LalSDasuya7ਤੈਨੂੰ ਕੌਣ ਕਹਿੰਦਾ ਤਰਲੇ ਕਰਨ ਲਈ ਵੋਟਰਾਂ ਦੇ, ਤੂੰ ਬੱਸ ਹਸਤਾਖਰ ਕਰ, ਆਪਣੀ ਵੋਟ ਪਾ ਤੇ ਚਲਾ ਜਾ ...
(19 ਜਨਵਰੀ 2024)
ਇਸ ਸਮੇਂ ਪਾਠਕ: 955.


ਬੇਰਿੰਗ ਕਾਲਜ ਬਟਾਲੇ ਕੋਈ ਸੈਮੀਨਾਰ ਸੀ
, ਕੇਂਦਰੀ ਲੇਖਕ ਸਭਾ ਵਲੋਂ। ਭਰਵੀਂ ਹਾਜ਼ਰੀ ਸੀ। ਉਹਨਾਂ ਵਰ੍ਹਿਆਂ ਵਿੱਚ ਉਚੇਚ ਨਾਲ ਪੁੱਜਣਾ ਹਰ ਮੈਂਬਰ ਆਪਣਾ ਫ਼ਰਜ਼ ਸਮਝਦਾ ਸੀ, ਸਭਾ ਦੀ ਕਾਰਜਕਰਨੀ ਦੇ ਮੈਂਬਰ ਤਾਂ ਵਿਸ਼ੇਸ਼ ਕਰਕੇਮੈਂ ਸੈਮੀਨਾਰ ਹਾਲ ਤੋਂ ਥੋੜ੍ਹਾ ਕੁ ਹਟਵੇਂ ਲੱਗੇ ਚਾਹ-ਟੇਬਲਾਂ ਵਲ ਨੂੰ ਦੋ ਜਣੇ ਨੀਵੀਂਆਂ ਪਾਈ ਗੱਲਾਂ ਕਰਦੇ ਆਉਂਦੇ ਦੇਖੇ। ਇਹਨਾਂ ਵਿੱਚੋਂ ਇੱਕ ਹਰਭਜਨ ਸਿੰਘ ਹੁੰਦਲ ਸੀਹੱਥ ਵਿੱਚ ਦਰਮਿਆਨਾ ਜਿਹਾ ਬੈਗ, ਨਾ ਛੋਟਾ, ਨਾ ਬਹੁਤਾ ਵੱਡਾਇਹ ਬੈਗ ਮੋਢੇ ਨਾਲ ਲਟਕਾਇਆ ਜਾ ਸਕਦਾ ਸੀ, ਹੱਥੀਂ ਤੋਂ ਵੀ ਫੜਿਆ ਵੀ ਜਾ ਸਕਦਾ ਸੀਚਾਹ ਪੀਂਦਿਆਂ ਨੂੰ ਅਗਲਵਾਂਡੀ ਹੋ ਕੇ ਮੈਂ ਸਤਿ ਸ੍ਰੀ ਅਕਾਲ ਬੁਲਾਈ, “ਜੀਅ … ਮੈਂ ਲਾਲ ਸਿੰਘ।”

ਹੁੰਦਲ ਨੇ ਚਾਹ ਦਾ ਕੱਪ ਮੇਜ਼ ਉੱਤੇ ਰੱਖ ਕੇ ਮੈਨੂੰ ਹੇਠੋਂ ਉੱਪਰ ਤਕ ਦੇਖਿਆ, “ਅੱਛਾ, ਤੂੰ ਐਂ ਲਾਲ ਸੂੰਹ …।” ਇੰਨਾ ਆਖ ਉਹ ਚਾਹ ਵਿੱਚ ਰੁੱਝੇ ਆਪਣੇ ਸਾਥੀ ਨਾਲ ਮੁੜ ਗੱਲੀਂ ਲੱਗ ਗਿਆਮੈਂ ਨਾ ਚਾਹ ਪੀਣ ਜੋਗਾ ਰਿਹਾ, ਨਾ ਛੱਡਣ ਜੋਗਾਮੈਂ ਸੋਚਾਂ, ਇਹ ਕੀ ਹੋਇਆ? ਮੈਂ ਤਾਂ ਬੜੀ ਸੁਖਾਵੀਂ ਤਸਵੀਰ ਉਲੀਕੀ ਬੈਠਾ ਸੀ ਆਪਣੇ ਅੰਦਰ, “ਹੁੰਦਲ ਸਾਹਿਬ ਜਿੱਡੇ ਵੱਡੇ ਸ਼ਾਇਰ ਨੇ ਓਨੇ ਮਿਲਾਪੜੇ ਵੀ ਹੋਣਗੇ ਮੈਨੂੰ ਹੱਸ ਕੇ ਮਿਲਣਗੇ, ਹੋਰ ਨਹੀਂ ਮੇਰੀ ਕਾਰਗੁਜ਼ਾਰੀ ਲਈ ਛੋਟੀ-ਮੋਟੀ ਥਾਪੀ ਵੀ ਦੇਣਗੇ” ਪਰ, ਇਵੇਂ ਦਾ ਕੁਝ ਨਹੀਂ ਵਾਪਰਿਆ। ਅਸੀਂ ਆਪਣੇ ਹਿਸਾਬ-ਕਿਤਾਬ ਨਾਲ ਸੈਮੀਨਾਰ ਹਾਲ ਵਿੱਚ ਬੈਠੇ ਰਹੇ, ਸੈਮੀਨਰ ਮੁੱਕਣ ਵੇਲੇ ਤਕ

ਸ਼ਾਮੀ ਮੁਕੇਰੀਆਂ ਵਾਪਸ ਮੁੜਦਿਆਂ ਮੈਂ ਕਿਆਫੇ ਲਾਉਂਦਾ ਰਿਹਾ, ਹੋ ਸਕਦਾ ਹੁੰਦਲ ਦਾ ਸੁਭਾ ਹੀ ਐਹੋ ਜਿਹਾ ਹੋਵੇ? ਜਾਂ ਉਸ ਵੇਲੇ ਨਾਲ ਦੇ ਸਾਥੀ ਦੀ ਬਾਤ-ਚੀਤ ਮੇਰੀ ਮਿਲਣੀ ਨਾਲੋਂ ਵੱਧ ਮਹੱਤਵ ਵਾਲੀ ਹੋਵੇ? ਜਾਂ ਉਸ ਨੂੰ ਮੇਰੇ ਮੁਕੇਰੀਆਂ ਵਾਲੇ ‘ਚਾਲ-ਚਲਣ’ ਬਾਰੇ ਪਤਾ ਲੱਗ ਗਿਆ ਹੋਵੇ? ਭਾਵੇਂ ਮੈਂ ਮੁਕੇਰੀਆਂ ਲਾਗੇ ਦੇ ਆਪਣੇ ਪਿੰਡ ਖਾਨਪੁਰ, ਆਪਣੇ ਘਰ ਤਕ ਪੁੱਜਣ ਤਕ ਕੋਈ ਨਿਰਨਾ ਨਹੀਂ ਸੀ ਕਰ ਸਕਿਆ, ਤਾਂ ਵੀ ਮੈਨੂੰ ਬਹੁਤੀ ਸ਼ੱਕ ਆਪਣੀ ਮੁਕੇਰੀਆਂ ਦੇ ਆਸ-ਪਾਸ ਦੀ ਆਪਣੀ ਦੌੜ-ਭੱਜ ’ਤੇ ਸੀ। ਇਉਂ ਲਗਦਾ ਸੀ ਕਿ ਇਹ ਸਾਰਾ ਰੀਕਾਰਡ ਉਸ ਤਕ ਪੁੱਜ ਚੁੱਕਾ ਸੀ। ਰੀਕਾਰਡ ਸੀ ਵੀ ਟੇਢਾ-ਮੇਡਾ ਜਿਹਾ। ਸੰਨ 58 ਤੋਂ 62 ਤਕ ਦੀ ਭਾਖੜਾ ਡੈਮ ਦੀ ਚਾਰ ਕੁ ਸਾਲ ਦੇ ਨੌਕਰੀ ਸਮੇਂ ਤਕ, ਮੈਨੂੰ ਸੱਜੀਆਂ-ਖੱਬੀਆਂ ਪਾਰਟੀਆਂ ਦੀ ਕੋਈ ਸਮਝ ਨਹੀਂ ਸੀਬੱਸ, ਗੁਰਦਵਾਰਿਆਂ ਅੰਦਰ ਪੜ੍ਹੀ ਜਾਣ ਵਾਲੀ ‘ਕਵਿਤਾਕਾਰੀ’ ਤਕ ਹੀ ਸੀਮਤ ਸੀ। ਜਾਂ ਵਿੱਚ-ਵਿਚਾਲੇ ਨਾਟਕਕਾਰ ਗੁਰਸ਼ਰਨ ਸਿੰਘ ਦੇ ਨਾਟਕਾਂ ਦੀ ਪ੍ਰਸ਼ੰਸਾਕਾਰੀ ਤਕਸੱਜੀ ਵੱਖੀ ਵਿੱਚ ਲੱਗੀ ਗੰਭੀਰ ਸੱਟ ਦਾ ਇਲਾਜ ਕਰਵਾਉਣ ਲਈ ਸੰਨ 63 ਵਿੱਚ ਜਲੰਧਰ ਪੁੱਜ ਕੇ ਇੱਕ ਫੈਕਟਰੀ ਵਿੱਚ ਸਟੋਰ-ਕੀਪਰੀ ਵੀ ਕਰਨੀ ਪਈ। ਮੇਰਾ ਕੰਮਕਾਰੀ ਸਥਾਨ ਮੇਰਾ ਰੈਣ-ਬਸੈਰਾ ਵੀਦਿਨ ਵੇਲੇ ਮੰਜਾ ਬਾਹਰ, ਰਾਤ ਵੇਲੇ ਟੂਟੀਆਂ ਦੇ ਖਿੱਲਰ-ਖਲਾਰੇ ਉੱਪਰਦਿਨ ਵੇਲੇ ਪਾਣੀ-ਟੂਟੀਆਂ ਦੀ ਸਾਫ਼-ਸਫਾਈ, ਪੈਕਿੰਗ-ਬੁਕਿੰਗ ਵਾਲੀ ਘੁਟਣ ਤੋਂ ਮੈਂ ਛੇਤੀ ਹੀ ਤੰਗ ਪੈ ਗਿਆਫੈਕਟਰੀ ਬਦਲਣੀ ਪਈ ਥੋੜ੍ਹਾ ਕੁ ਸਾਹ ਸੌਖਾ ਹੋਇਆ, ਕਿਉਂ ਜੋ ਰਿਹਾਇਸ਼ੀ ਕਮਰਾ ਵੱਖਰਾ ਸੀ ਹੁਣਸਟੋਰ ਕੀਪਰ ਵਾਲੀ ਡਿਊਟੀ ਪਹਿਲੋਂ ਵਾਲੀ ਹੀ ਸੀ, ਫੈਕਟਰੀ ਮਾਲਕਾਂ ਨੂੰ ਮੇਰੀ ਕੰਮ-ਕਾਜੀ ਲਗਨ ਤੇ ਪੜ੍ਹਾਈ-ਲਿਖਾਈ ਵਾਲੀ ਰੁਚੀ ਸ਼ਾਇਦ ਪਸੰਦ ਆ ਗਈ ਸੀਮੈਂ ਚੁੱਪ-ਚੁਪੀਤੇ ਗਿਆਨੀ ਪਾਸ ਕਰਕੇ ਬੀ.ਏ. ਕਰਨ ਵਾਲੀ ਵਿਧੀ ਵੀ ਅਪਣਾਈ ਰੱਖੀ ਸੀ, ਫੈਕਟਰੀ ਮਾਲਕਾਂ ਨੇ ਦੂਜੇ ਕਾਮਿਆਂ ਤੋਂ ਵੱਖਰੀ ਤਰ੍ਹਾਂ ਦਾ ਕਾਮਾ ਸ਼ਮਝਕੇ ਮੈਨੂੰ ਦੇਸ਼ ਭਰ ਵੱਡੇ ਸ਼ਹਿਰਾਂ ਵਿੱਚੋਂ ਫੈਕਟਰੀ ਅੰਦਰ ਬਣਦੇ ਮਾਲ ਲਈ ਆਡਰ-ਬੁੱਕ ਕਰਨ ਲਈ ਸੇਲਜ਼ਮੈਨ ਦੀ ਜ਼ਿੰਮੇਵਾਰੀ ਸੌਂਪ ਦਿੱਤੀਪੰਜ-ਛੇ ਸਾਲਾਂ ਅੰਦਰ ਲਾਈਆਂ ਫੇਰੀਆਂ ਸਮੇਂ ਮੈਨੂੰ ਭਾਰਤ ਮਹਾਨ ਦੀ ਧਰਾਤਲ ਤੇ ਵਿਚਲੀ ਅਸਲ ‘ਮਹਾਨਤਾ’ ਨੂੰ ਅੱਖੀਂ ਵੇਖਣ ਦਾ ਮੌਕਾ ਮਿਲਿਆਯੂ.ਪੀ., ਬਿਹਾਰ ਤੇ ਵਿਸ਼ੇਸ਼ ਕਰਕੇ ਦੱਖਣੀ ਭਾਰਤ ਦੇ ਬੱਸ-ਅੱਡਿਆਂ, ਰੇਲਵੇ ਸਟੇਸ਼ਨਾਂ ਤੇ ਮੰਗਤਿਆਂ ਦੀ ਤਰ੍ਹਾਂ ਸਕੂਲੀ-ਵਿਦਿਆਰਥੀਆਂ ਤਕ ਪਲੇਟਫਾਰਮਾਂ ਜਾਂ ਹੋਰਨਾਂ ਜਨਤਕ ਥਾਵਾਂ ਤੇ ਖਾਂਦੇ-ਪੀਂਦੇ ਲੋਕਾਂ ਵੱਲੋਂ ਖਾਧੇ ਪਕੌੜਿਆਂ-ਸਮੋਸਿਆਂ ਦੀ ਖਟਿਆਈ ਨਾਲ ਲਿਬੜੇ ਡੂਨੇ ਤਕ ਵੀ ਹੇਠੋਂ ਚੁੱਕ ਕੇ ਚੱਟਦੇ ਦੇਖ ਕੇ ਮੇਰਾ ਅੰਦਰ-ਬਾਹਰ ਬੁਰੀ ਤਰ੍ਹਾਂ ਜ਼ਖ਼ਮੀ ਹੁੰਦਾ ਰਿਹਾਇਹ ਸਾਰਾ ਕੁਝ ਮੇਰੀ ਸਮਝ-ਸੂਝ ਦਾ ਹਿੱਸਾ ਬਣਿਆ। ਬੀ.ਐੱਡ. ਕਰਦਿਆਂ ਮੈਂ ਕਵਿਤਾਕਾਰੀ ਅੰਦਰ ਵੀ ਪ੍ਰਵੇਸ਼ ਕਰ ਗਿਆ ਫੈਕਟਰੀ ਮਾਲਕ ਸ੍ਰੀ ਮਦਨ ਲਾਲ ਹਾਂਡਾ ਨੇ ਆਪ ਬੀ.ਐੱਸ.ਸੀ. ਪਾਸ ਕੀਤੀ ਹੋਣ ਕਰਕੇ ਮੈਨੂੰ ਬੀ.ਐੱਡ. ਕਰਨ ਦੀ ਆਗਿਆ ਇਸ ਸ਼ਰਤ ’ਤੇ ਦੇ ਦਿੱਤੀ ਕਿ ਮੈਂ ਅੱਧਾ ਦਿਨ ਸ਼ਾਮ ਵੇਲੇ ਫੈਕਟਰੀ ਦਾ ਕੰਮ ਵੀ ਕਰਨਾ ਹੈ

ਬੀ.ਐੱਡ. ਦੀ ਪੜ੍ਹਾਈ ਸਮੇਂ ਮੇਰੇ ਅੰਦਰ ਭਾਰਤੀ ਜਨ ਸਾਧਾਰਨ ਨੂੰ ਬਰਦਾਸ਼ਤ ਕਰਨੀਆਂ ਪੈ ਰਹੀਆਂ ਤਲਖੀਆਂ ਕਵਿਤਾਵਾਂ ਰਾਹੀਂ ਪ੍ਰਗਟ ਹੋਣ ਲੱਗੀਆਂ। ਇਹ ਕੁਝ ਇੱਕ ‘ਵਿਸ਼ੇਸ਼’ ਹਮਜਮਾਤੀਆਂ ਰਾਹੀਂ ਅਗਾਂਹ ਇੱਕ ਵਿਸ਼ੇਸ਼ ਪਾਰਟੀ ਤਕ ਵੀ ਪਹੁੰਚਦੀਆਂ ਰਹੀਆਂਹੁਣ ਤਿੰਨ ਕੰਮ ਨਾਲੋ ਨਾਲ ਚੱਲਣ ਲੱਗੇਤੀਜਾ ਕੰਮ ਰਾਤਾਂ ਨੂੰ ਕਈ ਕਈ ਘੰਟੇ ਤਕ ਦੀ ਸਕੂਲਿੰਗ ਹੁੰਦੀਇਹ ਸਕੂਲਿੰਗ ਬੀ.ਐੱਡ. ਪਾਸ ਕਰਨ ਪਿੱਛੋਂ ਇੱਕ ਪ੍ਰਾਈਵੇਟ ਸਕੂਲ ਵਿੱਚ ਮਿਲੀ ਨੌਕਰੀ ਦੇ ਪਿੱਛੇ ਪਿੱਛੇ ਪਹੁੰਚ ਗਈ1967 ਸੰਨ ਵਿੱਚ ਹੋਈ ਖੱਬੀ ਧਿਰ ਦੀ ਤੀਜੀ ਟੁੱਟ-ਭੱਜ ਕਾਰਨ ਹੋਂਦ ਵਿੱਚ ਆਏ ਐੱਸ.ਐੱਨ. ਗਰੁੱਪ ਦੇ ਸਕੂਲਿੰਗ ਲਈ ਕਈ ਅੱਡੇ ਸਨ, ਇੱਕ ਭੰਗਾਲੇ ਵੀ ਸੀ, ਮੇਰੇ ਸਕੂਲ ਦੇ ਹੀ ਇੱਕ ਅਧਿਆਪਕ ਦੇ ਕਰਾਏ ਦੇ ਕਮਰੇ ਵਿੱਚਇਸ ਕਮਰੇ ਲਾਗੇ ਮਾ. ਸਵਿੰਦਰ ਸਿੰਘ ਦਾ ਆਪਣਾ ਮਕਾਨ ਸੀਉਹਨੂੰ ਸੂਹ ਲਗਦੀ ਗਈਮਾਮਲਾ ਸੀ.ਪੀ.ਐੱਮ. ਦੀ ਹਾਈ ਕਮਾਂਡ ਤਕ ਅੱਪੜ ਗਿਆਹਾਈ ਕਮਾਂਡ ਨੇ ਸਵਿੰਦਰ ਸਿੰਘ, ਯੋਧ ਸਿੰਘ, ਪਿਆਰਾ ਸਿੰਘ ਪਰਖ ਰਾਹੀਂ ਮੈਨੂੰ ਐੱਸ.ਐੱਨ. ਗਰੁੱਪ ਨਾਲੋਂ ਤੋੜ ਕੇ ਸੀ.ਪੀ.ਐੱਮ. ਨਾਲ ਜੋੜਨ ਦਾ ਕਾਰਜ ਸ਼ੁਰੂ ਕਰ ਦਿੱਤਾ ਮੈਨੂੰ ਦਸੂਹਾ ਚੋਣ ਅਸੈਂਬਲੀ ਲਈ ਚੰਨਣ ਸਿੰਘ ਧੂਤ ਲਈ ਆਪਣਾ ਖਾਲੀ ਮਕਾਨ ਸੌਂਪਣ ਲਈ ਆਖਿਆ ਗਿਆਮੈਂ ਕੋਈ ਉਜਰ ਨਾ ਕੀਤਾਮਾ. ਸਵਿੰਦਰ ਸਿੰਘ ਤੇ ਜੋਧ ਸਿੰਘ ਦੇ ਯਤਨਾਂ ਨੂੰ ਸਫ਼ਲ ਹੋਏ ਮੰਨਿਆ ਗਿਆ ਉਨ੍ਹੀਂ ਦਿਨੀਂ ਦੇਸ਼ ਭਗਤ ਯਾਦਗਾਰੀ ਹਾਲ ਵਿੱਚ ਹੋਈ ਕਿਸੇ ਕਾਨਫਰੰਸ ਸਮੇਂ ਮਿਲੇ ਹਰਭਜਨ ਸਿੰਘ ਹੁੰਦਲ ਨੇ ਮੈਨੂੰ ਦੂਰੋਂ ਅਵਾਜ਼ ਮਾਰਕੇ ਆਪਣੇ ਲਾਗੇ ਸੱਦਿਆ ਸੀ ਤੇ ਹੌਲੀ ਜਿਹੇ ਆਖਿਆ ਸੀ, “ਲਾਲ ਸਿਆਂ ਹੁਣ ਠੀਕ ਐ …।”

ਸੱਚ-ਮੁੱਚ ਮੈਨੂੰ ਉਸ ਦਿਨ ਹੁੰਦਲ ਦੀ ਬਟਾਲੇ ਬੇਰਿੰਗ ਕਾਲਜ ਵਿੱਚ ਚਾਹ ਪੀਂਦਿਆ, ਮਾਰੀ-ਵੱਟੀ ਘੁਰਕੀ ਦੀ ਸਮਝ ਪਈ ਸੀ

ਅਗਲੀ ਘੂਰੀ ਲੁਧਿਆਣੇ ਕੇਂਦਰੀ ਲੇਖਕ ਸਭਾ ਦੀ ਸਲਾਨਾ ਚੋਣ ਸਮੇਂ ਵੱਜੀਖੱਬੀਆਂ ਦੋਨੋਂ ਧਿਰਾਂ ਨੇ ਆਹੁਦੇਦਾਰਾਂ ਲਈ ਚੋਣ ਲਈ ਨਾਮ ਭਰ ਦਿੱਤੇ, ਬਿਨਾਂ ਆਪਸੀ ਸਾਂਝੇ ਸਲਾਹ-ਮਸ਼ਵਰੇ ਦੇ ਮੈਨੂੰ ਉਪ-ਪ੍ਰਧਾਨ ਲਈ ਨਾਂ ਭਰਨ ਲਈ ਕਿਹਾ ਗਿਆਮੈਂ ਹੁੰਦਲ ਜੀ ਨੂੰ ਕਿਹਾ, “ਮੈਂ ਕਦੇ ਚੋਣ ਨਹੀਂ ਲੜੀ, ਨਾ ਹੀ ਮੈਨੂੰ ਇਸਦਾ ਕੋਈ ਸ਼ੌਕ ਐ, ਨਾ ਚੋਣ ਲੜਨ ਦਾ ਇਲਮਕੋਈ ਨਾ ਕੋਈ ਤਾਂ ਢੰਗ-ਤਰੀਕਾ ਆਉਣਾ ਚਾਹੀਦਾ? ਨਾ ਮੈਥੋਂ ਵੋਟ ਲਈ ਤਰਲੇ ਹੁੰਦੇ ਐ, ਨਾ ਕੋਈ ਚੁਸਤੀ-ਚਲਾਕੀ ਵਰਤਣੀ ਆਉਂਦੀ ਆ

ਅੱਗੋਂ ਹੁੰਦਲ ਨੇ ਤਿੱਖੀ ਸੁਰ ਵਿੱਚ ਕਿਹਾ, “ਤੈਨੂੰ ਕੌਣ ਕਹਿੰਦਾ ਤਰਲੇ ਕਰਨ ਲਈ ਵੋਟਰਾਂ ਦੇ, ਤੂੰ ਬੱਸ ਹਸਤਾਖਰ ਕਰ, ਆਪਣੀ ਵੋਟ ਪਾ ਤੇ ਚਲਾ ਜਾ।”

ਮੈਂ ਸੱਚ-ਮੁੱਚ ਇਵੇਂ ਹੀ ਕੀਤਾਦੂਜੇ ਦਿਨ ਖ਼ਬਰ ਪੜ੍ਹੀ ਤਾਂ ਦੇਖਿਆ, ਮੈਨੂੰ ਚਾਰ ਸੌ ਤੋਂ ਵੱਧ ਵੋਟਾਂ ਮਿਲੀਆਂ ਸਨਮੈਂ ਪੂਰਾ ਖੁਸ਼ ਸੀਇਸ ਲਈ ਵੀ ਕਿ ਮੈਥੋਂ ਬਿਨਾਂ ਸਾਡੀ ਟੋਲੀ ਵੀ ਚੋਣ ਜਿੱਤ ਗਈ ਸੀ। ਤੇ ਇਸ ਲਈ ਵੀ ਕਿ ਚਲੋ ਘੱਟੋ-ਘੱਟ ਚਾਰ ਕੁ ਸੋ ਲੇਖਕ-ਪਾਠਕ ਮੈਨੂੰ ਕਹਾਣੀ-ਲੇਖਕ ਵਜੋਂ ਜਾਣਦੇ ਸਨਹੁੰਦਲ ਹੋਰਾਂ ਦੀ ਇਸ ਵਾਰ ਦੀ ਘੂਰੀ ਆਸਰੇ ਮੈਂ ਅਗਲੀ ਚੋਣ ਵੀ ਲੜੀ, ਪਰ ਮੇਰੇ ਜਾਣਕਾਰ ਓਨੇ ਦੇ ਓਨੇ ਹੀ ਰਹੇ ਸਨਜਿਹੋ ਜਿਹਾ ਮੇਰੀਆਂ ਕਹਾਣੀਆਂ ਦਾ ਵਿਸ਼ਾ-ਵਸਤੂ ਐ, ਮੇਰੇ ਰਹਿੰਦੇ ਦਮਾਂ ਤਕ ਮੇਰੇ ਪਾਠਕ ਜੇ ਵਧਣਗੇ ਨਹੀਂ ਤਾਂ ਘਟਣਗੇ ਵੀ ਨਹੀਂ, ਇੰਨਾ ਕੁ ਮੈਨੂੰ ਸਹਿਜ-ਸੁਭਾ ਹੀ ਵਿਸ਼ਵਾਸ ਹੋ ਗਿਆ ਹੈ, ਹਾਲਾਤ ਦੇ ਮੁੱਢੋਂ-ਸੁੱਢੋਂ ਬਦਲ ਜਾਣ ਦੇ ਬਾਵਜੂਦ

ਮੈਂ ਗੁਰਚਰਨ ਸਿੰਘ ਸਹਿੰਸਰਾ ਜੀ ਦੀ ਕੇਂਦਰੀ ਲੇਖਕ ਪੰਜਾਬੀ ਸਭਾ ਦੀ ਜਨਰਲ-ਸਕੱਤਰੀ ਤੋਂ ਲੈ ਕੇ ਡਾ. ਸਰਬਜੀਤ ਸਿੰਘ ਦੀ ਸਕੱਤਰੀ ਤਕ ਕਰੀਬ 32 ਸਾਲ ਕੇਂਦਰੀ ਪੰਜਾਬੀ ਲੇਖਕ ਸਭਾ ਦੀ ਕਾਰਜਕਰਨੀ ਦਾ ਮੈਂਬਰ ਰਿਹਾ ਹਾਂਸਾਹਿਤ ਸਭਾ ਮੁਕੇਰੀਆਂ, ਸਾਹਿਤ ਸਭਾ ਦਸੂਹਾ-ਗੜ੍ਹਦੀਵਾਲਾ ਦਾ ਲਗਾਤਾਰ ਕਈ ਵਰ੍ਹੇ ਕਾਰਜ ਭਾਗ ਸਿੱਧਾ ਸੰਭਾਲੀ ਰੱਖਣ ਤੋਂ ਉਪਰੰਤ, ਸਾਹਿਤ ਸਭਾ ਤਲਵਾੜਾ, ਸਾਹਿਤ ਸਭਾ ਬੁੱਲੋਵਾਲ, ਸਾਹਿਤ ਆਸ਼ਰਮ ਟਾਂਡਾ ਦੀ ਬਣਤਰ ਦੀ ਜ਼ਿੰਮੇਵਾਰੀ ਆਪਣੀ ਸਮਝਦਾ ਰਿਹਾ ਹਾਂਸਾਹਿਤਕ ਸਮਾਗਮ ਭਾਵੇਂ ਚੰਡੀਗੜ੍ਹ, ਅੰਮ੍ਰਿਤਸਰ, ਬਠਿੰਡੇ, ਬਰਨਾਲੇ, ਸੰਗਰੂਰ ਹੁੰਦੇ. ਮੈਂ ਕਿਧਰੇ ਵੀ ਗੈਰਹਾਜ਼ਰ ਨਹੀਂ ਰਿਹਾਕੇਂਦਰੀ ਲੇਖਕ ਸਭਾ ਦੀ ਤ੍ਰੈ-ਮਾਸਿਕ ਇਕਤੱਰਤਾ ਵਿੱਚ ਕਿਧਰੇ ਨਾ ਜਾਇਆ ਗਿਆ ਹੋਵੇ, ਕਹਿ ਨਹੀਂ ਸਕਦਾ

ਮੈਂ ਹੁੰਦਲ ਸਾਹਿਬ ਦੀ ਕਾਰਜਸ਼ੈਲੀ ਤੋਂ ਵਿੱਚ-ਵਾਰ ਨਿਰਾਸ਼ ਵੀ ਹੋ ਜਾਂਦਾ ਸੀਉਹ ਇਸ ਲਈ ਕਿ ਉਹ ਆਪਣੇ ਸਟੈਂਡ ਤੋਂ ਰਤੀ ਭਰ ਵੀ ਇੱਧਰ –ਓਧਰ ਨਹੀਂ ਸੀ ਹੁੰਦੇਤਾਂ ਵੀ, ਮੇਰੇ ਸਮੇਤ ਕਿਸੇ ਵੀ ਮੈਂਬਰ ਦੀ ਲਗਾਤਾਰਤਾ ਨੂੰ ਉਹਨਾਂ ਰੋਕਿਆ-ਟੋਕਿਆ ਨਹੀਂ ਸੀ ਇਸਦਾ ਲਾਭ ਮੈਨੂੰ ਇਹ ਹੋਇਆ ਕਿ ਪੰਜਾਬੀ ਸਾਹਿਤ ਅਕਾਡਮੀ ਦੀ ਕੋਰ ਕਮੇਟੀ ਨੇ ਸਾਲ 2007 ਦਾ ਕਰਤਾਰ ਸਿੰਘ ਧਾਰੀਵਾਲ ਅਵਾਰਡ, ਹਰਭਜਨ ਸਿੰਘ ਹੁੰਦਲ ਦੇ ਹਮਾਇਤੀਆਂ ਵਿੱਚੋਂ ਕਿਸੇ ਇੱਕ ਦੀ ਝੋਲੀ ਪਾਉਣ ਲਈ ਸਾਰੇ ਜ਼ਿੰਮੇਵਾਰੀ ਹੁੰਦਲ ਹੋਰਾਂ ਨੂੰ ਸੌਂਪ ਦਿੱਤੀ ਮੈਨੂੰ ਨਹੀਂ ਪਤਾ ਹੁੰਦਲ ਹੋਰਾਂ ਕਿਸ-ਕਿਸ ਦੇ ਨਾਂ ’ਤੇ ਵਿਚਾਰ ਕੀਤੀ ਹੋਵੇਗੀ ਪਰ ਮੇਰਾ ਨਾਮ ਉਸ ਵਾਰ ਪਹਿਲੇ ਨੰਬਰ ’ਤੇ ਸੀਅਕਾਡਮੀ ਵੱਲੋਂ ਦਿੱਤੇ ਜਾਂਦੇ ਵਕਾਰੀ ਅਵਾਰਡ ਦੀ ਸੂਚੀ ਵਿੱਚ ਲਾਲ ਸਿੰਘ ਨਾਮ ਦਰਜ ਹੋਣਾ ਆਪਣੇ ਆਪ ਵਿੱਚ ਮੇਰੀ ਕਾਰਜਕੁਸ਼ਲਤਾ ਨੂੰ ਪ੍ਰਵਾਨਗੀ ਮਿਲਣਾ ਸੀਇਹ ਵੱਖਰੀ ਗੱਲ ਐ ਕਿ ਇਹ ਅਵਾਰਡ ਮਿਲਿਆ ਕਈ ਵਰ੍ਹੇ ਪਛੜ ਕੇਅਮਰੀਕਾ ਵਸਦੇ ਅਵਾਰਡ ਦੇਣ ਵਾਲੇ ਘਰਾਣੇ ਨੇ ਅਵਾਰਡ ਇਸ ਲਈ ਬੰਦ ਕਰ ਦਿੱਤਾ ਸੀ ਸ਼ਾਇਦ ਕਿ ਸਭਾ ਦੇ ਅਤੇ ਅਵਾਰਡ ਪ੍ਰਦਾਨ ਕਰਨ ਵਾਲੇ ਘਰਾਣੇ ਦੇ ਸਿਆਸੀ ਵਿਚਾਰ ਇੱਕ ਨਹੀਂ ਸਨਭਾਵੇਂ ਬਹਾਨਾ ਕੰਮਕਾਰ ਵਿੱਚ ਆਈ ਖੜੋਤ ਦਾ ਲਾਇਆ ਗਿਆ, ਤਾਂ ਵੀ ਉਸ ਘਰਾਣੇ ਨੂੰ ਕਦੇ ਕਿਸੇ ਨੇ ਭੰਡਿਆ ਨਾਅਜਿਹੇ ਘਰਾਣੇ ਅਮਰੀਕਾ-ਕਨੇਡਾ ਵਿੱਚ ਪਟੈਟੋ, ਐਪਲ, ਬੋਠੀ ਹੇਠਲੀ ਆਪਣੀ ਮਾਲਕੀ ਕਾਰਨ ਕਿੰਗ ਗਿਣੇ ਜਾਂਦੇ ਹਨ ਵਿੱਚ-ਵਾਰ ਨਹੀਂ, ਆਮ ਕਰਕੇ ਇਹ ਨਾਮ-ਨਿਹਾਦ ਸੱਭਿਆਚਾਰਕ ਪ੍ਰੋਗਰਾਮ ਕਰਵਾਉਂਦੇ ਰਹਿੰਦੇ ਹਨਪੰਜਾਬੋਂ ਸੱਦੇ ਗਾਇਕ ਕਲਾਕਾਰਾਂ ਨੂੰ ਸਟੇਜਾਂ ’ਤੇ ਕੰਜਰੀ-ਨਾਚ ਨੱਚਦੇ ਦੇਖਦੇ ਐਨੇ ਡਾਲਰ ਉਹਨਾਂ ਦੇ ਸਿਰਾਂ ਉੱਪਰ ਦੀ ਵਾਰਦੇ ਹਨ, ਜਿਹਨਾਂ ਨੂੰ ਹੱਥਾਂ ਨਾਲ ਨਹੀਂ ਤੰਗਲੀਆਂ ਨਾਲ ਇਕੱਠੇ ਕੀਤਾ ਜਾਂਦਾ ਹੈਪਰ ਅਵਾਰਡ (ਧਾਲੀਵਾਲ) ਬੰਦ ਕਰਨ ਜਾਂ ਚਾਲੂ ਰੱਖਣ ਵਿੱਚ ਕਿਸੇ ਨੂੰ ਕੀ ਇਤਰਾਜ਼ ਹੋ ਸਕਦਾ ਸੀ, ਤਾਂ ਵੀ ਇਸ ਅਵਾਰਡ ਦੇ ਬੰਦ ਹੋਣ ਨਾਲ ਪੰਜਾਬੀ ਸਾਹਿਤ ਅਕਾਦਮੀ ਦੇ ਵਕਾਰ ਨੂੰ ਠੇਸ ਜ਼ਰੂਰ ਪੁੱਜੀ

ਬੱਸ, ਇੱਕ ਘੂਰੀ ਹੋਰ - ਮੈਂ ਡਾ. ਅਤਰ ਸਿੰਘ ਤੇ ਡਾ. ਰਘਵੀਰ ਸਿੰਘ ਦੀ ਅਗਵਾਈ ਵਿੱਚ ਪੀ.ਐੱਚ.ਡੀ. ਦੀ ਰਜਿਸ਼ਟਰੇਸ਼ਨ ਲੈ ਲਈਵਿਸ਼ਾ ਸੀ - ‘ਉਸ ਦਹਾਕੇ ਦੀ ਪੰਜਾਬੀ ਕਹਾਣੀ।’ ਵਿਸ਼ਾ ਵੱਡਾ, ਮੇਰੀ ਪੜ੍ਹਨ-ਲਿਖਣ ਦੀ ਸਮਰੱਥਾ ਘੱਟਬਹੁਤੀਆਂ ਪੁਸਤਕਾਂ ਛੱਡ ਕੇ ਮੈਂ ਮਾਸਿਕ, ਤ੍ਰੈ-ਮਾਸਿਕ ਮੈਗਜ਼ੀਨਾਂ ’ਤੇ ਟੇਕ ਰੱਖ ਲਈਕੰਮ ਰਿੜ੍ਹ ਵੀ ਪਿਆਪਰ, ਕੀਤਾ-ਕਰਾਇਆ ਇੱਕ ਦਿਨ ਗਾਇਬ਼ ਹੋ ਗਿਆਅਸੀਂ ਸਥਾਨਕ ਸਭਾ ਦੀ ਮਾਸਿਕ ਇਕਤਰੱਤਾ ਵਿੱਚ ਦੇਵੀ ਤਲਾਬ ਦੀ ਪੌੜੀਆਂ ’ਤੇ ਬੈਠੇ ਰੁੱਝੇ ਰਹੇਉੱਪਰ ਥੋੜ੍ਹਾ ਕੁ ਹਟਵੇ ਖੜ੍ਹੇ ਮੇਰੇ ਸਾਈਕਲ ’ਤੇ ਰੱਖੇ ਕਿੰਨੇ ਸਾਰੇ ਰਸਾਲੇ ਤੇ ਹੋਰ ਅਗੜ੍ਹ-ਦੁਗੜ ਜਿਹੇ ਕਾਗਜ਼ਾਂ ਨੂੰ ਕਿਸੇ ਕਬਾੜੀਏ ਨੇ ਰੱਦੀ-ਮਾਲ ਸਮਝ ਕੇ ਆਪਣੀ ਬੋਰੀ ਵਿੱਚ ਸੁੱਟ ਲਿਆ ਸੀ ਸ਼ਾਇਦਇਕੱਤਰਤਾ ਮੁੱਕੀ ਤੇ ਪੌੜੀਆਂ ਤੋਂ ਉੱਪਰ ਆ ਕੇ ਦੇਖਿਆ, ਸਾਇਕਲ ਖਾਲੀ ਮੈਨੂੰ ਨਿਰਾਸ਼ਾ ਵੀ ਹੋਈ ਤੇ ਖੁਸ਼ੀ ਵੀ, ਖੁਸ਼ੀ ਇਸ ਗੱਲ ਦੀ ਕਿ ਗਲੋਂ ਬਲਾ ਲੱਥੀਕੀ ਲੈਣਾ ਸੀ ਮੈਂ ਡਾਕਦਾਰ ਬਣਕੇਚੰਗੀ ਭਲੀ ਮਾਸਟਰੀ ਕਰੀ ਜਾਂਦਾ ਸੀ ਤੇ ਨਾਲ ਹੀ ਸਭਾਵਾਂ ਦੀ ਹਾਜ਼ਰੀ ਵੀ ਭਰ ਹੋਈ ਜਾਂਦੀ ਸੀ

ਤਦ ਵੀ ਇਸ ਵਰਤਾਰੇ ਅੰਦਰ ਵਿਚਰਦਿਆਂ ਜਿਹੜਾ ਤੱਥ ਮੈਨੂੰ ਕਸ਼ਟਮਈ ਜਾਪਿਆ, ਉਹ ਉਹਨਾਂ ਪੱਤਰਾਕਾਵਾਂ ਵਿੱਚ ਛਪੀ ਕਹਾਣੀ ਦੀ ਇੱਕ ਨਵੇਕਲੀ ਜਿਹੀ ਵੰਨਗੀ ਸੀਇਸ ਵੰਨਗੀ ਨੇ ਮੈਨੂੰ ਅੰਦਰ ਤਕ ਪ੍ਰੇਸ਼ਾਨ ਕੀਤਾ ਇਸਦੀ ਅੰਤਰੀਵ ਰੂਹ ਕਿਸੇ ਵਿਚਾਰਧਾਰਕ ਪ੍ਰੀਪੇਖ ਦੀ ਹਾਮੀ ਨਹੀਂ ਸੀ ਭਰਦੀਇਸ ਵੰਨਗੀ ਨੇ ਘਰ-ਪਰਿਵਾਰਕ, ਸਮਾਜਿਕ-ਸੱਭਿਆਚਾਰਕ ਰਿਸ਼ਤਿਆਂ ਨੂੰ ਜ਼ੀਰੋ ਦੀ ਹੱਦ ਤਕ ਮਨਫੀ ਕਰਨ ਵੱਲ ਕਦਮ ਵਧਾਏ ਸਨਮਨੁੱਖ ਦੇ ਅਚਾਰ-ਵਿਹਾਰ ਨੂੰ ਪੁਸ਼ੂਪੁਣੇ ਵੱਲ ਨੂੰ ਧੱਕ ਦਿੱਤਾ ਸੀਇਸ ਲਈ ਵਿਆਹ ਪ੍ਰੰਪਰਾ ਕੋਈ ਅਰਥ ਨਹੀਂ ਸੀ ਰੱਖਦੀਇਸ ਲਈ ਸਰੀਰਾਂ ਦੀ ਅਹਿਮੀਅਤ ਸਦਾਚਾਰਕ ਪ੍ਰੰਪਰਾਵਾਂ ਨਾਲੋਂ ਕਿਧਰੇ ਵੱਧ ਸੀ ਤੇ ਇਸਤਰੀ-ਪੁਰਸ਼ ਦੇ ਸੰਬੰਧ, ਲਿਵ-ਇਨ ਰੀਲੇਸ਼ਨਸ਼ਿੱਪ ਤਕ ਸੀਮਤਹੋਰ ਵੀ ਕਈ ਸਾਰੀਆਂ ਉਲਝਣਾਂ ਸਨ ਇਸਦੀਆਂ ਬਹੁਤੀ ਰੜਕਵੀਂ ਗੱਲ ਜਾਤਾਂ-ਜਮਾਤਾਂ, ਵਰਗਾਂ-ਵਰਣਾਂ ਨੂੰ ਪਹਿਲ ਦੇਣਾ ਸੀ

ਮੈਂ ਆਪਣੀ ਇਹ ਪ੍ਰੇਸ਼ਾਨੀ ‘ਚਿਰਾਗ਼’ ਦੇ ਸੰਪਾਦਕ ਹਰਭਜਨ ਸਿੰਘ ਹੁੰਦਲ ਸਾਹਮਣੇ ਰੱਖੀਹੁੰਦਲ ਮੈਥੋਂ ਵੀ ਵੱਧ ਪ੍ਰੇਸ਼ਾਨਕਹਿਣ ਲੱਗਾ, “ਡਰ ਨਾ ‘ਚਿਰਾਗ਼’ ਅਜੇ ਪੈਰੀਂ ਹੋਇਆ ਈ ਐਤੇਰੀਆਂ ਇਨ੍ਹਾਂ ਸਾਰੀਆਂ ਪੱਤਰਕਾਵਾਂ ਨੂੰ ਚੈਲਿੰਗ ਕਰੇਗਾਹੁਣ ਤਕ ਇਹ ਤੇਰੇ ਦੱਸੇ ਐਬਾਂ ਤੋਂ ਬਚਿਆ ਰਿਹਾ, ਅਗਾਂਹ ਵੀ ਬਚੇਗਾਪਰ, ਤੇਰੀਆਂ ਇਹ ਪੱਤਰਕਾਵਾਂ ਤਾਂ ਵਧਦੀਆਂ-ਫੁੱਲਦੀਆਂ ਹੀ ਮਾੜੇ-ਚੰਗੇ ਲੇਖਣ ਆਸਰੇ ਐਇਹ ਤਾਂ ਸ਼ੁਰੂਆਤ ਕੀਤੀ ਐ ਇਹਨਾਂਇਹ ਤਾਂ ਦੂਰ ਤਕ ਜਾਣਗੀਆਂਪੂੰਜੀਵਾਦ ਦੀ ਪੂਜਾ ਕਰਨ ਤਕ ਆਪਣੀ ਲੇਖਣੀ ਨੂੰ ਨਿੱਘਰਦਾ ਕਰ ਲੈਣਗੀਆਂਇਹਨਾਂ ਅੰਦਰ ਛਪਦੀ ਬਹੁਤੀ ਸਮੱਗਰੀ ਕਹਾਣੀਆਂ ਸਮੇਤ ਰਿਸ਼ਤਿਆਂ ਦੇ ਮਨੋਵਿਗਿਆਨ ਨੂੰ ਕੋਈ ਅਹਿਮੀਅਤ ਨਹੀਂ ਦੇਵੇਗੀ ਤੇ ਇਹ ਮਨੁੱਖੀ ਸਰੀਰਾਂ, ਖਾਸ ਕਰ ਇਸਤਰੀ ਦੇ ਅੰਦਰਲੇ-ਬਾਹਰਲੇ ਅੰਗਾਂ-ਪੈਰਾਂ ਦੀ ਫੀਤਾ ਲੈ ਕੇ ਮਿਣਤੀ-ਗਿਣਤੀ ਕਰਨ ਤਕ ਆਪਣੀ ਲਿਖਣ-ਕਲਾ ਨੂੰ ਸੀਮਤ ਕਰ ਲੈਣਗੀਆਂ

ਤੇ ਸੱਚ-ਮੁੱਚ ਹੁੰਦਲ ਹੋਰਾਂ ਦੀ ਕਈ ਸਾਲ ਪਹਿਲਾਂ ਆਖੀ ਗੱਲ ਅੱਜ ਚਿੱਟੇ ਦਿਨ ਵਾਂਗ ਸਾਫ਼-ਸਪਸ਼ਟ ਦੇਖਣ-ਪੜ੍ਹਨ ਨੂੰ ਮਿਲਦੀ ਹੈਕਾਰਪੋਰੇਟ ਆਪਣੇ ਸਮਾਜਿਕ ਮਾਡਲ ਨੂੰ ਲਾਗੂ ਕਰਨ ਵਿੱਚ ਸਫ਼ਲ ਰਿਹਾ ਹੈ

ਮੇਰੀ ਜਾਚੇ ਇਸ ਉਜਾੜੇ ਨੂੰ ਅਜੇ ਵੀ ਰੋਕਿਆ ਜਾ ਸਕਦਾ ਹੈ2022 ਦੀ ਨੋਬਲ ਸਾਹਿਤ ਪੁਰਸਕਾਰ ਜੇਤੂ ਫ਼ਰਾਸੀਸੀ ਲੇਖਕਾ ਐਨੀ ਅਰਨੋ ਦਾ ਕਥਨ ਹੈ, “ਸਾਹਿਤ ਸਾਵੇ-ਪੱਤਰਾਂ ਦੀ ਕਥਾ ਨਹੀਂ ਹੁੰਦਾ, ਇਹ ਇੱਕ ਰਾਜਨੀਤਕ ਹਥਿਆਰ ਹੈ ਇਸਦੀ ਭਾਸ਼ਾ ਨਸ਼ਤਰ ਤੋਂ ਵੀ ਜ਼ਿਆਦਾ ਧਾਰਦਾਰ ਹੁੰਦੀ ਹੈਹੁਣ ਸਿਰਫ਼ ਤੇ ਸਿਰਫ਼ ਸਾਹਿਤ ਦੀ ਤਾਕਤ ਹੀ ਦੁਨੀਆਂ ਨੂੰ ਬਦਲ ਸਕਦੀ ਹੈ।” ਗੁਰਮਤਿ ਵਿਚਾਰਧਾਰਾ, ਅੰਬੇਦਕਰਵਾਦ ਤੇ ਮਾਰਕਸਵਾਦ ਵਰਗੀਆਂ ਨਿੱਗਰ ਵਿਚਾਰਧਾਰਵਾਂ ਨੂੰ ਤਰਕਸ਼ੀਲਤਾ ਦੀ ਪਾਣ ਦੇ ਕੇ, ਇਹਨਾਂ ਫਲਸਫਿਆਂ ਨੂੰ ਨਵੇਂ ਕੋਣ ਤੋਂ ਲਾਗੂ ਕਰਨਾ ਕੋਈ ਔਖਾ ਕਾਰਜ ਨਹੀਂਧਰਾਤਲ ਸਾਨੂੰ ਉਪਲਬਧ ਹੈ, ਸਿਰਫ਼ ਤੇ ਸਿਰਫ਼ ਆਪਣਾ ਨਾਂ ਚਮਕਦਾ ਰੱਖਣ ਲਈ ਲਿਖਣ ਕਾਰਜ ਕਰੀ ਜਾਣ ਦਾ ਕੋਈ ਅਰਥ ਨਹੀਂ

ਮੇਰੇ ਇਹ ਵਿਚਾਰ ਹਰਭਜਨ ਸਿੰਘ ਹੁੰਦਲ ਦੀਆਂ ਘੂਰੀਆਂ ਕਾਰਨ ਹੀ ਬਣੇ ਅਤੇ ਉੱਸਰੇ ਹਨ
*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4646)
(ਸਰੋਕਾਰ ਨਾਲ ਸੰਪਰਕ ਲਈ: (This email address is being protected from spambots. You need JavaScript enabled to view it.)

About the Author

ਲਾਲ ਸਿੰਘ ਦਸੂਹਾ

ਲਾਲ ਸਿੰਘ ਦਸੂਹਾ

Dasuya, Hoshiarpur, Punjab, India.
Email: (amarjitsinghdasuya@gmail.com)