“ਉਹ ਭੋਗਪੁਰ ਦੇ ਲਾਗਲੇ ਹੀ ਪਿੰਡ ਦਾ ਸੀ, ਜਿੱਥੇ ਦੀ ਬੱਸ ਵੀ ਆਪ ਹੀ ਫੜ ਲੈਂਦਾ ਤੇ ਰਸਤੇ ਵੀ ਜਿਵੇਂ ਉਹ ਆਪਣੇ ਪੈਰਾਂ ...”
(1 ਮਾਰਚ 2024)
ਇਸ ਸਮੇਂ ਪਾਠਕ: 335.
ਗੱਲ 2010 ਦੀ ਹੈ। ਪ੍ਰਾਈਵੇਟ ਨੌਕਰੀ ਦੇ ਧੱਕੇ-ਧੋੜਿਆਂ ਤੋਂ ਅੱਕੇ ਨੂੰ ਮੈਨੂੰ ਉਦੋਂ ਇੱਕ ਆਸ ਜਿਹੀ ਜਾਗੀ ਜਦੋਂ ਸਰਕਾਰ ਨੇ ਆਪਣੇ ਮਹਿਕਮਿਆਂ ਵਿੱਚ ਨੌਕਰੀਆਂ ਕੱਢੀਆਂ। ਸਭ ਵਾਂਗ ਮੈਂ ਵੀ ਨੌਕਰੀ ਲਈ ਅਰਜ਼ੀ ਭਰ ਦਿੱਤੀ ਕਿ ਇੱਕ ਵਾਰ ਵੇਖ ਲੈਂਦੇ ਹਾਂ, ਇਹ ਵੀ ਕਰਕੇ। ਬੱਸ ਰੱਬ ਨੇ ਜਿਵੇਂ ਨੇੜੇ ਹੋ ਕੇ ਸੁਣੀ ਤੇ ਪੇਪਰ ਪਾਸ ਕਰਕੇ ਮੈਰਿਟ ਵਿੱਚ ਨਾਂ ਆ ਗਿਆ। ਫਿਰ ਪਹੁੰਚ ਗਿਆ ਮੈ ਚੰਡੀਗੜ੍ਹ, ਸਟੇਸ਼ਨ ਲੈਣ ਲਈ। ਪਹਿਲਾਂ ਜਲੰਧਰ ਜ਼ਿਲ੍ਹਾ ਮਿਲਿਆ ਤੇ ਅੱਗੇ ਉਹਨਾਂ ਨੇ ਭੋਗਪੁਰ ਭੇਜ ਦਿੱਤਾ। ਸਾਰਾ ਕੁਝ ਕਿਸੇ ਸੁਪਨੇ ਵਾਂਗ ਹੀ ਜਾਪ ਰਿਹਾ ਸੀ, ਜ਼ਿਆਦਾ ਸੋਚਣ ਦਾ ਮੌਕਾ ਹੀ ਨਹੀਂ ਮਿਲਿਆ।
ਭੋਗਪੁਰ ਵਿੱਚ ਤਿੰਨ ਕੁ ਸਾਲ ਬਿਤਾਏ ਤੇ ਫਿਰ ਪਹਿਲੇ ਮੌਕੇ ਹੀ ਬਦਲੀ ਕਰਵਾ ਕੇ ਮੈਂ ਲੁਧਿਆਣੇ ਨੂੰ ਵਾਪਸੀ ਕਰ ਲਈ। ਪਿਛਲੇ ਦਿਨੀਂ ਮੈਂ ਘਰ ਬੈਠਾ ਸੀ ਕਿ ਫੋਨ ਦੀ ਘੰਟੀ ਵੱਜੀ ਤੇ ਇੱਕ ਪੁਰਾਣੀ ਕਹਾਣੀ ਨੇ ਜਿਵੇਂ ਸੋਚ ’ਤੇ ਦਸਤਕ ਦੇ ਦਿੱਤੀ। ਉਸ ਸ਼ਖਸ ਨਾਲ ਹਾਲ ਚਾਲ ਪੁੱਛਣ ਤੋਂ ਸ਼ੁਰੂ ਹੋਈ ਗੱਲ ਕਦੋਂ ਲੰਬੀਆਂ ਕਹਾਣੀਆਂ ਦੇ ਅਦਾਨ-ਪ੍ਰਦਾਨ ਵਿੱਚ ਬਦਲ ਗਈ, ਪਤਾ ਹੀ ਨਹੀਂ ਚੱਲਿਆ। ਬਹੁਤ ਲੰਬਾ ਸਮਾਂ ਗੱਲ ਕਰਨ ਤੋਂ ਬਾਦ ਜਦੋਂ ਫੋਨ ਬੰਦ ਕੀਤਾ ਤਾਂ ਦਿਮਾਗ ਵਿੱਚ ਫਿਰ ਪੁਰਾਣੀ ਕਹਾਣੀ ਘੁੰਮਣ ਲੱਗ ਪਈ। ਇਹ ਕਹਾਣੀ ਸੀ ਸਰਬਜੀਤ ਦੀ, ਜੋ ਭੋਗਪੁਰ ਦੇ ਉਸੇ ਆਫਿਸ ਵਿੱਚ ਬਤੌਰ ਸੇਵਾਦਾਰ ਕੰਮ ਕਰਦਾ ਸੀ, ਜਿੱਥੇ ਮੈਂ ਕੰਮ ਕੀਤਾ ਸੀ।
ਉਮਰ ਵਿੱਚ ਸਰਬਜੀਤ ਮੇਰੇ ਤੋਂ ਦੋ ਕੁ ਸਾਲ ਵੱਡਾ ਹੀ ਹੋਵੇਗਾ, ਪਰ ਦਰਮਿਆਨ ਕੱਦ ਕਾਠ ਤੇ ਦੁਬਲੇ ਸਰੀਰ ਦਾ ਮਾਲਕ ਹੋਣ ਕਰਕੇ ਉਹ ਮੈਨੂੰ ਉਮਰ ਵਿੱਚ ਮੇਰੇ ਤੋਂ ਛੋਟਾ ਹੀ ਜਾਪਦਾ ਸੀ। ਬਹੁਤ ਹੀ ਤਮੀਜ਼ਦਾਰ ਤੇ ਨਿੱਘਾ, ਸਿੱਧੀ ਦਿਲ ਵਿੱਚ ਉੱਤਰ ਜਾਣ ਵਾਲੀ ਸ਼ਖਸੀਅਤ ਦਾ ਮਾਲਕ। ਉਹ ਹੌਸਲੇ ਦੀ ਇੱਕ ਜਿਉਂਦੀ-ਜਾਗਦੀ ਮਿਸਾਲ ਸੀ। ਦਿਲ ਦਾ ਪਾਕ-ਸਾਫ਼ ਤੇ ਸਭ ਨੂੰ ਦਿਲ ਦੀਆਂ ਅੱਖਾਂ ਨਾਲ ਵੇਖਣ ਵਾਲਾ। ਦਿਲ ਦੀਆਂ ਅੱਖਾਂ ਨਾਲ ਤਾਂ ਕਿਉਂਕਿ ਰੱਬ ਨੇ ਉਸ ਨੂੰ ਅੱਖਾਂ ਦੀ ਰੋਸ਼ਨੀ ਤੋਂ ਵਾਂਝਾ ਰੱਖ ਛੱਡਿਆ ਸੀ। ਪਹਿਲੇ ਦਿਨ ਤਾਂ ਇਹ ਸਭ ਵੇਖ ਕੇ ਹਰ ਵਿਅਕਤੀ ਦੀ ਤਰ੍ਹਾਂ ਮੈਨੂੰ ਵੀ ਉਸ ਉੱਤੇ ਤਰਸ ਆਇਆ ਸੀ, ਪਰ ਜਿਉਂ-ਜਿਉਂ ਉਸ ਨੂੰ ਜਾਨਣ ਦਾ ਮੌਕਾ ਮਿਲਿਆ ਤਾਂ ਪਤਾ ਲੱਗਾ ਕਿ ਅਸੀਂ ਅਨਜਾਣਪੁਣੇ ਵਿੱਚ ਕਿੰਨਾ ਗਲਤ ਸੋਚਦੇ ਹਾਂ।
ਸਰਬਜੀਤ ਇਸ ਆਫਿਸ ਵਿੱਚ ਹਰ ਕੰਮ ਦਾ ਮਾਹਿਰ ਸੀ। ਉਹ ਸਾਡੇ ਲਈ ਚਾਹ ਬਣਾ ਦਿੰਦਾ, ਦਫਤਰ ਵਿੱਚ ਕੰਮ ਕਰਾਉਣ ਆਏ ਲੋਕਾਂ ਨੂੰ ਸਾਰੀ ਜਾਣਕਾਰੀ ਦਿੰਦਾ, ਬਜ਼ਾਰ ਜਾ ਕੇ ਫੋਟੋ ਕਾਪੀਆਂ ਵੀ ਕਰਵਾ ਲਿਆਉਂਦਾ ਤੇ ਹੋਰ ਵੀ ਕਈ ਕੰਮ ਉਹ ਸੁਖਾਲੇ ਹੀ ਕਰ ਲੈਂਦਾ। ਉਹ ਭੋਗਪੁਰ ਦੇ ਲਾਗਲੇ ਹੀ ਪਿੰਡ ਦਾ ਸੀ, ਜਿੱਥੇ ਦੀ ਬੱਸ ਵੀ ਆਪ ਹੀ ਫੜ ਲੈਂਦਾ ਤੇ ਰਸਤੇ ਵੀ ਜਿਵੇਂ ਉਹ ਆਪਣੇ ਪੈਰਾਂ ਦੀਆਂ ਅੱਖਾਂ ਨਾਲ ਹੀ ਵੇਖਦਾ ਸੀ। ਹਰ ਕਿਸੇ ਦੀ ਅਵਾਜ਼ ਤੋਂ ਸਰਬਜੀਤ ਵਿਅਕਤੀ ਨੂੰ ਪਛਾਣ ਲੈਂਦਾ ਤੇ ਕਈ ਵਾਰ ਤਾਂ ਪੈਰਾਂ ਦੀ ਖੜਾਕ ਤੋਂ ਵੀ। ਸਾਡੇ ਲਈ ਇਹ ਸਭ ਵੇਖਣਾ ਅਚੰਭਾ ਹੀ ਪੈਦਾ ਕਰਦਾ। ਉਸ ਨਾਲ ਰਹਿੰਦੇ ਕਦੇ ਅਜਿਹਾ ਲੱਗਿਆ ਹੀ ਨਹੀਂ ਸੀ ਕਿ ਉਸ ਨੂੰ ਕਿਸੇ ਦੇ ਸਹਾਰੇ ਦੀ ਜ਼ਰੂਰਤ ਵੀ ਸੀ।
ਪੜ੍ਹਨ-ਲਿਖਣ ਵਿੱਚ ਦਿਲਚਸਪੀ ਰੱਖਣ ਵਾਲਾ, ਗਾਣੇ ਗਾਉਣ ਦਾ ਸ਼ੌਕੀਨ ਸੀ ਸਰਬਜੀਤ, ਪਰ ਗਾਉਂਦਾ ਉਹ ਆਪਣੇ ਲਿਖੇ ਗਾਣੇ ਹੀ ਸੀ। ਥੋੜ੍ਹੀ ਬਹੁਤ ਸ਼ਾਇਰੀ ਵੀ ਕਰ ਲੈਂਦਾ ਸੀ। ਪਹਿਲੀ ਵਾਰ ਮੈਂ ਉਸ ਨੂੰ ਹੀ ਵੇਖਿਆ, ਮੋਬਾਇਲ ਵਿੱਚ ਕਿਸੇ ਸਾਫਟਵੇਅਰ ਰਾਹੀਂ ਇੰਟਰਨੈੱਟ ’ਤੇ ਖਬਰਾਂ ਸੁਣਦੇ ਨੂੰ। ਅੱਜ ਕੱਲ੍ਹ ਤਾਂ ਸੀਰੀ, ਅਲੈਕਸਾ ਵਰਗੀਆਂ ਤੋਂ ਜੋ ਮਰਜ਼ੀ ਪੁੱਛੀ ਜਾਓ। ਆਪਣੇ ਹੱਕਾਂ ਪ੍ਰਤੀ ਵੀ ਸਰਬਜੀਤ ਪੂਰਾ ਜਾਗਰੂਕ ਸੀ। ਜ਼ਿਲ੍ਹਾ ਦਫਤਰ ਦੀ ਹਰ ਛੋਟੀ ਵੱਡੀ ਗੱਲ ਉਸ ਕੋਲ ਸਾਡੇ ਤੋਂ ਵੀ ਪਹਿਲਾਂ ਪਹੁੰਚਦੀ। ਸੁਭਾਅ ਤੋਂ ਮਿਲਾਪੜਾ ਹੋਣ ਕਰਕੇ ਹਰ ਕਿਸੇ ਦੇ ਮਨ ਵਿੱਚ ਉਹ ਆਪਣੀ ਜਗ੍ਹਾ ਅਸਾਨੀ ਨਾਲ ਬਣਾ ਲੈਂਦਾ ਸੀ।
ਇੱਕ ਦਿਨ ਗੱਲਾਂ ਗੱਲਾਂ ਵਿੱਚ ਸਰਬਜੀਤ ਨੇ ਦੱਸਿਆ ਕਿ ਉਸ ਦੀ ਮਹਿਕਮੇ ਵਿੱਚ ਭਰਤੀ ਬਤੌਰ ਕੇਨਰ (ਕੁਰਸੀਆਂ ਬੁਨਣ ਵਾਲਾ) ਹੋਈ ਸੀ, ਪਰ ਅਫਸਰਾਂ ਨੇ ਉਸ ਨੂੰ ਉਸ ਦੇ ਪਿੰਡ ਦੇ ਨੇੜੇ ਦੇ ਸਟੇਸ਼ਨ ’ਤੇ ਤਾਇਨਾਤ ਕਰਵਾ ਦਿੱਤਾ ਸੀ, ਤਾਂ ਜੋ ਉਸ ਨੂੰ ਜ਼ਿਆਦਾ ਖੇਚਲ ਨਾ ਕਰਨੀ ਪਵੇ। ਨੌਕਰੀ ਕਰਨ ਤੋਂ ਪਹਿਲਾਂ ਉਹ ਦਿੱਲੀ ਵਿੱਚ ਰਹਿ ਕੇ ਇਲੈਕਟ੍ਰੀਸ਼ਨ ਦਾ ਕੋਰਸ ਵੀ ਕਰ ਚੁੱਕਾ ਸੀ ਅਤੇ ਫਿਰ ਉਸ ਨੇ ਆਪਣੀ ਯੂਨੀਅਨ ਨਾਲ ਰਲ ਕੇ ਸਰਕਾਰੀ ਨੌਕਰੀਆਂ ਵਿੱਚ ਰਾਖਵੇਕਰਨ ਲਈ ਵੀ ਲੰਬੀ ਜੱਦੋਜਹਿਦ ਕੀਤੀ ਸੀ। ਉਸ ਜੱਦੋਜਹਿਦ ਤੋਂ ਬਾਦ ਸਰਕਾਰੀ ਨੌਕਰੀਆਂ ਵਿੱਚ ਨੇਤਰਹੀਨਾਂ ਲਈ ਇੱਕ ਪ੍ਰਤੀਸ਼ਤ ਰਾਖਵਾਂਕਰਨ ਪੱਕਾ ਹੋਇਆ ਤੇ ਫਿਰ ਉਸ ਨੂੰ ਨੌਕਰੀ ਮਿਲੀ। ਇਹ ਸਭ ਦੱਸਦੇ ਹੋਏ ਸਰਬਜੀਤ ਦੇ ਚਿਹਰੇ ਦੇ ਜਿੱਤ ਦੇ ਭਾਵ ਵੇਖਣ ਯੋਗ ਹੁੰਦੇ ਸੀ। ਉਹ ਆਪਣੇ ਪਰਿਵਾਰ ਅਤੇ ਬੱਚਿਆਂ ਦੀ ਵੀ ਵਧੀਆ ਦੇਖ ਰੇਖ ਕਰ ਰਿਹਾ ਸੀ। ਉਸ ਦੇ ਬੱਚੇ ਸ਼ਹਿਰ ਦੇ ਵਧੀਆ ਪ੍ਰਾਈਵੇਟ ਸਕੂਲ ਵਿੱਚ ਪੜ੍ਹੇ ਤੇ ਤਰੱਕੀਆਂ ਕਰ ਗਏ। ਪਿੰਡ ਦੇ ਜੱਦੀ ਘਰ ਨੂੰ ਵੀ ਉਸ ਨੇ ਪੱਕਾ ਤੇ ਆਧੁਨਿਕ ਬਣਾ ਲਿਆ ਸੀ।
ਭੋਗਪੁਰ ਤੋਂ ਵਾਪਸੀ ਤੋਂ ਬਾਅਦ ਪਹਿਲਾਂ ਪਹਿਲਾਂ ਕਈ ਵਾਰ ਫੋਨ ’ਤੇ ਸਰਬਜੀਤ ਨਾਲ ਗੱਲ ਹੋ ਜਾਣੀ ਤੇ ਫਿਰ ਰੁਝੇਵਿਆਂ ਕਾਰਨ ਉਹ ਵੀ ਘਟ ਗਈ। ਉਸ ਤੋਂ ਬਾਦ ਦੁਬਾਰਾ ਉਸ ਨੂੰ ਮਿਲਣ ਦਾ ਸਬੱਬ ਨਹੀਂ ਬਣਿਆ। ਅੱਜ ਜਦੋਂ ਬਹੁਤ ਦੇਰ ਬਾਦ ਗੱਲ ਹੋਈ ਤਾਂ ਪਤਾ ਲੱਗਿਆ ਕਿ ਹੁਣ ਉਹ ਜ਼ਿਲ੍ਹਾ ਦਫਤਰ ਵਿੱਚ ਤਰੱਕੀ ਲੈ ਕੇ ਕਲਰਕ ਲੱਗ ਗਿਆ ਹੈ। ਆਪਣੀ ਬੇਟੀ ਦਾ ਵਿਆਹ ਉਸਨੇ ਚੰਗੇ ਘਰ ਕਰ ਦਿੱਤਾ ਹੈ ਅਤੇ ਬੇਟਾ ਕਨੇਡਾ ਪੜ੍ਹਾਈ ਕਰਨ ਲਈ ਭੇਜ ਦਿੱਤਾ ਹੈ। ਇਹ ਸਭ ਜਾਣ ਕੇ ਮਨ ਨੂੰ ਖੁਸ਼ੀ ਅਤੇ ਤਸੱਲੀ ਜਿਹੀ ਹੋਈ ਅਤੇ ਦੁਨੀਆਂ ਦੇ ਉਹ ਸਭ ਲੋਕ ਸ਼ਖਸੀਅਤ ਪੱਖੋਂ ਉਸ ਅੱਗੇ ਬੌਣੇ ਜਿਹੇ ਜਾਪਣ ਲੱਗੇ, ਜੋ ਸਭ ਕੁਝ ਹੋਣ ਦੇ ਬਾਵਜੂਦ ਵੀ ਰੱਬ ਅਤੇ ਸਮਾਜ ਨੂੰ ਕੋਸਦੇ ਹੀ ਰਹਿੰਦੇ ਨੇ। ਸਰਬਜੀਤ ਵਰਗੇ ਲੋਕ ਸਾਡੇ ਸਮਾਜ ਦੇ ਉਹ ਚਾਨਣ ਮੁਨਾਰੇ ਹਨ, ਜੋ ਹਰ ਉਸ ਵਿਅਕਤੀ ਲਈ ਇੱਕ ਮਿਸਾਲ ਹਨ, ਜੋ ਛੋਟੀਆਂ ਛੋਟੀਆਂ ਤਕਲੀਫਾਂ ਤੋਂ ਹਾਰ ਮੰਨ ਲੈਂਦੇ ਹਨ। ਜ਼ਿੰਦਗੀ ਨੂੰ ਜਿਊਣ ਦਾ ਅਸਲੀ ਵੱਲ ਤਾਂ ਅਜਿਹੇ ਲੋਕ ਹੀ ਜਾਣਦੇ ਹਨ, ਜੋ ਮੁਸੀਬਤਾਂ ਅੱਗੇ ਚਟਾਨ ਬਣ ਕੇ ਖੜ੍ਹੇ ਰਹਿੰਦੇ ਹਨ ਅਤੇ ਆਪਣਾ ਰਸਤਾ ਆਪ ਬਣਾਉਂਦੇ ਹਨ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4768)
(ਸਰੋਕਾਰ ਨਾਲ ਸੰਪਰਕ ਲਈ: (