁੰਚਦੀ ਕਰਦੇ ਹਨ। ਇਸ ਉੱਤੇ ਤਹਿਸੀਲਦਾਰ ਦੇ ਦਸਤਖਤ ਹੋਏ ਹੁੰਦੇ ਹਨ।

ਇਹ ਮੋਟੇ ਤੌਰ ’ਤੇ ਤਹਿਸੀਲ ਦੇ ਕੰਮ ਦੇ ਭੇਤ ਖੋਲ੍ਹਣ ਦੀ ਸਰਕਾਰ ਦੀ ਕੋਸ਼ਿਸ਼ ਦਾ ਨਮੂਨਾ ਦਿੱਤਾ ਗਿਆ ਹੈ। ਅਗਲੀ ਵਾਰ ਇਸ ਸਾਰੀ ਮਾਇਆ ਨਗਰੀ ਦੀਆਂ ਤੰਗ ਗਲੀਆਂ ਵਿੱਚੋਂ ਲੰਘਦੇ ਹੋਏ ਦੇਖਾਂਗੇ ਕਿ ਫਰਦ ਕਿਵੇਂ ਕੱਢਣੀ ਹੈ, ਬੈਨਾਮੇ, ਇਕਰਾਰਨਾਮੇ ਪੰਜਾਬੀ ਵਿਚ ਕਿਵੇਂ ਭਰਨੇ ਹਨ, ਸਬ-ਰਜਿਸਟਰਾਰ ਦੇ ਦਫ਼ਤਰ ਦੀ ਅਪੁਆਇੰਟਮੈਂਟ ਕਿਵੇਂ ਲੈਣੀ ਹੈਔਨਲਾਈਨ ਪੇਮੈਂਟ ਕਿਵੇਂ ਭੇਜਣੀ ਹੈ ਅਤੇ ਆਪਣੇ ਕਾਗਜ਼ਾਤ ਕਿਵੇਂ ਘਰ ਬੈਠਿਆਂ ਲੈਣੇ ਹਨ।

*  *  *

FARD 3

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

*   *   *   *   *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(5051)
ਸਰੋਕਾਰ ਨਾਲ ਸੰਪਰਕ ਲਈ: 
(This email address is being protected from spambots. You need JavaScript enabled to view it.)

About the Author

ਕਮਲਜੀਤ ਸਿੰਘ ਫਰੀਮੌਂਟ

ਕਮਲਜੀਤ ਸਿੰਘ ਫਰੀਮੌਂਟ

Fremont, California, USA.
WhatsApp (1 - 510 - 284 - 7106)
Email: (gdhami100@gmail.com)