RipudamanRoop7ਪੰਜਾਬੀ ਸਾਹਿਤ ਵਿੱਚ ਜਿਹੜਾ ਪਹਿਲਾ ਲੇਖਕ ਨਿੱਤਰਿਆ, ਉਹ ਸੀ ਸਾਡਾ ਗੁਰਬਚਨ ਭੁੱਲਰ। ਉਸ ਨੇ ਸਾਹਿਤ ਅਕਾਦਮੀ ...GurbachanSBhullar7
(9 ਮਈ 2024)
ਇਸ ਸਮੇਂ ਪਾਠਕ: 885.


ਜਦੋਂ ਗੁਰਬਚਨ ਸਿੰਘ ਭੁੱਲਰ ਨੇ ਸੁਰਤ ਸੰਭਾਲੀ ਤਾਂ ਉਹ ਰੇਤਲੇ ਟਿੱਬਿਆਂ ਉੱਤੇ ਆਪਣੇ ਨਿੱਕੇ ਨਿੱਕੇ ਪੈਰਾਂ ਨਾਲ
, ਛੋਟੇ ਛੋਟੇ ਕਦਮਾਂ ਨਾਲ ਪੈੜਾਂ ਪਾਉਣ ਲੱਗ ਪਿਆ। ਭੁੱਲਰ ਨੇ ਇਨ੍ਹਾਂ ਟਿੱਬਿਆਂ ਨੂੰ ਡੂੰਘੀ ਨੀਝ ਨਾਲ ਨਿਹਾਰਿਆ। ਉਹਦਾ ਪਿੰਡ ਪਿੱਥੋ ਟਿੱਬਿਆਂ ਵਿਚਾਲੇ ਘਿਰਿਆ ਹੋਇਆ ਸੀ। ਇਨ੍ਹਾਂ ਟਿੱਬਿਆਂ ਦੇ ਚਿਤ-ਚੇਤੇ ਵੀ ਨਹੀਂ ਸੀ ਕਿ ਉਨ੍ਹਾਂ ਦਾ ਪੁੱਤ ਕਦੇ ਪੰਜਾਬੀ ਸਾਹਿਤ ਦਾ ਸਿਰਮੌਰ ਕਹਾਣੀਕਾਰ ਬਣੇਗਾ ਅਤੇ ਆਪਣੀਆਂ ਪੈੜਾਂ ਨਾਲ ਪੰਜਾਬੀ ਸਾਹਿਤ ਵਿੱਚ ਡੂੰਘੀ ਛਾਪ ਛੱਡੇਗਾ।

ਗੁਰਬਚਨ ਭੁੱਲਰ ਛੋਟੇ ਹੁੰਦਿਆਂ ਤੋਂ ਹੀ ਬੜਾ ਅਣਖੀਲਾ ਅਤੇ ਖ਼ੁਦਦਾਰ ਸੀ। ਗ਼ਲਤ ਗੱਲ ਤਾਂ ਉਹ ਕਿਸੇ ਦੀ ਮੰਨਣ ਵਾਲਾ ਹੀ ਨਹੀਂ ਸੀ। ਪੰਜਾਬ ਸਰਕਾਰ ਦੇ ਸਿੱਖਿਆ ਵਿਭਾਗ ਵਿੱਚ ਉਹ ਜੇ.ਬੀ.ਟੀ. ਅਧਿਆਪਕ ਬਣਿਆ। ਜਗਮੋਹਨ ਕੌਸ਼ਲ ਨਾਲ ਮਿਲ ਕੇ ਉਹ ਅਧਿਆਪਕਾਂ ਦੀ ਜਥੇਬੰਦੀ ਬਣਾਉਣ ਲੱਗਿਆ। ਉਨ੍ਹਾਂ ਸਮਿਆਂ ਵਿੱਚ ਅਧਿਆਪਕਾਂ, ਕਰਮਚਾਰੀਆਂ ਦੇ ਸੇਵਾ ਹਾਲਾਤ ਬਹੁਤ ਮਾੜੇ ਸਨ। ਗਰੇਡ, ਅਲਾਊਂਸ, ਇਨਕਰੀਮੈਂਟ ਆਦਿ ਵੱਲ ਸਰਕਾਰ ਦਾ ਕੋਈ ਧਿਆਨ ਨਹੀਂ ਸੀ। ਗੁਰਬਚਨ ਭੁੱਲਰ ਨੇ ਪੰਜਾਬ ਪੱਧਰ ਉੱਤੇ ਆਪਣੇ ਸਾਥੀਆਂ ਨਾਲ ਮਿਲ ਕੇ ਜਥੇਬੰਦੀ ਬਣਾ ਕੇ ਸੰਘਰਸ਼ ਕਰਨਾ ਸ਼ੁਰੂ ਕੀਤਾ। ਤਤਕਾਲੀ ਮੁੱਖ ਮੰਤਰੀ ਨੂੰ ਇਹ ਗੱਲ ਗਵਾਰਾ ਨਹੀਂ ਸੀ ਕਿ ਪੰਜਾਬ ਵਿੱਚ ਸਰਕਾਰੀ ਅਧਿਆਪਕਾਂ, ਕਰਮਚਾਰੀਆਂ ਦੀ ਕੋਈ ਜਥੇਬੰਦੀ ਬਣੇ। ਇਸ ਲਈ ਗੁਰਬਚਨ ਭੁੱਲਰ ਅਤੇ ਅਜੀਤ ਪੱਤੋਂ (ਪੰਜਾਬੀ ਲੇਖਕ) ਨੂੰ ਉਨ੍ਹਾਂ ਦੀਆਂ ਜਥੇਬੰਦਕ ਸਰਗਰਮੀਆਂ ਕਾਰਨ 1964 ਵਿੱਚ ਡਿਸਮਿਸ ਕਰ ਦਿੱਤਾ ਗਿਆ। ਉਂਝ ਵੀ ਭੁੱਲਰ ਕੋਲ ‘ਪ੍ਰੀਤਲੜੀ’ ਦਾ ਆਉਣਾ (ਜਿਸ ਨੂੰ ਕਮਿਊਨਿਸਟ ਅਤੇ ਸਰਕਾਰ ਵਿਰੋਧੀ ਮੰਨਿਆ ਜਾਂਦਾ ਸੀ), ਕਮਿਊਨਿਸਟ ਲੀਡਰ ਮਾਸਟਰ ਬਾਬੂ ਸਿੰਘ ਨਾਲ ਨੇੜਤਾ ਆਦਿ ਕਰਕੇ ਸਰਕਾਰੀ ਵਿਰੋਧੀ ਮੰਨਿਆ ਜਾਂਦਾ ਸੀ। ਮਗਰੋਂ ਹਾਈ ਕੋਰਟ ਨੇ ਭੁੱਲਰ ਹੋਰਾਂ ਨੂੰ ਬਹਾਲ ਕਰ ਦਿੱਤਾ, ਪਰ ਹੁਣ ਨਵੇਂ ਖੁੱਲ੍ਹੇ ਗੁਰੂ ਕਾਸ਼ੀ ਕਾਲਜ ਦਮਦਮਾ ਸਾਹਿਬ ਵਿੱਚ ਪੜ੍ਹਾਉਣ ਕਰਕੇ ਭੁੱਲਰ ਜੇ.ਬੀ.ਟੀ. ਦੀ ਪੋਸਟ ਉੱਤੇ ਕੰਮ ਨਹੀਂ ਸੀ ਕਰਨਾ ਚਾਹੁੰਦਾ। ਇਸ ਸਮੇਂ ਵਿੱਚ ਭੁੱਲਰ ਨੇ ਦੋ ਐਮ.ਏ. ਵੀ ਕਰ ਲਈਆਂ ਸਨ। ਰਾਜਨੀਤੀ ਵਿਗਿਆਨ ਅਤੇ ਇਤਿਹਾਸ ਦੀਆਂ।

ਗੁਰਬਚਨ ਭੁੱਲਰ ਨੇ ਦਿੱਲੀ ਵੱਲ ਰੁਖ਼ ਕੀਤਾ। ਨਵਾਂ ਜ਼ਮਾਨਾਂ ਵਿੱਚ ਛਪਦੀ ਉਸ ਦੀ ‘ਵੀਅਤਨਾਮ ਦੀ ਡਾਇਰੀ’ ਤੋਂ ਪ੍ਰਭਾਵਿਤ ਹੋ ਕੇ ਜਗਜੀਤ ਸਿੰਘ ਆਨੰਦ ਨੇ ਤੇਰਾ ਸਿੰਘ ਚੰਨ ਨੂੰ ਕਹਿ-ਕਹਾ ਕੇ ਪਹਿਲਾਂ ਅਨੁਵਾਦਕ ਲਗਵਾ ਦਿੱਤਾ, ਫਿਰ ਗੁਰਬਚਨ ਭੁੱਲਰ ਆਪਣੀ ਲਿਆਕਤ ਨਾਲ ਸੋਵੀਅਤ ਯੂਨੀਅਨ ਦੇ ਪੰਜਾਬੀ ਵਿੱਚ ਛਪਦੇ ਰਸਾਲੇ ‘ਸੋਵੀਅਤ ਦਰਪਨ’ ਦਾ ਸੰਪਾਦਕ ਬਣਿਆ। ਉਹ ਚੌਵੀ ਸਾਲ ਇਸ ਦਾ ਸੰਪਾਦਕ ਰਿਹਾ।

ਇਸ ਸਮੇਂ ਤਕ ਗੁਰਬਚਨ ਭੁੱਲਰ ਪੰਜਾਬੀ ਸਾਹਿਤ ਦਾ ਇੱਕ ਵੱਡਾ ਕਹਾਣੀਕਾਰ ਬਣ ਚੁੱਕਿਆ ਸੀ। ਉਹ ਆਪਣੀਆਂ ਕਹਾਣੀਆਂ ‘ਓਪਰਾ ਮਰਦ’, ‘ਖ਼ੂਨ’, ‘ਦੀਵੇ ਵਾਂਗ ਬਲਦੀ ਅੱਖ’ ਨਾਲ ਪੰਜਾਬੀ ਸਾਹਿਤ ਦੇ ਸਿਰਮੌਰ ਕਹਾਣੀਕਾਰਾਂ ਵਿੱਚ ਗਿਣਿਆ ਜਾ ਰਿਹਾ ਸੀ। ਉਸ ਦੀਆਂ ਇਹ ਕਹਾਣੀਆਂ ਸੰਸਾਰ ਪੱਧਰ ਦੀਆਂ ਕਹਾਣੀਆਂ ਵਿੱਚ ਗਿਣੀਆਂ ਜਾ ਸਕਦੀਆਂ ਹਨ।

ਗੁਰਬਚਨ ਭੁੱਲਰ ਆਪਣੇ ਇੱਕ ਹੋਰ ਨਿੱਘੇ ਅਤੇ ਪਿਆਰੇ ਦੋਸਤ ਕਹਾਣੀਕਾਰ ਗੁਰਦੇਵ ਰੁਪਾਣਾ ਨਾਲ ਦਿੱਲੀ ਦੇ ਸਾਹਿਤਕ ਹਲਕਿਆਂ ਵਿੱਚ ਵਿਚਰਨ ਲੱਗਿਆ। ਦਿੱਲੀ ਦਾ ਕੋਈ ਸਾਹਿਤਕ ਸਮਾਗਮ ਨਹੀਂ ਸੀ ਜਿਸ ਵਿੱਚ ਉਹ ਸ਼ਾਮਿਲ ਨਾ ਹੁੰਦੇ। ਉਨ੍ਹਾਂ ਦੀ ਹਾਜ਼ਰੀ ਲਗਭਗ ਸਾਰਿਆਂ ਉੱਤੇ ਭਾਰੀ ਰਹਿੰਦੀ। ਇਹ ਦੋਵੇਂ ਵਿਦਵਾਨ ਬਣ ਚੁੱਕੇ ਸਨ। ਇਨ੍ਹਾਂ ਦੀ ਨੋਕ-ਝੋਕ ਅੱਗੇ ਛੇਤੀ ਕੋਈ ਟਿਕਦਾ ਨਹੀਂ ਸੀ। ਦਿੱਲੀ ਦੇ ਸਾਹਿਤਕ ਹਲਕਿਆਂ ਵਿੱਚ ਦੋਵੇਂ ਛਾਏ ਹੋਏ ਸਨ। ਜਿੱਥੇ ਇਹ ਬੈਠੇ ਹੁੰਦੇ ਉੱਥੇ ਹਾਸੇ ਦੇ ਫੁਹਾਰੇ ਦੂਰ ਦੂਰ ਤੱਕ ਸੁਣਦੇ ਸਨ। ਇੱਕ ਵਾਰ ਦਿੱਲੀ ਦਾ ਤੇਜ਼ ਤਰਾਰ ਕਵੀ ਤਾਰਾ ਸਿੰਘ ਕਾਮਲ ਭੁੱਲਰ ਅਤੇ ਰੁਪਾਣੇ ਕੋਲ ਆ ਕੇ ਖੜ੍ਹ ਗਿਆ। ਦੋਵਾਂ ਦੇ ਹੱਥਾਂ ਵਿੱਚ ਦੋਵਾਂ ਦੀਆਂ ਨਵੀਆਂ ਛਪੀਆਂ ਕਹਾਣੀਆਂ ਦੀਆਂ ਪੁਸਤਕਾਂ ਦੇਖ ਕੇ ਟਿੱਚਰ ਕਰਨ ਵਾਂਗ ਕਹਿੰਦਾ, ਟਾਈਟਲ ਤਾਂ ਚੰਗੇ ਨੇ ਕਿਤਾਬਾਂ ਦੇ …।”

ਭੁੱਲਰ ਹੋਰਾਂ ਕਿਹਾ, ਤਾਰਾ ਸਿੰਘ ਜੀ, ਟਾਈਟਲ ਹੀ ਚੰਗੇ ਨਹੀਂ, ਕਹਾਣੀਆਂ ਵੀ ਚੰਗੀਆਂ ਨੇ … ਜ਼ਰਾ ਪੜ੍ਹ ਕੇ ਦੇਖਣਾ …।” ਕਹਿੰਦੇ ਮੁੜ ਕੇ ਤਾਰਾ ਸਿੰਘ ਨੇ ਕਦੇ ਇਨ੍ਹਾਂ ਨੂੰ ਟਿੱਚਰ ਨਹੀਂ ਕੀਤੀ।

ਗੁਰਬਚਨ ਭੁੱਲਰ ਭਾਸ਼ਾ ਵਿਗਿਆਨੀ ਵੀ ਹੈ। ਉਸ ਨੇ ਪੰਜਾਬੀ ਯੂਨੀਵਰਸਿਟੀ ਦੇ ਛਾਪੇ ਅੰਗਰੇਜ਼ੀ-ਪੰਜਾਬੀ ਕੋਸ਼ ਵਿੱਚ ਘਾਟਾਂ ਦੱਸ ਕੇ ਇੱਕ ਲੰਮਾ ਲੇਖ ਲਿਖ ਦਿੱਤਾ ਜਿਹੜਾ ਅਖ਼ਬਾਰਾਂ ਵਿੱਚ ਛਪਿਆ। ਕੋਸ਼ ਤਿਆਰ ਕਰਨ ਵਾਲੇ ਵਿਦਵਾਨਾਂ ਵਿੱਚ ਮੁੱਖ ਡਾਕਟਰ ਅਤਰ ਸਿੰਘ ਸੀ। ਡਾ. ਅਤਰ ਸਿੰਘ ਨੇ ਉਸ ਸਮੇਂ ਦੇ ਵੱਡੇ ਲੇਖਕ ਸੰਤ ਸਿੰਘ ਸੇਖੋਂ ਤੋਂ ਗੁਰਬਚਨ ਭੁੱਲਰ ਦੇ ਲੇਖ ਦੀ ਕਾਟ ਕਰਨ ਲਈ ਲੇਖ ਲਿਖਵਾਇਆ। ਇਕ ਦਿਨ ਰਿਸੈਪਸ਼ਨ ਵਿੱਚ ਸੰਤ ਸਿੰਘ ਸੇਖੋਂ ਅਤੇ ਗੁਰਬਚਨ ਭੁੱਲਰ ਮਿਲ ਗਏ। ਸੇਖੋਂ ਭੁੱਲਰ ਨੂੰ ਕਹਿੰਦਾ, ਓ ਯਾਰ ਭੁੱਲਰ, ਤੂੰ ਕਿੰਨਾ ਕੁ ਪੜ੍ਹਿਆ ਐਂ?

ਜਦੋਂ ਸੰਤ ਸਿੰਘ ਸੇਖੋਂ ਨੂੰ ਪਤਾ ਲੱਗਿਆ ਕਿ ਗੁਰਬਚਨ ਭੁੱਲਰ ਡਬਲ ਐੱਮ.ਏ., ਬੀ.ਟੀ. ਅਤੇ ਜੇ.ਬੀ.ਟੀ. ਹੈ ਤਾਂ ਉਹ ਕਹਿੰਦਾ, ਯਾਰ, ਮੈਂ ਤਾਂ ਸਮਝਿਆ ਮਾਲਵੇ ਦੇ ਜੱਟਾਂ ਦਾ ਮੁੰਡਾ ਦਸਵੀਂ ਪਾਸ ਹੀ ਹੋਵੇਗਾ, ਪਰ ਤੂੰ ਤਾਂ ਯਾਰ ਵਿਦਵਾਨ ਹੈਂ, ਮੈਥੋਂ ਤਾਂ ਤੇਰੇ ਲੇਖ ਦੀ ਕਾਟ ਲਈ ਲੇਖ ਲਿਖਵਾਇਆ ਸੀ ਅਤਰ ਸਿੰਘ ਨੇ। ਅਤਰ ਸਿੰਘ ਪਿੱਟਦਾ ਸੀ।” ਸੰਤ ਸਿੰਘ ਸੇਖੋਂ ਅਤੇ ਗੁਰਬਚਨ ਭੁੱਲਰ ਹੱਥਾਂ ਵਿੱਚ ਹੱਥ ਪਾ ਕੇ ਖਿੜ-ਖਿੜਾ ਕੇ ਹੱਸਣ ਲੱਗੇ, ਦੋਸਤਾਂ ਵਾਂਗ।

ਗੁਰਬਚਨ ਭੁੱਲਰ ਨੇ ਹੁਣ ਤੱਕ ਚਾਰ ਕਹਾਣੀ ਸੰਗ੍ਰਹਿ ‘ਓਪਰਾ ਮਰਦ’, ‘ਵਖ਼ਤਾਂ ਮਾਰੇ’, ‘ਮੈਂ ਗ਼ਜ਼ਨਵੀ ਨਹੀਂ’ ਅਤੇ ‘ਅਗਨੀ ਕਲਸ’ ਲਿਖੇ। ਇਕ ਕਾਵਿ ਸੰਗ੍ਰਹਿ ‘ਮੈਂ ਗਈ ਕਦੋਂ ਸੀ’ ਹੈ। ਇੱਕ ਨਾਵਲ ‘ਇਹ ਜਨਮ ਤੁਮਾਰੇ ਲੇਖੇ’ ਲਿਖਿਆ। ਇਹ ਨਾਵਲ ਅੰਮ੍ਰਿਤਾ ਪ੍ਰੀਤਮ ਦੇ ਜੀਵਨ ਉੱਤੇ ਆਧਾਰਿਤ ਹੈ। ਇਸ ਨਾਵਲ ਵਿੱਚ ਅੰਮ੍ਰਿਤਾ ਪ੍ਰੀਤਮ ਦੇ ਪਤੀ ਪ੍ਰੀਤਮ ਸਿੰਘ ਨੂੰ ਨਾਇਕ ਸਿਰਜਿਆ ਗਿਆ ਹੈ ਜਿਸ ਨੇ ਚੁੱਪ-ਚਾਪ ਆਪਣਾ ਸਾਰਾ ਜੀਵਨ ਅੰਮ੍ਰਿਤਾ ਪ੍ਰੀਤਮ ਲਈ ਸਮਰਪਿਤ ਕਰ ਦਿੱਤਾ।

ਇਸ ਤੋਂ ਬਿਨਾਂ ‘ਵਿਅਕਤੀ ਚਿੱਤਰ’, ‘ਇਤਿਹਾਸ’, ‘ਸ਼ਬਦ ਚਿੱਤਰ’, ‘ਅਨੁਵਾਦ’, ‘ਮੁਲਾਕਾਤਾਂ’, ‘ਸਮਕਾਲੀਆਂ ਨਾਲ ਸੰਵਾਦ’ ਆਦਿ ਕਿਤਾਬੀ ਰੂਪ ਵਿੱਚ ਹਨ। ਜੇ ਇਨ੍ਹਾਂ ਰਚਨਾਵਾਂ ਦਾ ਜ਼ਿਕਰ ਕਰਨਾ ਹੋਵੇ ਤਾਂ ਇਸ ਲੇਖ ਵਿੱਚੋਂ ਭੁੱਲਰ ਮਨਫ਼ੀ ਹੋ ਜਾਵੇਗਾ। ਜੇ ਉਹ ਕਹਾਣੀਆਂ, ਨਾਵਲ ਹੀ ਲਿਖਦਾ ਤਾਂ ਸ਼ਾਇਦ ਅੱਜ ਸੰਸਾਰ ਦੇ ਵੱਡੇ ਲੇਖਕਾਂ ਵਿੱਚ ਗਿਣਿਆ ਜਾਂਦਾ। ਪਰ ਕੌਣ ਸਾਹਿਬ ਨੂੰ ਆਖੇ ਇੰਝ ਨਾ ਇੰਝ ਕਰ?

ਭਾਰਤ ਵਿੱਚ ਭਾਜਪਾ ਸਰਕਾਰ ਦੌਰਾਨ ਅਨੇਕਾਂ ਲੇਖਕਾਂ, ਵਿਦਵਾਨਾਂ ਦੇ ਕਤਲ ਹੋਏ ਜਿਵੇਂ ਗੋਵਿੰਦ ਪੰਸਾਰੇ, ਨਰਿੰਦਰ ਦਾਭੋਲਕਰ, ਐੱਮ.ਐੱਨ. ਕੁਲਬਰਗੀ ਆਦਿ। ਕਈ ਵਿਦਵਾਨਾਂ ਨੂੰ ਜੇਲ੍ਹਾਂ ਵਿੱਚ ਸੁੱਟਿਆ ਗਿਆ। ਅਨੇਕਾਂ ਵਿਦਵਾਨਾਂ ਨੂੰ ਮਾਓਵਾਦੀ, ਨਕਸਲਵਾਦੀ ਕਹਿ ਕੇ ਚੁੱਪ ਕਰਵਾਇਆ ਗਿਆ। ਇਸ ਦੌਰ ਵਿੱਚ ਸਾਰੇ ਭਾਰਤ ਵਿੱਚ ਇੱਕ ਸਹਿਮ ਛਾ ਗਿਆ। ਬਹੁਤੇ ਲੇਖਕ, ਵਿਦਵਾਨ, ਪੱਤਰਕਾਰ ਚੁੱਪ ਕਰ ਗਏ, ਪਰ ਇਸ ਦੌਰ ਵਿੱਚ ਪੰਜਾਬੀ ਸਾਹਿਤ ਵਿੱਚ ਜਿਹੜਾ ਪਹਿਲਾ ਲੇਖਕ ਨਿੱਤਰਿਆ ਉਹ ਸੀ ਸਾਡਾ ਗੁਰਬਚਨ ਭੁੱਲਰ। ਉਸ ਨੇ ਸਾਹਿਤ ਅਕਾਦਮੀ ਦਿੱਲੀ ਵੱਲੋਂ ਮਿਲਿਆ ਸਨਮਾਨ ਲੇਖਕਾਂ ਅਤੇ ਵਿਦਵਾਨਾਂ ਖਿਲਾਫ਼ ਹੋ ਰਹੇ ਜ਼ੁਲਮ ਵਿਰੁੱਧ ਰੋਸ ਪ੍ਰਗਟਾਉਣ ਲਈ ਵਾਪਸ ਕਰ ਦਿੱਤਾ। ਸਾਹਿਤਕ ਦਾਇਰੇ ਵਿੱਚ ਇਹ ਬੜਾ ਦਲੇਰੀ ਭਰਿਆ ਕਦਮ ਸੀ। ਪੰਜਾਬੀ ਸਾਹਿਤ ਵਿੱਚ ਇਸ ਮਗਰੋਂ ਇਨਾਮ ਮੋੜਨ ਦਾ ਤਾਂਤਾ ਲੱਗ ਗਿਆ। ਪੰਜਾਬ ਦੀ ਧਰਤੀ ਗੁਰੂਆਂ ਦੀ ਵਰੋਸਾਈ ਹੋਈ ਹੈ। ਅਨੇਕਾਂ ਪੰਜਾਬੀ ਲੇਖਕਾਂ ਨੇ ਸਾਹਿਤ ਅਕਾਦਮੀ ਦਿੱਲੀ ਵੱਲੋਂ ਦਿੱਤੇ ਸਨਮਾਨ ਵਾਪਸ ਕਰ ਦਿੱਤੇ।

ਭਾਰਤ ਭਰ ਵਿੱਚੋਂ ਜੇ ਕਿਸੇ ਨੇ ਪਹਿਲਾਂ ਸਾਹਿਤ ਅਕਾਦਮੀ ਦਾ ਸਨਮਾਨ ਮੋੜਿਆ ਤਾਂ ਉਹ ਸੀ ਨਯਨਤਾਰਾ ਸਹਿਗਲ। ਨਯਨਤਾਰਾ ਨੇ ਪਹਿਲ ਕਰਕੇ ਪੂਰੇ ਭਾਰਤ ਦੇ ਬੁੱਧੀਜੀਵੀਆਂ ਨੂੰ ਰਾਹ ਦਿਖਾਇਆ। ਫਿਰ ਕ੍ਰਿਸ਼ਨਾ ਸੋਬਤੀ, ਮਰਾਠੀ ਨਾਵਲਕਾਰ ਸ਼ਸ਼ੀ ਪਾਂਡੇ, ਮਲਿਆਲੀ ਲੇਖਕ ਸਾਰਾ ਜੋਸੇਫ਼ ਨੇ ਸਨਮਾਨ ਮੋੜੇ। ਜਿਹੜੇ ਲੋਕ ਤਾਨਾਸ਼ਾਹੀਆਂ ਵਿਰੁੱਧ ਲੜਦੇ ਹਨ, ਸੰਘਰਸ਼ ਕਰਦੇ ਹਨ, ਉਹੀ ਸਦਾ ਜਿਉਂਦੇ ਰਹਿੰਦੇ ਹਨ।

ਗੁਰਬਚਨ ਭੁੱਲਰ ਨੂੰ ਕਰਨਾਟਕ ਦੇ ਪਿੰਡ ਕੁਪੱਲੀ ਦੇ ਪ੍ਰਸਿੱਧ ਲੇਖਕ ਕੁਵੈਂਪੂ ਦੇ ਨਾਂ ਉੱਤੇ ਪੰਜ ਲੱਖ ਦਾ ਸਨਮਾਨ ਜਿਸ ਗੌਰਵ ਨਾਲ ਦਿੱਤਾ ਗਿਆ, ਉਹ ਯਾਦ ਰੱਖਣਯੋਗ ਹੈ।

ਇਹ ਹੈ ਟਿੱਬਿਆਂ ਦਾ ਪੁੱਤ ਗੁਰਬਚਨ ਭੁੱਲਰ, ਜਿਹੜਾ ਨਿੱਕੇ ਹੁੰਦਿਆਂ ਬਠਿੰਡੇ ਦੇ ਰੇਤਲੇ ਟਿੱਬਿਆਂ ਉੱਤੇ ਨਿੱਕੇ ਨਿੱਕੇ ਕਦਮਾਂ ਨਾਲ ਆਪਣੀਆਂ ਪੈੜਾਂ ਛੱਡਦਾ ਰਿਹਾ ਸੀ। ਹੁਣ ਟਿੱਬਿਆਂ ਦਾ ਇਹ ਪੁੱਤ ਪੰਜਾਬੀ ਸਾਹਿਤ ਜਗਤ ਵਿੱਚ ਆਪਣੀਆਂ ਪੈੜਾਂ ਛੱਡ ਰਿਹਾ ਹੈ।

*   *   *   *   *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4952)
(ਸਰੋਕਾਰ ਨਾਲ ਸੰਪਰਕ ਲਈ:
(This email address is being protected from spambots. You need JavaScript enabled to view it.)

About the Author

ਰਿਪੁਦਮਨ ਸਿੰਘ ਰੂਪ

ਰਿਪੁਦਮਨ ਸਿੰਘ ਰੂਪ

Mohali, Punjab, India.
Email: (ranjivansingh@gmail.com)

More articles from this author