“ਮੈਨੂੰ ਯਾਦ ਹੈ ਜਦੋਂ ਮੈਂ ਨਿੱਕਾ ਸੀ, ਉਹ ਆਪਣੇ ਸਾਈਕਲ ਦੇ ਮੋਹਰਲੇ ਡੰਡੇ ਨਾਲ ਇੱਕ ਤੌਲੀਆ ਦੋਹਰਾ ਤਿਹਰਾ ਕਰ ਕੇ ...”
(19 ਮਈ 2024)
ਇਸ ਸਮੇਂ ਪਾਠਕ: 300.
ਕਰੀਬ ਪੌਣੀ ਕੁ ਸਦੀ ਦਾ ਉਮਰ ਪੰਧ ਮੁਕਾ ਕੇ ਬਾਪੂ ਜੀ ਪਰਿਵਾਰ ਤੋਂ ਪਲਾਂ ਵਿੱਚ ਹੀ ਵਿਛੜ ਗਏ। ਪਰ ਸਾਈਕਲ ਨਾਲ ਉਨ੍ਹਾਂ ਦਾ ਸਾਥ ਆਖ਼ਰੀ ਦਮ ਤਕ ਨਿਭਿਆ। ਉਨ੍ਹਾਂ ਨੇ ਲੰਮਾ ਸਮਾਂ ਨੌਕਰੀ ਕੀਤੀ ਅਤੇ ਸ਼ੁਰੂ ਤੋਂ ਲੈ ਕੇ ਲਗਭਗ ਅਖ਼ੀਰ ਤਕ ਸਾਈਕਲ ’ਤੇ ਹੀ ਸਫ਼ਰ ਕੀਤਾ। ਸਾਈਕਲ ਉਨ੍ਹਾਂ ਦਾ ਸੱਚਾ ਸਾਥੀ ਤੇ ਜਿੰਦ-ਜਾਨ ਸੀ। ਬਾਪੂ ਜੀ ਦੱਸਿਆ ਕਰਦੇ ਸਨ ਕਿ ਆਪਣੀ ਨੌਕਰੀ ਦੇ ਸ਼ੁਰੂ ਵਿੱਚ ਉਨ੍ਹਾਂ ਨੇ ਪਹਿਲਾ ਸਾਈਕਲ ਕਿਸ਼ਤਾਂ ’ਤੇ ਖਰੀਦਿਆ ਸੀ, ਕਿਉਂਕਿ ਘਰੇਲੂ ਮਜਬੂਰੀਆਂ ਕਾਰਨ ਨਕਦ ਲੈਣ ਜੋਗੇ ਪੈਸੇ ਨਹੀਂ ਸਨ। ਨੌਕਰੀ ਦੌਰਾਨ ਪਹਿਲੇ ਦੋ ਢਾਈ ਦਹਾਕੇ ਤਾਂ ਉਹ ਸਵੇਰ ਤੋਂ ਲੈ ਕੇ ਸ਼ਾਮ ਤਕ ਸਾਈਕਲ ’ਤੇ ਹੀ ਰਹੇ। ਚੰਡੀਗੜ੍ਹ ਦੇ ਲਗਭਗ ਹਰ ਸੈਕਟਰ ਬਾਰੇ ਉਨ੍ਹਾਂ ਨੂੰ ਬੜੀ ਡੂੰਘੀ ਜਾਣਕਾਰੀ ਸੀ ਕਿਉਂਕਿ ਜ਼ਿਆਦਾਤਰ ਉਨ੍ਹਾਂ ਦਾ ਵਾਹ ਚੰਡੀਗੜ੍ਹ ਵਿੱਚ ਬਣੇ ਪੰਜਾਬ ਦੇ ਵੱਖ ਵੱਖ ਦਫਤਰਾਂ ਨਾਲ ਪੈਂਦਾ ਸੀ ਤੇ ਉਹ ਹਰ ਥਾਂ ਸਾਈਕਲ ’ਤੇ ਹੀ ਜਾਂਦੇ ਸਨ।
ਉਨ੍ਹਾਂ ਦਾ ਜੀਵਨ ਬੜਾ ਸਾਦਾ ਤੇ ਸਰਲ ਸੀ। ਮੈਂ ਹਮੇਸ਼ਾ ਹੀ ਉਨ੍ਹਾਂ ਨੂੰ ਕੁੜਤੇ ਪਜਾਮੇ ਵਿੱਚ ਹੀ ਵੇਖਿਆ। ਆਪਣੀ ਨੌਕਰੀ ਪ੍ਰਤੀ ਉਹ ਪੂਰੇ ਇਮਾਨਦਾਰ ਤੇ ਸਮਰਪਿਤ ਸਨ। ਛੁੱਟੀ ਲੋੜ ਮੁਤਾਬਿਕ ਹੀ ਲੈਂਦੇ ਸਨ। ਸਹੀ ਸਮੇਂ ਅਨੁਸਾਰ ਦਫਤਰ ਪਹੁੰਚ ਜਾਂਦੇ ਤੇ ਵਕਤ ’ਤੇ ਵਾਪਸ ਆਉਂਦੇ।
ਉਨ੍ਹਾਂ ਸਮਿਆਂ ਵਿੱਚ ਕਿੰਨੇ ਹੀ ਨੌਕਰੀ ਪੇਸ਼ਾ ਵਿਅਕਤੀ, ਸਾਈਕਲਾਂ ’ਤੇ ਹੀ ਆਪਣੀ ਡਿਊਟੀ ’ਤੇ ਜਾਂਦੇ ਸਨ। ਹੌਲ਼ੀ ਹੌਲ਼ੀ ਬਹੁਤ ਸਾਰੇ ਸਕੂਟਰ, ਮੋਟਰ ਸਾਈਕਲਾਂ ’ਤੇ ਸਵਾਰ ਹੋ ਗਏ ਪਰ ਪਿਤਾ ਜੀ ਨੇ ਆਪਣੇ ਸਾਈਕਲ ਦਾ ਕਦੇ ਸਾਥ ਨਾ ਛੱਡਿਆ। ਸਾਈਕਲ ਉਹ ਬਹੁਤ ਸਹਿਜ ਨਾਲ ਚਲਾਉਂਦੇ ਸਨ ਅਤੇ ਸਾਈਕਲ ’ਤੇ ਕਈ ਵਾਰ ਮੂੰਹ ਵਿੱਚ ਕੋਈ ਗੀਤ ਵਗੈਰਾ ਵੀ ਗੁਣਗੁਣਾਉਂਦੇ ਰਹਿੰਦੇ ਸਨ। ਬੜੇ ਆਰਾਮ ਨਾਲ ਪੰਜਿਆਂ ਭਾਰ ਉਹ ਸਾਈਕਲ ਚਲਾਉਂਦੇ ਕਿੰਨੇ ਹੀ ਕਿਲੋਮੀਟਰ ਦਾ ਸਫ਼ਰ ਤੈਅ ਕਰ ਜਾਂਦੇ ਸਨ। ਉਹ ਬਹੁਤ ਹੀ ਧੀਮੀ ਚਾਲ ਦੇ ਨਾਲ ਸਫ਼ਰ ਕਰਦੇ ਸਨ, ਜਿਸ ਨਾਲ ਉਨ੍ਹਾਂ ਨੂੰ ਥਕੇਵਾਂ ਨਹੀਂ ਸੀ ਹੁੰਦਾ।
ਸਾਈਕਲ ਚਲਾਉਣ ਕਾਰਨ ਉਨ੍ਹਾਂ ਦਾ ਸਰੀਰ ਬੜਾ ਗੱਠਵਾਂ ਤੇ ਮਜ਼ਬੂਤ ਸੀ। ਮੈਂ ਕਦੇ ਉਨ੍ਹਾਂ ਨੂੰ ਅੰਤਿਮ ਸਮੇਂ ਤਕ ਮੰਜੇ ’ਤੇ ਬਿਮਾਰ ਪਏ ਨਹੀਂ ਵੇਖਿਆ। ਖਾਣਾ-ਪੀਣਾ ਉਨ੍ਹਾਂ ਦਾ ਬੜਾ ਦਰੁਸਤ ਸੀ, ਬਿਲਕੁਲ ਸ਼ਾਕਾਹਾਰੀ। ਕਦੇ ਕਦਾਈਂ ਸ਼ਰਾਬ ਸੇਵਨ ਦੀ ਆਦਤ ਉਹ ਆਪਣੀ ਜਵਾਨੀ ਦੌਰਾਨ, ਭਾਵ ਸਾਡੇ ਬਚਪਨ ਵਿੱਚ ਹੀ ਤਿਆਗ ਗਏ ਸਨ।
ਵਿਚਾਰ ਉਨ੍ਹਾਂ ਦੇ ਬੜੇ ਧਾਰਮਿਕ ਤੇ ਸਪਸ਼ਟ ਸਨ। ਪ੍ਰਮਾਤਮਾ ਦੀ ਰਜ਼ਾ ਵਿੱਚ ਰਾਜ਼ੀ ਰਹਿਣ ਦਾ ਬਲ ਉਨ੍ਹਾਂ ਨੂੰ ਆਉਂਦਾ ਸੀ। ਕਿਸੇ ਵੀ ਕਿਸਮ ਦੇ ਲੋਭ ਤੋਂ ਮੁਕਤ ਉਹ ਸਭ ਦਾ ਭਲਾ ਚਾਹੁਣ ਵਾਲੇ ਸਨ। ਡਿਊਟੀ ਦੌਰਾਨ ਉਨ੍ਹਾਂ ਕਈ ਸਾਈਕਲ ਬਦਲੇ। ਇੱਕ ਵਾਰ ਬਾਪੂ ਜੀ ਨੇ ਹਰੇ ਫਰੇਮ ਵਾਲਾ ਸਾਈਕਲ ਖਰੀਦਿਆ। ਉਸ ਦੀ ਗੱਦੀ ’ਤੇ ਫਿਰੋਜ਼ੀ ਰੰਗ ਦਾ ਕਵਰ ਬਹੁਤ ਜਚਦਾ ਸੀ। ਆਪਣੀ ਸੋਝੀ ਵਿੱਚ ਮੈਨੂੰ ਉਨ੍ਹਾਂ ਦਾ ਇਹ ਸਾਈਕਲ ਬਹੁਤ ਚੰਗਾ ਲਗਦਾ ਸੀ। ਮੈਂ ਚਾਅ ਨਾਲ ਇਸ ’ਤੇ ਕੱਪੜਾ ਮਾਰਦਾ।
ਆਪਣੀ ਸੇਵਾ ਮੁਕਤੀ ਤੋਂ ਬਾਅਦ ਸ਼ਾਇਦ ਹੀ ਕੋਈ ਅਜਿਹਾ ਦਿਨ ਹੋਵੇਗਾ ਜਦੋਂ ਉਨ੍ਹਾਂ ਨੇ ਆਪਣਾ ਸਾਈਕਲ ਨਾ ਚਲਾਇਆ ਹੋਵੇ। ਬਜ਼ਾਰ ਜਾਣਾ ਜਾਂ ਸਵੇਰ ਸ਼ਾਮ ਘਰ ਵਾਸਤੇ ਪਿੰਡ ਵਿੱਚੋਂ ਦੁੱਧ ਜਾਂ ਹੋਰ ਸਮਾਨ ਲੈ ਕੇ ਆਉਣਾ ਉਨ੍ਹਾਂ ਦਾ ਨਿੱਤ ਦਾ ਕੰਮ ਸੀ। ਮੇਰੇ ਅਤੇ ਮੇਰੇ ਵੱਡੇ ਭਰਾ ਦੇ ਬੱਚਿਆਂ ਨੂੰ ਸਕੂਲ ਛੱਡ ਆਉਂਦੇ ਅਤੇ ਕਈ ਵਾਰ ਦੁਪਹਿਰ ਵੇਲੇ ਲੈ ਵੀ ਆਉਂਦੇ। ਬਾਪੂ ਜੀ ਆਪਣੇ ਸਾਈਕਲ ਨੂੰ ਟੋਕਰੀ ਘੱਟ ਹੀ ਲਵਾਉਂਦੇ ਸਨ, ਵਧੇਰੇ ਕਰਕੇ ਉਹਨਾਂ ਨੇ ਹੈਂਡਲ ਦੇ ਨਾਲ ਝੋਲ਼ਾ ਟੰਗਿਆ ਹੁੰਦਾ ਸੀ।
ਮੈਨੂੰ ਯਾਦ ਹੈ ਜਦੋਂ ਮੈਂ ਨਿੱਕਾ ਸੀ, ਉਹ ਆਪਣੇ ਸਾਈਕਲ ਦੇ ਮੋਹਰਲੇ ਡੰਡੇ ਨਾਲ ਇੱਕ ਤੌਲੀਆ ਦੋਹਰਾ ਤਿਹਰਾ ਕਰ ਕੇ, ਉਸ ਨੂੰ ਕਿਸੇ ਲੰਮੀ ਲੀਰ ਜਾਂ ਆਪਣੀ ਠਾਠੀ ਨਾਲ ਚੰਗੀ ਤਰ੍ਹਾਂ ਨੂੜ ਲੈਂਦੇ ਸਨ ਅਤੇ ਮੈਨੂੰ ਉਸ ਉੱਤੇ ਬਿਠਾ ਕੇ ਸ਼ਹਿਰ ਤੋਂ ਜੁੱਤੀ, ਕੱਪੜਾ ਦਿਲਾ ਲਿਆਉਂਦੇ ਸਨ। ਅਸੀਂ ਛੁੱਟੀ ਵਾਲੇ ਦਿਨ ਦੋਵੇਂ ਭਰਾ, ਦੂਰ ਦੂਰ ਤਕ ਦੀਆਂ ਰਿਸ਼ਤੇਦਾਰੀਆਂ ਵਿੱਚ ਬਾਪੂ ਜੀ ਦੇ ਸਾਈਕਲ ’ਤੇ ਹੀ ਜਾ ਆਉਂਦੇ ਸੀ।
ਸੜਕਾਂ ’ਤੇ ਆਵਾਜਾਈ ਵਧੀ ਤਾਂ ਇੱਕ ਦੋ ਵਾਰ ਉਨ੍ਹਾਂ ਨੂੰ ਸਾਈਕਲ ’ਤੇ ਫੇਟਾਂ ਵੀ ਵੱਜੀਆਂ ਪਰ ਉਹ ਡੋਲੇ ਨਹੀਂ। ਇੱਕ ਵਾਰ ਤੇਜ਼ ਰਫਤਾਰ ਟਰੱਕ ਪਿੱਛੋਂ ਫੇਟ ਮਾਰ ਕੇ ਉਨ੍ਹਾਂ ਨੂੰ ਇੱਕ ਸਾਈਡ ’ਤੇ ਸੁੱਟ ਗਿਆ। ਉਨ੍ਹਾਂ ਦੀ ਅੱਡੀ ਵੱਢੀ ਗਈ ਤੇ ਮਾਸ ਥੱਲੇ ਲਮਕ ਗਿਆ। ਕਿਸੇ ਨੇ ਸ਼ਾਮ ਦਾ ਸਮਾਂ ਹੋਣ ਕਰਕੇ ਮਦਦ ਨਾ ਕੀਤੀ ਪਰ ਦਲੇਰੀ ਨਾਲ ਉਹ ਆਪ ਹੀ ਉੱਠ ਕੇ, ਆਪਣਾ ਸਾਈਕਲ ਚੁੱਕ ਰੁਮਾਲ ਨਾਲ ਅੱਡੀ ਨੂੰ ਬੰਨ੍ਹ ਘਰ ਪਹੁੰਚ ਗਏ ਤੇ ਹਸਪਤਾਲ ਟਾਂਕੇ ਲਗਾ ਕੇ ਲਿਆਏ।
ਵਡੇਰੀ ਉਮਰ ਵਿੱਚ ਜਦੋਂ ਬਾਪੂ ਜੀ ਦੇ ਗੋਡਿਆਂ ਵਿੱਚ ਦਰਦ ਰਹਿਣ ਲੱਗ ਪਿਆ ਤਾਂ ਤੁਰਨ ਵਿੱਚ ਉਨ੍ਹਾਂ ਨੂੰ ਬਹੁਤ ਤਕਲੀਫ਼ ਹੁੰਦੀ ਸੀ ਪਰ ਹੈਰਾਨੀ ਦੀ ਗੱਲ ਹੈ ਕਿ ਜਦੋਂ ਉਹ ਸਾਈਕਲ ਚਲਾਉਂਦੇ ਸਨ ਤਾਂ ਉਨ੍ਹਾਂ ਨੂੰ ਆਪਣੇ ਗੋਡਿਆਂ ਦਾ ਦਰਦ ਬਿਲਕੁਲ ਵੀ ਮਹਿਸੂਸ ਨਹੀਂ ਸੀ ਹੁੰਦਾ। ਜੇ ਕਿਤੇ ਉਨ੍ਹਾਂ ਦਾ ਤੁਰਨ ਨੂੰ ਮਨ ਕਰਦਾ ਤਾਂ ਵੀ ਉਹ ਸਾਈਕਲ ਨੂੰ ਆਪਣੇ ਨਾਲ ਰੋੜ੍ਹ ਲੈਂਦੇ ਤੇ ਉਸ ਦੇ ਸਹਾਰੇ ਨਾਲ ਹੀ ਥੋੜ੍ਹਾ ਤੁਰ ਲੈਂਦੇ।
ਬਾਪੂ ਜੀ ਦੇ ਅਕਾਲ ਚਲਾਣੇ ਤੋਂ ਪਹਿਲਾਂ ਮੈਂ ਉਨ੍ਹਾਂ ਨੂੰ ਕਿਹਾ ਕਿ ਚੱਲੋ ਹੁਣ ਤੁਸੀਂ ਆਪਣਾ ਪੁਰਾਣਾ ਸਾਈਕਲ ਵੇਚ ਕੇ ਨਵਾਂ ਲੈ ਲਵੋ। ਉਹ ਕਹਿਣ ਲੱਗੇ, “ਨਹੀਂ ਰਹਿਣ ਦਿੰਦੇ ਹਾਂ, ਅਜੇ ਠੀਕ ਚੱਲਦੈ, ਜੇ ਕਦੇ ਲੋੜ ਪਈ ਤਾਂ ਬਦਲ ਲਵਾਂਗੇ।”
ਬਾਪੂ ਜੀ ਦੇ ਤੁਰ ਜਾਣ ਤੋਂ ਬਾਅਦ ਕਈ ਮਹੀਨੇ ਇਹ ਸਾਈਕਲ ਮੈਂ ਆਪਣੇ ਘਰ ਸੰਭਾਲ਼ ਰੱਖਿਆ, ਜਿਵੇਂ ਇਹ ਉਨ੍ਹਾਂ ਦੀ ਕੋਈ ਨਿਸ਼ਾਨੀ ਹੋਵੇ। ਮੈਂ ਕਦੇ ਕਦੇ ਇਸ ਨੂੰ ਚਲਾ ਵੀ ਲੈਂਦਾ ਸੀ ਪਰ ਬਹੁਤਾ ਸਮਾਂ ਇਹ ਘਰ ਹੀ ਖੜ੍ਹਾ ਰਹਿੰਦਾ ਸੀ। ਮੈਂ ਸੋਚਿਆ ਸਾਈਕਲ ਤਾਂ ਚੱਲਣ ਵਾਲੀ ਮਸ਼ੀਨਰੀ ਹੈ ਫਿਰ ਇਸ ਨੂੰ ਖੜ੍ਹਾਉਣਾ ਕਿਉਂ ਹੈ? ਮੇਰੇ ਚਾਚੇ ਦਾ ਮੁੰਡਾ, ਅਕਸਰ ਸਾਈਕਲ ’ਤੇ ਹੀ ਆਪਣੇ ਕੰਮਕਾਰ ਨੂੰ ਜਾਂਦਾ ਹੈ। ਕੁਦਰਤੀ, ਉਸ ਦਾ ਸਾਈਕਲ ਵਿਗੜ ਗਿਆ ਤੇ ਅਤੀ ਪੁਰਾਣਾ ਖ਼ਸਤਾ ਹੋਣ ਕਾਰਨ ਉਸ ਨੇ ਘਰ ਹੀ ਖੜ੍ਹਾ ਦਿੱਤਾ। ਮੈਂ ਸੋਚਿਆ, ਚਲੋ ਆਪਣੇ ਚਾਚੇ ਦੇ ਮੁੰਡੇ ਨੂੰ ਹੀ ਇਹ ਬਾਪੂ ਜੀ ਦਾ ਸਾਈਕਲ ਤੋਹਫ਼ੇ ਵਜੋਂ ਚਲਾਉਣ ਲਈ ਦੇ ਦਿੰਦਾ ਹਾਂ। ਉਸ ਕੋਲ ਹੋਇਆ ਜਾਂ ਮੇਰੇ ਕੋਲ਼, ਇੱਕੋ ਗੱਲ ਹੈ। ਉਸ ਨੂੰ ਲੋੜ ਵੀ ਸੀ। ਸਾਈਕਲ ਲੈ ਕੇ ਉਸ ਨੂੰ ਬੜੀ ਖੁਸ਼ੀ ਹੋਈ। ਇਹ ਸਾਈਕਲ ਉਸ ਕੋਲ ਅੱਜ ਵੀ ਸਾਂਭਿਆ ਹੋਇਆ ਹੈ ਤੇ ਵਧੀਆ ਹਾਲਤ ਵਿੱਚ ਹੈ। ਜਦੋਂ ਉਹ ਇਸ ਨੂੰ ਸੜਕ ’ਤੇ ਲੈ ਕੇ ਆਉਂਦਾ ਜਾਂਦਾ ਹੈ ਤਾਂ ਮੈਨੂੰ ਖੁਸ਼ੀ ਹੁੰਦੀ ਹੈ। ਉਸ ਨੂੰ ਇਹ ਕਹਿ ਵੀ ਰੱਖਿਆ ਹੈ ਕਿ ਇਹ ਸਾਈਕਲ ਕਿਸੇ ਨੂੰ ਵੇਚਣਾ ਨਹੀਂ, ਜਦੋਂ ਤਕ ਤੂੰ ਚਾਹੇਂ ਇਸ ਨੂੰ ਚਲਾ, ਉਸ ਤੋਂ ਬਾਅਦ ਮੈਨੂੰ ਇਹ ਮੋੜ ਦੇਵੀਂ।
ਸਾਈਕਲ ਤਾਂ ਮੇਰੇ ਪਿਤਾ ਜੀ ਦਾ ਜਿਵੇਂ ਜੀਵਨ-ਪ੍ਰਤੀਕ ਸੀ। ਮੈਂ ਵੀ ਇਸ ਨੂੰ ਆਪਣੇ ਜੀਵਨ ਵਿੱਚੋਂ ਕਦੇ ਮਨਫ਼ੀ ਨਹੀਂ ਕਰਨਾ ਚਾਹੁੰਦਾ। … ਤੇ ਹੁਣ ਤਾਂ ਮਨ ਪੱਕਾ ਬਣਾ ਲਿਆ ਹੈ ਕਿ ਮੈਂ ਵੀ ਆਪਣੇ ਘਰ ਲਈ, ਉਨ੍ਹਾਂ ਦੀ ਯਾਦ ਵਿੱਚ ਇੱਕ ਹੋਰ ਨਵਾਂ ਸਾਈਕਲ ਜ਼ਰੂਰ ਖਰੀਦਾਂਗਾ। ਬੱਚੇ ਵੀ ਇਸ ਨੂੰ ਚਲਾਉਣਗੇ ਤੇ ਮੈਂ ਵੀ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4980)
(ਸਰੋਕਾਰ ਨਾਲ ਸੰਪਰਕ ਲਈ:(This email address is being protected from spambots. You need JavaScript enabled to view it.)