GianSinghDr7ਵੱਖ-ਵੱਖ ਕਾਰਨਾਂ ਕਰ ਕੇ ਕੀਤਾ ਜਾ ਰਿਹਾ ਪਰਵਾਸ ਪੰਜਾਬ ਅਤੇ ਭਾਰਤ ਲਈ ‘ਬੌਧਿਕ ਹੂੰਝੇ’, ‘ਪੂੰਜੀ ਹੂੰਝੇ’ ਅਤੇ ...
(24 ਫਰਵਰੀ 2024)
ਇਸ ਸਮੇਂ ਪਾਠਕ: 235.


(ਵਿਸ਼ੇ ਦੀ ਵਿਸ਼ਾਲਤਾ ਕਾਰਨ ਇਸ ਲੇਖ ਦਾ ਆਕਾਰ ਕੁਝ ਵੱਡਾ ਹੈ, ਪਾਠਕ ਇਸ ਨੂੰ ਦੋਂਹ ਕਿਸ਼ਤਾਂ ਵਿੱਚ ਵੀ ਪੜ੍ਹ ਸਕਦੇ ਹਨ --- ਸੰਪਾਦਕ)

ਮਨੁੱਖੀ ਹੋਂਦ ਦੀ ਸ਼ੁਰੂਆਤ ਦੇ ਨਾਲ ਹੀ ਮਨੁੱਖਾਂ ਦਾ ਪਰਵਾਸ ਸ਼ੁਰੂ ਹੋ ਗਿਆ ਸੀਮਨੁੱਖ ਕੰਮ ਜਾਂ ਆਰਥਿਕ ਮੌਕਿਆਂ ਦੀ ਭਾਲ ਵਿੱਚ, ਪਰਿਵਾਰ ਵਿੱਚ ਸ਼ਾਮਲ ਹੋਣ, ਅਤੇ ਕੁਝ ਹੋਰ ਉਦੇਸਾਂ ਦੀ ਪੂਰਤੀ ਦੀ ਆਸ ਵਿੱਚ ਪਰਵਾਸ ਕਰਦੇ ਹਨਇਸ ਤਰ੍ਹਾਂ, ਪਰਵਾਸ ਕੋਈ ਨਵੀਂ ਧਾਰਨਾ ਨਹੀਂ ਹੈਮਨੁੱਖਾਂ ਨੇ ਆਪਣੀ ਜ਼ਿੰਦਗੀ ਨੂੰ ਸੁਖਾਲਾ ਬਣਾਉਣ ਲਈ ਜਾਨਵਰ ਪਾਲਣੇ ਅਤੇ ਫ਼ਸਲਾਂ ਉਗਾਉਣੀਆਂ ਸ਼ੁਰੂ ਕੀਤੀਆਂ ਜਿਸਦੇ ਨਤੀਜੇ ਵਜੋਂ ਹੌਲੀ ਹੌਲੀ ਪਿੰਡ ਅਤੇ ਸ਼ਹਿਰ ਹੋਂਦ ਵਿੱਚ ਆਏਮਨੁੱਖਾਂ ਨੇ ਆਪਣੀ ਰੋਜ਼ੀ-ਰੋਟੀ ਕਮਾਉਣ ਲਈ ਪਿੰਡਾਂ ਤੋਂ ਪਿੰਡਾਂ, ਪਿੰਡਾਂ ਤੋਂ ਸ਼ਹਿਰਾਂ, ਸ਼ਹਿਰਾਂ ਤੋਂ ਸ਼ਹਿਰਾਂ, ਅਤੇ ਸ਼ਹਿਰਾਂ ਤੋਂ ਪਿੰਡਾਂ ਵੱਲ ਪਰਵਾਸ ਸ਼ੁਰੂ ਕੀਤਾਜਨਸੰਖਿਆ ਦੇ ਵਧਣ ਅਤੇ ਵੱਖ ਵੱਖ ਦੇਸਾਂ ਦੇ ਆਰਥਿਕ ਵਿਕਾਸ ਦੇ ਵਖਰੇਵਿਆਂ ਕਾਰਨ ਕੌਮਾਂਤਰੀ ਪਰਵਾਸ ਹੋਂਦ ਵਿੱਚ ਆਇਆਕੌਮਾਂਤਰੀ ਪਰਵਾਸ ਤੇਜ਼ੀ ਨਾਲ ਆਮ ਹੋ ਗਿਆ, ਲੱਖਾਂ ਮਨੁੱਖ ਵਿਦੇਸ਼ਾਂ ਵਿੱਚ ਬਿਹਤਰ ਮੌਕਿਆਂ ਦੀ ਭਾਲ਼ ਵਿੱਚ ਆਪਣੇ ਦੇਸ ਛੱਡ ਰਹੇ ਹਨ

ਦੂਜੇ ਵਿਸ਼ਵ ਯੁੱਧ ਤੋਂ ਬਾਅਦ ਗ੍ਰੇਟ ਬ੍ਰਿਟੇਨ ਨੂੰ ਪੁਨਰ-ਨਿਰਮਾਣ ਲਈ ਕਿਰਤ ਦੀ ਲੋੜ ਸੀਕੈਨੇਡਾ ਨੇ ਆਰਥਿਕ ਵਿਸਥਾਰ ਪ੍ਰੋਗਰਾਮ ਸ਼ੁਰੂ ਕੀਤਾ ਅਤੇ ਯੂ.ਐੱਸ.ਏ. ਨੇ ਵੀ ਭਾਰਤੀਆਂ ਲਈ ਦਰਵਾਜ਼ੇ ਖੋਲ੍ਹੇਪੰਜਾਬੀਆਂ ਨੇ ਇਹਨਾਂ ਸਭ ਮੌਕਿਆਂ ਦਾ ਫ਼ਾਇਦਾ ਉਠਾ ਕੇ ਵੱਡੀ ਗਿਣਤੀ ਵਿੱਚ ਇਹਨਾਂ ਦੇਸਾਂ ਵਿੱਚ ਪਰਵਾਸ ਕੀਤਾਇਸ ਤੋਂ ਇਲਾਵਾ ਪਰਵਾਸੀਆਂ ਦੀ ਬ੍ਰਿਟਿਸ਼ ਫ਼ੌਜ਼ ਵਿੱਚ ਭਰਤੀ ਦੀ ਸ਼ੁਰੂਆਤ ਹੋਣ ਨਾਲ ਬ੍ਰਿਟਿਸ਼ ਸਰਕਾਰ ਨੇ ਆਪਣੇ ਸਾਮਰਾਜ ਦੀਆਂ ਕਈ ਹੋਰ ਬਸਤੀਆਂ ਵਿੱਚ ਅਮਨ-ਕਾਨੂੰਨ ਦੀ ਸਥਿਤੀ ਬਣਾਈ ਰੱਖਣ ਲਈ ਆਪਣੀ ਫ਼ੌਜ ਵਿੱਚ ਭਾਰਤੀ ਪੰਜਾਬੀਆਂ ਨੂੰ ਤਾਇਨਾਤ ਕੀਤਾ

ਖੇਤੀਬਾੜੀ ਉਤਪਾਦਕਤਾ ਦੇ ਹਿਸਾਬ ਨਾਲ ਪੰਜਾਬ ਭਾਰਤ ਵਿੱਚ ਸਭ ਤੋਂ ਅੱਗੇ ਹੈ1960ਵਿਆਂ ਦੌਰਾਨ ਦੇਸ ਵਿੱਚ ਆਈ ਅਨਾਜ ਪਦਾਰਥਾਂ ਦੀ ਭਾਰੀ ਥੁੜ ਉੱਤੇ ਕਾਬੂ ਪਾਉਣ ਲਈ ਭਾਰਤ ਸਰਕਾਰ ਨੇ ਪੰਜਾਬ ਸੂਬੇ ਦੇ ਹਿੰਮਤੀ ਕਿਸਾਨਾਂ, ਖੇਤ ਮਜ਼ਦੂਰਾਂ, ਪੇਂਡੂ ਛੋਟੇ ਕਾਰੀਗਰਾਂ ਅਤੇ ਇੱਥੋਂ ਦੇ ਅਮੀਰ ਕੁਦਰਤੀ ਸਾਧਨਾਂ ਨੂੰ ਧਿਆਨ ਵਿੱਚ ਰੱਖਦੇ ਹੋਏ ‘ਖੇਤੀਬਾੜੀ ਦੀ ਨਵੀਂ ਜੁਗਤ’ ਨੂੰ ਤਰਜੀਹੀ ਤੌਰ ਉੱਤੇ ਪੰਜਾਬ ਵਿੱਚ ਸ਼ੁਰੂ ਕੀਤਾਖੇਤੀਬਾੜੀ ਦੀ ਇਸ ਜੁਗਤ ਦੀ ਅਥਾਹ ਕਾਮਯਾਬੀ ਨੂੰ ‘ਹਰੇ ਇਨਕਲਾਬ’ ਦਾ ਨਾਮ ਦਿੱਤਾ ਗਿਆ‘ਹਰੇ ਇਨਕਲਾਬ’ ਦੇ ਆਉਣ ਨਾਲ ਪੰਜਾਬ ਖੇਤੀਬਾੜੀ ਵਿਕਾਸ ਦੇ ਖੇਤਰ ਵਿੱਚ ਸਭ ਤੋਂ ਉੱਨਤ ਸੂਬੇ ਵਜੋਂ ਉੱਭਰਿਆਜਿੱਥੇ ਪੰਜਾਬ ਦੀ ਇਸ ਕਾਮਯਾਬੀ ਨੇ ਦੇਸ ਵਿੱਚ ਅਨਾਜ ਪਦਾਰਥਾਂ ਦੀ ਭਾਰੀ ਥੁੜ ਉੱਪਰ ਸ਼ਾਨਦਾਰ ਤਰੀਕੇ ਨਾਲ ਕਾਬੂ ਪਾਇਆ, ਉੱਥੇ ਇਸ ਨੇ ਇੱਥੋਂ ਦੀ ਭੂਮੀ ਦੀ ਬਣਤਰ ਅਤੇ ਗੁਣਵੱਤਾ, ਜ਼ਮੀਨ ਹੇਠਲੇ ਪਾਣੀ ਦੇ ਪੱਧਰ ਅਤੇ ਗੁਣਵੱਤਾ, ਅਤੇ ਵਾਤਾਵਰਣ ਉੱਤੇ ਬਹੁਤ ਮਾੜੇ ਪ੍ਰਭਾਵ ਪਾਏਖੇਤੀਬਾੜੀ ਉਤਪਾਦਨ ਲਾਗਤ ਵਿੱਚ ਤੇਜ਼ੀ ਨਾਲ ਵਾਧਾ ਕੀਤਾ, ਮਸ਼ੀਨੀਕਰਨ ਅਤੇ ਨਦੀਨਨਾਸ਼ਕਾਂ ਦੀ ਵਰਤੋਂ ਨੇ ਕਿਸਾਨਾਂ, ਖੇਤ ਮਜ਼ਦੂਰਾਂ, ਅਤੇ ਪੇਂਡੂ ਛੋਟੇ ਕਾਰੀਗਰਾਂ ਲਈ ਰੁਜ਼ਗਾਰ ਦੇ ਮੌਕੇ ਵੱਡੇ ਪੱਧਰ ਉੱਤੇ ਘਟਾਏਨਤੀਜੇ ਵਜੋਂ ਖੇਤੀਬਾੜੀ ਘਾਟੇ ਦਾ ਧੰਦਾ ਬਣ ਗਈਗ਼ੈਰ-ਖੇਤੀਬਾੜੀ ਖੇਤਰਾਂ ਦੀ ਰੁਜ਼ਗਾਰ-ਰਹਿਤ ਪ੍ਰਗਤੀ ਕਾਰਨ ਸੂਬੇ ਦੇ ਲੋਕਾਂ, ਖ਼ਾਸ ਕਰ ਕੇ ਨੌਜਵਾਨਾਂ ਵਿੱਚ ਆਪਣੇ ਦੇਸ ਅਤੇ ਸੂਬੇ ਲਈ ਬੇਰੁਖੀ ਹੋਣ ਕਰ ਕੇ ਉਹ ਬਾਹਰਲੇ ਦੇਸਾਂ ਵਿੱਚ ਜਾਣ ਲਈ ਬਹੁਤ ਹੀ ਉਤਾਵਲੇ ਰਹਿੰਦੇ ਹਨ

ਕੈਨੇਡਾ, ਯੂਰਪ, ਯੂ.ਐੱਸ.ਏ., ਅਤੇ ਯੂ.ਕੇ. ਵੱਡੇ ਪੱਧਰ ਉੱਤੇ ਭਾਰਤੀਆਂ ਦੇ ਪੰਸਦੀਦਾ ਟਿਕਾਣੇ ਹਨਇਹਨਾਂ ਦੇਸਾਂ ਵਿੱਚ ਜਾਣ ਲਈ ਪੰਜਾਬੀ ਪਾਗਲ ਹੋਏ ਪਏ ਹਨਜਦੋਂ ਪਰਵਾਸੀ ਭਾਰਤੀ ਪੰਜਾਬ ਆਉਂਦੇ ਹਨ ਅਤੇ ਇੱਥੋਂ ਦੇ ਲੋਕਾਂ ਨੂੰ ਆਪਣੀ ਬਦਲੀ ਹੋਈ ਜੀਵਨ ਸ਼ੈਲੀ ਦਿਖਾਉਂਦੇ ਹਨ ਤਾਂ ਇਹਨਾਂ ਵਿੱਚੋਂ ਇੱਕ ਬਹੁਤ ਹੀ ਵੱਡੀ ਗਿਣਤੀ ਵਿੱਚ ਲੋਕ ਬਾਹਰਲੇ ਦੇਸਾਂ ਵਿੱਚ ਜਾਣ ਦਾ ਮਨ ਬਣਾ ਲੈਂਦੇ ਹਨਇਸ ਤੋਂ ਇਲਾਵਾ ਸੂਬੇ ਦੇ ਪੱਧਰ ਉੱਤੇ ਸਮਾਜਿਕ-ਆਰਥਿਕ ਖੇਤਰਾਂ ਵਿੱਚ ਵਖਰੇਵੇਂ ਵੀ ਕੌਮਾਂਤਰੀ ਪਰਵਾਸ ਦੀਆਂ ਪ੍ਰਵਿਰਤੀਆਂ ਨੂੰ ਵਧਾਉਂਦੇ ਹਨਅਜੋਕੇ ਸਮੇਂ ਵਿੱਚ ਪੰਜਾਬੀ ਵਿਦੇਸ਼ਾਂ ਦੇ ਕੋਨੇ ਕੋਨੇ ਵਿੱਚ ਵਸੇ ਹੋਏ ਹਨਇਸ ਲੇਖ ਵਿੱਚ ਪੇਂਡੂ ਪੰਜਾਬ ਤੋਂ ਕੌਮਾਂਤਰੀ ਪਰਵਾਸ ਦੇ ਵੱਖ ਵੱਖ ਮਹੱਤਵਪੂਰਨ ਪਹਿਲੂਆਂ ਦਾ ਵਿਸ਼ਲੇਸ਼ਣ ਕਰਨ ਦਾ ਇੱਕ ਯਤਨ ਕੀਤਾ ਗਿਆ ਹੈ ਜਿਹੜਾ ਲੇਖਕ (ਡਾ. ਗਿਆਨ ਸਿੰਘ), ਡਾ. ਧਰਮਪਾਲ, ਡਾ. ਗੁਰਿੰਦਰ ਕੌਰ, ਡਾ. ਰੁਪਿੰਦਰ ਕੌਰ, ਡਾ. ਸੁਖਵੀਰ ਕੌਰ, ਅਤੇ ਡਾ. ਜੋਤੀ ਦੁਆਰਾ ਪੰਜਾਬ ਵਿੱਚੋਂ ਕੌਮਾਂਤਰੀ ਪਰਵਾਸ ਸੰਬੰਧੀ ਕੀਤੇ ਗਏ ਇੱਕ ਸਰਵੇਖਣ ਉੱਪਰ ਆਧਾਰਿਤ ਹੈਇਸ ਸਰਵੇਖਣ ਲਈ ਮਾਝੇ ਦੇ ਚਾਰ ਜ਼ਿਲ੍ਹਿਆਂ ਵਿੱਚੋਂ ਦੋ ਜ਼ਿਲ੍ਹੇ-ਅੰਮ੍ਰਿਤਸਰ ਅਤੇ ਗੁਰਦਾਸਪੁਰ, ਦੁਆਬੇ ਦੇ ਚਾਰ ਜ਼ਿਲ੍ਹਿਆਂ ਵਿੱਚੋਂ ਦੋ ਜ਼ਿਲ੍ਹੇ-ਜਲੰਧਰ ਅਤੇ ਹੁਸ਼ਿਆਰਪੁਰ, ਅਤੇ ਮਾਲਵੇ ਦੇ ਪੰਦਰਾਂ ਜ਼ਿਲ੍ਹਿਆਂ ਵਿੱਚੋਂ ਅੱਠ ਜ਼ਿਲ੍ਹੇ - ਬਰਨਾਲਾ, ਬਠਿੰਡਾ, ਫ਼ਿਰੋਜ਼ਪੁਰ, ਲੁਧਿਆਣਾ, ਮੋਗਾ, ਪਟਿਆਲਾ, ਸੰਗਰੂਰ, ਅਤੇ ਸ੍ਰੀ ਮੁਕਤਸਰ ਸਾਹਿਬ ਚੁਣੇ ਗਏਚੁਣੇ ਹੋਏ ਜ਼ਿਲ੍ਹਿਆਂ ਦੇ ਹਰੇਕ ਕਮਿਊਨਟੀ ਵਿਕਾਸ ਬਲਾਕ ਵਿੱਚੋਂ ਇੱਕ ਪਿੰਡ ਨੂੰ ਗ਼ੈਰ-ਵਿਵਸਥਾ ਢੰਗ ਨਾਲ ਚੁਣਿਆ ਗਿਆਇਸ ਤਰ੍ਹਾਂ ਸਰਵੇਖਣ ਲਈ ਕੁੱਲ 98 ਪਿੰਡ ਚੁਣੇ ਗਏ ਜਿਹਨਾਂ ਵਿੱਚ ਮਾਝੇ ਦੇ 20, ਦੁਆਬੇ ਦੇ 21 ਅਤੇ ਮਾਲਵੇ ਦੇ 57 ਪਿੰਡ ਹਨਇਹ ਸਰਵੇਖਣ 1951 ਤੋਂ 2021 ਦਰਮਿਆਨ ਦੇ ਸਮੇਂ ਨਾਲ ਸੰਬੰਧਿਤ ਹੈਪੇਂਡੂ ਪੰਜਾਬ ਵਿੱਚੋਂ ਕੁੱਲ 2597 ਪਰਿਵਾਰਾਂ ਤੋਂ ਅੰਕੜੇ ਇਕੱਠੇ ਕੀਤੇ ਗਏ

1956 ਤੋਂ 2021 ਦਰਮਿਆਨ ਵਿਦੇਸ਼ਾਂ ਵਿੱਚ ਪਰਵਾਸ ਕਰਨ ਵਾਲੇ ਪਰਿਵਾਰਾਂ ਦੀ ਗਿਣਤੀ ਮਾਝੇ ਵਿੱਚ 358, ਦੁਆਬੇ ਵਿੱਚ 947, ਅਤੇ ਮਾਲਵੇ ਵਿੱਚ 1292 ਪਾਈ ਗਈਇਹਨਾਂ ਪਰਿਵਾਰਾਂ ਵਿੱਚੋਂ ਪਰਵਾਸ ਕਰਨ ਵਾਲੇ ਵਿਅਕਤੀ ਦੀ ਗਿਣਤੀ ਕ੍ਰਮਵਾਰ 362, 1023, ਅਤੇ 1403 ਸੀ ਜਿਸ ਤੋਂ ਇਹ ਤੱਥ ਸਾਹਮਣੇ ਆਉਂਦਾ ਹੈ ਕਿ ਕੁਝ ਪਰਿਵਾਰਾਂ ਵਿੱਚੋਂ ਇੱਕ ਤੋਂ ਜ਼ਿਆਦਾ ਵਿਅਕਤੀਆਂ ਨੇ ਕੌਮਾਂਤਰੀ ਪਰਵਾਸ ਕੀਤਾ ਹੈਮਾਂਝੇ ਵਿੱਚ ਬਹੁ-ਗਿਣਤੀ ਪਰਿਵਾਰਾਂ (98.88 ਫ਼ੀਸਦ) ਵਿੱਚੋਂ ਇਕੱਲੇ ਵਿਅਕਤੀ ਅਤੇ ਬਾਕੀ ਦੇ 1.12 ਫ਼ੀਸਦ ਪਰਿਵਾਰਾਂ ਵਿੱਚੋਂ ਦੋ ਵਿਅਕਤੀਆਂ ਨੇ ਕੌਮਾਂਤਰੀ ਪਰਵਾਸ ਕੀਤਾਦੁਆਬੇ ਦੇ ਦੋ-ਤਿਹਾਈ ਤੋਂ ਥੋੜ੍ਹੇ ਘੱਟ ਪਰਿਵਾਰਾਂ (64.63 ਫ਼ੀਸਦ) ਵਿੱਚੋਂ ਇਕੱਲੇ ਵਿਅਕਤੀ, 15.63 ਫ਼ੀਸਦ ਪਰਿਵਾਰਾਂ ਵਿੱਚੋਂ ਦੋ ਵਿਅਕਤੀਆਂ, 3.91 ਫ਼ੀਸਦ ਪਰਿਵਾਰਾਂ ਵਿੱਚੋਂ ਤਿੰਨ ਵਿਅਕਤੀ, ਅਤੇ ਬਾਕੀ ਦੇ 0.11 ਫ਼ੀਸਦ ਪਰਿਵਾਰਾਂ ਵਿੱਚੋਂ ਚਾਰ ਵਿਅਕਤੀਆਂ ਨੇ ਕੌਮਾਂਤਰੀ ਪਰਵਾਸ ਕੀਤਾਇਸੇ ਤਰ੍ਹਾਂ ਮਾਲਵੇ ਵਿੱਚੋਂ 64.32 ਫ਼ੀਸਦ ਪਰਿਵਾਰਾਂ ਵਿੱਚੋਂ ਇਕੱਲੇ ਵਿਅਕਤੀ ਅਤੇ ਬਾਕੀ ਦੇ 35.68 ਫ਼ੀਸਦ ਪਰਿਵਾਰਾਂ ਵਿੱਚੋਂ ਇੱਕ ਤੋਂ ਜ਼ਿਆਦਾ ਵਿਅਕਤੀਆਂ ਨੇ ਕੌਮਾਂਤਰੀ ਪਰਵਾਸ ਕੀਤਾਇਸ ਤੋਂ ਇਲਾਵਾ ਦੁਆਬੇ ਅਤੇ ਮਾਲਵੇ ਦੇ ਸਰਵੇਖਣ ਕੀਤੇ ਗਏ ਕੁੱਲ ਪਰਿਵਾਰਾਂ ਵਿੱਚੋਂ ਕ੍ਰਮਵਾਰ 15.73 ਅਤੇ 15.79 ਫ਼ੀਸਦ ਪੂਰੇ ਪਰਿਵਾਰ ਹੀ ਬਾਹਰਲੇ ਦੇਸਾਂ ਵਿੱਚ ਪਰਵਾਸ ਕਰ ਗਏ

ਭਾਵੇਂ ਜਾਤੀ ਅਤੇ ਪਰਵਾਸ ਦਾ ਕੋਈ ਸਿੱਧਾ ਸੰਬੰਧ ਨਹੀਂ ਹੈ, ਪਰ ਇਹ ਅਸਿੱਧੇ ਤੌਰ ਉੱਤੇ ਇੱਕ ਦੂਜੇ ਨਾਲ ਜੁੜੇ ਹੋਏ ਹਨਪਰਵਾਸ ਉੱਤੇ ਜਾਤੀ ਦਾ ਪ੍ਰਭਾਵ ਪਰਿਵਾਰ ਦੀ ਆਰਥਿਕ ਸਥਿਤੀ ਵਿੱਚੋਂ ਪੈਂਦਾ ਹੁੰਦਾ ਹੈਮਾਂਝੇ ਦੇ ਕੁੱਲ 362 ਪਰਵਾਸੀਆਂ ਵਿੱਚੋਂ 83.7 ਫ਼ੀਸਦ ਜਨਰਲ ਵਰਗ ਨਾਲ ਸੰਬੰਧਿਤ ਸਨ, ਜਦੋਂ ਕਿ 11.6 ਫ਼ੀਸਦ ਅਨੁਸੂਚਿਤ ਜਾਤੀਆਂ ਅਤੇ ਬਾਕੀ ਦੇ 4.7 ਪਛੜੀਆਂ ਸ਼੍ਰੇਣੀਆਂ ਨਾਲ ਸੰਬੰਧਿਤ ਸਨਦੁਆਬੇ ਦੇ ਕੁੱਲ 1023 ਪਰਵਾਸੀਆਂ ਵਿੱਚੋਂ 63.34, 22.68, ਅਤੇ 13.98 ਫ਼ੀਸਦ ਕ੍ਰਮਵਾਰ ਜਨਰਲ, ਅਨੁਸੂਚਿਤ ਜਾਤੀਆਂ, ਅਤੇ ਪਛੜੀਆਂ ਸ਼੍ਰੇਣੀਆਂ ਨਾਲ ਸੰਬੰਧਿਤ ਸਨਇਸ ਤਰ੍ਹਾਂ ਪੰਜਾਬ ਦੇ ਤਿੰਨੋਂ ਭੂਗੋਲਿਕ ਖੇਤਰਾਂ ਵਿੱਚੋਂ ਜ਼ਿਆਦਾਤਰ ਕੌਮਾਂਤਰੀ ਪਰਵਾਸੀ ਜਨਰਲ ਜਾਤੀਆਂ ਨਾਲ ਸੰਬੰਧਿਤ ਸਨ ਇਸ ਤੋਂ ਬਾਅਦ ਅਨੁਸੂਚਿਤ ਜਾਤੀਆਂ, ਅਤੇ ਪਛੜੀਆਂ ਸ਼੍ਰੇਣੀਆਂ ਕ੍ਰਮਵਾਰ ਆਉਂਦਾ ਹੈਫੀਲਡ ਸਰਵੇਖਣ ਤੋਂ ਇਹ ਤੱਥ ਵੀ ਸਾਹਮਣੇ ਆਇਆ ਕਿ ਪੰਜਾਬ ਦੇ ਤਿੰਨੋਂ ਭੂਗੋਲਿਕ ਖੇਤਰ ਮਾਝਾ, ਦੁਆਬਾ, ਅਤੇ ਮਾਲਵਾ ਵਿੱਚ ਬਹੁਤ ਵੱਡੀ ਗਿਣਤੀ ਵਿੱਚ ਪਰਵਾਸੀ ਜੱਟ ਜਾਤੀ ਨਾਲ ਸੰਬੰਧਿਤ ਸਨ

ਭਾਰਤੀ ਸਮਾਜ ਸਾਂਝੇ ਪਰਿਵਾਰਾਂ ਦਾ ਸਮਾਜ ਹੈਭਾਵੇਂ ਇਹ ਵਿਸ਼ੇਸ਼ਤਾ ਸ਼ਹਿਰੀ ਖੇਤਰਾਂ ਵਿੱਚੋਂ ਅਲੋਪ ਹੋ ਰਹੀ ਹੈ, ਪਰ ਇਸਦੀਆਂ ਜੜ੍ਹਾਂ ਭਾਰਤ ਦੇ ਜ਼ਿਆਦਾਤਰ ਪੇਂਡੂ ਖੇਤਰਾਂ ਵਿੱਚ ਬਰਕਾਰ ਹਨਪੰਜਾਬ ਸੂਬਾ ਵਿਆਪਕ ਤੌਰ ਉੱਤੇ ਆਪਣੀ ਖੇਤੀਬਾੜੀ ਸਦਕਾ ਖੁਸ਼ਹਾਲ ਹੋਇਆ, ਜਿਸ ਨੇ ਪੇਂਡੂ ਖੇਤਰਾਂ ਵਿੱਚ ਮੌਜੂਦ ਸਾਂਝੇ ਪਰਿਵਾਰ ਪ੍ਰਣਾਲੀ ਤੋਂ ਆਪਣੀ ਤਾਕਤ ਹਾਸਲ ਕੀਤੀ ਹਾਲਾਂਕਿ ਸਮਾਜਿਕ-ਆਰਥਿਕ ਜ਼ਰੂਰਤਾਂ ਵਿੱਚ ਤਬਦੀਲੀਆਂ ਨਾਲ ਜ਼ਮੀਨੀ ਵੰਡ ਹੋਈ, ਜਿਸਦੇ ਨਤੀਜੇ ਵਜੋਂ ਇੱਕਹਿਰੇ ਪਰਿਵਾਰ ਪ੍ਰਣਾਲੀ ਪੰਜਾਬ ਦੇ ਪੇਂਡੂ ਖੇਤਰਾਂ ਵਿੱਚ ਜ਼ੋਰ ਫੜ ਰਹੀ ਹੈਮੌਜੂਦਾ ਸਰਵੇਖਣ ਤੋਂ ਇਹ ਸਾਹਮਣੇ ਆਇਆ ਕਿ ਜ਼ਿਆਦਾ ਪਰਵਾਸੀ ਜਿਵੇਂ ਦੁਆਬੇ ਦੇ 83.77, ਮਾਝੇ ਦੇ 8.11, ਅਤੇ ਮਾਲਵੇ ਦੇ 72.27 ਫ਼ੀਸਦ ਇੱਕਹਿਰੇ ਪਰਿਵਾਰਾਂ ਵਿੱਚ ਰਹਿ ਰਹੇ ਸਨ, ਜਦੋਂ ਕਿ ਬਾਕੀ ਦੇ 16.23, 19.89, ਅਤੇ 27.73 ਫ਼ੀਸਦ ਪਰਵਾਸੀ ਕ੍ਰਮਵਾਰ ਦੁਆਬੇ, ਮਾਝੇ, ਅਤੇ ਮਾਲਵੇ ਵਿੱਚ ਸਾਂਝੇ ਪਰਿਵਾਰ ਪ੍ਰਣਾਲ਼ੀ ਨਾਲ ਸੰਬੰਧਿਤ ਸਨ

ਪਰਵਾਸੀਆਂ ਦੀ ਲਿੰਗ-ਅਧਾਰਿਤ ਵੰਡ ਦਰਸਾਉਂਦੀ ਹੈ ਕਿ ਮਾਝੇ ਦੇ ਕੁੱਲ 362 ਪਰਵਾਸੀਆਂ ਵਿੱਚੋਂ 85.64 ਫ਼ੀਸਦ ਮਰਦ ਅਤੇ ਬਾਕੀ ਦੇ 14.36 ਫ਼ੀਸਦ ਔਰਤਾਂ ਸਨਦੁਆਬੇ ਵਿੱਚ ਮਰਦ ਅਤੇ ਔਰਤ ਪਰਵਾਸੀਆਂ ਦੀ ਫ਼ੀਸਦੀ ਕ੍ਰਮਵਾਰ 88.47 ਅਤੇ 11.53 ਸੀਮਾਲਵੇ ਵਿੱਚ ਇਹ ਫ਼ੀਸਦੀ 67.14 ਅਤੇ 32.86 ਪਾਈ ਗਈਪਰਵਾਸ ਵਿੱਚ ਮਰਦਾਂ ਦਾ ਉੱਚ ਅਨੁਪਾਤ ਇਸ ਤੱਥ ਨੂੰ ਮਜ਼ਬੂਤ ਕਰਦਾ ਹੈ ਕਿ ਭਾਵੇਂ ਸਮਕਾਲੀ ਸੰਸਾਰ ਵਿੱਚ ਦੋਨਾਂ ਲਿੰਗਾਂ ਲਈ ਬਰਾਬਰ ਪੱਧਰ ਦੀ ਸਿੱਖਿਆ ਪ੍ਰਦਾਨ ਕੀਤੀ ਜਾਂਦੀ ਹੈ, ਪਰ ਫਿਰ ਵੀ ਮਰਦਾਂ ਨੂੰ ਆਪਣੇ ਪਰਿਵਾਰਾਂ ਦੇ ਜੀਵਨ ਪੱਧਰ ਨੂੰ ਉੱਚਾ ਚੁੱਕਣ ਦੀ ਜ਼ਿੰਮੇਵਾਰੀ ਹੁੰਦੀ ਹੈਪੰਜਾਬ ਤੋਂ ਔਰਤਾਂ ਦਾ ਪਰਵਾਸ ਮੁੱਖ ਤੌਰ ਉੱਤੇ ਵਿਆਹ-ਕੇਂਦਰਿਤ ਰਿਹਾ ਹੈ, ਜਿੱਥੇ ਲੜਕੀਆਂ ਇੱਕ ਜੀਵਨ ਸਾਥੀ ਦੇ ਰੂਪ ਵਿੱਚ ਵਿਦੇਸ਼ਾਂ ਵਿੱਚ ਜਾਂਦੀਆਂ ਸਨਉਂਜ, ਅਜੋਕੇ ਸਮੇਂ ਦੌਰਾਨ ਪੰਜਾਬ ਵਿੱਚ ਸਥਿਤੀ ਪੂਰੀ ਤਰ੍ਹਾਂ ਬਦਲ ਗਈ ਹੈ ਕਿਉਂਕਿ ਜਿਹੜੀਆਂ ਕੁੜੀਆਂ ਪੜ੍ਹੀਆਂ-ਲਿਖੀਆਂ ਹਨ ਅਤੇ ਅੰਗਰੇਜ਼ੀ ਭਾਸ਼ਾ ਦੀ ਪ੍ਰੀਖਿਆ ਵਿੱਚ ਉੱਚ ਬੈਂਡ ਪ੍ਰਾਪਤ ਕਰਦੀਆਂ ਹਨ, ਉਹਨਾਂ ਨੂੰ ਕੌਮਾਂਤਰੀ ਪਰਵਾਸ ਲਈ ਪੌੜੀ ਮੰਨਿਆ ਜਾਂਦਾ ਹੈਜਿਹੜੇ ਅਮੀਰ ਪਰਿਵਾਰਾਂ ਦੇ ਲੜਕੇ ਵਿਦੇਸ਼ ਜਾਣ ਲਈ ਅੰਗਰੇਜ਼ੀ ਭਾਸ਼ਾ ਦੀ ਪ੍ਰੀਖਿਆ ਪਾਸ ਨਹੀਂ ਕਰ ਪਾਉਂਦੇ, ਉਹ ਇਹਨਾਂ ਕੁੜੀਆਂ ਦੇ ਪਰਿਵਾਰਾਂ ਨੂੰ ਲੁਭਾਉਂਦੇ ਹਨ ਅਤੇ ਉਹਨਾਂ ਦੇ ਵਿਆਹ ਤੋਂ ਬਾਅਦ, ਉਹ ਆਪਣੀ ਨੂੰਹ ਦੀ ਵਿਦੇਸ਼ ਯਾਤਰਾ, ਖ਼ਰਚੇ ਅਤੇ ਪੜ੍ਹਾਈ ਨੂੰ ਸਪਾਂਸਰ ਕਰਦੇ ਹਨਇਹ ਕੁੜੀਆਂ ਬਾਅਦ ਵਿੱਚ ਸਪਾਊਸ ਵੀਜ਼ੇ ਉੱਤੇ ਆਪਣੇ ਪਤੀਆਂ ਨੂੰ ਬੁਲਾਉਂਦੀਆਂ ਹਨ ਅਤੇ ਸਮਾਂ ਬੀਤਣ ਦੇ ਨਾਲ ਉਹ ਮੰਜ਼ਿਲ ਵਾਲੇ ਦੇਸ ਦੀ ਨਾਗਰਿਕਤਾ ਪ੍ਰਾਪਤ ਕਰਨ ਲਈ ਇਕੱਠੇ ਕੰਮ ਕਰਦੇ ਹਨ ਅਤੇ ਫਿਰ ਉਹ ਆਪਣੇ ਪੂਰੇ ਪਰਿਵਾਰ ਲਈ ਇੰਮੀਗਰੇਸ਼ਨ ਦੀ ਟਿਕਟ ਬਣ ਜਾਂਦੀਆਂ ਹਨ

ਸਿੱਖਿਆ ਅਤੇ ਪਰਵਾਸ ਦਾ ਇੱਕ-ਦੂਜੇ ਨਾਲ ਇੱਕ ਮਜ਼ਬੂਤ ਰਿਸ਼ਤਾ ਹੈ ਕਿਉਂਕਿ ਬਿਹਤਰ ਪੜ੍ਹ-ਲਿਖੇ ਵਿਅਕਤੀਆਂ ਦੇ ਪਰਵਾਸ ਵਾਲੀ ਜਗ੍ਹਾ ਦੇ ਸਮਾਜਿਕ-ਆਰਥਿਕ ਵਾਤਾਵਰਣ ਵਿੱਚ ਲੀਨ ਹੋਣ ਦੀ ਵਧੇਰੇ ਸੰਭਾਵਨਾ ਹੁੰਦੀ ਹੈਉੱਚ ਸਿੱਖਿਆ ਪ੍ਰਾਪਤ ਵਿਅਕਤੀਆਂ ਦੇ ਪਰਵਾਸ ਨੂੰ ਅਕਸਰ ‘ਬੌਧਿਕ ਹੂੰਝਾ’ ਕਿਹਾ ਜਾਂਦਾ ਹੈ ਕਿਉਂਕਿ ਪਰਵਾਸੀ ਵਿਅਕਤੀ ਬਿਹਤਰ ਸਿੱਖਿਆ ਪ੍ਰਾਪਤ ਕਰਨ ਤੋਂ ਬਾਅਦ ਆਪਣੀਆਂ ਸੇਵਾਵਾਂ ਵਿਦੇਸ਼ਾਂ ਵਿੱਚ ਦਿੰਦੇ ਹਨਅਮਰੀਕਾ, ਕੈਨੇਡਾ, ਆਸਟ੍ਰੇਲੀਆ, ਜਰਮਨੀ, ਫਰਾਂਸ, ਯੂ.ਕੇ. ਵਰਗੇ ਵਿਕਸਿਤ ਦੇਸਾਂ ਵਿੱਚ ‘ਬੌਧਿਕ ਹੂੰਝਾ’ ਸ਼੍ਰੇਣੀ ਦੇ ਪਰਵਾਸ ਦੇ ਸੰਬੰਧ ਵਿੱਚ ਅੱਜਕੱਲ੍ਹ ਭਾਰਤ ਲਗਭਗ ਸਿਖਰ ਉੱਤੇ ਹੈਭਾਰਤੀ ਰਾਜਨੀਤੀ ਵਿੱਚ ‘ਬੌਧਿਕ ਹੂੰਝਾ’ ਸਿਆਸਤਦਾਨਾਂ ਅਤੇ ਨੌਕਰਸ਼ਾਹੀ ਲਈ ਉੰਨੀ ਚਿੰਤਾ ਦਾ ਵਿਸ਼ਾ ਨਹੀਂ ਜਾਪਦਾ, ਜਿੰਨਾ ਇਹ ਉੱਨੀ ਸੌ ਸੱਤਰ ਦੇ ਦਹਾਕੇ ਵਿੱਚ ਹੁੰਦਾ ਸੀਵਿਦੇਸ਼ ਜਾਣ ਤੋਂ ਪਹਿਲਾਂ ਪਰਵਾਸੀਆਂ ਦੀ ਵਿੱਦਿਅਕ ਯੋਗਤਾ ਦਾ ਅਧਿਐਨ ਦਰਸਾਉਂਦਾ ਕਿ ਮਾਝੇ ਦੇ ਕੁੱਲ 362 ਪਰਵਾਸੀਆਂ ਵਿੱਚੋਂ 70.17 ਫ਼ੀਸਦ ਨੇ ਸੀਨੀਅਰ ਸੈਕੰਡਰੀ ਪੱਧਰ ਦੀ ਸਿੱਖਿਆ ਪ੍ਰਾਪਤ ਕਰਨ ਤੋਂ ਬਾਅਦ ਵਿਦੇਸ਼ਾਂ ਵਿੱਚ ਪਰਵਾਸ ਕੀਤਾਇਸੇ ਖੇਤਰ ਦੇ ਤਕਰੀਬਨ 16 ਫ਼ੀਸਦ ਨੇ ਆਪਣੀ ਗ੍ਰੇਜੂਏਸ਼ਨ, ਜਦੋਂ ਕਿ 8.01 ਫ਼ੀਸਦ ਨੇ ਡਿਪਲੋਮਾ ਅਤੇ 3.04 ਫ਼ੀਸਦ ਨੇ ਮੈਟ੍ਰਿਕ ਕਰਨ ਤੋਂ ਬਾਅਦ ਵਿਦੇਸ਼ਾਂ ਵਿੱਚ ਪਰਵਾਸ ਕੀਤਾ ਅਤੇ ਥੋੜ੍ਹੇ ਜਿਹੇ ਹਿੱਸੇ (2.21 ਫ਼ੀਸਦ) ਕੋਲ ਪਰਵਾਸ ਸਮੇਂ ਪੋਸਟ-ਗ੍ਰੈਜੂਏਟ ਦੀ ਯੋਗਤਾ ਸੀਦੁਆਬੇ ਦੇ ਕੁੱਲ 1023 ਪਰਵਾਸੀਆਂ ਵਿੱਚੋਂ ਲਗਭਗ ਦੋ-ਤਿਹਾਈ (64.08 ਫ਼ੀਸਦ) ਨੌਜਵਾਨ ਸੀਨੀਅਰ ਸੈਕੰਡਰੀ ਪੱਧਰ ਦੀ ਸਿੱਖਿਆ ਪ੍ਰਾਪਤ ਕਰਨ ਤੋਂ ਬਾਅਦ ਹੀ ਵਿਦੇਸ਼ਾਂ ਵਿੱਚ ਪਰਵਾਸ ਕਰ ਗਏ15.37 ਫ਼ੀਸਦ ਨੇ ਮੈਟ੍ਰਿਕ ਅਤੇ 10.47 ਫ਼ੀਸਦ ਨੇ ਆਪਣੀ ਗ੍ਰੈਜੂਏਸ਼ਨ ਕਰਨ ਤੋਂ ਬਾਅਦ ਵਿਦੇਸ਼ਾਂ ਵਿੱਚ ਪਰਵਾਸ ਕੀਤਾਪਰਵਾਸ ਕਰਨ ਦੇ ਸਮੇਂ 2.74 ਫ਼ੀਸਦ ਕੋਲ ਪੋਸਟ-ਗ੍ਰੈਜੂਏਟ ਦੀ ਯੋਗਤਾ ਸੀਇਸੇ ਤਰ੍ਹਾਂ ਮਾਲਵੇ ਦੇ ਕੁੱਲ 1403 ਪਰਵਾਸੀਆਂ ਵਿੱਚੋਂ 61.01 ਫ਼ੀਸਦ ਨੇ ਸੀਨੀਅਰ ਸੈਕੰਡਰੀ ਪੱਧਰ ਦੀ ਸਿੱਖਿਆ ਪ੍ਰਾਪਤ ਕਰਨ ਤੋਂ ਬਾਅਦ ਵਿਦੇਸ਼ਾਂ ਵਿੱਚ ਪਰਵਾਸ ਕੀਤਾ ਵਿਦੇਸ਼ਾਂ ਵਿੱਚ ਪਰਵਾਸ ਕਰਨ ਸਮੇਂ 18 ਫ਼ੀਸਦ ਤੋਂ ਥੋੜ੍ਹੇ ਵੱਧ ਪਰਵਾਸੀਆਂ ਕੋਲ ਗ੍ਰੈਜੂਏਸ਼ਨ ਅਤੇ 8.84 ਫ਼ੀਸਦ ਕੋਲ ਮੈਟ੍ਰਿਕ ਦੀ ਵਿੱਦਿਅਕ ਯੋਗਤਾ ਸੀਪਰਵਾਸੀਆਂ ਦੇ ਥੋੜ੍ਹੇ ਜਿਹੇ ਹਿੱਸੇ (4.92 ਫ਼ੀਸਦ) ਕੋਲ ਪਰਵਾਸ ਸਮੇਂ ਪੋਸਟ-ਗ੍ਰੈਜੂਏਟ ਦੀ ਯੋਗਤਾ ਸੀਇਹ ਵਿਸ਼ਲੇਸ਼ਣ ਸਪਸ਼ਟ ਤੌਰ ਉੱਤੇ ਉਜਾਗਰ ਕਰਦਾ ਹੈ ਕਿ ਉੱਚ-ਵਿੱਦਿਅਕ ਪੱਧਰ ਵਾਲੇ ਨੌਜਵਾਨ ਵੀ ਵਿਦੇਸ਼ਾਂ ਵਿੱਚ ਵਸਣ ਨੂੰ ਇੱਕ ਬਿਹਤਰ ਵਿਕਲਪ ਸਮਝਦੇ ਹਨਇਸ ਤੋਂ ਇਲਾਵਾ ਪਰਵਾਸੀਆਂ ਦੇ ਬਹੁਤ ਹੀ ਥੋੜ੍ਹੇ ਜਿਹੇ ਹਿੱਸੇ ਕੋਲ ਪਰਵਾਸ ਦੇ ਸਮੇਂ ਨਰਸਿੰਗ/ਜੀ.ਐੱਨ.ਐੱਮ./ਬੀ.ਡੀ.ਐੱਸ. ਦੀ ਡਿਗਰੀ ਜਾਂ ਡਿਪਲੋਮਾ ਸੀਇੱਥੇ ਧਿਆਨ ਦੇਣ ਯੋਗ ਤੱਥ ਇਹ ਹੈ ਕਿ ਸਿੱਖਿਆ ਦੇ ਨੀਵੇਂ ਪੱਧਰ ਵਾਲੇ ਵਿਅਕਤੀ ਜਾਂ ਤਾਂ ਬਜ਼ੁਰਗ ਸਨ ਜਿਹਨਾਂ ਨੇ ਆਪਣੇ ਪਰਿਵਾਰਾਂ ਸਮੇਤ ਪਰਵਾਸ ਕੀਤਾ ਜਾਂ ਉਹ ਵਿਅਕਤੀ ਸਨ ਜਿਹਨਾਂ ਨੇ ਵਰਕ ਵੀਜ਼ੇ ਉੱਤੇ ਏਸ਼ੀਆ ਮਹਾਂਦੀਪ ਦੇ ਵਿਕਾਸਸ਼ੀਲ ਦੇਸਾਂ ਵਿੱਚ ਪਰਵਾਸ ਕੀਤਾ

ਉਮਰ ਅਤੇ ਪਰਵਾਸ ਵਿੱਚ ਗੂੜ੍ਹਾ ਸੰਬੰਧ ਹੈ ਕਿਉਂਕਿ ਪਰਵਾਸ ਕਰਨ ਦਾ ਫ਼ੈਸਲਾ ਮੁੱਖ ਤੌਰ ਉੱਤੇ ਨੌਜਵਾਨ ਅਤੇ ਪਰਿਪੱਕ ਉਮਰ ਦੇ ਵਿਅਕਤੀਆਂ ਦੁਆਰਾ ਲਿਆ ਜਾਂਦਾ ਹੈਇਹ ਮੂਲ ਰੂਪ ਵਿੱਚ ਇਸ ਲਈ ਹੈ ਕਿਉਂਕਿ ਪਰਵਾਸ ਇੱਕ ਜੋਖਮ ਭਰਿਆ ਕਦਮ ਹੈ, ਜਿਸ ਵਿੱਚ ਕਈ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ ਅਤੇ ਇਹ ਕਈਆਂ ਨੂੰ ਚੰਗੇ ਅਵਸਰ ਵੀ ਪਰਦਾਨ ਕਰਦਾ ਹੈਪੰਜਾਬ ਦੇ ਬਹੁਤ ਜ਼ਿਆਦਾ ਨੌਜਵਾਨ ਇਹਨਾਂ ਚੁਣੌਤੀਆਂ ਦਾ ਸਾਹਮਣਾ ਕਰਨ ਅਤੇ ਪਰਵਾਸ ਦੀ ਪ੍ਰੀਕਿਰਿਆ ਦੁਆਰਾ ਮੁਹਈਆ ਕਰਵਾਏ ਜਾਣ ਵਾਲੇ ਅਵਸਰਾਂ ਦਾ ਲਾਭ ਲੈਣ ਲਈ ਵਿਦੇਸ਼ਾਂ ਵਿੱਚ ਜਾਣ ਲਈ ਕਾਹਲੇ ਪਏ ਹੋਏ ਹਨਪਰਵਾਸ ਕਰਨ ਵੇਲੇ ਬਹੁ-ਗਿਣਤੀ ਵਿਅਕਤੀ ਜਿਵੇਂ ਮਾਝੇ ਵਿੱਚ 87.85 ਫ਼ੀਸਦ, ਮਾਲਵੇ ਵਿੱਚ 85.25 ਫ਼ੀਸਦ, ਅਤੇ ਦੁਆਬੇ ਵਿੱਚ 81.53 ਫ਼ੀਸਦ 15 ਤੋਂ 30 ਸਾਲ ਦੀ ਉਮਰ ਸਮੂਹ ਨਾਲ ਸੰਬੰਧਿਤ ਸਨਜਨਸੰਖਿਅਕ ਲਾਭਅੰਸ਼ ਆਰਥਿਕ ਵਿਕਾਸ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈਫੀਲਡ ਸਰਵੇਖਣ ਦਾ ਇਹ ਨਤੀਜਾ ਇਸ ਧਾਰਨਾ ਦੀ ਪ੍ਰੋੜ੍ਹਤਾ ਕਰਦਾ ਹੈ ਕਿ ਆਮ ਤੌਰ ਉੱਤੇ ਪਰਵਾਸ ਅਤੇ ਖ਼ਾਸ ਤੌਰ ਉੱਤੇ ਕੌਮਾਂਤਰੀ ਪਰਵਾਸ ਇੱਕ ਨੌਜਵਾਨ-ਕੇਂਦਰਿਤ ਵਰਤਾਰਾ ਹੈ15 ਤੋਂ 30 ਸਾਲ ਦੀ ਉਮਰ ਸਮੂਹ ਦੇ ਵਿਅਕਤੀਆਂ ਦਾ ਵਿਦੇਸ਼ਾਂ ਵਿੱਚ ਪਰਵਾਸ ਪੰਜਾਬ ਸਮੇਤ ਭਾਰਤ ਨੂੰ ਜਨਸੰਖਿਕ ਲਾਭ ਅੰਸ਼ ਦੇ ਹੋ ਰਹੇ ਬਹੁਤ ਵੱਡੇ ਨੁਕਸਾਨ ਨੂੰ ਚਿੱਟੇ ਦਿਨ ਵਾਂਗ ਸਾਹਮਣੇ ਲਿਆਉਂਦਾ ਹੈ

ਕੌਮਾਂਤਰੀ ਪਰਵਾਸੀਆਂ ਦੇ ਪਰਿਵਾਰਾਂ ਦੀਆਂ ਜ਼ਮੀਨਾਂ ਦੇ ਵੇਰਵੇ ਦੱਸਦੇ ਹਨ ਕਿ ਮਾਝੇ ਦੇ ਕੁੱਲ ਪਰਵਾਸੀ ਪਰਿਵਾਰਾਂ ਵਿੱਚੋਂ ਇੱਕ-ਤਿਹਾਈ ਤੋਂ ਥੋੜ੍ਹਾ ਵੱਧ (33.43 ਫ਼ੀਸਦ) ਪਰਿਵਾਰ ਭੂਮੀਹੀਣ ਸਨਤਕਰੀਬਨ 30 ਫ਼ੀਸਦ ਪਰਿਵਾਰਾਂ ਕੋਲ 2.5 ਏਕੜ ਤਕ ਜ਼ਮੀਨ ਸੀਇਸ ਤੋਂ ਬਾਅਦ 26.8, 3.59, 3.31, ਅਤੇ 2.48 ਫ਼ੀਸਦ ਪਰਿਵਾਰਾਂ ਦਾ ਨੰਬਰ ਆਉਂਦਾ ਹੈ ਜਿਹਨਾਂ ਕੋਲ ਕ੍ਰਮਵਾਰ 2.51 ਤੋਂ 5 ਏਕੜ, 7.51 ਤੋਂ 10 ਏਕੜ, ਅਤੇ 10 ਏਕੜ ਤੋਂ ਵੱਧ ਜ਼ਮੀਨ ਸੀਦੁਆਬੇ ਦੇ ਕੁੱਲ ਪਰਿਵਾਰਾਂ ਵਿੱਚੋਂ ਸਭ ਤੋਂ ਵੱਧ ਪਰਿਵਾਰਾਂ (32.16 ਫ਼ੀਸਦ) ਕੋਲ 2.51 ਤੋਂ 5 ਏਕੜ ਤਕ ਜ਼ਮੀਨ ਸੀਲਗਭਗ 18 ਫ਼ੀਸਦ ਪਰਿਵਾਰਾਂ ਕੋਲ 2.5 ਏਕੜ ਤਕ ਜ਼ਮੀਨ ਸੀਇਸ ਤੋਂ ਬਾਅਦ 9.48, 7.72, ਅਤੇ 5.57 ਫ਼ੀਸਦ ਪਰਿਵਾਸੀਆਂ ਦੇ ਪਰਿਵਾਰਾਂ ਕੋਲ ਕ੍ਰਮਵਾਰ 5.01 ਤੋਂ 7.5 ਏਕੜ, 7.51 ਤੋਂ 10 ਏਕੜ, ਅਤੇ 10 ਏਕੜ ਤੋਂ ਵੱਧ ਜ਼ਮੀਨ ਸੀਕੁੱਲ ਪਰਿਵਾਰਾਂ ਵਿੱਚੋਂ 26.3 ਫ਼ੀਸਦ ਪਰਵਾਸੀਆਂ ਦੇ ਪਰਿਵਾਰਾਂ ਕੋਲ ਖੇਤੀਬਾੜੀ ਲਈ ਕੋਈ ਜ਼ਮੀਨ ਨਹੀਂ ਸੀਇਸੇ ਤਰ੍ਹਾਂ ਮਾਲਵੇ ਦੇ ਕੁੱਲ ਪਰਿਵਾਰਾਂ ਵਿੱਚੋਂ ਸਭ ਵੱਧ ਪਰਿਵਾਰਾਂ (26.87 ਫ਼ੀਸਦ) ਕੋਲ 2.51 ਤੋਂ 5 ਏਕੜ ਤਕ ਜ਼ਮੀਨ ਸੀਇਸ ਤੋਂ ਬਾਅਦ 18.25, 15.25, 14.26 ਅਤੇ 10.05 ਫ਼ੀਸਦ ਪਰਵਾਸੀਆਂ ਦੇ ਪਰਿਵਾਰਾਂ ਕੋਲ ਕ੍ਰਮਵਾਰ 10 ਏਕੜ ਤੋਂ ਵੱਧ, 7.51 ਤੋਂ 10 ਏਕੜ, 2.5 ਏਕੜ ਤਕ, 5.01 ਤੋਂ 7.5 ਏਕੜ ਦੇ ਦਾਇਰੇ ਵਿੱਚ ਜ਼ਮੀਨਾਂ ਸਨਇਸ ਖੇਤਰ ਵਿੱਚੋਂ ਪਰਵਾਸੀਆਂ ਦੇ ਕੁੱਲ ਪਰਿਵਾਰਾਂ ਵਿੱਚੋਂ 15.32 ਫ਼ੀਸਦ ਪਰਿਵਾਰ ਭੂਮੀਹੀਣ ਪਾਏ ਗਏ

ਪੰਜਾਬ ਦੇ ਤਿੰਨੋਂ ਭੂਗੋਲਿਕ ਖੇਤਰਾਂ ਵਿੱਚ ਮੰਜ਼ਿਲ ਵਾਲੇ ਦੇਸਾਂ ਦੀ ਸੂਚੀ ਬਹੁਤ ਲੰਮੀ ਹੈਮਾਝੇ ਵਿੱਚ ਕੌਮਾਂਤਰੀ ਪਰਵਾਸੀਆਂ ਦੁਆਰਾ ਸਭ ਤੋਂ ਵੱਧ ਤਰਜੀਹ ਵਾਲੇ ਦੇਸ ਕੈਨੇਡਾ, ਆਸਟਰੇਲੀਆ, ਬਹਿਰੀਨ, ਕਤਰ, ਯੂ.ਕੇ., ਯੂ.ਐੱਸ.ਏ., ਅਤੇ ਯੂ.ਏ.ਈ. ਸਨ ਜਿੱਥੇ ਇਸ ਖੇਤਰ ਵਿੱਚੋਂ ਸਰਵੇਖਣ ਕੀਤੇ ਗਏ ਪਰਿਵਾਰਾਂ ਵਿੱਚੋਂ ਕ੍ਰਮਵਾਰ 76, 67, 47, 38, 36, 34, ਅਤੇ 28 ਵਿਅਕਤੀਆਂ ਦੇ ਪਰਵਾਸ ਕੀਤਾਦੁਆਬੇ ਵਿੱਚੋਂ ਜ਼ਿਆਦਾਤਰ ਪਰਵਾਸੀਆਂ ਅਰਥਾਤ 3273 ਵਿਅਕਤੀਆਂ ਨੇ ਕੈਨੇਡਾ ਨੂੰ ਮੰਜ਼ਿਲ ਵਾਲੇ ਦੇਸ ਵਜੋਂ ਚੁਣਿਆ, ਜਿਸ ਤੋਂ ਬਾਅਦ 154, 121, 114, 90, 43, 43, 28, 27, ਅਤੇ 24 ਵਿਅਕਤੀ ਕ੍ਰਮਵਾਰ ਯੂ.ਏ.ਈ., ਯੂ.ਕੇ., ਯੂ.ਐੱਸ.ਏ., ਇਟਲੀ, ਆਸਟਰੇਲੀਆ, ਨਿਊਜ਼ੀਲੈਂਡ, ਕੁਵੈਤ, ਜਰਮਨੀ, ਅਤੇ ਸਪੇਨ ਗਏਇਸੇ ਤਰ੍ਹਾਂ ਮਾਲਵੇ ਵਿੱਚੋਂ ਕੌਮਾਂਤਰੀ ਪਰਵਾਸੀਆਂ ਲਈ ਪਸੰਦੀਦਾ ਦੇਸ ਕੈਨੇਡਾ, ਆਸਟੇਰਲੀਆ, ਯੂ.ਏ.ਈ., ਯੂ.ਕੇ., ਯੂ.ਐੱਸ.ਏ., ਇਟਲੀ, ਨਿਊਜ਼ੀਲੈਂਡ, ਮਲੇਸ਼ੀਆ, ਅਤੇ ਫਿਲੀਪੀਨਜ਼ ਸਨ ਜਿੱਥੇ ਕ੍ਰਮਵਾਰ 719, 171, 108, 72, 67, 40, 37, 34, ਅਤੇ 33 ਵਿਅਕਤੀਆਂ ਨੇ ਪਰਵਾਸ ਕੀਤਾ

ਮਾਝੇ ਦੇ ਕੁੱਲ 362 ਪਰਵਾਸੀਆਂ ਵਿੱਚੋਂ 43.37 ਫ਼ੀਸਦ ਨੇ 2019, 18.23 ਫ਼ੀਸਦ ਨੇ 2018, 14.09 ਫ਼ੀਸਦ ਨੇ 2021, 10.21 ਫ਼ੀਸਦ ਨੇ 2016, 6.91 ਫ਼ੀਸਦ ਨੇ 2020, ਅਤੇ 5 ਫ਼ੀਸਦ ਤੋਂ ਘੱਟ ਵਿਅਕਤੀਆਂ ਨੇ ਹੋਰ ਸਾਲਾਂ ਵਿੱਚ ਬਾਹਰਲੇ ਦੇਸਾਂ ਵਿੱਚ ਪਰਵਾਸ ਕੀਤਾ, ਜਦੋਂ ਕਿ ਦੁਆਬੇ ਦੇ ਕੁੱਲ 1023 ਪਰਵਾਸੀਆਂ ਵਿੱਚੋਂ 13 ਫ਼ੀਸਦ ਵਿਅਕਤੀਆਂ ਨੇ 2018 ਵਿੱਚ ਬਾਹਰਲੇ ਦੇਸਾਂ ਵਿੱਚ ਪਰਵਾਸ ਕੀਤਾਇਸ ਤੋਂ ਬਾਅਦ 9.97 ਫ਼ੀਸਦ ਨੇ ਹਰੇਕ ਸਾਲ 2019 ਅਤੇ 2017, 9.78 ਫ਼ੀਸਦ ਨੇ 2021, 8.9 ਫ਼ੀਸਦ ਨੇ 2015, 7.14 ਫ਼ੀਸਦ ਨੇ 2010, 6.45 ਫ਼ੀਸਦ ਨੇ 2016, 5.77 ਫ਼ੀਸਦ ਨੇ 2012 ਅਤੇ 5 ਫ਼ੀਸਦ ਤੋਂ ਘੱਟ ਵਿਅਕਤੀਆਂ ਨੇ ਹੋਰ ਸਾਲਾਂ ਵਿੱਚ ਬਾਹਰਲੇ ਦੇਸਾਂ ਵਿੱਚ ਪਰਵਾਸ ਕੀਤਾਇਸੇ ਤਰ੍ਹਾਂ, ਮਾਲਵੇ ਦੇ ਕੁੱਲ 1403 ਪਰਵਾਸੀਆਂ ਵਿੱਚੋਂ 15.97 ਫ਼ੀਸਦ ਨੇ 2021, 14.54 ਫ਼ੀਸਦ ਨੇ 2020, 6.49 ਫ਼ੀਸਦ ਨੇ 2016, ਅਤੇ 5 ਫ਼ੀਸਦ ਤੋਂ ਘੱਟ ਵਿਅਕਤੀਆਂ ਨੇ ਹੋਰ ਸਾਲਾਂ ਵਿੱਚ ਬਾਹਰਲੇ ਦੇਸਾਂ ਵਿੱਚ ਪਰਵਾਸ ਕੀਤਾਇਹ ਅੰਕੜੇ ਸਪਸ਼ਟ ਕਰਦੇ ਹਨ ਕਿ ਪੇਂਡੂ ਪੰਜਾਬ ਵਿੱਚੋਂ ਕੌਮਾਂਤਰੀ ਪਰਵਾਸ ਦੀ ਪ੍ਰਕਿਰਿਆ ਵਿੱਚ 2014 ਤੋਂ ਬਾਅਦ ਤੇਜ਼ੀ ਆਈ2020 ਦੌਰਾਨ ਕਰੋਨਾ ਵਾਇਰਸ ਦੇ ਫੈਲਣ ਨੂੰ ਰੋਕਣ ਲਈ ਵੱਖ ਵੱਖ ਦੇਸਾਂ ਦੁਆਰਾ ਤਾਲਾਬੰਦੀ ਕੀਤੀ ਗਈ ਜਿਸ ਨੇ ਪੇਂਡੂ ਪੰਜਾਬ ਤੋਂ ਕੌਮਾਂਤਰੀ ਪਰਵਾਸ ਦੀ ਪ੍ਰਕ੍ਰਿਆ ਨੂੰ ਹੌਲੀ ਕੀਤਾ, ਜੋ ਹੁਣ ਮੁੜ ਤੇਜ਼ੀ ਫੜ ਰਹੀ ਹੈ

ਮੌਜੂਦਾ ਅਧਿਐਨ ਦੇ ਸਾਕਾਰਾਤਮਿਕ ਪਹਿਲੂਆਂ ਵਿੱਚੋਂ ਇੱਕ ਇਹ ਹੈ ਕਿ ਪੰਜਾਬ ਦੇ ਤਿੰਨੋਂ ਭੂਗੋਲਿਕ ਖੇਤਰਾਂ ਵਿੱਚੋਂ ਜ਼ਿਆਦਾਤਰ ਮਾਮਲਿਆਂ ਵਿੱਚ ਕੌਮਾਂਤਰੀ ਪਰਵਾਸ ਕਾਨੂੰਨੀ ਢੰਗ ਨਾਲ ਹੋਇਆਮਾਝੇ ਦੇ ਕੁੱਲ 362 ਪਰਵਾਸੀਆਂ ਨੇ ਕਾਨੂੰਨੀ ਢੰਗ ਨਾਲ ਵਿਦੇਸ਼ਾਂ ਵਿੱਚ ਪਰਵਾਸ ਕੀਤਾਦੁਆਬੇ ਦੇ ਕੁੱਲ 1023 ਪਰਵਾਸੀਆਂ ਵਿੱਚੋਂ 991 ਕਾਨੂੰਨੀ ਢੰਗ ਅਤੇ ਬਾਕੀ ਦੇ 32 ਗ਼ੈਰ-ਕਾਨੂੰਨੀ ਢੰਗ ਨਾਲ ਵਿਦੇਸ਼ਾਂ ਵਿੱਚ ਗਏਇਸ ਖੇਤਰ ਦੇ ਪਰਵਾਸੀਆਂ ਦੀ ਕਾਨੂੰਨੀ ਅਤੇ ਗ਼ੈਰ-ਕਾਨੂੰਨੀ ਢੰਗ ਨਾਲ ਵਿਦੇਸ਼ਾਂ ਵਿੱਚ ਜਾਣ ਦੀ ਫ਼ੀਸਦੀ ਕ੍ਰਮਵਾਰ 96.87 ਅਤੇ 3.13 ਬਣਦੀ ਹੈਮਾਲਵੇ ਦੇ ਕੁੱਲ 1403 ਪਰਵਾਸੀਆਂ ਵਿੱਚੋਂ 1394 (99.36 ਫ਼ੀਸਦ) ਨੇ ਵਿਦੇਸ਼ਾਂ ਵਿੱਚ ਪਰਵਾਸ ਕਰਨ ਲਈ ਕਾਨੂੰਨੀ ਢੰਗ ਅਤੇ ਬਾਕੀ ਦੇ ਸਿਰਫ਼ 9 (0.64 ਫ਼ੀਸਦ) ਨੇ ਗ਼ੈਰ-ਕਾਨੂੰਨੀ ਢੰਗ ਅਪਣਾਇਆਫੀਲਡ ਸਰਵੇਖਣ ਤੋਂ ਇਹ ਤੱਥ ਵੀ ਸਾਹਮਣੇ ਆਇਆ ਕਿ ਜਿੱਥੇ ਭਾਰਤੀ ਟਰੈਵਲ ਏਜੰਟਾਂ ਜਾਂ ਬਾਹਰਲੇ ਦੇਸਾਂ ਵਿੱਚ ਰੁਜ਼ਗਾਰਦਾਤਾਵਾਂ ਨੇ ਪਰਵਾਸੀਆਂ ਨੂੰ ਗ਼ੈਰ-ਕਾਨੂੰਨੀ ਤੌਰ ਉੱਤੇ ਪਾਇਆ, ਉੱਥੇ ਪਰਵਾਸੀਆਂ ਨੂੰ ਗੰਭੀਰ ਸ਼ੋਸ਼ਣ ਦਾ ਸ਼ਿਕਾਰ ਹੋਣਾ ਪਿਆ ਅਤੇ ਇਸ ਸੰਬੰਧ ਵਿੱਚ ਜ਼ਿਆਦਾਤਰ ਐੱਨ.ਆਰ.ਆਈ. ਰੁਜ਼ਗਾਰਦਾਤਾਵਾਂ ਨੇ ਤਾਂ ਪਰਵਾਸੀਆਂ ਦਾ ਅਮਰਵੇਲ ਵਾਂਗ ਨਪੀੜਨ ਕੀਤਾ

ਮਾਝੇ ਦੇ ਪੇਂਡੂ ਇਲਾਕਿਆਂ ਵਿੱਚੋਂ ਅੱਧੇ ਤੋਂ ਵੱਧ (58.01 ਫ਼ੀਸਦ) ਵਿਅਕਤੀਆਂ ਨੇ ਪੜ੍ਹਾਈ ਵੀਜ਼ੇ ਉੱਤੇ ਵਿਦੇਸ਼ਾਂ ਵਿੱਚ ਪਰਵਾਸ ਕੀਤਾ, ਜਦੋਂ ਕਿ ਇੱਕ-ਤਿਹਾਈ ਤੋਂ ਥੋੜ੍ਹਾ ਵੱਧ (35.36 ਫ਼ੀਸਦ) ਵਿਅਕਤੀ ਵਰਕ ਵੀਜ਼ੇ ਉੱਤੇ ਵਿਦੇਸ਼ਾਂ ਵਿੱਚ ਗਏਇਸ ਤੋਂ ਇਲਾਵਾ, 4.42 ਫ਼ੀਸਦ ਵਿਅਕਤੀਆਂ ਕੋਲ ਵਿਦੇਸ਼ ਜਾਣ ਲਈ ਪਰਿਵਾਰ ਜਾਂ ਖੂਨ ਨਾਲ ਸੰਬੰਧਿਤ ਕਿਸਮ ਦਾ ਵੀਜ਼ਾ ਸੀ ਅਤੇ ਸਿਰਫ਼ 2.1 ਫ਼ੀਸਦ ਵਿਅਕਤੀ ਸਪਾਊਸ ਵੀਜ਼ੇ ਉੱਤੇ ਵਿਦੇਸ਼ਾਂ ਵਿੱਚ ਗਏ

ਦੁਆਬੇ ਵਿੱਚੋਂ ਸਭ ਤੋਂ ਵੱਧ (47.02 ਫ਼ੀਸਦ) ਵਿਅਕਤੀਆਂ ਨੇ ਵਰਕ ਵੀਜ਼ੇ ਉੱਤੇ ਵਿਦੇਸ਼ਾਂ ਵਿੱਚ ਪ੍ਰਵੇਸ਼ ਕੀਤਾ, ਜਦੋਂ ਕਿ 43 ਫ਼ੀਸਦ ਦੇ ਕਰੀਬ ਵਿਅਕਤੀਆਂ ਕੋਲ ਵਿਦੇਸ਼ਾਂ ਵਿੱਚ ਜਾਣ ਲਈ ਪੜ੍ਹਾਈ ਵੀਜ਼ਾ ਸੀਇਸ ਤੋਂ ਇਲਾਵਾ, 5.55 ਫ਼ੀਸਦ ਵਿਅਕਤੀ ਵਿਜ਼ਟਰ ਵੀਜ਼ੇ ਉੱਤੇ ਅਤੇ 3.13 ਫ਼ੀਸਦ ਵਿਅਕਤੀ ਸਪਾਊਸ ਵੀਜ਼ੇ ਉੱਤੇ ਵਿਦੇਸ਼ਾਂ ਵਿੱਚ ਗਏਸਿਰਫ਼ 1.31 ਫ਼ੀਸਦ ਵਿਅਕਤੀਆਂ ਕੋਲ ਵਿਦੇਸ਼ ਜਾਣ ਲਈ ਪਰਿਵਾਰ ਜਾਂ ਖੂਨ ਨਾਲ ਸੰਬੰਧਿਤ ਕਿਸਮ ਦਾ ਵੀਜ਼ਾ ਸੀਲਗਭਗ ਅਜਿਹਾ ਹੀ ਰੁਝਾਨ ਮਾਲਵੇ ਵਿੱਚ ਦੇਖਣ ਨੂੰ ਮਿਲਿਆ ਹੈਇਸ ਖੇਤਰ ਵਿੱਚ ਬਹੁ-ਗਿਣਤੀ (60.55 ਫ਼ੀਸਦ) ਵਿਅਕਤੀ ਪੜ੍ਹਾਈ ਵੀਜ਼ੇ ਉੱਤੇ ਵਿਦੇਸ਼ਾਂ ਵਿੱਚ ਗਏ, ਜਦੋਂ ਇੱਕ-ਚੌਥਾਈ ਤੋਂ ਥੋੜ੍ਹਾ ਵੱਧ (25.97 ਫ਼ੀਸਦ) ਵਿਅਕਤੀਆਂ ਨੇ ਵਰਕ ਵੀਜ਼ੇ ਉੱਤੇ ਵਿਦੇਸ਼ਾਂ ਵਿੱਚ ਪਰਵਾਸ ਕੀਤਾਇਸ ਤੋਂ ਇਲਾਵਾ, 7.53 ਫ਼ੀਸਦ ਪਰਵਾਸੀਆਂ ਕੋਲ ਸਪਾਊਸ ਵੀਜ਼ਾ ਸੀ ਅਤੇ 4.02 ਫ਼ੀਸਦ ਵਿਅਕਤੀ ਵਿਜ਼ਟਨ ਵੀਜ਼ੇ ਉੱਤੇ ਵਿਦੇਸ਼ਾਂ ਵਿੱਚ ਗਏਸਿਰਫ਼ 1.93 ਫ਼ੀਸਦ ਪਰਵਾਸੀਆਂ ਕੋਲ ਵਿਦੇਸ਼ ਜਾਣ ਲਈ ਪਰਿਵਾਰ ਜਾਂ ਖੂਨ ਨਾਲ ਸੰਬੰਧਿਤ ਵੀਜ਼ਾ ਸੀ

ਕੌਮਾਂਤਰੀ ਪਰਵਾਸ ਨੂੰ ਪ੍ਰਭਾਵਿਤ ਕਰਨ ਵਾਲੇ ਬਹੁਤ ਸਾਰੇ ਕਾਰਕ ਹੁੰਦੇ ਹਨ ਕਿਉਂਕਿ ਪਰਵਾਸ ਕਰਨ ਦਾ ਫ਼ੈਸਲਾ ਕਦੇ ਵੀ ਸਿਰਫ਼ ਇੱਕ ਕਾਰਨ ਦੁਆਰਾ ਹੀ ਪ੍ਰਭਾਵਿਤ ਨਹੀਂ ਹੁੰਦਾਦੁਆਬੇ ਦੇ 9.14, ਮਾਲਵੇ ਦੇ 85.03, ਅਤੇ ਮਾਝੇ ਦੇ 27.9 ਫ਼ੀਸਦ ਪਰਵਾਸੀਆਂ ਦੇ ਸੰਬੰਧ ਵਿੱਚ ਉਹਨਾਂ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਨ੍ਹਾਂ ਦੇ ਬੱਚਿਆਂ/ਮੈਂਬਰਾਂ ਦੇ ਪਰਵਾਸ ਦਾ ਮੁੱਖ ਕਾਰਨ ਬੇਰੁਜ਼ਗਾਰੀ ਹੈਮਾਝੇ 32.6, ਮਾਲਵੇ ਦੇ 19.67 ਅਤੇ ਦੁਆਬੇ ਦੇ 18.77 ਫ਼ੀਸਦ ਵਿਅਕਤੀ ਆਪਣੇ ਹਾਣੀਆਂ ਦੇ ਦਬਾਅ ਨੂੰ ਮਹਿਸੂਸ ਕਰਦੇ ਹੋਏ ਵਿਦੇਸ਼ਾਂ ਵਿੱਚ ਗਏਪੰਜਾਬ ਵਿੱਚ ਫੈਲੇ ਨਸ਼ਿਆਂ ਦੇ ਜਾਲ਼ ਤੋਂ ਬਚਣ ਲਈ ਮਾਝੇ ਦੇ 24.59, ਮਾਲਵੇ ਦੇ 14.47 ਅਤੇ ਦੁਆਬੇ ਦੇ 4.5 ਫ਼ੀਸਦ ਵਿਅਕਤੀਆਂ ਨੇ ਵਿਦੇਸ਼ਾਂ ਵਿੱਚ ਪਰਵਾਸ ਕੀਤਾਸੂਬੇ ਦੀਆਂ ਵਿਗੜੀਆਂ ਹੋਈਆਂ ਸਮਾਜਿਕ-ਆਰਥਿਕ ਹਾਲਤਾਂ ਨੇ ਮਾਝੇ, ਮਾਲਵੇ, ਅਤੇ ਦੁਆਬੇ ਦੇ ਕ੍ਰਮਵਾਰ 31.22, 16.68, ਅਤੇ 15.64 ਫ਼ੀਸਦ ਵਿਅਕਤੀਆਂ ਨੂੰ ਵਿਦੇਸ਼ਾਂ ਵਿੱਚ ਪਰਵਾਸ ਕਰਨ ਲਈ ਮਜਬੂਰ ਕੀਤਾਸੂਬੇ ਵਿੱਚ ਵਧ ਰਹੇ ਅਪਰਾਧਾਂ ਤੋਂ ਤੰਗ ਆਏ ਮਾਝੇ ਦੇ 11.88, ਮਾਲਵੇ ਦੇ 2.78 ਅਤੇ ਦੁਆਬੇ ਦੇ 1.17 ਫ਼ੀਸਦ ਵਿਅਕਤੀਆਂ ਨੇ ਵਿਦੇਸ਼ਾਂ ਵਿੱਚ ਜਾਣਾ ਬਿਹਤਰ ਸਮਝਿਆਦੁਆਬੇ ਦੇ 79.67, ਮਾਝੇ ਦੇ 67.88 ਅਤੇ ਮਾਲਵੇ ਦੇ 62.44 ਫ਼ੀਸਦ ਵਿਅਕਤੀਆਂ ਨੇ ਵਧੇਰੇ ਕਮਾਈ ਕਰਨ ਦੀ ਇੱਛਾ ਕਾਰਨ ਵਿਦੇਸ਼ਾਂ ਵਿੱਚ ਪਰਵਾਸ ਕੀਤਾ ਵਿਦੇਸ਼ਾਂ ਵਿੱਚ ਰਹਿਣ-ਸਹਿਣ ਦੀਆਂ ਵਧੀਆਂ ਸਥਿਤੀਆਂ ਅਤੇ ਪ੍ਰਸ਼ਾਸਕੀ ਸਹੂਲਤਾਂ ਨੇ ਮਾਝੇ, ਦੁਆਬੇ, ਅਤੇ ਮਾਲਵੇ ਦੇ ਕ੍ਰਮਵਾਰ 82.57, 73.9, ਅਤੇ 64.01 ਫ਼ੀਸਦ ਵਿਅਕਤੀਆਂ ਨੂੰ ਪਰਵਾਸ ਕਰਨ ਲਈ ਆਕਰਸ਼ਿਤ ਕੀਤਾਮਾਝੇ ਦੇ 14.92, ਮਾਲਵੇ ਦੇ 10.91 ਅਤੇ ਦੁਆਬੇ ਦੇ 8.7 ਫ਼ੀਸਦ ਵਿਅਕਤੀਆਂ ਦੇ ਵਿਦੇਸ਼ਾਂ ਵਿੱਚ ਪਰਵਾਸ ਕਰਨ ਦਾ ਕਾਰਨ ਉਹਨਾਂ ਦੇ ਪਰਿਵਾਰਾਂ ਦਾ ਵਿਦੇਸ਼ਾਂ ਵਿੱਚ ਵਸ ਜਾਣਾ ਸੀਮਾਝੇ, ਦੁਆਬੇ, ਅਤੇ ਮਾਲਵੇ ਦੇ ਕ੍ਰਮਵਾਰ 37.57, 28.54, ਅਤੇ 16.61 ਫ਼ੀਸਦ ਵਿਅਕਤੀਆਂ ਨੇ ਉੱਚ ਸਿੱਖਿਆ ਪ੍ਰਾਪਤ ਕਰਨ ਦੀ ਉਮੀਦ ਨਾਲ ਵਿਦੇਸ਼ਾਂ ਵਿੱਚ ਪਰਵਾਸ ਕੀਤਾ

ਮਾਝੇ ਵਿੱਚੋਂ ਪਰਵਾਸੀਆਂ ਦੇ ਵਧੇਰੇ ਹਿੱਸੇ (25.41 ਫ਼ੀਸਦ) ਨੇ ਵਿਦੇਸ਼ ਜਾਣ ਲਈ 15 ਤੋਂ 20 ਲੱਖ ਰੁਪਏ ਖ਼ਰਚ ਕੀਤੇਤਕਰੀਬਨ ਇੰਨੇ ਹੀ (25.14 ਫ਼ੀਸਦ) ਪਰਵਾਸੀਆਂ ਨੇ ਪਰਵਾਸ ਲਈ 20 ਤੋਂ 25 ਲੱਖ ਰੁਪਏ ਅਤੇ 24.31 ਫ਼ੀਸਦ ਪਰਵਾਸੀਆਂ ਨੇ 5 ਤੋਂ 10 ਲੱਖ ਰੁਪਏ ਖ਼ਰਚ ਕੀਤੇਪਰਵਾਸੀਆਂ ਦੇ 12.43 ਫ਼ੀਸਦ ਨੇ ਪਰਵਾਸ ਕਰਨ ਲਈ 5 ਲੱਖ ਰੁਪਏ ਤੋਂ ਘੱਟ ਖ਼ਰਚ ਕੀਤੇਇਸ ਤੋਂ ਬਾਅਦ 7.73, ਅਤੇ 4.7 ਫ਼ੀਸਦ ਪਰਵਾਸੀਆਂ ਨੇ ਕ੍ਰਮਵਾਰ 10 ਤੋਂ 15, ਅਤੇ 25 ਤੋਂ 30 ਲੱਖ ਰੁਪਏ ਖ਼ਰਚ ਕੀਤੇਸਿਰਫ਼ 0.28 ਫ਼ੀਸਦ ਪਰਵਾਸੀ 30 ਲੱਖ ਜਾਂ ਵੱਧ ਰੁਪਏ ਖ਼ਰਚ ਕੇ ਵਿਦੇਸ਼ ਗਏਦੁਆਬੇ ਵਿੱਚੋਂ 31.18 ਫ਼ੀਸਦ ਪਰਵਾਸੀਆਂ ਨੇ ਵਿਦੇਸ਼ ਜਾਣ ਲਈ 5 ਲੱਖ ਰੁਪਏ ਤੋਂ ਘੱਟ ਖਰਚ ਕੀਤੇਇਸ ਤੋਂ ਬਾਅਦ 7.73, ਅਤੇ 4.7 ਫ਼ੀਸਦ ਪਰਵਾਸੀਆਂ ਨੇ ਕ੍ਰਮਵਾਰ 10 ਤੋਂ 15, ਅਤੇ 25 ਤੋਂ 30 ਲੱਖ ਰੁਪਏ ਖ਼ਰਚ ਕੀਤੇਸਿਰਫ਼ 0.28 ਫ਼ੀਸਦ ਪਰਵਾਸੀ 30 ਲੱਖ ਜਾਂ ਵੱਧ ਰੁਪਏ ਖ਼ਰਚ ਕੇ ਵਿਦੇਸ਼ ਗਏਦੁਆਬੇ ਵਿੱਚੋਂ 31.18 ਫ਼ੀਸਦ ਪਰਵਾਸੀਆਂ ਨੇ ਵਿਦੇਸ਼ ਜਾਣ ਲਈ 5 ਲੱਖ ਰੁਪਏ ਤੋਂ ਘੱਟ ਖਰਚ ਕੀਤੇ, ਜਦੋਂ ਕਿ 17.2 ਫ਼ੀਸਦ ਵਿਅਕਤੀ 5 ਤੋਂ 10 ਲੱਖ ਰੁਪਏ ਖ਼ਰਚ ਕੇ ਵਿਦੇਸ਼ ਗਏਪਰਵਾਸੀਆਂ ਦੇ 13.69 ਫ਼ੀਸਦ ਨੇ ਕੌਮਾਂਤਰੀ ਪਰਵਾਸ ਲਈ 10 ਤੋਂ 15, 20.53 ਫ਼ੀਸਦ ਨੇ 15 ਤੋਂ 20, ਅਤੇ 10.95 ਫ਼ੀਸਦ ਨੇ 20 ਤੋਂ 25 ਲੱਖ ਰੁਪਏ ਖ਼ਰਚ ਕੀਤੇਪਰਵਾਸੀਆਂ ਦੇ 3.13 ਫ਼ੀਸਦ ਨੇ ਕੌਮਾਂਰਤੀ ਪਰਵਾਸ ਲਈ 25 ਤੋਂ 30 ਲੱਖ ਰੁਪਏ ਅਤੇ 3.32 ਫ਼ੀਸਦ ਨੇ 30 ਲੱਖ ਜਾਂ ਵੱਧ ਰੁਪਏ ਖ਼ਰਚ ਕੀਤੇਮਾਲਵੇ ਵਿੱਚੋਂ 29.29 ਫ਼ੀਸਦ ਪਰਵਾਸੀਆਂ ਨੇ ਵਿਦੇਸ਼ ਜਾਣ ਲਈ 15 ਤੋਂ 20 ਲੱਖ ਰੁਪਏ ਖ਼ਰਚ ਕੀਤੇਇਸ ਤੋਂ ਬਾਅਦ 20.38 ਫ਼ੀਸਦ ਪਰਵਾਸੀਆਂ ਨੇ ਵਿਦੇਸ਼ ਜਾਣ ਲਈ 20 ਤੋਂ 25 ਲੱਖ ਰੁਪਏ ਅਤੇ 17.82 ਫ਼ੀਸਦ ਨੇ 5 ਲੱਖ ਰੁਪਏ ਤੋਂ ਘੱਟ ਖ਼ਰਚ ਕੀਤੇਇਸ ਤੋਂ ਇਲਾਵਾ, 13.26 ਫ਼ੀਸਦ ਪਰਵਾਸੀਆਂ ਨੇ ਵਿਦੇਸ਼ ਜਾਣ ਲਈ 5 ਤੋਂ 10 ਲੱਖ ਰੁਪਏ, 10.83 ਫ਼ੀਸਦ ਨੇ 10 ਤੋਂ 15 ਲੱਖ ਰੁਪਏ, 4.78 ਫ਼ੀਸਦ ਨੇ 25 ਤੋਂ 30 ਲੱਖ ਰੁਪਏ ਅਤੇ 3.64 ਫ਼ੀਸਦ ਨੇ 30 ਲੱਖ ਜਾਂ ਵੱਧ ਰੁਪਏ ਖ਼ਰਚ ਕੀਤੇ

ਕੌਮਾਂਤਰੀ ਪਰਵਾਸ ਲਈ ਮੁਹਈਆ ਕਰਵਾਈ ਗਈ ਰਕਮ ਦਾ ਸੰਬੰਧ, ਤਿੰਨੋਂ ਭੂਗੋਲਿਕ ਖੇਤਰਾਂ ਵਿੱਚ ਪਰਵਾਸ ਦੇ ਕੁੱਲ ਖ਼ਰਚ ਦਾ ਜ਼ਿਆਦਾ ਹਿੱਸਾ ਪਰਵਾਸੀਆਂ ਦੇ ਪਰਿਵਾਰਾਂ ਦੀ ਬੱਚਤ ਤੋਂ ਆਇਆ ਹੈਇਸ ਸੰਬੰਧ ਵਿੱਚ ਧਿਆਨ ਮੰਗਦਾ ਇੱਕ ਪੱਖ ਇਹ ਹੈ ਕਿ ਪਰਵਾਸੀਆਂ ਦੇ ਪਰਿਵਾਰ ਆਪਣੇ ਬੱਚਿਆਂ/ਮੈਂਬਰਾਂ ਦੇ ਪਰਵਾਸ ਲਈ ਜਿਹੜੀ ਰਕਮ ਨੂੰ ਆਪਣੀ ਬੱਚਤ ਵਜੋਂ ਦੱਸਦੇ ਹਨ, ਉਹਨਾਂ ਪਰਿਵਾਰਾਂ ਸਿਰ ਸੰਸਥਾਗਤ ਉਧਾਰ/ਕਰਜ਼ੇ ਦੀਆਂ ਲਿਮਟਾਂ ਵੀ ਹਨ, ਜਿਹਨਾਂ ਨੂੰ ਉਹ ਅਕਸਰ ਵਰਤਦੇ ਰਹਿੰਦੇ ਹਨਦੁਆਬੇ, ਮਾਲਵੇ, ਅਤੇ ਮਾਝੇ ਵਿੱਚ ਪਰਵਾਸ ਲਈ ਕੁੱਲ ਖ਼ਰਚ ਦਾ ਕ੍ਰਮਵਾਰ 43.38, 40.10, ਅਤੇ 29.34 ਫ਼ੀਸਦ ਪਰਿਵਾਸੀਆਂ ਦੇ ਪਰਿਵਾਰਾਂ ਦੀ ਬੱਚਤ ਤੋਂ ਆਇਆ ਦੱਸਿਆ ਗਿਆ ਹੈਪਰਵਾਸੀਆਂ ਨੂੰ ਇੰਨੀ ਵੱਡੀ ਰਕਮ ਦਾ ਪ੍ਰਬੰਧ ਕਰਨ ਲਈ ਆਪਣੀ ਜ਼ਮੀਨ/ਪਲਾਟ/ਗਹਿਣੇ/ਵਾਹਨ/ਜਾਨਵਰ/ਖੇਤੀਬਾੜੀ ਮਸ਼ੀਨਰੀ ਵੀ ਵੇਚਣੀ ਪਈਇਸ ਸਰੋਤ ਨੇ ਮਾਝੇ ਵਿੱਚ ਕੁੱਲ ਖ਼ਰਚ ਵਿੱਚ 21.97 ਫ਼ੀਸਦ ਯੋਗਦਾਨ ਪਾਇਆਮਾਲਵੇ ਵਿੱਚ ਇਹ ਯੋਗਦਾਨ 20.04 ਫ਼ੀਸਦ ਅਤੇ ਦੁਆਬੇ ਵਿੱਚ 19.67 ਫ਼ੀਸਦ ਸੀਮੌਜੂਦਾ ਅਧਿਐਨ ਦਾ ਇੱਕ ਬਹੁਤ ਹੀ ਦੁਖਦਾਈ ਪਹਿਲੂ ਇਹ ਹੈ ਕਿ ਕੌਮਾਂਤਰੀ ਪਰਵਾਸ ਲਈ ਪੰਜਾਬੀ ਆਪਣੀਆਂ ਜ਼ਮੀਨਾਂ ਵੀ ਗੁਆ ਰਹੇ ਹਨ ਅਤੇ ਆਪਣੇ ਬੱਚੇ ਵੀਮਾਝੇ, ਮਾਲਵੇ, ਅਤੇ ਦੁਆਬੇ ਵਿੱਚੋਂ ਪਰਵਾਸੀਆਂ ਨੇ ਪਰਵਾਸ ਦੇ ਕੁੱਲ ਖ਼ਰਚ ਦਾ ਕ੍ਰਮਵਾਰ 25.09, 15.86, ਅਤੇ 14.27 ਫ਼ੀਸਦ ਦਾ ਪ੍ਰਬੰਧ ਬੈਂਕਾਂ/ਸਹਿਕਾਰੀ ਸਭਾਵਾਂ ਤੋਂ ਕੀਤਾ ਹੈਇਸ ਮੰਤਵ ਲਈ ਆੜ੍ਹਤੀਆਂ ਤੋਂ ਵੀ ਕਰਜ਼ਾ ਲਿਆ ਗਿਆ ਜੋ ਮਾਝੇ, ਮਾਲਵੇ, ਅਤੇ ਦੁਆਬੇ ਵਿੱਚ ਪਰਵਾਸ ਦੇ ਕੁੱਲ ਖ਼ਰਚ ਦਾ ਕ੍ਰਮਵਾਰ 10.38, 8.78, ਅਤੇ 5.97 ਫ਼ੀਸਦ ਹਿੱਸਾ ਬਣਦਾ ਹੈਪਰਵਾਸ ਦੇ ਕੁੱਲ ਖ਼ਰਚ ਵਿੱਚ ਰਿਸ਼ਤੇਦਾਰਾਂ ਦਾ ਯੋਗਦਾਨ ਦੁਆਬੇ ਵਿੱਚ 12.56, ਮਾਲਵੇ ਵਿੱਚ 11.1 ਅਤੇ ਮਾਝੇ ਵਿੱਚ 10.86 ਫ਼ੀਸਦ ਸੀਕੌਮਾਂਤਰੀ ਪਰਵਾਸ ਲਈ ਪਰਵਾਸੀਆਂ ਨੇ ਆਪਣੇ ਹੋਣ ਵਾਲੇ ਸਹੁਰਿਆਂ ਤੋਂ ਮਾਲਵੇ, ਦੁਆਬੇ, ਅਤੇ ਮਾਝੇ ਵਿੱਚ ਪਰਵਾਸ ਦੀ ਕੁੱਲ ਲਾਗਤ ਦਾ ਕ੍ਰਮਵਾਰ 2.19, 1.33, ਅਤੇ 0.71 ਫ਼ੀਸਦ ਲਿਆਪਰਵਾਸ ਦੇ ਕੁੱਲ ਖ਼ਰਚ ਦਾ ਸਿਰਫ਼ 2.21, 1.28, ਅਤੇ 1.11 ਫ਼ੀਸਦ ਹਿੱਸਾ ਕ੍ਰਮਵਾਰ ਦੁਆਬੇ, ਮਾਲਵੇ, ਅਤੇ ਮਾਝੇ ਵਿੱਚੋਂ ਪਹਿਲਾਂ ਤੋਂ ਗਏ ਕੌਮਾਂਤਰੀ ਪਰਵਾਸੀਆਂ ਦੁਆਰਾ ਭੇਜੇ ਗਏ ਧਨ ਤੋਂ ਆਇਆਪਰਵਾਸੀਆਂ ਨੇ ਆਪਣੇ ਪਿੰਡ ਦੇ ਵੱਡੇ ਕਿਸਾਨਾਂ ਤੋਂ ਪਰਵਾਸ ਦੇ ਕੁੱਲ ਖ਼ਰਚ ਦਾ ਮਾਲਵੇ ਵਿੱਚ 0.65, ਦੁਆਬੇ ਵਿੱਚ 0.61 ਅਤੇ ਮਾਝੇ ਵਿੱਚ 0.44 ਫ਼ੀਸਦ ਕਰਜ਼ਾ ਲਿਆਇਸ ਸੰਬੰਧ ਵਿੱਚ ਧਿਆਨ ਦੇਣ ਯੋਗ ਤੱਥ ਇਹ ਹੈ ਕਿ ਵੱਡੇ ਕਿਸਾਨ ਪਰਵਾਸੀਆਂ ਦੇ ਪਰਿਵਾਰਾਂ ਉੱਤੇ ਕਰਜ਼ਾ ਚੜ੍ਹਾ ਕੇ ਉਹਨਾਂ ਦੀਆਂ ਜ਼ਮੀਨਾਂ ਖ਼ਰੀਦਣ ਉੱਤੇ ਨਜ਼ਰ ਰੱਖਦੇ ਹਨ

ਕੌਮਾਂਤਰੀ ਪਰਵਾਸ ਉਹਨਾਂ ਪਰਿਵਾਰਾਂ ਲਈ ਸੁਖਾਵਾਂ ਹੋ ਸਕਦਾ ਹੈ, ਜਿਹਨਾਂ ਦੇ ਪਰਵਾਸੀ ਮੈਂਬਰ ਵਿਦੇਸ਼ਾਂ ਵਿੱਚ ਕੰਮ ਕਰ ਕੇ ਇਕੱਠੇ ਕੀਤੇ ਧਨ ਵਿੱਚੋਂ ਕੁਝ ਰਕਮ ਆਪਣੇ ਪਰਿਵਾਰਾਂ ਨੂੰ ਭੇਜਣਾ ਸ਼ੁਰੂ ਕਰ ਦਿੰਦੇ ਹਨਦੁਆਬੇ, ਮਾਲਵੇ, ਅਤੇ ਮਾਝੇ ਵਿੱਚੋਂ ਗਏ ਪਰਵਾਸੀਆਂ ਵਿੱਚੋਂ ਕ੍ਰਮਵਾਰ 81.92, 54.38, ਅਤੇ 46.96 ਫ਼ੀਸਦ ਨੇ ਆਪਣੇ ਪਰਿਵਾਰਾਂ ਨੂੰ ਕੁਝ ਧਨ ਭੇਜਿਆਦੁਆਬੇ ਦੇ 71.13 ਫ਼ੀਸਦ, ਮਾਲਵੇ ਦੇ 56.75 ਫ਼ੀਸਦ ਅਤੇ ਮਾਝੇ ਦੇ 51.19 ਫ਼ੀਸਦ ਪਰਵਾਸੀਆਂ ਨੇ ਆਪਣੇ ਪਰਿਵਾਰਾਂ ਨੂੰ ਸਿਰਫ਼ 5 ਲੱਖ ਰੁਪਏ ਤਕ ਹੀ ਰਕਮਾਂ ਭੇਜੀਆਂਮਾਲਵੇ, ਦੁਆਬੇ, ਅਤੇ ਮਾਝੇ ਦੇ ਕੁੱਲ ਪਰਵਾਸੀਆਂ ਵਿੱਚੋਂ ਕ੍ਰਮਵਾਰ 21.76, 10.02, ਅਤੇ 5.88 ਫ਼ੀਸਦ ਨੇ ਆਪਣੇ ਪਰਿਵਾਰਾਂ ਨੂੰ 10 ਲੱਖ ਰੁਪਏ ਜਾਂ ਇਸ ਤੋਂ ਵੱਧ ਭੇਜੇ

ਪੰਜਾਬ ਦੇ ਤਿੰਨੋਂ ਭੂਗੋਲਿਕ ਖੇਤਰਾਂ ਗਏ ਕੌਮਾਂਤਰੀ ਪਰਵਾਸੀਆਂ ਦੇ ਪਰਵਾਸ ਦੇ ਖ਼ਰਚ ਅਤੇ ਉਹਨਾਂ ਦੁਆਰਾ ਵਾਪਸ ਭੇਜੀ ਗਈ ਰਕਮ (ਰੈਮਿਟੈਂਸ) ਵਿਚਕਾਰ ਇੱਕ ਬਹੁਤ ਵੱਡਾ ਪਾੜਾ ਹੈ ਜੋ ਸਪਸ਼ਟ ਤੌਰ ਉੱਤੇ ਪੰਜਾਬ ਅਤੇ ਭਾਰਤ ਵਿੱਚੋਂ ‘ਪੂੰਜੀ ਹੂੰਝੇ’ ਨੂੰ ਦਰਸਾਉਂਦਾ ਹੈ

ਕੌਮਾਂਤਰੀ ਪਰਵਾਸ ਦੀ ਉੱਚੀ ਲਾਗਤ ਅਤੇ ਪਰਵਾਸੀਆਂ ਵੱਲੋਂ ਆਪਣੇ ਪਰਿਵਾਰਾਂ ਨੂੰ ਘੱਟ ਰਕਮਾਂ ਭੇਜਣ ਕਰ ਕੇ ਮਾਝੇ ਵਿੱਚ 90 ਫ਼ੀਸਦ ਤੋਂ ਮਾਮੂਲੀ ਵੱਧ, ਮਾਲਵੇ ਵਿੱਚ 63.79 ਫ਼ੀਸਦ ਅਤੇ ਦੁਆਬੇ ਵਿੱਚ 60.12 ਫ਼ੀਸਦ ਪਰਿਵਾਰ ਕਰਜ਼ੇ ਥੱਲੇ ਹਨ

ਪੇਂਡੂ ਪੰਜਾਬ ਤੋਂ ਕੌਮਾਂਤਰੀ ਪਰਵਾਸ ਦੇ ਮੌਜੂਦਾ ਅਧਿਐਨ ਤੋਂ ਇਹ ਸਾਹਮਣੇ ਆਇਆ ਹੈ ਕਿ ਵੱਖ-ਵੱਖ ਕਾਰਨਾਂ ਕਰ ਕੇ ਕੀਤਾ ਜਾ ਰਿਹਾ ਪਰਵਾਸ ਪੰਜਾਬ ਅਤੇ ਭਾਰਤ ਲਈ ‘ਬੌਧਿਕ ਹੂੰਝੇ’, ‘ਪੂੰਜੀ ਹੂੰਝੇ’ ਅਤੇ ‘ਜਨਸੰਖਿਕ ਲਾਭਅੰਸ਼ ਦੇ ਨੁਕਸਾਨ’ ਤੋਂ ਬਿਨਾਂ ਹੋਰ ਅਨੇਕਾਂ ਸਮੱਸਿਆਵਾਂ ਖੜ੍ਹੀਆਂ ਕਰ ਰਿਹਾ ਹੈਇਹਨਾਂ ਸਮੱਸਿਆਵਾਂ ਉੱਤੇ ਕਾਬੂ ਪਾਉਣ ਲਈ ਜ਼ਰੂਰੀ ਹੈ ਕਿ ਪੰਜਾਬ ਅਤੇ ਭਾਰਤ ਵਿੱਚ ਰੁਜ਼ਗਾਰ ਦੇ ਢੁਕਵੇਂ ਮੌਕੇ ਪੈਦਾ ਕਰਨ ਦੇ ਨਾਲ ਨਾਲ਼ ਇੱਥੋਂ ਦੀਆਂ ਸਮਾਜਿਕ-ਆਰਥਿਕ ਸਥਿਤੀਆਂ, ਪ੍ਰਸ਼ਾਸਨਿਕ ਸੇਵਾਵਾਂ ਵਿੱਚ ਸੁਧਾਰ ਕੀਤਾ ਜਾਵੇ ਅਤੇ ਨਸ਼ਿਆਂ ਦੀ ਵਰਤੋਂ ਨੂੰ ਠੱਲ੍ਹ ਪਾਈ ਜਾਵੇ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4749)
(ਸਰੋਕਾਰ ਨਾਲ ਸੰਪਰਕ ਲਈ: (This email address is being protected from spambots. You need JavaScript enabled to view it.)

About the Author

ਡਾ. ਗਿਆਨ ਸਿੰਘ

ਡਾ. ਗਿਆਨ ਸਿੰਘ

(Retired Professor. Dept. Of Economics. Punjabi University, Patiala. Punjab, India.)
Phone: (91 - 99156 - 82196)

Email: (giansingh88@yahoo.com)