SohanSPooni7ਕਸੂਤਾ ਫਸਿਆ ਅਮਰ ਸਿੰਘ ‘ਵਾਅਦਾ ਮਾਫ’ ਤਾਂ ਬਣ ਗਿਆ ਸੀ ਪਰ ਸਰਕਾਰ ਨੂੰ ਪਤਾ ਸੀ ਕਿ ਦਿਲੋਂ ਉਹ ਅਜੇ ਵੀ ...SohanSPooni Book1
(28 ਅਕਤੂਬਰ 2023)


SohanSPooni Book1ਗਦਰ ਲਹਿਰ ਦੇ ਨਾਇਕ ਕਰਤਾਰ ਸਿੰਘ ਸਰਾਭਾ ਤੇ ਉਸ ਦੇ ਛੇ ਸਾਥੀਆਂ ਨੂੰ
16 ਨਵੰਬਰ, 1915 ਨੂੰ ਲਾਹੌਰ ਸੈਂਟਰਲ ਜੇਲ੍ਹ ਵਿੱਚ ਫਾਂਸੀ ਲਾ ਕੇ ਸ਼ਹੀਦ ਕਰ ਦਿੱਤਾ ਗਿਆ ਸੀਸਰਾਭੇ ਹੋਰਾਂ ਦੇ ਫਾਂਸੀ ਲੱਗਣ ਤੋਂ ਡੇਢ ਸਾਲ ਬਾਅਦ ਗਿਆਨੀ ਭਗਵਾਨ ਸਿੰਘ ‘ਪ੍ਰੀਤਮ’ ਦੀ ਲਿਖੀ “ਹਿੰਦੀ ਸ਼ਹੀਦਾਂ ਦਾ ਆਖਰੀ ਸੰਦੇਸ਼ਾ” ਨਾਂ ਦੀ ਕਵਿਤਾ ਗ਼ਦਰ ਅਖਬਾਰ ਵਿੱਚ ਛਪੀ ਸੀ(#1) ਇਸ ਕਵਿਤਾ ਦੀਆਂ ਕੁਝ ਸਤਰਾਂ ਹਨ:

“ਹਿੰਦੁਸਤਾਨੀਓਂ ਰੱਖਣਾ ਯਾਦ ਸਾਨੂੰ, ਕਿਤੇ ਦਿਲਾਂ ਤੋਂ ਨਹੀਂ ਭੁਲਾ ਜਾਣਾ
ਖਾਤਰ ਵਤਨ ਦੀ ਚੜ੍ਹੇ ਹਾਂ ਫਾਂਸੀਆਂ ’ਤੇ, ਦੇਖ ਅਸਾਂ ਨੂੰ ਨਹੀਂ ਘਬਰਾ ਜਾਣਾ
ਦੇਸ਼ ਵਾਸੀਓ ਚਮਕਿਓ ਚੰਦ ਵਾਂਗ, ਕਿਤੇ ਬਦਲੀਆਂ ਹੇਠ ਨਾ ਆ ਜਾਣਾ
ਮੂਲਾ ਸਿੰਘ, ਨਵਾਬ ਤੇ ਅਮਰ ਵਾਂਗ, ਦੀਨਾ ਨਾਥ ਨਾ ਕਿਸੇ ਕਹਾ ਜਾਣਾ।”

ਸ਼ਹੀਦ ਕਰਤਾਰ ਸਿੰਘ ਸਰਾਭਾ ਅਤੇ ਇਨ੍ਹਾਂ ਦੇ 81 ਗਦਰੀ ਸਾਥੀਆਂ ਉੱਤੇ ‘ਲਾਹੌਰ ਕਾਂਸਪੀਰੇਸੀ ਕੇਸ’ ਨਾਂ ਦਾ ਮੁਕੱਦਮਾ ਚਲਾਇਆ ਗਿਆ ਸੀਸ਼ੰਘਾਈ ਤੋਂ ਗਏ ਮੂਲਾ ਸਿੰਘ ਅਤੇ ਅਮਰੀਕਾ ਤੋਂ ਗਏ ਨਵਾਬ ਖਾਨ ਤੇ ਅਮਰ ਸਿੰਘ ਇਸ ਮੁਕੱਦਮੇ ਵਿੱਚ ‘ਵਾਅਦਾ ਮਾਫ’ ਗਵਾਹ ਬਣ ਕੇ ਭੁਗਤੇ ਸਨਇਸ ਨਿੱਕੇ ਲੇਖ ਵਿੱਚ ਅਸੀਂ ਅਮਰ ਸਿੰਘ ਬਾਰੇ ਗੱਲ ਕਰਨੀ ਹੈ ਕਿ ਉਹ ਕੌਣ ਸੀ? ਉਹ ਵਾਅਦਾ ਮੁਆਫ ਗਵਾਹ ਕਿਉਂ ਬਣਿਆ ਸੀ? ਅੰਗਰੇਜ਼ ਸਰਕਾਰ ਜਾਂ ਪੁਲਸ ਉਹਦੇ ਬਾਰੇ ਕੀ ਸੋਚਦੀ ਸੀ? ਉਹਦੇ ਗਦਰੀ ਸਾਥੀਆਂ ਦੀ ਉਹਦੇ ਬਾਰੇ ਕੀ ਰਾਏ ਸੀਕੀ ਉਹਨੂੰ ਆਪਣੇ ‘ਵਾਅਦਾ ਮਾਫ’ ਗਵਾਹ ਬਣਨ ਦਾ ਕੋਈ ਪਛਤਾਵਾ ਸੀ? ਅੱਜ-ਕੱਲ੍ਹ ਦੇ ਇਤਿਹਾਸਕਾਰ ਅਮਰ ਸਿੰਘ ਵਰਗਿਆਂ ਬਾਰੇ ਕੀ ਲਿਖਦੇ ਹਨ?

ਅਮਰ ਸਿੰਘ ਦਾ ਜਨਮ 1888 ਈਸਵੀ ਨੂੰ ਨਵਾਂਸ਼ਹਿਰ (ਸ਼ਹੀਦ ਭਗਤ ਸਿੰਘ ਨਗਰ) ਦੇ ਰਾਜਪੂਤ ਪਰਿਵਾਰ ਵਿੱਚ ਹੋਇਆ ਸੀਆਪ ਦੇ ਬਾਪ ਦਾ ਨਾਂ ਉੱਤਮ ਸਿੰਘ ਚੌਹਾਨ ਸੀਬਾਕੀ ਪੰਜਾਬੀ ਇਮੀਗ੍ਰੈਂਟਾਂ ਵਾਂਗ ਅਮਰ ਸਿੰਘ ਵੀ ਵੀਹਵੀਂ ਸਦੀ ਦੇ ਸ਼ੁਰੂ ਵਿੱਚ ਰੋਜ਼ੀ-ਰੋਟੀ ਦੀ ਭਾਲ ਵਿੱਚ ਅਮਰੀਕਾ ਆ ਗਿਆ ਸੀਇੱਥੇ ਉਹ ਔਰੇਗਨ ਸੂਬੇ ਵਿੱਚ ਪੋਰਟਲੈਂਡ ਨੇੜੇ ਸੇਂਟ ਜੌਹਨ ਦੀ ਸਾਅ ਮਿੱਲ ਵਿੱਚ ਕੰਮ ਕਰਦਾ ਸੀਇੱਥੇ ਰਹਿੰਦਿਆਂ ਉਹਨੂੰ ਹਿੰਦੁਸਤਾਨ ਦੀ ਗੁਲਾਮੀ ਦਾ ਅਹਿਸਾਸ ਹੋਇਆਅਮਰੀਕਾ ਰਹਿੰਦੇ ਹਿੰਦੁਸਤਾਨੀਆਂ ਨੇ ਹਥਿਆਰਾਂ ਦੇ ਜ਼ੋਰ ਮੁਲਕ ਆਜ਼ਾਦ ਕਰਵਾਉਣ ਲਈ ਜੂਨ 1913 ਵਿੱਚ ਗਦਰ ਪਾਰਟੀ ਬਣਾਈ ਤਾਂ ਅਮਰ ਸਿੰਘ ਵੀ ਇਸਦਾ ਮੈਂਬਰ ਬਣ ਗਿਆਨਵੰਬਰ 1913 ਵਿੱਚ ਗਦਰ ਪਾਰਟੀ ਨੇ ਸਾਨਫਰਾਂਸਿਸਕੋ ਤੋਂ ‘ਗ਼ਦਰ’ ਅਖਬਾਰ ਕੱਢਣਾ ਸ਼ੁਰੂ ਕੀਤਾ ਤਾਂ ਅਮਰ ਸਿੰਘ ਸੇਂਟ ਜੌਹਨ ਤੋਂ ਆ ਕੇ ਗਦਰ ਆਸ਼ਰਮ ਵਿੱਚ ਕੰਮ ਕਰਨ ਲੱਗਾਅਮਰ ਸਿੰਘ ‘ਗ਼ਦਰ’ ਅਖਬਾਰ ਦੀ ਉਰਦੂ ਵਿੱਚ ਕਿਤਾਬਤ ਕਰਿਆ ਕਰਦਾ ਸੀਉਹ ਕਲਾਤਮਕ ਰੁਚੀਆਂ ਵਾਲ਼ਾ ਨੌਜਵਾਨ ਸੀ‘ਗ਼ਦਰ ਦੀ ਗੂੰਜ’ ਦੇ ਮੁੱਖ ਪੰਨੇ ਉੱਤੇ ਭਾਰਤ ਮਾਤਾ ਦੀ ਤਸਵੀਰ ਹੁੰਦੀ ਸੀ ਜਿਸ ਵਿੱਚ ਮਿਆਨ ਵਿੱਚੋਂ ਤਲਵਾਰ ਸੂਤ ਰਹੀ ਭਾਰਤ ਮਾਤਾ ਆਪਣੇ ਧੀਆਂ ਪੁੱਤਰਾਂ ਨੂੰ ਵੈਰੀਆਂ ਦੇ ਆਹੂ ਲਾਹੁਣ ਲਈ ਪੁਕਾਰ ਰਹੀ ਹੈਇਹ ਤਸਵੀਰ ਅਮਰ ਸਿੰਘ ਚੌਹਾਨ ਨੇ ਬਣਾਈ ਸੀ(#2)

ਅਮਰ ਸਿੰਘ ਗਾਉਂਦਾ ਵੀ ਸੋਹਣਾ ਸੀਬੜਾ ਸੋਜ਼ ਸੀ ਉਸ ਦੀ ਆਵਾਜ਼ ਵਿੱਚ ਜਦੋਂ ਉਹ ਇਨਕਲਾਬੀ ਨਜ਼ਮਾਂ ਗਾਉਂਦਾ ਤਾਂ ਹਿੰਦੁਸਤਾਨੀ ਇਮੀਗ੍ਰੈਂਟ ਦੇਸ਼ ਦੀ ਆਜ਼ਾਦੀ ਲਈ ਮਰ ਮਿਟਣ ਨੂੰ ਤਿਆਰ ਹੋ ਜਾਂਦੇ ਸਨਜ਼ਿਲ੍ਹਾ ਲੁਧਿਆਣਾ ਵਿੱਚ ਪੈਂਦੇ ਪਿੰਡ ਲਤਾਲਾ ਦੇ ਕਰਤਾਰ ਸਿੰਘ ਦੁੱਕੀ ਨੇ 1913 ਵਿੱਚ ਕੈਲੇਫੋਰਨੀਆ ਦੇ ਸ਼ਹਿਰ ਵੁਡਲੈਂਡ ਨੇੜੇ ਯੋਲੋ ਪਿੰਡ ਵਿੱਚ ਪੰਜਾਬੀ ਦੇਸ਼ ਭਗਤਾਂ ਦੀ ਮੀਟਿੰਗ ਸੱਦੀ ਸੀਇਸ ਮੀਟਿੰਗ ਵਿੱਚ ਕਰਤਾਰ ਸਿੰਘ ਸਰਾਭਾ ਵੀ ਹਾਜ਼ਰ ਸੀਇੱਥੇ ਅਮਰ ਸਿੰਘ ਨੇ ਇਨਕਲਾਬੀ ਨਜ਼ਮ ਗਾਈ ਸੀਨਜ਼ਮ ਦੀ ਇੱਕ ਸਤਰ ਸੀ:

“ਅਬੀ ਹਜ਼ਾਰੋਂ ਮੰਜ਼ਲੇਂ ਤੈਅ ਕਰਨੀ ਹੈ ਪਹਿਲੇ।” (#3)

4 ਅਗਸਤ 1914 ਨੂੰ ਸੰਸਾਰ ਯੁੱਧ ਸ਼ੁਰੂ ਹੋ ਗਿਆ ਸੀਗਦਰ ਪਾਰਟੀ ਦੀ ਹਾਲਾਂ ‘ਗਦਰ’ ਲਈ ਤਿਆਰੀ ਨਹੀਂ ਸੀਪਰ ਦੁਸ਼ਮਣ ਨੂੰ ਕਸੂਤਾ ਫਸਿਆ ਵੇਖ ਕੇ ਗਦਰ ਪਾਰਟੀ ਨੇ ਗਦਰੀਆਂ ਨੂੰ ਦੇਸ਼ ਜਾ ਕੇ ਗਦਰ ਮਚਾਉਣ ਦਾ ਸੱਦਾ ਦੇ ਦਿੱਤਾਗਦਰ ਪਾਰਟੀ ਦੇ ਸੱਦੇ ’ਤੇ ਹਜ਼ਾਰਾਂ ਗਦਰੀ ਦੇਸ਼ ਪਹੁੰਚੇਸੋਹਣ ਸਿੰਘ ਭਕਨੇ ਵਰਗੇ ਬਹੁਤ ਸਾਰੇ ਗਦਰੀ ਲੀਡਰ ਤਾਂ ਦੇਸ਼ ਪੁੱਜਦੇ ਸਾਰ ਜਹਾਜ਼ਾਂ ਉੱਤੋਂ ਹੀ ਗ੍ਰਿਫਤਾਰ ਕਰ ਲਏ ਗਏ ਸਨਪਰ ਬਾਹਰ ਬਚੇ ਕਰਤਾਰ ਸਿੰਘ ਸਰਾਭਾ ਤੇ ਅਮਰ ਸਿੰਘ ਵਰਗੇ ਨੌਜਵਾਨਾਂ ਨੇ ਹੌਸਲਾ ਨਾ ਛੱਡਿਆਬਾਹਰ ਬਚੇ ਇਨ੍ਹਾਂ ਗਦਰੀਆਂ ਨੇ 19 ਫਰਵਰੀ, 1915 ਦਾ ਦਿਨ ਗਦਰ ਕਰਨ ਲਈ ਮਿੱਥਿਆਗਦਰ ਦੀ ਸ਼ੁਰੂਆਤ ਲਾਹੌਰ ਅਤੇ ਫਿਰੋਜ਼ਪੁਰ ਦੀਆਂ ਛਾਉਣੀਆਂ ਤੋਂ ਹੋਣੀ ਸੀਸਰਾਭਾ ਆਪਣੇ ਸਾਥੀਆਂ ਨੂੰ ਲੈ ਕੇ ਫਿਰੋਜ਼ਪੁਰ ਛਾਉਣੀ ਪਹੁੰਚਾਪਰ ਭੇਦ ਖੁੱਲ੍ਹ ਜਾਣ ਕਰਕੇ ਫਿਰੋਜ਼ਪੁਰ ਛਾਉਣੀ ਵਿੱਚ ਸਰਾਭੇ ਦੇ ਮੁੱਖ ਸੰਪਰਕ ਹਰਨਾਮ ਸਿੰਘ ਕਾਲਾ ਸੰਘਾ, ਕਿਰਪਾ ਸਿੰਘ ਲੰਗਮਾਜਰੀ ਅਤੇ ਬੰਗਿਆਂ ਨੇੜੇ ਪਿੰਡ ਕਲੇਰਾਂ ਦੇ ਫੁੰਮਣ ਸਿੰਘ ‘ਅਜੀਤ’ ਵਰਗੇ ਫੌਜੀਆਂ ਨੂੰ ਨੌਕਰੀ ਤੋਂ ਕੱਢ ਕੇ ਘਰਾਂ ਨੂੰ ਤੋਰ ਦਿੱਤਾ ਗਿਆ ਸੀਬਾਕੀਆਂ ਤੋਂ ਹਥਿਆਰ ਰਖਵਾ ਲਏ ਗਏ ਸਨਗਦਰ ਕਾਮਯਾਬ ਨਾ ਹੋ ਸਕਿਆਬਹੁਤ ਸਾਰੇ ਗਦਰੀ ਗ੍ਰਿਫਤਾਰ ਕਰ ਲਏ ਗਏਇਨ੍ਹਾਂ ਗਦਰੀਆਂ ਉੱਤੇ ‘ਲਾਹੌਰ ਸਾਜ਼ਿਸ਼ ਕੇਸ’ ਨਾਂ ਦਾ ਮੁਕੱਦਮਾ ਚਲਾਇਆ ਗਿਆਛੱਬੀ ਅਪਰੈਲ, 1915 ਤੋਂ ਤੇਰਾਂ ਸਤੰਬਰ, 1915 ਤਕ ਚੱਲੇ ਇਸ ਮੁਕੱਦਮੇ ਵਿੱਚ 24 ਗਦਰੀਆਂ ਨੂੰ ਫਾਂਸੀ, 27 ਨੂੰ ਉਮਰ ਕੈਦ ਅਤੇ 6 ਨੂੰ ਉਮਰ ਕੈਦ ਤੋਂ ਘੱਟ ਮਿਆਦ ਦੀਆਂ ਸਜ਼ਾਵਾਂ ਹੋਈਆਂ (#4)

‘ਲਾਹੌਰ ਸਾਜ਼ਿਸ਼ ਕੇਸ’ ਵਿੱਚ 10 ਗਦਰੀ ‘ਵਾਅਦਾ ਮਾਫ’ ਗਵਾਹ ਬਣ ਗਏ ਸਨਇਨ੍ਹਾਂ ਵਿੱਚ 6 ਬਾਹਰੋਂ ਗਏ ਹੋਏ ਸਨ(#5) ਸ਼ੰਘਾਈ ਤੋਂ ਗਏ ਮੂਲਾ ਸਿੰਘ ਅਤੇ ਅਮਰੀਕਾ ਤੋਂ ਗਏ ਨਵਾਬ ਖਾਨ ਤੇ ਅਮਰ ਸਿੰਘ ਇਸ ਮੁਕੱਦਮੇ ਵਿੱਚ ‘ਵਾਅਦਾ ਮਾਫ’ ਗਵਾਹ ਬਣ ਭੁਗਤੇ ਸਨਇਸੇ ਲਈ ਗਿਆਨੀ ਭਗਵਾਨ ਸਿੰਘ ‘ਪ੍ਰੀਤਮ’ ਆਪਣੀ ਕਵਿਤਾ ‘ਹਿੰਦੀ ਸ਼ਹੀਦਾਂ ਦਾ ਆਖਰੀ ਸੰਦੇਸ਼ਾ’ ਵਿੱਚ ਕਰਤਾਰ ਸਿੰਘ ਸਰਾਭਾ ਵਰਗੇ ਫਾਂਸੀ ਚੜ੍ਹਨ ਜਾ ਰਹੇ ਗਦਰੀਆਂ ਦੇ ਮੂੰਹੋਂ ਇਨ੍ਹਾਂ ‘ਵਾਅਦਾ ਮੁਆਫ ਗਵਾਹਾਂ’ ਨੂੰ ਫਿੱਟ-ਲਾਹਨਤ ਪੁਆਉਂਦਾ ਹੈ: “ਮੂਲਾ ਸਿੰਘ, ਨਵਾਬ ਤੇ ਅਮਰ ਵਾਂਗ …।”

ਪਰ ਮੂਲਾ ਸਿੰਘ, ਨਵਾਬ ਖਾਨ ਤੇ ਅਮਰ ਸਿੰਘ ਦੇ ਕਿਰਦਾਰਾਂ ਅਤੇ ‘ਵਾਅਦਾ ਮਾਫ’ ਬਣਨ ਦੇ ਕਾਰਨਾਂ ਵਿੱਚ ਬੜਾ ਫਰਕ ਸੀਨਵਾਬ ਖਾਨ ਤਾਂ ਸ਼ੁਰੂ ਤੋਂ ਹੀ ਸੀ.ਆਈ.ਡੀ. ਲਈ ਕੰਮ ਕਰਦਾ ਸੀ (#6) ਮੂਲਾ ਸਿੰਘ ਦਾ ਚਾਲ-ਚੱਲਣ ਚੰਗਾ ਨਹੀਂ ਸੀਗਦਰੀ ਹਰਨਾਮ ਸਿੰਘ ਟੁੰਡੀਲਾਟ ਮੂਲਾ ਸਿੰਘ ਦੇ ਚਾਲ-ਚੱਲਣ ਬਾਰੇ ਦੱਸਦਾ ਹੈ, “… ਚੱਬੇ ਦੇ ਡਾਕੇ ਦਾ ਮਾਲ ਉਸ ਦੇ ਹਵਾਲੇ ਕੀਤਾ ਗਿਆ ਸੀਉਸ ਨੇ ਟੂੰਮਾਂ ਆਪਣੀ ਭਰਜਾਈ ਨੂੰ ਜਾ ਕੇ ਪੁਆਈਆਂ, ਜਿਸ ਨਾਲ ਉਸਦਾ ਨਾਜਾਇਜ਼ ਸੰਬੰਧ ਸੀਸਾਨੂੰ ਮਗਰੋਂ ਪਤਾ ਲੱਗਾ ਕਿ ਉਹ ਸ਼ਰਾਬ ਵੀ ਪੀਂਦਾ ਸੀ ਤੇ ਅਯਾਸ਼ੀ ਕਰਦਾ ਸੀ … (#7)ਪਰ ਨਵਾਬ ਖਾਨ ਤੇ ਮੂਲਾ ਸਿੰਘ ਤੋਂ ਉਲਟ ਅਮਰ ਸਿੰਘ ਉੱਚੇ ਆਚਰਣ ਵਾਲ਼ਾ ਦੇਸ਼ ਨੂੰ ਪਿਆਰ ਕਰਨ ਵਾਲ਼ਾ ਨੌਜਵਾਨ ਸੀਉਹਦੇ ਵਾਅਦਾ ਮੁਆਫ ਗਵਾਹ ਬਣਨ ਦੇ ਵੱਖਰੇ ਕਾਰਨ ਸਨ

ਗ੍ਰਿਫਤਾਰੀ ਤੋਂ ਬਾਅਦ ਪੁਲਿਸ ਨੇ ਅਮਰ ਸਿੰਘ ਉੱਤੇ ਬਹੁਤ ਤਸ਼ੱਦਦ ਕੀਤਾ ਸੀਪਰ ਉਹ ਟੁੱਟਾ ਨਹੀਂ ਸੀਅੜਿਆ ਰਿਹਾ ਸੀ (#8) ਪਰ ਪੁਲਿਸ ਕੋਲ਼ ਤਸ਼ੱਦਦ ਤੋਂ ਬਿਨਾਂ ਹੋਰ ਵੀ ਹਥਿਆਰ ਹੁੰਦੇ ਹਨ‘ਮੋਹ-ਮਮਤਾ’ ਦਾ ਹਥਿਆਰ ਵੀ ਹੁੰਦਾ ਹੈ, ਪੁਲ਼ਸ ਕੋਲ਼ਸੀ. ਆਈ. ਡੀ. ਦੇ ਸੁਪਰਡੈਂਟ ਸੁੱਖਾ ਸਿੰਘ ਨੇ ਇਹੋ ਹਥਿਆਰ ਵਰਤਿਆ ਸੀਨਵੇਂਸ਼ਹਿਰ ਪਹੁੰਚ ਉਹਨੇ ਅਮਰ ਸਿੰਘ ਦੇ ਬਾਪ ਨੂੰ ਆਖਿਆ ਸੀ, “ਪੁੱਤ ਬਚਾ ਹੁੰਦਾ ਤਾਂ ਬਚਾ ਲੈ।” ਉੱਤਮ ਸਿੰਘ ਵਿਚਾਰਾ ਕਿਹੜਾ ਗੁਰੂ ਗੋਬਿੰਦ ਸਿੰਘ ਸੀ? ਪੁੱਤ ਖਾਤਰ ਤਾਂ ਭਗਤ ਸਿੰਘ ਦਾ ਬਾਪ ਕਿਸ਼ਨ ਸਿੰਘ ਵੀ ਡੋਲ ਗਿਆ ਸੀ, ਜ਼ਾਲਮ ਅੰਗਰੇਜ਼ਾਂ ਕੋਲ਼ ਅਪੀਲ ਕਰਨ ਚਲਾ ਗਿਆ ਸੀਅਮਰ ਸਿੰਘ ਦਾ ਬਾਪ ਉੱਤਮ ਸਿੰਘ ਵੀ ਮੋਹ-ਮਮਤਾ ਦੇ ਜਾਲ਼ ਵਿੱਚ ਫਸ ਸੀਖਾਂ ਅੱਗੇ ਜਾ ਖੜ੍ਹਿਆ ਸੀਜੇਲ੍ਹ-ਕੋਠੜੀ ਵਿੱਚ ਬੰਦ ਪੁੱਤ ਅੱਗੇ ਝੋਲ਼ੀ ਜਾ ਫੈਲਾਈ ਸੀ ਉਹਨੇਅਮਰ ਸਿੰਘ ਤੋਂ ਬੁੱਢੇ ਬਾਪ ਦੀ ਹਾਲਤ ਦੇਖੀ ਨਹੀਂ ਸੀ ਗਈਲੱਖ ਪੱਤਣਾਂ ਦਾ ਤਾਰੂ ਬਾਪ ਦੇ ਹੰਝੂਆਂ ਵਿੱਚ ਡੁੱਬ ਗਿਆ ਸੀਟੁੱਟ ਗਿਆ ਸੀ ਉਹਬਾਪ ਦੇ ਹੰਝੂ ਸੁਕਾਉਣ ਲਈ ਵਾਅਦਾ ਮੁਆਫ ਬਣ ਗਿਆ ਸੀ ਅਮਰ ਸਿੰਘ

ਗਵਾਹੀ ਦੇਣ ਵੇਲੇ ਜੱਜ ਦੇ ਸਵਾਲ ਦਾ ਜਵਾਬ ਦਿੰਦਿਆਂ ਅਮਰ ਸਿੰਘ ਨੇ ਦੱਸਿਆ ਸੀ ਕਿ ਅਮਰੀਕਾ ਵਿੱਚ ਹੁੰਦਿਆਂ ‘ਗ਼ਦਰ’ ਅਖਬਾਰ ਜਾਂ ‘ਗ਼ਦਰ ਦੀ ਗੂੰਜ’ ਵਿਚਲੀਆਂ ਕਵਿਤਾਵਾਂ ਪੜ੍ਹਕੇ ਬੜਾ ਜੋਸ਼ ਆਇਆ ਕਰਦਾ ਸੀਜੱਜ ਨੇ ਟਿਚਕਰ ਕਰਦਿਆਂ ਪੁੱਛਿਆ ਸੀ, “ਹੁਣ ਨਹੀਂ ਆਉਂਦਾ?” ਅਮਰ ਸਿੰਘ ਦੀਆਂ ਅੱਖਾਂ ਵਿੱਚ ਹੰਝੂ ਆ ਗਏ ਸਨ ਤੇ ਉਹ ਬੋਲਿਆ ਸੀ, “ਸਾਹਿਬ, ਆਉਂਦਾ ਤੇ ਹੁਣ ਵੀ ਹੈ, ਪਰ ਹੁਣ ਮੈਂ ਕਸੂਤਾ ਫਸ ਗਿਆ ਹਾਂ …।”

ਕਸੂਤਾ ਫਸਿਆ ਅਮਰ ਸਿੰਘ ‘ਵਾਅਦਾ ਮਾਫ’ ਤਾਂ ਬਣ ਗਿਆ ਸੀ ਪਰ ਸਰਕਾਰ ਨੂੰ ਪਤਾ ਸੀ ਕਿ ਦਿਲੋਂ ਉਹ ਅਜੇ ਵੀ ਅੰਗਰੇਜ਼ ਵਿਰੋਧੀ ਸੀਅਮਰ ਸਿੰਘ ਵੱਲੋਂ ‘ਲਾਹੌਰ ਕਾਂਸਪੀਰੇਸੀ ਕੇਸ’ ਵਿੱਚ ਗਵਾਹੀ ਦਿੱਤੇ ਜਾਣ ਤੋਂ 17-18 ਸਾਲ ਬਾਅਦ ਸੀ.ਆਈ.ਡੀ. ਵੱਲੋਂ ਤਿਆਰ ਕੀਤੀ ‘ਗਦਰ ਡਰੈਕਟਰੀ’ ਵਿੱਚ ਅਮਰ ਸਿੰਘ ਬਾਰੇ ਲਿਖਿਆ ਹੋਇਆ ਹੈ, “… ਮੁਕੱਦਮੇ ਵਿੱਚ ਗਵਾਹੀ ਦੇਣ ਦੇ ਬਾਵਜੂਦ ਉਹ ਅੰਗਰੇਜ਼ ਸਰਕਾਰ ਦਾ ਓਨਾ ਹੀ ਵਿਰੋਧੀ ਹੈ ਜਿੰਨਾ ਪਹਿਲਾਂ ਹੁੰਦਾ ਸੀ …।”

ਅਮਰ ਸਿੰਘ ਦੀ ਗਵਾਹੀ ਨਾਲ ਗਦਰੀਆਂ ਦਾ ਨੁਕਸਾਨ ਹੋਇਆ ਸੀਪਰ ਵਾਹ ਲਗਦੀ ਅਮਰ ਸਿੰਘ ਨੇ ਬਹੁਤ ਸਾਰੇ ਗਦਰੀਆਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਸੀਪੰਜਾਬੀ ਦੇ ਦਰਵੇਸ਼ ਲਿਖਾਰੀ ਹੀਰਾ ਸਿੰਘ ‘ਦਰਦ’ ਨੇ 1960 ਦੇ ਲਾਗੇ ਬਹੁਤ ਸਾਰੇ ਗਦਰੀਆਂ ਦੇ ਬਿਆਨ ਇਕੱਤਰ ਕੀਤੇ ਸਨਆਪਣੇ ਇਨ੍ਹਾਂ ਬਿਆਨਾਂ ਵਿੱਚ ਉਹ ਗਦਰੀ ਵੀ, ਜਿਨ੍ਹਾਂ ਕੈਦ ਦੀਆਂ ਸਜ਼ਾਵਾਂ ਕੱਟੀਆਂ ਸਨ, ਅਮਰ ਸਿੰਘ ਬਾਰੇ ਮਾੜਾ ਨਹੀਂ ਕਹਿੰਦੇ ਸਗੋਂ ਸਿਫਤਾਂ ਕਰਦੇ ਨੇ ਉਹਦੀਆਂਪਰਮਾਨੰਦ ਝਾਂਸੀ ਨੂੰ ‘ਲਾਹੌਰ ਕਾਂਸਪੀਰੇਸੀ ਕੇਸ’ ਵਿੱਚ ਫਾਂਸੀ ਦੀ ਸਜ਼ਾ ਹੋਈ ਸੀ ਜੋ ਬਾਅਦ ਵਿੱਚ ਉਮਰ ਕੈਦ ਵਿੱਚ ਬਦਲ ਦਿੱਤੀ ਗਈ ਸੀਉਹ 27 ਅਕਤੂਬਰ, 1958 ਨੂੰ ਹੀਰਾ ਸਿੰਘ ‘ਦਰਦ’ ਨੂੰ ਲਿਖਾਏ ਆਪਣੇ ਬਿਆਨ ਵਿੱਚ ਅਮਰ ਸਿੰਘ ਬਾਰੇ ਕਹਿੰਦਾ ਹੈ, “ਅਮਰ ਸਿੰਘ ਨਵਾਂ ਸ਼ਹਿਰ ਰਾਜਪੂਤ ਮਗਰੋਂ ਫੜੇ ਜਾਣ ’ਤੇ ਵਾਅਦਾ ਮੁਆਫ ਬਣ ਗਿਆ ਸੀਪਰ ਵਾਹ ਲਗਦੀ ਇਸ ਨੇ ਕਈਆਂ ਨੂੰ ਬਚਾਇਆਜਾਣ ਕੇ ਕਈਆਂ ਦੀ ਸ਼ਨਾਖਤ ਨਹੀਂ ਕੀਤੀ, ਜਿਸ ਕਰਕੇ ਉਹ ਫਾਂਸੀ ਤੋਂ ਜਾਂ ਸਜ਼ਾਵਾਂ ਤੋਂ ਬਚ ਗਏ।”

ਜ਼ਿਲ੍ਹਾ ਜਲੰਧਰ ਵਿੱਚ ਨੂਰ ਮਹਿਲ ਨੇੜੇ ਪਿੰਡ ਉੱਪਲ ਭੂਪਾ ਦਾ ਕਨੇਡਾ-ਅਮਰੀਕਾ ਤੋਂ ਗਿਆ ਗਦਰੀ ਭਾਈ ਭਾਗ ਸਿੰਘ ‘ਕਨੇਡੀਅਨ’ 21 ਅਕਤੂਬਰ, 1958 ਨੂੰ ਦਿੱਤੇ ਆਪਣੇ ਬਿਆਨ ਵਿੱਚ ਹੀਰਾ ਸਿੰਘ ‘ਦਰਦ’ ਨੂੰ ਅਮਰ ਸਿੰਘ ਬਾਰੇ ਦੱਸਦਾ ਹੈ, “ਇਹ ਪਹਿਲਾਂ ਚੰਗਾ ਦੇਸ਼ ਭਗਤ ਸੀਅਮਰੀਕਾ ਤੋਂ ਆਇਆ ਸੀਪਰ ਜਦੋਂ ਫੜਿਆ ਗਿਆ ਤਾਂ ਕਮਜ਼ੋਰ ਪੈ ਗਿਆਵਾਅਦਾ ਮੁਆਫ ਗਵਾਹ ਬਣ ਗਿਆਪਰ ਫਿਰ ਵੀ ਇਹ ਕੋਸ਼ਿਸ਼ ਕੀਤੀ ਕਿ ਜਿੰਨਿਆਂ ਨੂੰ ਬਚਾਇਆ ਜਾ ਸਕੇ, ਬਚਾ ਲਵੇਇਸ ਨੇ ਮੁਕੱਦਮੇ ਵਿੱਚ ਕਈਆਂ ਨੂੰ ਜਾਣ-ਬੁੱਝ ਕੇ ਨਹੀਂ ਪਛਾਣਿਆਇਹ ਜਾਣਦਾ ਸੀ ਕਿ ਅਮਰੀਕਾ ਵਿੱਚ ਮੇਰਾ ਨਾਂ ਲਾਭ ਸਿੰਘ ਸੀਪੰਜਾਬ ਵਿੱਚ ਭਾਗ ਸਿੰਘ ਨਾਂ ਸੀਇਸ ਨੇ ਮੈਨੂੰ ਜਾਣ ਕੇ ਨਹੀਂ ਪਛਾਣਿਆ ਤੇ ਬਚਾ ਲਿਆ।”

ਹਰਨਾਮ ਸਿੰਘ ਟੁੰਡੀਲਾਟ ਦਾ ਗਰਾਈਂ, ਕੋਟਲਾ ਨੌਧ ਸਿੰਘ ਦਾ ਅਮਰ ਸਿੰਘ ਬੈਂਸ ਵੀ ਅਮਰੀਕਾ ਤੋਂ ਗਿਆ ਗਦਰੀ ਸੀਉਹਨੇ 1962 ਵਿੱਚ ਹੀਰਾ ਸਿੰਘ ‘ਦਰਦ’ ਨੂੰ ਬਿਆਨ ਦਿੰਦਿਆਂ ਦੱਸਿਆ ਸੀ, “ਅਮਰ ਸਿੰਘ ਨਵਾਂ ਸ਼ਹਿਰ ਵਾਅਦਾ ਮੁਆਫ ਗਵਾਹ ਨੇ ਮੈਨੂੰ ਜਾਣ ਕੇ ਨਹੀਂ ਪਛਾਣਿਆ, ਜਿਸਦਾ ਫਲ ਇਹ ਨਿਕਲਿਆ ਕੇ ਮੈਨੂੰ ਕੇਵਲ ਦੋ ਸਾਲ ਕੈਦ ਸਖਤ ਦੀ ਸਜ਼ਾ ਮਿਲੀ।”

ਹਥਿਆਰ ਖਰੀਦਣ ਲਈ ਗਦਰੀਆਂ ਨੇ 2 ਫਰਵਰੀ, 1915 ਨੂੰ ਅੰਮ੍ਰਿਤਸਰ ਨੇੜੇ ਪਿੰਡ ਚੱਬੇ ਵਿੱਚ ਡਾਕਾ ਮਾਰਿਆ ਸੀਇਸ ਡਾਕੇ ਸਮੇਂ ਅਮਰੀਕਾ ਤੋਂ ਗਏ ਰਾਮ ਰੱਖੇ (ਸਾਹਬਾ ਸੜੋਆ) ਨੇ ਗਦਰੀਆਂ ਨੂੰ ਬਚਾਉਣ ਲਈ ਬੰਬ ਸੁੱਟਿਆ ਸੀਬੰਬ ਚੱਲਣ ਨਾਲ ਰਾਮ ਰੱਖੇ ਦੇ ਆਪਣੇ ਦੋਨੋਂ ਹੱਥ ਉੱਡ ਗਏ ਸਨਰਾਮ ਰੱਖਾ ਅਮਰ ਸਿੰਘ ਦਾ ਕਜ਼ਨ ਸੀ (ਮਾਮੇ ਭੂਆ ਦੇ ਪੁੱਤ ਸਨ ਦੋਨੋਂ)ਲੋਕ ਰਾਮ ਰੱਖੇ ਦੀ ਕੁਰਬਾਨੀ ਨੂੰ ਯਾਦ ਕਰਕੇ ਉਸ ਬਾਰੇ ਬੜੇ ਮਾਣ ਸਤਿਕਾਰ ਨਾਲ ਗੱਲਾਂ ਕਰਿਆ ਕਰਦੇ ਸਨ ਤੇ ਅਮਰ ਸਿੰਘ ਆਪਣਾ ਨਾਂ ਮੂਲਾ ਸਿੰਘ ਤੇ ਨਵਾਬ ਖਾਨ ਨਾਲ ਜੁੜਿਆ ਵੇਖ ਨਮੋਸ਼ੀ ਦੀ ਦਲਦਲ ਵਿੱਚ ਧਸ ਜਾਇਆ ਕਰਦਾ ਸੀਬਹੁਤ ਪਛਤਾਵਾ ਸੀ ਉਹਨੂੰ ਆਪਣੇ ਵਾਅਦਾ ਮੁਆਫ ਗਵਾਹ ਬਣਨ ਦਾਧਾਹਾਂ ਮਾਰ ਮਾਰ ਰੋਇਆ ਕਰਦਾ ਸੀ ਆਪਣੀ ਗਲਤੀ ਯਾਦ ਕਰਕੇ

ਗਿਆਨੀ ਭਗਵਾਨ ਸਿੰਘ ‘ਪ੍ਰੀਤਮ’ ਨੂੰ ਹਿੰਦੁਸਤਾਨ ਤੋਂ ਬਾਹਰ ਹੁੰਦਿਆਂ ਜੂਨ, 1917 ਵਿੱਚ ਆਪਣੀ ਕਵਿਤਾ ‘ਹਿੰਦੀ ਸ਼ਹੀਦਾਂ ਦਾ ਆਖਰੀ ਸੰਦੇਸ਼ਾ’ ਲਿਖਣ ਵੇਲੇ ਪੂਰੀ ਜਾਣਕਾਰੀ ਨਹੀਂ ਸੀਇਸ ਲਈ ਉਹਨੇ ਅਮਰ ਸਿੰਘ ਨੂੰ ਵੀ ਮੂਲਾ ਸਿੰਘ ਤੇ ਨਵਾਬ ਖਾਨ ਦੇ ਨਾਲ ਹੀ ਨਰੜ ਦਿੱਤਾ ਸੀ:

“ਮੂਲਾ ਸਿੰਘ, ਨਵਾਬ ਤੇ ਅਮਰ ਵਾਂਗ …।”

ਗਿਆਨੀ ਭਗਵਾਨ ਸਿੰਘ ਕੋਲ਼ ਤਾਂ ਪੂਰੀ ਜਾਣਕਾਰੀ ਨਹੀਂ ਸੀ, ਇਸ ਲਈ ਉਹਨੇ ਅਮਰ ਸਿੰਘ ਬਾਰੇ ਨਫਰਤ ਭਰੇ ਇਹ ਸਖਤ ਸ਼ਬਦ ਲਿਖ ਦਿੱਤੇ ਸਨਪਰ ਅੱਜ ਵੀ ਬਹੁਤ ਸਾਰੇ ਇਤਿਹਾਸਕਾਰ ਅਮਰ ਸਿੰਘ ਵਰਗਿਆਂ ਬਾਰੇ ਉਸੇ ਨਫਰਤ ਨਾਲ ਲਿਖਦੇ ਨੇ, ਜਿਸ ਤਰ੍ਹਾਂ ਗਿਆਨੀ ਭਗਵਾਨ ਸਿੰਘ ਨੇ ਲਿਖਿਆ ਸੀਸਾਡੇ ਖਿਆਲ ਵਿੱਚ ਬੰਦਾ ਲੋਹੇ ਦਾ ਨਹੀਂ, ਹੱਡ ਮਾਸ ਦਾ ਬਣਿਆ ਹੁੰਦਾ ਹੈਟੁੱਟ ਜਾਂਦਾ ਹੈ ਉਹ ਕਈ ਵਾਰਇਸ ਲਈ ਅਸੀਂ ਇਨ੍ਹਾਂ ਇਤਿਹਾਸਕਾਰਾਂ ਨੂੰ ਨਿਮਰਤਾ ਸਹਿਤ ਬੇਨਤੀ ਕਰਨੀ ਚਾਹੁੰਦੇ ਹਾਂ ਕਿ ਅਮਰ ਸਿੰਘ ਵਰਗਿਆਂ ਬਾਰੇ ਲਿਖਣ ਲੱਗਿਆਂ ਐਨਾ ਸਖਤ ਰਵੱਈਆ ਨਾ ਅਪਣਾਓਤੇ ਇਹ ਬੇਨਤੀ ਕਰਦਿਆਂ ਮੈਨੂੰ ਕਿਸੇ ਵਿਦਵਾਨ ਦੇ ਉਹ ਸ਼ਬਦ ਯਾਦ ਆਉਂਦੇ ਹਨ, ਜਿਨ੍ਹਾਂ ਰਾਹੀਂ ਇਤਹਾਸਕਾਰ ਨੂੰ ਸਾਵਧਾਨ ਕਰਦਿਆਂ ਉਹ ਕਹਿੰਦਾ ਹੈ, “… ਇਤਿਹਾਸਕਾਰ, ਜਿਨ੍ਹਾਂ ਬਾਰੇ ਤੂੰ ਲਿਖਣ ਲੱਗਿਆਂ, ਉਨ੍ਹਾਂ ਨੇ ਕਬਰਾਂ ਵਿੱਚੋਂ ਉੱਠ ਕੇ ਤੇਰਾ ਹੱਥ ਫੜਨ ਨਹੀਂ ਆਉਣਾ… ਤੂੰ ਆਪ ਹੀ ਧਿਆਨ ਰੱਖੀਂ …।”

**

(#1) ਹਿੰਦੋਸਤਾਨ ਗ਼ਦਰ, ਸਾਨਫਰਾਂਸਿਸਕੋ, 10 ਜੂਨ, 1917, ਪੰਨਾ 7.

(#2) “ਬਾਬਾ ਹਰਨਾਮ ਸਿੰਘ ਟੁੰਡੀਲਾਟ ਦਾ ਬਿਆਨ”, ਡਾ. ਹਰਜੀਤ ਸਿੰਘ (ਸੰਪਾ.), ਗ਼ਦਰ ਲਹਿਰ ਦੀ ਕਹਾਣੀ ਗ਼ਦਰੀ ਬਾਬਿਆਂ ਦੀ ਜ਼ੁਬਾਨੀ (ਜਲੰਧਰ: ਦੇਸ਼ ਭਗਤ ਯਾਦਗਾਰ ਕਮੇਟੀ, 2017), ਪੰਨਾ 111.

(#3) “ਕਰਤਾਰ ਸਿੰਘ ਦੁੱਕੀ ਦਾ ਬਿਆਨ”, ਗ਼ਦਰ ਲਹਿਰ ਦੀ ਕਹਾਣੀ ਗ਼ਦਰੀ ਬਾਬਿਆਂ ਦੀ ਜ਼ੁਬਾਨੀ, ਪੰਨਾ 216.

(#4) Lahore Conspiracy Case: Judgement.

(#5) Ibid.

(#6). ਰਾਜਵਿੰਦਰ ਸਿੰਘ ਰਾਹੀ (ਸੰਪਾ.), ਮੇਰੀ ਰਾਮ ਕਹਾਣੀ : ਬਾਬਾ ਸੋਹਣ ਸਿੰਘ ਭਕਨਾ (ਸਮਾਣਾ: ਸੰਗਮ ਪਬਲੀਕੇਸ਼ਨਜ਼, 2012), ਪੰਨਾ 102.

(#7) “ਬਾਬਾ ਹਰਨਾਮ ਸਿੰਘ ਟੁੰਡੀਲਾਟ ਦਾ ਬਿਆਨ”, ਗ਼ਦਰ ਲਹਿਰ ਦੀ ਕਹਾਣੀ ਗ਼ਦਰੀ ਬਾਬਿਆਂ ਦੀ ਜ਼ੁਬਾਨੀ, ਪੰਨਾ 117 ਅਤੇ “ਜਥੇਦਾਰ ਤਾਰਾ ਸਿੰਘ ਠੇਠਰ ਦਾ ਬਿਆਨ”, ਗ਼ਦਰ ਲਹਿਰ ਦੀ ਕਹਾਣੀ ਗ਼ਦਰੀ ਬਾਬਿਆਂ ਦੀ ਜ਼ੁਬਾਨੀ, ਪੰਨਾ 397.

(#8) ਓਹੀ, ਪੰਨਾ 121.

(#9) F.C. Isemonger and J. Slattery, An Account of the Ghadr Conspiracy 1913-15 (Indian Police, Punjab, 1919; repri., Berkeley: Folklore Institute, 1998), p. 141.

(#10) Intelligence Bureau, Home Department, Government of India, Comp., The Ghadr Directory: Containing the Names of Persons Who Have Taken Part in the Ghadr Movement in America, Europe, Africa and Afghanistan as Well as in India (Government of India Press, 1934; repri., Patiala: Publication Bureau, Punjabi University, 1997). P.9.

(#11) “ਪਰਮਾ ਨੰਦ ਝਾਂਸੀ ਦਾ ਬਿਆਨ”, ਗ਼ਦਰ ਲਹਿਰ ਦੀ ਕਹਾਣੀ ਗ਼ਦਰੀ ਬਾਬਿਆਂ ਦੀ ਜ਼ੁਬਾਨੀ, ਪੰਨਾ 145.

(#12) “ਭਾਗ ਸਿੰਘ ਕੈਨੇਡੀਅਨ ਦਾ ਬਿਆਨ”, ਗ਼ਦਰ ਲਹਿਰ ਦੀ ਕਹਾਣੀ ਗ਼ਦਰੀ ਬਾਬਿਆਂ ਦੀ ਜ਼ੁਬਾਨੀ, ਪੰਨਾ 330.

(#13) “ਬਾਬਾ ਅਮਰ ਸਿੰਘ ਦਾ ਬਿਆਨ”, ਗ਼ਦਰ ਲਹਿਰ ਦੀ ਕਹਾਣੀ ਗ਼ਦਰੀ ਬਾਬਿਆਂ ਦੀ ਜ਼ੁਬਾਨੀ, ਪੰਨਾ 283.

* * * * *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4430)
(ਸਰੋਕਾਰ ਨਾਲ ਸੰਪਰਕ ਲਈ: (This email address is being protected from spambots. You need JavaScript enabled to view it.)

About the Author

ਸੋਹਣ ਸਿੰਘ ਪੂਨੀ

ਸੋਹਣ ਸਿੰਘ ਪੂਨੀ

Surrey, British Columbia, Canada.
Phone: (604 - 761 - 2195)
Email: (pooni@shaw.ca)