GursewakRandhawa7ਅੱਜ ਦੇਸ਼ ਦੇ ਮਜ਼ਦੂਰ ਅਤੇ ਕਿਸਾਨ ਬਹੁਤ ਹੀ ਬੇਵੱਸ ਅਤੇ ਲਾਚਾਰ ਹਨਜਿਨ੍ਹਾਂ ਦੇ ਹੱਥਾਂ ਵਿੱਚ ਸਪਰੇਅ ਦੀਆਂ ਸ਼ੀਸ਼ੀਆਂ ...
(1 ਮਈ 2024)
ਇਸ ਸਮੇਂ ਪਾਠਕ: 890.


ਪਿਛਲੇ ਲੰਮੇ ਸਮੇਂ ਤੋਂ ਪੰਜਾਬ ਦੇ ਵਧੇਰੇ ਨੌਜਵਾਨ ਆਪਣੇ ਭਵਿੱਖ ਦੀ ਚਿੰਤਾ ਵਿੱਚ ਬਾਹਰਲੇ ਮੁਲਕਾਂ ਵੱਲ ਪਰਵਾਸ ਕਰ ਰਹੇ ਹਨ ਅਤੇ ਇਹ ਪਰਵਾਸ ਲਗਾਤਾਰ ਜਾਰੀ ਹੈ। ਪੰਜਾਬ ਵਿੱਚ ਉਪਜਾਊ ਜ਼ਮੀਨ
, ਸਾਫ਼ ਸੁਥਰਾ ਪਾਣੀ ਅਤੇ ਵਧੀਆ ਵਾਤਾਵਰਣ ਹੋਣ ਦੇ ਬਾਵਜੂਦ ਵੀ ਪੰਜਾਬ ਵਿੱਚ ਰੁਜ਼ਗਾਰ ਨਾ ਹੋਣਾ ਬਹੁਤ ਹੀ ਸ਼ਰਮ ਵਾਲੀ ਗੱਲ ਹੈ। ਹਰੇਕ ਵਰ੍ਹੇ ਸੈਂਕੜੇ ਮਜ਼ਦੂਰ ਤੇ ਕਿਸਾਨ ਖ਼ੁਦਕੁਸ਼ੀਆਂ ਕਰਦੇ ਹਨ। ਸਰਕਾਰਾਂ ਆਪਸ ਵਿੱਚ ਹੀ ਆਪਣੇ ਵਿਰੋਧੀਆਂ ਨਾਲ ਲੜਦਿਆਂ-ਲੜਦਿਆਂ ਪੰਜ ਸਾਲ ਲੰਘਾ ਦਿੰਦੀਆਂ ਹਨ। ਆਮ ਲੋਕਾਂ ਨੂੰ ਜੁਮਲੇ ਦੇ ਕੇ ਸਿਰਫ਼ ਤੇ ਸਿਰਫ਼ ਉਨ੍ਹਾਂ ਦਾ ਸ਼ੋਸ਼ਣ ਹੀ ਕਰਦੀਆਂ ਹਨ। ਜਿਹੜੀ ਵੀ ਸਰਕਾਰ ਬਣਦੀ ਹੈ, ਉਹ ਬੇਰੁਜ਼ਗਾਰਾਂ ਅਤੇ ਮਜ਼ਦੂਰਾਂ ਨਾਲ ਵੱਡੇ-ਵੱਡੇ ਵਾਅਦੇ ਕਰਦੀ ਹੈ, ਉਹਨਾਂ ਤੋਂ ਵੋਟਾਂ ਲੈ ਕੇ ਫਿਰ ਬਾਅਦ ਵਿੱਚ ਉਨ੍ਹਾਂ ਵੱਲ ਮੂੰਹ ਵੀ ਨਹੀਂ ਕਰਦੀ ਸਿੱਟੇ ਵਜੋਂ ਪੜ੍ਹੇ-ਲਿਖੇ ਬੇਰੁਜ਼ਗਾਰ ਵੀ ਮਜ਼ਦੂਰਾਂ ਦੀ ਸ਼੍ਰੇਣੀ ਵਿੱਚ ਆ ਗਏ ਹਨ ਉਹ ਵੀ ਕਿਤੇ ਨਾ ਕਿਤੇ ਝੋਨਾ ਲਾਉਂਦੇ ਅਤੇ ਭੱਠੇ ਉੱਤੇ ਇੱਟਾਂ ਚੁੱਕਦੇ ਦੇਖੇ ਜਾ ਸਕਦੇ ਹਨ। ਅਜੋਕੇ ਸਮੇਂ ਸਰਕਾਰਾਂ ਵੱਲੋਂ ਸਿੱਖਿਆ, ਰੁਜ਼ਗਾਰ ਤੇ ਸਰਕਾਰੀ ਸਕੀਮਾਂ ਦੇ ਨਾਂਅ ’ਤੇ ਮਜ਼ਦੂਰਾਂ ਤੇ ਬੇਰੁਜ਼ਗਾਰਾਂ ਦਾ ਆਰਥਿਕ ਸ਼ੋਸ਼ਣ ਕੀਤਾ ਜਾਂਦਾ ਹੈ। ਇਸ ਨੂੰ ਅਸੀਂ ਦੇਸ਼ ਦਾ ਵਿਕਾਸ ਨਹੀਂ ਕਹਿ ਸਕਦੇ, ਸਗੋਂ ਇਸ ਨੂੰ ਦੇਸ਼ ਦੀ ਆਰਥਿਕ ਬਰਬਾਦੀ ਕਿਹਾ ਜਾ ਸਕਦਾ ਹੈ। ਸਿਆਸਤਦਾਨ ਸਿਰਫ਼ ਆਪਣੇ ਢਿੱਡ ਭਰਨ ਲਈ ਗਰੀਬਾਂ ਨੂੰ ਇਸਤੇਮਾਲ ਕਰਦੀਆਂ ਹਨ ਅਤੇ ਇਹ ਹੁਣ ਤਕ ਹੁੰਦਾ ਆ ਰਿਹਾ ਹੈ।

ਜੇਕਰ ਅਸੀਂ ਗੱਲ ਕਰੀਏ ਮਈ ਦਿਵਸ ਜਾਂ ਮਜ਼ਦੂਰ ਦਿਵਸ ਦੀ ਤਾਂ ਅਸੀਂ ਸਾਰੇ ਜਾਣਦੇ ਹਾਂ ਕਿ 1 ਮਈ ਨੂੰ ਪੂਰੇ ਵਿਸ਼ਵ ਵਿੱਚ ਅੰਤਰਰਾਸ਼ਟਰੀ ਮਜ਼ਦੂਰ ਦਿਵਸ ਵਜੋਂ ਮਨਾਇਆ ਜਾਂਦਾ ਹੈ। ਇਸਦੀ ਸ਼ੁਰੂਆਤ 1 ਮਈ 1886 ਤੋਂ ਹੋਈ ਮੰਨੀ ਜਾਂਦੀ ਹੈ ਜਦੋਂ ਅਮਰੀਕਾ ਦੀਆਂ ਮਜ਼ਦੂਰ ਯੂਨੀਅਨਾਂ ਆਪਣੇ ਸੰਦ ਸੁੱਟ ਕੇ ਇੱਕ ਵਿਸ਼ਾਲ ਇਕੱਠ ਕਰਕੇ ਸੜਕਾਂ ’ਤੇ ਆ ਗਈਆ ਸਨ ਅਤੇ ਕੰਮ ਕਰਨ ਦਾ ਸਮਾਂ 8 ਘੰਟੇ ਤੋਂ ਵੱਧ ਨਾ ਰੱਖੇ ਜਾਣ ਲਈ ਵੱਡੇ ਪੱਧਰ ’ਤੇ ਹੜਤਾਲ ਕੀਤੀ ਸੀ। ਹੜਤਾਲ ਦੌਰਾਨ ਸ਼ਿਕਾਗੋ ਦੀ ਹੇਅ ਮਾਰਕਿਟ ਵਿਖੇ ਬੰਬ ਧਮਾਕਾ ਹੋਇਆ। ਇਹ ਬੰਬ ਕਿਸ ਨੇ ਚਲਾਇਆ, ਉਸ ਸਮੇਂ ਇਸਦਾ ਕੋਈ ਪਤਾ ਨਹੀਂ ਲੱਗ ਸਕਿਆ। ਪਰ ਪੁਲਿਸ ਦੁਆਰਾ ਮਜ਼ਦੂਰਾਂ ਉੱਤੇ ਬੇ-ਹਿਸਾਬ ਗੋਲੀਆਂ ਚਲਾਈਆਂ ਗਈਆਂ ਅਤੇ ਸਿੱਟੇ ਵਜੋਂ 7 ਪੁਲਿਸ ਮੁਲਾਜ਼ਮ ਅਤੇ 4 ਮਜ਼ਦੂਰ ਮਾਰੇ ਗਏਨਿਰਦੋਸ਼ 4 ਮਜ਼ਦੂਰਾਂ ਨੂੰ ਫਾਂਸੀ ਦਿੱਤੀ ਗਈ ਅਤੇ ਕਈਆਂ ਨੂੰ ਜੇਲ੍ਹ ਵੀ ਕਰ ਦਿੱਤੀ ਗਈ। ਪਰ ਕੁਝ ਸਮੇਂ ਬਾਅਦ ਮਜ਼ਦੂਰਾਂ ਦੀ ਜਿੱਤ ਹੋਈ ਅਤੇ ਅਮਰੀਕਾ ਵਿੱਚ 8 ਘੰਟੇ ਕੰਮ ਕਰਨ ਦਾ ਸਮਾਂ ਨਿਸ਼ਚਿਤ ਕਰ ਦਿੱਤਾ ਗਿਆ ਅਤੇ ਇਹ ਇੱਕ ਤਰ੍ਹਾਂ ਮਜ਼ਦੂਰਾਂ ਦੇ ਸੰਘਰਸ਼ ਦੀ ਪਹਿਲੀ ਵੱਡੀ ਜਿੱਤ ਸੀ। 1 ਮਈ ਦੁਨੀਆਂ ਭਰ ਦੇ ਮਜ਼ਦੂਰਾਂ ਅਤੇ ਮਿਹਨਤਕਸ਼ਾਂ ਦਾ ਕੌਮਾਂਤਰੀ ਤਿਉਹਾਰ ਬਣ ਗਿਆ।

ਮੌਜੂਦਾ ਸਮੇਂ ਹੋਰਨਾਂ ਦੇਸ਼ਾਂ ਵਾਂਗ ਭਾਰਤ ਵਿੱਚ ਵੀ ਮਜ਼ਦੂਰਾਂ ਲਈ 8 ਘੰਟੇ ਕੰਮ ਕਰਨ ਸੰਬੰਧੀ ਕਾਨੂੰਨ ਲਾਗੂ ਹੋ ਗਿਆ। ਪਰ ਸਮੇਂ ਦੀਆਂ ਸਰਕਾਰਾਂ ਹੁਣ ਫਿਰ ਇਸ ਕਾਨੂੰਨ ਵਿੱਚ ਸੋਧ ਕਰਕੇ 12 ਘੰਟੇ ਕੰਮ ਕਰਨ ਦਾ ਸਮਾਂ ਕਰਨਾ ਚਾਹੁੰਦੀਆਂ ਹਨ। ਇਸ ਤਰ੍ਹਾਂ ਮਜ਼ਦੂਰਾਂ ਦਾ ਅਜ਼ਾਦੀ ਤੋਂ ਬਾਅਦ ਹੁਣ ਤਕ ਸ਼ੋਸ਼ਣ ਹੁੰਦਾ ਆ ਰਿਹਾ ਹੈ। ਉਹ ਮਜਬੂਰ ਹਨ, ਉਹ ਬੋਲ ਨਹੀਂ ਸਕਦੇ, ਹਮੇਸ਼ਾ ਉਨ੍ਹਾਂ ਦੀ ਅਵਾਜ਼ ਨੂੰ ਦਬਾਇਆ ਜਾਂਦਾ ਹੈ।

ਅੱਜ ਦੇਸ਼ ਦੇ ਮਜ਼ਦੂਰ ਅਤੇ ਕਿਸਾਨ ਬਹੁਤ ਹੀ ਬੇਵੱਸ ਅਤੇ ਲਾਚਾਰ ਹਨ, ਜਿਨ੍ਹਾਂ ਦੇ ਹੱਥਾਂ ਵਿੱਚ ਸਪਰੇਅ ਦੀਆਂ ਸ਼ੀਸ਼ੀਆਂ ਤੇ ਖੁਦਕੁਸ਼ੀ ਕਰਨ ਲਈ ਹੱਥ ਵਿੱਚ ਰੱਸੇ ਹਨ। 1 ਮਈ ਵਾਲੇ ਦਿਨ ਦਾ ਬਹੁਤ ਸਾਰੇ ਮਜ਼ਦੂਰਾਂ ਨੂੰ ਕੋਈ ਚਾਅ ਨਹੀਂ ਹੁੰਦਾ ਇਸ ਦਿਨ ਵੀ ਉਨ੍ਹਾਂ ਦੇ ਮੋਢੇ ਅਤੇ ਸਿਰ ਲੱਦੇ ਹੁੰਦੇ ਹਨ ਕਿ ਸ਼ਾਮ ਦੀ ਰੋਟੀ ਦਾ ਕੋਈ ਹੀਲਾ ਹੋ ਜਾਵੇ। ਇਸ ਲਈ ਮਜ਼ਦੂਰਾਂ ਦੀ ਅਸਲ ਕਹਾਣੀ ਇਸ ਦਿਵਸ ਤੋਂ ਕੋਹਾਂ ਦੂਰ ਹੈ।

ਦੇਸ਼ ਦਾ ਵਿਕਾਸ ਕਹੇ ਜਾਣ ਵਾਲੇ ਮਜ਼ਦੂਰਾਂ ਦੀ ਕੀ ਸਥਿਤੀ ਹੈ, ਇਸਦਾ ਅੰਦਾਜ਼ਾ ਸ਼ਾਇਦ ਅੱਜ ਤਕ ਕੋਈ ਨਹੀਂ ਲਗਾ ਸਕਿਆ ਤੇ ਨਾ ਹੀ ਕੋਈ ਇਸਦਾ ਹੱਲ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਅਜਿਹੇ ਹਾਲਾਤ ਲਈ ਸਾਡੀਆਂ ਸਰਕਾਰਾਂ ਵੀ ਜ਼ਿੰਮੇਵਾਰ ਹਨ, ਕਿਉਂਕਿ ਦੇਸ਼ ਦੀ ਸਰਕਾਰ ਇੱਕ ਤਰਫ਼ ਤਾਂ ਦੇਸ਼ ਨੂੰ ਡਿਜਿਟਲ ਇੰਡੀਆ ਬਣਾਉਣ ਦੇ ਸੁਪਨੇ ਵਿਖਾ ਰਹੀ ਹੈ, ਦੂਸਰੇ ਪਾਸੇ ਹੱਥੀਂ ਰੁਜ਼ਗਾਰ ਤੇ ਮਨੁੱਖੀ ਤਾਕਤ ਜਾਂ ਮਿਹਨਤ ਨੂੰ ਵੀ ਖ਼ਤਮ ਕਰਦੀ ਜਾ ਰਹੀ ਹੈ। ਮਨੁੱਖ ਦੀ ਥਾਂ ’ਤੇ ਅੱਜ ਮਸ਼ੀਨਾਂ ਦਾ ਬੋਲਬਾਲਾ ਹੈ। ਮਨੁੱਖਾਂ ਦੀ ਮਿਹਨਤ ਨੂੰ ਤਾਂ ਅੱਜ ਜੰਗਾਲ ਲਾ ਦਿੱਤਾ ਹੈ ਭਾਵੇਂ ਇਸ ਨੂੰ ਮਾਨਸਿਕ ਜੰਗਾਲ ਕਹਿ ਲਈਏ ਚਾਹੇ ਨਸ਼ਿਆਂ ਦਾ ਜੰਗਾਲ ਕਹਿ ਲਈਏ।

ਅੱਜ ਸਾਡੇ ਸਾਰਿਆਂ ਦਾ ਫਰਜ਼ ਬਣਦਾ ਹੈ ਕਿ ਇਸ ਮਹਾਨ ਦਿਹਾੜੇ ਤੋਂ ਪ੍ਰੇਰਨਾ ਲੈ ਕੇ ਮਿਹਨਤਕਸ਼ਾਂ ਦਾ ਸਾਥ ਦੇਈਏ ਅਤੇ ਲਗਾਤਾਰ ਹੋ ਰਹੇ ਪਰਵਾਸ ਨੂੰ ਠੱਲ੍ਹ ਪਾਈਏ ਅਤੇ ਮੌਜੂਦਾ ਸਮੇਂ ਵਿੱਚ ਬਰਾਬਰਤਾ ਲਈ ਚੱਲ ਰਹੇ ਸ਼ੰਘਰਸ਼ਾਂ ਵਿੱਚ ਯੋਗਦਾਨ ਪਾਈਏ ਇਹੀ ਮਈ ਦਿਵਸ ਜਾਂ ਮਜ਼ਦੂਰ ਦਿਵਸ ਦੇ ਮਹਾਨ ਸ਼ਹੀਦਾਂ ਲਈ ਸੱਚੀ ਸ਼ਰਧਾਂਜਲੀ ਹੋਵੇਗੀ।

*   *   *   *   *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4929)
(ਸਰੋਕਾਰ ਨਾਲ ਸੰਪਰਕ ਲਈ:
(This email address is being protected from spambots. You need JavaScript enabled to view it.)

About the Author

ਗੁਰਸੇਵਕ ਰੰਧਾਵਾ

ਗੁਰਸੇਵਕ ਰੰਧਾਵਾ

Patiala, Punjab, India.
WhatsApp: (91 - 94636 - 80877)
Email: (gursewaksingh446@gmail.com)