“ਰੋਂਦੇ ਹੋਏ ਲਵਪ੍ਰੀਤ ਨੇ ਜੋ ਕਿਹਾ, ਉਸ ਨੂੰ ਸੁਣ ਕੇ ਮੇਰਾ ਹਿਰਦਾ ਵਲੂੰਧਰਿਆ ਗਿਆ। ਲਵਪ੍ਰੀਤ ...”
(26 ਦਸੰਬਰ 2023)
ਇਸ ਸਮੇਂ ਪਾਠਕ: 592.
ਕੁਝ ਗੱਲਾਂ ਹੀ ਕਹਾਣੀਆਂ ਬਣ ਜਾਂਦੀਆਂ ਹਨ ਜਾਂ ਕਹਿ ਲਵੋ ਕਿ ਕਿਸੇ ਦੀ ਲਿਖੀ ਕਹਾਣੀ ਦੇ ਪਾਤਰਾਂ ਨੂੰ ਅਸੀਂ ਆਪਣੇ ਆਪ ਉੱਤੇ ਹੰਢਾ ਰਹੇ ਹੁੰਦੇ ਹਾਂ। ਕਈ ਕਹਾਣੀਆਂ ਤਾਂ ਸਾਡੇ ਆਲੇ-ਦੁਆਲੇ ਰੱਬ-ਸਬੱਬੀਂ ਬੁਣੀਆਂ ਅਤੇ ਘੜੀਆਂ ਜਾ ਰਹੀਆਂ ਹੁੰਦੀਆਂ ਹਨ। ਕੁਦਰਤ ਦੀਆਂ ਪ੍ਰਸਥਿਤੀਆਂ ਅਨਕੂਲ ਜਿਹੜਾ ਕੁਝ ਵੀ ਵਾਪਰਨਾ ਹੈ, ਉਹ ਵਾਪਰ ਕੇ ਹੀ ਰਹਿਣਾ ਹੈ। ਫਿਰ ਅਸੀਂ ਭਾਵ ਮਨੁੱਖ ਜਾਤੀ ਚਾਹੇ ਜਿੰਨਾ ਮਰਜ਼ੀ ਜ਼ੋਰ ਲਾ ਲਈਏ ਅਸੀਂ ਕੁਦਰਤ ਦੀ ਮਰਜ਼ੀ ਤੋਂ ਬਗੈਰ ਕੋਈ ਕਾਰਜ ਨਹੀਂ ਕਰ ਸਕਦੇ। ਪੇਸ਼ੇ ਵਜੋਂ ਮੈਂ ਇੱਕ ਅਧਿਆਪਕ ਹਾਂ ਅਤੇ ਪੁਆਧ ਦੇ ਇਲਾਕੇ ਵਿੱਚ ਪੈਂਦੇ ਪਿੰਡ ਦੇ ਸਕੂਲ ਵਿੱਚ ਪੜ੍ਹਾਉਂਦਾ ਹਾਂ। ਮੈਂ ਆਪ ਸਰਕਾਰੀ ਸਕੂਲ ਵਿੱਚ ਪੜ੍ਹਿਆ ਹਾਂ ਅਤੇ ਅੱਤ ਦੀ ਗਰੀਬੀ ਦਾ ਇੱਕ ਮਾੜਾ ਦੌਰ ਮੈਂ ਆਪਣੇ ਪਿੰਡੇ ਉੱਤੇ ਹੰਢਾਇਆ ਹੈ। ਇਸ ਲਈ ਮੈਂ ਸਰਕਾਰੀ ਸਕੂਲਾਂ ਵਿੱਚ ਖਾਸ ਕਰਕੇ ਪਿੰਡਾਂ ਦੇ ਸਰਕਾਰੀ ਸਕੂਲਾਂ ਵਿੱਚ ਪੜ੍ਹਦੇ ਵਿਦਿਆਰਥੀਆਂ ਦੇ ਜੀਵਨ ਚੱਕਰ ਨੂੰ ਬਾਖੂਬੀ ਸਮਝ ਅਤੇ ਮਹਿਸੂਸ ਕਰ ਸਕਦਾ ਹਾਂ।
ਮੇਰੇ ਨਾਲ ਸਰਕਾਰੀ ਸਕੂਲ ਵਿੱਚ ਪੜ੍ਹਨ ਵਾਲੇ ਕਿਸੇ ਵੀ ਵਿਦਿਆਰਥੀ ਦੇ ਪਿਤਾ ਜਾਂ ਮਾਤਾ ਕੋਈ ਵੱਡੇ ਅਫਸਰ ਨਹੀਂ ਸਨ, ਨਾ ਹੀ ਕਿਸੇ ਦੀ ਕਿਸੇ ਖ਼ਾਸ ਜਾ ਕਹਿ ਲਵੋ ਪੌਸ਼ ਇਲਾਕੇ ਵਿੱਚ ਵੱਡੀ ਕੋਠੀ ਸੀ। ਜਾਂ ਤਾਂ ਕਈਆਂ ਦੇ ਮਾਤਾ-ਪਿਤਾ ਨਹੀਂ ਸਨ ਜਾਂ ਬਹੁਤਿਆਂ ਦੇ ਦਿਹਾੜੀ-ਮਜ਼ਦੂਰੀ ਕਰਦੇ ਸਨ ਅਤੇ ਮੈਂ ਵੀ ਉਹਨਾਂ ਵਿੱਚੋਂ ਇੱਕ ਸਾਂ। ਪੰਜ ਭੈਣ-ਭਾਈਆਂ ਵਿੱਚੋਂ ਸਭ ਤੋਂ ਛੋਟਾ ਹੋਣ ਕਰਕੇ ਮੈਨੂੰ ਵੱਡਿਆਂ ਦੇ ਮੁਕਾਬਲੇ ਜ਼ਿਆਦਾ ਪਿਆਰ ਮਿਲਿਆ ਅਤੇ ਪੜ੍ਹਾਈ ਵੀ ਮੇਰੇ ਹਿੱਸੇ ਹੀ ਆਈ। ਪਰਿਵਾਰ ਨੇ ਔਖ-ਸੌਖ ਕੱਟ ਕੇ ਮੈਨੂੰ ਉੱਚ ਸਿੱਖਿਆ ਪ੍ਰਾਪਤ ਕਰਨ ਦਾ ਮੌਕਾ ਦਿੱਤਾ ਅਤੇ ਉਹਨਾਂ ਦੀ ਹੌਸਲਾ ਅਫਜ਼ਾਈ ਅਤੇ ਹੱਡ ਭੰਨਵੀਂ ਮਿਹਨਤ ਦਾ ਮੁੱਲ ਮੋੜਨ ਦੀ ਖਾਹਸ਼ ਅਤੇ ਜਨੂੰਨ ਨੇ ਮੈਨੂੰ ਪੀ.ਐੱਚਡੀ ਵਰਗੀ ਉੱਚ ਸਿੱਖਿਆ ਤੱਕ ਪਹੁੰਚਾਇਆ ਅਤੇ ਇੱਕ ਅਧਿਆਪਕ ਬਣਨ ਦਾ ਮੌਕਾ ਵੀ ਪ੍ਰਦਾਨ ਕੀਤਾ।
ਮੈਂ ਇੱਕ ਅਧਿਆਪਕ ਹਾਂ, ਸਰਕਾਰੀ ਸਕੂਲ ਦਾ ਇੱਕ ਆਮ ਜਿਹਾ ਅਧਿਆਪਕ, ਜਿਹੜਾ ਨਿੱਤ ਸਰਕਾਰਾਂ ਵੱਲੋਂ ਆਉਂਦੇ ਢੰਗ-ਤਰੀਕਿਆਂ ਮੁਤਾਬਕ ਵਿਦਿਆਰਥੀਆਂ ਨੂੰ ਉਹਨਾਂ ਦੇ ਪਾਠਕ੍ਰਮ ਵਿੱਚੋਂ ਸਿੱਖਿਆ ਪ੍ਰਦਾਨ ਕਰਵਾਉਂਦਾ ਹਾਂ। ਮੇਰੇ ਨਾਲ ਦੇ ਹੋਰ ਅਧਿਆਪਕ ਵੀ ਇਸੇ ਤਰ੍ਹਾਂ ਆਪਣੀ ਡਿਊਟੀ ਨਿਭਾਉਂਦੇ ਹਨ। ਪਰ ਮੈਨੂੰ ਮਿਤੀ 15 ਦਸੰਬਰ 2023 ਨੂੰ ਇਹ ਪਰਤੀਤ ਹੋਇਆ ਕਿ ਮੈਂ ਆਮ ਨਹੀਂ, ਖ਼ਾਸ ਹਾਂ। ਮੈਂ ਖ਼ਾਸ ਹਾਂ ਆਪਣੇ ਵਿਦਿਆਰਥੀਆਂ ਲਈ, ਇਹ ਅਹਿਸਾਸ ਮੈਨੂੰ ਮੇਰੇ ਵਿਦਿਆਰਥੀਆਂ ਵੱਲੋਂ ਕਰਵਾਇਆ ਗਿਆ।
ਸੱਚ-ਮੁੱਚ ਮੇਰੇ ਲਈ ਉਹ ਦਿਨ ਖ਼ਾਸ ਸੀ। ਰੋਜ਼ ਦੀ ਤਰ੍ਹਾਂ ਉਸ ਦਿਨ ਜਦੋਂ ਮੈਂ ਸਕੂਲ ਪਹੁੰਚਿਆ ਤਾਂ ਮੈਨੂੰ ਸਕੂਲ ਦਾ ਮਾਹੌਲ ਕੁਝ ਬਦਲਿਆ ਜਿਹਾ ਲੱਗਿਆ, ਜਿਵੇਂ ਮੇਰੇ ਤੋਂ ਕੋਈ ਕੁਝ ਛੁਪਾ ਰਿਹਾ ਹੁੰਦਾ ਹੈ। ਸਾਥੀ ਅਧਿਆਪਕਾਂ ਦਾ ਵਿਵਹਾਰ ਵੀ ਉਸ ਦਿਨ ਮੇਰੇ ਨਾਲ ਪਹਿਲਾਂ ਨਾਲੋਂ ਕੁਝ ਵੱਖਰਾ ਸੀ। ਅੱਧੀ ਛੁੱਟੀ ਵੇਲੇ ਪਤਾ ਚੱਲਿਆ ਕਿ ਵਿਦਿਆਰਥੀ ਤਾਂ ਕਈ ਦਿਨਾਂ ਤੋਂ ਮੇਰੇ ਜਨਮਦਿਨ ਦੀਆਂ ਤਿਆਰੀਆਂ ਕਰ ਰਹੇ ਸਨ। ਮੇਰੀ ਫੋਟੋ ਲੱਗਿਆ ਕੇਕ, ਕੁਝ ਬਹੁਤ ਪਿਆਰੇ ਤੋਹਫ਼ੇ ਜਿਨ੍ਹਾਂ ਵਿੱਚ ਉਹਨਾਂ ਨਾਲ ਖਿਚਵਾਈ ਮੇਰੀ ਇੱਕ ਤਸਵੀਰ, ਜਿਹੜੀ ਉਹਨਾਂ ਵੱਡੇ ਫਰੇਮ ਵਿੱਚ ਜੜਾ ਕੇ ਮੈਨੂੰ ਭੇਂਟ ਕੀਤੀ। ਹਰ ਛੋਟੇ ਤੋਂ ਛੋਟਾ ਤੋਹਫ਼ਾ ਮੇਰੇ ਲਈ ਖਾਸ ਸੀ। ਮੈਂ ਹੈਰਾਨ ਸੀ ਕਿ ਇੱਕ ਪਿੰਡ ਵਿੱਚ ਰਹਿਣ ਵਾਲੇ ਵਿਦਿਆਰਥੀ (ਇਹ ਪਿੰਡ ਪਟਿਆਲੇ ਸ਼ਹਿਰ ਤੋਂ ਤਕਰੀਬਨ 35 ਕਿਲੋਮੀਟਰ ਦੀ ਦੂਰੀ ’ਤੇ ਸਥਿਤ ਹੈ।) ਜਿਹਨਾਂ ਵਿੱਚ ਮੁੰਡੇ-ਕੁੜੀਆਂ ਦੋਵੇਂ ਸ਼ਾਮਲ ਸਨ ਨੇ ਇਹ ਸਾਰਾ ਇੰਤਜ਼ਾਮ ਕੀਤਾ ਕਿਵੇਂ ਹੋਵੇਗਾ। ਵਿਦਿਆਰਥੀਆਂ ਦੀ ਇਸ ਖ਼ਾਤਰਦਾਰੀ ਅਤੇ ਪ੍ਰਬੰਧਨ ਨੂੰ ਵੇਖ ਕੇ ਦਿਲੋਂ ਮੈਨੂੰ ਬਹੁਤ ਖੁਸ਼ੀ ਹੋਈ। ਵਿਦਿਆਰਥੀਆਂ ਲਈ ਇਹ ਸਭ ਤਿਆਰੀ ਕਰਨੀ ਬਹੁਤ ਵੱਡੀ ਗੱਲ ਸੀ। ਸਾਰੇ ਵਿਦਿਆਰਥੀ ਅਤੇ ਅਧਿਆਪਕ ਬਹੁਤ ਖੁਸ਼ ਸਨ ਅਤੇ ਮੈਂ ਆਪਣੇ ਵਿਦਿਆਰਥੀਆਂ ਦਾ ਮੇਰੇ ਲਈ ਅਥਾਹ ਪਿਆਰ ਮਹਿਸੂਸ ਕਰ ਰਿਹਾ ਸੀ।
ਵਿਦਿਆਰਥੀ ਖਾਣ ਦਾ ਸਮਾਨ ਅਧਿਆਪਕਾਂ ਨੂੰ ਵੰਡ ਰਹੇ ਸਨ ਕਿ ਮੇਰੀ ਨਜ਼ਰ ਇੱਕ ਪਾਸੇ ਇਕੱਲੇ ਖੜ੍ਹੇ ਇੱਕ ਵਿਦਿਆਰਥੀ ਲਵਪ੍ਰੀਤ ਸਿੰਘ ਵੱਲ ਗਈ। ਲਵਪ੍ਰੀਤ ਸੁਭਾਅ ਦਾ ਸ਼ਰਾਰਤੀ ਸੀ ਪਰ ਅੱਜ ਇੱਕ ਪਾਸੇ ਚੁੱਪ-ਚਾਪ ਖੜ੍ਹਾ ਸੀ। ਉਸਦੀਆਂ ਅੱਖਾਂ ਵਿੱਚ ਹੰਝੂ ਸਨ। ਮੈਂ ਉੱਠ ਕੇ ਉਸ ਕੋਲ਼ ਗਿਆ ਤਾਂ ਹੋਰ ਅਧਿਆਪਕਾਂ ਅਤੇ ਵਿਦਿਆਰਥੀਆਂ ਦਾ ਧਿਆਨ ਵੀ ਮੇਰੇ ਵੱਲ ਗਿਆ। ਸਭ ਲਵਪ੍ਰੀਤ ਦੇ ਆਲੇ-ਦੁਆਲੇ ਖੜ੍ਹ ਗਏ ਅਤੇ ਉਸ ਨੂੰ ਚੁੱਪ ਕਰਾਉਣ ਲੱਗੇ। ਰੋਂਦੇ ਹੋਏ ਲਵਪ੍ਰੀਤ ਨੇ ਜੋ ਕਿਹਾ, ਉਸ ਨੂੰ ਸੁਣ ਕੇ ਮੇਰਾ ਹਿਰਦਾ ਵਲੂੰਧਰਿਆ ਗਿਆ। ਲਵਪ੍ਰੀਤ ਰੋਂਦਿਆਂ ਹੋਇਆਂ ਕਿਹਾ, “ਸਰ ਤੁਸੀਂ ਬਦਲੀ ਕਰਾ ਕੇ ਨਾ ਜਾਇਓ।” ਇਹ ਗੱਲ ਸੁਣਦਿਆਂ ਬਾਕੀ ਵਿਦਿਆਰਥੀ ਵੀ ਰੋਣ ਲੱਗ ਪਏ ਅਤੇ ਲਵਪ੍ਰੀਤ ਦੀ ਗੱਲ ਦੁਹਰਾਉਣ ਲੱਗੇ। ਇਹ ਦੁਖ-ਸੁਣਕੇ ਮੇਰੀਆਂ ਅੱਖਾਂ ਭਰ ਆਈਆਂ। ਮੈਂ ਲਵਪ੍ਰੀਤ ਨੂੰ ਕਲ਼ਾਵੇ ਵਿੱਚ ਲੈ ਕੇ ਚੁੱਪ ਕਰਾਇਆ ਅਤੇ ਉਸ ਨਾਲ ਇਹ ਸਕੂਲ ਛੱਡ ਕੇ ਨਾ ਜਾਣ ਦਾ ਵਾਇਦਾ ਕੀਤਾ।
ਲਵਪ੍ਰੀਤ ਚੁੱਪ ਕਰ ਗਿਆ ਪਰ ਉਸਨੇ ਸਭ ਦੀਆਂ ਅੱਖਾਂ ਵਿੱਚ ਪਾਣੀ ਲਿਆ ਛੱਡਿਆ। ਕੋਈ ਯਕੀਨ ਨਹੀਂ ਸੀ ਕਰ ਰਿਹਾ ਕਿ ਸਾਰਾ ਦਿਨ ਸ਼ਰਾਰਤਾਂ ਵਿੱਚ ਮਗਨ ਰਹਿਣ ਵਾਲਾ ਲਵਪ੍ਰੀਤ ਅੰਦਰੋਂ ਐਨਾ ਸੰਵੇਦਨਸ਼ੀਲ ਹੋਵੇਗਾ। ਫਿਰ ਵਿਦਿਆਰਥੀ ਮੈਨੂੰ ਉਹਨਾਂ ਵੱਲੋਂ ਲਿਆਏ ਤੋਹਫ਼ੇ ਦਿਖਾ ਰਹੇ ਸਨ ਕਿ ਲਵਪ੍ਰੀਤ ਮੇਰੇ ਕੋਲ ਆ ਕੇ ਖੜ੍ਹ ਗਿਆ। ਮੈਂ ਬਹੁਤ ਪਿਆਰ ਨਾਲ ਲਵਪ੍ਰੀਤ ਵੱਲ ਵੇਖਿਆ ਉਸਦੇ ਹੱਥ ਵਿੱਚ ਛੋਟੇ ਆਕਾਰ ਦਾ ਇੱਕ ਤੋਹਫ਼ਾ ਸੀ। ਉਸਨੇ ਸਭ ਤੋਂ ਸੰਗਦਿਆਂ ਉਹ ਤੋਹਫ਼ਾ ਮੈਨੂੰ ਦਿੱਤਾ। ਸਭ ਬੱਚੇ ਬਹੁਤ ਹੈਰਾਨ ਸਨ ਕਿ ਲਵਪ੍ਰੀਤ ਇਹ ਤੋਹਫ਼ਾ ਲੈ ਕੇ ਕਿੱਥੋਂ ਆਇਆ ਹੋਵੇਗਾ? ਲਵਪ੍ਰੀਤ ਨੇ ਆਪਣੇ ਉਸੇ ਸ਼ਰਾਰਤੀ ਅੰਦਾਜ਼ ਵਿੱਚ ਕਿਹਾ ਕਿ ਸਰ ਮੈਂ ਦੁਕਾਨ ਵਾਲੇ ਅੰਕਲ ਨੂੰ ਕਿਹਾ, “ਮੈਨੂੰ ਇਹ ਚਾਕਲੇਟ ਦਾ ਡੱਬਾ ਜਿਸਦੀ ਕੀਮਤ ਸੌ ਰੁਪਏ ਸੀ ਦੇ ਦਿਓ ਅਤੇ ਮੈਂ ਤੁਹਾਡੀ ਦੁਕਾਨ ਵਿੱਚ ਦੋ ਦਿਨ ਕੰਮ ਕਰ ਲਵਾਂਗਾ।”
ਇਹ ਗੱਲ ਸੁਣਦਿਆਂ ਮੇਰੀਆਂ ਅੱਖਾਂ ਵਿਚਲਾ ਪਾਣੀ ਬੰਨ੍ਹ ਤੋੜ ਕੇ ਬਾਹਰ ਆ ਗਿਆ ਅਤੇ ਮੈਂ ਆਪਣੇ ਬਚਪਨ ਵੱਲ ਚਲਾ ਗਿਆ, ਜਦੋਂ ਮੈਂ ਆਪਣੇ ਹੱਥਾਂ ਨਾਲ ਲਿਫਾਫਿਆਂ ਦੇ ਪਤੰਗ ਬਣਾ-ਬਣਾ ਵੇਚਦਾ ਸਾਂ। ਲਵਪ੍ਰੀਤ ਦੇ ਪਿਤਾ ਜੀ ਨਹੀਂ ਹਨ, ਉਸਦੇ ਮਾਤਾ ਜੀ ਲੋਕਾਂ ਘਰੇ ਕੰਮ ਕਰਕੇ ਪਰਿਵਾਰ ਦਾ ਗੁਜ਼ਾਰਾ ਕਰਦੇ ਹਨ। ਪਰ ਲਵਪ੍ਰੀਤ ਬਹੁਤ ਅਮੀਰ ਹੈ, ਲਵਪ੍ਰੀਤ ਦਿਲ ਦਾ ਅਮੀਰ ਹੈ। ਲਵਪ੍ਰੀਤ ਵਿਚਲੀਆਂ ਇਨਸਾਨੀ ਭਾਵਨਾਵਾਂ ਉਸ ਨੂੰ ਉਸ ਦੇ ਮਾਸੂਮ ਬਚਪਨ ਤੋਂ ਕਈ ਗੁਣਾ ਵੱਡਾ ਕਰ ਗਈਆਂ। ਜੇਕਰ ਹਰ ਇੱਕ ਇਨਸਾਨ ਦੂਜਿਆਂ ਦੀ ਖੁਸ਼ੀ ਵਿੱਚ ਆਪਣੀ ਖੁਸ਼ੀ ਸਮਝਣ ਲੱਗ ਜਾਵੇ ਤਾਂ ਇਹ ਸੰਸਾਰ ਸਵਰਗ ਬਣ ਜਾਵੇਗਾ, ਇਹ ਗੱਲ ਮੈਂ ਆਪਣੇ ਵਿਦਿਆਰਥੀ ਅਧਿਆਪਕ ਲਵਪ੍ਰੀਤ ਸਿੰਘ ਤੋਂ ਉਸ ਦਿਨ ਸਿੱਖੀ। ਕੋਈ ਕਿਸੇ ਨੂੰ ਐਨਾ ਪਿਆਰ ਕਰ ਸਕਦਾ ਹੈ, ਫਿਲਮਾਂ ਵਿੱਚ ਤਾਂ ਬਹੁਤ ਬਾਰ ਵੇਖਿਆ ਸੀ ਪਰ ਹਕੀਕਤ ਵਿੱਚ ਅੱਜ ਲਵਪ੍ਰੀਤ ਦੇ ਰੂਪ ਵਿੱਚ ਵੇਖ ਲਿਆ।
ਉਂਝ ਮੇਰੀ ਜਨਮ ਤਾਰੀਖ 15 ਮਾਰਚ ਹੈ ਪਰ ਵਿਦਿਆਰਥੀ, ਜਿਹਨਾਂ ਵਿੱਚ ਦਸਵੀਂ ਜਮਾਤ ਦੇ ਵਿਦਿਆਰਥੀ ਵੀ ਸਨ, ਉਹ ਦੱਸ ਰਹੇ ਸਨ, “ਸਰ, ਅਸੀਂ ਤੁਹਾਡੇ ਨਾਲ ਤੁਹਾਡਾ ਜਨਮਦਿਨ ਮਨਾਉਣਾ ਚਾਹੁੰਦੇ ਸਾਂ ਪਰ ਮਾਰਚ ਵਿੱਚ ਸਾਡੇ ਪੱਕੇ ਬੋਰਡ ਦੇ ਪੇਪਰ ਦੂਜੇ ਸਕੂਲ ਵਿੱਚ ਹੋਣੇ ਆ, ਇਸ ਕਰਕੇ ਅਸੀਂ ਉਦੋਂ ਤੁਹਾਡਾ ਜਨਮਦਿਨ ਨਹੀਂ ਮਨਾ ਸਕਾਂਗੇ। ਇਸ ਲਈ ਅਸੀਂ 15 ਦਸੰਬਰ ਦਾ ਦਿਨ ਚੁਣਿਆ।”
ਇਹ ਮੈਨੂੰ ਮੇਰਾ ਅਸਲ ਜਨਮਦਿਨ ਹੀ ਲੱਗਿਆ। ਸੱਚ-ਮੁੱਚ ਇਹ ਦਿਨ ਮੇਰੇ ਲਈ ਅਭੁੱਲ ਦਿਨ ਅਤੇ ਇੱਕ ਸਕਾਰਾਤਮਕ, ਭਾਵਨਾਤਮਕ ਅਤੇ ਸਿੱਖਿਆਦਾਇਕ ਕਹਾਣੀ ਬਣ ਗਿਆ ਹੈ, ਜਿਸ ਨੂੰ ਮੈਂ ਬਹੁਤ ਚਾਅ ਅਤੇ ਅਪਣੱਤ ਨਾਲ ਹਰ ਇੱਕ ਨੂੰ ਸੁਣਾ ਸਕਦਾ ਹਾਂ। ਪਰਮਾਤਮਾ ਮੇਰੇ ਇਹਨਾਂ ਵਿਦਿਆਰਥੀਆਂ ਨੂੰ ਬਹੁਤ ਤਰੱਕੀਆਂ ਦੇਵੇ, ਚੰਗੇ ਇਨਸਾਨ ਬਣਾਵੇ ਅਤੇ ਉਹਨਾਂ ਵਿੱਚ ਇਸ ਤਰ੍ਹਾਂ ਦੀ ਭਾਵਨਾ ਹਮੇਸ਼ਾ ਕਾਇਮ ਰੱਖੇ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4573)
(ਸਰੋਕਾਰ ਨਾਲ ਸੰਪਰਕ ਲਈ: (