“ਕੈਨੇਡਾ ਵਿੱਚ ਰਹਿੰਦਿਆਂ ਰੋਜ਼ ਹੀ ਬਹੁਤ ਸਮੱਸਿਆਵਾਂ ਆਉਂਦੀਆਂ ਰਹਿੰਦੀਆਂ ਹਨ ਜੋ ਮੈਂ ਖੁਦ ...”
(18 ਮਾਰਚ 2024)
ਇਸ ਸਮੇਂ ਪਾਠਕ: 160.
ਕੈਨੇਡਾ ਵਿੱਚ ਕੁੜੀਆਂ, ਮੁੰਡਿਆਂ ਦੇ ਬਰਾਬਰ ਮਿਹਨਤ ਕਰਦੀਆਂ ਹਨ। ਅਕਸਰ ਸੋਸ਼ਲ ਮੀਡੀਆ ’ਤੇ ਕੈਨੇਡਾ ਰਹਿੰਦੀਆਂ ਪ੍ਰਵਾਸੀ ਕੁੜੀਆਂ ਤੇ ਵਿਦਿਆਰਥਣਾਂ ਬਾਰੇ ਭੰਡੀ-ਪ੍ਰਚਾਰ ਹੁੰਦਾ ਰਹਿੰਦਾ ਹੈ। ਆਏ ਦਿਨ ਹੀ ਅਖਬਾਰਾਂ ਦੀਆਂ ਸੁਰਖੀਆਂ ਅਤੇ ਸੋਸ਼ਲ ਮੀਡੀਆ ਉੱਤੇ ਵੱਡੇ-ਵੱਡੇ ਅੱਖਰਾਂ ਵਿੱਚ ਭਿਆਨਕ ਤੇ ਅਜੀਬੋ-ਗਰੀਬ ਸਿਰਲੇਖ ਦੇਖਣ-ਪੜ੍ਹਨ ਨੂੰ ਮਿਲਦੇ ਹਨ ਜੋ ਕੁੜੀਆਂ ਪ੍ਰਤੀ ਲੋਕਾਂ ਦੀ ਸੋਚ ਨੂੰ ਬਦਲ ਦਿੰਦੇ ਹਨ ਜਾਂ ਕਹਿ ਲਈਏ ਕਿ ਸਮੁੰਦਰੋਂ ਪਾਰ ਮਿਹਨਤਕਸ਼ ਕੁੜੀਆਂ ਦੇ ਚਰਿੱਤਰ ’ਤੇ ਸਵਾਲੀਆ ਚਿੰਨ੍ਹ ਜਾਂ ਧੱਬੇ ਲਾ ਦਿੰਦੇ ਹਨ। ਕੁੜੀਆਂ ਪ੍ਰਤੀ ਇਸ ਤਰ੍ਹਾਂ ਦੀ ਸਨਸਨੀਖੇਜ਼ ਸਮੱਗਰੀ ਦੇਖ ਕੇ ਮੇਰਾ ਖੂਨ ਖੌਲਣ ਲਗਦਾ ਕਿ ਸਾਡੀ ਮਿਹਨਤ ਕਿਸ ਖਾਤੇ? ਇਸ ਤਰ੍ਹਾਂ ਦਾ ਵਰਤਾਓ ਕਿਉਂ? ਮੇਰੇ ਮਨ ਵਿੱਚ ਸੈਂਕੜੇ ਸਵਾਲ ਆਉਂਦੇ ਹਨ ਕਿ ਮੈਂ ਜਾਂ ਮੇਰੇ ਵਰਗੀਆਂ ਮਿਹਨਤੀ ਕੁੜੀਆਂ, ਜੋ ਆਪਣਾ ਸਾਰਾ ਘਰ-ਬਾਹਰ ਦਾ ਕੰਮ, ਨੌਕਰੀ ਤੇ ਰਾਤਾਂ ਨੂੰ ਆਉਣਾ-ਜਾਣਾ, ਇਕੱਲੇ ਘਰਾਂ ਵਿੱਚ ਰਹਿਣਾ, ਆਪਣੇ ਸਾਰੇ ਖਰਚਿਆਂ ਦਾ ਭਾਰ ਖੁਦ ਚੁੱਕਣਾ, ਆਪਣੀ ਪੜ੍ਹਾਈ ਪੂਰੀ ਕਰਨੀ ਤੇ ਪੂਰੇ ਜਜ਼ਬੇ ਨਾਲ ਕੰਮ ਕਰਦੀਆਂ ਹਨ ਤਾਂ ਸਾਡੇ ਹਿੱਸੇ ਇਹ ਸਿਰਲੇਖ ਕਿਉਂ? ਇਸ ਗੱਲ ਤੋਂ ਪੂਰੀ ਤਰ੍ਹਾਂ ਮੁਨਕਰ ਨਹੀਂ ਹੋਇਆ ਜਾ ਸਕਦਾ ਕਿ ਸਮਾਜ ਵਿੱਚ ਕੁਝ ਭੈੜੇ ਤੱਥ ਜ਼ਰੂਰ ਹਨ ਪਰ ਸਾਰੇ ਕਿਤੇ ਨਹੀਂ। ਜੇ ਕਿਤੇ ਕੁਝ ਥੋੜ੍ਹਾ ਜਿਹਾ ਗਲਤ ਹੁੰਦਾ ਹੈ ਤਾਂ ਉੱਥੇ ‘ਕੁਝ’ ਸ਼ਬਦ ਦਾ ਇਸਤੇਮਾਲ ਹੋ ਸਕਦਾ ਹੈ। ਜਿਵੇਂ ਕਿ ਕੁਝ ਕੁੜੀਆਂ ਇਸ ਗਲਤ ਕੰਮ ਵਿੱਚ ਸ਼ਾਮਲ ਹਨ ਪਰ ‘ਕੈਨੇਡਾ ਵਿੱਚ ਪੰਜਾਬੀ ਕੁੜੀਆਂ’ ਸਭ ਨੂੰ ਸ਼ਾਮਲ ਕਰਦਾ ਹੈ। ਇਸ ਤਰ੍ਹਾਂ ਦੀਆਂ ਖਬਰਾਂ ਜਾਂ ਬਿਆਨਬਾਜ਼ੀਆਂ ਤੋਂ ਪਹਿਲਾਂ ਚੰਗੀ ਤਰ੍ਹਾਂ ਛਾਣਬੀਣ ਕਰ ਲਈ ਜਾਣੀ ਚਾਹੀਦੀ ਹੈ। ਕੁਝ ਕੁੜੀਆਂ ਜਦੋਂ ਕੈਨੇਡਾ ਛੱਡ ਕੇ ਵਤਨ ਵਾਪਸੀ ਕਰਦੀਆਂ ਹਨ ਤਾਂ ਉਹ ਵੀ ਜਾ ਕੇ ਨੈਗੇਟਿਵ ਬੋਲਦੀਆਂ ਹਨ। ਮੈਂ ਅਕਸਰ ਇਹ ਸੁਣਿਆ ਕਿ ਕੁੜੀਆਂ ਨਸ਼ੇ ਕਰਦੀਆਂ ਜਾਂ ਧੰਦਾ ਕਰਦੀਆਂ, ਆਪਣਾ ਸਰੀਰ ਵੇਚਦੀਆਂ ਹਨ। ਕੱਲ੍ਹ ਨੂੰ ਮੈਂ ਵਤਨ ਵਾਪਸੀ ਕਰਾਂ, ਪੱਕੇ ਤੌਰ ’ਤੇ ਪੰਜਾਬ ਰਹਿਣ ਲਈ ਜਾਵਾਂ, ਮੈਂ ਇੱਥੇ ਰਹਿੰਦੀਆਂ ਮਿਹਨਤੀ ਕੁੜੀਆਂ ਨੂੰ ਕਦੇ ਨਿੰਦਣ ਦਾ ਨਹੀਂ ਸੋਚਾਂਗੀ। ਮੇਰੇ ਕੋਲ ਕੋਈ ਹੱਕ ਨਹੀਂ ਕਿ ਜੇ ਮੈਂ ਇੱਥੋਂ ਚਲੀ ਗਈ ਤਾਂ ਬਾਕੀ ਕੁੜੀਆਂ ਬਾਰੇ ਭੰਡੀ ਪ੍ਰਚਾਰ ਕਰਾਂ। ਇਹ ਸਮਾਜ ਦਾ ਸੱਚ ਹੈ ਕਿ ਜਿੱਥੇ ਚੰਗਿਆਈ ਹੈ, ਉੱਥੇ ਬੁਰਿਆਈ ਵੀ ਹੈ। ਇਹ ਚੰਗਿਆਈ ਅਤੇ ਬੁਰਿਆਈ ਇੱਕੋ ਤੱਕੜੀ ਦੇ ਵੱਖੋ-ਵੱਖਰੇ ਪੱਲੜੇ ਹਨ। ਸੋ ਚੰਗੇ ਨੂੰ ਚੰਗਾ ਤੇ ਬੁਰੇ ਨੂੰ ਬੁਰਾ ਕਹਿ ਲਿਆ ਜਾਵੇ ਤਾਂ ਜੋ ਨਰੋਆ ਸਮਾਜ ਸਿਰਜ ਸਕੀਏ।
ਮੈਨੂੰ ਕੈਨੇਡਾ ਆਈ ਨੂੰ ਲਗਭਗ ਢਾਈ ਸਾਲ ਹੋ ਗਏ ਨੇ। ਮੈਂ ਨਿੱਜੀ ਤੌਰ ’ਤੇ ਕਲਦੇ ਇੱਦਾਂ ਦੀਆਂ ਕੁੜੀਆਂ ਨੂੰ ਨਹੀਂ ਮਿਲੀ। ਸੁਣਿਆ ਜ਼ਰੂਰ ਹੈ ਜੋ ਕੁਝ ਹੱਦ ਤਕ ਸੱਚ ਹੈ ਤੇ ਬਹੁਤ ਜ਼ਿਆਦਾ ਕੂੜ-ਪ੍ਰਚਾਰ ਹੈ। ਮੈਂ ਇੱਥੇ ਬਹੁਤ ਕੁੜੀਆਂ ਨੂੰ ਦੂਹਰੀਆਂ ਸ਼ਿਫਟਾਂ ਜਾਂ ਕਹਿ ਲਵੋ 16-18 ਘੰਟੇ ਕੰਮ ਕਰਦੇ ਦੇਖਿਆ ਹੈ। ਕਿੰਨੇ ਹੀ ਸੰਘਰਸ਼ਾਂ ਵਿੱਚ ਕੁੜੀਆਂ ਆਉਂਦੀਆਂ ਹਨ ਤੇ ਆਪਣੀ ਗੱਲ ਰੱਖਦੀਆਂ ਹਨ ਭਾਵੇਂ ਕਈ ਵਾਰ ਗਿਣਤੀ ਘੱਟ ਹੁੰਦੀ ਹੈ। ਉੱਥੇ ਬਹੁਤੇ ਮੁੰਡੇ ਹੁੰਦੇ ਹਨ ਤੇ ਪਰ ਕੁੜੀਆਂ ਵੀ ਜ਼ਰੂਰ ਹੁੰਦੀਆਂ ਹਨ। ਵਿਦਿਆਰਥੀ ਸੰਘਰਸ਼ਾਂ ਵਿੱਚ ਅਕਸਰ ਇੱਕ ਨਾਅਰਾ ਦਿੱਤਾ ਜਾਂਦਾ ਹੈ- "Unite for Justice" ਇਸ ਨਾਅਰੇ ਹੇਠ ਬਿਨਾਂ ਲੰਗਿਕ ਭੇਦਭਾਵ ਦੇ ਕੁੜੀਆਂ-ਮੁੰਡੇ ਬਰਾਬਰ ਸ਼ਾਮਲ ਹੁੰਦੇ ਹਨ। ਮੈਂ ਖੁਦ ਕਈ ਸੰਘਰਸ਼ਾਂ ਵਿੱਚ ਹਿੱਸਾ ਲੈ ਚੁੱਕੀ ਹਾਂ ਪਰ ਕਦੇ ਵੀ ਕੋਈ ਲਿਖਦਾ ਜਾਂ ਬੋਲਦਾ ਨਹੀਂ ਕਿ ਕੈਨੇਡਾ ਵਿੱਚ ਕੁੜੀਆਂ ਸੰਘਰਸ਼ ਕਰ ਰਹੀਆਂ ਹਨ। ਕੈਨੇਡਾ ਦੀ ਕੋਈ ਵੀ ਛੋਟੀ-ਵੱਡੀ ਜਥੇਬੰਦੀ ਦੇਖ ਲਵੋ, ਹਰ ਜਗ੍ਹਾ ਕੁੜੀਆਂ ਬਰਾਬਰ ਹਿੱਸਾ ਲੈਂਦੀਆਂ ਮਿਲ ਜਾਣੀਆਂ। ਕਦੇ ਉਨ੍ਹਾਂ ਨਾਲ ਕੋਈ ਗੱਲ ਕਰੇ ਤਾਂ ਉਹ ਆਪਣੀਆਂ ਗੱਲਾਂ ਰਾਹੀਂ ਸੰਸਾਰ ਭਰ ਦੇ ਅਜਿਹੇ ਤੱਥ ਪੇਸ਼ ਕਰਨਗੀਆਂ ਕਿ ਤੁਸੀਂ ਹੈਰਾਨ ਰਹਿ ਜਾਵੋਗੇ।
ਮੇਰੀ ਜਾਣ ਪਛਾਣ ਵਿੱਚ ਇੱਕ ਅੰਕਲ ਨੇ ‘ਸੁਰਜੀਤ ਦੌਧਰ’ ਜੀ। ਮੇਰੇ ਮਨ ਬਹੁਤ ਹੀ ਸਤਿਕਾਰ ਹੈ ਉਨ੍ਹਾਂ ਲਈ। ਇੱਕ ਸੈਮੀਨਾਰ ਵਿੱਚ (ਕੈਨੇਡਾ) ਅਸੀਂ ਮਿਲੇ ਵੀ ਸੀ। ਉਨ੍ਹਾਂ ਨੇ ਕੁਝ ਵਿਚਾਰ ਮੇਰੇ ਨਾਲ ਸਾਂਝੇ ਕੀਤੇ ਤੇ ਹੌਸਲਾ ਵੀ ਦਿੱਤਾ। ਜਦੋਂ ਉਹ ਕੈਨੇਡਾ ਤੋਂ ਵਾਪਸ ਪੰਜਾਬ ਗਏ ਤਾਂ ਉਨ੍ਹਾਂ ਦੀ ਇੰਟਰਵਿਊ ਅਚਾਨਕ ਮੇਰੇ ਸਾਹਮਣੇ ਆ ਗਈ, ਜਦੋਂ ਮੈਂ ਸਕਰੀਨ ਸਕਰੌਲ ਕਰ ਰਹੀ ਸੀ। ਪੱਤਰਕਾਰ ਨੇ ਸਵਾਲ ਪੁੱਛਿਆ ਕਿ ਜਿਵੇਂ ਅਕਸਰ ਕੁੜੀਆਂ ਨੂੰ ਨਿਸ਼ਾਨਾ ਬਣਾਇਆ ਜਾਂਦਾ ਹੈ, “ਕੀ ਕੈਨੇਡਾ ਵਿੱਚ ਕੁੜੀਆਂ ਗਲਤ ਕੰਮ ਕਰਦੀਆਂ ਹਨ?” ਤਾਂ ਉਹਨਾਂ ਨੇ ਸੱਚ ਦਰਸਾਉਂਦੇ ਹੋਏ ਅੱਖੀਂ ਦੇਖਿਆ ਸੱਚ ਬਿਆਨ ਕਰਦੇ ਹੋਏ ਕਿਹਾ ਕਿ ਕੁੜੀਆਂ ਕੋਲ ਇੰਨਾ ਸਮਾਂ ਕਿੱਥੇ, ਉਨ੍ਹਾਂ ਕੋਲ ਤਾਂ ਸਿਰ ਖੁਰਕਣ ਦੀ ਵਿਹਲ ਨਹੀਂ। ਉਨ੍ਹਾਂ ਕੋਲ ਤਾਂ ਬਹਿ ਕੇ ਖਾਣ ਲਈ ਸਮਾਂ ਨਹੀਂ। ਉਹ ਕਾਲਜ ਤੋਂ ਆਉਂਦੀਆਂ ਹਨ ਤੇ ਕੰਮ ’ਤੇ ਜਾਣਾ ਹੁੰਦਾ ਹੈ। ਬੱਸਾਂ ਵਿੱਚ ਰੋਜ਼ ਬਹੁਤ ਸਮਾਂ ਲਗਦਾ। ਉਹ ਤਾਂ ਵਿਚਾਰੀਆਂ ਭੱਜੀਆਂ ਜਾਂਦੀਆਂ। ਟਿੰਮ ਹੌਰਟਨ ਤੋਂ ਕੌਫੀ ਤੇ ਬਰੈੱਡ ਲੈ ਕੇ ਆਪਣੇ ਕੰਮ ਜਾਂ ਕਾਲਜ ਜਾਂਦੀਆਂ ਹਨ।
ਜੋ ਗੱਲਾਂ ਉਨ੍ਹਾਂ ਕਹੀਆਂ, ਉਹ ਬਿਲਕੁਲ ਸੱਚ ਹਨ। ਜੇ ਕੁੜੀਆਂ ਨੂੰ ਕੈਨੇਡਾ ਵਿੱਚ ਆਜ਼ਾਦੀ ਮਿਲੀ ਹੈ ਤਾਂ ਉਹ ਪੜ੍ਹਾਈਆਂ ਕਰਦੀਆਂ, ਮੁੰਡਿਆਂ ਬਰਾਬਰ ਕੰਮ ਕਰਦੀਆਂ। ਹਰ ਇੱਕ ਖਿੱਤੇ ਵਿੱਚ ਨਾਮ ਰੌਸ਼ਨ ਕਰ ਰਹੀਆਂ ਹਨ। ਭਾਵੇਂ ਉਹ ਕਾਰੋਬਾਰ ਹੋਵੇ, ਉੱਚ ਅਹੁਦੇ ਦੀਆਂ ਨੌਕਰੀਆਂ ਹੋਣ ਜਾਂ ਸੰਘਰਸ਼ ਹੋਣ। ਬਹੁਤ ਕੁੜੀਆਂ ਹਨ, ਜੋ ਘਰੋਂ ਛੋਟੇ-ਛੋਟੇ ਕੰਮ ਚਲਾਕੇ ਆਪਣਾ ਘਰ ਚਲਾ ਰਹੀਆਂ ਹਨ ਤੇ ਸੇਵਾਵਾਂ ਵੀ ਦੇ ਰਹੀਆਂ ਹਨ ਭਾਵੇਂ ਉਹ ਘਰੋਂ ਭੋਜਨ ਬਣਾ ਕੇ ਵੇਚਣਾ ਹੋਵੇ, ਜਿਸ ਨੂੰ ਟਿਫਨ ਸਰਵਿਸ ਕਹਿੰਦੇ ਹਨ। ਕੁੜੀਆਂ ਸੈਲੂਨ ਸਰਵਿਸ ਜਾਂ ਹੱਥੀਂ ਕਿੱਤਾ ਕਰਨਾ ਕੋਈ ਸਿਲਾਈ ਜਾਂ ਬੁਣਾਈ ਦਾ ਅਤੇ ਹੋਰ ਵੀ ਬਹੁਤ ਸਾਰੇ ਕੰਮ ਕਰਦੀਆਂ ਹਨ।
ਹੁਣ ਜੇ ਗੱਲ ਕਰੀਏ ਨੌਕਰੀਆਂ ਦੀ ਤਾਂ ਕੁੜੀਆਂ ਕਿਹੜੇ ਖੇਤਰ ਵਿੱਚ ਕੰਮ ਨਹੀਂ ਕਰਦੀਆਂ, ਜਿੱਥੇ ਮੁੰਡੇ ਕੰਮ ਕਰਦੇ ਹੋਣ। ਭਾਵੇਂ ਕੋਈ ਭਾਰਾ ਕੰਮ ਵੀ ਕਿਉਂ ਨਾ ਹੋਵੇ। ਜੇ ਇੱਕ ਝਾਤ ਮਾਰ ਕੇ ਦੇਖੀ ਜਾਵੇ ਤਾਂ ਉਸਾਰੀ, (ਰੰਗ ਕਰਨ, ਲੱਕੜੀ ਦਾ ਕੰਮ), ਫੂਡ ਸੈਕਟਰ, ਬੈਂਕਾਂ, ਕਾਲ ਸੈਂਟਰ, ਹੋਟਲ, ਰੈਸਟੋਰੈਂਟ, ਸਫਾਈ, ਸਕਿਉਰਟੀ ਗਾਰਡ, ਵੇਅਰਹਾਊਸ, ਟਰੱਕ, ਹਸਪਤਾਲ ਆਦਿ ਹੋਰ ਵੀ ਬਹੁਤ ਸਾਰੇ ਸਰਕਾਰੀ, ਗੈਰ-ਸਰਕਾਰੀ ਖੇਤਰ ਹਨ ਜਿੱਥੇ ਕੁੜੀਆਂ ਬਰਾਬਰ ਕੰਮ ਕਰਦੀਆਂ ਹਨ। ਜੇ ਵਿਆਹੀਆਂ ਹੋਈਆਂ ਕੁੜੀਆਂ ਦੀ ਗੱਲ ਕਰੀਏ, ਜੋ ਪਿਛਲੇ ਸਮੇਂ ਤੋਂ ਰਿਵਾਜ ਚੱਲਿਆ ਹੈ ਕਿ ਕੁੜੀ ਆਈਲੈੱਟਸ ਕਰੂ ਤੇ ਖਰਚਾ ਮੁੰਡੇ ਵਾਲੇ ਕਰਦੇ ਤਾਂ ਉੱਥੇ ਜ਼ਿਆਦਾਤਰ ਕੁੜੀਆਂ ਇਮਾਨਦਾਰ ਹੁੰਦੀਆਂ ਹਨ ਜੋ ਕਿ ਆਪ ਸੈੱਟ ਹੋ ਕੇ ਆਪਣੇ ਜੀਵਨ ਸਾਥੀ ਨੂੰ ਬੁਲਾ ਕੇ ਸੈੱਟ ਕਰਦੀਆਂ ਹਨ। ਬਲਕਿ ਉਨ੍ਹਾਂ ਦੇ ਪਰਿਵਾਰ ਨੂੰ ਵੀ ਸੈੱਟ ਕਰਦੀਆਂ ਹਨ। ਕੁਝ ਕੁ ਰਿਸ਼ਤੇ ਖਰਾਬ ਹੁੰਦੇ ਹਨ ਜਿਸ ਪਿੱਛੇ ਵੀ ਬਹੁਤ ਸਾਰੇ ਕਾਰਨ ਹੁੰਦੇ ਹਨ। ਪਰ ਸਮਾਜ ਦੀ ਤਰਾਸਦੀ ਹੈ ਕਿ ਉਹ ਭੈੜੇ ਤੱਥਾਂ ਤੇ ਜ਼ੋਰ ਦਿੰਦਾ ਹੈ ਚੰਗੀਆਂ ਕੁੜੀਆਂ ਤੇ ਨਹੀਂ। ਇਸ ਗੱਲ ਤੋਂ ਆਪਾਂ ਸਾਰੇ ਭਲੀ ਭਾਂਤ ਜਾਣੂ ਹਾਂ ਕਿ ਸੱਤ ਸਮੁੰਦਰੋਂ ਪਾਰ ਆ ਕੇ ਵਸਣਾ ਕੋਈ ਸੌਖਾ ਨਹੀਂ ਨਾ ਹੀ ਕੁੜੀਆਂ ਲਈ ਤੇ ਨਾ ਹੀ ਮੁੰਡਿਆਂ ਲਈ। ਬਹੁਤ ਸਾਰੀਆਂ ਔਕੜਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਤਾਂ ਉੱਥੇ ਬਿਨਾਂ ਕਿਸੇ ਸ਼ੱਕ ਦੇ ਨਵੀਆਂ ਆਈਆਂ ਕੁੜੀਆਂ ਇੱਥੋਂ ਦੇ ਰਹਿਣ-ਸਹਿਣ, ਸਲੀਕੇ ਸਿੱਖਦੀਆਂ ਹਨ। ਬਹੁਤ ਔਕੜਾਂ ਦਾ ਸਾਹਮਣਾ ਕਰਦੀਆਂ ਹਨ ਜਿਵੇਂ ਕਿ ਬਿਨਾਂ ਬੈੱਡ ਤੋਂ ਫਰਸ਼ ਤੇ ਸੌਣਾ, ਬੱਸਾਂ ਵਿੱਚ ਲੰਮਾ ਸਫਰ ਕਰਨਾ। ਭੱਜ-ਭੱਜ ਕੇ ਕਾਲਜ ਜਾਣਾ, ਕੰਮ ’ਤੇ ਜਾਣਾ, ਘਰ ਦੇ ਰੋਜ਼ਮਰ੍ਹਾ ਜ਼ਿੰਦਗੀ ਦੇ ਕੰਮ ਕਰਨੇ ਤੇ ਹੋਰ ਬਹੁਤ ਕੰਮ। ਉੱਥੇ ਪਰਿਵਾਰ ਨਾਲ ਜਾਂ ਜੀਵਨ ਸਾਥੀ ਨੂੰ ਫੋਨ ਕਰਨਾ, ਟਾਈਮ ਦੇਣਾ, ਮਤਲਬ ਸਾਰਾ ਕੁਝ ਦੇਖਣਾ ਇਹ ਬਹੁਤ ਘੱਟ ਲੋਕ ਸਮਝਦੇ ਹਨ। ਉੱਥੇ ਇਨ੍ਹਾਂ ਕੁੜੀਆਂ ਦੇ ਜੀਵਨ ਸਾਥੀ ਜਦੋਂ ਆਉਂਦੇ ਹਨ ਤਾਂ ਉਹ ਅੱਗੇ ਲੱਗ ਕੇ ਸਾਰੇ ਰਿਹਾਇਸ਼ੀ ਪ੍ਰਬੰਧ ਕਰਦੀਆਂ ਹਨ ਜੋ ਉਨ੍ਹਾਂ ਨੂੰ ਇੱਥੇ ਆ ਕੇ ਨਹੀਂ ਸਨ ਮਿਲੇ। ਉਹ ਚੰਗੇ ਆਰਾਮਦਾਇਕ ਬੈੱਡ ਦਾ ਪ੍ਰਬੰਧ ਕਰਨਾ, ਬੈਂਕ ਜਾਂ ਇੰਮੀਗਰੇਸ਼ਨ ਦੇ ਕੰਮ ਕਰਦੀਆਂ ਹਨ ਤੇ ਉਨ੍ਹਾਂ ਦਾ ਰਾਜਿਆਂ ਵਾਂਗ ਸਵਾਗਤ ਵੀ ਕਰਦੀਆਂ ਹਨ। ਕੈਨੇਡਾ ਆ ਕੇ ਇਕੱਲੀਆਂ ਬਹੁਤ ਸਰੀਰਕ ਤੇ ਮਾਨਸਿਕ ਸਮੱਸਿਆਵਾਂ ਦਾ ਸਾਹਮਣਾ ਕਰਦੀਆਂ ਹਨ ਪਰ ਬਹੁਤ ਘੱਟ ਲੋਕ ਕਦਰ ਕਰਦੇ ਹਨ। ਇਸ ਸੰਘਰਸ਼ ਨੂੰ ਕੌਣ ਤੇ ਕਦੋਂ ਸਮਝੂ? ਜੋ ਕੁੜੀਆਂ ਕੁਆਰੀਆਂ ਆਉਂਦੀਆਂ ਹਨ ਤੇ ਕਈ ਸਾਲ ਤਕ ਪ੍ਰਦੇਸਾਂ ਵਿੱਚ ਰਹਿੰਦੀਆਂ ਹਨ ਉਨ੍ਹਾਂ ਦਾ ਸੰਘਰਸ਼ ਵੀ ਔਖਾ ਹੁੰਦਾ ਹੈ ਜਦੋਂ ਉਹ ਸਾਰਾ ਕੁਝ ਆਪ ਪ੍ਰਬੰਧ ਕਰਦੀਆਂ ਹਨ ਤੇ ਜੇ ਕਿਧਰੇ ਰਿਸ਼ਤਾ ਹੁੰਦਾ ਤਾਂ ਅਕਸਰ ਉਨ੍ਹਾਂ ਨੂੰ ਅਜੀਬੋ-ਗਰੀਬ ਸਵਾਲ ਪੁੱਛੇ ਜਾਂਦੇ ਹਨ ਜੋ ਉਨ੍ਹਾਂ ਨੂੰ ਮਾਨਸਿਕ ਤੌਰ ’ਤੇ ਤੰਗ ਕਰਦੇ ਹਨ। ਕੈਨੇਡਾ ਵਿੱਚ ਰਹਿੰਦਿਆਂ ਰੋਜ਼ ਹੀ ਬਹੁਤ ਸਮੱਸਿਆਵਾਂ ਆਉਂਦੀਆਂ ਰਹਿੰਦੀਆਂ ਹਨ ਜੋ ਮੈਂ ਖੁਦ ਹੰਢਾਈਆਂ ਹਨ। ਮੈਂ ਕੈਨੇਡਾ ਦੇ ਇੱਕ ਸ਼ਹਿਰ ਵਿੱਚ ਵੀਹ ਦਿਨ ਇਕੱਲੀ ਰਹੀ ਜਿੱਥੇ ਮੈਨੂੰ ਜ਼ਿਆਦਾ ਲੋਕ ਨਹੀਂ ਸਨ ਜਾਣਦੇ। ਮੈਨੂੰ ਤਾਂ ਕਿਸੇ ਨੇ ਮੂੰਹ ਵਿੱਚ ਨਹੀਂ ਪਾ ਲਿਆ? ਮੈਂ ਤਾਂ ਅਕਸਰ ਰਾਤ ਨੂੰ ਬਾਰਾਂ ਇੱਕ ਵਜੇ ਦੋ ਤਿੰਨ ਕਿਲੋਮੀਟਰ ਤੁਰ ਕੇ ਬਰੈਂਪਟਨ ਤੇ ਹੁਣ ਕੈਨੇਡਾ ਦੇ ਇੱਕ ਟਾਪੂ ਤੋਂ ਆਉਂਦੀ ਹਾਂ ਤਾਂ ਮੈਨੂੰ ਕਦੇ ਕਿਸੇ ਨੇ ਖਾ ਨਹੀਂ ਲਿਆ। ਬਹੁਤ ਸੱਚ ਨੇ ਜੋ ਮੈਂ ਦੱਸਣਾ ਚਾਹੁੰਦੀ ਹਾਂ ਜੋ ਹੱਡ ਬੀਤੀਆਂ ਤੇ ਅੱਖੀਂ ਦੇਖੀਆਂ ਗੱਲਾਂ ਹਨ। ਮੇਰੀ ਜਾਣ-ਪਛਾਣ ਵਿੱਚ ਇੱਕ ਨਹੀਂ ਬਹੁਤ ਕੁੜੀਆਂ ਹਨ ਜਿਨ੍ਹਾਂ ਨੇ ਆਪਣੇ ਜੀਵਨ ਸਾਥੀ ਇੱਥੇ ਬੁਲਾ ਕੇ ਉਨ੍ਹਾਂ ਨੂੰ ਚੰਗੀ ਜ਼ਿੰਦਗੀ ਦਿੱਤੀ। ਅਸੀਂ ਮਾਇਸੋ ਵੱਲੋਂ ਕਈ ਸੰਘਰਸ਼ ਲੜੇ ਤਾਂ ਕੁੜੀਆਂ ਦਾ ਬਹੁਤ ਯੋਗਦਾਨ ਰਿਹਾ। ਭਾਵੇਂ ਉਹ ਸੰਘਰਸ਼ ਮੌਂਟਰੀਅਲ, ਨੌਰਥ ਬੇਅ, ਬਰੈਂਪਟਨ ਜਾਂ ਕਿਸੇ ਹੋਰ ਸ਼ਹਿਰ ਵਿੱਚ ਰਿਹਾ ਹੋਵੇ। ਉੱਥੇ ਰਵਨੀਤ ਕੌਰ, ਮਨਪ੍ਰੀਤ ਕੌਰ, ਅਵਨੀਤ ਕੌਰ, ਰਾਜਪਾਲ ਕੌਰ ਤੇ ਹੋਰ ਕੁੜੀਆਂ ਦਾ ਭਰਵਾਂ ਸਹਿਯੋਗ ਰਿਹਾ। ਇੱਕ ਕੁੜੀਆਂ ਚਿੜੀਆਂ ਨਹੀਂ, ਬਾਜ਼ ਬਣ ਕੇ ਸਿਸਟਮ ਖਿਲਾਫ ਬੇਖੌਫ ਹੋ ਕੇ ਬੋਲੀਆਂ, ਜਿੱਥੇ ਕਾਲਜ ਉਨ੍ਹਾਂ ਦੀ ਲੁੱਟ ਕਰ ਰਹੇ ਸੀ। ਜੇ ਸੱਚ ਲਿਖਣਾ ਹੋਵੇ ਬੋਲਣਾ ਹੋਵੇ ਤਾਂ ਹੋਰ ਬਹੁਤ ਕੁਝ ਹੈ। ਇਸ ’ਤੇ ਮੈਂ ਇੱਕ ਲੇਖ ਨਹੀਂ ਬਲਕਿ ਇੱਕ ਕਿਤਾਬ ਤੋਂ ਵੀ ਜ਼ਿਆਦਾ ਲਿਖ ਸਕਦੀ ਹਾਂ। ਸੰਘਰਸ਼ ਕਰਦੀਆਂ ਇਨ੍ਹਾਂ ਕੁੜੀਆਂ ਨੂੰ ਮੇਰਾ ਸੱਚੇ ਦਿਲੋਂ ਸਲਾਮ ਹੈ। ਆਓ ਇਕੱਠੇ ਹੋ ਕੇ ਮਿਹਨਤੀ ਕੁੜੀਆਂ ਲਈ ਆਵਾਜ਼ ਬੁਲੰਦ ਕਰੀਏ ਤਾਂ ਕਿ ਯੂ-ਟਿਊਬ, ਫੇਸਬੁੱਕ ਤੇ ਅਖਬਾਰਾਂ ਦੀਆਂ ਸੁਰਖੀਆਂ ਦੇ ਸਿਰਲੇਖ ਬਦਲ ਜਾਣ ਤੇ ਕੁੜੀਆਂ ਦੇ ਸੰਘਰਸ਼ਾਂ ਤੇ ਮਿਹਨਤਾਂ ਦਾ ਮੁੱਲ ਮਿਲੇ। ਉਨ੍ਹਾਂ ਦੇ ਚਰਿੱਤਰ ’ਤੇ ਉੱਠਣ ਵਾਲੇ ਸਵਾਲ ਅਤੇ ਲੱਗੇ ਧੱਬੇ ਮਿਟ ਜਾਣ ਤੇ ਉਹ ਵੀ ਬਿਨਾਂ ਕਿਸੇ ਦਬਾਅ ਤੋਂ ਹੋਰ ਹੌਸਲੇ ਨਾਲ ਅੱਗੇ ਵਧ ਸਕਣ, ਸਮਾਜ ਵਿੱਚ ਲਿੰਗ ਅਧਾਰਿਤ ਵਿਤਕਰਾ ਮਿਟ ਸਕੇ ਤੇ ਕੁੜੀਆਂ ਦੀ ਮਿਹਨਤ ਅਜਾਈਂ ਨਾ ਜਾਵੇ। ਸੱਤ ਸਮੁੰਦਰੋਂ ਪਾਰ ਬੈਠੇ ਲੋਕ ਕੁੜੀਆਂ ਨੂੰ ਬਦਨਾਮ ਕਰਨ ਦੀ ਬਜਾਏ ਸਲਾਮ ਕਰਨ ਤੇ ਮਾਪਿਆਂ ਦੇ ਮਨ ਵਿੱਚ ਡਰ ਦੀ ਜਗ੍ਹਾ ਫਖਰ ਹੋਵੇ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4817)
(ਸਰੋਕਾਰ ਨਾਲ ਸੰਪਰਕ ਲਈ: (