SahibSinghDr7ਪਰਮਜੀਤ ਦਿਓਲ ਆਪਣੀ ਗ਼ਜ਼ਲ ਨੂੰ ਇਕਹਿਰਾ ਨਹੀਂ ਹੋਣ ਦਿੰਦੀ … ਉਹ ਘਟਨਾਵਾਂ ਮਗਰ ਭੱਜ ਕੇ ਆਪਣੀ ਰਚਨਾ ...
(1 ਅਪਰੈਲ 2024)
ਇਸ ਸਮੇਂ ਪਾਠਕ: 180.


ਰਸਤਾ ਬੜਾ ਹੀ ਕਠਿਨ ਹੈ ਕੂੰਜਾਂ ਦੇ ਰੂਬਰੂ,

ਹੋਣਾ ਪਵੇਗਾ ਕਿੰਨਿਆਂ ਦੇਸ਼ਾਂ ਦੇ ਰੂਬਰੂ।

ਕੂੰਜਾਂ ਦਾ ਸੰਘਰਸ਼ ਨਾ ਸੌਖਾ ਹੈ ਨਾ ਛੋਟਾ ਹੈ ਜਿਊਣ ਖਾਤਰ ਲੱਖਾਂ ਮੀਲ ਦਾ ਸਫਰ ਤੈਅ ਕਰਨਾ, ਆਪਣੇ ਪਰਾਂ ਨੂੰ ਜੋਖਮ ਵਿੱਚ ਪਾਉਣਾ ਤੇ ਪਰਾਏ ਦੇਸ ਪਹੁੰਚ ਕੇ ਚੋਗਾ ਚੁਗਣਾ ਸੌਖਾ ਨਹੀਂ ਹੁੰਦਾਉਸ ਔਖ ਨੂੰ ਗਜ਼ਲ ਜਿਹੀ ਸੂਖਮ ਵਿਧਾ ਵਿੱਚ ਉਤਾਰਨਾ ਵੀ ਉੰਨਾ ਹੀ ਔਖਾ ਹੈ। ਪਰਮਜੀਤ ਦਿਓਲ ਨੇ ਹਥਲੀ ਕਿਤਾਬ ‘ਕੂੰਜਾਂ ਦੇ ਰੂਬਰੂ’ ਵਿੱਚ ਇਹ ਕਰ ਦਿਖਾਇਆ ਹੈ

ਪਰਮਜੀਤ ਦਿਓਲ ਆਪਣੇ ਚੌਗਿਰਦੇ ਨੂੰ ਸਿਰਫ ਮਾਣਦੀ ਨਹੀਂ, ਪੜ੍ਹਦੀ ਵੀ ਹੈ, ਸਮਝਦੀ ਵੀ ਹੈ, ਵਿਚਾਰ ਵੀ ਕਰਦੀ ਹੈਤੇਜ਼ ਹਵਾਵਾਂ ਦਾ ਵਗਣਾ, ਬਾਰਿਸ਼ ਦਾ ਆਉਣਾ, ਸ਼ੂਕਦੀ ਨਦੀ, ਖੌਲਦਾ ਪਾਣੀ ਤੇ ਖੁਰਦੇ ਕਿਨਾਰੇ … ਉਸ ਦੀ ਸ਼ਾਇਰੀ ਵਿੱਚ ਵੱਖਰੇ ਅਰਥ ਗ੍ਰਹਿਣ ਕਰਦੇ ਨੇਕਾਲੀਆਂ ਬੋਲੀਆਂ ਰਾਤਾਂ ਵਿੱਚ ਵਗਦੀਆਂ ਹਨੇਰੀਆਂ ਦੌਰਾਨ ਰੁੱਖਾਂ ਤੋਂ ਪੱਤਿਆਂ ਦਾ ਝੜਨਾ ਉਸ ਲਈ ਆਮ ਸਧਾਰਨ ਵਰਤਾਰਾ ਨਹੀਂ ਹੈ, ਇਸੇ ਲਈ ਉਹ ਪੱਤੇ ਨੂੰ ਜ਼ਿੰਦਗੀ ਦੇ ਮੁਸਲਸਲ ਸੰਘਰਸ਼ ਨਾਲ ਜੋੜਦੀ ਹੈ:

ਤੁਫਾਨ ਤੇ ਬਾਰਿਸ਼ ਵਿੱਚੋਂ ਕੋਈ ਸਾਜ਼ਿਸ਼ਾਂ ਕਰਦਾ ਰਿਹਾ,
ਫਿਰ ਵੀ ਉਹ ਪੱਤਾ ਟੁੱਟ ਕੇ ਪਾਣੀ ’ਤੇ ਸੀ ਤਰਦਾ ਰਿਹਾ।

ਇਹ ਜ਼ਿੰਦਗੀ ਜਿਊਣ ਦਾ ਹਠ ਹੈ, ਸਿਰੜ ਹੈ, ਪ੍ਰਤੀਬੱਧਤਾ ਹੈ ਪਰਮਜੀਤ ਦਿਓਲ ਹਨੇਰਿਆਂ ਨੂੰ ਰੌਸ਼ਨੀ ਵਿੱਚ ਬਦਲਣ ਦੀ ਚਾਹਵਾਨ ਹੈਉਸ ਦੀ ਸ਼ਾਇਰੀ ਬਲ਼ਦੇ ਚਿਰਾਗਾਂ ਦੇ ਜਨੂੰਨ ਨੂੰ ਸਲਾਮ ਇੰਜ ਕਰਦੀ ਹੈ:

ਉਸ ਤੋਂ ਬੁਝਾਇਆ ਨਾ ਗਿਆ ਅੰਬਰ ਦੀ ਦੇਹਲੀ ਦਾ ਚਿਰਾਗ਼,
ਹਰਖਿਆ ਇੱਕ ਮੇਘਲਾ ਵਰ੍ਹਦਾ ਰਿਹਾ ਵਰ੍ਹਦਾ ਰਿਹਾ।

ਅੰਬਰ ਦੀ ਦੇਹਲੀ ਦਾ ਚਿਰਾਗ਼ ਇੰਨਾ ਪਿਆਰਾ ਸ਼ਾਇਰਾਨਾ ਬਿੰਬ ਹੈ ਕਿ ਕਿਸੇ ਬਹੁਤ ਖੂਬਸੂਰਤ ਰੰਗਮੰਚੀ ਪੇਸ਼ਕਾਰੀ ਦਾ ਜਲੌਅ ਪ੍ਰਤੀਤ ਹੁੰਦਾ ਹੈ … ਵਿਸ਼ਾਲ ਅੰਬਰ ਦਿਖਾਈ ਦੇ ਰਿਹਾ ਹੈ ਤੇ ਦੂਰ ਕਿਤੇ ਸਰਦਲ ’ਤੇ ਇੱਕ ਰੌਸ਼ਨੀ ਨਜ਼ਰ ਆ ਰਹੀ ਹੈ … ਗੁੱਸੇ ਵਿੱਚ ਆਇਆ ਖਲਨਾਇਕ ਸਭ ਰੌਸ਼ਨੀਆਂ ਬੁਝਾ ਦੇਣ ਦੀ ਕੋਸ਼ਿਸ਼ ਕਰ ਰਿਹਾ ਹੈ ਪਰ ਦੀਵੇ ਵਾਂਗ ਪਹਿਰਾ ਦੇ ਰਿਹਾ ਨਾਇਕ ਡਟਿਆ ਹੋਇਆ ਹੈ … ਮੈਂ ਇਹ ਗੱਲ ਵਾਰ ਵਾਰ ਕਹਿੰਦਾ ਹਾਂ ਕਿ ਸ਼ਾਇਰੀ ਜੇ ਤਸੱਵੁਰ ਨੂੰ ਪਰ ਬਖ਼ਸ਼ੇ ਤਾਂ ਇਸਦਾ ਧੰਨਵਾਦ ਕਰਨਾ ਚਾਹੀਦਾ ਹੈ … ਪਰਮਜੀਤ ਦਿਓਲ ਦੀ ਗ਼ਜ਼ਲ ਇਹ ਕਾਰਨਾਮਾ ਵਾਰ ਵਾਰ ਕਰਦੀ ਹੈ … ਜਿਵੇਂ ਇਹ ਕਮਾਲ ਦਾ ਦ੍ਰਿਸ਼:

ਧੁੱਪਾਂ ਹੀ ਭੇਸ ਬਦਲ ਕੇ ਵਿਛੀਆਂ ਨੇ ਰਾਹ ਵਿੱਚ ਹੁਣ,
ਹੋਣਾ ਕੀ ਇਸ ਤਰ੍ਹਾਂ ਦੀਆਂ ਛਾਵਾਂ ਦੇ ਰੂਬਰੂ।

ਜਾਂ

ਤੂੰ ਮੇਰੇ ਲਾਹ ਲਵੀਂ ਕਿੰਨੇ ਵੀ ਟੁਕੜੇ ਜਦੋਂ ਵੀ ਜੀ ਚਾਹੇ,
ਮੈਂ ਧਰਤੀ ਘੁੰਮਦੀ ਨੇ ਫਿਰ ਵੀ ਗੋਲ਼ਾਕਾਰ ਹੀ ਰਹਿਣਾ।

ਵਹਿਸ਼ਤ ਤੇ ਦਹਿਸ਼ਤ ਨੂੰ ਚੁਣੌਤੀ ਦਿੰਦੇ ਇਸ ਤਰ੍ਹਾਂ ਦੇ ਬੁਲੰਦ ਸ਼ਿਅਰ ਲਿਖਦਿਆਂ ਪਰਮਜੀਤ ਦਿਓਲ ਆਪਣੀ ਗ਼ਜ਼ਲ ਨੂੰ ਇਕਹਿਰਾ ਨਹੀਂ ਹੋਣ ਦਿੰਦੀ … ਉਹ ਘਟਨਾਵਾਂ ਮਗਰ ਭੱਜ ਕੇ ਆਪਣੀ ਰਚਨਾ ਲਈ ਸਮਾਨ ਇਕੱਠਾ ਨਹੀਂ ਕਰਦੀ …ਘਟਨਾਵਾਂ ਨੂੰ ਆਪਣੇ ਅੰਦਰ ਜਜ਼ਬ ਹੋਣ ਦਿੰਦੀ ਹੈ … ਆਤਮਸਾਤ ਕਰਦੀ ਹੈ … ਮਨੁੱਖੀ ਜ਼ਿੰਦਗੀ ਦੇ ਸਮਾਨਾਂਤਰ ਰੇਖਾ ਵਾਹੁੰਦੀ ਹੈ … ਫਿਰ ਬਿੰਦੂ ਨਾਲ ਬਿੰਦੂ ਜੋੜਦੀ ਹੋਈ ਗ਼ਜ਼ਲ ਰੂਪੀ ਚਿੱਤਰਕਾਰੀ ਕਰਦੀ ਹੈ:

ਮੈਂ ਪੱਤਾ ਹਾਂ ਕੋਈ ਛਤਰੀ ਨਹੀਂ ਕਿ ਢਕ ਲਵਾਂ ਪੂਰਾ,
ਮੈਂ ਬੇਵੱਸ ਦੇਖਦਾ ਹਾਂ ਬੋਟ ’ਤੇ ਜਦੋਂ ਮੇਘ ਵਰ੍ਹਦਾ ਹੈ।

ਬੇਵਸੀ ਦਾ ਇਹ ਆਲਮ ਤ੍ਰਾਹ ਕੱਢਦਾ ਹੈ … ਸੰਵੇਦਨਸ਼ੀਲ ਮਨ ਕਿੱਥੇ ਕਿੱਥੇ ਤਰਲ ਹੋ ਜਾਂਦਾ ਹੈ, ਨਮੂਨਾ ਦੇਖੋ:

ਸਿਖਰ ਦੁਪਹਿਰੇ ਸੂਰਜ ਠਰਿਆ ਮੇਰੇ ਮੌਲਾ ਖ਼ੈਰ ਕਰੀਂ,
ਚਾਨਣ ਨੇ ਇੱਕ ਹਫ਼ਤਾ ਭਰਿਆ ਮੇਰੇ ਮੌਲਾ ਖ਼ੈਰ ਕਰੀਂ।

ਉੱਡਿਆ ਫਿਰਦਾ ਰਾਤਾਂ ਨੂੰ ਨਾ ਖਾਂਦਾ ਖ਼ੌਫ਼ ਹਨੇਰੇ ਦਾ,
ਦਿਨ ਨੂੰ ਦੇਖ ਟਟਹਿਣਾ ਡਰਿਆ ਮੇਰੇ ਮੌਲਾ ਖ਼ੈਰ ਕਰੀਂ।

ਇੱਕ ਤਾਂ ਪਹਿਲਾਂ ਹੀ ਉਸ ਦੀ ਸੀ ਕਰਜ਼ੇ ਨੇ ਮੱਤ ਮਾਰੀ,
ਉੱਤੋਂ ਧੀ ਦਾ ਸਾਹਾ ਧਰਿਆ ਮੇਰੇ ਮੌਲਾ ਖ਼ੈਰ ਕਰੀਂ।

ਇੱਥੇ ਤਕ ਪਹੁੰਚਦਿਆਂ ਅੰਦਰੋਂ ਕੁਝ ਪਿਘਲਦਾ ਹੈ ਤੇ ਭੁੱਬ ਬਣ ਬਾਹਰ ਨਿਕਲਦਾ ਹੈ … ਹੋਰ ਸ਼ਾਇਰੀ ਨੇ ਕੀ ਕਰਨਾ ਹੁੰਦਾ … ਅਹਿਸਾਸ ਜ਼ਿੰਦਾ ਕਰ ਦੇਣਾ ਪਰਮਜੀਤ ਦੀ ਸ਼ਾਇਰੀ ਦੀ ਪ੍ਰਾਪਤੀ ਹੈਪਰਮਜੀਤ ਦਿਸਦੇ ਵਿੱਚੋਂ ਅਣਦਿਸਦਾ ਜਾਂ ਅਣਗੌਲ਼ਿਆ ਤਲਾਸ਼ਦੀ ਹੈ … ਅਸੀਂ ਦਰਿਆਵਾਂ ਵਿੱਚ ਵਹਿੰਦੇ ਪਾਣੀਆਂ ਨੂੰ ਦੇਖਦੇ ਹਾਂ, ਹੁਲਾਰਾ ਮਹਿਸੂਸ ਕਰਦੇ ਹਾਂ ਪਰ ਹਾਸ਼ੀਏ ’ਤੇ ਮੌਜੂਦ ਪਾਤਰਾਂ ਵੱਲ ਕੋਈ ਸੂਖਮ ਸ਼ਾਇਰ ਹੀ ਧਿਆਨ ਕਰਦਾ ਹੈ … ਆਪਣਾ ਫਰਜ਼ ਨਿਭਾ ਰਹੇ ਨਦੀ ਦੇ ਕੰਢਿਆਂ ਨਾਲ ਵਾਰਤਾਲਾਪ ਕਰਨਾ ਪਰਮਜੀਤ ਦੇ ਹਿੱਸੇ ਆਇਆ ਹੈ:

ਮਨਾ ਕੇ ਹਰਖ਼ੀਆਂ ਲਹਿਰਾਂ ਨੂੰ ਪਿੱਛੇ ਮੋੜ ਦਿੰਦੇ ਨੇ,
ਕਿਨਾਰੇ ਤਾਂ ਨਿਭਾਉਂਦੇ ਫ਼ਰਜ਼ ਆਪਣਾ ਰੋਜ਼ ਖਰ ਖਰ ਕੇ।

ਇੱਕ ਹੋਰ ਗ਼ਜ਼ਲ ਵਿੱਚ ਇਸ ਖਿਆਲ ਦੀ ਇੱਕ ਹੋਰ ਪਰਤ ਖੋਲ੍ਹਦੀ ਹੈ:

ਖੌਰੇ ਕੀ ਰੰਜ ਹੋਣਾ ਉਸ ਨੂੰ ਵਗਦੇ ਨੀਰ ਦੇ ਉੱਤੇ,
ਨਿਮਾਣੀ ਉਸ ਨਦੀ ਦਾ ਜੋ ਕਿਨਾਰਾ ਖਰ ਗਿਆ ਆਪੇ।

ਮੈਨੂੰ ਇਹਨਾਂ ਸ਼ਿਅਰਾਂ ਵਿੱਚੋਂ ਪੌਣੀ ਸਦੀ ਦਾ ਪੰਜਾਬ ਦਿਸਦਾ ਹੈ … ਅੱਜ ਦੇ ਹਾਲਾਤ ਦਿਸਦੇ ਹਨ … ਇਸ ਨੂੰ ਡੀਕੋਡ ਕਰਨ ਲਈ ਇੱਕ ਵੱਖਰਾ ਲੇਖ ਲਿਖਣਾ ਪਏਗਾ!

ਪਰਮਜੀਤ ਦਿਓਲ ਆਸਵੰਦ ਸ਼ਾਇਰਾ ਹੈ … ਮਿੱਟੀ, ਜਲ, ਅੱਗ, ਹਵਾ, ਅਕਾਸ਼ … ਪੰਜ ਤੱਤ ਉਸ ਦੀ ਸ਼ਾਇਰੀ ਦੇ ਆਰ ਪਾਰ ਫੈਲੇ ਹੋਏ ਹਨ … ਉਮੀਦ ਅਤੇ ਵਿਸ਼ਵਾਸ ਦੇ ਚਿਰਾਗ਼ ਬਲਦੇ ਰਹਿਣ ਦੀ ਆਸ ਪੈਦਾ ਕਰਦੇ ਉਸ ਦੇ ਸ਼ਿਅਰ ਧਿਆਨ ਮੰਗਦੇ ਹਨ:

ਹਵਾਵਾਂ ਨੇ ਹਜ਼ਾਰਾਂ ਵਾਰ ਉਹਨਾਂ ਨੂੰ ਜੇ ਠੱਗਣਾ ਹੈ,
ਚਿਰਾਗ਼ਾਂ ਨੇ ਵੀ ਠਾਣੀ ਹੈ ਅਸੀਂ ਹਰ ਹਾਲ ਬਲਣਾ ਹੈ।

ਜਾਂ

ਬਣਾਂਗੇ ਇਸ ਮਿੱਟੀ ਤੋਂ ਸੁਰਾਹੀ ਇੱਕ ਨਾ ਇੱਕ ਦਿਨ ਤਾਂ,
ਤੇ ਫਿਰ ਸਮਿਆਂ ਦੇ ਆਵੇ ਵਿੱਚ ਅਸੀਂ ਹਰ ਪਲ ਹੀ ਪੱਕਣਾ ਹੈ।

ਜਾਂ

ਹਨੇਰਾ ਜਗਮਗਾ ਉੱਠੇਗਾ ਬਣ ਕੇ ਰੌਸ਼ਨੀ ਇੱਕ ਦਿਨ,
ਮਿਲੇਗੀ ਜ਼ਿੰਦਗੀ ਬਣ ਕੇ ਅਸਾਨੂੰ ਜ਼ਿੰਦਗੀ ਇੱਕ ਦਿਨ।

ਪਰਮਜੀਤ ਦਿਓਲ ਕੂੰਜਾਂ ਦਾ ਦਰਦ ਬਿਆਨਦੀ ਹੈ … ਕੂੰਜਾਂ ਸਾਹਮਣੇ ਪੇਸ਼ ਚੁਣੌਤੀ ਵੀ ਸਮਝਦੀ ਹੈ … ਬਹੁਤ ਸ਼ਿੱਦਤ ਨਾਲ:

ਜ਼ਖ਼ਮੀ ਪਰਾਂ ਦੇ ਨਾਲ ਜੋ ਪਹਿਲਾਂ ਹੀ ਉੱਡ ਰਹੀ,
ਹੁਣ ਫਿਰ ਕਟਾਰ ਹੈ ਉਹਦੇ ਖੰਭਾਂ ਦੇ ਰੂਬਰੂ।

ਪਰ ਉਹ ਇਸ ਜ਼ਖ਼ਮੀ ਉਡਾਣ ਪਿਛਲੇ ਕਾਰਣਾਂ ਨੂੰ ਵੀ ਸਮਝਦੀ ਹੈ … ਬੁਲੰਦ ਆਵਾਜ਼ ਵਿੱਚ ਵੰਗਾਰ ਪੇਸ਼ ਕਰਦੀ ਹੈ:

ਮੁਕਾ ਕੇ ਇੱਕ ਤਮਾਸ਼ਾ ਝੂਠ ਦਾ ਦੂਜਾ ਸ਼ੁਰੂ ਕਰਦੈ,
ਰਚਾਉਂਦੈ ਕੌਣ ਅਡੰਬਰ, ਸਮਾਂ ਆਇਆ ਤਾਂ ਦੱਸਾਂਗੇ।

ਟਿਕੀ ਰਾਤੇ ਸੀ ਧਰਤੀ ਨੇ ਭਰੀ ਕਿਉਂ ਹੂਕ ਇੱਕ ਲੰਮੀ,
ਕੁਰਲਾਇਆ ਸੀ ਕਿਉਂ ਅੰਬਰ ਸਮਾਂ ਆਇਆ ਤਾਂ ਦੱਸਾਂਗੇ।

ਗਏ ਪਰਦੇਸੀਆਂ ਦੇ ਮੁੜ ਕੇ ਪਰਤਣ ਦੀ ਲਗਾ ਕੇ ਆਸ,
ਸਦਾ ਕਿਉਂ ਵਿਲਕਦੇ ਨੇ ਦਰ ਸਮਾਂ ਆਇਆ ਤਾਂ ਦੱਸਾਂਗੇ।

ਕਿਵੇਂ ਉੱਚੇ ਚੁਬਾਰੇ ਹੋ ਗਏ ਅੰਬਰ ਦੇ ਦਾਅਵੇਦਾਰ,
ਕਿਵੇਂ ਘਰ ਹੋ ਗਏ ਖੰਡਰ ਸਮਾਂ ਆਇਆ ਤਾਂ ਦੱਸਾਂਗੇ।

ਉੱਚੇ ਚੁਬਾਰਿਆਂ ਨੂੰ ਵੰਗਾਰਨ ਵਾਲ਼ੇ ਇਸ ਸ਼ਿਅਰ ਨੂੰ ਲਿਖਣ ਵਾਲੀ ਪਰਮਜੀਤ ਦਿਓਲ ਦੀ ਇਸ ਕਿਤਾਬ ‘ਕੂੰਜਾਂ ਦੇ ਰੂਬਰੂ’ ਦਾ ਸਵਾਗਤ ਹੈ … ਕੁਦਰਤ ਨਾਲ ਇਕਮਿਕ ਸੂਖਮ ਸ਼ਾਇਰੀ ਦੇ ਹਰ ਕਦਰਦਾਨ ਨੂੰ ਇਹ ਕਿਤਾਬ ਪੜ੍ਹਨੀ ਚਾਹੀਦੀ ਹੈ … ਪਰਮਜੀਤ ਦਿਓਲ ਦੀ ਸ਼ਾਇਰੀ ਹਾਸ਼ੀਆਗਤ ਪਾਤਰਾਂ ਦੇ ਹੋਰ ਨੇੜੇ ਜਾਵੇ ਤੇ ਹੋਰ ਬੁਲੰਦੀਆਂ ਛੂਹਵੇ, ਇਸ ਆਸ ਨਾਲ ਉਸ ਨੂੰ ਮੁਬਾਰਕ ਅਤੇ ਗ਼ਜ਼ਲ ਮੰਚ ਸਰੀ ਦਾ ਧੰਨਵਾਦ, ਜਿਹਨਾਂ ਇਹ ਕਿਤਾਬ ਸਾਡੇ ਤਕ ਪਹੁੰਚਾਈ

*  *  *  *  *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4854)
(ਸਰੋਕਾਰ ਨਾਲ ਸੰਪਰਕ ਲਈ: (This email address is being protected from spambots. You need JavaScript enabled to view it.)

About the Author

ਡਾ. ਸਾਹਿਬ ਸਿੰਘ

ਡਾ. ਸਾਹਿਬ ਸਿੰਘ

Mobile: (91 98880 - 11096)
Email: (sssahebealam@gmail.com)